“ਬੱਚੇ ’ਤੇ ਧਰਮ ਥੋਪਣ ਦੀ ਸਮਾਜ ਨੂੰ ਕਾਹਦੀ ਕਾਹਲ ਹੈ? ਕੀ ਹਰ ਇਨਸਾਨ ...”
(18 ਸਤੰਬਰ 2020)
ਤਕਰੀਬਨ ਹਰ ਇਨਸਾਨ ਨੂੰ ਆਪਣੇ ਜਨਮ ਨਾਲ ਦੋ ਚੀਜ਼ਾਂ ਮਿਲਦੀਆਂ ਹਨ; ਉਸਦੇ ਮਾਂ-ਬਾਪ ਦਾ ਨਾ ਤੇ ਉਸਦਾ ਧਰਮ। ਇੱਕ ਨਿਰਬਲ ਤੇ ਮੁਹਤਾਜ ਬੱਚੇ ਲਈ ਮਾਂ-ਬਾਪ ਦੀ ਲੋੜ ਤਾਂ ਸਮਝ ਆਉਂਦੀ ਹੈ, ਪਰ ਜੰਮਦਿਆਂ ਸਾਰ ਧਰਮ ਦੀ ਲੋੜ ਕਿਉਂ? ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਇੱਕ ਨਵਜਾਤ ਬੱਚੇ ਨੇ ਧਰਮ ਦੇ ਸਹਾਰੇ ਕਰਨਾ ਹੈ? ਬੱਚੇ ’ਤੇ ਧਰਮ ਥੋਪਣ ਦੀ ਸਮਾਜ ਨੂੰ ਕਾਹਦੀ ਕਾਹਲ ਹੈ? ਕੀ ਹਰ ਇਨਸਾਨ ਆਪਣਾ ਧਰਮ, ਆਪਣੀ ਸੂਝ-ਬੂਝ ਤੇ ਸਵੈ-ਇੱਛਾ ਨਾਲ ਨਹੀਂ ਚੁਣ ਸਕਦਾ? ਕੀ ਇੱਕ ਜੰਮਦੇ ਬੱਚੇ ’ਤੇ ਧਰਮ ਥੋਪ ਦੇਣਾ ਕੋਈ ਸਮਾਜਿਕ ਸਾਜ਼ਿਸ਼ ਤਾਂ ਨਹੀਂ? ਕੀ ਧਰਮ ਬੱਚੇ ਦੇ ਪੈਰਾਂ ਵਿੱਚ ਪਾਈਆਂ ਜਾਣ ਵਾਲੀਆਂ ਬੇੜੀਆਂ ਦੀ ਪਹਿਲੀ ਕੜੀ ਤਾਂ ਨਹੀਂ? ਕੀ ਇਸ ਧਰਤੀ ’ਤੇ ਰਹਿਣ ਵਾਲੇ ਹਰ ਇਨਸਾਨ ਦੇ ਮੱਥੇ ’ਤੇ ਧਰਮ ਦੇ ਬਰਾਂਡਿਗ ਕਰਨੀ ਲਾਜ਼ਮੀ ਹੈ? ਇਸ ਤੋਂ ਪਹਿਲਾਂ ਕਿ ਉਪਰੋਕਤ ਪ੍ਰਸ਼ਨਾਂ ਦੇ ਜਵਾਬ ਲੱਭਣ ਦੇ ਉਪਰਾਲੇ ਕੀਤੇ ਜਾਣ ਜਾਂ ਇਹ ਲੇਖ ਬਹੁਤ ਸਾਰੇ ਪਾਠਕਾਂ ਦੇ ਰੋਸ ਦਾ ਕਾਰਨ ਬਣ ਜਾਵੇ, ਧਰਮ ਦੀ ਪਰਿਭਾਸ਼ਾ ’ਤੇ ਗ਼ੌਰ ਕਰਨਾ ਲਾਜ਼ਮੀ ਬਣ ਜਾਂਦਾ ਹੈ।
ਧਰਮ ਬਾਰੇ ਚਰਚਾ ਕਰਨ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਿਸੇ ਵੀ ਮਹਿਫ਼ਲ ਜਾਂ ਮਨੁੱਖਾਂ ਦੇ ਇਕੱਠ ਵਿੱਚ ਤਿੰਨ ਵਿਸ਼ਿਆਂ ’ਤੇ ਕੀਤੀ ਬਹਿਸ ਕਿਤੇ ਨਹੀਂ ਅੱਪੜੀ। ਇਨ੍ਹਾਂ ਵਿਸ਼ਿਆਂ ’ਤੇ ਗੱਲ ਕਰਨ ਲਈ ਗੁਰੇਜ਼ ਕਰਨ ਲਈ ਕਿਹਾ ਜਾਂਦਾ ਹੈ। ਉਹ ਹਨ; ਧਰਮ, ਰਾਜਨੀਤੀ ਅਤੇ ਪੈਸਾ। ਇਸਦਾ ਕੀ ਕਾਰਨ ਹੋ ਸਕਦਾ ਹੈ? ਮੇਰੇ ਖ਼ਿਆਲ ਨਾਲ ਧਰਮ, ਰਾਜਨੀਤੀ ਤੇ ਪੈਸੇ ਦੀ ਚਰਚਾ ਕਰਨ ਵਾਲੇ ਗੂੜ੍ਹ ਗਿਆਨੀ ਹੁੰਦੇ ਹਨ। ਇਹ ਚਰਚਾਵਾਂ ਇਹਨਾਂ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਨਹੀਂ ਕੀਤੀਆਂ ਜਾਂਦੀਆਂ, ਸਗੋਂ ਆਪਣਾ ਦ੍ਰਿਸ਼ਟੀਕੋਣ ਦੂਜੇ ’ਤੇ ਥੋਪ, ਆਪਣੇ ਹਉਮੈਂ ਦੇ ਬੂਟੇ ਨੂੰ ਖ਼ੁਰਾਕ ਦੇਣ ਲਈ ਕੀਤੀਆਂ ਜਾਂਦੀਆਂ ਹਨ। ਜੇ ਇਹ ਗੱਲ ਹੈ ਤਾਂ ਫਿਰ ਤੁਸੀਂ ਪੁੱਛੋਗੇ ਕਿ ਮੈਂ ਧਰਮ ਦੀ ਚਰਚਾ ਕਿਉਂ ਛੇੜ ਲਈ? ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ। ਉਸਦੇ ਜਵਾਬ ਵਿੱਚ ਮੈਂ ਕਹਾਂਗੀ ਕਿ ਮੈਂ ਉਸ ਧਰਮ ਦੀ ਚਰਚਾ ਨਹੀਂ ਕਰਨਾ ਚਾਹੁੰਦੀ ਜਿਸ ਨਾਲ ਤੁਸੀਂ ਸਭ ਵਾਕਫ਼ ਹੋ। ਮੈਂ ਤਾਂ ਉਹ ਧਰਮ ਦੀ ਗੱਲ ਕਰਨ ਲੱਗੀ ਹਾਂ ਜਿਹੜਾ ਜਨਮ ਨਾਲ ਨਹੀਂ ਮਿਲਦਾ, ਸਗੋਂ ਬੜੀ ਘਾਲਣਾ ਨਾਲ ਲੱਭਿਆ ਜਾਂਦਾ ਹੈ। ਜਿਸ ਦੀ ਬੁਨਿਆਦੀ ਰੂਪ ਵਿੱਚ, ਜਾਣੇ-ਅਨਜਾਣੇ, ਹਰ ਇੱਕ ਮਨੁੱਖ ਭਾਲ ਕਰ ਰਿਹਾ ਹੈ। ਮੈਂ ਉਸ ਧਰਮ ਦੀ ਗੱਲ ਕਰਨ ਲੱਗੀ ਹਾਂ ਜਿਸਨੂੰ ਅਸੀਂ ਆਪਣੇ ਨਾਲ ਲੈ ਕੇ ਆਏ ਹਾਂ। ਜਿਹੜਾ ਸਦੀਵੀ ਹੈ। ਜਿਹੜਾ ਸਾਨੂੰ ਮੁੜ ‘ਉਸ’ ਨਾਲ ਜੋੜਦਾ ਹੈ ਜਿਸ ਤੋਂ ਅਸੀਂ ਟੁੱਟ ਕੇ ਆਏ ਹਾਂ। ਤੁਸੀਂ ਆਖੋਗੇ ਕਿ ਮਰਨ ਤੋਂ ਬਾਅਦ ਤਾਂ ਅਸੀਂ ‘ਉਸ’ ਨਾਲ ਜੁੜ ਹੀ ਜਾਣਾ ਹੈ, ਫੇਰ ਇੰਨੀ ਕਾਹਲ ਕਿਉਂ? ਇਹ ਤੁਸੀਂ ਆਪਣੇ ਮਨ ਤੋਂ ਪੁੱਛੋ। ਇਸ ਸਵਾਲ ਦਾ ਜਵਾਬ ਮੈਂ ਤੁਹਾਡੇ ’ਤੇ ਛੱਡਦੀ ਹਾਂ।
ਆਓ ਵਿਚਾਰੀਏ ਕਿ ‘ਧਰਮ’ ਅਸਲ ਵਿੱਚ ਹੈ ਕੀ?
ਬਦਲਦੇ ਯੁੱਗਾਂ ਨਾਲ ਬਹੁਤ ਕੁਝ ਬਦਲਿਆ ਹੈ ਪਰ ਧਰਮ ਦੇ ਅਰਥ ਨਹੀਂ ਬਦਲੇ। ਇਨਸਾਨ ਬਾਹਰੋਂ ਤਾਂ ਆਧੁਨਿਕ ਹੋ ਗਿਆ ਪਰ ਅੰਦਰੋਂ ਉਹੀ ਗਲਿਆ-ਸੜਿਆ ਰਿਹਾ ਕਿਉਂਕਿ ਮੁਰਦਾ ਧਰਮਾਂ ਨੂੰ ਢੋ ਰਿਹਾ ਹੈ। ਜੇਕਰ ਧਰਮ ਦੀ ਅਸਲੀ ਪਰਿਭਾਸ਼ਾ ਸਮਝ ਲੱਗ ਗਈ ਹੁੰਦੀ ਜਾਂ ਹੁਣ ਵੀ ਲੱਗ ਜਾਵੇ, ਤਾਂ ਇਹੀ ਧਰਤੀ, ਜਿਹੜੀ ਦੁੱਖਾਂ ਤੇ ਕਲੇਸ਼ਾਂ ਨਾਲ ਭਰੀ ਹੈ, ਹੁਣ ਤਕ ਸਵਰਗ ਹੋ ਜਾਂਦੀ ਜਾਂ ਹੁਣ ਵੀ ਹੋ ਸਕਦੀ ਹੈ। ਅਸਲ ਵਿੱਚ ‘ਧਰਮ’ ਲਫ਼ਜ਼ ਹੀ ਘਿਸ-ਪਿੱਟ ਗਿਆ ਹੈ ਅਤੇ ਜ਼ਰੂਰਤ ਨਾਲ਼ੋਂ ਜ਼ਿਆਦਾ ਰੁਲ਼ ਗਿਆ ਹੈ। ਵਕਤ ਦੀ ਨਜ਼ਾਕਤ ਇਹ ਕਹਿੰਦੀ ਹੈ ਕਿ ਉਕਤ ਲਫ਼ਜ਼ ਨੂੰ ਹੀ ਕਿਸੇ ਨਵੇਂ ਲਫ਼ਜ਼ ਨਾਲ ਬਦਲ ਦੇਣਾ ਚਾਹੀਦਾ ਹੈ ਤਾਂ ਜੋ ਇਸਦਾ ਗਲਿਆ-ਸੜਿਆ ਰੂਪ ਹੀ ਮੁੱਕ ਜਾਵੇ। ਪਰ ਧਰਮ ਦੀ ਪਰਿਭਾਸ਼ਾ ’ਤੇ ਚਰਚਾ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੌੜੀ ਸੋਚ ਨੂੰ ਛੱਡ, ਇੱਕ ਖੁੱਲ੍ਹਦਿਲਾ ਵਤੀਰਾ ਅਪਣਾਉਣਾ ਪਵੇਗਾ। ਕੀ ਤੁਸੀਂ ਤਿਆਰ ਹੋ?
ਹਰੇਕ ਇਨਸਾਨ ਦੇ ਅੰਦਰੋਂ, ਕਦੀ ਕਦਾਈਂ ਉਸਦੀ ਇਸ ਧਰਤੀ ’ਤੇ ਹੋਂਦ ਬਾਰੇ ਕੁਝ ਬੁਨਿਆਦੀ ਸਵਾਲ ਜ਼ਰੂਰ ਉੱਠਦੇ ਹਨ ਜਾਂ ਉੱਠਣੇ ਹੀ ਚਾਹੀਦੇ ਹੀ ਹਨ। ਉਸਦਾ, ਉਹਨਾਂ ਸਵਾਲਾਂ ਦਾ, ਬੜੀ ਸ਼ਿੱਦਤ ਨਾਲ ਲੱਭਿਆ ਜਵਾਬ ਹੀ ਉਸਦਾ ਧਰਮ ਹੈ। ਮੂਲ ਰੂਪ ਵਿੱਚ ਹਰ ਇਨਸਾਨ ਨੂੰ ਆਪਣਾ ਇਹ ਸਵਾਲ ਆਪ ਹੀ ਕੱਢਣਾ ਪੈਂਦਾ ਹੈ। ਕੱਢੇ ਕਢਾਏ ਜਵਾਬ ਤਾਂ ਨਕਲ ਮਾਰਨ ਦੀਆਂ ਕੁੰਜੀਆਂ ਹਨ। ਸਾਡੇ ਸਾਰੇ ਧਰਮ ਗ੍ਰੰਥ ਸਵਾਲ ਕੱਢਣ ਦੇ ਫ਼ਾਰਮੂਲੇ ਤਾਂ ਹੋ ਸਕਦੇ ਹਨ, ਪਰ ਜਵਾਬ ਨਹੀਂ। ਕਿਉਂਕਿ, ਧਰਮ ਹਰ ਇਨਸਾਨ ਦਾ, ਉਸਦੇ ਆਪਣੇ ਪ੍ਰਸ਼ਨਾਂ ਦਾ ਕੱਢਿਆ ਹੋਇਆ ਜਵਾਬ ਹੈ, ਇਸ ਲਈ ਇਹ ਨਿੱਜੀ ਹੁੰਦਾ ਹੈ (ਹੋਣਾ ਹੀ ਚਾਹੀਦਾ ਹੈ।) ਸਮੂਹਿਕ ਧਰਮ ਤਾਂ ਇੱਕ ਮੁਰਦਾ ਰੀਤੀ ਰਿਵਾਜ਼ਾਂ ਦਾ ਪੁਲੰਦਾ ਹਨ ਜੋ ਇੱਕ ਪੀੜ੍ਹੀ, ਦੂਜੀ ਨੂੰ, ਬਿਨਾਂ ਸੋਚੇ ਸਮਝੇ ਦੇ ਜਾਂਦੀ ਹੈ। ਉਹ ਸੁਖ ਸ਼ਾਂਤੀ ਦਾ ਸਰੋਤ ਹੋਣ ਦੀ ਬਜਾਏ ਨਿਰਾ ਕਰਮ ਕਾਂਡ ਬਣ ਕੇ ਰਹਿ ਜਾਂਦਾ ਹੈ। ਫੇਰ ਮੰਦਰ, ਮਸੀਤ, ਗਿਰਜੇ ਤੇ ਗੁਰਦਵਾਰੇ ਜਾਣਾ ਇੱਕ ਸਰੀਰਕ ਕਸਰਤ ਬਣ ਕੇ ਰਹਿ ਜਾਂਦਾ ਹੈ ਤੇ ਗ੍ਰੰਥਾਂ ਦਾ ਪਾਠ ਇੱਕ ਤੋਤਾ ਰਟਨ।
ਜਨਮ ਨਾਲ ਹੀ ਹਰ ਇਨਸਾਨ ਆਪਣੇ ਧੁਰੇ ਤੋਂ ਟੁੱਟ, ਆਪਣੇ ਸਰੋਤ ਤੋਂ ਬੇਮੁਖ ਹੋ, ਕਈ ਦਿਸ਼ਾਵਾਂ ਵਿੱਚ ਭਟਕ ਜਾਂਦਾ ਹੈ। ਉਸਦੀ ਚੇਤਨਾ ਇਸ ਧਰਤੀ ’ਤੇ ਵਸਦੇ ਕੁਝ ਮਤਲਬਪ੍ਰਸਤ ਦਰਿੰਦਿਆਂ ਦਾ ਸ਼ਿਕਾਰ ਹੋ ਜਾਂਦੀ ਹੈ। ਉਸਦੀ ਨਿਰਮਲਤਾ, ਭੋਲਾਪਣ, ਮਸੂਮੀਅਤ ਤੇ ਸਾਦਗੀ ਨੂੰ ਜੰਮਦਿਆਂ ਹੀ ਥੋੜ੍ਹਾ-ਥੋੜ੍ਹਾ ਵਿਸ਼ ਪਿਲਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਫੇਰ ਉਹ ਇੱਕ ਐਸੀ ਅਸ਼ਾਂਤੀ ਦਾ ਸ਼ਿਕਾਰ ਹੁੰਦਾ ਹੈ, ਜਿਸਨੂੰ ਕਿਸੇ ਵੀ ਦੁਨਿਆਵੀ ਚੀਜ਼ ਦੀ ਪ੍ਰਾਪਤੀ ਦੂਰ ਨਹੀਂ ਕਰ ਸਕਦੀ। ਮੈਂ ਕਹਿੰਦੀ ਹਾਂ ਕਿ ਐਸੀ ਅਸ਼ਾਂਤੀ ਨੂੰ ਖ਼ਤਮ ਕਰਨ ਦਾ ਰਸਤਾ ਹੀ ਧਰਮ ਹੈ। ਧਰਮ ਤੋਂ ਮੇਰੀ ਮੁਰਾਦ ਉਨ੍ਹਾਂ ਮੁਰਦਾ ਧਰਮਾਂ ਤੋਂ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਵੰਨ-ਸੁਵੰਨੀਆਂ ਚਾਰ ਦੀਵਾਰੀਆਂ ਵਿੱਚ ਬੰਦ ਕੀਤਾ ਹੋਇਆ ਹੈ। ਮੇਰੀ ਮੁਰਾਦ ਉਸ ਅਸ਼ਾਂਤੀ ਤੇ ਬੇਚੈਨੀ ਨੂੰ ਮਿਟਾਉਣ ਦੀ ਲਾਲਸਾ ਤੇ ਸ਼ਿੱਦਤ ਨਾਲ ਹੈ ਜੋ ਹਰ ਇਨਸਾਨ ਦੇ ਅੰਦਰ ਇੱਕ ਖਲਬਲੀ ਮਚਾ ਰੱਖਦੀ ਹੈ।
ਇਸ ਧਰਤੀ ’ਤੇ ਇਕੱਲੇ ਆਉਣ ਤੇ ਇਕੱਲੇ ਵਾਪਸ ਜਾਣ ਦੇ ਵਿਚਕਾਰ ਜੋ ਵੀ ਹੈ, ਦੁਨਿਆਵੀ ਤੇ ਅਸਥਾਈ ਹੈ। ਮਨੁੱਖ ਰਿਸ਼ਤੇਦਾਰੀਆਂ ਤੇ ਰੋਜ਼ੀ-ਰੋਟੀ ਦੇ ਝਮੇਲਿਆਂ ਤੋਂ ਉੱਪਰ ਨਹੀਂ ਉੱਠ ਸਕਿਆ। ਇਸੇ ਨੂੰ ਹੀ ਬੜੀ ਘਾਲਣਾ ਮੰਨਦਾ ਹੈ। ਪਰ ਉਹ ਸਭ ਕੁਝ ਤਾਂ ਮਿੱਟੀ ਤੇ ਸਵਾਹ ਹੋ ਜਾਂਦਾ ਹੈ। ਇਹ ਸਰੀਰ ਤਾਂ ਇਸ ਧਰਤੀ ਦੀ ਦੇਣ ਹੈ। ਬਿੰਦ ਤੇ ਮਿੱਟੀ (ਖ਼ੁਰਾਕ) ਦਾ ਬਣਿਆ ਹੈ। ਪਰ ਉਹ, ਜੋ ਇਸ ਵਿੱਚ ਸਾਹ ਲੈਂਦਾ ਹੈ, ਉਹ, ਜੋ ਇਸ ਵਿੱਚ ਧੜਕਦਾ ਹੈ, ਉਹ ਇਸ ਦੁਨੀਆ ਦਾ ਨਹੀਂ ਹੈ। ਉਹ ਹੀ ਵੱਡੀ ਜੋਤ ਦਾ ਹਿੱਸਾ ਹੈ। ਉਹ ਕੋਠੜੀ ਵਿੱਚ ਪਏ ਉਸ ਕੱਚ ਦੇ ਭਾਂਡੇ ਵਾਂਗ ਹੈ ਜਿਹੜਾ ਸਫਾਈ ਤੋਂ ਖੁੰਝਿਆ, ਮਿੱਟੀ ਦੀਆਂ ਕਈ ਪਰਤਾਂ ਨਾਲ ਢਕਿਆ ਜਾਂਦਾ ਹੈ। ਸੱਚੇ ਪਿਤਾ ਪਰਮੇਸ਼ਵਰ ਦੀ ਸਿਰਫ਼ ਜਾਂਦ ਹੀ ਉਹ ਸਾਰੀਆਂ ਪਰਤਾਂ ਧੋ ਦਿੰਦੀ ਹੈ ਅਤੇ ਇਨਸਾਨ ਨੂੰ ਆਪਣਾ ਪ੍ਰਭੂ ਰੂਪ ਦਿਖਾਈ ਦੇ ਜਾਂਦਾ ਹੈ। ਇਸ ਸਰੀਰ ਤੋਂ ਉੱਚਾ ਉੱਠ ਕੇ ‘ਉਸੇ’ ਨੂੰ ਲੱਭਣਾ ਹੈ। ਉਸ ਸਥਿਰ, ਨਿਰਮਲ ਤੇ ਪਵਿੱਤਰ ਧੁਰੇ ਨੂੰ ਲੱਭਣ, ਤੇ ਉਸ ਵਿੱਚ ਟਿੱਕ ਜਾਣ ਦਾ ਨਾਮ ਹੀ ਧਰਮ ਹੈ।
ਧਰਮ ਦੀ ਖੋਜ ਉਹੀ ਕਰਦਾ ਹੈ ਜਿਸ ਅੰਦਰ ਪਰਮਾਤਮਾ ਪ੍ਰਤੀ ਭੁੱਖ ਤੇ ਪਿਆਸ ਜਾਗ ਉੱਠਦੀ ਹੈ। ਧਰਮ ਕਿਸੇ ਇਨਸਾਨ ਦੀ ਆਪਣੇ ਅੰਦਰ ਬੈਠੇ ਪਰਮਾਤਮਾ ਦੀ ਭਾਲ ਵਿੱਚ ਕੀਤੇ ਸਫ਼ਰ ਦਾ ਨਾਮ ਹੈ। ਇਸ ਲਈ ਇਹ ਭਾਲ ਕੋਈ ਕਿਸੇ ਲਈ ਕਿੱਦਾਂ ਕਰ ਸਕਦਾ ਹੈ? ਆਪਣੇ ਆਪ ਨੂੰ ਲੱਭਣ ਨਿਕਲਿਆ ਮਨੁੱਖ ਪਰਮਾਤਮਾ ਤਕ, ਆਪਣੇ ਸਰੋਤ ਤਕ, ਪਹੁੰਚ ਹੀ ਜਾਂਦਾ ਹੈ। ਜੇਕਰ ਧਰਮ ਨਿੱਜੀ ਪਿਆਸ ਤੇ ਨਿੱਜੀ ਭੁੱਖ ਦੀ ਤ੍ਰਿਪਤੀ ਹੈ, ਤਾਂ ਫੇਰ ਜ਼ਾਹਿਰ ਹੈ ਕਿ ਨਾ ਕਿਸੇ ਦੇ ਰੋਟੀ ਖਾਣ ਨਾਲ ਕਿਸੇ ਦੂਜੇ ਦੀ ਭੁੱਖ ਮਿਟੀ ਹੈ, ਨਾ ਕਿਸੇ ਦੇ ਪਾਣੀ ਪੀਣ ਨਾਲ ਕਿਸੇ ਦੂਜੇ ਦੀ ਪਿਆਸ। ਨਤੀਜਾ ਫੇਰ ਓਹੀ ਨਿਕਲਿਆ ਕਿ ਧਰਮ ਹਰ ਮਨੁੱਖ ਦੀ ਪਰਮਾਤਮਾ ਪ੍ਰਤੀ, ਨਿੱਜੀ ਭੁੱਖ ਤੇ ਪਿਆਸ ਦੀ ਤ੍ਰਿਪਤੀ ਦਾ ਨਾਂ ਹੈ। ਇਸ ਲਈ ਇਹ ਸਿਰਫ਼ ਤੇ ਸਿਰਫ਼ ਨਿੱਜੀ ਹੋ ਸਕਦਾ ਹੈ ਪਰ ਸਮੂਹਿਕ ਕਤਈ ਨਹੀਂ।
ਧਰਮ ਦੀ ਮਨੁੱਖ ਨੂੰ ਕੀ ਲੋੜ ਹੈ?
ਜੇਕਰ ਧਰਮ ਦੀ ਚਲੰਤ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਇਨਸਾਨ ਜਿਸ ਧਰਮ ਵਿੱਚ ਜਨਮ ਲੈਂਦਾ ਹੈ, ਉਸੇ ਨੂੰ ਆਪਣਾ ਧਰਮ ਮੰਨ ਲੈਂਦਾ ਹੈ। ਮੰਨਣਾ ਹੀ ਪੈਂਦਾ ਹੈ। ਭਾਵੇਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਅਖੌਤੀ ਧਰਮ, ਬੁਨਿਆਦੀ ਤੌਰ ’ਤੇ ਇੱਕੋ ਗੱਲ ਸਿਖਾਉਂਦਾ ਹੈ; ਪਰਮ ਪਿਤਾ ਪਰਮੇਸ਼ਵਰ ਨੂੰ ਲੱਭਣਾ ਤੇ ‘ਉਸ’ ਨਾਲ ਜੁੜਨਾ। ਪਰ ਸਵਾਲ ਇਹ ਹੈ ਕਿ ਪਰਮਾਤਮਾ ਨੂੰ ਲੱਭ, ਉਸ ਨਾਲ ਜੁੜਨਾ ਹੀ ਕਿਉਂ ਹੈ? ਉਸਦੇ ਬਿਨਾਂ ਕਿਸੇ ਦਾ ਕੀ ਥੁੜਿਆ ਹੈ? ਚਲੋ ਸਭ ਤੋਂ ਪਹਿਲਾਂ ਇਸੇ ਗੱਲ ਨੂੰ ਨਜਿੱਠ ਲਈਏ। ਮੇਰੇ ਹਿਸਾਬ ਨਾਲ ਇਸਦੇ ਦੋ ਮੂਲ ਕਾਰਨ ਹਨ।
ਇੱਕ ਤਾਂ ਮਨੁੱਖ ਜਨਮ ਤੇ ਮੌਤ ਦੇ ਰਹੱਸ ਨੂੰ ਹੁਣ ਤਕ ਜਾਣ ਨਹੀਂ ਸਕਿਆ। ਜਦੋਂ ਉਹ ਇਸ ਰਹੱਸ ਦੇ ਅੱਗੇ ਆਪਣੇ ਆਪ ਨੂੰ ਮੁਹਤਾਜ ਮਹਿਸੂਸ ਕਰਦਾ ਹੈ, ਤਾਂ ਮਜਬੂਰ ਹੋ ਕੇ ਪਰਮਾਤਮਾ ਅੱਗੇ ਹਥਿਆਰ ਸੁੱਟ ਦਿੰਦਾ ਹੈ। ਇਸ ਸਰੀਰ ਦੇ ਮਿਲਣ ਤੋਂ ਪਹਿਲਾਂ ਕੀ ਸੀ ਤੇ ਇਸ ਸਰੀਰ ਦੇ ਬਾਅਦ ਕੀ ਹੈ? ਜੇਕਰ ਇਹਨਾਂ ਦੋਂਹ ਪ੍ਰਸ਼ਨਾਂ ਦਾ ਜਵਾਬ ਮਨੁੱਖ ਨੂੰ ਮਿਲ ਗਿਆ ਹੁੰਦਾ ਜਾਂ ਹੁਣ ਵੀ ਮਿਲ ਜਾਵੇ, ਤਾਂ ਸ਼ਾਇਦ ਪਰਮਾਤਮਾ ਦੀ ਲੋੜ ਵੀ ਮੁੱਕ ਜਾਵੇ। ਜ਼ਿਆਦਾ ਕਰਕੇ ਮੌਤ ਦਾ ਡਰ ਹੀ ਪਰਮਾਤਮਾ ਦੀ ਲੋੜ ਮਹਿਸੂਸ ਕਰਵਾਉਂਦਾ ਹੈ। ਮੌਤ ਤੋਂ ਡਰਿਆ ਇਨਸਾਨ ਸਮੂਹਕ ਧਰਮ ਵਿੱਚ ਪੈ, ਕਰਮ ਕਾਂਡ ਵਿੱਚ ਫਸ, ਅਖੌਤੀ ਧਰਮਾਂ ਦੀਆਂ ਮੁਰਦਾ ਰੀਤੀ ਰਿਵਾਜਾਂ ਵਿੱਚ ਪੈ, ਆਤਮਿਕ ਸ਼ਾਂਤੀ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਪਰ ਨਹੀਂ ਲੱਭ ਸਕਦਾ। ਇਸ ਲਈ ਨਹੀਂ ਕਿ ਉਹ ਇਸਦੇ ਕਾਬਲ ਨਹੀਂ ਹੈ, ਜਾਂ ਉਸਦਾ ਮਾਰਗ ਦਰਸ਼ਨ ਗ਼ਲਤ ਹੈ, ਪਰ ਇਸ ਲਈ ਕਿਉਂਕਿ ਧਰਮ ਨਿੱਜੀ ਹੈ ਅਤੇ ਸਮੂਹਿਕ ਯਤਨਾਂ ਨਾਲ ਮਿਲਣਾ ਮੁਸ਼ਕਲ ਹੈ। ਯਾਤਰਾ ਸਮੂਹ ਤੋਂ ਸ਼ੁਰੂ ਹੋ ਸਕਦੀ ਹੈ (ਜਦੋਂ ਅਸੀਂ ਸਾਧ ਸੰਗਤ ਦਾ ਸਾਥ ਮੰਗਦੇ ਹਾਂ) ਪਰ ਬਾਅਦ ਵਿੱਚ, ਅਸਲ ਰਸਤਾ ਤਾਂ ਇਕੱਲੇ ਹੀ ਨਾਪਣਾ ਪੈਂਦਾ ਹੈ। ਇਸਦੇ ਉਲਟ ਜਦੋਂ ਕੋਈ ਮਨੁੱਖ ਆਪਣੀ ਨਿੱਜੀ ਯਾਤਰਾ ਨਾਲ ਆਪਣਾ ਧਰਮ ਲੱਭਦਾ ਹੈ ਤਾਂ ਮੌਤ ਦੇ ਖ਼ੌਫ਼ ਤੋਂ ਆਜ਼ਾਦ ਹੋ ਜਾਂਦਾ ਹੈ। ਮੌਤ ਦੀ ਸਦੀਵੀ ਯਾਦ ਹੀ ਉਸ ਨੂੰ ਸਾਰੀਆਂ ਇੱਛਾਵਾਂ ਤੋਂ ਮੁਕਤ ਕਰ ਦਿੰਦੀ ਹੈ ਜਿਸਨੂੰ ਅਸੀਂ ਮੋਕਸ਼ ਜਾਂ ਨਿਰਵਾਣ ਕਹਿੰਦੇ ਹਾਂ।
ਦੂਜਾ, ਹਰ ਮਨੁੱਖ ਇੱਕ ਬੜੀ ਵਿਲੱਖਣ ਸ਼ਾਂਤੀ ਤੇ ਅਨੰਦ ਦੀ ਭਾਲ ਵਿੱਚ ਹੈ। ਇਨਸਾਨ ਆਪਣੇ ਸਰੀਰਕ ਜਾਮੇ ਵਿੱਚ ਆਉਣ ਤੋਂ ਪਹਿਲਾ, ਜਿਸ ਅਨੰਦ ਦੀ ਅਵਸਥਾ ਤੋਂ ਤੁਰਦਾ ਹੈ, ਸਾਰੀ ਉਮਰ ਉਸੇ ਅਨੰਦ ਦੀ ਭਾਲ ਵਿੱਚ ਮਾਰਿਆ-ਮਾਰਿਆ ਫਿਰਦਾ ਹੈ। ਉਸੇ ਸੁਖ ਤੇ ਅਨੰਦ ਵਾਸਤੇ ਰਿਸ਼ਤੇ ਕਾਇਮ ਕਰਦਾ ਹੈ ਤੇ ਸਾਰੀ ਉਮਰ ਘਾਲਣਾ ਘਾਲਦਾ ਹੈ। ਉਹ ਸੰਪੂਰਨਤਾ, ਉਹ ਅਨੰਦ ਕੀ ਹੈ, ਕਿੱਦਾਂ ਤੇ ਕਿੱਥੋਂ ਪ੍ਰਾਪਤ ਹੋਵੇ, ਦਾ ਜਵਾਬ ਆਮ ਮਨੁੱਖ ਕੋਲ ਨਹੀਂ ਹੈ। ਉਸੇ ਦੀ ਭਾਲ ਕਰਦਿਆਂ ਮਨੁੱਖ ਧਰਮ ਦਾ ਸਹਾਰਾ ਲੈ, ਪਰਮਾਤਮਾ ਨੂੰ ਲੱਭਣ ਨਿਕਲਦਾ ਹੈ। ਕਿਉਂਕਿ ਧਾਰਮਿਕ ਗ੍ਰੰਥ ਗਵਾਹ ਹਨ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਦੇਖਿਆ ਜਾਂ ਪਾਇਆ ਹੈ, ਉਹਨਾਂ ਨੂੰ ਉਹ ਅਨੰਦ ਉਪਲਬਧ ਹੋਇਆ ਹੈ, ਤਾਂ ਫੇਰ ਉਹ ਵੀ ਗ੍ਰੰਥਾਂ ਦਾ ਸਹਾਰਾ ਹੀ ਲੈਂਦਾ ਹੈ, (ਲੈਣਾ ਚਾਹੁੰਦਾ ਹੈ।) ਇੱਕ ਵਾਰੀ ਮੈਂ ਇੱਕ ਐਸੇ ਇਨਸਾਨ ਨਾਲ ਚਾਹ ਪੀ ਰਹੀ ਸਾਂ ਜਿਸ ਦੀ ਇੱਕ ਸਾਲ ਦੀ ਤਨਖ਼ਾਹ, ਇੱਕ ਮਿਲੀਅਨ ਕੈਨੇਡੀਅਨ ਡਾਲਰ ਦੇ ਕਰੀਬ ਸੀ। ਆਦਮੀ ਬਿਲਕੁਲ ਸਿੱਧਾ-ਸਾਦਾ ਸੀ। ਸ਼ਾਇਦ ਇਸੇ ਕਾਰਨ ਹੀ ਮੈਂਨੂੰ ਉਸ ਨਾਲ ਬੈਠਣ ਦਾ ਮੌਕਾ ਮਿਲਿਆ ਸੀ। ਮੈਂ ਉਸ ਨੂੰ ਪੁੱਛਿਆ, 'ਭਾਜੀ, ਤੁਸੀਂ ਐਨੇ ਪੈਸੇ ਕਮਾਉਂਦੇ ਹੋ। ਜ਼ਾਹਿਰ ਹੈ ਕਿ ਤੁਹਾਡੀਆਂ ਅਤੇ ਤੁਹਾਡੇ ਪਰਿਵਾਰ ਦੀਆਂ ਜ਼ਰੂਰਤਾਂ ਹੁਣ ਤਕ ਪੂਰੀਆਂ ਹੋ ਗਈਆਂ ਹੋਣਗੀਆਂ। ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਹੁਣ ਤੁਸੀਂ ਜ਼ਿੰਦਗੀ ਤੋਂ ਕੀ ਉਮੀਦ ਕਰਦੇ ਹੋ ਤਾਂ ਤੁਸੀਂ ਕੀ ਕਹੋਗੇ?’ ਉਸ ਨੇ ਕਿਹਾ, ‘ਭੈਣ ਜੀ, ਮੈਂ ਸਿਰਫ਼ ਸ਼ਾਂਤੀ ਤੇ ਅਨੰਦ ਦੀ ਭਾਲ ਵਿੱਚ ਹਾਂ। ਮੈਂਨੂੰ ਉਹ ਸਭ ਕੁਝ ਪਰਾਪਤ ਹੋ ਗਿਆ ਹੈ ਜਿਹੜਾ ਪੈਸਾ ਖ਼ਰੀਦ ਕੇ ਦੇ ਸਕਦਾ ਸੀ। ਪਰ ਹਰ ਵੇਲੇ ਕੋਈ ਭਟਕਣਾ, ਕੋਈ ਅਤ੍ਰਿਪਤੀ ਹੈ ਜਿਹੜੀ ਟਿਕ ਕੇ ਬਹਿਣ ਨਹੀਂ ਦਿੰਦੀ।’
ਪਰਮਾਤਮਾ ਤਕ ਅੱਪੜਨ ਦੇ ਤਰੀਕੇ
ਜੇਕਰ ਪਰਮਾਤਮਾ ਤਕ ਅਪੜਨਾ ਹੀ ਹਰ ਮਨੁੱਖ ਦੀ ਮੰਜ਼ਿਲ ਹੈ ਤਾਂ ਇਹ ਗੱਲ ਵੀ ਮੰਨ ਲੈਣੀ ਚਾਹੀਦੀ ਹੈ ਕਿ ਸਾਰੇ ਅਖੌਤੀ ਧਰਮ ਰਸਤੇ ਹਨ ਅਤੇ ਕੋਈ ਵੀ ਮੰਜ਼ਿਲ ਨਹੀਂ ਹੈ। ਜੇਕਰ ਸਾਰੇ ਰਸਤੇ ਇੱਕੋ ਹੀ ਮੰਜ਼ਲ ’ਤੇ ਪਹੁੰਚਦੇ ਹੋਣ, ਤਾਂ ਕੋਈ ਵੀ ਰਸਤਾ, ਜਿਹੜਾ ਤੁਹਾਡੇ ਘਰ ਕੋਲੋਂ ਸ਼ੁਰੂ ਹੁੰਦਾ ਹੋਵੇ ਜਾਂ ਜਿਹੜਾ ਸੌਖਾ ਲੱਗਦਾ ਹੋਵੇ, ਚੁਣ ਲੈਣਾ ਚਾਹੀਦਾ ਹੈ। ਪਰ ਅਸੀਂ ਸਭ ਉਹੀ ਰਸਤਾ ਚੁਣਦੇ ਹਾਂ ਜਿਹੜਾ ਸਾਨੂੰ ਸਾਡੇ ਜਨਮ ਨਾਲ ਮਿਲਦਾ ਹੈ। ਭਾਵੇਂ ਉਹ ਸਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਵੇ ਜਾਂ ਨਾ। ਭਾਵੇਂ ਉਹ ਸਾਡੇ ਘਰ ਤੋਂ ਬਹੁਤ ਦੂਰ ਤੋਂ ਹੀ ਕਿਉਂ ਨਾ ਸ਼ੁਰੂ ਹੁੰਦਾ ਹੋਵੇ।
ਬੁਨਿਆਦੀ ਤੌਰ ’ਤੇ ਪਰਮਾਤਮਾ ਤਕ ਅੱਪੜਨ ਦੇ ਦੋ ਤਰੀਕੇ ਹਨ: ਸਮਰਪਣ ਤੇ ਸੰਕਲਪ। ਰਸਤਾ ਕੋਈ ਵੀ ਹੋਵੇ, ਹਿਸਾਬ ਸਿੱਧਾ ਤੇ ਸਰਲ ਹੈ। ਜਿਵੇਂ ਕਿਸੇ ਭਾਂਡੇ ਨੂੰ ਭਰਨਾ ਹੋਵੇ, ਤਾਂ ਉਸਦਾ ਖ਼ਾਲੀ ਹੋਣਾ ਜ਼ਰੂਰੀ ਹੈ, ਇਸੇ ਤਰ੍ਹਾਂ ਆਪਣੇ ਆਪ ਨੂੰ ਪਰਮਾਤਮਾ ਨਾਲ ਭਰਨ ਵਾਸਤੇ, ਆਪਣੇ ਹਉਮੈਂ ਦੇ ਘੜੇ ਨੂੰ ਬਿਲਕੁਲ ਖ਼ਾਲੀ ਕਰਨਾ ਪੈਂਦਾ ਹੈ। ‘ਮੈਂ’ ਦੇ ਵਿਦਾ ਹੁੰਦੇ ਹੀ ‘ਤੂੰ’ ਪਰਗਟ ਹੋ ਜਾਂਦਾ ਹੈ। ‘ਮੈਂ’ ਜਾਨੀ ‘ਕਰਤੇ’ ਦਾ ਭਾਵ। ਜਦੋਂ ਤਕ ‘ਮੈਂ ਕੀਤਾ ਹੈ’ ਬਾਕੀ ਰਹੇਗਾ, ਉਦੋਂ ਤਕ ਮੰਜ਼ਿਲ ਦੂਰ ਹੀ ਰਹੇਗੀ। ਨਾਨਕ ਦਾ ‘ਤੇਰਾ ਤੇਰਾ’ ਕਿਸ ਨੂੰ ਭੁੱਲਿਆ ਹੈ?
ਆਓ ਪਹਿਲਾਂ ਸਮਰਪਣ ਦੀ ਗੱਲ ਕਰੀਏ। ਇਸ ਵਿੱਚ ਭਗਤ ਆਪਣਾ ਅਹੰਕਾਰ ਪਰਮਾਤਮਾ ਦੇ ਚਰਨਾਂ ਵਿੱਚ ਰੱਖ, ਆਪਣੇ ਧਾਰਮਿਕ ਸਫ਼ਰ ਦੀ ਯਾਤਰਾ ਸ਼ੁਰੂ ਕਰਦਾ ਹੈ। ਉਹ ‘ਜਿਵ ਜਿਵ ਹੁਕਮੁ ਤਿਵੈ ਤਿਵ ਕਾਰ’ ਵਿੱਚ ਜਿਊਂਦਾ ਹੈ। ਉਸਦੇ ਅੱਥਰੂ ਹੀ ਪਰਮਾਤਮਾ ਦੇ ਚਰਨਾਂ ’ਤੇ ਫੁੱਲਾਂ ਦੀ ਤਰ੍ਹਾਂ ਡਿਗਦੇ ਹਨ। ਭਗਤ ਪੀਪਾ ਜੀ, ਗੁਰੂ ਨਾਨਕ, ਮੀਰਾ, ਤੁਲਸੀ ਦਾਸ, ਤੁੱਕਾ ਰਾਮ, ਗੋਰਖ, ਭਗਤ ਰਵਿਦਾਸ, ਦਾਦੂ ਦਿਆਲ ਵਰਗੇ ਭਗਤ, ਸਮਰਪਣ ਨਾਲ ਪੁੱਜੇ। ਸਮਰਪਣ ਦਾ ਰਸਤਾ ਪਿਆਰ ਦਾ ਰਸਤਾ ਹੈ। ਪਿਆਰ ਵਿੱਚ ਦੂਸਰੇ ਅੱਗੇ ਝੁਕ ਜਾਣਾ ਹੁੰਦਾ ਹੈ। ਤੁਹਾਡੇ ਮਨ ਵਿੱਚ ਕਿਸੇ ਲਈ ਪਿਆਰ ਜਾਗਿਆ। ਤੁਸੀਂ ਉਸ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਸਨੇ ਤੁਹਾਡਾ ਪਿਆਰ ਸਵੀਕਾਰ ਕੀਤਾ। ਤੁਸੀਂ ਉਸਦੇ ਦੇਣਦਾਰ ਹੋ ਜਾਂਦੇ ਹੋ। ਹੁਣ ਤੁਸੀਂ ਸੰਪੂਰਨ ਸਮਰਪਣ ਕਰ ਦਿਓ। ਉਸ ਕੋਲੋਂ ਕੁਝ ਮੰਗਣ ਦੀ ਬਜਾਏ ਸਿਰਫ਼ ਉਸਦੇ ਸ਼ੁਕਰਗੁਜ਼ਾਰ ਹੋ ਜਾਵੋ। ਉਸ ਕੋਲੋਂ ਕੁਝ ਨਾ ਮੰਗੋ। ਜੇਕਰ ਮੰਗ ਹੈ ਤਾਂ ਪਿਆਰ ਨਹੀਂ ਹੈ। ਪਿਆਰ ਦਾ ਦੂਸਰਾ ਨਾ ਹੀ ਸੰਪੂਰਨ ਸਮਰਪਣ ਹੈ। ਜੇਕਰ ਮੰਗ ਹੈ ਤਾਂ ਕਲੇਸ਼ ਹੋਵੇਗਾ। ਤੁਸੀਂ ਉਸ ਕੋਲੋਂ ਕੋਈ ਮੰਗ ਕਰੋਗੇ ਤੇ ਉਹ ਤੁਹਾਡੇ ਕੋਲੋਂ। ਤੁਸੀਂ ਸੰਪੂਰਨ ਸਮਰਪਣ ਨਾਲ ਆਪਣੀ ਹਉਮੈਂ ਦਾ ਘੜਾ ਪੂਰਾ ਖ਼ਾਲੀ ਕਰ ਦਿਓ। ਇੱਕ ਬੂੰਦ ਵੀ ਨਾ ਬਚਾਓ। ਇੱਕ ਬੂੰਦ ਵੀ ਰਸਤਾ ਲੰਬਾ ਕਰ ਦੇਵੇਗੀ। ਜਦੋਂ ‘ਮੈਂ’ ਦਾ ਘੜਾ ਪੂਰਾ ਖ਼ਾਲੀ ਹੋ ਜਾਵੇਗਾ, ਉਦੋਂ ਉਹ ਪਰਮਾਤਮਾ ਨਾਲ ਭਰ ਜਾਵੇਗਾ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਨਸਾਨ ਸਿਰਫ਼ ਇਨਸਾਨ ਨਾਲ ਹੀ ਪਿਆਰ ਕਰ ਸਕਦਾ ਹੈ? ਭਗਤ ਧੰਨਾ ਜੱਟ ਜੀ ਬਾਰੇ ਤੁਹਾਡਾ ਕੀ ਵਿਚਾਰ ਹੈ? ਉਹਨਾਂ ਨੇ ਆਪਣੀ ਸ਼ਰਧਾ ਦੇ ਫੁੱਲ ਇੱਕ ਪੱਥਰ ਅੱਗੇ ਰੱਖ, ਉਸੇ ਵਿੱਚੋਂ ਰੱਬ ਲੱਭ ਲਿਆ ਸੀ। ਉਹਨਾਂ ਨੇ ਆਪਣਾ ਸੰਪੂਰਨ ਸਮਰਪਣ ਇੱਕ ਪੱਥਰ ਅੱਗੇ ਕਰ ਦਿੱਤਾ ਸੀ। ਪਰਮਾਤਮਾ ਕਣ-ਕਣ ਵਿੱਚ ਹੈ। ਇਸ ਕਰਕੇ ਅਸੀਂ ਕਿਸੇ ਕਣ ਨੂੰ ਵੀ ਪੂਰੇ ਸਮਰਪਿਤ ਹੋ ਸਕਦੇ ਹਾਂ। ਪਰਮਾਤਮਾ ਦੀਆਂ ਮਿੱਟੀ ਤੇ ਪੱਥਰਾਂ ਦੀਆਂ ਮੂਰਤੀਆਂ ਪਰਤੀਕ ਹਨ। ਸੰਕੇਤਕ ਹਨ। ਮੱਥੇ ਟੇਕਣ ਦੀਆਂ ਵਸਤੂਆਂ ਤੇ ਤਰੀਕੇ, ਦੋਵੇਂ ਪਰਤੀਕ ਹਨ। ਜਦੋਂ ਅਸੀਂ ਉਹਨਾਂ ਅੱਗੇ ਮੱਥਾ ਟੇਕਦੇ ਹਾਂ, ਤਾਂ ਅਸੀਂ ਆਪਣੀ ‘ਮੈਂ’ ਮੂਰਤੀਆਂ ਦੇ ਅੱਗੇ ਰੱਖ ਦਿੰਦੇ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦੇ ਹਾਂ, ਜਦੋਂ ਪੀਰਾਂ ਦੀਆਂ ਸਮਾਧਾਂ ’ਤੇ ਮੱਥੇ ਟੇਕਦੇ ਹਾਂ, ਤਾਂ ਪਰਮਾਤਮਾ ਦੇ ਕਿਸੇ ਪ੍ਰਤੀਕੀ ਰੂਪ ਨੂੰ ਮੱਥਾ ਟੇਕਦੇ ਹਾਂ। ਇਸ ਨੂੰ ਮੈਂ ਇੱਕ ਸਰੀਰਕ ਅਭਿਆਸ ਕਹਾਂਗੀ। ਪਰ ਕੀ ਅਸੀਂ ਆਪਣੀ ਹਉਮੈਂ ਉੱਥੇ ਛੱਡ ਆਉਂਦੇ ਹਾਂ? ਭਾਵੇਂ ਮੰਦਰ ਜਾਵੋ ਜਾ ਗੁਰਦਵਾਰੇ, ਕੋਈ ਫ਼ਰਕ ਨਹੀਂ ਪੈਂਦਾ। ਬੇਸ਼ਕ ਕਿਸੇ ਬੂਟੇ ਨੂੰ ਜਾਂ ਕਿਸੇ ਦਰਖ਼ਤ ਨੂੰ ਮੱਥਾ ਟੇਕ ਦਿਓ, ਪੂਰੇ ਅਹੁਭਾਵ ਨਾਲ, ਸੰਪੂਰਨ ਸਮਰਪਣ ਨਾਲ। ਇਸ ਭਾਵ ਨਾਲ ਕਿ ‘ਤੂੰ’ ਹੀ ਹੈਂ ‘ਮੈਂ’ ਨਹੀਂ ਹਾਂ। ਸੰਪੂਰਨ ਸਮਰਪਣ ਦਾ ਅਰਥ ਹੀ ਹੈ ਕਿ ‘ਤੂੰ’ ਹੀ ਹੈਂ ‘ਮੈਂ’ ਨਹੀਂ ਹਾਂ।
ਝੁਕਣਾ ਸੌਖਾ ਕੰਮ ਨਹੀਂ ਹੈ। ਸਰੀਰਕ ਝੁਕਣਾ ਤਾਂ ਬਹੁਤ ਸੌਖਾ ਹੈ। ਜਿਵੇਂ ਪਰੇਡ ਕਰ ਰਹੇ ਹੋਈਏ। ਪਰ ਸਰੀਰਕ ਝੁਕਣ ਨਾਲ ਕੁਝ ਖ਼ਾਸ ਨਹੀਂ ਵਾਪਰਦਾ। ਤਾਹੀਂ ਤਾਂ ਸੈਂਕੜੇ, ਹਜ਼ਾਰਾਂ ਲੋਕ ਮੰਦਰਾਂ, ਮਸੀਤਾਂ, ਗੁਰਦਵਾਰਿਆਂ ਤੇ ਗਿਰਜਿਆਂ ਵਿੱਚ ਹਰ ਰੋਜ਼ ਝੁਕਦੇ ਹਨ ਪਰ ਪਰਮਾਤਮਾ ਦੇ ਇੱਕ ਇੰਚ ਵੀ ਨੇੜੇ ਨਹੀਂ ਜਾ ਸਕਦੇ। ਝੁਕਣਾ ਤਾਂ ਅੰਦਰੋਂ ਪਵੇਗਾ। ਸਰੀਰਕ ਝੁਕਣਾ ਤਾਂ ਪਹਿਲੀ ਦੂਜੀ ਜਮਾਤ ਦੀ ਪੜ੍ਹਾਈ ਹੈ। ਇਸ ਨਾਲ ਕਾਲਜ ਦੀ ਡਿਗਰੀ ਨਹੀਂ ਮਿਲਦੀ। ਡਿਗਰੀ ਲੈਣ ਲਈ ਹੋਰ ਮਿਹਨਤ ਕਰਨੀ ਪਵੇਗੀ। ਹੋਰ ਜਮਾਤਾਂ ਪੜ੍ਹਨੀਆਂ ਪੈਣਗੀਆਂ।
ਅੰਦਰੋਂ ਝੁਕਣ ਦਾ ਰਸਤਾ ਹੈ ਪ੍ਰੇਮ। ਅੱਖਾਂ ਵਿੱਚ ਹੰਝੂ ਹੁੰਦੇ ਹਨ, ਦਿਲ ਵਿੱਚ ਉਸ ਪ੍ਰਭੂ ਨਾਲ ਮਿਲਣ ਦੀ ਪੀੜ ਹੁੰਦੀ ਹੈ ਤੇ ਝੁਕਣਾ ਹੋ ਜਾਂਦਾ ਹੈ। ਇਨਸਾਨ ਕਿਸੇ ਇਨਸਾਨ ਦੇ ਪ੍ਰੇਮ ਵਿੱਚ ਪੈ ਕੇ ਵੀ ਉਹੀ ਪੀੜ ਤੇ ਹੇਰਵਾ ਮਹਿਸੂਸ ਕਰਦਾ ਹੈ। ਪਰ ਜਦੋਂ ਉਹੀ ਪ੍ਰੇਮ, ਕਿਸੇ ਇਨਸਾਨ ਦੀ ਥਾਂ, ਸੱਚੇ ਪਿਤਾ ਪਰਮੇਸ਼ਵਰ ਵਲ ਰੁੱਖ ਕਰਦਾ ਹੈ, ਤਾਂ ਉਹ ਪ੍ਰਭੂ ਮਿਲ਼ਨ ਵਿੱਚ ਤਬਦੀਲ ਹੋ ਜਾਂਦਾ ਹੈ। ਜਾਂ ਇੰਜ ਕਹਿ ਲਵੇ ਕਿ ਜਦੋਂ ਇਸ਼ਕ ਮਿਜਾਜ਼ੀ, ਇਸ਼ਕ ਹਕੀਕੀ ਵਿੱਚ ਤਬਦੀਲ ਹੋ ਜਾਂਦਾ ਹੈ, ਤਾਂ ਉਸ ਅਸੀਮ ਮਹਿਬੂਬ ਨਾਲ ਮਿਲਾਪ ਹੋ ਜਾਂਦਾ ਹੈ, ਜਿਸਨੂੰ ਗੁਰੂ ਨਾਨਕ ਨੇ ‘ਖ਼ਸਮ’ ਆਖਿਆ ਹੈ। ਅਸਲ ਵਿੱਚ ਇੱਕ ਇਨਸਾਨ ਦਾ ਇਨਸਾਨੀ ਪ੍ਰੇਮ ਵਿੱਚ ਪੈਣਾ, ਉਸਦੀ ਨਾਸਮਝੀ ਹੈ। ਉਸ ਕੋਲ ਪ੍ਰੇਮ ਦੀ ਤੜਪ ਤਾਂ ਹੈ ਪਰ ਐਨੀ ਸਮਝ ਨਹੀਂ ਕਿ ਉਸਦੇ ਪ੍ਰੇਮ ਦੀ ਤ੍ਰਿਪਤੀ ਤੇ ਸੰਪੂਰਨਤਾ, ਪ੍ਰਭੂ ਮਿਲਾਪ ਨਾਲ ਹੋਣੀ ਹੈ। ਤਾਹੀ ਤਾਂ ਹੁਣ ਤਕ ਕੋਈ ਵੀ ਆਪਣੇ ਪ੍ਰੇਮੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਸਕਿਆ। ਤਾਂਹੀ ਤਾਂ ਤਕਰੀਬਨ ਹਰ ਇਨਸਾਨ, ਇੱਕ ਤੋਂ ਬਾਅਦ ਇੱਕ ਹੋਰ ਸਾਥੀ ਦੀ ਤਲਾਸ਼ ਵਿੱਚ ਲੱਗਾ ਹੈ।
ਦੂਸਰਾ ਰਸਤਾ ਸੰਕਲਪ ਦਾ ਹੈ। ਸੰਕਲਪ ਕਰਨ ਵਾਲੇ ਆਪਣੀ ਸਾਰੀ ਜੀਵਨ ਊਰਜਾ ਪਰਮਾਤਮਾ ਨੂੰ ਪਾਉਣ ਵਿੱਚ ਲਗਾ ਦਿੰਦੇ ਹਨ। ਆਪਣੀ ਸਾਰੀ ਸ਼ਕਤੀ ਨੂੰ ਯਤਨ ਬਣਾ ਦਿੰਦੇ ਹਨ। ਮਹਾਵੀਰ, ਬੁੱਧ, ਪਤੰਜਲੀ ਵਰਗੇ ਸਾਧਨਾ ਕਰਨ ਵਾਲਿਆਂ ਨੇ ਸੰਕਲਪ ਨਾਲ ਪਰਮਾਤਮਾ ਨੂੰ ਪਾਇਆ ਹੈ। ਪਰ ਉਹ ਸਿਰਫ਼ ਸੰਕਲਪ ਨਾਲ ਨਹੀਂ ਮਿਲਦਾ। ਕਿਉਂਕਿ ਸੰਕਲਪ ਕਰਨ ਵਾਲਾ ਕਹੇਗਾ ਕਿ ਉਸਨੇ ਆਪਣੀ ਜਾਤਨਾ ਤੇ ਆਪਣੀ ਘਾਲਣਾ ਨਾਲ ਪਰਮਾਤਮਾ ਪਾਇਆ ਹੈ। ਹਾਲੇ ਵੀ ਉਸਦੇ ਅੰਦਰ ਕਰਤੇ ਦਾ ਭਾਵ ਬਣਿਆ ਰਹੇਗਾ। ਕਿਸੇ ਇੱਕ ਤਰੀਕੇ ਜਾਂ ਫਾਰਮੂਲੇ ਨਾਲ ਪਰਮਾਤਮਾ ਨੂੰ ਪਾਉਣਾ, ਪਰਮਾਤਮਾ ਦਾ ਮੁੱਲ ਹੋ ਜਾਵੇਗਾ। ਕੋਈ ਹਿਸਾਬ ਹੋ ਜਾਵੇਗਾ, ਕੋਈ ਸੌਦਾ ਹੋ ਜਾਵੇਗਾ। ਫੇਰ ਤਾਂ ਪਰਮਾਤਮਾ ਇਨਸਾਨ ਤੋਂ ਵੀ ਛੋਟਾ ਹੋ ਜਾਵੇਗਾ, ਕਿਉਂਕਿ ਇਨਸਾਨ ‘ਉਸਦੀ’ ਕੋਈ ਕੀਮਤ ਨਿਸ਼ਚਤ ਕਰ ਲਵੇਗਾ। ਜਦੋਂ ਸਾਧਕ ਜਾਂ ਯੋਗੀ ਸੰਕਲਪ ਨਾਲ, ਘਾਲਣਾ ਕਰ-ਕਰ ਕੇ ਥੱਕ ਜਾਂਦਾ ਹੈ, ਤਾਂ ਇੱਕ ਇਹੋ ਜਿਹਾ ਸਮਾਂ ਆਉਂਦਾ ਹੈ ਜਦੋਂ ਉਹ ਹਾਰ ਜਾਂਦਾ ਹੈ। ਉਸਦਾ ਹਾਰਨਾ ਅਸਲ ਵਿੱਚ ਉਸਦੇ ਹਉਮੈਂ ਦੀ ਹਾਰ ਹੈ। ਉਸਦੇ ਮਨ ਦੀ ਹਾਰ ਹੈ। ਸੰਕਲਪ ਦਾ ਰਾਹ ਇੱਕ ਥਾਂ ’ਤੇ ਜਾ ਕੇ ਮੁੱਕ ਜਾਂਦਾ ਹੈ ਤੇ ਸਮਰਪਣ ਦੇ ਰਸਤੇ ਵਿੱਚ ਮਿਲ ਜਾਂਦਾ ਹੈ। ਜਦੋਂ ਸੰਕਲਪ ਕਰਨ ਵਾਲਾ ਆਪਣੇ ਆਪ ਨੂੰ, ਪੂਰੇ ਦਾ ਪੂਰਾ ਦਾਅ ’ਤੇ ਲਾ ਦਿੰਦਾ ਹੈ, ਅੰਦਰੋਂ ਝੁਕ ਕੇ ਉਸ ਦੀ ਰਜ਼ਾ ਵਿੱਚ ਆ ਜਾਂਦਾ ਹੈ, ਤਾਂ ਪਰਮਾਤਮਾ ਪਰਗਟ ਹੋ ਜਾਂਦਾ ਹੈ।
ਆਪਣੀ ‘ਮੈਂ’ ਤਾਂ ਦੋਹਾਂ ਰਸਤਿਆਂ ’ਤੇ ਤੁਰਨ ਵਾਲੇ ਨੂੰ ਛੱਡਣੀ ਪੈਂਦੀ ਹੈ। ਸੰਕਲਪ ਕਰਨ ਵਾਲਾ ਆਪਣੀ ‘ਮੈਂ’ ਅਖੀਰ ਵਿੱਚ ਛੱਡਦਾ ਹੈ, ਪਰ ਸਮਰਪਣ ਕਰਨ ਵਾਲਾ ਆਪਣੀ ‘ਮੈਂ’ ਛੱਡ ਕੇ ਹੀ ਆਪਣਾ ਰਸਤਾ ਸ਼ੁਰੂ ਕਰਦਾ ਹੈ। ਸੰਕਲਪ (ਜਾਨੀ ਸਾਧਨਾ) ਦਾ ਰਸਤਾ ਔਖਾ ਹੈ। ਸਾਧਕ ਜਾਂ ਯੋਗੀ ਗੁਫ਼ਾਵਾਂ ਵਿੱਚ ਬੈਠਦਾ ਹੈ, ਰਾਤ ਦੇ ਚੌਥੇ ਪਹਿਰ ਉੱਠ ਕੇ ਸਾਧਨਾ ਕਰਦਾ ਹੈ, ਇੱਕ ਲੱਤ ’ਤੇ ਖੜ੍ਹਾ ਹੁੰਦਾ ਹੈ, ਪਿੰਡੇ ’ਤੇ ਸਵਾਹ ਮਲ਼ਦਾ ਹੈ, ਬ੍ਰਹਮਚਾਰੀਆ ਸਾਧਦਾ ਹੈ, ਭਖਦੇ ਕੋਲਿਆਂ ’ਤੇ ਚਲਦਾ ਹੈ, ਵਰਤ ਰੱਖਦਾ ਹੈ, ਲੋਹੇ ਦੀਆਂ ਛੁਰੀਆਂ ਨਾਲ ਸਰੀਰ ਛਿੱਲਦਾ ਹੈ ਆਦਿ। ਇਹ ਵੀ ਇਨਸਾਨ ਦੀ ਇੱਕ ਧਾਰਨਾ ਹੈ ਕਿ ਸਰੀਰ ਨੂੰ ਕਸ਼ਟ ਪਹੁੰਚਾਉਣ ਨਾਲ ਪਰਮਾਤਮਾ ਮਿਲੇਗਾ। ਸਰੀਰ ਦਾ ਕੀ ਕਸੂਰ ਹੈ? ਉਸ ਨੂੰ ਕਿਉਂ ਸਤਾਉਣਾ? ਕਿਉਂ ਤੰਗ ਕਰਨਾ? ਉਹੀ ਤਾਂ ਸਾਧਨ ਹੈ। ਮਹਾਤਮਾ ਬੁੱਧ ਨੇ ਵੀ ਕਈ ਤਰ੍ਹਾਂ ਦੀ ਸਾਧਨਾ ਕੀਤੀ। ਇੱਕ ਵਾਰ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਸਾਰੇ ਦਿਨ ਵਿੱਚ ਸਿਰਫ਼ ਇੱਕ ਦਾਣਾ ਚਾਵਲ ਹੀ ਧਾਰਨ ਕਰਨਾ ਹੈ। ਇਸ ਤਰ੍ਹਾਂ ਕਰਨ ਨਾਲ ਕੁਝ ਮਹੀਨਿਆਂ ਬਾਅਦ ਉਹ ਐਨੇ ਕਮਜ਼ੋਰ ਹੋ ਗਏ ਕਿ ਇੱਕ ਵਾਰ ਨਿਰੰਜਨਾ ਨਦੀ ਪਾਰ ਨਾ ਕਰ ਸਕੇ। ਇਸ ਤੋਂ ਬਾਅਦ ਉਹਨਾਂ ਇਹ ਸਮਝ ਲਿਆ ਕਿ ਸਰੀਰ ਨੂੰ ਕਸ਼ਟ ਦੇਣ ਨਾਲ ਮੰਜ਼ਲ ਨਹੀਂ ਮਿਲਣ ਲੱਗੀ। ਉਹਨਾਂ ਆਪਣੀਆਂ ਸਾਰੀਆਂ ਜਾਤਨਾਵਾਂ ਛੱਡ ਦਿੱਤੀਆਂ। ਉਸੇ ਰਾਤ ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨ ਹੋਏ ਅਤੇ ਉਹ ਪਰਮ ਨਿਰਵਾਣ ਨੂੰ ਪ੍ਰਾਪਤ ਹੋਏ। ਪਰਮਾਤਮਾ ਸੰਘਰਸ਼ ਨਾਲ ਨਹੀਂ ਮਿਲਦਾ। ਸੰਪੂਰਣ ਸ਼ਰਧਾ ਤੇ ਵਿਸ਼ਵਾਸ ਨਾਲ ਮਿਲਦਾ ਹੈ। ਜਿਵੇਂ ਪਾਣੀ ਵਿੱਚ ਤੈਰਨਾ ਹੋਵੇ ਤਾਂ ਆਪਣਾ ਆਪ ਢਿੱਲਾ ਛਡਣਾ ਪੈਂਦਾ ਹੈ। ਆਪਣੇ ਆਪ ਨੂੰ ਪਾਣੀ ਦੇ ਹਵਾਲੇ ਕਰਨਾ ਪੈਂਦਾ ਹੈ। ਜਿਹੜਾ ਮੌਤ ਤੋਂ ਡਰ ਕੇ ਸੰਘਰਸ਼ ਕਰਦਾ ਹੈ, ਉਹ ਡੁੱਬ ਹੀ ਜਾਂਦਾ ਹੈ।
ਸੰਕਲਪ ਦੇ ਰਸਤੇ ਦਾ ਅੰਤ ਵੀ ਸਮਰਪਣ ਹੈ। ਯਤਨ ਕਰ-ਕਰ ਕੇ ਇਨਸਾਨ ਅੰਤ ਵਿੱਚ ਹਾਰ ਜਾਂਦਾ ਹੈ। ਜਦੋਂ ਸੰਕਲਪ, ਸਮਰਪਣ ਵਿੱਚ ਬਦਲ ਜਾਂਦਾ ਹੈ, ਤਾਂ ਪਰਮਾਤਮਾ ਪਰਗਟ ਹੋ ਜਾਂਦਾ ਹੈ। ਇਹ ਕਹਿਣਾ ਵੀ ਗ਼ਲਤ ਹੈ ਕਿ ਪਰਮਾਤਮਾ ਪਰਗਟ ਹੋ ਜਾਂਦਾ ਹੈ। ‘ਉਸ’ ਨੂੰ ਪਾਇਆ ਜਾ ਲੱਭਿਆ ਨਹੀਂ ਜਾ ਸਕਦਾ। ‘ਉਹ’ ਕੋਈ ਲੁਕਿਆ ਨਹੀਂ ਹੈ। ‘ਉਹ’ ਤਾਂ ਪਰਗਟ ਹੀ ਹੈ। ‘ਉਹ’ ਤਾਂ ਹੈ ਹੀ। ਜਦੋਂ ਕਿਸੇ ਇਨਸਾਨ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ, ਜਦੋਂ ਉਸਦੀ ਪਰਮਾਤਮਾ ਪ੍ਰਤੀ ਪਿਆਸ ਉਜਾਗਰ ਹੋ ਜਾਂਦੀ ਹੈ, ਜਦੋਂ ਉਸ ਨੂੰ ਪਰਮਾਤਮਾ ਦੀ ਯਾਦ ਆ ਜਾਂਦੀ ਹੈ, ਉਦੋਂ ‘ਉਸਦੀ’ ਹੋਂਦ ਦੀ ਸਮਝ ਲੱਗ ਜਾਂਦੀ ਹੈ। ਉਦੋਂ ‘ਉਹ’ ਦਿਸ ਜਾਂਦਾ ਹੈ। ‘ਉਸਨੇ’ ਕਿਤੋਂ ਆਉਣਾ ਨਹੀਂ ਹੈ।
ਸਾਨੂੰ ਪਰਮਾਤਮਾ ਦੇ ਕਈ ਰੂਪਾਂ ਨਾਲ ਰੂਬਰੂ ਕਰਵਾਇਆ ਗਿਆ ਹੈ। ਇਸ ਕਰਕੇ ਮਨ ਉਹਨਾਂ ਰੂਪਾਂ ਵਿੱਚ ਹੀ ਪਰਮਾਤਮਾ ਨੂੰ ਉਡੀਕਦਾ ਹੈ। ਅਸੀਂ ਜਦੋਂ ਤਕ ‘ਉਸਦੀ’ ਇਹਨਾਂ ਰੂਪਾਂ ਵਿੱਚ ਆਉਣ ਦੀ ਉਡੀਕ ਕਰਦੇ ਹਾਂ, ‘ਉਹ’ ਉਦੋਂ ਤਕ ਨਹੀਂ ਆਉਂਦਾ। ਕਿਉਂਕਿ ਉਹ ਤਾਂ ਅਰੂਪ ਹੈ। ਪਰ ਮਜ਼ੇ ਦੀ ਗੱਲ ਹੈ ਕਿ ਪਰਮਾਤਮਾ ਤਾਂ ਉਦੋਂ ਦਿਸਦਾ ਹੈ ਜਦੋਂ ਮਨ ਵਿਸਰਜਿਤ ਹੋ ਚੁੱਕਾ ਹੁੰਦਾ ਹੈ। ਜਦੋਂ ਮਨ ਹੀ ਵਿਦਾ ਹੋ ਜਾਂਦਾ ਹੀ ਤਾਂ ਉਸ ਵੱਲੋਂ ਵੇਖੀਆਂ ਪਰਮਾਤਮਾ ਦੀਆਂ ਸਾਰੀਆਂ ਤਸਵੀਰਾਂ ਵੀ ਉਸਦੇ ਨਾਲ ਹੀ ਮੁੱਕ ਜਾਂਦੀਆਂ ਹਨ। ਫੇਰ ਪਰਮਾਤਮਾ ਇੱਕ ਬੜੇ ਵੱਖਰੇ ਢੰਗ ਨਾਲ ਮਹਿਸੂਸ ਹੁੰਦਾ ਹੈ। ਇੱਕ ਸ਼ਕਤੀ, ਇੱਕ ਉਰਜਾ ਦੀ ਤਰ੍ਹਾਂ ਮਿਲਦਾ ਹੈ। ਕਿਸੇ ਨੂੰ ਸਤਿਅਮ ਦੇ ਰੂਪ ਵਿੱਚ, ਕਿਸੇ ਨੂੰ ਸ਼ਿਵਮ ਤੇ ਕਿਸੇ ਨੂੰ ਸੁੰਦਰਮ ਦੇ ਰੂਪ ਵਿੱਚ!
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2342)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)