““ਭਰਾ ਸ਼ੰਗਾਰਿਆ, ਇਹ ਤੂੰ ਚੰਗਾ ਕੰਮ ਨਹੀਂ ਕੀਤਾ।” ਕਹਿਣਾ ਤਾਂ ਉਹ ਹੋਰ ਵੀ ਬਹੁਤ ਕੁਝ ...”
(19 ਅਗਸਤ 2018)
ਅਗਸਤ 1947 ਦਾ ਦੂਜਾ ਹਫ਼ਤਾ ਬੀਤਣ ਵਾਲਾ ਸੀ। ਇਕ ਪਾਸੇ ਦਿੱਲੀ ਵਿੱਚ ਆਜ਼ਾਦੀ ਦਾ ਜਸ਼ਨ ਮਨਾਉਣ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆ ਸਨ ਤੇ ਦੂਜੇ ਪਾਸੇ ਪੰਜਾਬ ਬਰਬਾਦੀ ਦਾ ਮੰਜ਼ਰ ਪੇਸ਼ ਕਰ ਰਿਹਾ ਸੀ। ਉੱਧਰਲੇ ਪੰਜਾਬ ਤੋਂ ਉੱਜੜਕੇ ਆਏ ਹਿੰਦੂ-ਸਿੱਖਾਂ ਦੀ ਦਰਦਨਾਕ ਹਾਲਤ ਵੇਖ ਕੇ ਸੰਵੇਦਨਸ਼ੀਲ ਲੋਕਾਂ ਦੇ ਦਿਲ ਕੰਬ ਰਹੇ ਸਨ। ਰਫਿਊਜੀ ਕੈਂਪਾਂ ਵਿੱਚ ਲੁੱਟੇ-ਪੁੱਟੇ, ਥੱਕੇ-ਟੁੱਟੇ, ਅੱਧ-ਮਰੇ ਤੇ ਬੀਮਾਰ ਲੋਕ ਜ਼ਿੰਦਗੀ ਦੀ ਜੰਗ ਲੜ ਰਹੇ ਸਨ। ਉੱਧਰੋਂ ਉੱਜੜਕੇ ਆਏ ਕੁਝ ਪਰਿਵਾਰ ਮੁਸਲਮਾਨਾਂ ਦੇ ਛੱਡੇ ਹੋਏ ਅੱਧ-ਸੜੇ ਮਕਾਨਾਂ ਵਿੱਚ ਸ਼ਰਨ ਲੈ ਰਹੇ ਸਨ। ਦੋਵੇਂ ਪਾਸਿਉਂ ਕਾਫਲਿਆਂ ਦਾ ਆਉਣਾ ਜਾਣਾ ਜਾਰੀ ਸੀ। ਰੱਜੇ-ਪੁੱਜੇ ਲੋਕ ਤਾਂ ਪਹਿਲਾ ਹੀ ਟਰੱਕਾਂ, ਬੱਸਾਂ ਜਾਂ ਰੇਲ ਗੱਡੀਆਂ ਰਾਹੀਂ ਸੁਰੱਖਿਅਤ ਜਾ ਚੁੱਕੇ ਸਨ, ਪਰ ਗ਼ਰੀਬ ਲੋਕਾਂ ਪਾਸ ਕਾਫਲਿਆਂ ਨਾਲ ਜਾਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ। ਉੱਪਰੋਂ ਸਿਤਮ-ਜ਼ਰੀਫ਼ੀ ਇਹ ਕਿ ਰਾਤ ਬਰਾਤੇ ਜਾ ਰਹੇ ਕਾਫਲਿਆਂ ਦੀ ਵੀ ਰਾਹ ਵਿੱਚ ਲੁੱਟ-ਮਾਰ ਕੀਤੀ ਜਾਂਦੀ ਸੀ। ਬਦਲੇ ਦੀ ਬੇ-ਮੁਹਾਰੀ ਭਾਵਨਾ ਦੇ ਅਧੀਨ ਸਾਡੇ ਕਈ ਸਿਰ ਫਿਰੇ ਲੋਕ ਕਾਫਲਿਆਂ ਵਿੱਚੋਂ ਨੌਜਵਾਨ ਔਰਤਾਂ ਨੂੰ ਉਧਾਲ ਕੇ ਲਿਆ ਰਹੇ ਸਨ ਤੇ ਕਈ ਮਨਚਲੇ ਸ਼ੌਕੀਆ ਹੀ ਜਾਂ ਵੇਖੋ ਵੇਖੀ ਇਸ ਘਿਨੌਣੇ ਕੰਮ ਵੱਲ ਰੁਚਿਤ ਹੋ ਰਹੇ ਸਨ। ਇਸੇ ਕਿਸਮ ਦੀ ਇੱਕ ਅਨੋਖੀ ਘਟਨਾ ਉਨ੍ਹਾਂ ਦਿਨਾਂ ਵਿੱਚ ਮੇਰੇ ਵੱਡੇ ਭਰਾ ਦੇ ਦੋਸਤ ਸੁਖਦੇਵ ਸਿੰਘ ਉਰਫ ਸੁੱਖਾ ਦੇ ਘਰ ਵਾਪਰੀ।
ਸੁੱਖਾ ਤਰਨਤਾਰਨ ਦੇ ਨੰਗੇ ਪੈਰਾਂ ਵਾਲੇ ਚੌਕ ਵਿੱਚ ਸਥਿਤ ਇੱਕ ਖੱਡੀਆਂ ਦੇ ਕਾਰਖ਼ਾਨੇ ਵਿੱਚ ਕੰਮ ਕਰਦਾ ਸੀ। ਮੇਰੀ ਉਮਰ ਉਦੋਂ ਪੰਦਰਾਂ ਸਾਲ ਸੀ। ਸੱਖਾ ਭਾਵੇਂ ਮੇਰੇ ਤੋਂ ਸੱਤ-ਅੱਠ ਸਾਲ ਵੱਡਾ ਸੀ, ਪਰ ਮੇਰੇ ਨਾਲ ਖੁੱਲ੍ਹੀਆਂ ਗੱਲਾਂ ਕਰ ਲੈਂਦਾ ਸੀ। ਉਸਦੇ ਪਿਤਾ ਸ਼ੰਗਾਰਾ ਸਿੰਘ ਨੇ ਨੂਰਦੀ ਅੱਡੇ ਦੇ ਨੇੜੇ ਆਪਣੇ ਘਰ ਵਿੱਚ ਹੀ ਖੱਡੀ ਲਾਈ ਹੋਈ ਸੀ ਤੇ ਖੇਸ ਚਾਦਰਾਂ ਬੁਨਣ ਦਾ ਚੰਗਾ ਕੰਮ ਕਰ ਲੈਂਦਾ ਸੀ। ਕਾਫਲਿਆਂ ਵਿੱਚੋਂ ਉਧਾਲਕੇ ਲਿਆਂਦੀਆਂ ਔਰਤਾਂ ਬਾਰੇ ਜਾਣਕੇ ਉਸਦੇ ਮਨ ਵਿੱਚ ਹਲਚਲ ਹੋਣ ਲੱਗੀ। ਸੁੱਖੇ ਦੀ ਮਾਂ ਮਰੀ ਨੂੰ ਦਸ ਸਾਲ ਹੋ ਚੁੱਕੇ ਸਨ ਅਤੇ ਚੁੱਲ੍ਹੇ-ਚੌਂਕੇ ਦਾ ਕੰਮ ਸ਼ੰਗਾਰਾ ਸਿੰਘ ਆਪ ਹੀ ਕਰਦਾ ਸੀ। ਉਹ ਅਕਸਰ ਸੋਚਦਾ ਰਹਿੰਦਾ ਕਿ ਘਰ ਵਿੱਚ ਇੱਕ ਜ਼ਨਾਨੀ ਦਾ ਹੋਣਾ ਬਹੁਤ ਜ਼ਰੂਰੀ ਹੈ। ਪੰਜਾਹ ਸਾਲ ਦੀ ਉਮਰ ਵਿੱਚ ਹੁਣ ਉਸਨੂੰ ਦੂਜੇ ਵਿਆਹ ਦੀ ਕੋਈ ਆਸ ਨਹੀਂ ਸੀ। ਸੁੱਖੇ ਦਾ ਕਾਰਜ ਉਹ ਅਜੇ ਦੋ ਤਿੰਨ ਸਾਲ ਠਹਿਰ ਕੇ ਕਰਨਾ ਚਾਹੁੰਦਾ ਸੀ। ਹੁਣ ਉਸਦੇ ਵਾਸਤੇ ਇੱਕੋ ਇਕ ਸੁਨਹਿਰੀ ਮੌਕਾ ਸੀ ਕਿ ਕਿਸੇ ਕਾਫ਼ਲੇ ਵਿੱਚੋਂ ਮੁਸਲਮਾਨ ਔਰਤ ਉਧਾਲਕੇ ਲੈ ਆਵੇ ਤੇ ਇੰਜ ਆਪਣਾ ਘਰ ਵਸਾ ਲਵੇ।
ਇਕ ਦਿਨ ਜਦੋਂ ਸ਼ੰਗਾਰਾ ਸਿੰਘ ਨੂੰ ਸੂਹ ਮਿਲੀ ਕਿ ਰਾਤ ਨੂੰ ਨੇੜਲੀ ਸੜਕ ਤੋਂ ਕਾਫਲਾ ਲੰਘਣਾ ਹੈ ਤਾ ਉਹ ਆਪਣੇ ਦੋ ਧਾੜਵੀ ਸਾਥੀਆਂ ਨਾਲ ਤਿਆਰ ਬਰ ਤਿਆਰ ਹੋ ਕੇ ਨਿਸ਼ਚਿਤ ਟਿਕਾਣੇ ’ਤੇ ਪਹੁੰਚ ਗਿਆ। ਸਾਥੀਆਂ ਦੀ ਮਨਸ਼ਾ ਸਿਰਫ਼ ਸਾਮਾਨ ਅਤੇ ਜ਼ੇਵਰ ਆਦਿ ਲੁੱਟਣ ਦੀ ਸੀ ਤੇ ਉਨ੍ਹਾਂ ਨੇ ਸ਼ੰਗਾਰਾ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਸਦੇ ਮਤਲਬ ਦੀ ਕੋਈ ਜ਼ਨਾਨੀ ਉਧਾਲਣ ਵਿੱਚ ਉਸਦੀ ਮਦਦ ਜ਼ਰੂਰ ਕਰਨਗੇ। ਕਾਫਲਿਆਂ ਦੇ ਨਾਲ ਭਾਵੇਂ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਹੁੰਦੇ ਸਨ, ਪਰ ਰਫਿਊਜੀਆਂ ਦੇ ਗੱਡਿਆਂ ਦੀ ਗਿਣਤੀ ਮੁਤਾਬਿਕ ਉਨ੍ਹਾਂ ਦੀ ਸੰਖਿਆ ਬਹੁਤ ਘੱਟ ਹੁੰਦੀ ਸੀ। ਇਹੀ ਕਾਰਨ ਸੀ ਕਿ ਕਾਫਲਿਆਂ ਉੱਤੇ ਨਿੱਕੇ-ਮੋਟੇ ਹਮਲੇ ਹੋਣੇ ਨਿੱਤ ਦਾ ਵਰਤਾਰਾ ਸੀ।
ਸ਼ੰਗਾਰਾ ਸਿੰਘ ਦੇ ਸਾਥੀ ਤਜਰਬੇਕਾਰ ਬੰਦੇ ਸਨ, ਕਿਉਂਕਿ ਉਹ ਪਹਿਲਾਂ ਵੀ ਦੋ ਤਿੰਨ ਵਾਰ ਲੁੱਟ ਮਾਰ ਕਰ ਚੁੱਕੇ ਸਨ। ਉਨ੍ਹਾਂ ਦੀ ਅਗਵਾਈ ਵਿੱਚ ਸ਼ੰਗਾਰਾ ਸਿੰਘ ਇੱਕ ਜ਼ਨਾਨੀ ਉਧਾਲਕੇ ਲੈ ਆਇਆ। ਉਹ ਦੋਵੇਂ ਲੁੱਟ ਦਾ ਸਾਮਾਨ ਲੈ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਤੇ ਸ਼ੰਗਾਰਾ ਸਿੰਘ ਇੱਕ ਜੇਤੂ ਵਾਂਗ ਆਪਣੇ ਘਰ ਪਹੁੰਚ ਗਿਆ। ਉਧਾਲੀ ਹੋਈ ਔਰਤ ਨੂੰ ਉਸਨੇ ਵਿਹੜੇ ਵਿੱਚ ਪਈ ਮੰਜੀ ’ਤੇ ਲਿਟਾ ਦਿੱਤਾ। ਉਸਦੀ ਸ਼ਕਲ ਸੂਰਤ ਬਾਰੇ ਉਸਨੂੰ ਕੁਝ ਪਤਾ ਨਹੀਂ ਸੀ। ਇੰਨਾ ਕੁ ਅੰਦਾਜ਼ਾ ਸੀ ਕਿ ਉਹ ਕੋਈ ਛੋਟੀ ਉਮਰ ਦੀ ਨੌਜਵਾਨ ਕੁੜੀ ਹੈ। ਸਾਰਾ ਰਸਤਾ ਉਸਨੂੰ ਉਹ ਆਪਣੇ ਮੋਢਿਆਂ ’ਤੇ ਚੁੱਕ ਕੇ ਲਿਆਇਆ ਸੀ। ਰੋਂਦੀ ਕੁਰਲਾਉਂਦੀ ਤੇ ਬਿਨ ਪਾਣੀ ਮੱਛੀ ਵਾਂਗ ਤੜਫਦੀ ਉਹ ਪੈਦਲ ਚੱਲਣ ਦੇ ਸਮਰਥ ਵੀ ਨਹੀਂ ਸੀ। ਗਿੱਚੀ ਘੁੱਟਣ ਦਾ ਡਰਾਵਾ ਦੇ ਕੇ ਸ਼ੰਗਾਰਾ ਸਿੰਘ ਨੇ ਉਸਦਾ ਰੋਣਾ ਕੁਰਲਾਉਣਾ ਬੰਦ ਕਰਾ ਦਿੱਤਾ ਸੀ। ਆਖਿਰ ਨਿਢਾਲ ਹੋ ਕੇ ਉਸਨੂੰ ਸ਼ੰਗਾਰਾ ਸਿੰਘ ਦੇ ਮੋਢਿਆਂ ’ਤੇ ਇੱਕ ਲਾਸ਼ ਵਾਂਗ ਲਟਕਣਾ ਪਿਆ।
ਦੂਜੀ ਮੰਜੀ ’ਤੇ ਲੇਟਿਆ ਸੁੱਖਾ ਆਪਣੇ ਪਿਤਾ ਦਾ ਇਹ ਕੌਤਕ ਵੇਖਕੇ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਖੁਸ਼ੀ ਦਾ ਕਾਰਣ ਇਹ ਸੀ ਕਿ ਬਰਾਂਡੇ ਵਿੱਚ ਜਗਦੇ ਬਲਬ ਦੀ ਰੋਸ਼ਨੀ ਵਿੱਚ ਜਦੋਂ ਉਸਨੇ ਉਸ ਜਨਾਨੀ ਦੇ ਸਮੁੱਚੇ ਸ਼ਰੀਰ ਅਤੇ ਚਿਹਰੇ ਵਲ ਗੌਰ ਨਾਲ ਵੇਖਿਆ ਤਾਂ ਉਸਨੂੰ ਉਹ ਇੱਕ ਅੱਤ ਖੂਬਸੂਰਤ ਤੇ ਜਵਾਨ ਕੁੜੀ ਨਜ਼ਰ ਆਈ। ਇਕ ਦਮ ਉਸਦੇ ਮਨ ਵਿੱਚ ਆਇਆ “ਇਹ ਤਾਂ ਮੇਰੇ ਹਾਣ ਦੀ ਐ।” ਨਾਲ ਹੀ ਉਸਨੇ ਸੋਚਿਆ, “ਚਲੋ ਭਾਪੇ ਦੀ ਵਹੁਟੀ ਨਾ ਸਹੀ, ਨੂੰਹ ਹੀ ਸਹੀ। ਸਵਾਲ ਤਾ ਘਰ ਵਸਾਉਣ ਦਾ ਹੀ ਸੀ, ਸੋ ਹੁਣ ਵਸ ਜਾਵੇਗਾ। ਭਾਪੇ ਨੂੰ ਹੁਣ ਚੁੱਲੇ ਚੌਂਕੇ ਵਿੱਚ ਹੱਥ ਨਹੀਂ ਲੂਹਣੇ ਪੈਣਗੇ। ਨੂੰਹ ਦੀਆਂ ਪੱਕੀਆਂ ਖਾਵੇਗਾ।”
ਨੂਰਾਂ ਮੰਜੀ ’ਤੇ ਲੇਟੀ ਲੇਟੀ ਲਾਚਾਰੀ ਦੀ ਹਾਲਤ ਵਿੱਚ ਹਟਕੋਰੇ ਭਰ ਰਹੀ ਸੀ। ਵੇਲਾ ਭਾਵੇਂ ਰਾਤ ਦਸ ਵਜੇ ਦਾ ਸੀ ਤੇ ਕੁਝ ਲੋਕ ਸੌਂ ਵੀ ਚੁੱਕੇ ਸਨ, ਪਰ ਇਸ ਘਟਨਾ ਦੀ ਖਬਰ ਮੁਹੱਲੇ ਵਿੱਚ ਫੈਲ ਚੁੱਕੀ ਸੀ। ਸ਼ੰਗਾਰਾ ਸਿੰਘ ਦੀ ਵੱਡੀ ਭੈਣ ਪਰਸਿੰਨੀ ਤੇ ਭਣਵੱਈਆ ਸੇਵਾ ਸਿੰਘ ਨੇੜੇ ਹੀ ਰਹਿੰਦੇ ਸਨ। ਇਹ ਖ਼ਬਰ ਜਦੋਂ ਉਨ੍ਹਾਂ ਤੱਕ ਪੁੱਜੀ ਤਾਂ ਦੋਂਵੇ ਜੀਅ ਫੌਰਨ ਸ਼ੰਗਾਰਾ ਸਿੰਘ ਦੇ ਘਰ ਵੱਲ ਤੁਰ ਪਏ। ਸੇਵਾ ਸਿੰਘ ਤਾਂ ਸਾਧੂ ਸੁਭਾਅ ਬੰਦਾ ਸੀ, ਪਰ ਪਰਸਿੰਨੀ ਬੜੀ ਧੜੱਲੇਦਾਰ ਤੇ ਬਾਅਸੂਲ ਔਰਤ ਸੀ। ਆਉਂਦਿਆਂ ਹੀ ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਕਹਿਣ ਲੱਗੀ, “ਭਰਾ ਸ਼ੰਗਾਰਿਆ, ਇਹ ਤੂੰ ਚੰਗਾ ਕੰਮ ਨਹੀਂ ਕੀਤਾ।” ਕਹਿਣਾ ਤਾਂ ਉਹ ਹੋਰ ਵੀ ਬਹੁਤ ਕੁਝ ਚਾਹੁੰਦੀ ਸੀ, ਪਰ ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਉਸਨੇ ਹੋਰ ਕੁਝ ਕਹਿਣਾ ਮੁਨਾਸਬ ਨਾ ਸਮਝਿਆ। ਕੁਝ ਇੱਧਰ-ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਉਸਨੇ ਫਿਲਹਾਲ ਸਥਿਤੀ ਨੂੰ ਸੰਭਾਲਣ ਵਾਸਤੇ ਆਪਣਾ ਫੈਸਲਾ ਸੁਣਾ ਦਿੱਤਾ, “ਇਹ ਕੁੜੀ ਰਾਤ ਏਥੇ ਨਹੀਂ ਸੰਵੇਗੀ। ਇਹਨੂੰ ਮੈਂ ਆਪਣੇ ਨਾਲ ਲੈ ਜਾਨੀ ਆਂ। ਤੁਸੀਂ ਪਿਉ-ਪੁੱਤ ਹੁਣ ਸੌਂ ਜਾਉ। ਬਾਕੀ ਗੱਲਾਂ ਸਵੇਰੇ ਕਰਾਂਗੇ।”
ਪਰਸਿੰਨੀ ਨੇ ਕੁੜੀ ਨੂੰ ਦਿਲਾਸਾ ਦਿੰਦਿਆ ਪਿਆਰ ਨਾਲ ਉਸਦੇ ਸਿਰ ’ਤੇ ਹੱਥ ਫੇਰਿਆ, ਉਸਦਾ ਮੱਥਾ ਚੁੰਮਿਆ। ਕੁਝ ਗੱਲਾਂ ਵੀ ਉਸਦੇ ਕੰਨ ਵਿੱਚ ਕੀਤੀਆਂ। ਕੁੜੀ ਨੇ ਪਾਸਾ ਪਰਤਿਆ, ਉੱਠਣ ਦੀ ਤਾਕਤ ਉਸਦੇ ਸ਼ਰੀਰ ਵਿੱਚ ਨਹੀਂ ਸੀ। ਪਰਸਿੰਨੀ ਨੇ ਆਸਰਾ ਦੇ ਕੇ ਉਠਾਇਆ ਤੇ ਬਾ-ਹਿਫ਼ਾਜ਼ਤ ਆਪਣੇ ਘਰ ਵੱਲ ਨੂੰ ਲੈ ਤੁਰੀ। ਰਾਹ ਵਿੱਚ ਕੁੜੀ ਨੇ ਪਰਸਿੰਨੀ ਨੂੰ ਆਪਣਾ ਨਾਂ ਨੂਰਾਂ ਦੱਸਿਆ। ਘਰ ਪਹੁੰਚ ਕੇ ਸਭ ਤੋਂ ਪਹਿਲਾਂ ਨੂਰਾਂ ਦਾ ਮੂੰਹ-ਹੱਥ ਧੁਆਇਆ। ਫਿਰ ਨਲਕਾ ਗੇੜ ਕੇ ਦੁੱਧ ਦੀ ਕੱਚੀ ਲੱਸੀ ਬਣਾ ਕੇ ਪਿਲਾਈ। ਪੀੜ੍ਹੀ ’ਤੇ ਬੈਠੀ ਨੂਰਾਂ ਹੌਲੀ ਹੌਲੀ ਲੱਸੀ ਦੇ ਦੋ ਗਿਲਾਸ ਪੀ ਗਈ। ਲੱਸੀ ਨੇ ਉਸਦੇ ਸ਼ਰੀਰ ਵਿੱਚ ਸ਼ਕਤੀ ਦਾ ਇੰਨਾ ਕੁ ਸੰਚਾਰ ਕੀਤਾ ਕਿ ਉਸਦੇ ਮੁਰਦਾ ਚਿਹਰੇ ਤੇ ਜਿਵੇਂ ਜੀਵਨ ਰੇਖਾ ਉੱਭਰ ਆਈ ਹੋਵੇ। ਪਰਸਿੰਨੀ ਨੇ ਉਸ ਨਾਲ ਹੌਲੀ ਹੌਲੀ ਕਈ ਗੱਲਾਂ ਕੀਤੀਆਂ। ਉਸਦੇ ਮਾਪਿਆਂ ਬਾਰੇ ਪੁੱਛਿਆ ਤੇ ਨਾਲ ਹੀ ਸਮਝਾਇਆ ਕਿ ਜੋ ਕੁਝ ਹੋ ਚੁੱਕਾ ਹੈ, ਉਸਨੂੰ ਹਾਲ ਦੀ ਘੜੀ ਉਹ ਭੁੱਲ ਜਾਵੇ। ਹੋਰ ਕੋਈ ਚਾਰਾ ਵੀ ਨਹੀਂ। ਪਰਸਿੰਨੀ ਨੇ ਰੋਟੀ ਆਦਿ ਖੁਆਉਣ ਵਾਸਤੇ ਕਾਫੀ ਤਰਲੇ ਕੀਤੇ, ਪਰ ਇਸ ਵੇਲੇ ਰੋਟੀ ਨੂੰ ਨੂਰਾਂ ਦੀ ਵੱਢਿਆਂ ਰੂਹ ਨਹੀਂ ਸੀ ਕਰ ਰਹੀ। ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਪਰਸਿੰਨੀ ਤੇ ਨੂਰਾਂ ਵਿਹੜੇ ਵਿੱਚ ਡੱਠੀਆਂ ਮੰਜੀਆਂ ’ਤੇ ਲੇਟ ਗਈਆਂ ਤੇ ਸੇਵਾ ਸਿੰਘ ਸੌਣ ਵਾਸਤੇ ਉੱਪਰ ਛੱਤ ’ਤੇ ਚਲਾ ਗਿਆ। ਨੂਰਾਂ ਦੇ ਸ਼ਰੀਰ ਅਤੇ ਮਨ ਦੋਵਾਂ ਨੂੰ ਆਰਾਮ ਦੀ ਲੋੜ ਸੀ। ਸਾਵਣ ਮਹੀਨੇ ਦੀ ਠੰਢੀ ਠੰਢੀ ਹਵਾ ਰੁਮਕਣ ਲੱਗੀ। ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਜਲਦੀ ਹੀ ਦੋਵਾਂ ਦੀ ਅੱਖ ਲੱਗ ਗਈ।
ਸਵੇਰੇ ਤੜਕੇ ਉੱਠਕੇ ਪਰਸਿੰਨੀ ਨੇ ਸਭ ਤੋਂ ਪਹਿਲਾਂ ਆਪਣੀ ਵਿਆਹੀ ਜਾ ਚੁੱਕੀ ਧੀ ਦੇ ਕੱਪੜਿਆਂ ਦੀ ਫੋਲਾ ਫਾਲੀ ਕਰਕੇ ਨੂਰਾਂ ਵਾਸਤੇ ਦੋ ਤਿੰਨ ਚੰਗੇ ਜਿਹੇ ਸੂਟ ਕੱਢੇ। ਨੂਰਾਂ ਨਹਾ ਧੋ ਕੇ, ਨਵਾਂ ਸੂਟ ਪਾ ਕੇ ਤੇ ਕੰਘੀ ਨਾਲ ਵਾਲ਼ ਵਾਹ ਕੇ ਜਦੋਂ ਪੀੜੀ ’ਤੇ ਬੈਠੀ ਤਾਂ ਪਰਸਿੰਨੀ ਨੇ ਉਸਨੂੰ ਘੁੱਟ ਕੇ ਜੱਫੀ ਪਾ ਲਈ। ਉਸਨੂੰ ਇੰਝ ਮਹਿਸੂਸ ਹੋਇਆ ਜਿਵੇਂ ਨੂਰਾਂ ਦੀ ਥਾਂ ਉਸਦੀ ਵਿਆਹੀ ਜਾ ਚੁੱਕੀ ਧੀ ਲਾਜੋ ਸਾਖਸ਼ਾਤ ਉਸਦੇ ਸਾਹਮਣੇ ਬੈਠੀ ਹੋਵੇ। ਸੇਵਾ ਸਿੰਘ ਵੀ ਇਹ ਦ੍ਰਿਸ਼ ਵੇਖਕੇ ਭਾਵੁਕ ਹੋ ਗਿਆ। ਨੂਰਾਂ ਵੀ ਹੁਣ ਆਪਣੇ ਆਪਨੂੰ ਕੁਝ ਹੱਦ ਤੱਕ ਚਿੰਤਾ ਮੁਕਤ ਮਹਿਸੂਸ ਕਰ ਰਹੀ ਸੀ। ਰਹਿੰਦੀ ਕਸਰ ਪਰਸਿੰਨੀ ਨੇ ਸਮਝਾਉਦਿਆਂ ਪੂਰੀ ਕਰ ਦਿੱਤੀ, “ਵੇਖ ਧੀਏ, ਤੇਰੇ ਮਾਪੇ ਤਾਂ ਹੁਣ ਪਤਾ ਨਹੀਂ ਕਿੱਥੇ ਤੇ ਕਿਸ ਹਾਲਤ ਵਿੱਚ ਹੋਣਗੇ, ਹਾਲ ਦੀ ਘੜੀ ਤੂੰ ਸਾਨੂੰ ਹੀ ਆਪਣੇ ਮਾਪੇ ਸਮਝ ਲੈ। ਦੂਜੀ ਗੱਲ ਇਹ ਕਿ ਤੇਰੀ ਉਮਰ ਸੁੱਖ ਨਾਲ ਉੰਨੀ-ਵੀਹ ਵਰ੍ਹਿਆਂ ਦੀ ਲੱਗਦੀ ਐ - ਮੈਂ ਸੋਚਿਐ ਛੇਤੀ ਹੀ ਤੇਰਾ ਵਿਆਹ ਵੀ ਸੁੱਖੇ ਨਾਲ ਕਰ ਦਿਆਂਗੇ। ਏਸ ਹਾਲਤ ਵਿੱਚ ਕੁਆਰੀ ਕੁੜੀ ਦਾ ਓਪਰੇ ਘਰ ਬੈਠਣਾ ਮੁਨਾਸਬ ਨਹੀਂ ਹੁੰਦਾ। ਜਿੰਨੇ ਮੂੰਹ ਉੰਨੀਆਂ ਗੱਲਾਂ ...। ਆਪਣਾ ਸੁੱਖਾ ਸੋਹਣਾ ਸੁਨੱਖਾ ਤੇ ਸਾਊ ਮੰਡਾ ਏ। ਤੂੰ ਘਰ ਸੰਭਾਲ ਲਵੇਂਗੀ ਤੇ ਮੇਰੇ ਭਰਾ ਸ਼ੰਗਾਰੇ ਦਾ ਵੀ ਚੁੱਲ੍ਹੇ-ਚੌਕੇ ਤੋਂ ਛੁਟਕਾਰਾ ਹੋ ਜਾਊ। ਪਰ ਧੀਏ ਇਸ ਬਾਰੇ ਮੈਂ ਤੇਰੀ ਮਰਜ਼ੀ ਵੀ ਜਾਨਣਾ ਚਾਹੁੰਦੀ ਆਂ।”
ਨੂਰਾਂ ਨੇ ਆਪਣੇ ਆਪ ਨੂੰ ਸੰਭਾਲਦਿਆਂ ਤੇ ਝਿਜਕਦਿਆਂ ਕਹਿਣਾ ਸ਼ੁਰੂ ਕੀਤਾ, “ਵੇਖ ਬੀਬੀ, ਮਰਜ਼ੀ ਤਾਂ ਮੇਰੀ ਉਹੀ ਹੋਊ ਜੋ ਤੇਰੀ ਐ। ਪਰ ਮੈਂ ਚਾਹੁੰਦੀ ਆਂ ਕਿ ਆਪਾਂ ਅਜੇ ਕੁਝ ਦਿਨ ਠਹਿਰ ਜਾਈਏ। ਮੈਂ ਜ਼ਰਾ ਆਪਣੇ ਆਪ ਨੂੰ ਚੰਗੀ ਤਰ੍ਹਾਂ ਸੰਭਾਲ ਲਵਾਂ। ਫੇਰ ਬੀਬੀ ਜਿੱਦਾਂ ਤੂੰ ਚਾਹੇਂਗੀ, ਉੱਦਾਂ ਈ ਹੋਊ।” ਅਸਲ ਵਿੱਚ ਨੂਰਾਂ ਨੂੰ ਸਦਮੇ ਤੋਂ ਮੁਕਤ ਹੋ ਕੇ ਸਹਿਜ ਅਵਸਥਾ ਵਿੱਚ ਆਉਣ ਲਈ ਕੁਝ ਸਮਾਂ ਚਾਹੀਦਾ ਸੀ। ਸੋ ਪਰਸਿੰਨੀ ਨੇ ਉਸ ਨਾਲ ਸਹਿਮਤ ਹੁੰਦਿਆਂ ਉਸ ਨੂੰ ਗਲਵੱਕੜੀ ਵਿੱਚ ਘੁੱਟ ਲਿਆ।
ਥੋੜ੍ਹੀ ਦੇਰ ਬਾਅਦ ਸ਼ੰਗਾਰਾ ਸਿੰਘ ਵੀ ਮੂੰਹ ਮੱਥਾ ਸਵਾਰ ਕੇ ਤੇ ਟੌਹਰ ਕੱਢਕੇ ਭੈਣ ਪਰਸਿੰਨੀ ਦੇ ਘਰ ਆ ਪਹੁੰਚਾ। ਇੰਉਂ ਜਾਪਦਾ ਸੀ ਜਿਵੇਂ ਮੁਕਲਾਵਾ ਲੈਣ ਆਇਆ ਹੋਵੇ। ਖੁੱਲ੍ਹ ਕੇ ਗੱਲ ਕਰਨ ਤੋਂ ਭਾਵੇਂ ਉਹ ਝਿਜਕਦਾ ਸੀ, ਪਰ ਆਨੇ ਬਹਾਨੇ ਆਪਣੀ ਮਿਹਨਤ ਦਾ ਮੁੱਲ ਵਸੂਲ ਕਰਨ ਵਾਸਤੇ ਆਪਣੀ ਭੈਣ ਤੇ ਭਣਵੱਈਏ ਅੱਗੇ ਤਰਲੇ ਮਿੰਨਤਾਂ ਕਰੀ ਜਾ ਰਿਹਾ ਸੀ। ਆਖ਼ਿਰ ਲੰਮੀ ਬਹਿਸ ਤੋਂ ਬਾਅਦ ਪਰਸਿੰਨੀ ਨੇ ਉਸਨੂੰ ਮਨਾ ਹੀ ਲਿਆ ਕਿ ਸਮਾਜ ਵਿੱਚ ਆਪਣੀ ਇੱਜ਼ਤ ਬਰਕਰਾਰ ਰੱਖਣ ਵਾਸਤੇ ਉਸਦਾ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਵਿਆਹ ਕਰਵਾਉਣ ਬਾਰੇ ਸੋਚਣਾ ਕਿਸੇ ਵੀ ਹਾਲਤ ਵਿੱਚ ਠੀਕ ਨਹੀਂ। ਸੇਵਾ ਸਿੰਘ ਨੇ ਉਸ ਨਾਲ ਇਹ ਵੀ ਵਾਅਦਾ ਕੀਤਾ ਕਿ ਜਲਦੀ ਹੀ ਕੋਈ ਲੋੜਵੰਦ ਵਿਧਵਾ ਲੱਭਕੇ ਉਸ ਨਾਲ ਉਹਦੀ ਚਾਦਰ ਪੁਆ ਦੇਵੇਗਾ।
ਕੁਝ ਦਿਨਾਂ ਬਾਅਦ ਜਦੋਂ ਨੂਰਾਂ ਦਾ ਮਾਨਸਿਕ ਤਣਾਉ ਕੁਝ ਘੱਟ ਹੋਇਆ ਤਾਂ ਸੇਵਾ ਸਿੰਘ ਤੇ ਪਰਸਿੰਨੀ ਨੇ ਫੈਸਲਾ ਕੀਤਾ ਕਿ ਹੋਰ ਕੁਝ ਦਿਨ ਠਹਿਰਕੇ ਨੇੜਲੇ ਗੁਰਦੁਆਰੇ ਵਿੱਚ ਬਿਲਕੁੱਲ ਸਾਦੇ ਢੰਗ ਨਾਲ ਸੁਖਦੇਵ ਤੇ ਨੂਰਾਂ ਦਾ ਆਨੰਦ ਕਾਰਜ ਕਰਵਾ ਦਿੱਤਾ ਜਾਵੇ, ਨਾਲ ਹੀ ਨੂਰਾਂ ਦਾ ਨਾਮ ਬਦਲਕੇ ਨਰਿੰਦਰ ਕੌਰ ਰੱਖਿਆ ਜਾਵੇ। ਇਹ ਤਜਵੀਜ਼ ਜਦੋਂ ਸ਼ੰਗਾਰਾ ਸਿੰਘ ਅਤੇ ਸੁੱਖੇ ਅੱਗੇ ਰੱਖੀ ਤਾਂ ਪਿਉ ਪੁੱਤ ਦੋਵੇਂ ਸਹਿਮਤ ਹੋ ਗਏ। ਦੋ ਹਫਤਿਆਂ ਬਾਅਦ ਸੇਵਾ ਸਿੰਘ ਨੇ ਗੁਰਦੁਆਰੇ ਦੇ ਭਾਈ ਜੀ ਨੂੰ ਸਾਰਾ ਪ੍ਰੋਗਰਾਮ ਸਮਝਾ ਦਿੱਤਾ। ਪਰਸਿੰਨੀ ਨੇ ਨਰਿੰਦਰ ਕੌਰ ਦੀਆਂ ਲਾਵਾਂ ਵਾਸਤੇ ਇੱਕ ਲਾਲ ਸੂਟ ਤੇ ਦੋ ਹੋਰ ਸੂਟ ਸਿਊਣ ਵਾਸਤੇ ਦਰਜੀ ਨੂੰ ਦੇ ਦਿੱਤੇ ਤੇ ਉੱਧਰ ਸ਼ੰਗਾਰਾ ਸਿੰਘ ਵੀ ਆਪਣੀ ਵਿੱਤ ਅਨੁਸਾਰ ਪੁੱਤਰ ਦੇ ਸਾਦ ਮੁਰਾਦੇ ਵਿਆਹ ਦੀ ਤਿਆਰੀ ਵਿੱਚ ਰੁੱਝ ਗਿਆ।
ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਕਿ ਇੱਕ ਹੁੰਮਸ ਭਰੀ ਸ਼ਾਮ ਨੂੰ ਇੱਕ ਫੌਜੀ ਟਰੱਕ ਸੇਵਾ ਸਿੰਘ ਦੇ ਘਰ ਦੇ ਅੱਗੇ ਰੁਕਿਆ। ਕੁਝ ਫੌਜੀਆਂ ਅਤੇ ਪੰਜ-ਛੇ ਔਰਤਾਂ ਤੋਂ ਇਲਾਵਾ ਤਰਨ ਤਾਰਨ ਦੇ ਦੋ ਤਿੰਨ ਮੋਹਤਬਰ ਬੰਦੇ ਵੀ ਉਸ ਵਿੱਚ ਸਵਾਰ ਸਨ। ਇਨ੍ਹਾਂ ਵਿੱਚ ਸੇਵਾ ਸਿੰਘ ਦਾ ਜਾਣੂ ਇੱਕ ਰਿਟਾਇਰਡ ਹੈੱਡਮਾਸਟਰ ਵੀ ਸੀ। ਸੇਵਾ ਸਿੰਘ ਦੀ ਘਬਰਾਹਟ ਦੂਰ ਕਰਨ ਵਾਸਤੇ ਉਸਨੇ ਸਮਝਾਇਆ, “ਇਹ ਪਾਕਿਸਤਾਨ ਸਰਕਾਰ ਦੇ ਰਿਕਵਰੀ ਡਿਪਾਰਟਮੇਂਟ ਦੇ ਅਧਿਕਾਰੀ ਨੇ, ਤੇ ਏਧਰ ਰਹਿ ਗਈਆਂ ਮੁਸਲਮਾਨ ਔਰਤਾਂ ਨੂੰ ਪਾਕਿਸਤਾਨ ਲਿਜਾਣਾ ਇਨ੍ਹਾਂ ਦੀ ਡਿਊਟੀ ਐ। ਇਨ੍ਹਾਂ ਮਜ਼ਲੂਮ ਔਰਤਾਂ ਦੀ ਮੁਕੰਮਲ ਲਿਸਟ ਇਨ੍ਹਾਂ ਕੋਲ ਮੌਜੂਦ ਐ। ਦੋਵਾਂ ਮੁਲਕਾਂ ਵਿਚਕਾਰ ਹੋਏ ਸਮਝੌਤੇ ਮੁਤਾਬਕ ਸਾਡੇ ਮੁਲਕ ਦੇ ਰਿਕਵਰੀ ਮਹਿਕਮੇ ਦੇ ਅਫਸਰ ਵੀ ਉੱਧਰੋਂ ਸਾਡੀਆਂ ਧੀਆਂ ਭੈਣਾਂ ਨੂੰ ਲਿਸਟ ਮੁਤਾਬਕ ਲੱਭ ਕੇ ਏਧਰ ਲਿਆ ਰਹੇ ਨੇ।”
ਰਿਕਵਰੀ ਅਫਸਰ ਵੀ ਕੋਈ ਭਲਾ ਲੋਕ ਸੀ। ਉਸਨੇ ਬੜੀ ਅਧੀਨਗੀ ਨਾਲ ਸੇਵਾ ਸਿੰਘ ਨੂੰ ਬੇਨਤੀ ਕੀਤੀ, “ਤੁਸੀਂ ਹੋਰ ਦੇਰੀ ਨਾ ਕਰੋ ਤੇ ਨੂਰਾਂ ਨਾਮ ਦੀ ਕੁੜੀ ਨੂੰ ਸਾਡੇ ਹਵਾਲੇ ਕਰ ਦਿਉ।”
ਘਰ ਦੇ ਸਾਰੇ ਜੀਅ ਟਰੱਕ ਦੇ ਨੇੜੇ ਪਹੁੰਚ ਗਏ। ਸ਼ੰਗਾਰਾ ਸਿੰਘ ਬੁੱਤ ਬਣਿਆ ਖਲੋਤਾ ਸੀ। ਸੁੱਖਾ ਮਾਯੂਸ ਤੇ ਲਾਚਾਰ ਸਿਰ ਸੁੱਟੀ ਖੜ੍ਹਾ ਸੀ ਤੇ ਨੂਰਾਂ ਪਰਸਿੰਨੀ ਦੀ ਗਲਵਕੜੀ ਵਿੱਚ ਸਿਸਕੀਆਂ ਭਰ ਰਹੀ ਸੀ। ਰਿਕਵਰੀ ਅਫਸਰ ਸੇਵਾ ਸਿੰਘ ਨੂੰ ਬੇਨਤੀ ਕਰ ਰਿਹਾ ਸੀ ਕਿ ਕੁੜੀ ਨੂੰ ਜਲਦੀ ਉਸਦੇ ਹਵਾਲੇ ਕੀਤਾ ਜਾਵੇ।
ਓੜਕ ਪਰਸਿੰਨੀ ਨੇ ਹੌਂਸਲਾ ਕਰਕੇ ਰਿਕਵਰੀ ਅਫਸਰ ਨੂੰ ਆਪਣੇ ਕੋਲ ਬੁਲਾਇਆ ਤੇ ਬੜੇ ਜਜ਼ਬਾਤੀ ਰਉਂ ਵਿੱਚ ਕਹਿਣ ਲੱਗੀ, “ਵੇਖ ਭਰਾਵਾ, ਤੁਹਾਡੀ ਅਮਾਨਤ ਤੁਹਾਡੇ ਹਵਾਲੇ ਕਰਨ ਵਿੱਚ ਮੈਨੂੰ ਕੋਈ ਉਜਰ ਨਹੀਂ। ਪਰ ਨਾਲ ਹੀ ਇੱਕ ਗੱਲ ਹੋਰ ਵੀ ਤੈਨੂੰ ਦੱਸ ਦਿਆਂ ਕਿ ਇਹ ਕੁੜੀ ਬਿਲਕੁੱਲ ਸੱਚੀ ਸੁੱਚੀ ਐ। ਇਹਦੇ ਮਾਪਿਆਂ ਨੂੰ ਦੱਸ ਦਈਂ ਕਿ ਇਹਦੀ ਇੱਜ਼ਤ ਨੂੰ ਮੈਂ ਕਿਸੇ ਕਿਸਮ ਦਾ ਦਾਗ਼ ਨਹੀਂ ਲੱਗਣ ਦਿੱਤਾ।” ਇਸ ਕਰੁਣਾਮਈ ਸਥਿਤੀ ਵਿੱਚ ਰਿਕਵਰੀ ਅਫਸਰ ਦੀਆਂ ਅੱਖਾਂ ਨਮ ਹੋ ਗਈਆਂ ਤੇ ਪਰਸਿੰਨੀ ਨੂੰ ਝੁਕ ਕੇ ਸਲਾਮ ਕਰਦਾ ਹੋਇਆ ਉਹ ਨੂਰਾਂ ਨੂੰ ਲੈ ਕੇ ਟਰੱਕ ’ਤੇ ਸਵਾਰ ਹੋ ਗਿਆ।
*****
(1269)