“ਭਜਨ ਕੌਰ ਆਉਂਦੀ ਨੇ ਆਪਣਾ ਵੱਡਾ ਸਾਰਾ ਪਰਸ ਕੁਰਸੀ ’ਤੇ ਠਾਹ ਕਰਕੇ ਮਾਰਿਆ ਤੇ ਲੱਗ ਪਈ ਉੱਚੀ ਉੱਚੀ ...”
(30 ਅਕਤੂਬਰ 2021)
ਸ਼ੁੱਕਰਵਾਰ ਮੇਰਾ ਕੰਮ ਤੋਂ ਛੁੱਟੀ ਵਾਲਾ ਦਿਨ ਹੁੰਦਾ ਹੈ ਤੇ ਮੈਂ ਸਹਿਜ ਨਾਲ ਉੱਠਦਾ ਹਾਂ। ਕਾਫੀ ਦੇਰ ਤਕ ਮੰਜੇ ’ਤੇ ਪਿਆ ਕੁਝ ਨਾ ਕੁਝ ਪੜ੍ਹਦਾ ਰਹਿੰਦਾ ਹਾਂ। ਅੱਜ ਵੀ ਮੈਂ ਸਵੇਰ ਦਾ ਪਿਛਲੇ ਹਫਤੇ ਦੌਰਾਨ ਆਏ ਕੁਝ ਪੰਜਾਬੀ ਦੇ ਮੈਗਜ਼ੀਨ ਫੋਲ ਰਿਹਾ ਸੀ। ਪਹਿਲਾਂ ਮੈਂ ਇੱਕ ਵਾਰੀ ਸਾਰੇ ਦਾ ਸਾਰਾ ਮੈਗਜ਼ੀਨ ਇੱਕ ਸਿਰੇ ਤੋਂ ਲੈ ਕੇ ਦੂਜੇ ਤਕ ਫੋਲਦਾ ਹਾਂ। ਹਰ ਸਫੇ ’ਤੇ ਇੱਕ ਉਡਦੀ ਨਜ਼ਰ ਮਾਰਦਾ ਹਾਂ। ਜੇ ਕੋਈ ਪਛਾਣ ਵਾਲਾ ਨਾਂਅ ਜਾਂ ਕੋਈ ਨਵੀਂ ਚੀਜ਼ ਦਿਲਚਸਪ ਲੱਗੇ ਤਾਂ ਮੁੜ ਦੇਖਣ ਲਈ ਮਨ ਵਿੱਚ ਨੋਟ ਕਰ ਲੈਂਦਾ ਹਾਂ।
ਸਿੰਮੀ ਕੰਮ ’ਤੇ ਜਾਣ ਲੱਗੀ ਮੈਂਨੂੰ ਚਾਹ ਵੀ ਫੜਾ ਗਈ ਤੇ ਹਮੇਸ਼ਾ ਵਾਂਗ ਘਰ ਦੇ ਕੁਝ ਕੰਮਾਂ ਦਾ ਚੇਤਾ ਵੀ ਕਰਾ ਗਈ, “ਜੇ ਜਨਾਬ ਦਾ ਮੂਡ ਬਣਿਆ ਤਾਂ ਅਜੇ ਬੇਸਮਿੰਟ ਦੇ ਕਮਰੇ ਦਾ ਪੇਂਟ ਕਰਨ ਵਾਲਾ ਰਹਿੰਦਾ ਆ, ਨਾਲੇ ਉਹਦੇ ਲਈ ਕਾਰਪਿਟ ਵੀ ਲਿਆਉਣਾ। ਮੰਜੇ ’ਚ ਈ ਨਾ ਬਾਰਾਂ ਵਜੇ ਤਕ ਲੱਤਾਂ ਵਸਾਰ ਕੇ ਪਿਆ ਰਹੀਂ।”
ਮੈਂ ਚਾਹ ਪੀਂਦੇ ਨੇ ਇੱਕ ਮੈਗਜ਼ੀਨ ਵਿੱਚੋਂ ਆਪਣੇ ਇੱਕ ਦੋਸਤ ਦੀ ਲਿਖੀ ਹੋਈ ਕਹਾਣੀ ਪੜ੍ਹੀ। ਸਾਡੇ ਪਿੰਡ ਲਾਗੋ ਲਾਗੇ ਸਨ ਤੇ ਅਸੀਂ ਲਾਗਲੇ ਸ਼ਹਿਰ ਦੇ ਸਕੂਲੇ ਛੇਵੀਂ ਤੋਂ ਲੈ ਕੇ ਦਸਵੀਂ ਤਕ ਇੱਕੋ ਜਮਾਤ ਵਿੱਚ ਪੜ੍ਹੇ ਸਾਂ। ਇਕੱਠਿਆਂ ਨੇ ਕਾਲਜ ਵਿੱਚ ਦਾਖਲਾ ਲਿਆ। ਮੈਂ ਦੋ ਕੁ ਸਾਲਾਂ ਬਾਅਦ ਕਨੇਡਾ ਆ ਗਿਆ ਅਤੇ ਉਹ ਐੱਮ ਏ ਕਰ ਕੇ ਸਾਡੇ ਉਸੇ ਕਾਲਜ ਵਿੱਚ ਪੜ੍ਹਾਉਣ ਲੱਗ ਪਿਆ। ਕਹਾਣੀ ਸਾਡੇ ਸ਼ਹਿਰ ਵਾਲੇ ਸਕੂਲ ਦੇ ਦਿਨਾਂ ਬਾਰੇ ਸੀ। ਅਸੀਂ ਆਸ ਪਾਸ ਦੇ ਤਿੰਨ ਚਾਰ ਪਿੰਡਾਂ ਦੇ ਮੁੰਡੇ ਕੁੜੀਆਂ ਗੱਡੀ ਵਿੱਚ ਸ਼ਹਿਰ ਪੜ੍ਹਨ ਜਾਂਦੇ। ਸਾਡਾ ਸ਼ੌਕ ਪੜ੍ਹਨ ਦੇ ਨਾਲ ਨਾਲ ਸਕੂਲੋਂ ਖਿਸਕ ਕੇ ਫਿਲਮਾਂ ਦੇਖਣੀਆਂ ਹੁੰਦਾ। ਛੋਟੇ ਜਿਹੇ ਸ਼ਹਿਰ ਵਿੱਚ ਇੱਕੋ ਸਿਨਮਾ ਸੀ ਤੇ ਸੀ ਵੀ ਉਹ ਬੱਸਾਂ ਦੇ ਅੱਡੇ ਲਾਗੇ। ਇਸ ਤਰ੍ਹਾਂ ਕਈ ਵਾਰੀ ਸਾਡੀ ਇਸ ਚੋਰੀ ਦਾ ਘਰ ਦਿਆਂ ਨੂੰ ਵੀ ਪਤਾ ਲੱਗ ਜਾਂਦਾ ਪਰ ਹਟਦੇ ਅਸੀਂ ਫੇਰ ਵੀ ਨਾ। ਸਾਡੇ ਨਾਲ ਗੱਡੀ ਵਿੱਚ ਨਿੱਤ ਆਉਂਦੀਆਂ ਜਾਂਦੀਆਂ ਕੁੜੀਆਂ ਦਾ ਮੁਕਾਬਲਾ ਅਸੀਂ ਸਾਧਨਾਂ, ਵਜੰਤੀ ਮਾਲਾ ਤੇ ਮੀਨਾ ਕੁਮਾਰੀ ਨਾਲ ਕਰਦੇ। ਕਈ ਵਾਰੀ ਆਪਣੀ ਗੱਲ ਇੱਕ ਦੂਜੇ ਨੂੰ ਮਨਾਉਣ ਲਈ ਲੜਦੇ ਝਗੜਦੇ ਵੀ। ਅਸੀਂ ਉਸ ਸਮੇਂ ਦੇ ਦੂਰੋਂ ਦੂਰੋਂ ਮੁਹੱਬਤ ਕਰਨ ਵਾਲੇ ਭਾਰਤੀ ਹਜੂਮ ਵਿੱਚੋਂ ਸਾਂ। ਕੁੜੀਆਂ ਨਾਲ ਸਿੱਧੀ ਗੱਲ ਕਰਨ ਦੀ ਹਿੰਮਤ ਨਹੀਂ ਸੀ ਹੁੰਦੀ। ਸਾਡੇ ਨਾਲ ਗੱਡੀ ਵਿੱਚ ਆਉਣ ਜਾਣ ਵਾਲੀ ਇੱਕ ਕੁੜੀ ਸਾਨੂੰ ਦੋਵਾਂ ਨੂੰ ਖਾਸ ਤੌਰ ’ਤੇ ਬਹੁਤ ਸੋਹਣੀ ਲਗਦੀ। ਅਸੀਂ ਉਹਦਾ ਨਾਂ ਸਾਇਰਾ ਬਾਨੋ ਰੱਖਿਆ ਹੋਇਆ ਸੀ। ਸਾਡਾ ਸਕੂਲ ਗੱਡੀ ਦੇ ਸਟੇਸ਼ਨ ਤੋਂ ਲਹਿੰਦੇ ਪਾਸੇ ਸੀ ਤੇ ਕੁੜੀਆਂ ਦਾ ਸਕੂਲ ਦੂਜੇ ਪਾਸੇ ਸ਼ਹਿਰ ਦੇ ਐਨ ਵਿਚਕਾਰ ਕਰਕੇ ਸੀ। ਗੱਡੀਓਂ ਉੱਤਰ ਕੇ ਕਈ ਵਾਰੀ ਅਸੀਂ ਕੁੜੀਆਂ ਮਗਰ ਤੁਰੇ ਜਾਂਦੇ ਤੇ ਫੇਰ ਮੁੜ ਕੇ ਆਪਣੇ ਸਕੂਲ ਨੂੰ ਆਉਂਦੇ। ਉਹ ਕੁੜੀ ਵੀ ਆਪਣੀਆਂ ਸਹੇਲੀਆਂ ਨਾਲ ਤੁਰੀ ਜਾਂਦੀ ਕਦੇ ਕਦੇ ਸਾਡੇ ਵੱਲ ਦੇਖ ਕੇ ਹੱਸ ਪੈਂਦੀ। ਸਾਡੇ ਇਸੇ ਤਰ੍ਹਾਂ ਦੇ ਇੱਕ ਪਾਸੜ ਇਸ਼ਕ ਦੀ ਉਦਾਸ ਦਾਸਤਾਨ ਸੀ ਮੇਰੇ ਦੋਸਤ ਦੀ ਕਹਾਣੀ ਵਿੱਚ। ਪੜ੍ਹ ਕੇ ਮੇਰੇ ਅੰਦਰ ਬੀਤੇ ਲਈ ਇੱਕ ਅਜੀਬ ਕਿਸਮ ਦੀ ਤੜਪ ਪੈਦਾ ਹੋ ਗਈ। ਕਹਾਣੀ ਲੰਮੀ ਨਹੀਂ ਸੀ, ਛੇਤੀ ਪੜ੍ਹੀ ਗਈ। ਪਰ ਮੈਂਨੂੰ ਉਹ ਕਈ ਦਹਾਕੇ ਪਹਿਲਾਂ ਛੱਡੇ ਪਿੰਡਾਂ ਥਾਂਵਾਂ ਵੱਲ ਧੂਹ ਕੇ ਲੈ ਗਈ। ਮੈਂਨੂੰ ਘੋਰ ਉਦਾਸੀ ਮਹਿਸੂਸ ਹੋਈ।
ਇਹੋ ਜਿਹੀ ਉਦਾਸੀ ਹੁਣ ਮੈਂ ਕਈ ਵਰ੍ਹਿਆ ਤੋਂ ਨਹੀਂ ਸੀ ਹੰਢਾਈ। ਮੈਂ ਆਪਣੇ ਆਲੇ ਦੁਆਲੇ ਨਿਗ੍ਹਾ ਮਾਰੀ ਤਾਂ ਲੱਗਾ ਜਿੱਦਾਂ ਮੈਂ ਕਿਸੇ ਉਜਾੜ ਬੀਆਬਾਣ ਵਿੱਚ ਇਕੱਲਾ ਬੈਠਾ ਹੋਵਾਂ। ਕਿਸੇ ਪਾਸੇ ਵੀ ਕੋਈ ਜਾਣ ਪਛਾਣ ਵਾਲੀ ਚੀਜ਼ ਨਜ਼ਰ ਨਹੀਂ ਸੀ ਆ ਰਹੀ। ਮੈਂ ਆਪਣੇ ਘਰ ਦੀ ਵੱਡੇ ਸਾਰੇ ਸ਼ੀਸ਼ੇ ਵਾਲੀ ਬਾਰੀ ਵਿੱਚੋਂ ਬਾਹਰ ਨਿਗ੍ਹਾ ਮਾਰੀ। ਸਾਡੇ ਘਰੋਂ ਦਿਸਦੇ ਖੂਬਸੂਰਤ ਪਹਾੜ ਤੇ ਦਰਿਆ ਮੈਂਨੂੰ ਨਜ਼ਰ ਤਕ ਨਾ ਆਏ। ਖਲਾਅ ਵਿੱਚ ਦੇਖਦਾ ਤੇ ਸਮੇਂ ਦੀ ਧੂੜ ਵਿੱਚ ਮੈਂ ਗੁਆਚਾ ਕੁਝ ਭਾਲਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਉੱਥੇ ਨਾ ਕੋਈ ਬਚਪਨ ਦਾ ਸਾਥੀ ਸੀ ਨਾ ਕੋਈ ਜਾਣ ਪਛਾਣ ਵਾਲੀ ਜਗ੍ਹਾ। ਮੈਂ ਪਿੰਡ ਦਾ ਬੋਹੜ ਭਾਲ ਰਿਹਾ ਸਾਂ ਜਿਸ ਉੱਪਰ ਅਸੀਂ ਜੰਗ ਪਲੰਘਾ ਖੇਡਦੇ ਤੇ ਛੱਪੜ ਵਿੱਚ ਛਾਲਾਂ ਮਾਰਦੇ। ਮੈਂ ਉਹ ਪਿੱਪਲ ਲੱਭਦਾ ਸੀ ਜਿਸ ਦੁਆਲੇ ਪਿੰਡ ਦੀਆਂ ਖਤਰਾਣੀਆਂ ਆਪਣੇ ਸੁਹਾਗ ਦੀ ਰੱਖਿਆ ਵਾਸਤੇ ਸੂਤ ਦੇ ਧਾਗੇ ਲਪੇਟਿਆ ਕਰਦੀਆਂ ਸਨ। ਮੈਂ ਉੱਚੇ ਜਿਹੇ ਢੇਰੇ ’ਤੇ ਜਠੇਰਿਆਂ ਵਾਲੀ ਮਟੀ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਵਲ ਕੋਈ ਨਾ ਕੋਈ ਔਰਤ ਮੱਥਾ ਟੇਕਣ ਤੁਰੀ ਹੁੰਦੀ। ਮੈਂਨੂੰ ਨਾ ਕੋਈ ਟਾਹਲੀ, ਨਿੰਮ, ਡੇਕ, ਨਾ ਖੂਹ ’ਤੇ ਲੱਗੇ ਤੂਤ, ਨਾ ਜਾਮਣਾਂ, ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਨਾ ਮੈਂਨੂੰ ਉਹ ਕੱਚੇ ਪੱਕੇ ਕੋਠੇ ਦਿਸੇ ਤੇ ਨਾ ਕੋਠਿਆਂ ’ਤੇ ਸੁੱਕਣੀਆਂ ਪਾਈਆਂ ਛੱਲੀਆਂ। ਨਾ ਇੱਕ ਬਨੇਰੇ ਤੋਂ ਦੂਜੇ ਬਨੇਰੇ ’ਤੇ ਉੱਡ ਉੱਡ ਬੈਠਦੀਆਂ ਚਿੜੀਆਂ ਤੇ ਸ਼ਾਰਕਾਂ ਦਿਸੀਆਂ, ਨਾ ਗੁਆਂਡੀਆਂ ਦੀ ਛੱਤ ’ਤੇ ਸੁਸਤ ਬੈਠੇ ਘੁੱਗੀਆਂ ਤੇ ਕਬੂਤਰ। ਨਾ ਗਲੀ ਵਿੱਚ ਸਬਜ਼ੀਆਂ ਵੇਚਣ ਆਏ ਬਚਨ ਦੀ ਆਵਾਜ਼ ਸੀ ਨਾ ਕਿਸੇ ਮੰਗਤੇ ਦੀਆਂ ਉੱਚੀ ਉੱਚੀ ਦਿੱਤੀਆਂ ਅਸੀਸਾਂ। ਨਾ ਗਲੀ ਵਿੱਚ ਫਿਰਦੇ ਅਵਾਰਾ ਕੁੱਤੇ ਨੂੰ ਅੰਦਰ ਵੜਨੋ ਰੋਕਦੀ ਕਿਸੇ ਸਿਆਣੀ ਗੁਆਂਢਣ ਔਰਤ ਦੀ ਕੜਕਵੀਂ ਆਵਾਜ਼। ਆਪਣੀ ਤਾਕੀ ਵਿੱਚੋਂ ਇਹ ਸਭ ਕੁਝ ਭਾਲਦਾ ਮੈਂ ਘੋਰ ਉਦਾਸੀ ਦੀ ਕਿਸੇ ਡੂੰਘੀ ਖੱਡ ਵਿੱਚ ਡਿਗ ਪਿਆ ਸਾਂ।
ਮੈਂ ਬੜੇ ਬੁਝੇ ਜਿਹੇ ਮਨ ਨਾਲ ਬਾਥਰੂਮ ਗਿਆ। ਬੁਰਸ਼ ਕੀਤਾ। ਮੇਰਾ ਹਿੱਲਣ ਤਕ ਨੂੰ ਜੀਅ ਨਾ ਕਰੇ, ਜਿਵੇਂ ਹੱਥਾਂ ਪੈਰਾਂ ਵਿੱਚ ਤਾਕਤ ਨਾ ਰਹੀ ਹੋਵੇ। ਜੇ ਸਿੰਮੀ ਘਰ ਹੁੰਦੀ ਤਾਂ ਉਹਨੇ ਮੇਰਾ ਮੂਡ ਦੇਖ ਕੇ ਕਈ ਕਿਸਮ ਦੇ ਬੋਲੇ ਕੱਸਣੇ ਸਨ। ਉਦਾਸੀ ਦੇ ਆਲਮ ਵਿੱਚ ਮੈਂ ਸ਼ਾਵਰ ਲਿਆ। ਵਾਲਾਂ ਵਿੱਚ ਕੰਘੀ ਫੇਰਨ ਲੱਗਿਆਂ ਸ਼ੀਸ਼ੇ ਵਿੱਚ ਦੇਖਿਆ ਤਾਂ ਯਾਦ ਆਇਆ ਕਿ ਅੱਜ ਤਾਂ ਮੈਂ ਵਾਲ਼ ਕਟਾਉਣੇ ਸਨ। ਵਾਲ਼ ਕਾਫੀ ਲੰਬੇ ਹੋ ਗਏ ਸਨ ਤੇ ਹੁਣ ਤਾਂ ਸਿੰਮੀ ਵੀ ਦੋ ਤਿੰਨ ਵਾਰ ਚੇਤਾ ਕਰਾ ਚੁੱਕੀ ਸੀ। ਹੁਣ ਉਹਨੇ ਅਗਲੀ ਵਾਰੀ ਕਹਿਣਾ ਸੀ, “ਹੋਰ ਨਹੀਂ ਸੀ ਕੁਛ ਕਰਨਾ ਤਾਂ ਘੱਟੋ ਘੱਟ ਆਹ ਝਾਟੇ ਨੂੰ ਤਾਂ ਅੱਗ ਲੁਆ ਲਿਆਉਂਦਾ ਕਿ ਇਹ ਵੀ ਹੁਣ ਮੈਂ ਤੇਰੀ ਥਾਂ ਜਾ ਕੇ ਹਜਾਮਤ ਕਰਾਵਾਂ। ਤਕਾਲਾਂ ਨੂੰ ਪੇਂਡੂਆਂ ਦੀ ਪਾਰਟੀ ਆ, ਉੱਥੇ ਚੰਗਾ ਲੱਗੇਂਗਾ ਹੈਦਾਂ।” ਵਾਲ਼ ਕਟਾਉਣ ਤਾਂ ਅੱਜ ਜਾਣਾ ਹੀ ਪੈਣਾ ਸੀ। ਮੈਂ ਡੂੰਘਾ ਸਾਹ ਲੈ ਕੇ ਆਪਣੇ ਆਪ ਨੂੰ ਬਾਹਰ ਜਾਣ ਲਈ ਤਿਆਰ ਕੀਤਾ।
ਦਰਅਸਲ ਪਿਛਲੇ ਸ਼ੁੱਕਰਵਾਰ ਵੀ ਮੈਂ ਗਿਆ ਸੀ ਵਾਲ਼ ਕਟਾਉਣ। ਪਰ ਜਦ ਦੇਵ ਦੀ ਦੁਕਾਨ ਅੰਦਰ ਵੜਿਆ ਤਾਂ ਉੱਥੇ ਬੜਾ ਕੁਝ ਬਦਲਿਆ ਨਜ਼ਰ ਆਇਆ। ਮੈਂ ਸਾਲ ਵਿੱਚ ਤਿੰਨ ਚਾਰ ਵਾਰ ਹਜਾਮਤ ਕਰਾਉਂਦਾ ਪਰ ਜਾਂਦਾ ਹਮੇਸ਼ਾ ਆਪਣੇ ਵਾਕਿਫ ਦੇਵ ਦੀ ਦੁਕਾਨ ’ਤੇ ਹੀ। ਉਹਦਾ ਭਰਾ ਸਾਡੇ ਪਿੰਡ ਵਿਆਹਿਆ ਹੋਇਆ ਹੈ। ਦੇਵ ਮੇਰੇ ਨਾਲੋਂ ਚਾਰ ਪੰਜ ਸਾਲ ਛੋਟਾ ਹੈ। ਉਹਦਾ ਹੌਲੀ ਹੌਲੀ ਗੱਲਾਂ ਕਰਨਾ ਤੇ ਕਦੇ ਵੀ ਕਾਹਲ ਨਾ ਦਿਖਾਉਣਾ ਮੈਂਨੂੰ ਬੜਾ ਚੰਗਾ ਲਗਦਾ। ਉਹ ਮੈਂਨੂੰ ਬੜੀਆਂ ਮਜ਼ੇਦਾਰ ਗੱਲਾਂ ਸੁਣਾਉਂਦਾ। ਇੱਥੇ ਰਹਿੰਦੇ ਸਾਡੇ ਪਿੰਡ ਦੇ ਸਾਰੇ ਲੋਕਾਂ ਨੂੰ ਦੇਵ ਵੀ ਜਾਣਦਾ ਸੀ। ਪਿਛਲੀ ਵਾਰੀ ਉਹਨੇ ਸਾਡੇ ਪਿੰਡ ਦੀ ਇੱਕ ਔਰਤ ਦੀ ਕਹਾਣੀ ਦੱਸੀ, “ਭਾ ਜੀ, ਇੱਕ ਦਿਨ ਦੁਕਾਨ ’ਚ ਤੁਹਾਡੇ ਪਿੰਡ ਆਲੀ ਭਜਨ ਕੌਰ ਆਈ, ਆਪਣੇ ਨੌਂ ਕੁ ਸਾਲ ਦੇ ਪੋਤੇ ਦੇ ਵਾਲ਼ ਕਟਾਉਣ।” ਭਜਨ ਕੌਰ ਬਾਰੇ ਮੈਂ ਆਪਣੇ ਪੇਂਡੂਆਂ ਤੋਂ ਹੋਰ ਵੀ ਕਈ ਬੜੀਆਂ ਹੱਸਾਉਣੀਆਂ ਗੱਲਾਂ ਸੁਣੀਆਂ ਹੋਈਆਂ ਸਨ। ਮੇਰੀ ਦਿਲਚਸਪੀ ਕੁਦਰਤੀ ਵਧ ਗਈ।
ਦੇਵ ਨੇ ਗੱਲ ਜਾਰੀ ਰੱਖੀ, “ਭਾ ਜੀ, ਭਜਨ ਕੌਰ ਆਉਂਦੀ ਨੇ ਆਪਣਾ ਵੱਡਾ ਸਾਰਾ ਪਰਸ ਕੁਰਸੀ ’ਤੇ ਠਾਹ ਕਰਕੇ ਮਾਰਿਆ ਤੇ ਲੱਗ ਪਈ ਉੱਚੀ ਉੱਚੀ ਮੈਂਨੂੰ ਹਿਦਾਇਤਾਂ ਦੇਣ - ਦੇਵ ਮੇਰਾ ਵੀਰ ਬਣ ਕੇ ਮੁੰਡੇ ਦਾ ਸੋਹਣਾ ਜਿਹਾ ਸਿਰ ਮੁੰਨੀ। ਅਸੀਂ ਅਗਲੀ ਵੀਕੇ ਟਰਾਂਟੋਂ ਨੂੰ ਵਿਆਹ ’ਤੇ ਜਾਣਾ। ਮੈਂ ਤਾਂ ਉੱਦਾਂ ਕਹਿੰਦੀ ਸੀ ਮੁੰਡੇ ਦਾ ਸਿਰ ਨਾ ਈ ਮੁਨਾਈਏ। ਇਹਨੂੰ ਅਮਰਤ ਛਕਾ ਦੇਈਏ। ਇੰਡੀਆ ਤੋਂ ਬਹੁਤ ਸੋਹਣੇ ਬਾਬੇ ਆਏ ਹੋਏ ਆ ਵੱਡੇ ਗੁਰਦਵਾਰੇ। ਰੋਜ਼ ਤਕਾਲਾਂ ਨੂੰ ਕੀਰਤਨ ਕਰਦੇ ਆ। ਕਈਆਂ ਨੇ ਅਮਰਤ ਛਕੇ ਆ। ਪਰ ਇੱਥੇ ਕੋਈ ਮੰਨੇ ਵੀ। ਵੀਰਾ ਕੋਈ ਨਹੀਂ ਮੰਨਦਾ ਇੱਥੇ ਕਿਸੇ ਦੀ।’ ਮੈਂ ‘ਅੱਛਾ, ਮਾਸੀ ਜੀ’ ਕਹਿ ਕੇ ਮੁੰਡੇ ਦੀ ਹਜਾਮਤ ਕਰਨ ਲੱਗ ਪਿਆ। ਉਹ ਸਾਰਾ ਸਮਾਂ ਮੇਰੇ ਬਰਾਬਰ ਖੜ੍ਹੀ ਰਹੀ ਤੇ ਆਰਡਰ ਦਿੰਦੀ ਰਹੀ। ਜਦੋਂ ਮੈਂ ਹਜਾਮਤ ਕਰ ਹਟਿਆ ਤਾਂ ਪਰਸ ਚੁੱਕ ਕੇ ਠੱਪ ਠੱਪ ਕਰਦੀ ਮੁੰਡੇ ਨੂੰ ਲੈ ਕੇ ਤੁਰ ਪਈ। ਦਰਵਾਜੇ ਕੋਲ ਜਾ ਕੇ ਮੁੰਡਾ ਕਹਿੰਦਾ ‘ਬੇਬੇ ਤੂੰ ਅੰਕਲ ਨੂੰ ਮਨੀ ਦਿੱਤੀ ਈ ਨਹੀਂ।’ ਆਪਣੇ ਪੋਤੇ ਨੂੰ ਝੰਝੋੜਾ ਜਿਹਾ ਮਾਰ ਕੇ ਕਹਿੰਦੀ, ‘ਲੈਅ ਹੈ ਕਮਲਾ, ਦੇਵ ਤਾਂ ਸਾਡੇ ਘਰ ਦਾ ਬੰਦਾ ਆ। ਕੋਈ ਘਰਦਿਆਂ ਨੂੰ ਵੀ ਕਿਤੇ ਪੈਸੇ ਦਿੰਦਾ ਹੁੰਦਾ?’ ਮੈਂ ਭਲਾ ਕੀ ਕਹਿੰਦਾ, ਸਗੋਂ ਮੇਰਾ ਸਾਂਝੀ ਮੇਰੀ ਵਲ ਕਹਿਰੀਆਂ ਅੱਖਾਂ ਨਾਲ ਦੇਖੇ।”
ਮੈਂ ਪਿਛਲੇ ਦਸ ਬਾਰਾਂ ਸਾਲਾਂ ਤੋਂ ਦੇਵ ਦੀ ਦੁਕਾਨ ਤੋਂ ਬਿਨਾਂ ਹੋਰ ਕਿਤੇ ਗਿਆ ਹੀ ਨਹੀਂ ਸਾਂ। ਪਰ ਜਦੋਂ ਪਿਛਲੇ ਸ਼ੁਕਰਵਾਰ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਦੇਵ ਤਾਂ ਦੋ ਤਿੰਨ ਮਹੀਨੇ ਲਈ ਪਿੰਡ ਨੂੰ ਚਲੇ ਗਿਆ ਸੀ। ਦੁਕਾਨ ਉਹਨੇ ਪੱਕੇ ਤੌਰ ’ਤੇ ਆਪਣੇ ਸਾਂਝੀ ਨੂੰ ਦੇ ਦਿੱਤੀ ਸੀ। ਉਹਦੇ ਸਾਂਝੀ ਨੇ ਦੁਕਾਨ ਦਾ ਹੁਲੀਆ ਹੀ ਬਦਲ ਦਿੱਤਾ ਸੀ। ਗਾਹਕਾਂ ਦੇ ਬੈਠਣ ਲਈ ਦੋ ਨਵੀਂਆਂ ਕੁਰਸੀਆਂ ਸਨ ਜਿੱਥੇ ਪਹਿਲਾਂ ਇੱਕ ਹੀ ਹੁੰਦੀ ਸੀ। ਤੇ ਕੰਮ ਕਰਨ ਵਾਲਾ ਪਤਲਾ ਬੀਮਾਰ ਜਿਹਾ ਦਿਸਦਾ ਬੰਦਾ ਵੀ ਨਵਾਂ ਸੀ। ਉਹ ਦੋਵੇਂ ਗਾਹਕਾਂ ਨਾਲ ਰੁੱਝੇ ਹੋਏ ਸਨ। ਦੋ ਬੰਦੇ ਬੈਠੇ ਆਪਣੀ ਵਾਰੀ ਉਡੀਕਦੇ ਸੀ। ਮੈਂ ਦੋ ਕੁ ਪੱਲ ਬੈਠਾ ਤੇ ਫੇਰ ਮੁੜ ਆਉਣ ਦਾ ਬਹਾਨਾ ਜਿਹਾ ਲਾ ਕੇ ਉੱਠ ਆਇਆ।
ਸੋ ਅੱਜ ਮੈਂਨੂੰ ਕਿਸੇ ਹੋਰ ਦੁਕਾਨ ਦੀ ਭਾਲ ਕਰਨੀ ਪੈਣੀ ਸੀ। ਦੇਵ ਨੂੰ ਤਾਂ ਮੈਂ ਕਦੇ ਦੱਸਿਆ ਹੀ ਨਹੀਂ ਸੀ ਕਿ ਕਿੱਧਰੋਂ ਕਿੰਨੇ ਕੁ ਵਾਲ਼ ਕੱਟਣੇ ਹਨ ਜਾਂ ਨਹੀਂ। ਮੈਂ ਜਾ ਕੇ ਉਹਦੀ ਕੁਰਸੀ `ਤੇ ਬੈਠ ਜਾਂਦਾ। ਉਹ ਭਾ ਜੀ, ਭਾ ਜੀ, ਕਰਦਾ ਨਾਲੇ ਮੈਂਨੂੰ ਗੱਲਾਂ ਸੁਣਾਉਂਦਾ ਰਹਿੰਦਾ, ਨਾਲੇ ਵਾਲ਼ ਕੱਟ ਦਿੰਦਾ। ਮੈਂ ਉੱਠ ਕੇ ਉਹਨੂੰ ਪੈਸੇ ਦੇ ਕੇ ਆ ਜਾਂਦਾ। ਕਦੀ ਸਿਰ ਵਲ ਬਹੁਤਾ ਧਿਆਨ ਹੀ ਨਹੀਂ ਸੀ ਦਿੱਤਾ। ਪਤਾ ਹੁੰਦਾ ਸੀ ਕਿ ਸਭ ਠੀਕ ਹੀ ਹੋਣਾ ਹੈ।
ਇੱਕ ਤਾਂ ਸਵੇਰੇ ਕਹਾਣੀ ਪੜ੍ਹਨ ਨਾਲ ਮੈਂਨੂੰ ਲਗਦਾ ਸੀ ਜਿਸ ਤਰ੍ਹਾਂ ਮੈਂ ਆਪਣੇ ਸਭ ਕੁਝ ਨਾਲੋਂ ਟੁੱਟ ਕੇ ਖਲਾਅ ਵਿੱਚ ਘੁੰਮਦੀ ਕੋਈ ਸ਼ੈਅ ਹੋਵਾਂ ਜਿਸ ਨਾਲ ਕਿਸੇ ਵੀ ਆਸ ਪਾਸ ਦੀ ਚੀਜ਼ ਦਾ ਕੋਈ ਵਾਸਤਾ ਨਾ ਹੋਵੇ। ਤੇ ਹੁਣ ਦੇਵ ਦਾ ਉੱਥੇ ਨਾ ਹੋਣਾ ਵੀ ਮੇਰੀ ਇਸ ਉਦਾਸੀ ਵਿੱਚ ਰਲ਼ ਗਿਆ। ਮਨ ਬੇਹੱਦ ਉਚਾਟ ਹੋ ਗਿਆ। ਮੇਰਾ ਜੀਅ ਕਰੇ ਕਿ ਮੈਂ ਹੁਣੇ ਜਹਾਜ਼ ਵਿੱਚ ਜਾ ਬੈਠਾਂ ਤੇ ਪਿੰਡ ਪਹੁੰਚ ਜਾਵਾਂ।
ਚਿੱਤ ਕਰੇ ਕਿ ਕੋਈ ਪੁਰਾਣੀਆਂ ਗੱਲਾਂ ਕਰਨ ਵਾਲਾ ਯਾਰ ਦੋਸਤ ਮਿਲੇ। ਪਰ ਅੱਜ ਸ਼ੁਕਰਵਾਰ ਸਵੇਰੇ ਸਵੇਰੇ ਕੌਣ ਘਰ ਹੋਵੇਗਾ ਤੇ ਜੇ ਕੋਈ ਹੋਇਆ ਵੀ ਤਾਂ ਕਿਹਦੇ ਕੋਲ ਸਮਾਂ ਹੋਵੇਗਾ ਵੇਹਲੀਆਂ ਗੱਪਾਂ ਲਈ। ਬਹੁਤ ਨਿੱਘਰੇ ਰੌਂ ਵਿੱਚ ਮੈਂ ਘਰੋਂ ਨਿਕਲਿਆ। ਗੈਰਾਜ ਵਿੱਚੋਂ ਕਾਰ ਕੱਢੀ ਤੇ ਪਹਿਲਾਂ ਬੈਂਕ ਜਾਣ ਬਾਰੇ ਸੋਚਿਆ। ਮੈਂ ਕਾਰ ਰੰਬਲ੍ਹ ਸਟਰੀਟ ਤੋਂ ਰੋਆਇਲ ਓਕ ’ਤੇ ਮੋੜੀ ਤਾਂ ਮੈਂਨੂੰ ਸਾਹਮਣੇ ਈਲੀਓ ਨਾਈ ਦੀ ਦੁਕਾਨ ਦਿਸੀ। ਅਚਾਨਕ ਮੈਂਨੂੰ ਕਈ ਕੁਝ ਪੁਰਾਣਾ ਚੇਤੇ ਆ ਗਿਆ। ਅਸੀਂ ਇਸ ਗੁਆਂਢ ਵਿੱਚ ਸਤਾਰਾਂ ਅਠਾਰਾਂ ਸਾਲ ਰਹੇ ਸਾਂ ਤੇ ਪੰਦਰਾਂ ਕੁ ਸਾਲ ਪਹਿਲਾਂ ਇੱਥੋਂ ਮੂਵ ਹੋਏ ਸਾਂ। ਤੇ ਇਨ੍ਹਾਂ ਦੁਕਾਨਾਂ ਤੋਂ ਅੱਧੇ ਕੁ ਬਲਾਕ ’ਤੇ ਸਾਡਾ ਘਰ ਹੁੰਦਾ ਸੀ। ਮੈਂ ਹਮੇਸ਼ਾ ਈਲੀਓ ਦੀ ਦੁਕਾਨ ਤੋਂ ਹਜਾਮਤ ਕਰਾਉਂਦਾ ਹੁੰਦਾ ਸਾਂ। ਉਸ ਨੇ ਵੀ ਦੁਕਾਨ ਉਸੇ ਸਾਲ ਖੋਲ੍ਹੀ ਸੀ ਜਿਸ ਸਾਲ ਅਸੀਂ ਉਸ ਘਰ ਵਿੱਚ ਮੂਵ ਹੋਏ ਸਾਂ। ਪਹਿਲਾਂ ਪਹਿਲਾਂ ਉਹਨੂੰ ਵੀ ਮੇਰੇ ਵਾਂਗ ਅੰਗਰੇਜ਼ੀ ਪੂਰੀ ਨਹੀਂ ਸੀ ਆਉਂਦੀ। ਹੌਲੀ ਹੌਲੀ ਸਾਡੀ ਜਾਣ ਪਛਾਣ ਕਨੇਡੀਅਨ ਦੋਸਤੀ ਵਰਗੀ ਹੋ ਗਈ ਸੀ, ਜਾਣੀ ਕਿ ਅਸੀਂ ਲੰਘਦੇ ਵੜਦੇ ਜ਼ਰੂਰ ਇੱਕ ਦੂਜੇ ਨੂੰ ਹੈਲੋ ਕਹਿੰਦੇ। ਸਾਡੇ ਅਤੇ ਹੋਰ ਗੁਆਂਢੀਆਂ ਦੇ ਨਿਆਣੇ ਇਨ੍ਹਾਂ ਦੁਕਾਨਾਂ ਦੇ ਆਲੇ ਦੁਆਲੇ ਆਪਣੇ ਨਿੱਕੇ ਨਿੱਕੇ ਸਾਈਕਲਾਂ ਤੇ ਜਾਂ ਰੋਲਰ ਸਕੇਟਾਂ ’ਤੇ ਚੜ੍ਹੇ ਖੇਡਦੇ। ਈਲੀਓ ਦੀ ਦੁਕਾਨ ਦੇ ਨਾਲ ਇੱਕ ਸਾਈਕਲ ਤੇ ਘਾਹ ਕੱਟਣ ਵਾਲੀਆਂ ਮਸ਼ੀਨਾਂ ਠੀਕ ਕਰਨ ਵਾਲੀ ਦੁਕਾਨ ਹੁੰਦੀ ਸੀ। ਉਸ ਦੁਕਾਨ ਦਾ ਮਾਲਕ ਸਕਾਟ ਕਾਫੀ ਸਿਆਣੀ ਉਮਰ ਦਾ ਬੜਾ ਸਾਊ ਬੰਦਾ ਸੀ। ਈਲੀਓ ਤੇ ਸਕਾਟ ਦੋਵੇਂ ਸਾਡੇ ਨਿਆਣਿਆਂ ਦਾ ਪੂਰਾ ਖਿਆਲ ਰੱਖਦੇ। ਸਾਨੂੰ ਕਦੇ ਕੋਈ ਫਿਕਰ ਨਹੀਂ ਸੀ ਹੋਇਆ।
ਪੁਰਾਣੀਆਂ ਗੱਲਾਂ ਚੇਤੇ ਕਰਦਾ ਮੈਂ ਕਾਰ ਖੜ੍ਹੀ ਕਰ ਕੇ ਈਲੀਓ ਦੀ ਦੁਕਾਨ ਵਿੱਚ ਵੜ ਗਿਆ। ਉਹਦੀ ਦੁਕਾਨ ਵਿੱਚ ਕੋਈ ਖਾਸ ਫਰਕ ਨਹੀਂ ਸੀ ਪਿਆ। ਗੂੜ੍ਹੇ ਲਾਲ ਰੰਗ ਦੇ ਚਮੜੇ ਦੀਆਂ ਉਹੀ ਪਹਿਲਾਂ ਵਾਲੀਆਂ ਦੋ ਉੱਚੀਆਂ ਕੁਰਸੀਆਂ। ਕੰਧ ਨਾਲ ਗਾਹਕਾਂ ਦੇ ਵਾਰੀ ਉਡੀਕਣ ਲਈ ਰੱਖੀਆਂ ਚਾਰ ਕੁਰਸੀਆਂ ਤੇ ਵਿਚਾਲੇ ਇੱਕ ਛੋਟਾ ਜਿਹਾ ਮੇਜ਼। ਪਹਿਲਾਂ ਵਾਂਗ ਮੇਜ਼ ਉੱਪਰ ਕਈ ਮੈਗਜ਼ੀਨ ਪਏ ਸਨ। ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੇਰਾ ਅੰਦਾਜ਼ਾ ਠੀਕ ਨਿਕਲਿਆ, ਉਹ ਸਾਰੇ ਮੈਗਜ਼ੀਨ ਫੁੱਟਬਾਲ, ਜਿਹਨੂੰ ਕਨੇਡਾ ਅਮਰੀਕਾ ਵਿੱਚ ਸਾਕਰ ਕਹਿੰਦੇ ਹਨ, ਬਾਰੇ ਹੀ ਸਨ। ਈਲੀਓ ਫੁੱਟਬਾਲ ਦਾ ਸ਼ੌਕੀਨ ਸੀ। ਮੈਂਨੂੰ ਯਾਦ ਹੈ ਉਹ ਫੁੱਟਬਾਲ ਨੂੰ ਸਾਕਰ ਕਹਿਣ ’ਤੇ ਖਿਝਦਾ ਹੁੰਦਾ ਸੀ। ਦੁਕਾਨ ਦੀ ਪਿਛਲੀ ਕੰਧ ਸ਼ੀਸ਼ਿਆਂ ਵਿੱਚ ਜੜੀਆਂ ਤਸਵੀਰਾਂ ਨਾਲ ਭਰੀ ਪਈ ਸੀ। ਇਹ ਸਾਰੀਆਂ ਤਸਵੀਰਾਂ ਇਟਲੀ ਦੀਆਂ ਟੀਮਾਂ ਦੀਆਂ ਸਨ। ਇੱਕ ਤਸਵੀਰ ਜਿਹੜੀ ਬਾਕੀਆਂ ਦੇ ਐੱਨ ਵਿਚਾਲੇ ਟੰਗੀ ਹੋਈ ਸੀ, ਉਸ ਤਸਵੀਰ ਦੇ ਥੱਲੇ ਲਿਖਿਆ ਹੋਇਆ ਸੀ ‘ਫਾਰ ਈਲੀਓ, ਬਾਰਬਰ ਆਫ ਦਾ ਚੈਂਪੀਅਨਜ਼।’ ਇਹ ਕੋਈ ਵੈਨਕੂਵਰ ਦੇ ਛੋਟਿਆਂ ਮੁੰਡਿਆਂ ਦੀ ਫੁੱਟਬਾਲ ਦੀ ਟੀਮ ਸੀ ਜਿਸ ਨੂੰ ਈਲੀਓ ਸਪਾਂਸਰ ਕਰਦਾ ਸੀ।
ਜਦੋਂ ਮੈਂ ਦੁਕਾਨ ਵਿੱਚ ਵੜਿਆ ਤਾਂ ਈਲੀਓ ਸ਼ੀਸ਼ੇ ਅੱਗੇ ਖੜ੍ਹਾ ਆਪਣੀ ਛੋਟੀ ਛੋਟੀ ਤਕਰੀਬਨ ਚਿੱਟੀ ਹੋ ਗਈ ਦਾਹੜੀ ’ਤੇ ਹੱਥ ਫੇਰ ਰਿਹਾ ਸੀ। ਉਹਦੇ ਸਿਰ ਦੇ ਕਾਫੀ ਵਾਲ਼ ਅਜੇ ਕਾਲ਼ੇ ਸਨ। ਸਰੀਰ ਉਹਦਾ ਬਿਲਕੁਲ ਪਹਿਲਾਂ ਵਰਗਾ ਪਤਲਾ ਪਰ ਸਿਹਤਮੰਦ ਦਿਸਦਾ ਸੀ। ਮੈਂ ਉਹਨੂੰ ਸਿਰ ਦੇ ਇਸ਼ਾਰੇ ਨਾਲ ਹੈਲੋ ਕਿਹਾ। ਉਹਨੇ ਬਿਨਾਂ ਬੋਲਿਆਂ ਮੈਂਨੂੰ ਕੁਰਸੀ ਉੱਤੇ ਬੈਠਣ ਦਾ ਇਸ਼ਾਰਾ ਕੀਤਾ। ਮੇਰੇ ਅੰਦਰ ਵੜਨ ਤੋਂ ਲੈ ਕੇ ਉਹ ਲਗਾਤਾਰ ਮੇਰੇ ਚਿਹਰੇ ਵਲ ਦੇਖ ਰਿਹਾ ਸੀ। ਮੇਰਾ ਸਿਰ ਤਾਂ ਹੁਣ ਗੱਭਿਓਂ ਤਕਰੀਬਨ ਗੰਜਾ ਹੋ ਗਿਆ ਸੀ ਤੇ ਆਸੀਂ ਪਾਸੀਂ ਜਿਹੜੇ ਵਾਲ਼ ਸਨ ਉਹ ਵੀ ਚਿੱਟੇ ਹੋ ਗਏ ਸਨ। ਪੰਦਰਾਂ ਸੋਲ੍ਹਾਂ ਸਾਲ ਬਾਅਦ ਉਹ ਮੈਂਨੂੰ ਦੇਖ ਰਿਹਾ ਸੀ ਤੇ ਪਛਾਨਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਉਹਨੂੰ ਸਾਹਮਣੇ ਲੱਗੇ ਸ਼ੀਸ਼ੇ ਵਿੱਚ ਦੀ ਤਾੜ ਰਿਹਾ ਸਾਂ। ਉਹਨੇ ਹੌਲੀ ਹੌਲੀ ਝਾੜ ਕੇ ਨੀਲੇ ਰੰਗ ਦਾ ਕੱਪੜਾ ਮੇਰੇ ਮੋਢਿਆਂ ’ਤੇ ਰੱਖਿਆ ਤੇ ਫੇਰ ਚਿੱਟੇ ਪੇਪਰ ਦਾ ਟਿਸ਼ੂ ਮੇਰੀ ਧੌਣ ਪਿੱਛੇ ਕਮੀਜ਼ ਦੇ ਥੱਲੇ ਰੱਖਿਆ। ਉਹਨੇ ਪਾਸਾ ਮੋੜ ਕੇ ਮੇਜ਼ ਤੋਂ ਕੈਂਚੀ ਚੁੱਕੀ ਤੇ ਫੇਰ ਤੇਜ਼ੀ ਨਾਲ ਘੁੰਮ ਕੇ ਮੇਰੇ ਅੱਗੇ ਆ ਖੜ੍ਹਿਆ। “ਯੂ ਆਰ ...?” ਉਹਨੇ ਮੈਂਨੂੰ ਪਛਾਣ ਲਿਆ ਸੀ ਤੇ ਮੇਰਾ ਨਾਂਅ ਚੇਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।”
“ਹਾਂ ਹਾਂ, ਮੈਂ ਉਹੀ ਹਾਂ, ਪੀਟਰ।” ਮੈਂ ਉਹਨੂੰ ਆਪਣਾ ਛੋਟਾ ਕਨੇਡੀਅਨ ਨਾਂਅ ਦੱਸਿਆ, ਜਿਸ ਤੋਂ ਉਹ ਵਾਕਿਫ ਸੀ।
ਉਹਨੇ ਖੁਸ਼ੀ ਵਿੱਚ ਦੋਵੇਂ ਬਾਹਵਾਂ ਹਵਾ ਵਿੱਚ ਉਲਾਰੀਆਂ। “ਮਾਈ ਗੁੱਡਨੈੱਸ, ਹਾਉ ਦਾ ਹੈੱਲ ਆਰ ਯੂ ਪੀਟਰ? ਵੇਅਰ ਇਨ ਹੈਵਿਨ’ਜ਼ ਨੇਮ ਹੈਵ ਯੂ ਵਿੰਨ ਆਲ ਦੀਜ਼ ਯੀਅਰਜ਼?”
ਮੈਂਨੂੰ ਦੇਖ ਕੇ ਈਲੀਓ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਉਹਦੇ ਇਸ ਤਰ੍ਹਾਂ ਯਾਦ ਕਰਨ ਨਾਲ ਮੈਂਨੂੰ ਵੀ ਬੜਾ ਚੰਗਾ ਲੱਗਾ। ਉਹਨੇ ਮੇਰੀ ਹਜਾਮਤ ਕਰਨ ਨੂੰ ਘੰਟੇ ਤੋਂ ਵੀ ਵੱਧ ਸਮਾਂ ਲਾਇਆ। ਉਹ ਦੋ ਕੈਂਚੀਆਂ ਮਾਰ ਕੇ ਖੜ੍ਹ ਕੇ ਮੇਰੇ ਨਾਲ ਪੁਰਾਣੀਆਂ ਗੱਲਾਂ ਕਰਨ ਲੱਗ ਪੈਂਦਾ। ਉਹਨੇ ਆਪਣੇ ਟੱਬਰ ਬਾਰੇ ਦੱਸਿਆ। ਉਹਦੇ ਤਿੰਨਾਂ ਨਿਆਣਿਆਂ ਵਿੱਚੋਂ ਵੱਡੇ ਮੁੰਡਾ ਤੇ ਕੁੜੀ ਦੋਵੇਂ ਵਿਆਹੇ ਗਏ ਸਨ ਤੇ ਆਪੋ ਆਪਣੇ ਘਰ ਰਹਿੰਦੇ ਸਨ ਤੇ ਤੀਜਾ ਛੋਟਾ ਮੁੰਡਾ ਟਰਾਂਟੋ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਤੇ ਉਹਦਾ ਉੱਧਰ ਹੀ ਸੈਟਲ ਹੋਣ ਦਾ ਇਰਾਦਾ ਸੀ। ਉਹਨੇ ਦੱਸਿਆ ਕਿ ਪਹਿਲਾਂ ਉਹ ਰਿਚਮੰਡ ਰਹਿੰਦੇ ਸਨ, ਜਦੋਂ ਨਿਆਣੇ ਘਰੋਂ ਰੁਖਸਤ ਹੋ ਗਏ ਤਾਂ ਉਨ੍ਹਾਂ ਨੇ ਸਰੀ ਵਿੱਚ ਇੱਕ ਛੋਟਾ ਜਿਹਾ ਘਰ ਲੈ ਲਿਆ। ਸਰੀ ਵਿੱਚ ਵੀ ਉਹਦਾ ਘਰ ਸਕਾਈ ਟਰੇਨ ਦੇ ਲਾਗੇ ਸੀ ਤੇ ਇੱਧਰ ਦੁਕਾਨ ਤੋਂ ਵੀ ਸਕਾਈ ਟਰੇਨ ਦਾ ਸਟੇਸ਼ਨ ਸਿਰਫ ਤਿੰਨ ਬਲਾਕ ’ਤੇ ਸੀ। ਉਹ ਹੁਣ ਸਕਾਈ ਟਰੇਨ ’ਤੇ ਹੀ ਆਉਂਦਾ ਜਾਂਦਾ ਸੀ ਤੇ ਉਨ੍ਹਾਂ ਨੇ ਸਿਰਫ ਇੱਕ ਕਾਰ ਰੱਖੀ ਹੋਈ ਸੀ। ਪਿਛਲੇ ਇਕੱਤੀਆਂ ਸਾਲਾਂ ਦੌਰਾਨ ਉਹਨੇ ਕਦੇ ਵੀ ਆਪਣੇ ਨਾਲ ਕੰਮ ਕਰਨੇ ਨੂੰ ਹੋਰ ਬੰਦਾ ਨਹੀਂ ਸੀ ਰੱਖਿਆ। ਈਲੀਓ ਨੇ ਦੱਸਿਆ, “ਬਸ ਇਸ ਦੁਕਾਨ ਨਾਲ ਨਿਆਣੇ ਪਾਲ਼ੇ ਨੇ ਤੇ ਹੁਣ ਤਾਂ ਅਸੀਂ ਸਿਰਫ ਦੋ ਜੀਅ ਹਾਂ ਬੜਾ ਸੋਹਣਾ ਗੁਜ਼ਾਰਾ ਹੋਈ ਜਾਂਦਾ ਹੈ।” ਉਹਦੀ ਸਹਿਜ ਨਾਲ ਆਖੀ ਇਸ ਗੱਲ ਨੇ ਮੇਰੀ ਉਸ ਨਾਲ ਪੁਰਾਣੀ ਨੇੜਤਾ ਨੂੰ ਜਿਵੇਂ ਇੱਕ ਦਮ ਤਾਜ਼ੀ ਕਰ ਦਿੱਤਾ। ਮੈਂਨੂੰ ਲੱਗਾ ਉਹ ਮੇਰਾ ਕੋਈ ਬਹੁਤ ਆਪਣਾ ਸੀ ਜੋ ਇੰਨੀਆਂ ਵਰ੍ਹੇ ਗੁਆਚਿਆ ਰਿਹਾ ਸੀ।
ਫੇਰ ਅਸੀਂ ਉਸ ਗੁਆਂਢ ਦੀਆਂ ਗੱਲਾਂ ਕਰਨ ਲੱਗ ਪਏ। ਰੰਬਲ੍ਹ ਤੇ ਰੋਆਇਲ ਓਕ ਦੇ ਉਸ ਚੁਰਸਤੇ ਦੇ ਇੱਧਰਲੇ ਪਾਸੇ ਪਹਿਲਾਂ ਵੀ ਚਾਰ ਕੁ ਹੀ ਦੁਕਾਨਾਂ ਹੁੰਦੀਆਂ ਸਨ। ਈਲੀਓ ਦੀ ਦੁਕਾਨ ਦੇ ਸਾਹਮਣੇ ਜਿੱਥੇ ਪਹਿਲਾਂ ਇੱਕ ਡਰੱਗ ਸਟੋਰ ਹੁੰਦੀ ਸੀ, ਹੁਣ ਉੱਥੇ ਗੈਸ ਸਟੇਸ਼ਨ ਬਣ ਗਿਆ ਸੀ ਤੇ ਤਿੰਨ ਕੁ ਛੋਟੀਆਂ ਛੋਟੀਆਂ ਨਵੀਆਂ ਦੁਕਾਨਾਂ, ਬਾਕੀ ਸਭ ਕੁਝ ਤਕਰੀਬਨ ਪਹਿਲਾਂ ਵਰਗਾ।
ਦੁਕਾਨਾਂ ਦੀਆਂ ਗੱਲਾਂ ਛੱਡ ਕੇ ਅਸੀਂ ਫੇਰ ਆਪਣੇ ਟੱਬਰਾਂ ਦੀਆਂ ਗੱਲਾਂ ਕਰਨ ਲੱਗੇ। ਈਲੀਓ ਨੂੰ ਮੇਰੇ ਮੁੰਡੇ ਸਨੀ ਦਾ ਨਾਂਅ ਨਹੀਂ ਸੀ ਚੇਤੇ ਪਰ ਉਂਜ ਉਹਦੇ ਬਾਰੇ ਸਭ ਕੁਝ ਚੇਤੇ ਸੀ। ਸਨੀ ਇੱਕ ਵਾਰ ਈਲੀਓ ਦੀ ਦੁਕਾਨ ਅੱਗੇ ਆਪਣੇ ਸਾਈਕਲ ਤੋਂ ਡਿਗ ਪਿਆ ਸੀ ਤੇ ਉਹਦਾ ਗੋਡਾ ਸੀਮਿੰਟ ਦੇ ਸਾਈਡਵਾਕ ’ਤੇ ਛਿੱਲ ਹੋ ਗਿਆ ਸੀ। ਈਲੀਓ ਨੇ ਉਹਨੂੰ ਚੁੱਕਿਆ ਤੇ ਫੇਰ ਸਨੀ ਨੂੰ ਤੇ ਉਹਦੇ ਸਾਈਕਲ ਨੂੰ ਸਾਡੇ ਘਰ ਛੱਡ ਕੇ ਗਿਆ। ਸਨੀ ਨਾਲ ਖੇਡਣ ਵਾਲੇ ਹੋਰ ਵੀ ਕਈ ਗੁਆਂਢ ਦੇ ਨਿਆਣਿਆਂ ਦਾ ਈਲੀਓ ਨੂੰ ਚੇਤਾ ਸੀ। ਈਲੀਓ ਨੇ ਮੈਂਨੂੰ ਦੱਸਿਆ ਕਿ ਸਨੀ ਦਾ ਇੱਕ ਹਾਣੀ ਮੋਰਗਨ ਕਾਲਜ ਜਾ ਕੇ ਚੰਗਾ ਘੋਲੂ ਬਣ ਗਿਆ ਸੀ ਤੇ ਉਹਨੇ ਆਪਣੇ ਭਾਰ ਵਿੱਚ ਬੀ ਸੀ ਦੀ ਚੈਂਪੀਅਨਸ਼ਿੱਪ ਜਿੱਤੀ ਸੀ। ਮੋਰਗਨ ਹੋਰੀਂ ਸਾਡੇ ਘਰ ਦੇ ਪਿਛਵਾੜੇ ਵਾਲੇ ਘਰ ਵਿੱਚ ਰਹਿੰਦੇ ਸਨ। ਮੋਰਗਨ ਤੇ ਸਨੀ ਸਾਰਾ ਸਾਰਾ ਦਿਨ ਇਕੱਠੇ ਖੇਡਦੇ ਰਹਿੰਦੇ। ਮੋਰਗਨ ਦੀਆਂ ਤਾਂ ਮੈਂਨੂੰ ਵੀ ਬੜੀਆਂ ਗੱਲਾਂ ਚੇਤੇ ਸਨ। ਜਦੋਂ ਉਹ ਚਾਰ ਪੰਜ ਸਾਲ ਦੇ ਹੁੰਦੇ ਸੀ ਤਾਂ ਉਹਨੇ ਤੇ ਸਨੀ ਨੇ ਸਾਡੀ ਬੇਸਮਿੰਟ ਵਿੱਚ ਇੱਕ ਦੂਜੇ ਨਾਲ ਘੁਲਦੇ ਰਹਿਣਾ। ਅਸੀਂ ਉਹਨੂੰ ਪੰਜਾਬੀਆਂ ਵਾਂਗ ਪੱਟ ’ਤੇ ਥਾਪੀ ਮਾਰਨੀ ਸਿਖਾਈ ਹੋਈ ਸੀ ਤੇ ਉਹ ਥਾਪੀਆਂ ਮਾਰਦਾ ਬਹੁਤ ਸੋਹਣਾ ਲਗਦਾ। ਜਦ ਵੀ ਕਦੇ ਸਾਡੇ ਕਿਸੇ ਜਾਣ ਪਛਾਣ ਜਾਂ ਰਿਸ਼ਤੇਦਾਰ ਨੇ ਆਏ ਹੋਣਾ ਤਾਂ ਅਸੀਂ ਮੋਰਗਨ ਨੂੰ ਤੇ ਸਨੀ ਨੂੰ ਘੁਲ਼ਣ ਲਾ ਦੇਣਾ। ਨਰਮ ਗਲੀਚੇ ’ਤੇ ਕਦੇ ਸਨੀ ਥੱਲੇ ਤੇ ਕਦੇ ਮੋਰਗਨ। ਸਨੀ ਨੇ ਪੰਜਾਬੀ ਅੰਗਰੇਜ਼ੀ ਰਲ਼ਾ ਕੇ ਬੋਲੀ ਜਾਣੀ। ਉਨ੍ਹਾਂ ਦੋਵਾਂ ਨੇ ਸਾਡਾ ਸਾਰਿਆਂ ਦਾ ਹਸਾ ਹਸਾ ਕੇ ਢਿੱਡ ਪਕਾ ਦੇਣਾ। ਸਾਡੇ ਘਰ ਦੇ ਇੱਕ ਪਾਸੇ ਇੱਕ ਇਟੈਲੀਅਨਾਂ ਦਾ ਘਰ ਸੀ ਤੇ ਦੂਜੇ ਪਾਸੇ ਚੀਨਿਆਂ ਦਾ। ਉਨ੍ਹਾਂ ਦੇ ਨਿਆਣੇ ਵੀ ਸਾਡੇ ਘਰ ਸਨੀ ਨਾਲ ਖੇਡਣ ਆਏ ਰਹਿੰਦੇ।
ਹਜਾਮਤ ਕਰਾਉਣ ਬਾਅਦ ਜਦੋਂ ਮੈਂ ਆਪਣੀ ਜੈਕਟ ਪਾ ਕੇ ਤੇ ਵਟੂਏ ਵਿੱਚੋਂ ਕੱਢ ਕੇ ਈਲੀਓ ਨੂੰ ਪੈਸੇ ਫੜਾਏ ਤਾਂ ਪੱਲ ਕੁ ਲਈ ਮੈਂ ਉਹਦੇ ਹੱਥ ਰੁਕਦੇ ਦੇਖੇ। ਫੇਰ ਉਹਨੇ ਆਪਣੇ ਸਿਰ ਤੇ ਅੱਖਾਂ ਨੂੰ ਇੱਕ ਖਾਸ ਸ਼ੁਕਰਾਨੇ ਵਾਲੇ ਅੰਦਾਜ਼ ਵਿੱਚ ਹਿਲਾ ਕੇ ਪੈਸੇ ਫੜ ਲਏ। ਉਹਨੇ ਮੇਰੇ ਨਾਲ ਬੜੇ ਤਪਾਕ ਨਾਲ ਹੱਥ ਮਿਲਾਇਆ ਤੇ ਫੇਰ ਮੇਰਾ ਕਲਾਵਾ ਭਰ ਲਿਆ।
ਉਹਦੇ ਕਲਾਵੇ ਵਿੱਚੋਂ ਨਿਕਲ ਕੇ ਜਦੋਂ ਮੈਂ ਬਾਹਰ ਆਇਆ ਤਾਂ ਮੈਂਨੂੰ ਇੰਝ ਲੱਗਾ ਜਿੱਦਾਂ ਬਾਹਰ ਨਵਾਂ ਦਿਨ ਚੜ੍ਹਿਆ ਹੁੰਦਾ ਹੈ। ਬਹੁਤ ਸੋਹਣਾ ਸੂਰਜ ਚਮਕ ਰਿਹਾ ਸੀ ਤੇ ਹਰ ਪਾਸੇ ਲੋਕਾਂ ਦੇ ਚਿਹਰੇ ਹੱਸਦੇ ਖੁਸ਼ ਨਜ਼ਰ ਆ ਰਹੇ ਸਨ। ਮੈਂ ਵਿਸਲ ਬਜਾਉਂਦਾ ਕਾਰ ਵਿੱਚ ਬੈਠਾ ਤੇ ਬੇਸਮਿੰਟ ਵਿੱਚ ਕਰਨ ਵਾਸਤੇ ਪੇਂਟ ਲੈਣ ਤੁਰ ਪਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3113)
(ਸਰੋਕਾਰ ਨਾਲ ਸੰਪਰਕ ਲਈ: