“ਕਈ ਆਪਣੀ ‘ਮੈਂ’ ਆਪਣੇ ਮੁਲਕ ਨਾਲ ਜੋੜਦੇ ਹਨ, ਕਈ ਧਰਮ ਨਾਲ, ਕਈ ...”
(7 ਅਗਸਤ 2020)
ਜਦੋਂ 2020 ਆਉਣ ਵਾਲਾ ਸੀ, ਉਦੋਂ ਸਾਰੀ ਦੁਨੀਆ ਨੂੰ ਇਹ ਅੰਕੜੇ ਬੜੇ ਭਾਏ ਸਨ। ਜਿੱਥੇ ਵੀਹ ਸੌ ਵੀਹ (2020) ਕਹਿਣਾ ਸੰਗੀਤਮਈ ਲੱਗ ਹੀ ਰਿਹਾ ਸੀ, ਉੱਥੇ ਇਹ ਇੱਕ ਨਵੇਂ ਦਹਾਕੇ ਦੀ ਸ਼ੁਰੂਆਤ ਵੀ ਸੀ। ਸਾਰਿਆਂ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਇਹ ਸਾਲ ਸਾਡੇ ਸਾਰਿਆਂ ਲਈ ਢੇਰਾਂ ਖ਼ੁਸ਼ੀਆਂ ਲੈ ਕੇ ਆਵੇਗਾ ਤੇ ਇੱਕ ਯਾਦਗਾਰੀ ਸਾਲ ਵੀ ਸਾਬਤ ਹੋਵੇਗਾ। ਅਸੀਂ ਸਾਰੇ ਇਸ ਵਿੱਚੋਂ ਕੁਝ ਚੰਗਾ-ਚੰਗਾ ਉਡੀਕਣ ਲੱਗੇ। ਪਰ 2020 ਦੀ ਪਹਿਲੀ ਤਿਮਾਹੀ ਵਿੱਚ ਹੀ ਸਭ ਕੁਝ ਉਥਲ-ਪੁਥਲ ਹੋ ਗਿਆ। ਦੁਨੀਆ ਦੀ ਹਰ ਭਾਸ਼ਾ ਦੇ ਸ਼ਬਦ-ਕੋਸ਼ ਵਿੱਚ ਇੱਕ ਨਵਾਂ ਲਫ਼ਜ਼ ਸ਼ਾਮਲ ਹੋਇਆ; ਕੋਵਿਡ-19!
ਮਾਰਚ 2020 ਦੇ ਇੱਕ ਦਿਨ ਮੈਂ ਬਜ਼ਾਰ ਜਾਣ ਦੀ ਤਿਆਰੀ ਵਿੱਚ ਸਾਂ। ਕਿਸੇ ਦਾ ਟੈਲੀਫ਼ੋਨ ਆਇਆ। ਉਸਨੇ ਦੱਸਿਆ, ‘ਲੋਕਾਂ ਨੇ ਰਾਸ਼ਨ ਦੀਆਂ ਦੁਕਾਨਾਂ ਖ਼ਾਲੀ ਕਰ ਦਿੱਤੀਆਂ ਹਨ। ‘ਵਾਲਮਾਰਟ’ ਵਰਗੇ ਵੱਡੇ ਸਟੋਰਾਂ ਦੀਆਂ ਸ਼ੈਲਫਾਂ ਵੀ ਖ਼ਾਲੀ ਹੋ ਗਈਆਂ ਹਨ। ਹਰ ਕੋਈ ਕਿਸੇ ਅਣਡਿੱਠੇ ਖ਼ਤਰੇ ਦੀ ਗੱਲ ਕਰ ਰਿਹਾ ਹੈ। ਲੋਕਾਂ ਨੇ ਆਪਣੇ ਘਰਾਂ ਵਿੱਚ ਰਾਸ਼ਨ ਸਾਂਭਣਾ ਸ਼ੁਰੂ ਕਰ ਦਿੱਤਾ ਹੈ। ਕਹਿੰਦੇ ਨੇ ਕਿ ਕੋਈ ਵਾਇਰਸ ਫੈਲ ਗਿਆ ਹੈ ਜਿਹੜਾ ਬਿਨਾਂ ਵੀਜ਼ੇ ਤੋਂ, ਮੁਲਕਾਂ ਦੀਆਂ ਸਰਹੱਦਾਂ ਟੱਪ, ਦਹਿਸ਼ਤ ਤੇ ਤਬਾਹੀ ਮਚਾਉਣ ਨਿਕਲਿਆ ਹੋਇਆ ਹੈ। ਕਿਸੇ ਵੱਡੀ ਮਹਾਂਮਾਰੀ ਦੇ ਸੰਕੇਤ ਨੇ। ਸੈਕੜਿਆਂ ਦੇ ਹਿਸਾਬ ਨਾਲ ਮੌਤਾਂ ਹੋ ਰਹੀਆਂ ਹਨ। ਪਤਾ ਲੱਗਾ ਹੈ ਕਿ ਇਹ ਛੂਤ ਦੀ ਬਿਮਾਰੀ ਹੈ।’ ਮੈਂਨੂੰ ਇਹ ਖ਼ਬਰ ਕੋਈ ਆਮ ਨਹੀਂ ਲੱਗੀ। ਮੈਂ ਸੋਚਿਆ ਕਿ ਜੇ ਇਹ ਬਿਮਾਰੀ ਛੂਤ ਦੀ ਹੈ ਤਾਂ ਲੋਕਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਮੈਂ ਬਜ਼ਾਰ ਜਾਣ ਦੀ ਸਲਾਹ ਨਕਾਰ ਦਿੱਤੀ।
ਦੋ-ਤਿੰਨ ਦਿਨਾਂ ਬਾਅਦ ਮੇਰੇ ਸੂਬੇ, ਉਨਟਾਰੀਓ ਨੇ ਵੀ ਐਮਰਜੈਂਸੀ ਐਕਟ ਲਾ ਦਿੱਤਾ। ਸਭ ਕੁਝ ਬੰਦ ਹੋ ਗਿਆ, ਸਿਵਾਏ ਰਾਸ਼ਨ ਤੇ ਦਵਾਈਆਂ ਦੀਆਂ ਦੁਕਾਨਾਂ ਤੋਂ। ਇਸ ਅਦਿੱਖ ਵਾਇਰਸ ਨੇ ਰੇਲ ਗੱਡੀਆਂ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਮੋਟਰਾਂ-ਗੱਡੀਆਂ ਤੇ ਆਵਾਜਾਈ ਦੇ ਸਾਰੇ ਸਾਧਨ ਸਭ ਬੰਦ ਕਰਵਾ ਦਿੱਤੇ। ਮੁਲਕਾਂ ਦੀਆਂ ਸਰਹੱਦਾਂ ’ਤੇ ਤਾਲੇ ਲਵਾ ਦਿੱਤੇ। ਸਾਰੀ ਦੁਨੀਆ ਵਿੱਚ ਜਿੱਥੇ-ਜਿੱਥੇ ਕੋਈ ਬੈਠਾ ਸੀ, ਉੱਥੇ-ਉੱਥੇ ਹੀ ਬੈਠਾ ਰਹਿ ਗਿਆ। ਸੜਕਾਂ ਤੋਂ ਲੈ ਕੇ ਅਸਮਾਨ ਤਕ, ਸਭ ਕੁਝ ਬੀਆਬਾਨ ਹੋ ਗਿਆ। ਚਾਰੇ ਪਾਸੇ ਚੁੱਪੀ ਛਾ ਗਈ। ਜਿਵੇਂ ਪੂਰੀ ਧਰਤੀ ’ਤੇ ਕਿਸੇ ਐਸੇ ਜ਼ੋਰਾਵਰ ਹੁਕਮਰਾਨ ਦਾ ਰਾਜ ਹੋ ਗਿਆ ਹੋਵੇ, ਜਿਸਨੇ ਜਿਉਂ ਹੀ ਆਪਣੇ ਬੁੱਲ੍ਹਾਂ ’ਤੇ ਉਂਗਲ ਰੱਖੀ, ਸਾਰਾ ਜਹਾਨ ਹੀ ਚੁੱਪ ਹੋ ਗਿਆ।
ਰਾਸ਼ਨ ਸਾਂਭਣ ਦੇ ਲਾਲੇ ਕੀ ਪੈਣੇ ਸਨ, ਟਾਇਲਟ ਪੇਪਰ (Toilet-Paper), ਫੇਸ ਮਾਸਕ (Face-Mask) ਅਤੇ ਰੋਗਾਣੂ-ਮੁਕਤ ਕਰੀਮਾਂ (Hand-Sanitizers) ਵੀ ਮੁੱਕ ਗਈਆਂ। ਮੈਂਨੂੰ ਵਿਕਸਿਤ ਦੇਸ਼ਾਂ ਦੀ ਮਜਬੂਰੀ ’ਤੇ ਹਾਸਾ ਆ ਗਿਆ। ਪਤਾ ਲੱਗਾ ਕਿ ਅਸੀਂ ਵਿਕਸਿਤ ਤਾਂ ਹਾਂ ਪਰ ਦੂਸਰਿਆਂ ’ਤੇ ਨਿਰਭਰ ਹੋ ਕੇ। ਵਿਕਸਿਤ ਮੁਲਕਾਂ ਦੇ ਖ਼ੁਦ-ਮੁਖ਼ਤਿਆਰ ਨਾ ਹੋਣ ਦਾ ਇਹਸਾਸ ਮੈਂਨੂੰ ਪਹਿਲੀ ਵਾਰ ਹੋਇਆ। ਇੱਕ ਸਵਾਲ ਨੇ ਜ਼ਿਹਨ ਨੂੰ ਘੇਰਿਆ; ਕੀ ਹਰ ਮੁਲਕ ਬੁਨਿਆਦੀ ਤੌਰ ’ਤੇ ਖ਼ੁਦ-ਮੁਖ਼ਤਿਆਰ ਹੋਣਾ ਚਾਹੀਦਾ ਹੈ? ਮੈਂ ਸੋਚਿਆ ਕਿ ਕਿਤੇ ਕਿਸੇ ਵਿਕਸਿਤ ਮੁਲਕ ਦਾ ਹਾਲ ਇੱਕ ਅਮੀਰ ਬੱਚੇ ਵਰਗਾ ਤਾਂ ਨਹੀਂ ਜਿਹੜਾ ਨੌਕਰ ਦੇ ਨਾ ਆਉਣ ’ਤੇ ਭੁੱਖਾ ਰਹਿ ਜਾਂਦਾ ਹੈ!? ਉਸਦੀ ਰਸੋਈ ਵਿੱਚ ਸਮਾਨ ਤਾਂ ਇੱਕ ਤੋਂ ਇੱਕ ਵਧੀਆ ਪਿਆ ਹੁੰਦਾ ਹੈ ਪਰ ਉਸ ਨੂੰ ਪਕਾਉਣ ਦੀ ਜਾਚ ਨਹੀਂ ਹੁੰਦੀ। ਘੱਟ ਤੋਂ ਘੱਟ ਉਸ ਨੂੰ ਐਨੀ ਜਾਚ ਤਾਂ ਆਉਣੀ ਹੀ ਚਾਹੀਦੀ ਹੈ ਕਿ ਜ਼ਰੂਰਤ ਵੇਲੇ ਉਹ ਆਪਣਾ ਡੰਗ ਸਾਰ ਸਕੇ। ਮੈਂ ਇਸ ਗੱਲ ਨੂੰ ਬਹੁਤਾ ਵਿਸਥਾਰ ਨਹੀਂ ਦੇਣਾ ਚਾਹੁੰਦੀ। ਤੁਸੀਂ ਸਭ ਸਿਆਣੇ ਹੋ!
ਅੱਜ ਕੋਵਿਡ-19 ਦੇ ਕਾਲ਼ੇ ਬੱਦਲਾਂ ਨੇ ਪੂਰੀ ਧਰਤੀ ਨੂੰ ਆਪਣੀ ਲਪੇਟ ਵਿੱਚ ਲੈ ਆਂਦਾ ਹੈ। ਜਿਹੜੀਆਂ ਖ਼ਬਰਾਂ ਸ਼ੁਰੂ-ਸ਼ੁਰੂ ਵਿੱਚ ਹਲਕੀਆਂ-ਫੁਲਕੀਆਂ ਤੇ ਆਮ ਜਿਹੀਆਂ ਜਾਪਦੀਆਂ ਸਨ, ਉਹਨਾਂ ਨੇ ਸ਼ੈਤਾਨੀ ਰੂਪ ਇਖ਼ਤਿਆਰ ਕਰ ਲਿਆ ਹੈ। ਕਦੀ ਸੋਚ ਨਹੀਂ ਸਾਂ ਸਕਦੇ ਕਿ ਕੋਈ ਬਾਹਰੀ ਤਾਕਤ ਜਾਂ ਕੋਈ ਬਾਹਰੀ ਅਣਜਾਣ ਚੀਜ਼, ਮੁਲਕਾਂ ਦੀਆਂ ਸਰਹੱਦਾਂ ਟੱਪ (ਭਾਵੇਂ ਉਹ ਆਪਸ ਵਿੱਚ ਲੜ ਹੀ ਕਿਉਂ ਨਾ ਰਹੇ ਹੋਣ), ਇੱਕ ਗਲੋਬਲ ਸ਼ਕਲ ਇਖ਼ਤਿਆਰ ਕਰਕੇ ਸਾਰੀ ਧਰਤੀ ’ਤੇ ਹਾਵੀ ਹੋ ਜਾਵੇਗੀ। ਬੜੇ ਮਜ਼ੇ ਦੀ ਗੱਲ ਹੈ ਕਿ ਹੁਣ ਤਕ ਅੱਡ-ਅੱਡ ਮੁਲਕ ਆਪਸ ਵਿੱਚ ਤਾਂ ਲੜਦੇ ਰਹੇ ਹਨ ਪਰ ਕਦੀ ਸਾਰੇ ਇੱਕ ਜੁੱਟ ਹੋ ਕੇ, ਕਿਸੇ ਦੁਸ਼ਮਣ ਨਾਲ ਨਹੀਂ ਸਨ ਲੜੇ। ਦੁਸ਼ਮਣ ਵੀ ਉਹ, ਜਿਹੜਾ ਅਦਿੱਖ ਹੈ, ਜਿਹੜਾ ਲੁਕ ਕੇ ਗੁੱਝਾ ਵਾਰ ਕਰ ਰਿਹਾ ਹੈ, ਜਿਹੜਾ ਨਾ ਦਿਖਾਈ ਦਿੰਦਾ ਹੋਇਆ ਵੀ ਡਾਢਾ ਸ਼ਕਤੀਸ਼ਾਲੀ ਬਣਿਆ ਬੈਠਾ ਹੈ।
ਬੜੀਆਂ ਸਦੀਆਂ ਤੋਂ ਮਨੁੱਖ ਨੇ ਵਿਗਿਆਨ ਰਾਹੀਂ ਕਾਫ਼ੀ ਕੁਝ ਪ੍ਰਾਪਤ ਕੀਤਾ ਹੈ ਪਰ ਇਸ ਵਿਲੱਖਣ ਤੇ ਨਵ-ਜੰਮੇ ਕੋਵਿਡ-19 ਨੇ ਆ ਕੇ ਹਜ਼ਾਰਾਂ ਵਿਗਿਆਨੀਆਂ, ਵਿਗਿਆਨਿਕ ਸੰਸਥਾਨਾਂ ਤੇ ਵਿਗਿਆਨਿਕ ਪ੍ਰੋਯੋਗਸ਼ਾਲਾਵਾਂ ਨੂੰ ਇੱਕ ਨਵਾਂ ਚੁਣੌਤੀ ਦਿੱਤੀ ਹੈ। ਭਾਵੇਂ ਵਿਗਿਆਨੀਆਂ ਨੂੰ ਕੋਵਿਡ-19 ਦਾ ਇਲਾਜ ਲੱਭਦਿਆਂ ਕੁਝ ਮਹੀਨੇ ਹੋ ਗਏ ਹਨ ਪਰ ਵਿਗਿਆਨਿਕ ਪ੍ਰੋਯੋਗਾਂ ਵਾਸਤੇ ਇਹ ਸਮਾਂ ਘੱਟ ਹੈ। ਇਸਦੇ ਕਈ ਕਾਰਨ ਹਨ। ਇੱਕ ਤਾਂ ਵਿਗਿਆਨੀ ਇਸ ਬਿਮਾਰੀ ਤੋਂ ਵਾਕਫ਼ ਨਹੀਂ ਹਨ, ਦੂਜਾ ਇਹ ਹਰ ਬੰਦੇ ਨਾਲ ਅੱਡ-ਅੱਡ ਤਰੀਕਿਆਂ ਨਾਲ ਪੇਸ਼ ਆਉਂਦਾ ਹੈ। ਕਈ ਇਨਸਾਨ ਜਿਨ੍ਹਾਂ ਦੀ ਰੋਗ ਪ੍ਰਤੀਰੋਧਤਾ (Immunity) ਜ਼ਿਆਦਾ ਹੈ, ਉਹ ਇਸ ਨੂੰ ਫੈਲਾਉਣ ਦਾ ਕੰਮ ਤਾਂ ਕਰਦੇ ਹਨ ਪਰ ਉਹ ਆਪ ਇਸ ਵਾਇਰਸ ਤੋਂ ਪਰਭਾਵਤ ਨਹੀਂ ਹੁੰਦੇ। ਜਿਨ੍ਹਾਂ ਲੋਕਾਂ ਦੀ ਰੋਗ ਪ੍ਰਤੀਰੋਧਤਾ ਘੱਟ ਹੈ ਜਾਂ ਉਹ ਪਹਿਲਾਂ ਹੀ ਕਿਸੇ ਬਿਮਾਰੀ ਦਾ ਸ਼ਿਕਾਰ ਹਨ, ਉਹ ਇਸਦੀ ਲਪੇਟ ਵਿੱਚ ਜਲਦੀ ਆ ਜਾਂਦੇ ਹਨ। ਜੇਕਰ ਵਿਗਿਆਨੀ ਅੱਜ-ਕੱਲ੍ਹ ਵਿੱਚ ਇਸਦਾ ਕੋਈ ਇਲਾਜ ਲੱਭ ਵੀ ਲੈਂਦੇ ਹਨ, ਉਸ ਨੂੰ ਕਲੀਨਿਕਾਂ ਵਿੱਚ ਟੈਸਟ ਕੀਤੇ ਬਿਨਾ ਆਮ ਜਨਤਾ ’ਤੇ ਵਰਤ ਨਹੀਂ ਸਕਦੇ। ਹੁਣ ਤਕ ਕਿਸੇ ਨੂੰ ਵੀ ਕੋਵਿਡ ਵਾਸਤੇ ਲੜਨ ਲਈ ਕੋਈ ਹਥਿਆਰ ਨਹੀਂ ਲੱਭਾ। ਪਰ ਜਦੋਂ ਤਕ ਅਸੀਂ ਉਸ ਨਾਲ ਮੁਕਾਬਲਾ ਕਰਨ ਲਈ ਤਿਆਰ ਨਹੀਂ ਹੋ ਜਾਂਦੇ, ਉਦੋਂ ਤਕ ਤਾਂ ਉਸੇ ਦੀ ਹਕੂਮਤ ਚੱਲੇਗੀ।
ਇਤਿਹਾਸ ਗਵਾਹ ਹੈ ਕਿ ਇਨਸਾਨ ਨੇ ਹੁਣ ਤਕ ਰੰਗ-ਰੂਪ, ਅਮੀਰੀ-ਗਰੀਬੀ, ਧਰਮ ਤੇ ਜਾਤ ਕਰਕੇ ਇੱਕ ਦੂਜੇ ’ਤੇ ਕਿੰਨੇ ਤਸ਼ੱਦਦ ਕੀਤੇ ਹਨ। ਪਰ ਕੋਵਿਡ-19 ਨੇ ਆਪਣਾ ਵਾਰ ਕਰਨ ਲੱਗਿਆਂ ਇਸ ਤਰ੍ਹਾਂ ਦੀ ਕੋਈ ਚੋਣ ਨਹੀਂ ਕੀਤੀ। ਉਹ ਤਾਂ ਕਿਸੇ ਨਾਲ ਵੀ ਲਿਹਾਜ ਕਰਨ ਨੂੰ ਤਿਆਰ ਨਹੀਂ। ਉਹ ਇੱਕ ਰੋਡ-ਰੋਲਰ (Road Roller) ਵਾਂਗ ਚੱਲ ਰਿਹਾ ਹੈ। ਮੈਂਨੂੰ ਇਸ ਵਿੱਚੋਂ ਵੀ ਕੁਦਰਤ ਵੱਲੋਂ ਕੋਈ ਵੱਡਾ ਸੁਨੇਹਾ ਮਿਲਦਾ ਜਾਪਦਾ ਹੈ। ਇੰਜ ਜਿਵੇਂ ਕੁਦਰਤ ਸਾਨੂੰ ਸਾਰਿਆਂ ਨੂੰ ਦੱਸ ਰਹੀ ਹੋਵੇ ਕਿ ਅਸੀਂ ਸਭ ਇੱਕੋ ਜੋਤ ਦੇ ਰੂਪ ਹਾਂ ਅਤੇ ਰੰਗ-ਰੂਪ, ਅਮੀਰੀ-ਗਰੀਬੀ, ਧਰਮ ਤੇ ਜਾਤਾਂ ਕਾਰਨ ਵੰਡੇ ਹੋਏ ਨਹੀਂ ਹਾਂ। ਵੇਲਾ ਹੈ ਸਾਰੀਆਂ ਵੰਡਾਂ ਨੂੰ ਭੁਲਾ ਕੇ, ਇਨਸਾਨੀਅਤ ਨੂੰ ਇੱਕ ਨਵੇਂ ਰਾਹ ’ਤੇ ਲੈ ਕੇ ਜਾਣ ਦਾ, ਜਿੱਥੇ ਸਿਰਫ ਖੁਸ਼ੀਆਂ-ਖੇੜੇ ਤੇ ਆਨੰਦ ਹੀ ਆਨੰਦ ਹੋਵੇ।
ਇਨਸਾਨ ਨੇ ਆਪਣੀ ਬੁੱਧੀ ਨਾਲ ਪਾਣੀ, ਧਰਤੀ ਅਤੇ ਅਸਮਾਨ ’ਤੇ ਕਬਜ਼ਾ ਕਰਨ ਲਈ ਕੀ-ਕੀ ਨਹੀਂ ਕੀਤਾ? ਕਿਹੜੇ-ਕਿਹੜੇ ਯੰਤਰ ਨਹੀਂ ਬਣਾਏ? ਬਹੁਤੀ ਲੰਬੀ ਚੌੜੀ ਲਿਸਟ ਦੇਣ ਦੀ ਲੋੜ ਨਹੀਂ। ਅਸੀਂ ਸਾਰੇ ਇੱਕ ਆਧੁਨਿਕ ਯੁਗ ਵਿੱਚ ਵਿਚਰ ਰਹੇ ਹਾਂ। ਜਿੱਥੇ ਇਨਸਾਨ ਨੇ ਧਰਤੀ ਵਿੱਚੋਂ ਚੀਜ਼ਾਂ ਲੱਭਣ ਲਈ ਧਰਤੀ ਦਾ ਕਲੇਜਾ ਪਾੜਿਆ, ਉੱਥੇ ਅਸਮਾਨ ’ਤੇ ਜਿੱਤ ਹਾਸਲ ਕਰਨ ਲਈ ਖਲਾ ਵਿੱਚ ਜਾ ਵੜਿਆ। ਤੇ ਫੇਰ ਸਮੁੰਦਰਾਂ ਵਿੱਚੋਂ ਆਪਣੇ ਲਈ ਹਰ ਤਰ੍ਹਾਂ ਦੀਆਂ ਸ਼ੈਆਂ ਕੱਢਦਾ ਰਿਹਾ। ਪਰ ਇਸ ਸ੍ਰਿਸ਼ਟੀ ਦੇ ਮਾਲਕ ਨੇ ਕੁਝ ਨਾ ਕਿਹਾ। ਉਹ ਆਪਣੀ ਧਰਤੀ ਇਨਸਾਨ ਦੇ ਹੱਥ ਵੱਸ ਦੇ ਕੇ ਚੁੱਪ ਰਿਹਾ। ਉਹ ਫੇਰ ਵੀ ਮਿਹਰਬਾਨ ਰਿਹਾ। ਪਰ ਇਨਸਾਨ ਭੁੱਲ ਹੀ ਗਿਆ ਕਿ ਉਹ ਇਸ ਧਰਤੀ ’ਤੇ ਮਹਿਮਾਨ ਹੈ। ਉਹ ਇਸ ’ਤੇ ਰਹਿ ਤਾਂ ਸਕਦਾ ਹੈ ਪਰ ਇਸ ’ਤੇ ਆਪਣਾ ਕਬਜ਼ਾ ਨਹੀਂ ਕਰ ਸਕਦਾ। ਇਸ ਧਰਤੀ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਨਮੂਨਾ ਤਾਂ ਇਨਸਾਨ ਇਸ ਸ੍ਰਿਸ਼ਟੀ ਦੇ ਮਾਲਕ ਨੂੰ ਦੇ ਹੀ ਚੁੱਕਾ ਹੈ। ਮੇਰੇ ਹਿਸਾਬ ਨਾਲ ਉਹ ਇਸ ਪਰੀਖਿਆ ਵਿੱਚ ਫੇਲ ਕਰ ਦਿੱਤਾ ਗਿਆ ਹੈ। ਪਵਨ ਗੁਰੂ, ਪਾਣੀ ਪਿਤਾ ਤੇ ਧਰਤ ਮਹਤ ਮਾਤਾ ਨੂੰ ਇਨਸਾਨ ਨੇ ਇੰਨਾ ਨਿਰਾਸ਼ ਕਰ ਦਿੱਤਾ ਕਿ ਉਹਨਾਂ ਨੇ ਰਲ ਕੇ ਇਨਸਾਨ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਹੈ। ਇੱਕ ਬੜੇ ਵੱਖਰੇ ਤਰੀਕੇ ਨਾਲ ਕੁਦਰਤ ਨੇ ਆਪਣੀ ਸਰਬੋਤਮਤਾ (Supremacy) ਦਾ ਐਲਾਨ ਕਰ ਦਿੱਤਾ ਹੈ ਤੇ ਇਨਸਾਨ ਨੂੰ ਉਸਦੀ ਬਣਦੀ ਜਗ੍ਹਾ ਦਿਖਾਈ ਹੈ।
ਇਨਸਾਨ ਨੇ ਹਮੇਸ਼ਾ ਹੀ ਆਪਣਾ ਘਰ, ਮੁਹੱਲਾ, ਸ਼ਹਿਰ ਅਤੇ ਦੇਸ਼ ਬਾਰੇ ਹੀ ਸੋਚਿਆ ਹੈ। ਕਦੇ ਕਿਸੇ ਨੇ ਧਰਤੀ ਨੂੰ ਇੱਕ ਇਕਾਈ ਵਜੋਂ ਨਹੀਂ ਦੇਖਿਆ ਜਾਂ ਸੋਚਿਆ। ਆਪੋ-ਆਪਣੀ ਥਾਂ ਇਸ ਮਾਂ ਨੂੰ, ਜਿਹੜੀ ਹਕੀਕਤ ਵਿੱਚ ਕਿਤੋਂ ਵੰਡੀ ਹੋਈ ਨਹੀਂ ਹੈ, ਲੁੱਟਿਆ-ਪੱਟਿਆ ਹੈ ਅਤੇ ਜਿੰਨਾ ਜ਼ਿਆਦਾ ਹੋ ਸਕੇ ਇਸ ਨਾਲ ਦੁਰਵਿਵਹਾਰ ਕੀਤਾ ਹੈ। ਬੜੀਆਂ ਸਦੀਆਂ ਤੋਂ ਤਸੀਹੇ ਸਹਿੰਦੀ ਇਹ ‘ਗਲੋਬਲ ਮਾਂ’ ਰੁੱਸ ਗਈ ਜਾਪਦੀ ਹੈ। ਇੰਜ ਲੱਗਦਾ ਹੈ ਜਿਵੇਂ ਉਸਨੇ ਸਾਨੂੰ ਸਾਰਿਆਂ ਨੂੰ ਝਾੜ-ਝਪਟ ਕੇ ਬਿਠਾ ਦਿੱਤਾ ਹੋਵੇ। ਮੁਲਕਾਂ ਦੇ ਮੁਲਕ, ਕੀ ਕਮਜ਼ੋਰ ਤੇ ਕੀ ਬਲਵਾਨ, ਬੇਵੱਸ ਤੇ ਲਾਚਾਰ ਕਰ ਦਿੱਤੇ ਹਨ। ਅਰਬਾਂ-ਖਰਬਾਂ ਦੀ ਆਬਾਦੀ ਨੂੰ ਕਮਰਿਆਂ ਅੰਦਰ ਬੈਠਣ ’ਤੇ ਮਜਬੂਰ ਕਰ ਦਿੱਤਾ ਹੈ। ਗਲ਼-ਘੋਟਵੀਂ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਊਠ ਕਿਸ ਕਰਵਟ ਬੈਠੇਗਾ, ਅਜੇ ਵੀ ਕਿਸੇ ਨੂੰ ਨਹੀਂ ਪਤਾ।
ਪਰਮ ਪਿਤਾ ਵੱਲੋਂ ਇਨਸਾਨ ਨੂੰ ਭੇਂਟ ਦੇ ਰੂਪ ਵਿੱਚ ਦਿੱਤੀ ਹੋਈ ਧਰਤੀ, ਇਨਸਾਨੀ ਹਉਮੈਂ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਈ। ਇਨਸਾਨ ਨੇ ਪਹਿਲਾਂ ਇਸ ਧਰਤੀ ’ਤੇ ਅਦਿੱਖ ਲਕੀਰਾਂ ਰਾਹੀਂ ਅੱਡ-ਅੱਡ ਮੁਲਕ ਬਣਾਏ। ਫੇਰ ਆਪਣੇ-ਆਪਣੇ ਮੁਲਕ ਨੂੰ ‘ਮੇਰਾ ਮੁਲਕ’ ਕਹਿ ਕੇ ਆਪਣੇ ਹਉਮੈਂ ਨੂੰ ਉੱਚਾ ਚੁੱਕਿਆ। ਫੇਰ ਦੇਸ਼ ਭਗਤੀ ਤੇ ਦੇਸ਼ ਪ੍ਰੇਮ, ਤਸੀਹੇ ਤੇ ਕੁਰਬਾਨੀਆਂ, ਗ਼ੁਲਾਮੀ ਤੇ ਆਜ਼ਾਦੀ ਦੇ ਸਿਲਸਿਲੇ ਸ਼ੁਰੂ ਹੋਏ। ਇਨਸਾਨੀ ਮਨ ਦੀ ਇਹ ਫਿਤਰਤ ਹੈ ਕਿ ਉਹ ਆਪਣੇ ਆਪ ਨੂੰ ਕਿਸੇ ਨਾ ਕਿਸੇ ਚੀਜ਼ ਨਾਲ ਜੋੜਨਾ ਚਾਹੁੰਦਾ ਹੈ। ਕਿਸੇ ਚੀਜ਼ ਨਾਲ ਉਸਦੀ ਸ਼ਨਾਖਤ ਹੋ ਜਾਵੇ ਤਾਂ ਉਸਦੀ ‘ਮੈਂ’ ਮਜ਼ਬੂਤ ਹੋ ਜਾਂਦੀ ਹੈ। ਇਸ ਲਈ ਕਈ ਆਪਣੀ ‘ਮੈਂ’ ਆਪਣੇ ਮੁਲਕ ਨਾਲ ਜੋੜਦੇ ਹਨ, ਕਈ ਧਰਮ ਨਾਲ, ਕਈ ਜਾਤ-ਬਰਾਦਰੀ ਨਾਲ, ਕਈ ਆਪਣੇ ਘਰ-ਪਰਿਵਾਰ ਨਾਲ, ਕਈ ਕਿਸੀ ਰਾਜਨੀਤਕ ਪਾਰਟੀ ਨਾਲ, ਤੇ ਕਈ ਪਦ-ਪ੍ਰਤਿਸ਼ਟਾ ਨਾਲ। ਫੇਰ ਮੁਲਕਾਂ ਵਿਚਕਾਰ ਭਾਵੇਂ ਲੜਾਈਆਂ ਹੋਵਣ ਤੇ ਭਾਵੇਂ ਖੇਡ ਮੁਕਾਬਲੇ, ਸਭ ਹਉਮੈਂ ਦੀ ਖ਼ੁਰਾਕ ਹੀ ਬਣਦੇ ਹਨ। ਭਲਾ ਪੁੱਛੋ ਕਿਹੜਾ ਦੇਸ਼? ਪਰਮ ਪਿਤਾ ਨੇ ਸਾਨੂੰ ਧਰਤੀ ਦਿੱਤੀ ਸੀ, ਦੇਸ਼ ਨਹੀਂ। ਜ਼ਰਾ ਵਿਚਾਰ ਕਰੀਏ ਕਿ ਜੇਕਰ ਇਹ ਧਰਤੀ ਜੋ ਕਿ ਅਸਲ ਵਿੱਚ ਇੱਕ ਇਕਾਈ ਹੈ, ਨੂੰ ਨਕਸ਼ਿਆਂ ਵਿੱਚ ਨਾ ਵੰਡਿਆ ਜਾਂਦਾ, ਤਾਂ ਅੱਜ ਦੁਨੀਆ ਦਾ ਇਤਿਹਾਸ ਕਿਸ ਤਰ੍ਹਾਂ ਦਾ ਹੁੰਦਾ? ਚੰਗਾ ਹੁੰਦਾ ਜਾਂ ਮਾੜਾ?
ਪਰ ਇੱਥੇ ਹੀ ਬੱਸ ਨਹੀਂ ਹੋਈ। ਜਿੱਥੇ ਇੱਕ ਪਾਸੇ ਧਰਤੀ ’ਤੇ ਇਨਸਾਨੀ ਵੱਸੋਂ, ਗਰੀਬੀ ਦਾ ਕਰੋਪ, ਕੂੜਿਆਂ ਦੇ ਢੇਰ, ਹਰ ਤਰ੍ਹਾਂ ਦਾ ਪਰਦੂਸ਼ਣ, ਹਰੇ ਜੰਗਲਾਂ ਦੀ ਥਾਂ ਸੀਮੈਂਟ ਦੇ ਜੰਗਲ ਵਧੇ, ਉੱਥੇ ਦੂਜੇ ਪਾਸੇ ਇਨਸਾਨ ਅਸਮਾਨ ਦਾ ਸੀਨਾ ਚੀਰ, ਹੋਰ ਧਰਤੀਆਂ ਨੂੰ ਲੱਭਣ ਨਿਕਲ਼ ਪਿਆ। ਪਰ ਸਵਾਲ ਇਹ ਹੈ ਕਿ ਇਸ ਧਰਤੀ ਨਾਲ ਅਸੀਂ ਕੀ ਕੀਤਾ ਹੈ? ਕਿੰਨੀ ਕੁ ਸਾਂਭੀ ਹੈ? ਕੀ ਜੋ ਇਸ ਨਾਲ ਕੀਤਾ ਹੈ, ਉਹੀ ਬਾਕੀ ਧਰਤੀਆਂ ਨਾਲ ਵੀ ਕਰਾਂਗੇ? ਅਜੇ ਤਾਂ ਮੰਗਲ ਗ੍ਰਹਿ ’ਤੇ ਕੋਈ ਸਰਹੱਦਾਂ ਨਹੀਂ ਹਨ, ਕੋਈ ਮੁਲਕ ਨਹੀਂ ਹਨ। ਪਰ ਜਦੋਂ ਇਨਸਾਨ ਉੱਥੇ ਰਹੇਗਾ, ਕੀ ਉਹ ਉੱਥੇ ਸਰਹੱਦਾਂ ਨਹੀਂ ਬਣਾਵੇਗਾ? ਕੀ ਉੱਥੇ ਫੈਕਟਰੀਆਂ ਨਹੀਂ ਲਾਵੇਗਾ? ਕੀ ਉਹ ਉੱਥੇ ਆਪਣੇ ਮੁਲਕ ਦੀਆਂ ਸਰਹੱਦਾਂ ਨੂੰ ਧੱਕੇ ਲਾ-ਲਾ ਵੱਡਾ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ? ਕੀ ਬਰਤਾਨੀਆ ਵਰਗੀਆਂ ਸਰਕਾਰਾਂ ਉੱਥੇ ਨਹੀਂ ਆਉਣਗੀਆਂ? ਕੀ ਉਹ ਫੇਰ ਅੱਡ-ਅੱਡ ਮੁਲਕਾਂ ’ਤੇ ਧੱਕੇਸ਼ਾਹੀ ਤੇ ਤਸੀਹੇ ਕਰ-ਕਰ, ਉਹਨਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰਨਗੀਆਂ? ਕੀ ਇੱਕ ਵਾਰੀ ਫੇਰ ਦੇਸ਼ ਪ੍ਰੇਮੀ ਆਪਣੀਆਂ ਜਵਾਨੀਆਂ ਸੂਲ਼ੀਆਂ ’ਤੇ ਟੰਗ, ਫਾਂਸੀ ਦੇ ਰੱਸੇ ਚੁੰਮ-ਚੁੰਮ ਇਤਿਹਾਸ ਨਹੀਂ ਬਣਾਉਣਗੇ?
ਕੁਆਰਨਟੀਨ ਵਿੱਚ ਆਪਣੇ ਪਰਿਵਾਰ ਨਾਲ ਬੈਠ, ਕੱਲ੍ਹ ਹੀ ਪੰਜ ਡਾਲਰ ਖ਼ਰਚ, ਇੰਟਰਨੈੱਟ ’ਤੇ ਇੱਕ ਬੱਚਿਆਂ ਦੀ ਅੰਗਰੇਜ਼ੀ ਫਿਲਮ ‘ਮੋਆਨਾ’ ਦੇਖ ਰਹੀ ਸਾਂ। ਇਹ ਫਿਲਮ ਕਿਸੇ ਵੀ ਫ੍ਰੀ ਚੈਨਲ ’ਤੇ ਉਪਲਬਧ ਨਾ ਹੋਣ ਕਾਰਨ, ਡਾਲਰ ਖਰਚ ਕੇ ਵੇਖਣੀ ਪਈ। ਉਸ ਫਿਲਮ ਦੀ ਕਹਾਣੀ ਅੱਜ ਦੇ ਮਾਹੌਲ ਨਾਲ ਢੁੱਕਵੀਂ ਸੀ। ਇੱਕ ਦੈਂਤ ਧਰਤੀ ਮਾਂ ਦਾ ਦਿਲ ਕੱਢ ਕੇ ਲੈ ਜਾਂਦਾ ਹੈ। ਧਰਤੀ ਮਾਂ ਸ਼ੈਤਾਨ ਬਣ ਜਾਂਦੀ ਹੈ ਤੇ ਧਰਤੀ ’ਤੇ ਕਰੋਪੀ ਕਰਦੀ ਹੈ। ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ ਅਤੇ ਹਰ ਪਾਸੇ ਕਾਰੋਬਾਰ ਵਿੱਚ ਨੁਕਸਾਨ ਹੋਣ ਲੱਗ ਜਾਂਦਾ ਹੈ। ਆਖ਼ਰ ਵਿੱਚ ਮੋਆਨਾ, ਜਿਹੜੀ ਕਿ ਇੱਕ ਬਾਰਾਂ-ਕੁ ਸਾਲਾਂ ਦੀ, ਕਿਸੇ ਕਬੀਲੇ ਦੀ ਕੁੜੀ ਹੁੰਦੀ ਹੈ, ਆਪਣੀ ਹਿੰਮਤ ਨਾਲ, ਧਰਤੀ ਮਾਂ ਦਾ ਦਿਲ ਵਾਪਸ ਰੱਖ ਆਉਂਦੀ ਹੈ। ਦਿਲ ਦੇ ਵਾਪਸ ਰੱਖਦਿਆਂ ਹੀ ਧਰਤੀ, ਜਿਹੜੀ ਕਿ ਇੱਕ ਸ਼ੈਤਾਨੀ ਰੂਪ ਇਖ਼ਤਿਆਰ ਕਰੀ ਬੈਠੀ ਹੁੰਦੀ ਹੈ, ਮੁੜ ਮਾਂ ਦੇ ਮਮਤਾ ਭਰੇ ਰੂਪ ਵਿੱਚ ਆ ਜਾਂਦੀ ਹੈ। ਫ਼ਸਲਾਂ ਠੀਕ ਹੋ ਜਾਂਦੀਆਂ ਹਨ ਤੇ ਜੀਵਨ ਫੇਰ ਆਮ ਵਰਗਾ ਹੋ ਜਾਂਦਾ ਹੈ। ਮੈਂਨੂੰ ਲੱਗਿਆ ਜਿਵੇਂ ਅਸੀਂ ਵੀ ਆਪਣੀ ਧਰਤੀ ਮਾਂ ਨੂੰ ਸਤਾ-ਸਤਾ ਕੇ ਸ਼ੈਤਾਨ ਬਣਾ ਦਿੱਤਾ ਹੈ। ਆਪਸੀ ਪਿਆਰ ਦਾ ਮੁੱਕਣਾ, ਮੁਆਫ਼ ਨਾ ਕਰਨ ਦੀ ਸ਼ਕਤੀ ਦਾ ਨਾ ਹੋਣਾ, ਕੁਦਰਤ ਦੇ ਪ੍ਰਤੀ ਨਜ਼ਰ ਅੰਦਾਜ਼ ਤੇ ਮਤਲਬੀ ਹੋਣਾ, ਸਿਰਫ਼ ਦੁਨਿਆਵੀ ਚੀਜ਼ਾਂ ਦੀ ਪ੍ਰਾਪਤੀ ਦੀ ਲਾਲਸਾ ਨਾਲ ਹੋ ਰਹੀਆਂ ਵਧੀਕੀਆਂ ਅਤੇ ਹੋਰ ਨਜਾਇਜ਼ ਕਰਤੂਤਾਂ ਤੋਂ ਧਰਤੀ ਮਾਂ ਵੀ ਰੁੱਸ ਗਈ ਜਾਪਦੀ ਹੈ। ਇੰਜ ਲੱਗਦਾ ਹੈ ਜਿਵੇਂ ਇਹ ਧਰਤ ਮਹਤ ਸਾਨੂੰ ਸਾਰਿਆਂ ਨੂੰ ਝਿੜਕ ਕੇ, ਸ਼ਾਂਤੀ ਨਾਲ ਚੁੱਪ ਬੈਠਣ ਦਾ ਸਬਕ ਦੇ ਰਹੀ ਹੋਵੇ।
ਹਾਲੇ ਤਕ ਇਨਸਾਨ ਨੂੰ ਆਪਣੀਆਂ ਲੋੜਾਂ ਅਤੇ ਸੰਤੁਸ਼ਟੀ ਵਿੱਚ ਸੰਤੁਲਨ ਕਰਨਾ ਨਹੀਂ ਆਇਆ। ਉਹ ਸਿਰਫ ਆਪਣੇ ਲਈ ਹੀ ਧਨ ਤੇ ਸੁਖ-ਸੁਵਿਧਾਵਾਂ ਇਕੱਠੀਆਂ ਨਹੀਂ ਕਰਨੀਆਂ ਚਾਹੁੰਦਾ, ਬਲਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਰਮਾਇਆ ਛੱਡ ਕੇ ਜਾਣਾ ਚਾਹੁੰਦਾ ਹੈ। ਇਸ ਗੱਲ ਦਾ ਉਸ ਨੂੰ ਪੂਰਾ ਗਿਆਨ ਹੈ ਕਿ ਇਹ ਸਾਰੀਆਂ ਦੁਨਿਆਵੀ ਸ਼ੈਆਂ ਜਿਹੜੀਆਂ ਉਸ ਨੂੰ ਕਿੰਨੀਆਂ ਵੀ ਚੰਗੀਆਂ ਕਿਉਂ ਨਾ ਲੱਗਦੀਆਂ ਹੋਣ, ਜਾਂ ਉਹ ਉਸਨੇ ਕਿੰਨੀ ਵੀ ਯਾਤਨਾ ਨਾਲ ਹਾਸਲ ਕਿਉਂ ਨਾ ਕੀਤੀਆਂ ਹੋਣ, ਉਹ ਇਸੇ ਧਰਤੀ ’ਤੇ ਛੱਡ ਜਾਵੇਗਾ। ਫੇਰ ਵੀ ਉਹ, ਹੋਰ ਤੇ ਹੋਰ ਅਮੀਰ ਹੋਣਾ ਚਾਹੁੰਦਾ ਹੈ। ਮੈਂ ਕਹਿੰਦੀ ਹਾਂ ਕਿ ਬਥੇਰੇ ਨੂੰ ਹੀ ਅਮੀਰੀ ਸਮਝਣਾ ਚਾਹੀਦਾ ਹੈ। ਪਰ ਸਾਡੀ ਇਸ ਧਰਤੀ ’ਤੇ ਕੁਝ ਗਿਣਤੀ ਦੇ ਅਮੀਰਾਂ ਦੇ, ਹੋਰ ਤੇ ਹੋਰ ਅਮੀਰ ਹੋਣ ਦੀ ਲਾਲਸਾ ਨੇ, ਕੁਦਰਤੀ ਸੰਤੁਲਨ ਖਰਾਬ ਕਰ ਕੇ ਰੱਖ ਦਿੱਤਾ ਹੈ। ਉਦਯੋਗਿਕਤਾ (Industralization) ਨੇ ਧਰਤੀ, ਪਾਣੀ ਤੇ ਅਸਮਾਨ ਨੂੰ ਹੱਦੋਂ ਵੱਧ ਪ੍ਰਦੂਸ਼ਤ ਕਰ ਦਿੱਤਾ ਹੈ। ਜੇਕਰ ਇਨਸਾਨ ਦੇ ਮਨ ਵਿੱਚ ਇਸ ਸਮੱਸਿਆ ਨੂੰ ਠੱਲ੍ਹ ਪਾਉਣ ਦਾ ਵਿਚਾਰ ਨਾ ਆਇਆ, ਤਾਂ ਕੁਦਰਤ ਨੇ ਇਹ ਬੀੜਾ ਆਪਣੇ ਸਿਰ ਚੁੱਕ ਲੈਣਾ ਹੈ ਜਿਸਦੇ ਸੰਕੇਤ ਨਜ਼ਰ ਆ ਹੀ ਰਹੇ ਹਨ।
ਜਿੱਥੇ ਕੋਵਿਡ-19 ਨੇ ਬਹੁਤ ਤਬਾਹੀ ਮਚਾਈ ਹੈ, ਉੱਥੇ ਕੁਝ-ਕੁਝ ਚੰਗਾ ਵੀ ਹੋ ਰਿਹਾ ਹੈ। ਰੇਲ ਗੱਡੀਆਂ ਤੇ ਕਾਰਾਂ ਮੋਟਰਾਂ ਕੀ, ਇਸ ਅਦਿੱਖ ਸ਼ੱਤਰੂ ਨੇ ਹਵਾਈ ਜਹਾਜ਼ਾਂ ਨੂੰ ਵੀ ਧੂਹ ਕੇ ਜ਼ਮੀਨ ’ਤੇ ਲਿਆ ਖੜ੍ਹਾ ਕੀਤਾ ਹੈ। ਪਟਰੋਲ ਦੀ ਖਪਤ ਘਟ ਗਈ ਤੇ ਕੀਮਤਾਂ ਡਿਗ ਪਈਆਂ। ਫੈਕਟਰੀਆਂ, ਆਵਾਜਾਈ, ਦੁਕਾਨਾਂ, ਕਾਰੋਬਾਰ ਸਭ ਠੱਪ ਹੈ। ਇਸ ਕਰਕੇ ਕੁਝ ਹੀ ਦਿਨਾਂ ਵਿੱਚ ਗਲੋਬਲ ਅਸਮਾਨ ਜ਼ਹਿਰੀਲੀਆਂ ਗੈਸਾਂ ਤੋਂ ਮੁਕਤ ਹੋ ਕੇ ਨੀਲਾ ਦਿਸਣ ਲੱਗ ਪਿਆ ਹੈ। ਮੈਂਨੂੰ ਇੰਜ ਜਾਪਦਾ ਹੈ ਜਿਵੇਂ ਕਿਸੇ ਮਾਂ ਨੇ ਝਿੜਕ ਕੇ ਬੱਚਿਆਂ ਨੂੰ ਇੱਕ ਪਾਸੇ ਬਿਠਾ ਦਿੱਤਾ ਹੋਵੇ ਤੇ ਆਪ ਸ਼ਾਂਤੀ ਨਾਲ ਸਾਰੇ ਘਰ ਦੀ ਸਫ਼ਾਈ ਵਿੱਚ ਲੱਗ ਗਈ ਹੋਵੇ। ਇਸ ਤਰ੍ਹਾਂ ਦੀ ਗਲੋਬਲ ਚੁੱਪੀ ਤੇ ਸ਼ਾਂਤੀ ਤਾਂ ਗਲੋਬਲ ਮਾਂ ਹੀ ਕਰਵਾ ਸਕਦੀ ਹੈ। ਸ਼ਾਇਦ ਕੁਦਰਤ ਨੇ ਇਸ ਰੂਪ ਵਿੱਚ ਆ ਕੇ ਇਨਸਾਨ ਨੂੰ ਚੁੱਪ ਕਰ ਕੇ ਬੈਠਣ ਦਾ ਸੁਨੇਹਾ ਦਿੱਤਾ ਹੈ। ਮਾਂ ਦੇ ਬੜੇ ਰੂਪ ਹੁੰਦੇ ਹਨ। ਮਮਤਾ ਦੀ ਦੇਵੀ ਜੇ ਗ਼ੁੱਸੇ ਵਿੱਚ ਆ ਜਾਵੇ ਤਾਂ ਚੰਡੀ ਦਾ ਰੂਪ ਇਖ਼ਤਿਆਰ ਕਰ ਲੈਂਦੀ ਹੈ। ਪਰ ਅਸੀਂ ਸਭ ਜਾਣਦੇ ਹਾਂ ਕਿ ਮਾਂ ਤਾਂ ਮਾਂ ਹੀ ਹੁੰਦੀ ਹੈ ਤੇ ਉਸ ਦਾ ਗ਼ੁੱਸਾ ਪਲਾਤਾ ਹੁੰਦਾ ਹੈ।
ਕੁਦਰਤ ਨੇ ਇਨਸਾਨ ਨੂੰ ਭੱਜੋ-ਨੱਸੀ ਵਾਲੀ ਜ਼ਿੰਦਗੀ ਤੋਂ ਮੁਕਤ ਕਰ, ਕੁਝ ਦਿਨਾਂ ਲਈ ਚੁੱਪ ਕਰਕੇ ਬੈਠਣ ’ਤੇ ਮਜਬੂਰ ਕਰ ਦਿੱਤਾ ਹੈ। ਸਕੂਲ ਕਾਲਜਾਂ ਦੇ ਬੰਦ ਹੋਣ ਨਾਲ ਬੱਚੇ ਘਰਾਂ ਅੰਦਰ ਬੈਠੇ ਹਨ। ਮੌਕਾ ਮਾੜਾ ਤਾਂ ਹੈ ਪਰ ਇੱਕ ਵਾਰ ਫੇਰ ਆਪਣੇ ਘਰ ਦੀ ਚਾਰ ਦੀਵਾਰੀ ਵਿੱਚ ਬੰਦ ਹੋ ਕੇ ਆਪਣੇ ਪਰਿਵਾਰ ਨਾਲ ਮੁੜ ਜੁੜਨ ਦਾ ਵੀ ਹੈ। ਪੱਛਮੀ ਮੁਲਕਾਂ ਵਿੱਚ ਭੱਜ-ਦੌੜ ਦੀ ਜ਼ਿੰਦਗੀ, ਜਿਸ ਵਿੱਚ ਸ਼ਾਂਤੀ ਅਤੇ ਸੁਖ-ਚੈਨ ਗਵਾਚਦਾ ਜਾ ਰਿਹਾ ਹੈ, ਨੂੰ ਮੁੜ ਸੋਚਣ ਦਾ ਮੌਕਾ ਮਿਲਿਆ ਹੈ। ਇਹਨਾਂ ਮੁਲਕਾਂ ਵਿੱਚ ਮਾਂ-ਬਾਪ ਕੋਲ ਬੱਚਿਆਂ ਲਈ ਸਮਾਂ ਬੜਾ ਘੱਟ ਹੈ। ਕਈ ਬੱਚੇ ਆਪਣੇ ਮਾਂ-ਬਾਪ ਨਾਲ ਕਈ-ਕਈ ਚਿਰ ਸਮਾਂ ਨਹੀਂ ਬਿਤਾ ਸਕਦੇ। ਹੁਣ ਵੇਲਾ ਹੈ ਇੱਕ ਦੂਜੇ ਨਾਲ ਜੁੜਨ ਦਾ। ਜਿੱਥੇ ਕੁਆਰਨਟੀਨ ਕਰਕੇ ਪਰਿਵਾਰਾਂ ਦੇ ਮਿਲਜੁਲ ਕੇ ਬੈਠਣ ਦਾ ਸਬੱਬ ਜੁੜਿਆ ਹੈ, ਉੱਥੇ ਕਈਆਂ ਨੇ ਉਹਨਾਂ ਕੰਮਾਂ/ਸ਼ੌਕਾਂ ਨੂੰ ਵੀ ਤਰਤੀਬ ਦਿੱਤੀ ਹੈ ਜਿਹੜੇ ਵਕਤ ਦੀ ਕਮੀ ਕਾਰਨ ਅਣਗੌਲੇ ਰਹਿ ਗਏ ਸਨ।
ਦੁਨੀਆ ਬੇਚੈਨ ਹੈ। ਕਮਰਿਆਂ ਵਿੱਚ ਕੁਝ ਕੀਤੇ ਬਿਨਾਂ ਬੈਠਣਾ ਨਹੀਂ ਆਉਂਦਾ। ਕਦੀ ਬੈਠੇ ਹੀ ਨਹੀਂ। ਕੋਈ ਬੇਚੈਨੀ, ਕੋਈ ਕਸ਼ਮਕਸ਼ ਹੈ। ਕਿਸੇ ਦੂਸਰੇ ਦਾ ਸਾਥ ਚਾਹੀਦਾ ਹੈ। ਇਹ ਕੁਆਰਨਟੀਨ ਤਾਂ ਬੜੀ ਸੌਖੀ ਲੰਘ ਗਈ ਹੈ। ਸ਼ੁਕਰ ਹੈ ਇਲੈੱਕਟ੍ਰਾਨਿਕ ਯੰਤਰਾਂ (Electronic Gadgets) ਅਤੇ ਇੰਟਰਨੈੱਟ (Internet) ਦਾ। ਪਰ ਇਨਸਾਨ ਦੇ ਇਕੱਲੇ ਤੇ ਚੁੱਪ ਬੈਠਣ ਦਾ ਇਮਤਿਹਾਨ ਤਾਂ ਉਦੋਂ ਹੋਵੇਗਾ ਜਦੋਂ ਕਿਤੇ ਉਸ ਕੋਲ ਇਹ ਸਾਰੀਆਂ ਚੀਜ਼ਾਂ ਦੀ ਸਹੂਲਤ ਵੀ ਨਹੀਂ ਹੋਵੇਗੀ। ਉਪਰੋਕਤ ਸੁਖ-ਸੁਵਿਧਾਵਾਂ ਦੇ ਹੁੰਦਿਆਂ-ਸੁੰਦਿਆਂ ਹੋਇਆਂ ਵੀ, ਇਨਸਾਨ ਤੜਫ਼ ਉੱਠਿਆ ਹੈ। ਚਾਰ ਦੀਵਾਰੀ ਵਿੱਚ ਬੈਠਣ ਨਹੀਂ ਹੁੰਦਾ ਕਿਉਂਕਿ ਮੂਲ ਰੂਪ ਵਿੱਚ ਹੀ ਉਹ ਬੇਚੈਨ ਤੇ ਪਰੇਸ਼ਾਨ ਹੈ। ਸ਼ਾਇਦ ਕੁਦਰਤ ਦਾ ਇਹ ਇੱਕ ਛੋਟਾ ਜਿਹਾ ਸੁਨੇਹਾ ਜਾਂ ਤਾੜਨਾ ਹੈ ਕਿ ਇਨਸਾਨ ਆਪਣੀ ਰਫ਼ਤਾਰ ਥੋੜ੍ਹੀ ਘੱਟ ਕਰੇ। ਐਨੀ ਭੱਜੋ-ਨੱਸੀ ਤੋਂ ਬਾਅਦ ਵੀ ਕਿੱਥੇ ਅੱਪੜਨਾ ਹੈ? ਮੌਤ ਨੂੰ ਹੀ ਤਾਂ ਹੱਥ ਲਾਉਣਾ ਹੈ। ਸਾਡੀ ਸਾਰਿਆਂ ਦਾ ਓਹੀ ਅੰਤ ਹੈ। ਫੇਰ ਅਸੀਂ ਸਾਰੇ ਆਪੋ ਆਪਣੇ ਰਹਿੰਦੇ ਸਫ਼ਰ ਦਾ ਅਨੰਦ ਕਿਉਂ ਨਹੀਂ ਲੈ ਰਹੇ? ਕਿਸ ਰੇਸ ਵਿੱਚ ਦੌੜ ਰਹੇ ਹਾਂ? ਕੁਦਰਤ ਸਾਨੂੰ ਕੁਝ ਚਿਰ ਆਰਾਮ ਨਾਲ ਬੈਠਣ ਲਈ ਕਹਿ ਰਹੀ ਹੈ। ਜਦੋਂ ਇਨਸਾਨ ਆਪਣੇ ਆਪ ਨਾਲ ਬੈਠਣ ਲੱਗ ਜਾਂਦਾ ਹੈ, ਫੇਰ ਜੋ ਬਾਹਰੋਂ ਨਹੀਂ ਲੱਭਿਆ, ਅੰਦਰੋਂ ਹੀ ਲੱਭ ਜਾਂਦਾ ਹੈ। ਦਵੈਤ ਮਿਟ ਜਾਂਦਾ ਹੈ। ਦਵੰਦ ਮਿਟ ਜਾਂਦਾ ਹੈ। ਆਪਣੇ ਅੰਦਰ ਹੀ ਸੰਪੂਰਨਤਾ ਦਾ ਇਹਸਾਸ ਹੋ ਜਾਂਦਾ ਹੈ। ਮੈਂ ਵੀ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਇਨਸਾਨ ਕੁਝ ਦਿਨਾਂ ਲਈ, ਆਪਣੀ ਮਰਜ਼ੀ ਨਾਲ, ਸਾਰੇ ਇਲੈੱਕਟ੍ਰਾਨਿਕ ਯੰਤਰਾਂ ਅਤੇ ਇੰਟਰਨੈੱਟ ਤੋਂ ਮੁਕਤ ਹੋ, ਚੁੱਪ ਕਰਕੇ ਆਪਣੇ ਨਾਲ ਬੈਠੇ ਤੇ ਆਪਣੇ ਅੰਦਰ ਹੀ ਸੰਪੂਰਨਤਾ ਲੱਭਣ ਦੀ ਕੋਸ਼ਿਸ਼ ਕਰੇ। ਮੈਂ ਉਸੇ ਨੂੰ ‘ਸੰਪੂਰਨ ਕੁਆਰਨਟੀਨ’ ਕਹਾਂਗੀ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2284)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com