“ਧਰਤੀ ਅੱਜ ਬੰਜਰ ਹੋਣ ਕਿਨਾਰੇ ਹੈ, ਤੇ ਇਸਦਾ ਜ਼ਿੰਮੇਵਾਰ ਕੋਈ ਹੋਰ ਨਹੀਂ ...”
(ਮਾਰਚ 18, 2016)
ਗੁਰਬਾਣੀ ਦੇ ਪਵਿੱਤਰ ਮਹਾਂਵਾਕ, “ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ” ਅਨੁਸਾਰ ਅਸੀਂ ਇਹ ਤਾਂ ਮੰਨ ਲੈਂਦੇ ਹਾਂ ਕਿ ਪਾਣੀ ਪਿਤਾ ਏ, ਤੇ ਧਰਤੀ ਮਾਤਾ, ਪਰ ਜੇ ਦੇਖਿਆ ਜਾਵੇ ਤਾਂ ਅਸੀਂ ਮਾਤਾ ਤੇ ਪਿਤਾ ਦੋਵਾਂ ਦਾ ਜੋ ਨਿਰਾਦਰ ਕਰ ਰਹੇ ਹਾਂ ਇਵੇਂ ਤਾਂ ਕੋਈ ਮਤਰੇਈ ਔਲਾਦ ਵੀ ਆਪਣੇ ਮਾਂ ਬਾਪ ਦਾ ਨਹੀਂ ਕਰਦੀ।
ਲੱਖਾਂ ਸਾਲਾਂ ਤੋਂ ਧਰਤੀ ਸਾਨੂੰ ਆਪਣੀ ਗੋਦ ਵਿਚ ਖਿਡਾਉਂਦੀ ਰਹੀ ਏ, ਸਾਨੂੰ ਸਾਰੇ ਉਹ ਲਾਡ ਲਡਾਉਂਦੀ ਰਹੀ ਏ, ਪਰ ਉਸਨੂੰ ਕੀ ਪਤਾ ਸੀ ਕਿ ਉਸਦੇ ਪੁੱਤਰ “ਕਪੁੱਤ” ਨਿਕਲ ਆਉਣਗੇ।ਇਹ ਸੱਚ ਹੀ ਤਾਂ ਹੈ ਕਿ ਜਿਸ ਮਾਂ ਦੇ ਪੁੱਤਰ “ਕਪੁੱਤ” ਬਣ ਜਾਣ, ਉਸ ਵਿਚਾਰੀ ਨੇ ਤਾਂ ਝੱਲੀ ਹੋਣਾ ਈ ਹੋਇਆ। ਤੇ ਇਹੋ ਹਾਲ ਸਾਡੀ ਧਰਤੀ ਮਾਂ ਦਾ ਵੀ ਹੋ ਗਿਆ ਏ। ਲੱਖਾਂ ਸਾਲ ਆਪਣੀ ਔਲਾਦ ਨੂੰ ਪਾਲਦੀ ਤੇ ਜੀਵਨ ਬਖਸ਼ਦੀ ਆਈ ਧਰਤੀ ਅੱਜ ਬੰਜਰ ਹੋਣ ਕਿਨਾਰੇ ਹੈ, ਤੇ ਇਸਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਸਗੋਂ ਅਸੀਂ ਆਪ ਹੀ ਹਾਂ, ਇਸ ਤੱਤੜੀ ਧਰਤੀ ਦੇ “ਕਪੁੱਤ”। ਸਾਡੇ ਵੱਲੋਂ ਕੁਦਰਤ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ, ਬੇਨਿਯਮੀਆਂ ਵੱਲ ਜਦੋਂ ਅਸੀਂ ਝਾਤ ਮਾਰਦੇ ਹਾਂ ਅਤੇ ਸਮਝਦੇ ਹਾਂ ਕਿ ਅਸੀਂ ਆਪਣੇ ਪੈਰਾਂ ਉੱਤੇ ਆਪ ਕੁਹਾੜਾ ਨਹੀਂ ਮਾਰ ਰਹੇ, ਸਗੋਂ ਕੁਹਾੜੇ ਉੱਤੇ ਪੈਰ ਮਾਰ ਰਹੇ ਹਾਂ।
ਸਾਲ 1990 ਦੌਰਾਨ ਭਾਰਤ ਵਿੱਚ ਜੰਗਲਾਂ ਹੇਠ ਰਕਬਾ 63939 ਹਜ਼ਾਰ ਹੈਕਟੇਅਰ ਸੀ, ਅਤੇ 2008 ਤੱਕ ਇਹ ਬਹੁਤ ਘਟ ਗਿਆ ਹੈ, ਹਾਲਾਂ ਕਿ ਸਰਕਾਰਾਂ ਹਰ ਹੀਲਾ ਅਪਣਾ ਕਿ ਇਸ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਵੇਲੇ ਪੰਜਾਬ ਦੀ ਕੁੱਲ ਧਰਤੀ ਦਾ 3.09 ਫੀਸਦੀ, ਦਿੱਲੀ ਦੀ ਧਰਤੀ ਦਾ 11.87 ਫੀਸਦੀ, ਹਰਿਆਣਾ ਦੀ ਧਰਤੀ ਦਾ 3.59 ਫੀਸਦੀ ਅਤੇ ਰਾਜਸਥਾਨ ਦੀ ਧਰਤੀ ਦਾ 4.63 ਫੀਸਦੀ ਹਿੱਸਾ ਜੰਗਲ ਥੱਲੇ ਹੈ, ਜਦ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਰਾਜ ਦੀ ਸਾਰਥਕ ਤਰੱਕੀ ਅਤੇ ਵਾਤਾਵਰਨ ਦੇ ਬਚਾਓ ਲਈ ਘੱਟੋ ਘੱਟ 17 ਫੀਸਦੀ ਜੰਗਲਾਂ ਦਾ ਹੋਣਾ ਜਰੂਰੀ ਹੈ। ਇਕੱਲੇ ਪੰਜਾਬ ਵਿੱਚ ਇਹ ਰਕਬਾ 20 ਫੀਸਦੀ ਹੋਣਾ ਚਾਹੀਦਾ ਹੈ, ਪਰ ਹੈ ਸਿਰਫ 3.09 ਫੀਸਦੀ। ਪਿਛਲੇ ਕੁਝ ਸਾਲਾਂ ਦੌਰਾਨ ਲੱਕੜ ਦੇ ਤਸਕਰਾਂ ਵੱਲੋਂ ਅਤੇ ਸਥਾਨਿਕ ਲੋਕਾਂ ਵੱਲੋਂ ਜੰਗਲਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ, ਸੜਕਾਂ ਚੌੜੀਆਂ ਹੋਣ ਕਾਰਨ ਉਹਨਾਂ ਕਿਨਾਰੇ ਉੱਗੇ ਦਰਖਤਾਂ ਦੀ ਕਟਾਈ ਕਾਰਨ ਧਰਤੀ ਦੀ ਸ਼ਕਤੀ ਘਟ ਰਹੀ ਹੈ। ਜੰਗਲਾਂ ਨਾਲ ਮੀਂਹ ਦਾ ਪਾਣੀ ਜ਼ਮੀਨ ਅੰਦਰ ਦਾਖਲ ਹੁੰਦਾ ਹੈ ਅਤੇ ਉਸ ਦੀ ਉਪਜਾਉ ਸ਼ਕਤੀ ਬਰਕਰਾਰ ਰਹਿੰਦੀ ਹੈ। ਇਸ ਤੋਂ ਇਲਾਵਾ ਜੰਗਲਾਂ ਨਾਲ ਹੜ੍ਹਾਂ ਦਾ ਖਤਰਾ ਘੱਟ ਰਹਿੰਦਾ ਹੈ ਅਤੇ ਧਰਤੀ ਉੱਤੇ ਫੈਲਦੀਆਂ ਗੰਦੀਆਂ ਗੈਸਾਂ ਨੂੰ ਜੰਗਲ ਸਾਫ ਕਰ ਦਿੰਦੇ ਹਨ। ਦਰਖਤਾਂ ਦੀਆਂ ਜੜ੍ਹਾਂ ਰਾਹੀਂ ਧਰਤੀ ਵਿੱਚ ਨਾਈਟ੍ਰੋਜਨ ਦੀ ਪੂਰਤੀ ਹੁੰਦੀ ਹੈ। ਪਰ ਜੇ ਇਸੇ ਤਰ੍ਹਾਂ ਧਰਤੀ ਉੱਤੇ ਜੰਗਲਾਂ ਦੀ ਕਟਾਈ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਆਪਣੀ ਹੋਂਦ ਗੁਆ ਲਵਾਂਗੇ।
ਭਾਰਤ ਵਿੱਚ ਵਾਹੀਯੋਗ ਜ਼ਮੀਨ ਹਰ ਸਾਲ ਘਟਦੀ ਜਾ ਰਹੀ ਹੈ, ਜਿਹੜੀ ਕਿ ਇੱਕ ਚਿੰਤਾ ਵਾਲੀ ਗੱਲ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਦੇਸ਼-ਦੁਨੀਆਂ ਅੰਦਰ ਖੇਤੀਬਾੜੀ ਅਤੇ ਜੰਗਲਾਂ ਹੇਠੋਂ ਰਕਬਾ ਘਟਾ ਕਿ ਲੋਕ ਉਦਯੋਗਿਕ ਅਤੇ ਰਿਹਾਇਸ਼ੀ/ਕਮਰਸ਼ੀਅਲ ਪਲਾਂਟ ਅਤੇ ਕਲੋਨੀਆਂ ਬਣਾਈ ਜਾ ਰਹੇ ਹਨ, ਜਿਸ ਨਾਲ ਜ਼ਮੀਨ ’ਤੇ ਪ੍ਰਦੂਸ਼ਨ ਵਧ ਰਿਹਾ ਹੈ ਅਤੇ ਜ਼ਮੀਨ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਰਿਹਾ ਹੈ, ਖੇਤੀਬਾੜੀ ਹੇਠ ਰਕਬਾ ਘਟਦਾ ਜਾ ਰਿਹਾ ਹੈ।
ਇੱਕੋ ਜਿਹੇ ਫਸਲੀ ਚੱਕਰ ਦੇ ਕਾਰਨ ਧਰਤੀ ਦਾ ਸੰਤੁਲਣ ਵਿਗੜ ਰਿਹਾ ਹੈ, ਜਿਸ ਕਾਰਨ ਧਰਤੀ ਦੇ ਖੁਰਾਕੀ ਅਤੇ ਉਪਜਾਉ ਤੱਤ ਜਿਵੇਂ ਕਿ ਨਾਈਟਰੋਜਨ, ਜ਼ਿੰਕ, ਗੰਧਕ, ਫਾਸਫੋਰਸ ਆਦਿ ਘਟ ਗਏ ਹਨ ਜਿਨ੍ਹਾਂ ਦੀ ਪੂਰਤੀ ਲਈ ਰਸਾਇਣਕ ਖਾਦਾਂ ਦੀ ਧੜੱਲੇ ਨਾਲ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਧਰਤੀ ਡਾਂਵਾਂ-ਡੌਲ ਹੈ। ਫਸਲੀ ਰਹਿੰਦ-ਖੂਹੰਦ ਨੂੰ ਸਾੜਨ ਕਰਕੇ ਜਿੱਥੇ ਧਰਤੀ ਦੀ ਹਿੱਕ ਤਾਂ ਸੜਦੀ ਹੀ ਹੈ, ਨਾਲ ਦੀ ਨਾਲ ਉਸ ਵਿਚਲੇ ਜੈਵਿਕ ਮਾਦੇ ਅਤੇ ਮਿੱਤਰ ਕੀੜਿਆਂ ਦਾ ਖਾਤਮਾ ਵੀ ਹੁੰਦਾ ਹੈ, ਅਤੇ ਧੂੰਏਂ ਦਾ ਪਰਦੂਸ਼ਨ ਵੱਖਰਾ ਪੈਦਾ ਹੁੰਦਾ ਹੈ।
ਧਰਤੀ ਹੇਠਲੇ ਪਿਤਾ ਰੂਪੀ ਪਾਣੀ ਦੀ ਬੇਤਹਾਸ਼ਾ ਵਰਤੋਂ ਕਾਰਨ ਅੱਜ ਦੁਨੀਆਂ ਦੇ ਬਹੁਤੇ ਦੇਸ਼ ਭੁੱਖਮਰੀ ਦਾ ਸ਼ਿਕਾਰ ਹਨ। ਸਹਾਰਾ ਮਾਰੂਥਲ ਅਤੇ ਕਾਲੀਹਰੀ ਮਾਰੂਥਲ ਇਸ ਦੀ ਜਿਉਂਦੀ ਜਾਗਦੀ ਮਿਸਾਲ ਹਨ, ਜਿਹੜੇ ਕਦੀ ਹਰੀਆਂ ਭਰੀਆਂ ਫਸਲਾਂ ਨਾਲ ਲਬਰੇਜ਼ ਹੁੰਦੇ ਸਨ, ਪਰ ਅੱਜ ਉੱਥੇ ਬੰਜਰ ਧਰਤੀ ਤੋਂ ਇਲਾਵਾ ਕੁਝ ਨਹੀਂ। ਜ਼ਿਆਦਾ ਪਾਣੀ ਲੈਣ ਵਾਲੀਆਂ ਫਸਲਾਂ ਦੀ ਬਿਜਾਈ ਕਾਰਨ ਅਤੇ ਇਸ ਪਾਣੀ ਦੀ ਪੂਰਤੀ ਲਈ ਬੇ-ਸ਼ੁਮਾਰ ਡੂੰਘੇ ਸਬਮਰਸੀਬਲ ਬੋਰ ਕੀਤੇ ਗਏ ਹਨ ਅਤੇ ਅੰਨ੍ਹੇਵਾਹ ਪਾਣੀ ਦੀ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਦਾ ਸਤਰ ਘਟ ਰਿਹਾ ਹੈ। ਜ਼ਮੀਨ ਹੇਠਲਾ ਪਾਣੀ ਜ਼ਿਆਦਾ ਕੱਢਣ ਕਰਕੇ ਪਾਣੀ ਖਾਰਾ ਹੋ ਰਿਹਾ ਹੈ ਕਿਉਂਕੇ ਬਰਸਾਤੀ ਪਾਣੀ ਨੂੰ ਸਾਫ ਹੋਣ ਲਈ ਧਰਤੀ ਹੇਠ ਰਹਿਣ ਦਾ ਮੰਕਾ ਹੀ ਨਹੀਂ ਮਿਲਦਾ।
ਫੈਕਟਰੀਆਂ ਦੁਆਰਾ ਬਾਹਰ ਸੁੱਟਿਆ ਜਾਂਦਾ ਜ਼ਹਿਰੀਲਾ ਮਾਦਾ ਅਤੇ ਪਰਦੂਸ਼ਤ ਪਾਣੀ ਨਹਿਰਾਂ ਅਤੇ ਦਰਿਆਵਾਂ ਨੂੰ ਗੰਧਲਾ ਕਰ ਰਿਹਾ ਹੈ। ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਤਾਪਮਾਨ ਵਧ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਧਰਤੀ ’ਤੇ ਉਥਲ ਪੁਥਲ ਹੋ ਰਹੀ ਹੈ। ਪਿਛਲੇ ਇੱਕ ਦੋ ਸਾਲਾਂ ਦੋਰਾਨ ਇਸ ਦੇ ਤਾਜ਼ਾ ਸਿੱਟੇ ਸਾਡੇ ਸਾਹਮਣੇ ਹੀ ਹਨ। ਅਸੀਂ ਕਦੀ ਇਹ ਨਹੀਂ ਸੀ ਸੋਚਿਆ ਕਿ ਰਾਜਸਥਾਨ ਵਰਗੇ ਖੁਸ਼ਕ ਇਲਾਕਿਆਂ ਵਿੱਚ ਵੀ ਹੜ੍ਹ ਆ ਜਾਣਗੇ ਅਤੇ ਬੇਹੱਦ ਨੁਕਸਾਨ ਹੋਵੇਗਾ। ਅਤੇ ਚਿਰਾਪੂੰਜੀ ਵਰਗੇ ਬਾਰਿਸ਼ ਵਾਲੇ ਇਲਾਕਿਆਂ ਵਿੱਚ ਸੋਕਾ ਪੈ ਸਕਦਾ ਹੈ। ਇਹ ਸਭ ਸਾਡੇ ਦੁਆਰਾ ਕੁਦਰਤੀ ਨਿਯਮਾਂ ਦੀ ਉਲੰਘਣਾ ਅਤੇ ਕੁਦਰਤੀ ਸੋਮਿਆਂ ਨਾਲ ਛੇੜ-ਛਾੜ ਕਾਰਨ ਹੋ ਰਿਹਾ ਹੈ। ਇਲੈਕਟ੍ਰੌਨਿਕ ਕੂੜਾ ਕਰਕਟ, ਪਲਾਸਟਿਕ ਦੇ ਲਿਫਾਫੇ, ਫੈਕਟਰੀਆਂ ਦਾ ਗੰਦ-ਮੰਦ ਅਤੇ ਹੋਰ ਪਤਾ ਨਹੀਂ ਕੀ ਕੀ, ਇਹ ਸਭ ਚੀਜ਼ਾਂ ਧਰਤੀ ਨੂੰ ਤਬਾਹ ਕਰ ਰਹੀਆਂ ਹਨ। ਕੀਟ ਨਾਸ਼ਕ ਦਵਾਈਆਂ, ਰਸਾਇਣਕ ਖਾਦਾਂ ਦੀ ਬੇਸ਼ੁਮਾਰ ਵਰਤੋਂ ਕਾਰਨ ਬਹੁਤ ਸਾਰੇ ਵਾਤਾਵਰਨ ਪ੍ਰੇਮੀ ਅਤੇ ਇਨਸਾਨ ਦੇ ਮਿੱਤਰ ਕੀੜੇ ਮਕੌੜੇ ਅਤੇ ਪੰਛੀ ਧਰਤੀ ਤੋਂ ਅਲੋਪ ਹੁੰਦੇ ਜਾ ਰਹੇ ਹਨ। ਪਸ਼ੂਆਂ ਦੀਆਂ ਲੋਥਾਂ ਹੱਡਾਰੋੜੀਆਂ ਵਿੱਚ ਗਲਦੀਆਂ ਸੜਦੀਆਂ ਤੇ ਬੋ ਮਾਰਦੀਆਂ ਰਹਿੰਦੀਆਂ ਨੇ ਪਰ ਇਹਨਾਂ ਦਾ ਸਫਾਇਆ ਕਰਨ ਵਾਲੀਆਂ ਗਿਰਝਾਂ ਕਿਧਰੇ ਨਹੀਂ ਲੱਭਦੀਆਂ।
ਧਰਤੀ ਮਾਂ ਪ੍ਰਤੀ ਸਾਡੀ ਬੇਰੁਖੀ ਅਤੇ ਉਸ ਪ੍ਰਤੀ ਆਪਣੇ ਫਰਜ਼ਾਂ ਨੂੰ ਨਾ ਪਹਿਚਾਨਣ ਕਾਰਨ ਅਸੀਂ ਜ਼ਿੰਦਗੀ ਤੋਂ ਬਹੁਤ ਦੂਰ ਚਲੇ ਜਾ ਰਹੇ ਹਾਂ। ਦੁਨੀਆਂ ਵਿੱਚ ਹਰ ਦਸਵਾਂ ਆਦਮੀ ਅਤੇ ਜ਼ਿਅਦਾ ਪ੍ਰਦੂਸ਼ਨ ਵਾਲੇ ਖੇਤਰਾਂ ਵਿੱਚ ਹਰ ਚੌਥਾ ਆਦਮੀ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੈ। ਅੱਜ ਲੋੜ ਹੈ ਕਿ ਵਾਤਾਵਰਣ ਪ੍ਰਤੀ ਆਪਣਾ ਫਰਜ਼ ਪਹਿਚਾਨਣ ਦੀ।ਸਮਾਂ ਆ ਗਿਆ ਹੈ ਕਿ ਧਰਤੀ ਮਾਂ ਦੇ ਅਹਿਸਾਨਾਂ ਦਾ ਬਦਲਾ ਚੁਕਾਉਣ ਦਾ। ਜੇ ਬੱਚੇ ਰੁੱਸ ਜਾਣ ਤਾਂ ਮਾਂਵਾਂ ਲਾਡ ਲਡਾ ਕੇ ਮਨਾ ਲੈਂਦੀਆਂ ਹਨ ਪਰ ਜਦੋਂ ਮਾਂ ਰੁੱਸ ਜਾਵੇ ਤਾਂ ਬੱਚਿਆਂ ਵਿੱਚ ਮਾਵਾਂ ਨੂੰ ਮਨਾਉਣ ਦੀ ਸ਼ਕਤੀ ਨਹੀਂ ਰਹਿੰਦੀ। ਆਓ, ਅੱਜ ਸਾਰੇ ਮਾਂ ਦੀ ਕੁੱਖ ਨੂੰ ਕਬਰ ਬਣਨ ਤੋਂ ਰੋਕ ਲਈਏ ... ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਮਾਂ ਦੀ ਗੋਦ ਦਾ ਨਿੱਘ ਅਤੇ ਸਕੂਨ ਮਾਣ ਸਕਣ। ਆਓ ਸਾਰੇ ਆਪਣੇ ਹੱਥੀਂ ਦੋ-ਦੋ ਰੁੱਖ ਲਾਈਏ ਅਤੇ ਪਾਣੀ ਦੀ ਦੁਰਵਰਤੋਂ ਬੰਦ ਕਰੀਏ ਅਤੇ ਧਰਤੀ ਨੂੰ ਮੁੜ ਤੋਂ ਜ਼ਰਖੇਜ਼ ਬਣਾਈਏ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(224)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)