“ਜੇ ਕੱਲ੍ਹ ਤੋਂ ਸਕੂਲੇ ਨਾ ਗਿਆ ਤਾਂ ਪਰਸੋਂ ਨੂੰ ਮੈਂ ਤੈਨੂੰ ...”
(17 ਜਨਵਰੀ 2021)
(ਸ਼ਬਦ: 3470)
ਸਵੇਰੇ ਆਪਣੇ ਪੋਤੇ ਦੀ ਕਾਰ ਵਿੱਚ ਰੇਡੀਓ ’ਤੇ ਸੁਣੀ ਇਹ ਗੱਲ ਕਿ ‘ਬੰਦੇ ਦਾ ਨਾਂ ਤੇ ਜਨਮ ਤਰੀਕ ਉਹਦੀ ਹੋਂਦ ਦੀਆਂ ਦੋ ਬਹੁਤ ਹੀ ਮੁੱਢਲੀਆਂ ਗੱਲਾਂ ਹੁੰਦੀਆਂ ਹਨ’ ਮੇਰੇ ਕੰਨਾਂ ਵਿੱਚ ਗੂੰਜ ਰਹੀ ਹੈ। ਮੇਰੇ ਲਈ ਤਾਂ ਇਹ ਦੋਵੇਂ ਚੀਜ਼ਾਂ ਹੀ ਰਲਗੱਡ ਜਿਹੀਆਂ ਰਹੀਆਂ ਹਨ ਸਦਾ। ਮਾਂ ਮੇਰਾ ਜਨਮ ਕਿਸੇ ਹੋਰ ਮਹੀਨੇ ਹੋਇਆ ਦੱਸਦੀ ਰਹੀ ਤੇ ਮੇਰੇ ਪੇਪਰ ਕੋਈ ਹੋਰ ਹੀ ਮਹੀਨਾ ਦਰਸਾਉਂਦੇ ਰਹੇ। ਇੰਨਾ ਸ਼ੁਕਰ ਹੈ ਕਿ ਸਾਲ ਉਹੀ ਆ, ਕਈ ਮੇਰੇ ਵਰਗਿਆਂ ਦੇ ਤਾਂ ਸਾਲ ਵੀ ਇੱਧਰ ਉੱਧਰ ਹੋਏ ਪਏ ਨੇ।
ਬੇਬੇ ਮੇਰੀ ਨੇ, ਦੱਸਦੇ ਆ, ਮੇਰਾ ਨਾਂ ਰੱਖਿਆ ਸੀ ਬਹਾਦਰ ਸਿੰਘ। ਉਹ ਜਿੰਨਾ ਚਿਰ ਜਿਊਂਦੀ ਰਹੀ ਆਪਣੇ ‘ਸੌ ਸੁੱਖਾਂ ਬਾਅਦ ਮਿਲੇ’ ਜੇਠੇ ਪੋਤੇ ਨੂੰ, ਜਾਣੀ ਕਿ ਮੈਂਨੂੰ, ਇਸੇ ਨਾਂ ਨਾਲ ਬੁਲਾਉਂਦੀ ਰਹੀ। ਪਰ ਪੇਪਰਾਂ ਵਿੱਚ ਮੇਰਾ ਨਾਂ ਗੁਰਮੁਖ ਸਿੰਘ ਲਿਖਿਆ ਗਿਆ ਤੇ ਬਾਕੀ ਸਾਰੀ ਦੁਨੀਆਂ ਮੈਂਨੂੰ ਇਸੇ ਨਾਂ ਨਾਲ ਹੀ ਜਾਣਦੀ ਹੈ। ਖੈਰ ਜਿੱਦਾਂ ਹੁੰਦਾ ਹੀ ਆ, ਇਸ ਸਾਰੇ ਪਿੱਛੇ ਵੀ ਇੱਕ ਕਹਾਣੀ ਹੈ।
ਜਦੋਂ ਮੈਂ ਨਿੱਕਾ ਜਿਹਾ ਸੀ ਤਾਂ ਜੀਵਨ ਦੀ ਤੋਰ ਬੜੀ ਮਜ਼ੇਦਾਰ ਹੁੰਦੀ ਸੀ। ਬੱਸ ਮੌਜਾਂ ਹੀ ਮੌਜਾਂ। ਸਵੇਰੇ ਮਰਜ਼ੀ ਨਾਲ ਉੱਠਣਾ। ਚੁੱਲ੍ਹੇ ਲਾਗੇ ਬੈਠ ਕੇ ਚਾਹ ਦੀ ਬਾਟੀ ਪੀ ਕੇ ਸੁਸਤੀ ਜਿਹੀ ਉਤਾਰਨ ਲਈ ਕਈ ਕਈ ਮਿੰਟ ਸ਼ੌਕ ਵਜੋਂ ਹੀ ਸਿਰ, ਢਿੱਡ ਜਾਂ ਚਿੱਤੜਾਂ ਨੂੰ ਖਨੂੰਹੀ ਜਾਣਾ। ਜੇ ਲੱਗਾ ਪਈ ਬੀਬੀ ਜਾਂ ਬੇਬੇ ਕੋਲ ਧਿਆਨ ਦੇਣ ਦਾ ਟੈਮ ਹੈਗਾ, ਇਸ ਗੱਲ ਦਾ ਕੁਦਰਤੋਂ ਅੰਦਾਜ਼ਾ ਜਿਹਾ ਹੋ ਜਾਂਦਾ ਸੀ, ਤਾਂ ਐਂਵੀਂ ਬੇਮਤਲਬ ਜਿਹਾ ਰੋਣਾ ਸ਼ੁਰੂ ਕਰ ਦੇਣਾ।
ਪਤਾ ਤਾਂ ਉਨ੍ਹਾਂ ਨੂੰ ਵੀ ਹੁੰਦਾ ਹੀ ਸੀ ਪਈ ਮੇਰੇ ਸਵੇਰ ਸਾਰ ਰੋਣ ਵਿੱਚ ਕੋਈ ਅਸਲੀਅਤ ਤਾਂ ਹੈ ਹੀ ਨਹੀਂ ਪਰ ਫੇਰ ਵੀ ਜੇ ਕਿਤੇ ਬੇਬੇ ਕੋਲ ਟੈਮ ਹੋਣਾ ਤਾਂ ਉਹਨੇ ਚੁੱਕ ਲੈਣਾ। ਬੀਬੀ ਕੋਲ ਤਾਂ ਸਵੇਰ ਵੇਲੇ ਟੈਮ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਬੇਬੇ ਨੇ ਮੇਰੇ ਨਿੱਕੇ ਜਿਹੇ ਢਿੱਡ ’ਤੇ ਹੱਥ ਫੇਰ ਕੇ ਕਹਿਣਾ, “ਕੀ ਹੋਇਆ ਮੇਰੇ ਪੁੱਤ ਨੂੰ? ਹੈਂ ਕਿਉਂ ਰੋਂਦੀ ਆ ਮੇਰੀ ਨਿੱਕੀ ਜਿਹੀ ਡਿੱਡੀ ਸਵੇਰੇ ਸਵੇਰੇ? ਚਾਹ ਥੋੜ੍ਹੀ ਮਿਲੀ ਆ ਅੱਜ ਮੇਰੇ ਬਹਾਦਰ ਸਿੰਓਂ ਨੂੰ?” ਖੁਸ਼ੀ ਤਾਂ ਇਸੇ ਗੱਲ ਦੀ ਬਹੁਤ ਹੁੰਦੀ ਸੀ ਪਈ ਬੇਬੇ ਨੇ ਚੁੱਕ ਲਿਆ। ਇਸ ਖੁਸ਼ੀ ਵਿੱਚ ਥੋੜ੍ਹਾ ਜਿਹਾ ਜਿੱਤ ਦਾ ਵੀ ਰਲ਼ਾਅ ਹੁੰਦਾ ਸੀ। ਨਾਲ ਚਾਹ ਦੀ ਹੋਰ ਸੁਲ੍ਹਾ ਤਾਂ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੁੰਦੀ ਸੀ। ਆਪਾਂ ਸਿਰ ਥੱਲੇ ਨੂੰ ਮਾਰ ਦੇਣਾ। ਬਾਟੀ ਚਾਹ ਦੀ ਹੋਰ ਮਿਲ਼ ਜਾਣੀ।
ਉੱਦਾਂ ਜੇ ਬੇਬੇ ਨੇ ਕੁਛ ਹੋਰ ਵੀ ਕਹਿ ਦਿੱਤਾ, ਜਿੱਦਾਂ ਪਈ “ਬਿਸਕੁਟ ਲੈਣਾ?” ਤਾਂ ਆਪਣਾ ਸਿਰ ਉਸੇ ਦਿਸ਼ਾ ਵਿੱਚ ਹਿੱਲਣਾ ਹੁੰਦਾ ਸੀ, ਸਗੋਂ ਹੋਰ ਜੋਸ਼ ਨਾਲ। ਸਾਡੇ ਘਰ ਦੀ ਪਿਛਲੀ ਕੋਠੜੀ ਵਿੱਚ ਇੱਕ ਨਿੱਕੀ ਜਿਹੀ ਪੀਪੀ ਵਿੱਚ ਬੇਬੇ ‘ਆਏ ਗਏ ਲਈ’ ਬਿਸਕੁਟ ਰੱਖਦੀ ਹੁੰਦੀ ਸੀ। ਇੱਕ ਦਿਨ ਬੀਬੀ ਨੇ ਕਿਸੇ ਗੱਲੋਂ ਖਿਝ ਕੇ ਮੈਂਨੂੰ ਉਸ ਕੋਠੜੀ ਵਿੱਚ ਹੁੜ ਦਿੱਤਾ। ਨ੍ਹੇਰੇ ਵਿੱਚ ਹੱਥ ਪੈਰ ਮਾਰਦੇ ਦੇ ਮੇਰੇ ਗੋਡੇ ਵਿੱਚ ਉਹ ਪੀਪੀ ਲੱਗ ਗਈ ਤੇ ਉਹਦੇ ਟੁੱਟੇ ਹੋਏ ਕੰਢੇ ਨੇ ਗੋਡੇ ਵਿੱਚੋਂ ਲਹੂ ਕੱਢ ਦਿੱਤਾ। ਪਰ ਫੇਰ ਮੈਂਨੂੰ ਵਰਾਉਣ ਲਈ ਤੇ ਖਬਰੇ ਪੀਪੀ ਨੂੰ ਸਜ਼ਾ ਦੇਣ ਲਈ, ਬੇਬੇ ਨੇ ਦੋ ਤਿੰਨ ਬਿਸਕੁਟ ਮੈਨੂੰ ਦੇ ਦਿੱਤੇ। ਬਿਸਕੁਟਾਂ ਨੇ ਜੋ ਸੁਆਦ ਦਿੱਤਾ ਸੀ, ਮੈਂ ਹਾਣੀ ਨਿਆਣਿਆਂ ਨੂੰ ਦੱਸ ਦੱਸ ਕੇ ਉਨ੍ਹਾਂ ਦੇ ਮੂੰਹਾਂ ਵਿੱਚ ਕਈ ਦਿਨ ਲਾਲ਼ਾਂ ਵਗਾਉਂਦਾ ਰਿਹਾ।
ਸੋ ਜੇ ਕਿਤੇ ਬੇਬੇ ਰੋਂਦੇ ਨੂੰ ਚੁੱਕ ਕੇ ਬਿਸਕੁਟਾਂ ਦੀ ਸੁਲ੍ਹਾ ਮਾਰ ਲੈਂਦੀ ਤਾਂ ਆਪਾਂ ਪਲ ਵਿੱਚ ਮੰਨ ਜਾਂਦੇ ਤੇ ਚੇਤਾ ਹੀ ਨਾ ਰਹਿੰਦਾ ਪਈ ਰੋਣਾ ਕਾਹਦੇ ਲਈ ਸ਼ੁਰੂ ਕੀਤਾ ਸੀ।
ਪਰ ਇੱਦਾਂ ਹੁੰਦੀ ਬਹੁਤ ਘੱਟ ਸੀ। ਸਵੇਰ ਨੂੰ ਨਾ ਬੇਬੇ ਨੂੰ ਤੇ ਨਾ ਹੀ ਕਦੇ ਬੀਬੀ ਨੂੰ ਵਿਹਲ ਹੁੰਦੀ ਸੀ ਪਈ ਮੈਂਨੂੰ ਚੁੱਕ ਲੈਣ। ਬੀਬੀ ਨੂੰ ਮੈਥੋਂ ਛੋਟੀ ਭੈਣ ਤੇ ਉਹਦੇ ਤੋਂ ਛੋਟਾ ਭਰਾ ਹੀ ਨਹੀਂ ਸੀ ਛੱਡਦੇ ਸਵੇਰੇ ਕਦੇ। ਨਾਲੇ ਉਹਨੇ ਖੂਹ ਨੂੰ ਚਾਹ ਤੇ ਰੋਟੀਆਂ ਲੈ ਕੇ ਜਾਣੀਆਂ ਹੁੰਦੀਆਂ। ਪਹਿਲਾਂ ਤੜਕੇ ਉਹ ਦੋ ਮਹੀਂਆਂ ਚੋ ਕੇ ਲਿਆਉਂਦੀ। ਮੀਲ ਭਰ ’ਤੇ ਸਾਡਾ ਖੂਹ ਸੀ। ਜਿੱਦਾਂ ਬੇਬੇ ਤੇ ਬੀਬੀ ਆਪ ਹੀ ਕਹਿੰਦੀਆਂ ਹੁੰਦੀਆਂ ਸੀ ਪਈ ਉਨ੍ਹਾਂ ਕੋਲ ਤਾਂ ‘ਮਰਨ ਦੀ ਵਿਹਲ ਨਹੀਂ’, ਸਾਨੂੰ ਮਲੰਗਾਂ ਨੂੰ ਕੌਣ ਚੁੱਕੇ ਤੇ ਕੌਣ ਵਰਾਵੇ।
ਹਾਲਾਤ ਨੇ ਸਾਨੂੰ ਵੀ ਫੱਕਰਪੁਣਾ ਸਿਖਾ ਦਿੱਤਾ। ਚਾਹ ਪੀਣੀ, ਢਿੱਡ ’ਤੇ ਫੇਰਨਾ ਹੱਥ ਤੇ ਉੱਠ ਪੈਣਾ ਚੜ੍ਹਦੇ ਦਿਨ ਨਾਲ ਸਿੱਧੀ ਟੱਕਰ ਲੈਣ। ਜੇ ਰਾਤ ਦੀ ਨਿੱਕੀ ਜਿਹੀ ਕੱਛੀ ਪਾਈ ਹੁੰਦੀ ਤਾਂ ਉਹਦੇ ’ਚ, ਨਹੀਂ ਤਾਂ ਨਿੱਕੀਆਂ ਨਿੱਕੀਆਂ ਰੰਗ ਬਰੰਗੀਆਂ ਘੁੰਗਰੀਆਂ ਵਾਲੀ ਯਾਰਾਂ ਦੀ ਤੜਾਗੀ। ਸੁੱਤੇ ਉੱਠਦਿਆਂ ਪਹਿਲਾ ਕੰਮ ਹੁੰਦਾ ਸੀ ਹੱਥ ਵਿੱਚ ਛਿਟੀ ਜਿਹੀ ਫੜ ਕੇ ਵਿਹੜੇ ਵਿੱਚ ਗੇੜਾ ਮਾਰਨਾ। ਜਿੱਦਾਂ ਪੁਲਿਸ ਦਾ ਛੋਟਾ ਅਫਸਰ ਵੱਡੇ ਅਫਸਰ ਦੀ ਗੈਰ ਹਾਜ਼ਰੀ ਵਿੱਚ ਆਪਣੀ ਚੌਧਰ ਦਿਖਾਉਣ ਲਈ ਠਾਣੇ ਵਿੱਚ ਗੇੜਾ ਮਾਰਦਾ ਹੁੰਦਾ ਸੀ ਨਾ, ਐੱਨ ਉਸੇ ਤਰ੍ਹਾਂ। ਜੇ ਕੁੱਕੜੀ ਮੋਹਰੇ ਆ ਗਈ ਤਾਂ ਹੱਥ ਦੀ ਛਿਟੀ ਨੇ ਉਹਦੇ ਵਲ ਉੱਠਣਾ ਤੇ ਜੇ ਬਿੱਲੀ ਦਿਸ ਪਈ ਤਾਂ ਉਹਦੀ ਸ਼ਾਮਤ। ਚਿੜੀਆਂ ਤੇ ਸਾਰਕਾਂ ਦੁਹਾਈਆਂ ਪਾਉਂਦੀਆਂ ਉੱਡ ਜਾਂਦੀਆਂ ਹੁੰਦੀਆਂ ਸੀ ਮੈਂਨੂੰ ਦੇਖ ਕੇ। ਜਮਾਨੇ ਜਮਾਨੇ ਦੀਆਂ ਗੱਲਾਂ, ਸਾਡੇ ਆਪਣੇ ਵਿਹੜੇ ਵਿੱਚ ਉਨ੍ਹਾਂ ਦਿਨਾਂ ਵਿੱਚ ਸਾਡੀ ਤੜਾਗੀ ਵਿੱਚ ਹੀ ਕਈ ਕਈ ਫੀਤੀਆਂ ਲੱਗੀਆਂ ਵਾਲੇ ਅਫਸਰਾਂ ਜਿੰਨੀ ਟੌਹਰ ਹੁੰਦੀ ਸੀ। ਪਰ ਫੇਰ ਤੜਾਗੀ ਵਾਲੀ ਆਜ਼ਾਦੀ ਤਾਂ ਜਾਂਦੀ ਲੱਗੀ ਕਿਉਂਕਿ ਸੁੱਤੇ ਉੱਠਦੇ ਦੇ ਹੀ ਬੀਬੀ ਜਾਂ ਬੇਬੇ ਨੇ ਕੁਝ ਨਾ ਕੁਝ ਲੱਤਾਂ ਵਿੱਚ ਅੜਾ ਦੇਣਾ। ਜੇ ਗਰਮੀਆਂ ਹੋਣ ਤਾਂ ਨਿੱਕੀ ਜਿਹੀ ਕੱਛੀ ਤੇ ਜੇ ਸਰਦੀਆਂ ਹੋਣ ਤਾਂ ਲੰਡੀ ਜਿਹੀ ਪੰਜਾਮੀ ਜਿਹਦੇ ਥੱਲੇ ਪਿੱਛੇ ਐਮਰਜੈਂਸੀ ਵੇਲੇ ਲਈ ਮਘੋਰਾ ਰੱਖਿਆ ਹੁੰਦਾ ਸੀ।
ਖੈਰ, ਛਿਟੀ ਦੇ ਸਹਾਰੇ ਵਿਹੜੇ ਵਿੱਚ ਆਪਣੀ ਸਰਦਾਰੀ ਕਾਇਮ ਕਰਕੇ ਫੇਰ ਮੈਂ ਗਲ਼ੀ ਵਿੱਚ ਗੇੜਾ ਦੇਣ ਚਲੇ ਜਾਣਾ। ਸਾਡੇ ਘਰ ਦਾ ਬੂਹਾ ਚੜ੍ਹਦੇ ਵਲ ਨੂੰ ਖੁੱਲ੍ਹਦਾ ਸੀ। ਸੱਜੇ ਪਾਸੇ, ਨਾਲ ਲਗਦਾ ਘਰ ‘ਤਾਂਗੇ ਆਲਿਆਂ’ ਦਾ ਸੀ। ਉਹ ਦੋ ਭਰਾ ਸਿਗੇ ਤੇ ਸਿਗੇ ਵੀ ਸਾਡੇ ਸਕਿਆਂ ਵਿੱਚੋਂ ਪਰ ਸਾਡੇ ਟੱਬਰ ਨਾਲ ਬਹੁਤੀ ਬੋਲ ਚਾਲ ਨਹੀਂ ਸੀ। ਵੱਡੇ ਦਾ ਨਾਂਅ ਸੀ ਭਗਤਾ। ਉਹ ਖੇਤੀ ਕਰਦਾ ਸੀ ਤੇ ਵਿਆਹਿਆ ਹੋਇਆ ਸੀ। ਆਪਣੇ ਨਾਂ ਵਾਂਗ ਪੂਰਾ ਭਗਤ ਕਿਸਮ ਦਾ ਬੰਦਾ ਸੀ ਉਹੋ। ਨਾ ਕਿਸੇ ਨਾਲ ਵਾਧੂ ਨਾ ਘਾਟੂ, ਬੱਸ ਆਪਣੇ ਕੰਮ ਨਾਲ ਮਤਲਬ। ਉਹਦੇ ਬਾਰੇ ਪਿੰਡ ਵਿੱਚ ਅਕਸਰ ਚਰਚਾ ਚਲਦੀ ਪਈ ਉਹ ਬੰਦਾ ਸੱਚੀਂ ਭਗਤ ਕਿਸਮ ਦਾ ਹੋਣ ਕਰਕੇ ਉਹਦਾ ਨਾਂਅ ਭਗਤਾ ਸੀ ਜਾਂ ਉਹਦਾ ਨਾਂਅ ਭਗਤਾ ਹੋਣ ਕਰਕੇ ਉਹ ਭਗਤ ਬਣ ਗਿਆ ਸੀ। ਭਗਤਾ ਦਿਨੇ ਨੂੰ ਬਹੁਤਾ ਖੂਹ ’ਤੇ ਹੀ ਕੰਮ ਕਾਰ ਕਰਦਾ ਰਹਿੰਦਾ। ਬੱਸ ਰਾਤ ਪਈ ’ਤੇ ਘਰ ਆਉਂਦਾ ਤੇ ਸਵੇਰੇ ਤੜਕਿਉਂ ਖੂਹ ਨੂੰ ਚਲੇ ਜਾਂਦਾ। ਇਸ ਗੱਲੋਂ ਉਹ ਬਿਲਕੁਲ ਮੇਰੇ ਭਾਈਏ ਵਰਗਾ ਹੀ ਸੀ। ਇਸੇ ਕਰਕੇ ਮੈਂਨੂੰ ਅਜੇ ਤਕ ਵੀ ਭਗਤੇ ਦਾ ਚੇਤਾ ਨਹੀਂ ਭੁੱਲਿਆ ਭਾਵੇਂ ਮੈਂ ਉਹਨੂੰ ਦੇਖਿਆ ਬਹੁਤ ਘੱਟ ਸੀ।
ਤੇ ਭਗਤੇ ਤੋਂ ਛੋਟਾ ਤਾਰੂ ਤਾਂਗਾ ਵਾਹੁੰਦਾ ਸੀ। ਪਹਿਲਾਂ ਉਨ੍ਹਾਂ ਦਾ ਇੱਕ ਛੜਾ ਚਾਚਾ ਤਾਂਗਾ ਵਾਹੁੰਦਾ ਰਿਹਾ ਸੀ ਤੇ ਕਿਤੇ ਉਦੋਂ ਦੀ ਹੀ ਉਨ੍ਹਾਂ ਦੀ ਇਹ ਅੱਲ ਪੈ ਗਈ ਸੀ ‘ਤਾਂਗੇ ਆਲੇ’। ਤਾਰੂ ਕੱਦ ਦਾ ਕਾਫੀ ਮੱਧਰਾ ਸੀ। ਸਾਰੇ ਜਾਣਦੇ ਸੀ ਪਈ ਪਿੰਡ ਵਿੱਚ ਇੱਕ ਪਾਸੇ ਲੰਬੜਾਂ ਦਾ ਕੈਲੋ ਸਭ ਤੋਂ ਉੱਚਾ ਸੀ ਤੇ ਦੂਜੇ ਪਾਸੇ ਸੀ ਤਾਂਗੇ ਆਲਿਆਂ ਦਾ ਤਾਰੂ। ਪਤਲਾ ਜਿਹਾ ਤੇ ਨਿੱਕਾ ਜਿਹਾ ਤਾਰੂ ਵੈਲੀ ਬੰਦਾ ਸੀ ਪਰ ਆਪਣੇ ਚਾਚੇ ਵਾਂਗ ਛੜਾ ਹੀ ਰਹਿ ਗਿਆ ਸੀ। ਡੋਡੇ ਤੇ ਫੀਮ ਉਹਦੇ ਸ਼ੌਕ ਸਨ ਤੇ ਬਣ ਠਣ ਕੇ ਰਹਿਣਾ ਜਨੂੰਨ। ਆਪਣੀ ਮਾੜਕੂ ਜਿਹੀ ਘੋੜੀ ਦੀ ਦੇਖ ਰੇਖ ਧੀਆਂ ਪੁੱਤਾਂ ਵਾਂਗ ਕਰਦਾ।
ਮੇਰੇ ਨਾਲ ਚਾਚੇ ਤਾਰੂ ਦੀ ਬਣਦੀ ਵੀ ਬਹੁਤ ਸੀ। ਮੇਰੀ ਬੇਬੇ ਤੋਂ ਬਿਨਾਂ ਉਹੀ ਇੱਕ ਜੀਅ ਸੀ ਜਿਹੜਾ ਮੈਂਨੂੰ ਮੇਰੇ ਬੇਬੇ ਵਾਲੇ ਨਾਂ ਨਾਲ ਬੁਲਾਉਂਦਾ ਹੁੰਦਾ ਸੀ। ਮੈਂਨੂੰ ਦੂਰੋਂ ਦੇਖ ਕੇ ਉਹਨੇ ਵਾਜ ਮਾਰਨੀ, “ਉਏ ਆ ਬਈ ਬਹਾਦਰਾ, ਅੱਜ ਕਿੱਧਰ ਦੀਆਂ ਤਿਆਰੀਆਂ?” ਚਾਚੇ ਤਾਰੂ ਨੂੰ ਪਤਾ ਤਾਂ ਹੁੰਦਾ ਸੀ ਪਈ ਮੈਂ ਕਿਹੜਾ ਤਸੀਲੇ ਤਰੀਕ ’ਤੇ ਜਾਣਾ। ਵੱਧ ਤੋਂ ਵੱਧ ਬੋੜੀ ਖੂਹੀ ਸਾਡੀ ਮੰਜ਼ਲੇ-ਮਕਸੂਦ ਹੁੰਦੀ ਸੀ ਉਨ੍ਹਾਂ ਦਿਨਾਂ ’ਚ। ਪਰ ਜਦੋਂ ਉਹਨੇ ਮੈਂਨੂੰ ਇੱਦਾਂ ਪੁੱਛਣਾ ਤਾਂ ਮੈਂਨੂੰ ਇਹ ਗੱਲ ਚੰਗੀ ਬਹੁਤ ਲੱਗਣੀ। ਇਸੇ ਕਰਕੇ ਮੈਂਨੂੰ ਚਾਚਾ ਤਾਰੂ ਸਾਰਿਆਂ ਨਾਲੋਂ ਚੰਗਾ ਲਗਦਾ ਸੀ। ਕਦੇ ਕਦੇ ਉਹ ਮੈਂਨੂੰ ਤਾਂਗੇ ’ਤੇ ਝੂਟਾ ਵੀ ਦੇ ਦਿੰਦਾ ਹੁੰਦਾ ਸੀ।
ਪਰ ਮੇਰੀ ਚਾਚੇ ਤਾਰੂ ਦੇ ਕੁੱਤੇ ਨਾਲ ਗੜਬੜ ਰਹਿੰਦੀ ਸੀ। ਮਾੜੂ ਨਾਂ ਦਾ ਪਤਲਾ ਜਿਹਾ, ਮਰਿਆ ਜਿਹਾ ਕੁੱਤਾ ਸੀ ਉਨ੍ਹਾਂ ਦਾ। ਘੋੜੀ ਤੇ ਕੁੱਤਾ ਹੀ ਨਹੀਂ, ਉਨ੍ਹਾਂ ਦੇ ਬਾਕੀ ਪਸ਼ੂ ਤੇ ਉਹ ਆਪ ਵੀ ਸਾਰੇ ਪਤਲੇ ਜਿਹੇ ਹੀ ਸੀ। ਪਿੰਡ ਦੇ ਕਈ ਨਘੋਚੀ ਕਿਸਮ ਦੇ ਬੰਦੇ ਕਈ ਵਾਰੀ ਕਹਿੰਦੇ ਹੁੰਦੇ ਸੀ ਪਈ ਇਨ੍ਹਾਂ ਦੀ ਅੱਲ ਤਾਂ ‘ਪਤਲਿਆਂ ਦੇ’ ਜਾਂ ‘ਛੜਿਆਂ ਦੇ’ ਹੋਣੀ ਚਾਹੀਦੀ ਸੀ ‘ਤਾਂਗੇ ਆਲਿਆਂ’ ਦੀ ਨਹੀਂ। ਪਰ ਪਿੰਡ ਦੇ ਸਿਆਣੇ ਲੋਕ ਅੱਲ ਉਹ ਪਾਉਂਦੇ ਆ ਜਿਹੜੀ ਟੱਬਰ ਦੀ ਵਿਲੱਖਣਤਾ ਦੱਸੇ। ਹੁਣ ਦੋ ਦੋ ਖੱਤਿਆਂ ਵਾਲੇ ਕਈਆਂ ਟੱਬਰਾਂ ਵਿੱਚ ਪਤਲੇ ਬੰਦਿਆਂ ਦੀਆਂ ਤਾਂ ਕਤਾਰਾਂ ਲੱਗੀਆਂ ਹੁੰਦੀਆਂ ਤੇ ਇੱਦਾਂ ਦੇ ਪੰਜਾਂ ਸੱਤਾਂ ਘਰਾਂ ਵਿੱਚ ਛੜਿਆ ਦਾ ਹੋਣਾ ਤਾਂ ਇੱਦਾਂ ਹੀ ਕੁਦਰਤੀ ਹੁੰਦਾ ਜਿੱਦਾਂ ਛੱਪੜ ਵਿੱਚ ਡੱਡੂਆਂ ਦਾ ਹੋਣਾ। ਪਰ ਸਾਰੇ ਪਿੰਡ ਵਿੱਚ ਤਾਂਗੇ ਆਲਾ ਇਹ ਇੱਕੋ ਘਰ ਸੀ।
ਮੇਰੀ ਬੇਬੇ ਕਹਿੰਦੀ ਸੀ ਪਈ ਤਾਰੂ ਕਾ ਮਾੜੂ ਕੁੱਤਾ ਮੇਰਾ ਹਾਣੀ ਆਂ। ਜਦੋਂ ਮੈਂ ਜੰਮਿਆਂ ਸੀ ਉਦੋਂ ਕੁ ਹੀ ਕਿਤੇ ਉਹ ਕਤੂਰਾ ਤਾਰੂ ਕੇ ਦਰੀਂ ਆ ਗਿਆ ਸੀ। ਤਾਰੂ ਨੇ ਰੋਟੀ ਖਾਂਦੇ ਨੇ ਉਹਨੂੰ ਵੀ ਬੁਰਕੀ ਸੁੱਟ ਦੇਣੀ। ਬੱਸ ਇੱਦਾਂ ਹੀ ਕਿਤੇ ਤਾਰੂ ਦੀ ਤਾਂ ਮਾੜੂ ਦੀ ਸਾਂਝ ਪੈ ਗਈ। ਕੁੱਤਾ ਬਹੁਤ ਮਾੜਾ ਸੀ ਤੇ ਨਾਂ ਵੀ ਉਹਦਾ ਮਾੜੂ ਹੀ ਸੀ। ਜਿੰਨਾ ਇਸ ਕੁੱਤੇ ਦਾ ਨਾਂ ਉਹਦੇ ਫਿੱਟ ਸੀ ਇੰਨਾ ਨਾਂ ਕਿਸੇ ਦੇ ਮੇਚ ਆਉਂਦਾ ਮੈਂ ਮੁੜਕੇ ਨਹੀਂ ਦੇਖਿਆ ਕਦੀ। ਉਹਦੇ ਅਕਸਰ ਖਸ ਪਈ ਰਹਿੰਦੀ। ਵਿਚਾਰਾ ਸਵੇਰ ਨੂੰ ਚੜ੍ਹਦੇ ਸੂਰਜ ਦਾ ਨਿੱਘ ਮਾਨਣ ਲਈ ਸਾਡੇ ਬੂਹੇ ਦੇ ਬਾਹਰ ਕੰਧ ਨਾਲ ਲੱਗ ਕੇ ਬੈਠਾ ਹੁੰਦਾ। ਮੈਂ ਨਿਕਲਦਿਆਂ ਹੀ ਦੋ ਤਿੰਨ ਛਿਟੀਆਂ ਜੜਨੀਆਂ ਉਹਦੇ। ਉਹਨੇ ਚਊਂ ਚਊਂ ਕਰਦੇ ਨੇ ਦੌੜਨਾ। ਬੜਾ ਆਨੰਦ ਆਉਣਾ।
ਇਹ ਕੰਮ ਉਦਾਂ ਮੈਂਨੂੰ ਆਲਾ ਦੁਆਲਾ ਦੇਖ ਕੇ ਕਰਨਾ ਪੈਂਦਾ ਸੀ। ਇੱਕ ਦਿਨ ਜਦੋਂ ਮੈਂ ਅੰਦਰੋਂ ਨਿਕਲ ਕੇ ਕੁੱਤੇ ਦੇ ਅਜੇ ਪਹਿਲੀ ਹੀ ਛਿਟੀ ਮਾਰੀ ਸੀ ਤੇ ਉਹਨੇ ਵਿਚਾਰੇ ਨੇ ਆਪਣੀ ਪਤਲੀ ਤੇ ਮਰੀ ਜਿਹੀ ਆਵਾਜ਼ ਵਿੱਚ ਚਊਂ ਚਊਂ ਸ਼ੁਰੂ ਹੀ ਕੀਤੀ ਸੀ ਤਾਂ ਉਸੇ ਵੇਲੇ ਕਿਤੇ ਬਾਹਰੋਂ ਕੂੜਾ ਸਿੱਟ ਕੇ ਮੁੜੀ ਆਉਂਦੀ ਬੀਬੀ ਨੇ ਦੇਖ ਲਿਆ ਇਹ ਤਮਾਸ਼ਾ। ਉਹਨੇ ਖੱਬੇ ਹੱਥ ਵਿੱਚ ਕੂੜੇ ਵਾਲਾ ਖਾਲੀ ਟੋਕਰਾ ਲਟਕਾਇਆ ਹੋਇਆ ਸੀ ਤੇ ਸੱਜੇ ਹੱਥ ਨਾਲ ਚੁੰਨੀ ਦਾ ਲੜ ਮੂੰਹ ਅੱਗੇ ਕੀਤਾ ਹੋਇਆ ਸੀ, ਜਾਣੀ ਘੁੰਡ ਕੱਢਿਆ ਹੋਇਆ ਸੀ। ਸਾਡੀ ਬੀਬੀ ਵਿਚਾਰੀ ਨੂੰ ਸਵੇਰੇ ਘੁੰਡ ਜ਼ਰੂਰ ਕੱਢਣਾ ਪੈਂਦਾ ਸੀ। ਸਾਡਾ ਘਰ ਪਿੰਡ ਦੇ ਬਾਹਰਵਰ ਹੋਣ ਕਰਕੇ ਬਾਬੇ ਦਾਸੂ ਦੇ ਗੁਰਦਵਾਰੇ ਨੂੰ ਜਾਣ ਵਾਲੇ ਕਈ ਬੁੜ੍ਹੇ ਏਧਰੋਂ ਹੀ ਲੰਘਦੇ ਹੁੰਦੇ ਸੀ। ਜਦੋਂ ਕਿਤੇ ਪਿੰਡ ਵਿੱਚ ਘੁੰਡ ਕੱਢਣ ਦਾ ਰਿਵਾਜ ਪਿਆ ਹੋਊ, ਉਦੋਂ ਤੋਂ ਹੀ ਪਿੰਡ ਦੇ ਬੁੜ੍ਹਿਆਂ ਲਈ ਇਹ ਜ਼ਰੂਰੀ ਹੁੰਦਾ ਸੀ ਪਈ ਘੁੰਡ ਕੱਢਣ ਵਾਲੀ ਦਾ ਮੂੰਹ ਹਰ ਹੀਲੇ ਦੇਖਣ ਦੀ ਕੋਸ਼ਿਸ਼ ਕਰਨੀ। ਇਸ ਕੰਮ ਵਿੱਚ ਕਾਮਯਾਬੀ ਦਾ ਅਰਥ ਹੁੰਦਾ ਸੀ ਦੁਪਹਿਰੋਂ ਬਾਅਦ ਪਿੰਡ ਦੇ ਦਰਵਾਜੇ ਬੈਠ ਕੇ ਦੂਜਿਆਂ ’ਤੇ ਆਪਣਾ ਰੋਅਬ ਪਾਉਣਾ।
ਮੇਰੀ ਮਾੜੀ ਕਿਸਮਤ ਨੂੰ ਤੇ ਮਾੜੂ ਦੀ ਚੰਗੀ ਕਿਸਮਤ ਨੂੰ ਉਸ ਵੇਲੇ ਗਲ਼ੀ ਵਿੱਚ ਕੋਈ ਬੁੜ੍ਹਾ ਹੈ ਨਹੀਂ ਸੀ। ਬੀਬੀ ਨੇ ਘੁੰਡ ਛੱਡ ਕੇ ਸੱਜੇ ਹੱਥ ਨਾਲ ਮੇਰੀ ਛਿਟੀ ਖੋਹ ਕੇ ਚੰਗੀ ਖਿੱਚ ਕੇ ਮੇਰੇ ਗਿੱਟਿਆਂ ਵਿੱਚ ਲਾਈ, “ਮਰ ਜਾਣਿਆ ਘੀਚਰਾ ਜਿਹਾ, ਇਸ ਪਤੰਦਰ ਨੂੰ ਕਿਉਂ ਤੰਗ ਕਰਦਾ ਰਹਿੰਨਾ ਸਵੇਰੇ ਸਵੇਰੇ?” ਬੀਬੀ ਨੇ ਅਜੇ ਇੱਕੋ ਛਿਟੀ ਮਾਰੀ ਸੀ, ਆਪਾਂ ਗਲ਼ੀ ਦੇ ਗੱਭੇ ਬਣੀ ਗੰਦੀ ਨਾਲੀ ਉੱਪਰ ਦੀ ਛੜੱਪਾ ਮਾਰ ਕੇ ਗਲ਼ੀ ਦੇ ਮੋੜ ’ਤੇ ਬੋੜੀ ਖੂਹੀ ’ਤੇ ਜਾ ਖੜ੍ਹੇ ਹੋਏ। ਬੀਬੀ ਗਾਲ਼ਾਂ ਦਿੰਦੀ ਘਰ ਅੰਦਰ ਜਾ ਵੜੀ।
ਖੈਰ, ਮਾੜੂ ਨਾਲ ਮਿਲਣੀ ਤੋਂ ਬਾਅਦ ਸਵੇਰ ਵੇਲੇ ਕਿਸੇ ਨਾ ਕਿਸੇ ਤਰ੍ਹਾਂ ਪਹੁੰਚਣਾ ਬੋੜੀ ਖੂਹੀ ’ਤੇ ਹੀ ਹੁੰਦਾ ਸੀ। ਉਦੋਂ ਤਕ ਕੋਈ ਨਾ ਕੋਈ ਆਪਣਾ ਯਾਰ ਬੇਲੀ ਪਹਿਲਾਂ ਹੀ ਪਹੁੰਚਿਆ ਹੁੰਦਾ ਸੀ ਉੱਥੇ। ਨਲਕਿਆਂ ਵਾਲੇ ਇੱਕ ਦੋ ਘਰਾਂ ਤੋਂ ਬਿਨਾਂ ਬਾਕੀ ਸਾਰੇ ਪਾਣੀ ਬੋੜੀ ਖੂਹੀ ਤੋਂ ਹੀ ਭਰਦੇ ਸੀ। ਬੋੜੀ ਖੂਹੀ ਦਾ ਪਾਣੀ ਕਦੇ ਕਦੇ ਗਰਮੀਆਂ ਨੂੰ ਥੱਲੇ ਚਲੇ ਜਾਂਦਾ ਸੀ, ਨਹੀਂ ਤਾਂ ਕਾਫੀ ਉੱਤੇ ਹੀ ਹੁੰਦਾ। ਬਰਸਾਤਾਂ ਦੁਆਲ਼ੇ ਤਾਂ ਅਸੀਂ ਅੱਕਾਂ ਦੇ ਲੰਮੇ ਡੰਡੇ ਲੈ ਕੇ ਖੂਹੀ ਵਿੱਚ ਡਿਗੇ ਚੂਹਿਆਂ ਨਾਲ ਛੇੜਖਾਨੀ ਵੀ ਕਰ ਲੈਂਦੇ ਹੁੰਦੇ ਸੀ। ਕਹੀ ਵਾਰੀ ਜੇ ਕੋਈ ਅਜੇ ਜਿਊਂਦਾ ਚੂਹਾ ਹੋਣਾ ਤਾਂ ਸਾਡੇ ਲਈ ਤਾਂ ਇਹ ਖਬਰ ਨੇੜਲੇ ਸ਼ਹਿਰ ਆਈ ਸਰਕਸ ਜਿੰਨੀ ਹੀ ਵਧੀਆ ਹੁੰਦੀ ਸੀ। ਖੂਹੀ ’ਤੇ ਉੰਨਾ ਚਿਰ ਨਿਆਣਿਆਂ ਦੀਆਂ ਰੌਣਕਾਂ ਰਹਿਣੀਆਂ ਜਿੰਨਾ ਚਿਰ ਕਿਸੇ ਸਿਆਣੇ ਨੇ ਆ ਕੇ ਉੱਚੀ ਉੱਚੀ ਗਾਲ਼ਾਂ ਕੱਢ ਕੇ ਸਾਰਿਆਂ ਨੂੰ ਦੁੜਾਉਣਾ ਨਾ। ਬੋੜੀ ਖੂਹੀ ’ਤੇ ਉਸ ਵੇਲੇ ਸਵੇਰੇ ਸਵੇਰੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਾਥੋਂ ਵੱਡੀ ਉਮਰ ਦੇ ਮੁੰਡੇ ਕੁੜੀਆਂ ਹੀ ਹੁੰਦੇ ਸੀ ਪਾਣੀ ਭਰਨ ਵਾਲੇ। ਉਨ੍ਹਾਂ ਨੂੰ ਕੱਚੀ ਨੀਂਦੋਂ ਉਠਾ ਕੇ ਘਰਦਿਆਂ ਨੇ ਗਾਲ਼ਾਂ ਕੱਢ ਕੱਢ ਕੇ ਭੇਜਿਆ ਹੁੰਦਾ ਸੀ। ਖੂਹੀ ’ਤੇ ਆ ਕੇ ਉਹ ਆਪਣੀ ਖਿਝ ਇੱਕ ਦੂਜੇ ਉੱਪਰ ਲਾਹੁੰਦੇ। ਉਨ੍ਹਾਂ ਦੀਆਂ ਲੜਾਈਆਂ ਸਾਡੇ ਸਵੇਰੇ ਕਨੇਡਾ ਵਿਚਲੇ ਨਿਆਣਿਆਂ ਦੇ ਕਾਰਟੂਨਾਂ ਨਾਲੋਂ ਵੀ ਜਿਆਦਾ ਅਨੰਦ ਵਾਲੀਆਂ ਹੁੰਦੀਆਂ ਸੀ।
ਬੋੜੀ ਖੂਹੀ ਤੋਂ ਬਾਅਦ ਮੈਂ ਤੇ ਮੇਰੇ ਖਾਸ ਆੜੀ, ਲੰਗਿਆਂ ਦੇ ਭਜੀ ਨੇ ਗਲ਼ੀਆਂ ਵਿੱਚ ਗੇੜੇ ਕੱਢਣੇ ਤੇ ਹੌਲੀ ਹੌਲੀ ਸਕੂਲ ਖੁੱਲ੍ਹਣ ਤਕ ਅਸੀਂ ਵੀ ਸਕੂਲ ਲਾਗੇ ਪਹੁੰਚ ਜਾਣਾ। ਸਕੂਲ ਪਿੰਡ ਦੇ ਨਾਲ ਹੀ ਸੀ ਵੱਡੇ ਥੜ੍ਹੇ ਦੇ ਦੂਜੇ ਪਾਸੇ ਪਰ ਸਾਨੂੰ ਨਿਆਣਿਆਂ ਨੂੰ ਪਿੰਡ ਤੋਂ ਕਾਫੀ ਦੂਰ ਲਗਦਾ ਹੁੰਦਾ ਸੀ। ਸਕੂਲ ਅੰਦਰ ਜਾਣ ਤੋਂ ਪਹਿਲਾਂ ਥੜ੍ਹੇ ਦੇ ਓਹਲੇ ਮੁੰਡਿਆਂ ਨੇ ਆਪਣੇ ਬਸਤੇ ਰੱਖ ਕੇ ਬੰਟਿਆਂ ਨਾਲ ਖੇਡਣਾ। ਅਸੀਂ ਆਪਣੀਆਂ ਤੜਾਗੀਆਂ ਵਿੱਚ ਗੂਠੇ ਅੜਾ ਕੇ ਉਨ੍ਹਾਂ ਦੀ ਹਰ ਹਰਕਤ, ਹਰ ਅਦਾ ਨੂੰ, ਬਹੁਤ ਹੀ ਧਿਆਨ ਨਾਲ ਦੇਖਣਾ ਜਿੱਦਾਂ ਗੌਲਫ ਦੇ ਸ਼ੁਕੀਨ ਟਾਈਗਰ ਵੁੱਡ ਨੂੰ ਦੇਖਦੇ ਹੋਣ। ਘੰਟੀ ਵੱਜਣ ’ਤੇ ਸਾਰੇ ਨਿਆਣਿਆਂ ਨੇ ਆਪੋ ਆਪਣੇ ਬਸਤੇ ਚੁੱਕ ਕੇ ਸਕੂਲ ਵੱਲ ਨੂੰ ਦੌੜ ਜਾਣਾ ਤੇ ਅਸੀਂ ਵਿਹਲੇ ਜਿਹੇ ਹੋ ਜਾਣਾ। ਜੇ ਕਿਤੇ ਇੱਕ ਅੱਧ ਬੰਟਾ ਸਾਡੇ ਵੀ ਹੱਥ ਆ ਜਾਂਦਾ ਤਾਂ ਅਸੀਂ ਥੋੜ੍ਹੀ ਦੇਰ ਉਹਦੇ ਨਾਲ ਵੱਡਿਆਂ ਦੀ ਰੀਸੇ ਆਪਣੇ ਬੰਟੇ ਖੇਡਣ ਦੇ ਹੁਨਰ ਨੂੰ ਤਿੱਖਾ ਕਰਦੇ। ਕਦੇ ਕਦੇ ਜੇ ਕਿਤੇ ਸਕੂਲ ਤੋਂ ਪਹਿਲਾਂ ਸਕੂਲ ਦਾ ਵੱਡਾ ਮਾਸਟਰ ਨਿਆਣਿਆਂ ਨੂੰ ਗਲ਼ੀ ਵਿੱਚ ਤੁਰਿਆ ਆਉਂਦਾ ਦਿਸ ਪੈਂਦਾ ਤਾਂ ਉਹ ਡਰਦੇ ਆਪਣੇ ਬਸਤੇ ਚੁੱਕ ਕੇ ਦੌੜਨ ਦੀ ਕਰਦੇ ਤੇ ਉਨ੍ਹਾਂ ਦੇ ਦੋ ਚਾਰ ਬੰਟੇ ਖੁੱਤੀ ਵਿੱਚ ਤੇ ਆਲੇ ਦੁਆਲੇ ਪਏ ਰਹਿ ਜਾਂਦੇ। ਇਸ ਮੁਫਤ ਵਿੱਚ ਮਿਲੀ ਲੁੱਟ ਲਈ ਸਾਡੀ ਛੋਟਿਆਂ ਦੀ ਬਹੁਤੀ ਵਾਰੀ ਜੁੱਤੀ ਖੜ੍ਹਕਦੀ। ਅਸੀਂ ਉਨ੍ਹਾਂ ਚਿਰ ਗੁੱਥ-ਮ-ਗੁੱਥਾ ਹੁੰਦੇ ਰਹਿੰਦੇ ਜਿਨ੍ਹਾਂ ਚਿਰ ਕੋਈ ਸਿਆਣਾ ਆ ਕੇ ਦਬਕਾ ਨਾ ਮਾਰਦਾ।
ਇਨ੍ਹਾਂ ਗਤੀਆਂ ਵਿਧੀਆਂ ਤੋਂ ਵਿਹਲੇ ਹੋ ਕੇ ਸਵੇਰ ਦੇ ਗਿਆਂ ਭੁੱਖ ਲੱਗੀ ’ਤੇ ਘਰ ਮੁੜਨਾ। ਪਰ ਜਿੱਦਾਂ ਕਹਿੰਦੇ ਹੁੰਦੇ ਆ ਕਿ ਭਲੇ ਦਿਨ ਸਦਾ ਨਹੀਂ ਰਹਿੰਦੇ। ਇੱਕ ਦਿਨ ਸਾਡੇ ਵੀ ਇਨ੍ਹਾਂ ਖੂਬਸੂਰਤ ਦਿਨਾਂ ਦਾ ਅੰਤ ਹੋ ਗਿਆ ਤੇ ਅੰਤ ਕਰਨ ਵਾਲਾ ਸੀ ਮੇਰਾ ‘ਕਾਲੀ ਤਾਇਆ।’
ਸਾਡਾ ਇਹ ਤਾਇਆ ਆਪ ਤਾਂ ਛੜਾ ਛਾਂਟ ਹੀ ਸੀ ਪਰ ਉਹਨੂੰ ਨਿਆਣਿਆਂ ਦਾ ਬੜਾ ਫਿਕਰ ਰਹਿੰਦਾ। ਉਹ ਬੰਦਾ ਬੜਾ ਰੰਗੀਲਾ ਸੀ। ਜਵਾਨੀ ਦੇ ਦਿਨਾਂ ਵਿੱਚ ਥੋੜ੍ਹਾ ਬਹੁਤਾ ਘੁਲਦਾ ਵੀ ਰਿਹਾ ਸੀ ਤੇ ਮੇਲਿਆਂ, ਛਿੰਝਾਂ ’ਤੇ ਜਾਣ ਦਾ ਤੇ ਖਾਣ ਪੀਣ ਦਾ ਪੂਰਾ ਸ਼ੌਕੀਨ। ਘਰ ਦੀ ਜ਼ਮੀਨ ਥੋੜ੍ਹੀ ਤੇ ਉੱਤੋਂ ਚਾਰ ਭਰਾ, ਤੇ ਤਾਇਆ ਵਿਆਹ ਦੀ ਦੌੜ ਵਿੱਚ ਫਾਡੀ ਰਹਿ ਗਿਆ। ਪਿੰਡ ਦੇ ਇੱਕ ਕਦੇ ਕਦਾਈਂ ਦਿਸਣ ਵਾਲੇ ਅਕਾਲੀ ਲੀਡਰ ਦੇ ਅਸਰ ਥੱਲੇ ਤਾਇਆ ‘ਕਾਲੀ’ ਬਣ ਗਿਆ। ਉਹਨੇ ਨੀਲੀ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਤੇ ਅੰਮ੍ਰਿਤ ਛਕ ਲਿਆ। ਪਹਿਲਾਂ ਸਾਰੀ ਉਮਰ ਉਹ ਛਿੱਬੀ ਰਿਹਾ ਸੀ ਤੇ ਫੇਰ ਅੰਮ੍ਰਿਤ ਛੱਕ ਕੇ ਬਣ ਗਿਆ ਸਰਦਾਰ ਸ਼ਿਵ ਸਿੰਘ। ਉੱਦਾਂ ਸਿੰਘ ਸਜਣ ਤੋਂ ਪਹਿਲਾਂ ਵੀ ਉਹ ਪਾਕਿਸਤਾਨ ਬਣਨ ਵੇਲੇ ਆਲ਼ੇ ਦੁਆਲ਼ੇ ਦੇ ਸਿੰਘਾਂ ਨਾਲ ਰਲ ਕੇ ਦੁਸ਼ਮਣਾਂ ਨੂੰ ਸੋਧਣ ਵਿੱਚ ਹਿੱਸਾ ਲੈਂਦਾ ਰਿਹਾ ਸੀ। ਫੇਰ ਉਹ ਪੰਥ ਦਾ ਜ਼ਿਆਦਾ ਫਿਕਰ ਕਰਨ ਲੱਗ ਪਿਆ। ਉਹਦਾ ਵਿਚਾਰ ਸੀ ਪਈ ਨਿਆਣਿਆਂ ਨੂੰ ਪੜ੍ਹਾਉਣਾ ਲਿਖਾਉਣਾ ਚਾਹੀਦਾ ਤਾਂ ਕਿ ਸਿਆਣੇ ਹੋ ਕੇ ਪੰਥ ਦੀ ਰਖਵਾਲੀ ਕਰਨ।
ਜਿੱਦਾਂ ਮੇਰੀ ਚਾਚੇ ਕੇ ਮਾੜੂ ਨਾਲ ਦਾਲ਼ ਨਹੀਂ ਸੀ ਗਲ਼ਦੀ, ਇੱਦਾਂ ਹੀ ਸਾਡੇ ਤਾਏ ਦੀ ਤੇ ਚਾਚੇ ਤਾਰੂ ਦੀ ਆਪਸ ਵਿੱਚ ਬਹੁਤੀ ਨਹੀਂ ਸੀ ਬਣਦੀ। ਇੱਕ ਵਾਰੀ ਮੇਰੇ ਤਾਏ ਨੇ ਬੇਬੇ ਨੂੰ ਕਿਹਾ ਪਈ ਆਹ ਨਿੱਕੇ ਦੇ ਹੁਣ ਵਾਲ ਨਹੀਂ ਮੁਨਾਉਣੇ। ਇਹਨੂੰ ਸਿੰਘ ਬਣਾਉਣਾ ਆਂ। ਚਾਚਾ ਤਾਰੂ ਆਪ ਤਾਂ ਦੂਏ ਤੀਏ ਦਾਸ ਨਾਈ ਕੋਲੋਂ ਕਦੇ ਵਾਲ ਤੇ ਕਦੇ ਦਾਹੜੀ ਮੁਨਾਉਣ ਤੁਰਿਆ ਹੀ ਰਹਿੰਦਾ ਸੀ। ਕਦੇ ਕਦੇ ਮੈਂਨੂੰ ਵੀ ਨਾਲ ਲੈ ਜਾਂਦਾ ਹੁੰਦਾ ਸੀ ਮੇਰੀ ਹਜਾਮਤ ਕਰਾਉਣ। ਇੱਕ ਦਿਨ ਜਦ ਉਹਨੇ ਮੈਂਨੂੰ ਨਾਲ ਲਿਜਾਣ ਲਈ ’ਵਾਜ ਮਾਰੀ ਤਾਂ ਮੇਰੀ ਬੇਬੇ ਨੇ ਕਿਹਾ, “ਵੇਅ ਤਾਰੂ ਭਾਈ, ਇਹਨੂੰ ਨਾ ਲੈ ਕੇ ਜਾਈਂ। ਇਹਦਾ ਤਾਇਆ ਕਹਿੰਦਾ ਪਈ ਹੁਣ ਮੁੰਡੇ ਦੀ ਹਜਾਮਤ ਨਹੀਂ ਕਰਾਉਣੀ। ਇਹਨੂੰ ਸਿੰਘ ਬਣਾਉਣਾ ਆਂ।”
ਸੁਣ ਕੇ ਤਾਰੂ ਚਾਚਾ ਕਹਿੰਦਾ, “ਤਾਈ, ਤੇਰੇ ਕਾਲੀ ਪੁੱਤ ਦਾ ਤਾਂ ਸਿਰ ਹਿੱਲ ਗਿਆ ਲਗਦਾ। ਅਜੇ ਇਹ ਰੀਣ ਭਰ ਤਾਂ ਹੈਗਾ। ਇਹਨੂੰ ਕੀ ਪਤਾ ਸਿੱਖੀ ਕੀ ਹੁੰਦੀ ਆ ਤੇ ਕੇਸ ਕੀ ਹੁੰਦੇ ਆ। ਤਾਈ, ਨਾ ਤੇਰੇ ਕੋਲ, ਨਾ ਭਾਬੀ ਕੋਲ ਇਹਦਾ ਮੂੰਹ ਧੋਣ ਲਈ ਕਦੇ ਟੈਮ ਤਾਂ ਹੁੰਦਾ ਨਹੀਂ। ਇਹਨੂੰ ਨਲ੍ਹਾਉਣ ਲਈ ਤੇ ਗੁੱਟੀਆਂ ਕਰਨ ਲਈ ਤੁਹਾਨੂੰ ਕਿੱਥੇ ਵਿਹਲ ਮਿਲਣ ਲੱਗੀ ਆ। ਮਹੀਨੇ ਵਿੱਚ ਇਹਦਾ ਸਿਰ ਜੂੰਆਂ ਨਾਲ ਭਰ ਜਾਣਾ। ਕੋਈ ਅਕਲ ਦੀ ਗੱਲ ਕਰੋ।”
ਬੇਬੇ ਹੌਲ਼ੀ ਜਿਹੀ ਕਹਿਣ ਲੱਗੀ, “ਪੁੱਤ ਤੇਰੀ ਗੱਲ ਤਾਂ ਹੈਗੀ ਆ ਠੀਕ, ਪਰ ਹੁਣ ਘਰ ਦੇ ਬੰਦੇ ਕਹਿਣ ਤਾਂ ਫੇਰ ਕਰਨਾ ਤਾਂ ਪਊਗਾ ਈ।”
“ਉਹ ਤੂੰ ਰਹਿਣ ਦੇ ਤਾਈ। ਮੈਂ ਕਰ ਲਊਂਗਾ ਵੱਡੇ ਭਾਈ ਕਾਲੀ ਨਾਲ ਆਪੇ ਗੱਲ। ਨਾਲੇ ਜੇ ਇਹਨੇ ਕੇਸ ਰੱਖਣੇ ਹੋਏ, ਆਪੇ ਬੜਾ ਹੋ ਕੇ ਰੱਖ ਲਊਗਾ।” ਫੇਰ ਚਾਚਾ ਮੈਂਨੂੰ ਕਹਿਣ ਲੱਗਾ, “ਚੱਲ ਬਈ ਸ਼ੇਰ ਬਹਾਦਰ ਉੱਠ।”
ਮੇਰਾ ਸਿਰ ਮਨਾਉਣ ਨੂੰ ਤਾਂ ਕਦੇ ਵੀ ਜੀਅ ਨਹੀਂ ਸੀ ਕਰਦਾ ਹੁੰਦਾ। ਹਜਾਮਤ ਕਰਾਉਂਦਾ ਬਹੁਤਾ ਟੈਮ ਤਾਂ ਮੈਂ ਦਾਸ ਬਾਬੇ ਮੂਹਰੇ ਬੈਠਾ ਰੋਂਦਾ ਹੀ ਰਹਿੰਦਾ ਸੀ। ਪਰ ਚਾਚਾ ਤਾਰੂ ਮੈਂਨੂੰ ਮਗਰੋਂ ਆਣੀ ਪ੍ਰੀਤਮ ਦੀ ਹੱਟੀ ਤੋਂ ਮਿੱਠੀਆਂ ਗੋਲ਼ੀਆਂ ਲੈ ਦਿੰਦਾ ਹੁੰਦਾ ਸੀ। ਗੋਲ਼ੀਆਂ ਦੇ ਲਾਲਚ ਨੂੰ ਮੈਂ ਪੈਰ ਜਿਹੇ ਮਲਦਾ ਉਹਦੇ ਮਗਰ ਤੁਰ ਪਿਆ।
ਥੋੜ੍ਹੇ ਜਿਹੇ ਦਿਨਾਂ ਬਾਅਦ ਤਕਾਲਾਂ ਜਿਹੀਆਂ ਵੇਲੇ ਤਾਏ ਨੂੰ ਗੁਰਦਵਾਰੇ ਲਾਗੇ ਚਾਚਾ ਤਾਰੂ ਵੀਹੀ ਵਿੱਚ ਤੁਰਿਆ ਜਾਂਦਾ ਦਿਸ ਪਿਆ। ਉਹ ਦੋਵੇਂ ਉੱਥੇ ਵੀਹੀ ਵਿੱਚ ਹੀ ਇੱਕ ਦੂਜੇ ਨਾਲ ਖਹਿਬੜ ਪਏ। ਤਾਏ ਬਰਾਬਰ ਚਾਚਾ ਤਾਰੂ ਲਗਦਾ ਤਾਂ ਛੋਕਰਾ ਜਿਹਾ ਹੀ ਸੀ ਪਰ ਉਹ ਡਰਿਆ ਨਹੀਂ ਉਹਦੇ ਕੋਲੋਂ। ਅਸੀਂ ਨਿਆਣਿਆਂ ਨੇ, ਗੁਰਦਵਾਰੇ ਦੀ ਨਿੱਕੀ ਕੰਧ ’ਤੇ ਬੈਠ ਕੇ, ਉਨ੍ਹਾਂ ਦੀ ਲੜਾਈ ਦਾ ਬੜਾ ਅਨੰਦ ਲਿਆ। ਪਰ ਉਹ ਗੱਲਾਂ ਜਿਹੀਆਂ ਕਰ ਕੇ ਹੀ ਹਟ ਗਏ। ਅਸੀਂ ਤਾਂ ਆਸ ਲਾਈ ਬੈਠੇ ਸੀ ਪਹੀ ਇੱਕ ਦੂਜੇ ਨਾਲ ਹੱਥੋਪਾਈ ਹੋਣਗੇ। ਹੁਣ ਲੜਾਈ ਦੇਖਣ ਦਾ ਤਾਂ ਆਪਣਾ ਹੀ ਮਜ਼ਾ ਹੁੰਦਾ ਹੈ ਖਾਸ ਕਰ ਵੀਹੀ ਵਿੱਚ। ਉੱਥੇ ਥਾਂ ਥੋੜ੍ਹੀ ਹੁੰਦੀ ਹੈ ਤੇ ਆਲ਼ੇ ਦੁਆਲ਼ੇ ਕੰਧਾਂ। ਬੰਦਾ ਕਿਸੇ ਪਾਸੇ ਭੱਜ ਨਹੀਂ ਸਕਦਾ। ਉਨ੍ਹਾਂ ਦੇ ਜਾਣ ਬਾਅਦ ਮੇਰੀ ਤੇ ਲੰਬੜਾਂ ਦੇ ਕੀਰਤੂ ਦੀ ਚੰਗੀ ਖੜਕੀ। ਉਹ ਮੈਂਨੂੰ ਕਹਿੰਦਾ “ਤੂੰ ਇੱਥੇ ਬੈਠਾ ਦੰਦੀਆਂ ਕੱਢੀ ਜਾਨਾਂ, ਤੇਰੇ ਈ ਕਰਕੇ ਤਾਂ ਉਹ ਲੜਦੇ ਸੀਗੇ।” ਜਦੋਂ ਉਹਨੇ ਮੈਂਨੂੰ ਇੰਨੀ ਗੱਲ ਕਹੀ, ਮੈਂ ਪੈ ਗਿਆ ਉਹਨੂੰ। ਮੈਂ ਅੱਗੇ ਵੀ ਕਈ ਵਾਰੀ ਘੁਲਿਆ ਸੀ ਉਹਦੇ ਨਾਲ ਤੇ ਮੈਂਨੂੰ ਪਤਾ ਸੀ ਪਈ ਉਹ ਮੇਰੇ ਨਾਲੋਂ ਮਾੜਾ ਸੀ। ਮੈਂ ਕੰਧ ਤੋਂ ਛਾਲ ਮਾਰ ਕੇ ਢਾਹ ਲਿਆ ਉਹਨੂੰ। ਗਲ਼ੀ ਵਿੱਚ ਤੁਰੀ ਜਾਂਦੀ ਇੱਕ ਬੁੜ੍ਹੀ ਨੇ ਮਸੀਂ ਕੀਰਤੂ ਨੂੰ ਮੇਰੇ ਥੱਲਿਓਂ ਕੱਢਿਆ।
ਇਹ ਤਾਇਆ ਮੇਰਾ ਵੀ ਦਿਨੇ ਬਹੁਤਾ ਸਮਾਂ ਖੂਹ ’ਤੇ ਹੀ ਰਹਿੰਦਾ ਸੀ ਤੇ ਤਰਕਾਲਾਂ ਵੇਲੇ ਹੀ ਪਿੰਡ ਗੇੜ੍ਹਾ ਮਾਰਦਾ ਸੀ। ਇੱਕ ਦਿਨ ਸਵੇਰੇ ਹੀ ਉਹਨੂੰ ਕਿਸੇ ਕੰਮ ਘਰ ਨੂੰ ਆਉਣਾ ਪਿਆ।
ਉਸ ਦਿਨ ਬੀਬੀ ਸਾਡੀ ਕਿਸੇ ਮੁਕਾਣੇ ਗਈਓ ਸੀ ਤੇ ਬੇਬੇ ਇਕੱਲੀ ਸੀ ਘਰ। ਮੈਥੋਂ ਛੋਟੀ ਮੇਰੀ ਭੈਣ ਬੇਬੇ ਲਾਗੇ ਬੈਠੀ ਖੇਲਦੀ ਸੀ। ਮੇਰਾ ਛੋਟਾ ਭਰਾ ਜਿਹੜਾ ਉਦੋਂ ਅਜੇ ਸੱਤਾਂ ਅੱਠਾਂ ਕੁ ਮਹੀਨਿਆਂ ਦਾ ਹੀ ਸੀ ਬੇਬੇ ਨੇ ਆਪਣੇ ਲਾਗੇ ਮੰਜੀ ’ਤੇ ਲਿਟਾਇਆ ਹੋਇਆ ਸੀ। ਅਚਾਨਕ ਘਰ ਆਏ ਤਾਏ ਨੇ ਆਲੇ ਦੁਆਲੇ ਦੇਖਿਆ ਤੇ ਬੇਬੇ ਨੂੰ ਪੁੱਛਿਆ ਪਈ ਨਿਆਣੇ ਕਿੱਧਰ ਆ। ਉਹਦਾ ਸਿੱਧਾ ਇਸ਼ਾਰਾ ਮੇਰੇ ਵੱਲ ਸੀ। ਬੇਬੇ ਵੀ ਕਿਸੇ ਗੱਲੋਂ ਅੱਕੀ ਬੈਠੀ ਸੀ ਵਿਹੜੇ ਵਿੱਚ ਡੇਕ ਥੱਲੇ। ਬੇਬੇ ਨੇ ਆਪਣੇ ਆਲਾ ਪੂਰਾ ਰਿਕਾਰਡ ਲਾ ਦਿੱਤਾ ਪਈ “ਵੱਡਾ ਤਾਂ ਸਾਰਾ ਸਾਰਾ ਦਿਨ ਘਰ ਈ ਨਹੀਂ ਵੜਦਾ। ਨਾ ਮੂੰਹ ਧੋਂਦਾ ਨਾ ਕੋਈ ਕੱਪੜਾ ਲੀੜਾ ਪਾਉਂਦਾ ਆ। ਆਹ ਗਧੀਲਿਆਂ ਦੇ ਨਿਆਣਿਆਂ ਆਂਗ ਗਲੀਆਂ ਕੱਛਦਾ ਫਿਰਦਾ ਆ ਸਾਰਾ ਦਿਨ। ਕੋਈ ਪੁੱਛਣ ਆਲਾ ਹੈ ਨਈ ਇਸ ਘਰ ’ਚ।”
ਲਓ ਜੀ, ਸਾਡੇ ਚੰਗੇ ਦਿਨਾਂ ਦੇ ਅੰਤ ਦੀ ਉਹ ਸ਼ੁਰੂਆਤ ਸੀ।
ਮੇਰੇ ਜੀਵਨ ਵਿੱਚ ਤਬਦੀਲੀ ਲਿਆਉਣ ਦੇ ਇਰਾਦੇ ਨਾਲ ਤਾਇਆ ਮੇਰਾ ਘਰੋਂ ਮੈਂਨੂੰ ਲੱਭਣ ਤੁਰ ਪਿਆ। ਉਸ ਕੁ ਵੇਲੇ ਮੈਂ ਵੀ ਘਰ ਵਲ ਮੋੜਾ ਪਾਇਆ ਹੋਇਆ ਸੀ। ਉਹ ਨਿਹੰਗਾਂ ਵਾਲੀ ਗਲ਼ੀ ਥਾਣੀਂ ਥੜ੍ਹੇ ਵੱਲ ਨੂੰ ਗਿਆ ਤੇ ਮੈਂ ਗਭਲੀ ਵੀਹੀ ਘਰ ਆ ਵੜਿਆ। ਬੇਬੇ ਕਹਿੰਦੀ, “ਵੇ ਤੇਰਾ ਤਾਇਆ ਤੈਨੂੰ ਲੱਭਦਾ ਫਿਰਦਾ ਸੀ, ਕਿੱਥੇ ਚਲੇ ਜਾਨਾ ਆਂ ਤੂੰ ਸਵੇਰੇ ਈ?”
ਮੈਂ ਘੇਸਲ ਜਿਹੀ ਵੱਟ ਕੇ ਅੰਦਰ ਜਾ ਵੜਿਆ ਤੇ ਗਰੀਬੜਾ ਜਿਹਾ ਮੂੰਹ ਬਣਾ ਕੇ ਬੇਬੇ ਵੱਲ ਦੇਖਣ ਲੱਗ ਪਿਆ। ਬੇਬੇ ਨੂੰ ਤਾਂ ਸਾਰੀ ਗੱਲ ਦੀ ਪਹਿਲਾਂ ਹੀ ਸਮਝ ਸੀ। ਉਹ ਬੁੜਬੁੜ ਕਰਦੀ ਉੱਠੀ ਤੇ ਉਹਨੇ ਕੌਲੀ ਵਿੱਚ ਥੋੜ੍ਹਾ ਜਿਹਾ ਦਹੀਂ ਪਾ ਕੇ ਮੈਂਨੂੰ ਇੱਕ ਰੋਟੀ ਫੜਾ ਦਿੱਤੀ। ਮੈਂ ਵੀ ਕਿਸੇ ਕਿਸਮ ਦੀ ਕੋਈ ਅੜੀ ਫੜੀ ਨਾ ਕੀਤੀ ਤੇ ਚੁੱਪ ਕਰਕੇ ਰੋਟੀ ਖਾਣ ਲੱਗ ਪਿਆ।
ਮੈਂ ਅਜੇ ਰੋਟੀ ਖਤਮ ਹੀ ਕੀਤੀ ਸੀ ਕਿ ਮੇਰਾ ਤਾਇਆ ਲੈਫਟ ਰਾਈਟ ਕਰਦਾ ਘਰ ਨੂੰ ਮੁੜ ਆਇਆ। ਮੈਂਨੂੰ ਰੋਟੀ ਖਾਂਦੇ ਨੂੰ ਦੇਖ ਕੇ ਉਹਨੇ ਦੋ ਤਿੰਨ ਹਲਕੀਆਂ ਹਲਕੀਆਂ ਜਿਹੀਆਂ ਗਾਲ੍ਹਾਂ ਕੱਢੀਆਂ ਤੇ ਕੰਨੋ ਫੜ ਕੇ ਉਠਾਲ ਲਿਆ। “ਤੈਨੂੰ ਮੈਂ ਸਾਰੇ ਪਿੰਡ ਵਿੱਚ ਟੋਲ੍ਹਦਾ ਆਇਆਂ ਤੂੰ ਕਿੱਧਰ ਦੀ ਘਰ ਆ ਵੜਿਆਂ ਛਲੇਡਿਆ ਜਿਹਾ? ਤੇਰਾ ਈ ਪਤਾ ਨਹੀਂ ਲਗਦਾ ਵੱਡੇ ਜੈਲਦਾਰ ਦਾ। ਚੱਲ, ਤੈਨੂੰ ਸਕੂਲੇ ਦਾਖਲ ਕਰਾ ਕੇ ਆਉਨਾ। ਜੇ ਕੱਲ੍ਹ ਤੋਂ ਸਕੂਲੇ ਨਾ ਗਿਆ ਤਾਂ ਪਰਸੋਂ ਨੂੰ ਮੈਂ ਤੈਨੂੰ ਤੜਕਿਓਂ ਖੂਹ ਨੂੰ ਲੈ ਜਾਣਾ ਤੇ ਗਾਧੀ ’ਤੇ ਦੇਣਾ ਆ ਬਠਾਲ।”
ਮੈਂ ਚੁੱਪ ਕਰਕੇ ਉਹਦੇ ਨਾਲ ਤੁਰ ਪਿਆ। ਬੇਬੇ ਨੇ ਵਾਜ ਮਾਰ ਕੇ ਕਿਹਾ, “ਵੇਅ ਮੁੰਡੇ ਦਾ ਮਾੜਾ ਮੋਟਾ ਮੂੰਹ ਤਾਂ ਧੋ ਲੈਣ ਦੇ। ਨਾਲੇ ਕੋਈ ਦਾਅ ਦਾ ਕੱਪੜਾ ਪਾ ਦਿੰਨੀ ਆਂ ਏਹਦੇ।”
ਪਰ ਤਾਏ ਸਾਡੇ ਨੇ ਬੇਬੇ ਦੀ ਗੱਲ ਵੱਲ ਕੋਈ ਧਿਆਨ ਹੀ ਨਾ ਦਿੱਤਾ ਤੇ ਮੈਂਨੂੰ ਸਿੱਧਾ ਹੀ ਲੈ ਗਿਆ ਸਕੂਲੇ।
ਵੱਡੇ ਮਾਸਟਰ ਨੂੰ ਤਾਇਆ ਕਹਿਣ ਲੱਗਾ, “ਪੰਡਤ ਜੀ, ਆਹ ਫੜੋ ਆਪਣਾ ਸ਼ਗਿਰਦ ਤੇ ਕਰੋ ਸਿੱਧਾ ਏਹਨੂੰ।”
ਮਾਸਟਰ ਹੱਥ ਵਿੱਚ ਛਿਟੀ ਫੜੀ ਚੌਥੀ ਜਮਾਤ ਦੇ ਨਿਆਣਿਆਂ ਨੂੰ ਇੱਕ ਪਾਸੇ ਕਤਾਰ ਵਿੱਚ ਖੜ੍ਹੇ ਕਰਾ ਕੇ ਪਹਾੜੇ ਯਾਦ ਕਰਾ ਰਿਹਾ ਸੀ। ਪਹਿਲੀ ਦੂਜੀ ਵਾਲੇ ਥੋੜ੍ਹੀ ਜਿਹੀ ਦੂਰ ਸਕੂਲ ਦੇ ਵਰਾਂਡੇ ਵਿੱਚ ਆਪਣੀਆਂ ਬੋਰੀਆਂ ਵਿਛਾਈ ਬੈਠੇ ਆਲਾ ਦੁਆਲਾ ਜਿਹਾ ਦੇਖੀ ਜਾਂਦੇ ਸੀ ਤੇ ਤੀਜੀ ਜਮਾਤ ਵਾਲੇ ਆਪਣੀਆਂ ਫੱਟੀਆਂ ’ਤੇ ਕੁਛ ਲਿਖਣ ਲੱਗੇ ਹੋਏ ਸੀ। ਜਦੋਂ ਮੈਂ ਉੱਥੇ ਜਾ ਕੇ ਖੜ੍ਹਾ ਹੋਇਆ ਤਾਂ ਸਕੂਲ ਦੇ ਸਾਰੇ ਨਿਆਣੇ ਪੂਰਾ ਧਿਆਨ ਲਾ ਕੇ ਮੇਰੇ ਵਲ ਹੀ ਦੇਖਣ ਲੱਗ ਪਏ। ਮਾਸਟਰ ਜੀ ਨੇ ਹੋਰਾਂ ਨੂੰ ਪਹਾੜੇ ਯਾਦ ਕਰਾਉਣ ਦਾ ਕੰਮ ਜਮਾਤ ਦੇ ਮਨੀਟਰ ਦੇ ਹਵਾਲੇ ਕੀਤਾ ਤੇ ਆਪ ਉਹ ਸਕੂਲ ਦੇ ਵਿਹੜੇ ਵਿਚਲੀ ਨਿੱਕੀ ਜਿਹੀ ਪਿਪਲੀ ਥੱਲੇ ਡਾਹੀ ਹੋਈ ਆਪਣੀ ਕੁਰਸੀ ’ਤੇ ਜਾ ਬੈਠੇ। ਉਹਦੇ ਲਾਗੇ ਇੱਕ ਛੋਟਾ ਜਿਹਾ ਬੈਂਚ ਪਿਆ ਸੀ। ਤਾਏ ਨੂੰ ਸੈਨਤ ਕਰਕੇ ਆਪਣੇ ਸਾਹਮਣੇ ਪਏ ਬੈਂਚ ’ਤੇ ਬਿਠਾ ਲਿਆ।
ਮਾਸਟਰ ਨੇ ਮੇਜ਼ ’ਤੇ ਪਿਆ ਇੱਕ ਰਜਿਸਟਰ ਜਿਹਾ ਖੋਲ੍ਹਿਆ ਤੇ ਤਾਏ ਨੂੰ ਪੁੱਛਿਆ, “ਸਰਦਾਰ ਸ਼ਿਵ ਸਿੰਘ ਜੀ, ਨਾਂ ਕੀ ਆ ਆਪਣੇ ਛੋਟੂ ਦਾ?”
“ਨਾਂ ਤਾਂ ਪਤਾ ਨਹੀਂ ਸੌਹਰੇ ਦਾ ਇਹਦਾ ਕੀ ਰੱਖਿਆ ਹੋਇਆ ਪਰ ਤੁਸੀਂ ਗੁਰਮੁਖ ਸਿੰਘ ਲਿਖੋ ਜੀ।”
ਇੱਦਾਂ ਹੀ ਸਾਡੇ ਤਾਏ ਨੇ ਆਪਣੇ ਅੰਦਾਜ਼ੇ ਨਾਲ ਸਾਡੀ ਜਨਮ ਤਰੀਕ ਲਿਖਾ ਦਿੱਤੀ।
ਮਾਸਟਰ ਨੇ ਪਲ ਕੁ ਲਈ ਰਜਿਸਟਰ ਤੋਂ ਨਿਗਾਹ ਉਠਾ ਕੇ ਮੇਰੇ ਵੱਲ ਵੇਖਿਆ ਤੇ ਮੈਂਨੂੰ ਕਹਿਣ ਲੱਗਾ, “ਚੱਲ ਬਈ ਗੁਰਮੁਖ ਸਿਹਾਂ, ਚੱਲ ਕੇ ਔਹ ਪਹਿਲੀ ਜਮਾਤ ਵਾਲੀ ਕਤਾਰ ਵਿੱਚ ਬਹਿ ਜਾ।”
ਤੇ ਉਸ ਪਲ ਤੋਂ ਬੇਬੇ ਅਤੇ ਚਾਚੇ ਤਾਰੂ ਦੇ ਬਹਾਦਰ ਸੌਂਹ ਦੀ ਥਾਂ ਅਸੀਂ ਸਦਾ ਲਈ ਗੁਰਮੁਖ ਸਿੰਘ ਬਣ ਗਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2529)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)