RosySingh7(2) ਭਾਸ਼ਣ ਨਾਲ ਨਹੀਂ, ਰਾਸ਼ਣ ਨਾਲ ਭਰਦੇ ਨੇ ਢਿੱਡ --- ਰੋਜ਼ੀ ਸਿੰਘ
(3) ਚਲੋ ਹਿੰਦੂ ਮੁਸਲਮ ਖੇਡੀਏ ... --- ਰੋਜ਼ੀ ਸਿੰਘ

(27 ਅਪਰੈਲ 2020)

 

ਪੂਰੇ ਸੰਸਾਰ ਦੇ ਨਾਲ-ਨਾਲ ਇਸ ਵੇਲੇ ਭਾਰਤ ਵਿੱਚ ਵੀ ਤਾਲਾਬੰਦੀ ਕਾਰਨ ਭਵਿੱਖ ਵਿੱਚ ਆਰਥਿਕ ਸੰਕਟ ਦੇ ਹੋਰ ਜ਼ਿਆਦਾ ਗਹਿਰਾਉਣ ਦੇ ਸੰਕੇਤ ਨਜ਼ਰ ਆਉਣ ਲੱਗ ਪਏ ਹਨ। ਸਰਮਾਏਦਾਰ ਕਾਰੋਬਾਰੀਆਂ ਨੂੰ ਛੱਡ ਕੇ ਹਰ ਮਿਡਲ ਕਲਾਸ ਬੰਦਾ, ਛੋਟੇ ਦੁਕਾਨਦਾਰ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਦੇ ਹਾਲਾਤ ਬਾਰੇ ਸੋਚ ਕੇ ਚਿੰਤਤ ਨਜ਼ਰ ਆ ਹਰੇ ਹਨ। ਗ਼ਰੀਬੀ ਰੇਖਾ ਤੋਂ ਥੱਲੇ ਵਾਲ਼ੇ ਲੋਕਾਂ ਦੀ ਚਿੰਤਾ ਹੋਰ ਵੀ ਭਿਆਨਕ ਹੈ। ਉਹਨਾਂ ਅੱਗੇ ਆਪਣਾ ਅਤੇ ਆਪਣੇ ਬੱਚਿਆਂ ਦਾ ਢਿੱਡ ਭਰਨਾ ਔਖਾ ਸਵਾਲ ਬਣ ਕੇ ਖੜ੍ਹਾ ਹੈ।

ਤਾਲਾਬੰਦੀ ਤੋਂ ਬਾਅਦ ਦੇ ਹਾਲਾਤ ਇੰਨੇ ਸੌਖੇ ਨਹੀਂ ਹੋਣਗੇ ਜਿਵੇਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਹ ਸਭ ਦੁਬਾਰਾ ਨਵੇਂ ਸਿਰਿਓਂ ਕੰਮ ਸ਼ੁਰੂ ਕਰਨ ਵਾਂਗ ਹੀ ਹੋਵੇਗਾ ਕਿਉਂਕੇ ਬਹੁਤ ਕੁਝ ਬਦਲ ਚੁੱਕਿਆ ਹੋਵੇਗਾ। ਚਿੰਤਾ ਅਤੇ ਪ੍ਰੇਸ਼ਾਨੀਆਂ ਦੇ ਇਸ ਮੌਸਮ ਵਿੱਚ ਜਿੱਥੇ ਸਾਰੀ ਲੁਕਾਈ ਪ੍ਰੇਸ਼ਾਨ ਹੈ, ਉੱਥੇ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਵਾਸਤੇ ਇਹ ਤਾਲਾਬੰਦੀ ਕੋਈ ਮਾਇਨੇ ਨਹੀਂ ਰੱਖਦੀ, ਉਹ ਹਨ ਅਰਬਪਤੀ ਬਾਬੇ।

ਖ਼ਬਰਾਂ ਹਨ ਕਿ ਚਾਲੂ ਵਿੱਤੀ ਸਾਲ ਦੌਰਾਨ ‘ਪਤੰਜਲੀ’ ਅਤੇ ‘ਰੁਚੀ ਸੋਇਆ’ ਦਾ ਕਾਰੋਬਾਰ ਪੱਚੀ ਹਜ਼ਾਰ ਕਰੋੜ ਰੁਪਏ ਸਾਲਾਨਾ ਦੀ ਹੱਦ ਪਾਰ ਕਰਕੇ ਐੱਫ.ਐੱਮ.ਸੀ.ਜੀ (ਫਾਸਟ ਮੂਵਿੰਗ ਕੰਜ਼ਿਉਮਰ ਗੁਡਸ) ਦੇ ਖੇਤਰ ਵਿੱਚ ਨੰਬਰ ਇੱਕ ਕੰਪਨੀ ਬਣਨ ਜਾ ਰਹੀ ਹੈ। ਦੱਸਦਾ ਜਾਵਾਂ ਕੇ ਰੁਚੀ ਸੋਇਆ ਕੰਪਨੀ ਦਾ ਮਾਲਕ ਵੀ ਬਾਬਾ ਰਾਮਦੇਵ ਹੀ ਹੈ ਅਤੇ ਇਸ ਮਾਲੀ ਸਾਲ ਵਿੱਚ ਇਸ ਕੰਪਨੀ ਨੇ ਬਾਰਾਂ ਸੌ ਕਰੋੜ ਅਤੇ ਪਤੰਜਲੀ ਨੇ ਤੇਰਾਂ ਸੌ ਕਰੋੜ ਦਾ ਕਰੋਬਾਰ ਕਰਨ ਦਾ ਦਾਅਵਾ ਕੀਤਾ ਹੈ। ਅਗਲੇ ਸਾਲ ਇਹ ਕਾਰੋਬਾਰ ਤੀਹ ਤੋਂ ਚਾਲੀ ਹਜ਼ਾਰ ਕਰੋੜ ਤੱਕ ਕਰਨ ਦਾ ਟੀਚਾ ਮਿਥਿਆ ਗਿਆ ਹੈ।

ਬਾਬਿਆਂ ਵਿੱਚ ਇੱਕ ਬੰਗਲੌਰ ਦਾ ਸੱਤਿਆ ਸਾਈਂ ਵੀ ਸ਼ਾਮਲ ਹੈ ਜੋ ਕੁਝ ਸਾਲ ਪਹਿਲਾ ਫ਼ੌਤ ਹੋ ਗਿਆ ਸੀ। ਦੱਸਦੇ ਹਨ ਕਿ ਉਸਦੇ ਮਰਨ ਤੋਂ ਬਾਅਦ ਜਦੋਂ ਟ੍ਰਸਟ ਦੇ ਅਧਿਕਾਰੀਆਂ ਨੇ ਪੁਲਿਸ ਅਤੇ ਉੱਚ ਅਫਸਰਾਂ ਦੀ ਮੌਜੂਦਗੀ ਵਿੱਚ ਉਸ ਦਾ ਨਿੱਜੀ ਕਮਰਾ ਖੋਲ੍ਹਿਆ ਤਾਂ ਸਾਰਿਆਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਸਨ। ਜਿੰਨਾ ਧੰਨ ਉਸਦੇ ਕਮਰੇ ਵਿੱਚੋਂ ਨਿਕਲਿਆ ਸੀ ਉੰਨਾ ਤਾਂ ਕੁਬੇਰ ਦੇ ਖ਼ਜਾਨੇ ਵਿੱਚ ਵੀ ਨਹੀਂ ਹੋਣਾ। ਕਰੀਬ ਇੱਕ ਕੁਇੰਟਲ ਸੋਨਾ, 307 ਕਿਲੋ ਚਾਂਦੀ, ਕਰੋੜਾਂ ਰੁਪਏ ਦੀ ਕਰੰਸੀ, ਜਿਸਦੇ ਨੋਟਾਂ ਨੂੰ ਗਿਣਨ ਲੱਗਿਆਂ ਅਧਿਕਾਰੀਆਂ ਨੂੰ 30 ਘੰਟੇ ਲੱਗੇ ਅਤੇ ਇਹਨਾਂ ਨੋਟਾਂ ਨੂੰ ਜੀਪਾਂ ਵਿੱਚ ਭਰ ਕਿ ਬੈਂਕ ਖੜਿਆ ਗਿਆ। ਇਸ ਤੋਂ ਇਲਾਵਾ ਹੀਰੇ ਜਵਾਰਾਤ ਤੇ ਕਈ ਤਰ੍ਹਾਂ ਦੀ ਹੋਰ ਜ਼ਾਇਦਾਦ ਦੇ ਕਾਗਜ਼ਾਤ ਵੀ ਬਰਾਮਦ ਕੀਤੇ ਗਏ। ਇਹ ਵੀ ਪਤਾ ਲੱਗਾ ਸੀ ਕੇ ਸਾਈਂ ਦਾ ਇਹ ਕਮਰਾ, ਜੋ ਪੈਂਤੀ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਸੀ, ਜਿਸਦਾ ਦਰਵਾਜ਼ਾ ਕੰਪਿਊਟਰ ਦੁਆਰਾ ਸਾਈਂ ਅਤੇ ਉਸਦੇ ਇੱਕ ਚੇਲੇ ਦੇ ਪੋਟਿਆਂ ਦੇ ਨਿਸ਼ਾਨ ਪਹਿਚਾਨਣ ’ਤੇ ਖੁੱਲਦਾ ਸੀ ਅਤੇ ਇਸ ਕਮਰੇ ਵਿੱਚ ਹੋਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ।

ਇਸੇ ਤਰ੍ਹਾਂ ਹੀ ਕੁਝ ਸਾਲ ਪਹਿਲਾਂ ਦੇਸ਼ ਵਿੱਚ ਇੱਕ ਪੁਰਾਤਨ ਮੰਦਿਰ ਦਾ ਇੱਕ ਦਰਵਾਜ਼ਾ ਖੋਲ੍ਹਿਆ ਗਿਆ ਸੀ ਜਿਸ ਵਿੱਚੋਂ ਅਰਬਾਂ ਦੇ ਹਿਸਾਬ ਨਾਲ ਧੰਨ-ਦੌਲਤ ਬਰਾਮਦ ਕੀਤੀ ਗਈ ਸੀ ਅਤੇ ਇਸ ਮੰਦਿਰ ਦੇ ਦੋ ਹੋਰ ਦਰਵਾਜ਼ੇ ਹਾਲੇ ਤੱਕ ਨਹੀਂ ਖੋਲ੍ਹੇ ਗਏ। ਇਹਨਾਂ ਕੁਝ ਵੱਡੇ ਅਰਬਪਤੀ ਬਾਬਿਆਂ ਤੋਂ ਇਲਾਵਾ ਮੁਲਖ਼ ਵਿੱਚ ਅਨੇਕਾਂ ਮੰਦਿਰ, ਗੁਰਦੁਆਰੇ ਅਤੇ ਹੋਰ ਧਾਰਮਿਕ ਸਥਾਨ ਅਜਿਹੇ ਹਨ ਜਿੱਥੇ ਕੁਵੰਟਲਾਂ ਦੇ ਹਿਸਾਬ ਨਾਲ ਸੋਨਾ ਅਤੇ ਕਰੋੜਾਂ ਦੇ ਹਿਸਾਬ ਨਾਲ ਧੰਨ-ਦੌਲਤ ਪਈ ਹੋਈ ਹੈ ਜਿਹੜੀ ਅਨੇਕਾਂ ਵਰ੍ਹਿਆਂ ਤੋਂ ਕਿਸੇ ਕੰਮ ਨਹੀਂ ਆ ਰਹੀ।

ਹੁਣ ਮਹਾਂਮਾਰੀ ਦੇ ਚੱਲਦਿਆਂ ਦੇਸ਼ ਦੇ ਲੱਖਾਂ ਗ਼ਰੀਬ ਭੁੱਖੇ ਢਿੱਡ ਸੌਣ ਲਈ ਮਜਬੂਰ ਹਨ ਅਤੇ ਕਈ ਵਿਚਾਰੇ ਤਾਂ ਭੁੱਖ ਨਾਲ ਮਰ ਰਹੇ ਹਨ। ਦੇਸ਼ ਗੰਭੀਰ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਆਰਥਿਕਤਾ ਦਾ ਲੱਟ ਟੱਟ ਗਿਆ ਹੈ। ਕੀ ਇਸ ਵਿੱਤੀ ਸੰਕਟ ਅਤੇ ਭੁੱਖਮਰੀ ਦੇ ਦੌਰ ਵਿੱਚ ਇਹਨਾਂ ਬਾਬਿਆਂ ਦਾ ਜਨਤਾ ਪ੍ਰਤੀ ਕੋਈ ਫਰਜ਼ ਨਹੀਂ ਬਣਦਾ ਕੇ ਉਹ ਇਸ ਔਖੇ ਵੇਲੇ ਲੋਕਾਂ ਦੀ ਮਦਦ ਕਰਨ? ਕਿਉਂ ਨਾ ਲੋਕਾਂ ਦੇ ਪੈਸੇ ’ਤੇ ਐਸ਼ ਕਰਨ ਵਾਲ਼ੇ ਇਹਨਾਂ ਬਾਬਿਆਂ ਦੀ ਸਾਰੀ ਜਾਇਦਾਦ ਦੇਸ਼ ਦੇ ਗ਼ਰੀਬ ਲੋਕਾਂ ਵਿੱਚ ਵੰਡ ਦਿੱਤੀ ਜਾਵੇ?

ਇਕੱਲੇ ਰਾਮਦੇਵ ਕੋਲ ਕਰੀਬ ਗਿਆਰਾਂ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਨਿੱਜੀ ਜ਼ਾਇਦਾਦ ਹੈ। ਆਪਣੇ ਆਪ ਨੂੰ ਸੱਚਾ ਤੇ ਦੇਸ਼ ਭਗਤ ਆਖਣ ਵਾਲ਼ੇ ਇਸ ਬਾਬੇ ਨੇ ਇਹ ਸਾਰੀ ਜ਼ਾਇਦਾਦ ਕਿਵੇਂ ਹਥਿਆਈ ਹੈ, ਇਸਦਾ ਖ਼ੁਲਾਸਾ ਦਿੱਲੀ ਦੀ ਭਾਵਨਾ ਮਲਕ ਨੇ ਆਪਣੇ ਇੱਕ ਲੇਖ ਵਿੱਚ ਬਾਖ਼ੂਬੀ ਕੀਤਾ ਹੈ।

ਜੇਕਰ ਇਹਨਾਂ ਬਾਬਿਆਂ ਅਤੇ ਧਾਰਮਿਕ ਸਥਾਨਾਂ ਵਿੱਚ ਪਈ ਸਾਰੀ ਦੌਲਤ ਦੇਸ਼ ਲਈ ਵਰਤੀ ਜਾਵੇ ਤਾਂ ਵਿਸ਼ਵ ਬੈਂਕ ਤੋਂ ਕਰਜ਼ਾ ਲੈਣ ਦੀ ਕੋਈ ਲੋੜ ਨਹੀਂ ਪਵੇਗੀ। ਦੇਸ਼ ਦੇ 38 ਫੀਸਦੀ ਗ਼ਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਲੋਕਾਂ ਵਾਸਤੇ 5 ਸਾਲ ਲਈ ਰਾਸ਼ਣ ਤੇ ਰਹਿਣ ਸਹਿਣ ਦਾ ਪ੍ਰਬੰਧ ਸੌਖੇ ਹੀ ਹੋ ਜਾਵੇਗਾ। ਅਰਬਾਂ ਖ਼ਰਬਾਂ ਦੇ ਸੋਨੇ ਚਾਂਦੀ ਅਤੇ ਜਵਾਹਰਾਤ ਨਾਲ ਦੇਸ਼ ਦੇ ਹਰ ਰਾਜ ਵਿੱਚ ਕਈ ਵੱਡੇ ਹਸਪਤਾਲ ਬਣ ਸਕਦੇ ਹਨ।

ਆਪਣੇ ਆਪ ਨੂੰ ਤਿਆਗੀ, ਸੱਤਿਆਵਾਦੀ, ਉਦਾਸੀਨ, ਅਤੇ ਦੇਸ਼ ਦੇ ਹਮਾਇਤੀ ਅਖਵਾਉਣ ਵਾਲ਼ੇ ਇਸ ਤਰ੍ਹਾਂ ਦੇ ਬਾਬਿਆਂ ਦੇ ਟ੍ਰਸਟਾਂ, ਧਾਰਮਿਕ ਸਥਾਨਾਂ ਕੋਲ ਜਮ੍ਹਾਂ ਸਾਰੀ ਜਾਇਦਾਦ, ਧਨ-ਦੌਲਤ ਲੋਕਾਂ ਦੀ ਹੈ ਜਿਸ ’ਤੇ ਗ਼ਰੀਬ ਜਨਤਾ ਦਾ ਹੱਕ ਹੈ। ਜਿਸ ਸ਼ੈਅ ’ਤੇ ਜਿਸਦਾ ਹੱਕ ਹੋਵੇ, ਉਹ ਉਸ ਨੂੰ ਵਾਪਸ ਜ਼ਰੂਰ ਮਿਲਣੀ ਚਾਹੀਦੀ ਹੈ।

***

ਭਾਸ਼ਣ ਨਾਲ ਨਹੀਂ, ਰਾਸ਼ਣ ਨਾਲ ਭਰਦੇ ਨੇ ਢਿੱਡ --- ਰੋਜ਼ੀ ਸਿੰਘ

ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੀਜੀ ਵਾਰ ਦੇਸ਼ ਨੂੰ ਸੰਬੋਧਨ ਕਰ ਚੁੱਕੇ ਹਨ। ਸ਼ੁਕਰ ਹੈ ਇਸ ਵਾਰ ਉਹਨਾਂ ਨੇ ਰਾਸ਼ਟਰ ਦੇ ਨਾਮ ਕੋਈ ਵੀ ਅਜਿਹਾ ਸੰਦੇਸ਼ ਨਹੀਂ ਦਿੱਤਾ ਜਿਸ ਤੋਂ ਬਾਅਦ ਲੋਕ ਕੁਝ ਉਲਟਾ-ਸਿੱਧਾ ਕੰਮ ਕਰਦੇ। ਇਸ ਤੋਂ ਪਹਿਲਾਂ ਉਹਨਾਂ ਨੇ ਤਾੜੀਆਂ ਤੇ ਥਾਲੀਆਂ ਵਜਾਉਣ ਲਈ ਕਿਹਾ ਸੀ ਤਾਂ ਲੋਕ ਇਕੱਠੇ ਹੋ ਕੇ ਢੋਲ ਵਜਾਉਣ ਲੱਗ ਪਏ ਸਨ ਅਤੇ ਜਦੋਂ ਉਹਨਾਂ ਨੇ ਮੋਬੱਤੀਆਂ, ਟਾਰਚਾਂ ਜਗਾਉਣ ਲਈ ਕਿਹਾ ਸੀ ਤਾਂ ਸਾਡੀ ਮਹਾਨ ਜਨਤਾ ਨੇ ਆਤਿਸ਼ਬਾਜ਼ੀ ਹੀ ਕਰ ਦਿੱਤੀ ਸੀ।

ਪ੍ਰਧਾਨ ਸੇਵਕ ਵੱਲੋਂ ਦੇਸ਼ ਦੇ ਨਾਮ ਆਪਣੇ ਤੀਜੇ ਸੰਬੋਧਨ ਵਿੱਚ ਵੀ ਬੱਸ ਗੱਲਾਂ ਦਾ ਕੜਾਹ ਹੀ ਬਣਾਇਆ ਗਿਆ ਹੈ। ਲਾਕਡਾਉਨ ਦਾ ਸਮਾਂ ਵਧਾਉਣ ਤੋਂ ਇਲਾਵਾ ਬਾਕੀ ਸਾਰੀਆਂ ਗੱਲਾਂ ਅਤੇ ਸੁਝਾਅ ਆਪ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ। ਉਹਨਾਂ ਦੇ ਭਾਸ਼ਣ ਵਿੱਚ ਕੁਝ ਵੀ ਅਜਿਹਾ ਨਹੀਂ ਸੀ, ਜੋ ਲੋਕ ਸੁਣਨ ਲਈ ਉਤਸੁਕਤ ਸਨ। ਲੋਕਾਂ ਨੂੰ ਪੂਰੀ ਉਮੀਦ ਸੀ ਕਿ ਪ੍ਰਧਾਨ ਮੰਤਰੀ ਗ਼ਰੀਬ ਲੋਕਾਂ ਦੀ ਬਾਂਹ ਫੜਨ ਲਈ ਕਿਸੇ ਆਰਥਿਕ ਪੈਕਿਜ ਦਾ ਐਲਾਨ ਕਰਨਗੇ ਅਤੇ ਹਾਸ਼ੀਏ ’ਤੇ ਧੱਕੇ ਜਾ ਰਹੇ ਦੇਸ਼ ਦੇ ਚਾਲੀ ਕਰੋੜ ਕਾਮਿਆਂ ਦੀ ਮਾਲੀ ਸਹਾਇਤਾ ਲਈ ਕਿਸੇ ਯੋਜਨਾ ਦਾ ਐਲਾਨ ਕਰਨਗੇ।

ਲੋਕਾਂ ਨੂੰ ਇਹ ਵੀ ਉਮੀਦ ਸੀ ਕਿ ਪ੍ਰਧਾਨ ਮੰਤਰੀ ਇਸ ਮਹਾਂਮਾਰੀ ਨਾਲ ਨਿਪਟਣ ਲਈ ਹੁਣ ਤੱਕ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ ਵਿੱਚ ਆਈ ਕੁਲ ਰਾਸ਼ੀ ਬਾਰੇ ਦੇਸ਼ ਨੂੰ ਜਾਣੂ ਕਰਉਣਗੇ ਅਤੇ ਇਹ ਰਾਸ਼ੀ ਕਿੱਥੇ ਅਤੇ ਕਿਸ ਮਕਸਦ ਵਾਸਤੇ ਵਰਤੀ ਜਾ ਰਹੀ ਹੈ, ਇਸ ਬਾਰੇ ਵੀ ਖੁੱਲ੍ਹ ਕੇ ਚਾਨਣਾ ਪਾਉਣਗੇ। ਪਰ ਉਹਨਾਂ ਦੇ ਭਾਸ਼ਣ ਵਿੱਚ ਆਮ ਜਿਹੀਆਂ ਸਰਸਰੀ ਗੱਲਾਂ ਤੋਂ ਸਿਵਾਏ ਹੋਰ ਕੁਝ ਵੀ ਸਾਹਮਣੇ ਨਹੀਂ ਅਇਆ। ਪੀ.ਐੱਮ. ਫੰਡ ਵਿੱਚ ਆਏ ਪੈਸੇ ਬਾਰੇ ਉਹਨਾਂ ਦੇ ਭਾਸ਼ਨ ਵਿੱਚ ਇੱਕ ਵੀ ਸ਼ਬਦ ਨਹੀਂ ਸੀ। ਇਸ ਤੋਂ ਇਲਾਵਾ ਲਾਕਡਾਉਨ ਦੌਰਾਨ ਰੋਜ਼ ਕਮਾ ਕੇ ਖਾਣ ਵਾਲਿਆਂ ਵਾਸਤੇ ਕੀ ਯੋਜਨਾ ਉਲੀਕੀ ਗਈ ਹੈ, ਕੀ ਗ਼ਰੀਬ ਲੋਕਾਂ ਦੇ ਖਾਤਿਆਂ ਵਿੱਚ ਸਰਕਾਰ ਕੋਈ ਪੈਸਾ ਪਾ ਰਹੀ ਹੈ? ਇੱਥੋਂ ਤੱਕ ਕੇ ਜੇਕਰ ਲਾਕਡਾਉਨ ਦੌਰਾਨ ਕੋਈ ਗ਼ਰੀਬ ਬਿਮਾਰ ਹੁੰਦਾ ਹੈ ਤਾਂ ਉਸਦੇ ਇਲਾਜ ਦਾ ਕੀ ਇੰਤਜਾਮ ਕੀਤਾ ਗਿਆ ਹੈ, ਇਸ ਬਾਰੇ ਇੱਕ ਵੀ ਸ਼ਬਦ ਦੇਸ਼ ਦੇ ਪ੍ਰਧਾਨ ਸੇਵਕ ਦੇ ਮੂੰਹੋਂ ਨਹੀਂ ਨਿਕਲਿਆ। ਪ੍ਰਾਈਵੇਟ ਹਸਪਤਾਲ, ਕਲੀਨਿਕਸ ਅਤੇ ਲੈਬਾਰਟ੍ਰੀਆਂ (ਸਾਰੇ ਨਹੀਂ) ਜੋ ਭਲੇ ਵੇਲਿਆਂ ਵਿੱਚ ਲੋਕਾਂ ਦੀ ਰੱਜ ਕੇ ਛਿੱਲ ਲਾਹੁੰਦੇ ਰਹੇ ਹਨ ਅਤੇ ਜਿਹੜੇ ਹੁਣ ਲੋਕਾਂ ਦਾ ਇਲਾਜ ਕਰਨ ਦੀ ਬਜਾਏ ਕਿਧਰੇ ਲੁਕ ਕਿ ਬਹਿ ਗਏ ਹਨ, ਉਹਨਾਂ ਬਾਰੇ ਮੋਦੀ ਜੀ ਦੇ ਭਾਸ਼ਣ ਵਿੱਚ ਇੱਕ ਵੀ ਅਦੇਸ਼ ਨਹੀਂ ਸੀ। ਦੇਸ਼ ਵਿੱਚ ਕਰੋਨਾ ਤੋਂ ਇਲਾਵਾ ਹੋਰ ਬਿਮਾਰੀਆਂ ਦੇ ਇਲਾਜ ਨਾ ਹੋਣ ਕਾਰਨ ਮਰੀਜ਼ਾਂ ਦੇ ਮਰਨ ਦੀਆਂ ਖ਼ਬਰਾਂ ਆ ਰਹੀਆਂ ਹਨ।

ਪ੍ਰਧਾਨ ਸੇਵਕ ਦੇ ਇਸ ਨਿਰਾਸ਼ ਕਰਨ ਵਾਲੇ ਭਾਸ਼ਣ ਤੋਂ ਬਾਅਦ ਮਹਾਰਾਸ਼ਟਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗ਼ਰੀਬੀ ਅਤੇ ਭੁੱਖ ਦੇ ਸਤਾਏ ਲੋਕ ਸੜਕਾਂ ’ਤੇ ਆ ਗਏ। ਇਹਨਾਂ ਹਜ਼ਾਰਾਂ ਲੋਕਾਂ ਦੇ ਮਨ ਵਿੱਚ ਇਹੋ ਗੱਲ ਘੁੰਮ ਰਹੀ ਹੋਵੇਗੀ ਕਿ ਕਰੋਨਾ ਨਾਲ ਤਾਂ ਭਾਵੇਂ ਉਹ ਨਾ ਮਰਨ ਪਰ ਅੰਦਰਾਂ ਵਿੱਚ ਕੈਦ ਭੁੱਖ ਨਾਲ ਜ਼ਰੂਰ ਮਰ ਜਾਣਗੇ। ਦੇਸ਼ ਦੇ ਬਹੁਤ ਸਾਰੇ ਰਾਜਾਂ ਵਿੱਚ ਗ਼ਰੀਬਾਂ ਨੂੰ ਮਹਿਜ਼ ਇੱਕ ਵੇਲੇ ਦਾ ਖਾਣਾ ਹੀ ਮਿਲ ਰਿਹਾ ਹੈ। ਬਹੁਤ ਸਾਰੇ ਲੋਕ ਭੁੱਖੇ ਭਾਣੇ ਦਿਨ ਕਟੀ ਕਰ ਰਹੇ ਹਨ। ਪੰਜਾਬ ਦੇ ਨਾਲ-ਨਾਲ ਭਾਰਤ ਦੇ ਉਹ ਰਾਜ, ਜਿੱਥੇ ਬਹੁਗਿਣਤੀ ਵਿੱਚ ਗ਼ਰੀਬ ਲੋਕਾਂ ਦੀ ਵੱਸੋਂ ਹੈ, ਉੱਥੇ ਸਰਕਾਰ ਵੱਲੋਂ ਵੰਡੇ ਜਾ ਰਹੇ ਪੱਕੇ ਰਾਸ਼ਣ ਲਈ ਲੋਕਾਂ ਨੂੰ ਸਵੇਰੇ ਛੇ ਵਜੇ ਕਤਾਰ ਵਿੱਚ ਲੱਗਣਾ ਪੈਂਦਾ ਹੈ, ਤਾਂ ਜਾ ਕੇ ਉਹਨਾਂ ਨੂੰ ਦੁਪਹਿਰ ਦਾ ਖਾਣਾ ਮਿਲਦਾ ਹੈ।

ਬੀ.ਬੀ.ਸੀ, ਨਿਊਜ਼ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਕੁਝ ਥਾਂਵਾਂ ’ਤੇ, ਜਿੱਥੇ ਸਰਕਾਰ ਨੇ ਸਕੂਲਾਂ, ਕਾਲਜਾਂ, ਗੁਰਦੁਆਰਿਆਂ ਆਦਿ ਵਿੱਚ ਪੱਕਿਆ ਰਾਸ਼ਣ ਵੰਡਣ ਦੇ ਪ੍ਰਬੰਧ ਕੀਤੇ ਹਨ, ਉੱਥੇ ਦੋ ਸੌ ਬੰਦੇ ਦਾ ਹੀ ਰਾਸ਼ਣ ਉਪਲਬਧ ਹੁੰਦਾ ਹੈ ਪਰ ਲੈਣ ਵਾਲੇ ਪੰਜ ਸੌ ਲੋਕ ਹੁੰਦੇ ਹਨ। ਇੱਥੇ ਹੀ ਬੱਸ ਨਹੀਂ, ਚਾਰ ਜੀਆਂ ਵਾਲੇ ਪ੍ਰਵਾਰ ਨੂੰ ਸਾਰੇ ਦਿਨ ਵਿੱਚ ਇੱਕੋ ਵੇਲੇ ਸਿਰਫ਼ ਦੋ ਜੀਆਂ ਦਾ ਹੀ ਰਾਸ਼ਣ ਮਿਲ ਰਿਹਾ ਹੈ। ਕੰਮ-ਕਾਰ ਬੰਦ ਹੋਣ ਕਾਰਨ ਲੋਕ ਨਾ ਸਿਰਫ਼ ਨਕਾਰਾ ਹੋ ਗਏ ਹਨ, ਸਗੋਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਬੱਚਿਆਂ ਲਈ ਦੁੱਧ ਆਦਿ ਦਾ ਪ੍ਰਬੰਧ ਕਰਨਾ ਵੀ ਉਹਨਾਂ ਲਈ ਮੁਸ਼ਕਲ ਹੋ ਗਿਆ ਹੈ। ਅਜਿਹੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਅਸੀਂ ਕਰੋਨਾ ਵਰਗੀ ਮਹਾਂਮਾਰੀ ’ਤੇ ਜਿੱਤ ਪ੍ਰਾਪਤ ਕਰ ਲਵਾਂਗੇ। ਪਰ ਜਿਸ ਤਰ੍ਹਾਂ ਦੇ ਦੇਸ਼ ਦੇ ਹਾਲਾਤ ਹੋ ਰਹੇ ਹਨ, ਆਉਣ ਵਾਲੇ ਕੁਝ ਦਿਨਾਂ ਤਕ ਇਹਨਾਂ ਦੇ ਹੋਰ ਵੀ ਬਦਤਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਦ ਤਕ ਸ਼ਾਇਦ ਅਸੀਂ ਕਰੋਨਾ ਵਾਇਰਸ ਉੱਤੇ ਤਾਂ ਜਿੱਤ ਪ੍ਰਾਪਤ ਕਰ ਲਵਾਂਗੇ ਪਰ ਭੁੱਖ ਵਰਗੇ ਮਹਾਂਦੈਂਤ ਤੋਂ ਹਾਰ ਗਏ ਹੋਵਾਂਗੇ।

ਇਸ ਵੇਲੇ ਦੇਸ਼ ਦੇ ਗ਼ਰੀਬ ਵਰਗ ਨੂੰ ਹਮਦਰਦੀ ਦੀ ਨਹੀਂ, ਸਗੋਂ ਪੈਸਿਆਂ ਦੀ ਜ਼ਰੂਰਤ ਹੈ, ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਰਾਸ਼ਣ, ਦੁੱਧ ਅਤੇ ਸਬਜੀਆਂ ਆਦਿ ਖਰੀਦ ਕੇ ਉਹਨਾਂ ਨੂੰ ਭੁੱਖਮਰੀ ਤੋਂ ਬਚਾ ਸਕਣ। ਦੇਸ਼ ਦੇ ਗ਼ਰੀਬ ਵਰਗ ਨੂੰ ਰਾਸ਼ਣ ਦੀ ਲੋੜ ਹੈ ਕਿਉਂਕਿ ਢਿੱਡ ਰਾਸ਼ਣ ਨਾਲ ਭਰਦੇ ਹਨ, ਭਾਸ਼ਣ ਨਾਲ ਨਹੀਂ।

***

ਚਲੋ ਹਿੰਦੂ ਮੁਸਲਮ ਖੇਡੀਏ ... --- ਰੋਜ਼ੀ ਸਿੰਘ

ਵਿਸ਼ਵ ਵਿਆਪੀ ਕਰੋਨਾ ਕਰੋਪੀ ਦੇ ਚੱਲਦਿਆਂ ਮਹਾਨ ਭਾਰਤੀ ਮੀਡੀਆ ਇੱਕ ਵਾਰ ਫੇਰ ਆਪਣੇ ਮਕਸਦ ਵਿੱਚ ਕਾਮਯਾਮ ਹੁੰਦਾ ਨਜ਼ਰ ਆ ਰਿਹਾ ਹੈ। ਸੀ.ਏ.ਏ. ਅਤੇ ਐੱਨ.ਪੀ.ਆਰ ਤੋਂ ਬਾਅਦ ਜੇ.ਐੱਨ.ਯੂ ਤੋਂ ਸ਼ੁਰੂ ਹੋਏ ਵਿਰੋਧ ਤੋਂ ਲੈ ਕਿ ਸ਼ਾਹੀਨ ਬਾਗ ਦੇ ਧਰਨੇ ਤੱਕ ਪਹੁੰਚੇ ਇਸ ਸਾਰੇ ਮਾਮਲੇ ਵਿੱਚ ਇੱਕ ਦੋ ਚੈਨਲਾਂ ਅਤੇ ਅਖ਼ਬਾਰਾਂ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਭਾਰਤੀ ਮੀਡੀਏ ਨੇ ਆਪਣੇ ਰਾਜਨੀਤਿਕ ਅਕਾਵਾਂ, ਕਾਰਪੋਰੇਟਰ ਮਾਲਕਾਂ ਨੂੰ ਖ਼ੁਸ਼ ਕਰਨ ਵਾਸਤੇ ਪੱਤਰਕਾਰੀ ਦੇ ਇਸ ਪਵਿੱਤਰ ਪੇਸ਼ੇ ਨੂੰ ਲਾਜ ਲਾਉਦਿਆਂ ਸੰਤੋਸ਼ਜਨਕ ਰਿਪੋਰਟਿੰਗ ਨਾ ਕਰਕੇ ਦੇਸ਼ ਦੁਨੀਆ ਨੂੰ ਆਪਣੇ ਫ਼ਿਰਕਾਪ੍ਰਸਤ ਅਤੇ ਲਾਲਚੀ ਹੋਣ ਦਾ ਸਬੂਤ ਦੇ ਦਿੱਤਾ ਸੀ ਅਤੇ ਹੁਣ ਇੱਕ ਵਾਰ ਫੇਰ ਦਿੱਲੀ ਦੇ ਮਰਕਜ਼ ਤੋਂ ਕੁਝ ਲੋਕਾਂ ਦੀ ਗ਼ਲਤੀ ਨੂੰ ਮੁੱਦਾ ਬਣਾ ਕੇ ਪੂਰੀ ਮੁਸਲਿਮ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕੇ ਵਟਸਐਪ ਯੂਨੀਵਰਸਿਟੀ ਵੱਲੋਂ ਮਸਜ਼ਿਦਾਂ ਵਿੱਚ ਇਕੱਠੇ ਹੋਏ ਮੁਸਲਮਾਨਾਂ ਦੀਆਂ ਪੁਰਾਣੀਆਂ ਵੀਡੀਓਜ਼ ਦੁਬਾਰਾ ਅੱਪਲੋਡ ਕਰਕੇ ਉਹਨਾਂ ਨੂੰ ਤਾਜ਼ੀਆਂ ਦਿਖਾਇਆ ਜਾ ਰਿਹਾ ਹੈ।

ਆਮ ਲੋਕਾਂ ਦੀ ਤਾਂ ਗੱਲ ਛੱਡੋ ਹੁਣ ਤਾਂ ਗੋਦੀ ਮੀਡੀਆ ਦੇ ਕੁਝ ਐਡੀਟਰਾਂ ਵੱਲੋਂ ਭੁੱਖਮਰੀ ਦੇ ਸ਼ਿਕਾਰ ਬਾਂਦਰਾ ਸਟੇਸ਼ਨ ’ਤੇ ਘਰ ਜਾਣ ਲਈ ਜੁੜੇ ਲੋਕਾਂ ਨੂੰ ਵੀ ਮੁਸਲਮਾਨ ਗਰਦਾਨਿਆਂ ਜਾ ਰਿਹਾ ਹੈ ਅਤੇ ਉਹਨਾਂ ਨੂੰ ਕਰੋਨਾ ਦੇ ਵਾਹਕ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦਾ ਇੱਕ ਵਿਵਾਦਤ ਟਵੀਟ ਇੰਡੀਆ ਟੀ.ਵੀ. ਦੇ ਰਜਤ ਸ਼ਰਮਾ ਨੇ ਕੀਤਾ ਹੈ ਜਿਸ ਵਿੱਚ ਉਸਨੇ ਇਸ ਭੀੜ ਨੂੰ ਜਾਮਾ ਮਸਜ਼ਿਦ ਵਿੱਚ ਇਕੱਠੇ ਹੋਣ ਦਾ ਦਾਅਵਾ ਕੀਤਾ ਸੀ ਹਾਲਾਂ ਕੇ ਉਸਦੇ ਇਸ ਟਵੀਟ ਦੀ ਚਾਰ ਚੁਫੇਰਿਓਂ ਨਿੰਦਾ ਵੀ ਹੋਈ ਅਤੇ ਵੱਡੇ-ਵੱਡੇ ਸੈਲੀਬ੍ਰਿਟੀ ਨੇ ਉਸ ਨੂੰ ਝਾੜ ਵੀ ਪਾਈ ਹੈ।

ਸਾਡਾ ਦੇਸ਼ ਇੱਕ ਧਰਮ ਨਿਰਪੱਖ ਦੇਸ਼ ਸੀ ਪਰ ਪਿਛਲੇ ਦਹਾਕੇ ਤੋਂ ਇੱਥੇ ਸਭ ਕੁਝ ਠੀਕ ਨਹੀਂ ਰਿਹਾ, ਜਿਸ ਕਾਰਨ ਘੱਟ ਗਿਣਤੀਆਂ ਨਾਲ ਨਿੱਤ ਦਿਹਾੜੇ ਧੱਕੇ ਹੋ ਰਹੇ ਹਨ। ਭਾਰਤੀ ਲੋਕਤੰਤਰ ਦਾ ਚੌਥਾ ਥੰਮ੍ਹ, ਮੀਡੀਆ, ਇਸ ਸਭ ਤੋਂ ਜਾਣ ਬੁੱਝ ਕੇ ਅਣਜਾਣ ਬਣ ਰਿਹਾ ਹੈ। ਬਹੁਤ ਸਾਰੇ ਨਿਊਜ਼ ਚੈਨਲ ਅਤੇ ਪ੍ਰਿੰਟ ਮੀਡੀਆ ਅਦਾਰੇ ਵੱਡੇ ਸਰਮਾਏਦਾਰਾਂ ਦੇ ਅਧੀਨ ਹਨ ਜਿਸਦੇ ਚੱਲਦੇ ਕਿਸੇ ਇੱਕ ਜਮਾਤ ਨੂੰ ਹਾਈਲਾਈਟ ਕਰਕੇ ਕਿਸੇ ਦੂਜੀ ਜਮਾਤ ਦੇ ਵਿਰੁੱਧ ਜ਼ਹਿਰ ਉਗਲਿਆ ਜਾ ਰਿਹਾ ਹੈ। ਪਹਿਲਾਂ ਇਹਨਾਂ ਨੇ ਸ਼ਾਹੀਨ ਬਾਗ਼ ਦਾ ਧਰਨ ਚੁਕਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਕਿ ਦੇਖ ਲਿਆ ਸੀ ਪਰ ਇਹਨਾਂ ਲੋਕਾਂ ਦਾ ਕੰਮ ਕਰੋਨਾ ਵਾਇਰਸ ਨੇ ਸੌਖਾ ਕਰ ਦਿੱਤਾ, ਜਿਸ ਕਰਕੇ ਧਰਨਾ ਚੁੱਕਿਆ ਗਿਆ। ਇਹ ਲੋਕ ਹੁਣ ਕਰੋਨਾ ਨੂੰ ਢਾਲ ਬਣਾ ਕਿ ਮੁਸਲਮ ਭਾਈਚਾਰੇ ਵਿਰੁੱਧ ਜ਼ਹਿਰ ਉਗਲ ਰਹੇ ਹਨ। ਹਰ ਸੰਭਵ ਤਰੀਕੇ ਨਾਲ ਉਹਨਾਂ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਮੰਨਿਆ ਕਿ ਕੁਝ ਮੁਸਲਮਾਨਾਂ ਨੇ ਗ਼ਲਤੀ ਕੀਤੀ, ਜਿਨ੍ਹਾਂ ਦੀ ਪਹਿਚਾਣ ਕਰ ਲਈ ਗਈ ਅਤੇ ਉਹਨਾਂ ਵਿਰੁੱਧ ਮਾਮਲੇ ਵੀ ਦਰਜ਼ ਕੀਤੇ ਗਏ ਪਰ ਕੁਝ ਲੋਕਾਂ ਕਰਕੇ ਪੂਰੀ ਕੌਮ ਨੂੰ ਬਦਨਾਮ ਕਰਨਾ ਕਿੱਥੋਂ ਦੀ ਸਿਆਣਪ ਹੈ?

ਵਟਸਐਪ ਯੂਨੀਵਰਸਿਟੀ ਵਾਲ਼ੇ ਤਾਂ ਇੱਥੋਂ ਤਕ ਪ੍ਰਚਾਰ ਕਰ ਰਹੇ ਹਨ ਕਿ ਗੁੱਜਰਾਂ ਅਤੇ ਮੁਸਲਮਾਨਾਂ ਤੋਂ ਦੁੱਧ ਅਤੇ ਹੋਰ ਕੋਈ ਸ਼ੈਅ ਨਾ ਲਵੋ। ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਕਰੋਨਾ ਦਾ ਇਲਾਜ ਵੀ ਹਿੰਦੂ ਮੁਸਲਮ ਦੇ ਅਧਾਰ ’ਤੇ ਕੀਤਾ ਜਾ ਰਿਹਾ ਹੈ। ਇੱਥੇ ਮੁਲਮਾਨਾ ਦੇ ਇਲਾਜ ਲਈ ਵੱਖ਼ਰੀਆਂ ਵਾਰਡਾਂ ਬਣਾ ਦਿੱਤੀਆਂ ਗਈਆਂ ਹਨ। ਬਹੁਤ ਸਾਰੇ ਚੈਨਲਾ ’ਤੇ ਸਵੇਰੇ ਸਵਖਤੇ ਹੀ ਹਿੰਦੂ ਮੁਸਲਮ ਹੋਣ ਲੱਗ ਪੈਂਦੀ ਹੈ। ਅਜੋਕਾ ਫ਼ਿਰਕੂ ਭਾਰਤੀ ਮੀਡੀਆ ਪੂਰੇ ਦੇਸ਼ ਨੂੰ ਇਸ ਭਿਆਨਕ ਦੌਰ ਵਿੱਚ ਵੀ ਫਿਰਕਾਪ੍ਰਸਤੀ ਦੀ ਅੱਗ ਵੱਲ ਧੱਕ ਰਿਹਾ ਹੈ, ਜਿਸ ਕਾਰਨ ਲੋਕ ਦੂਜੇ ਧਰਮ ਦੇ ਲੋਕਾਂ ਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਵੇਖਣ ਲੱਗ ਪਏ ਹਨ। ਮੁਸਲਮ ਭਾਈਚਾਰਾ ਡਰ ਅਤੇ ਸਹਿਮ ਹੇਠ ਹੈ।

ਭਾਰਤੀ ਮੀਡੀਆ ਦੀ ਇੱਕ ਗੱਲ ਤੋਂ ਹੋਰ ਸ਼ਲਾਘਾ ਕਰਨੀ ਬਣਦੀ ਹੈ ਏ.ਬੀ.ਪੀ. ਨਿਊਜ਼ ਦੀ ਇੱਕ ਐਂਕਰ ਨੇ ਤਾਂ ਪਾਕਿਸਤਾਨ ਦੀ ਇੱਕ ਹੋਰ ਸਾਜ਼ਿਸ਼ ਤੋਂ ਪਰਦਾ ਚੁੱਕ ਦਿੱਤਾ ਹੈ। ਉਸਦੀ ਰਿਪੋਰਟ ਮੁਤਾਬਿਕ ਭਾਰਤ ਵਿੱਚ ਜੋ ਗਰਮੀ ਦਾ ਅਟੈਕ ਹੋਇਆ ਹੈ ਉਸਦਾ ਜ਼ਿੰਮੇਵਾਰ ਪਾਕਿਸਤਾਨ ਹੈ, ਕਿਉਂਕਿ ਪਾਕਿਤਾਨ ਵੱਲੋਂ ਆਉਣ ਵਾਲੀਆਂ ਗਰਮ ਹਵਾਵਾਂ ਨੇ ਭਾਰਤ ਵਿੱਚ ਗਰਮੀ ਪੈਦਾ ਕੀਤੀ ਹੈ। ਮੀਡੀਆ ਦੀ ਇਸ ਬੇਹੱਦ ਹੇਠਲੀ ਪੱਧਰ ਦੀ ਗ਼ੈਰਇਖ਼ਲਾਕੀ ਰਿਪੋਰਟਿੰਗ ਕਾਰਨ ਲੋਕਾਂ ਦਾ ਵਿਸ਼ਵਾਸ ਪੱਤਰਕਾਰਤਾ ਤੋਂ ਉੱਠਦਾ ਜਾ ਰਿਹਾ ਹੈ। ਇਸ ਇਕ ਪਾਸੜ ਪੱਤਰਕਾਰੀ ਕਾਰਨ ਬਹੁਤ ਸਾਰੇ ਚੈਨਲ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਹਨ। ਪੈਸੇ ਕਮਾਉਣ ਦੀ ਦੌੜ ਅਤੇ ਚੈਨਲ ਦੀ ਟੀ.ਆਰ.ਪੀ ਵਾਸਤੇ ਇਹ ਚੈਨਲ ਇੱਕ ਨਿੱਕੀ ਜਿਹੀ ਖ਼ਬਰ ਨੂੰ ਸਨਸਨੀ ਬਣਾ ਕੇ ਜੋ ਕੁਝ ਵੀ ਲੋਕਾਂ ਅੱਗੇ ਪਰੋਸ ਰਹੇ ਹਨ ਉਹ ਨਿਹਾਇਤ ਘਟੀਆ ਦਰਜ਼ੇ ਦੀ ਕਾਰਵਾਈ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਹਿੰਦੂ ਮੁਸਲਮ ਪਾਕਿਸਤਾਨ ਦੀ ਰਟ ਲਗਾ ਕਿ ਜਾਣੋ ਇਹ ਚੈਨਲ ਲੋਕਾਂ ਨੂੰ ਇਹ ਆਖ ਰਹੇ ਹੋਣ:-“ਲੌਕਡਾਊਨ ਦੌਰਾਨ ਘਰਾਂ ਵਿੱਚ ਵਿਹਲੇ ਹੀ ਹੋ, ਚਲੋ ਹਿੰਦੂ ਮੁਸਲਮ ਖੇਡੀਏ।”

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2084)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਰੋਜ਼ੀ ਸਿੰਘ

Fatehgarh Churian, Punjab, India.
Email: (aftab_srangal@yahoo.co.in)