“ਲੋਕ ਹਿਤੈਸ਼ੀ ਪੈਂਤੜੇ ਤੋਂ ਥਿੜਕ ਕੇ ਇਹ ਲਹਿਰ ਮਿਸਲਾਂ ਵੇਲੇ ਹੀ ...”
(23 ਜਨਵਰੀ 2018)
ਪਿਛਲੇ ਦਿਨੀਂ ਪਿੰਡ ਟੌਹੜਾ ਦੀ ਦਲਿਤ ਵਿਦਿਆਰਥਣ ਵੀਰਪਾਲ ਕੌਰ ਨਾਲ ਹੋਈ ਕੁੱਟਮਾਰ ਅਤੇ ਦੁਰਵਿਵਹਾਰ ਦੀਆਂ ਖਬਰਾਂ ਆਈਆਂ। ਕਈ ਜਥੇਬੰਦੀਆਂ ਦੇ ਆਗੂਆਂ ਨੇ ਇਸ ਮਸਲੇ ਨੂੰ ਉਭਾਰਿਆ। ਪਹਿਲਾਂ ਇਸ ਮਾਮਲੇ ਬਾਰੇ ਸਰਕਾਰ ਅਤੇ ਜਥੇਬੰਦੀਆਂ ਨੇ ਬਹੁਤਾ ਕੁੱਝ ਨਹੀਂ ਕੀਤਾ ਪਰ ਜਦ ਇਹ ਖਬਰਾਂ ਸਾਰੇ ਪਾਸੇ ਫੈਲ ਗਈਆਂ ਤਾਂ ਸਰਕਾਰ ਵੱਲੋਂ ਸਾਰੇ ਸਟਾਫ ਦੀ ਬਦਲੀ ਕੀਤੀ ਗਈ ਅਤੇ ਦਲਿਤ ਲੜਕੀ ਨੂੰ ਇਨਸਾਫ ਦਿਵਾਉਣ ਦੀ ਗੱਲ ਕੀਤੀ ਗਈ। ਵੀਰਪਾਲ ਕੌਰ ਨਾਲ ਵਧੀਕੀ ਦਾ ਇਹ ਮਾਮਲਾ ਨਾ ਤਾਂ ਪਹਿਲਾ ਹੈ ਅਤੇ ਨਾ ਹੀ ਆਖਰੀ। ਦਲਿਤਾਂ ਨਾਲ ਵਧੀਕੀਆਂ ਅਤੇ ਦੁਰਵਿਵਹਾਰ ਦੇ ਮਾਮਲੇ ਬਾਕੀ ਦੇਸ਼ ਵਾਂਗ ਪੰਜਾਬ ਵਿੱਚ ਵੀ ਵਾਪਰਦੇ ਰਹਿੰਦੇ ਹਨ। ਬਹੁਤੇ ਮਾਮਲਿਆਂ ਦੀ ਕੋਈ ਚਰਚਾ ਵੀ ਨਹੀਂ ਹੁੰਦੀ। ਮਾਮਲਾ ਕੇਵਲ ਦੁਰਵਿਵਹਾਰ ਦਾ ਹੀ ਨਹੀਂ ਹੈ, ਕਦੇ ਕਦੇ ਪੰਜਾਬ ਦੇ ਸਿੱਖ ਜ਼ਿਮੀਦਾਰਾਂ ਵੱਲੋਂ ਗਰੀਬ ਸਿੱਖਾਂ (ਖਾਸ ਕਰਕੇ ਦਲਿਤਾਂ) ਨੂੰ ਬੰਧੂਆ ਮਜ਼ਦੂਰਾਂ ਵਾਂਗ ਰੱਖੇ ਜਾਣ ਸੰਬੰਧੀ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਦਲਿਤਾਂ ਨੂੰ ਗੁਰਦੁਆਰੇ ਦੇ ਭਾਂਡੇ ਨਾ ਦੇਣ ਜਾਂ ਪਾਠ ਲਈ ਗ੍ਰੰਥ ਸਾਹਿਬ ਦੀ ਬੀੜ ਨਾ ਦੇਣ ਦੀਆਂ ਖਬਰਾਂ ਵੀ ਅਕਸਰ ਛਪਦੀਆਂ ਰਹਿੰਦੀਆਂ ਹਨ। ਪੰਜਾਬ ਵਿੱਚ ਦਲਿਤਾਂ ਨਾਲ ਹੋ ਰਹੇ ਇਸ ਵਤੀਰੇ ਨੂੰ ਕਈ ਹਲਕਿਆਂ ਵੱਲੋਂ ਸਿੱਖ ਸਿਧਾਂਤਾਂ ਦੇ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਗਈ, ਕਈਆਂ ਵੱਲੋਂ ਇਸ ਦੇ ਹੱਲ ਲਈ ਅਕਾਲ ਤਖ਼ਤ ਦੇ ਸਹਿਯੋਗ ਨਾਲ ਕੋਈ ਯੋਜਨਾ ਬਣਾਏ ਜਾਣ ਦੀ ਲੋੜ ਮਹਿਸੂਸ ਕੀਤੀ ਗਈ। ਸ਼੍ਰੋਮਣੀ ਕਮੇਟੀ ਵੀ ਕਦੇ ਕਦੇ ਕੋਈ ਹਲਕਾ ਫੁਲਕਾ ਬਿਆਨ ਇਸ ਮਸਲੇ ਪ੍ਰਤੀ ਦੇ ਕੇ ਹਾਜ਼ਰੀ ਲਵਾ ਛੱਡਦੀ ਹੈ। ਪਰ ਦਲਿਤਾਂ ਨਾਲ ਹੁੰਦੇ ਇਸ ਮਾੜੇ ਵਿਹਾਰ ਪ੍ਰਤੀ ਸਿੱਖ ਜਥੇਬੰਦੀਆਂ ਤਕਰੀਬਨ ਖਾਮੋਸ਼ ਹੀ ਰਹਿੰਦੀਆਂ ਹਨ। ਹੁਣ ਵੀਰਪਾਲ ਕੌਰ ਦੇ ਕੇਸ ਵਿੱਚ ਵੀ ਐਸਾ ਹੀ ਵਾਪਰਿਆ ਹੈ। ਦਲਿਤ ਸੰਘਰਸ਼ ਵਿੱਚ ਲਾਲ ਝੰਡੇ ਤਾਂ ਨਜ਼ਰ ਆਉਂਦੇ ਹਨ ਪਰ ਪੰਥਕ ਜਥੇਬੰਦੀਆਂ ਸਮੇਤ ਪੀਲਾ ਝੰਡਾ ਗੈਰ ਹਾਜ਼ਿਰ ਹੁੰਦਾ ਹੈ।
ਕੀ ਸਿੱਖ ਲਹਿਰ ਦੇ ਮੌਜੂਦਾ ਸਰੂਪ ਵਿੱਚ ਇਨ੍ਹਾਂ ਦਲਿਤਾਂ ਦੀ ਬੰਦ ਖਲਾਸੀ ਦੇ ਕੋਈ ਤੱਤ ਮੌਜੂਦ ਹਨ? ਆਓ, ਇਸ ਨੂੰ ਸਿੱਖ ਲਹਿਰ ਦੇ ਇਤਿਹਾਸਕ ਪ੍ਰਸੰਗ ਤੋਂ ਵਿਚਾਰ ਕਰੀਏ।
ਸਿੱਖ ਲਹਿਰ ਦਾ ਮੁਢਲਾ ਉਦੇਸ਼ ਮਨੁੱਖੀ ਬਰਾਬਰਤਾ ਦੀ ਕਾਇਮੀ ਸੀ। ਸ਼ੁਰੂਆਤੀ ਦੌਰ ਵਿੱਚ ਇਹ ਲਹਿਰ ਸਮਾਜਿਕ ਬਰਾਬਰਤਾ ਦੀ ਪ੍ਰਾਪਤੀ ਦੇ ਸੰਘਰਸ਼ ਵਜੋਂ ਉੱਭਰੀ। ਇਸ ਦੌਰ ਵਿੱਚ ਜਾਤ ਪਾਤ, ਊਚ ਨੀਚ, ਛੂਆ ਛਾਤ ਆਦਿ ਬੁਰਾਈਆਂ ਖਿਲਾਫ ਮੁਹਿੰਮ ਚੱਲੀ। ਸਭ ਮਨੁੱਖਾਂ ਦੇ ਬਰਾਬਰ ਹੋਣ ਦਾ ਪ੍ਰਚਾਰ ਹੋਇਆ ਅਤੇ ਸਿੱਖ ਲਹਿਰ ਵਿੱਚ ਸਭ ਲੋਕਾਂ ਨੂੰ ਅਮਲੀ ਤੌਰ ’ਤੇ ਬਰਾਬਰ ਦਾ ਸਤਿਕਾਰ ਦੇ ਕੇ ਨਿਵਾਜਿਆ ਜਾਣ ਲੱਗਾ। ਮੁੱਖ ਤੌਰ ’ਤੇ ਮਨੁੱਖੀ ਬਰਾਬਰਤਾ ਬਾਰੇ ਇਸ ਧਾਰਨਾ ਨੂੰ ਪ੍ਰਫੁਲਤ ਕਰਨ ਦੇ ਯਤਨ ਕੀਤੇ ਗਏ ਕਿ ਮਨੁੱਖ ਆਪਣੇ ਕੀਤੇ ਚੰਗੇ ਜਾਂ ਮਾੜੇ ਕੰਮਾਂ ਕਾਰਨ ਉੱਚਾ ਜਾਂ ਨੀਵਾਂ ਹੁੰਦਾ ਹੈ ਨਾ ਕਿ ਆਪਣੀ ਜਾਤ ਕਾਰਨ। ਇਸ ਦੇ ਨਾਲ ਹੀ ਫ਼ਜ਼ੂਲ ਕਿਸਮ ਦੀਆਂ ਪ੍ਰੰਪਰਾਗਤ ਧਾਰਮਿਕ ਰਸਮਾਂ ਦੇ ਜੂੜ ਖੋਲ੍ਹਣ ਦੇ ਯਤਨ ਵੀ ਕੀਤੇ ਗਏ। ਸੰਗਠਿਤ ਧਰਮਾਂ ਦੇ ਜੂਲੇ ਹੇਠੋਂ ਮੁਕਤ ਹੋਣ ਲਈ ਸੰਘਰਸ਼ ਦੀ ਸ਼ੁਰੂਆਤ ਉਸ ਵਕਤ ਦੇ ਇਨਸਾਨਾਂ ਲਈ ਆਜ਼ਾਦੀ ਵੱਲ ਪੁੱਟਿਆ ਇੱਕ ਅਹਿਮ ਕਦਮ ਸੀ। ਇਸ ਦੇ ਨਾਲ ਹੀ ਸਮਾਜ ਵਿੱਚ ਔਰਤ ਦੇ ਯੋਗਦਾਨ ਨੂੰ ਅਹਿਮੀਅਤ ਦਿੱਤੇ ਜਾਣ ਦਾ ਵਿਚਾਰ ਪੁੰਗਰਿਆ। ਸਮਾਜ ਵਿੱਚ ਔਰਤ ਦੇ ਸਤਿਕਾਰ ਦੀ ਗੱਲ ਚੱਲੀ। ਸਮਾਜਿਕ ਰੂਪ ਵਿੱਚ ਸ਼ੁਰੂ ਹੋਈ ਤਬਦੀਲੀ ਦੀ ਇਸ ਲਹਿਰ ਵਿੱਚੋਂ ਅੱਗੇ ਜਾ ਕੇ ਇੱਕ ਪੂਰਨ ਇਨਕਲਾਬ ਦੇ ਨਕਸ਼ ਉੱਭਰਨ ਲੱਗੇ। ਇਹ ਲਹਿਰ ਸਥਾਪਿਤ ਰਾਜਾਸ਼ਾਹੀ ਅਤੇ ਜਗੀਰਦਾਰੂ ਢਾਂਚੇ ਖਿਲਾਫ ਇੱਕ ਲੋਕ ਲਹਿਰ ਵਜੋਂ ਉੱਭਰਨ ਲੱਗੀ, ਜਿਸ ਨੇ ਹਥਿਆਰਬੰਦ ਟੱਕਰਾਂ ਦੀਆਂ ਛੋਟੀਆਂ ਪਗਡੰਡੀਆਂ ਸਿਰਜੀਆਂ। ਆਖਿਰ 1710 ਈ: ਵਿੱਚ, ਜਦੋਂ ਯੂਰਪ ਵਿੱਚ ਅਜੇ ਕਿਸੇ ਇਨਕਲਾਬ ਦੀ ਚਿਣਗ ਵੀ ਪੈਦਾ ਨਹੀਂ ਸੀ ਹੋਈ, ਪੰਜਾਬ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਦੀ ਅਗਵਾਈ ਵਿੱਚ ਲੋਕ ਸ਼ਕਤੀ ਰਾਜਾਸ਼ਾਹੀ ਨਾਲ ਟਕਰਾ ਗਈ। ਜਿਸਨੇ ਸਥਾਪਿਤ ਰਾਜਸ਼ਾਹੀ ਦੇ ਖੰਡਰਾਂ ਉੱਪਰ ਮੂਲੋਂ ਹੀ ਨਵੀਂ ਕਿਸਮ ਦੇ ਇਨਕਲਾਬ ਦਾ ਪਰਚਮ ਲਹਿਰਾ ਦਿੱਤਾ। ਜਗੀਰਦਾਰੂ ਢਾਂਚਾ ਤਬਾਹ ਕਰਕੇ ਮੁਜ਼ਾਰਾਸ਼ਾਹੀ ਦਾ ਭੋਗ ਪਾ ਦਿੱਤਾ ਗਿਆ। ਹਲ ਵਾਹਕਾਂ ਨੂੰ ਜ਼ਮੀਨਾਂ ਦੇ ਮਾਲਿਕ ਬਣਾ ਦਿੱਤਾ ਗਿਆ। ਇਸ ਤਰ੍ਹਾਂ ਇਸ ਖਿੱਤੇ ਦੇ ਪੈਦਾਵਾਰੀ ਸਾਧਨ ਕੁੱਝ ਗਿਣਤੀ ਦੇ ਲੋਕਾਂ ਹੱਥੋਂ ਨਿਕਲ ਕੇ ਆਮ ਲੋਕਾਂ ਦੀ ਮਲਕੀਅਤ ਬਣ ਗਏ। ਨਵੇਂ ਰਾਜਨੀਤਕ ਪ੍ਰਬੰਧ ਵਿੱਚ ਲੋਕ ਰਾਜੇ ਦੀ ਪਰਜਾ ਨਾ ਰਹਿ ਕੇ ਰਾਜਨੀਤਕ ਸਤਹ ਵਿੱਚ ਭਾਈਵਾਲ ਬਣ ਗਏ। ਇਸ ਤਰ੍ਹਾਂ ਸਮਾਜਿਕ, ਧਾਰਮਿਕ ਖੇਤਰਾਂ ਵਿੱਚ ਦੀ ਆਪਣਾ ਪੈਂਡਾ ਤੈਅ ਕਰਦੀ ਹੋਈ ਸਿੱਖ ਲਹਿਰ ਰਾਜਨੀਤਕ ਅਤੇ ਆਰਥਿਕ ਪ੍ਰਬੰਧ ਨੂੰ ਮੂਲੋਂ ਹੀ ਬਦਲ ਦੇਣ ਵਾਲੇ ਪੂਰਨ ਇਨਕਲਾਬ ਦੇ ਨਜ਼ਦੀਕ ਪਹੁੰਚ ਗਈ। ਪਰ ਆਪਣੇ ਸੀਮਿਤ ਸਾਧਨਾਂ ਅਤੇ ਹਕੂਮਤੀ ਜਬਰ ਕਾਰਨ ਇਹ ਲਹਿਰ ਬਹੁਤਾ ਚਿਰ ਟਿਕ ਨਾ ਸਕੀ। ਭਾਵੇਂ ਇਸ ਥੋੜ੍ਹ ਚਿਰੇ ਇਨਕਲਾਬੀ ਚਮਕਾਰੇ ਦੇ ਪ੍ਰਭਾਵ ਅੱਜ ਤਾਈਂ ਕਾਇਮ ਹਨ ਪਰ ਬਾਅਦ ਵਿੱਚ ਸਾਜ਼ਗਰ ਹਾਲਾਤ ਪੈਦਾ ਹੋਣ ਦੇ ਬਾਵਜੂਦ ਵੀ ਇਹ ਲਹਿਰ ਇੱਕ ਪੂਰਨ ਇਨਕਲਾਬ ਵੱਲ ਅੱਗੇ ਨਾ ਵਧ ਸਕੀ। ਇਸ ਦਾ ਪ੍ਰਮੁੱਖ ਕਾਰਨ ਇਸ ਲਹਿਰ ਵਿੱਚ ਪੈਦਾ ਹੋਏ ਕਈ ਐਬ ਸਨ। 1765 ਈ: ਦੇ ਆਸ ਪਾਸ ਜਦ ਚਿਰਾਂ ਤੋਂ ਸਥਾਪਤ ਰਾਜਸ਼ਾਹੀ ਮਰਨੇ ਪਈ ਹੋਈ ਸੀ, ਬਾਹਰਲੇ ਹਮਲੇ ਬੰਦ ਹੋ ਗਏ ਸਨ ਤਾਂ ਸਿੱਖ ਲਹਿਰ ਦੀਆਂ ਝੰਡਾ ਬਰਦਾਰ ਮਿਸਲਾਂ ਲੋਕ ਸ਼ਕਤੀ ਨੂੰ ਉਭਾਰਕੇ ਇਨਕਲਾਬ ਦੇ ਆਧੂਰੇ ਰਹਿ ਗਏ ਕਾਰਜ ਨੂੰ ਅੱਗੇ ਵਧਾਉਣ ਦੀ ਥਾਂ ਸਿਧਾਂਤਕ ਤੌਰ ’ਤੇ ਜਗੀਰਦਾਰੂ ਰੁਚੀਆਂ ਦਾ ਸ਼ਿਕਾਰ ਹੋ ਗਈਆਂ। ਇਸ ਤਰ੍ਹਾਂ ਇਹ ਸੰਘਰਸ਼ ਜਮਾਤੀ ਸੰਘਰਸ਼ ਦਾ ਗੂੜ੍ਹਾ ਰੰਗ ਫੜਕੇ ਕੋਈ ਇਤਿਹਾਸਕ ਜਲਵਾ ਦਿਖਾਉਣ ਤੋਂ ਪਹਿਲਾਂ ਹੀ ਇਨਕਲਾਬ ਦੀ ਪਟੜੀ ਤੋਂ ਲਹਿ ਗਿਆ। ਮਿਸਲਦਾਰਾਂ ਅੰਦਰ ਜਾਤੀ ਹਉਮੈ, ਰਾਜਸਤਾਹ ਦਾ ਮਜ਼ਾ ਮਾਨਣ ਦੀ ਲਲਕ ਅਤੇ ਪੁਰਾਣੀ ਰਾਜਾਸ਼ਾਹੀ ਵਾਲੀਆਂ ਧੱਕੜ, ਹੈਂਕੜਬਾਜ਼ ਅਤੇ ਲੋਕ ਦਬਾਊ ਕਰੁਚੀਆਂ ਪ੍ਰਬਲ ਹੋ ਜਾਣ ਨਾਲ ਕੇਵਲ ਇਨਕਲਾਬ ਨੂੰ ਹੀ ਪੁੱਠਾ ਗੇੜਾ ਨਹੀਂ ਆਇਆ, ਸਗੋਂ ਇਨਕਲਾਬੀ ਸੋਚ ਵੀ ਗ੍ਰਹਿਣੀ ਗਈ। ਅਠਾਰ੍ਹਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਜਦੋਂ ਫਰਾਂਸ ਵਿੱਚ ਰਾਜਾਸ਼ਾਹੀ ਨੂੰ ਤਬਾਹ ਕਰਕੇ ਲੋਕਸ਼ਾਹੀ ਦਾ ਝੰਡਾ ਬੁਲੰਦ ਕਰਨ ਲਈ ਲੋਕਾ-ਇਨਕਲਾਬ ਆਪਣੇ ਸਿਖਰ ਵੱਲ ਵਧ ਰਿਹਾ ਸੀ ਤਾਂ ਐਨ ਉਸੇ ਸਮੇ ਪੰਜਾਬ ਦੀ ਧਰਤੀ ਉੱਪਰ, ਜਿੱਥੇ 80 ਵਰ੍ਹੇ ਪਹਿਲਾਂ ਲੋਕ ਇਨਕਲਾਬ ਨੇ ਬਿਜਲੀ ਵਰਗੀ ਥੋੜ੍ਹ ਚਿਰੀ ਲਿਸ਼ਕ ਮਾਰੀ ਸੀ, ਰਣਜੀਤ ਸਿੰਘ ਇਨਕਲਾਬੀ ਲੋਕ ਲਹਿਰ ਨੂੰ ਕੁਰਾਹੇ ਪਾ ਕੇ ਮਰਦੀ ਜਾ ਰਹੀ ਰਾਜਾਸ਼ਾਹੀ ਪ੍ਰੰਪਰਾ ਨੂੰ ਮੁੜ ਜੀਵਿਤ ਕਰਕੇ ਆਪ ਮਹਾਰਾਜਾ ਬਣਨ ਦੇ ਇਨਕਲਾਬ ਵਿਰੋਧੀ ਪੁੱਠੇ ਕੰਮਾਂ ਵਿੱਚ ਗਲਤਾਨ ਸੀ। ਉਸਦੇ ਮਹਾਰਾਜਾ ਬਣਨ ਨਾਲ ਸਿੱਖ ਲਹਿਰ ਰਾਹੀਂ ਸ਼ੁਰੂ ਹੋਏ ਲੋਕ ਸੰਘਰਸ਼ ਦਾ ਇੱਕ ਅਧਿਆਏ ਖਤਮ ਹੋ ਗਿਆ ਅਤੇ ਇਹ ਲੋਕ ਲਹਿਰ ਇੱਕ ਪ੍ਰਚੰਡ ਇਨਕਲਾਬੀ ਲਹਿਰ ਦਾ ਰੂਪ ਧਾਰਨ ਦੀ ਬਜਾਇ ਜਗੀਰਦਾਰੂ ਰੁਚੀਆਂ ਦੀ ਵਲਗਣ ਅੰਦਰ ਕੈਦ ਹੋ ਕੇ ਰਹਿ ਗਈ। ਰਣਜੀਤ ਸਿੰਘ ਤੋਂ ਬਾਅਦ 1870 ਈ: ਦੇ ਆਸ ਪਾਸ ਸ਼ੁਰੂ ਹੋਈ ਸਿੱਖ ਜਾਗ੍ਰਿਤੀ ਲਹਿਰ ਦੇ ਆਗੂਆਂ ਨੇ ਇਸ ਨੂੰ ਇੱਕ ਸੰਗਠਿਤ ਧਰਮ ਦਾ ਰੂਪ ਦੇਣ ਲਈ ਜ਼ੋਰ ਲਾ ਦਿੱਤਾ। ਜਿਵੇਂ ਜਿਵੇਂ ਸੰਗਠਨ ਮਜ਼ਬੂਤ ਹੁੰਦਾ ਗਿਆ ਇਸ ਲਹਿਰ ਵਿੱਚੋਂ ਇੱਕ ਨਵੀਂ ਨਰੋਈ ਲਹਿਰ ਵਾਲੀ ਤਾਜ਼ਗੀ ਅਤੇ ਖੁਸ਼ਬੂ ਖਤਮ ਹੋਣੀ ਸ਼ੁਰੂ ਹੋ ਗਈ। ਇਸ ਦੇ ਜਮਾਤੀ ਸੰਘਰਸ਼ ਦੀ ਨੁਮਾਇੰਦਗੀ ਕਰਨ ਵਾਲੇ ਖਾਸੇ ਦਾ ਖਾਤਮਾ ਹੋ ਗਿਆ। ਇਸ ਵਿੱਚ ਇੱਕ ਸੰਗਠਿਤ ਧਰਮ ਵਾਲੇ ਸਾਰੇ ਐਬਾਂ ਜਿਵੇਂ ਕਿ ਕਬਜ਼ੇ ਦੀ ਭਾਵਨਾ, ਧਰਮ ਸਤਹ ਨੂੰ ਰਾਜਨੀਤਕ ਤਾਕਤ ਲਈ ਪੌੜੀ ਵਜੋਂ ਵਰਤਣਾ, ਲੋਕਾਂ ਦੀ ਸੋਚ ਅਤੇ ਰੋਹ ਨੂੰ ਲੋਕ ਹਿਤੈਸ਼ੀ ਦਿਸ਼ਾ ਤੋਂ ਭਟਕਾਉਣਾ, ਲੋਕ ਸ਼ਕਤੀ ਨੂੰ ਫਿਰਕਿਆਂ ਵਿੱਚ ਵੰਡ ਕੇ ਕਮਜ਼ੋਰ ਕਰਨਾ ਆਦਿ ਦਾ ਪਸਾਰਾ ਹੋ ਗਿਆ। ਇਨ੍ਹਾਂ ਐਬਾਂ ਦੀ ਮਾਰ ਹੇਠ ਆਈ ਸਿੱਖ ਲਹਿਰ ਜਮਾਤੀ ਸੰਘਰਸ਼ ਨੂੰ ਤਿੱਖਿਆਂ ਕਰਨ ਵਿੱਚ ਕੋਈ ਯੋਗਦਾਨ ਪਾਉਣ ਦੀ ਬਜਾਇ ਸਥਾਪਤੀ ਦੇ ਹੱਕ ਵਿੱਚ ਭੁਗਤਣ ਲੱਗ ਪਈ। ਪਿਛਲੇ ਸੱਠ ਸਾਲਾਂ ਦੌਰਾਨ ਸਿੱਖ ਧਰਮ ਦੇ ਢਾਂਚੇ ਉੱਪਰ ਕਾਬਜ਼ ਲੋਕਾਂ ਨੇ ਇਸ ਧਰਮ ਦੀ ਕਲਾ ਉਸੇ ਤਰ੍ਹਾਂ ਹੀ ਮਰੋੜ ਕੇ ਰੱਖੀ ਹੈ ਜਿਸ ਤਰ੍ਹਾਂ ਕਿ ਉਨ੍ਹਾਂ ਦੇ (ਜਗੀਰਦਾਰੂ) ਹਿਤਾਂ ਨੂੰ ਮਾਫਿਕ ਬੈਠਦਾ ਹੋਏ। ਪਿਛਲੀ ਸਦੀ ਦੇ ਅੱਸੀਵਿਆਂ ਦੇ ਦਹਾਕੇ ਦੌਰਾਨ ਪੰਜਾਬ ਵਿੱਚ ਚੱਲੀ ਲਹਿਰ ਦੌਰਾਨ ਜੇਕਰ ਲੋਕ ਹਿਤਾਂ ਦੀ ਤਰਜ਼ਮਾਨੀ ਕਰਨ ਵਾਲੀਆਂ ਕੁੱਝ ਤਰੰਗਾਂ ਪੈਦਾ ਵੀ ਹੋਈਆਂ ਤਾਂ ਉਹ ਫਿਰਕੂ ਬਿਰਤੀਆਂ ਅਤੇ ਕੱਟੜਤਾ ਦੀਆਂ ਜ਼ੋਰਦਾਰ ਗੂੜ੍ਹੀਆਂ ਤਰੰਗਾਂ ਹੇਠ ਮਸਲੀਆਂ ਗਈਆਂ। ਅੱਜ ਦੇ ਆਗੂ ਜਗੀਰਦਾਰੂ ਰੁਚੀਆਂ ਦੇ ਨਾਲ ਨਾਲ ਸਰਮਾਏਦਾਰੀ ਜਮਾਤ ਦੇ ਭਿਆਲੀਦਾਰ ਵੀ ਬਣ ਗਏ ਹਨ ਜਿਨ੍ਹਾਂ ਦੇ ਜਾਤੀ ਅਤੇ ਜਮਾਤੀ ਹਿਤ ਆਮ ਲੋਕਾਂ (ਭਾਵੇਂ ਉਹ ਸਿੱਖ ਹੀ ਕਿਉਂ ਨਾ ਹੋਣ) ਨਾਲੋਂ ਵੱਖਰੇ ਹਨ। ਇਹੋ ਹੀ ਕਾਰਨ ਹੈ ਕਿ ਅੱਜ ਦੇ ਜਮਾਤੀ ਸੰਘਰਸ਼ ਵਿੱਚੋਂ ਸਿੱਖ ਲਹਿਰ ਗਾਇਬ ਹੈ। ਅੱਜ ਹੀ ਗਾਇਬ ਨਹੀਂ ਹੈ, ਅਸਲ ਵਿੱਚ ਲੋਕ ਹਿਤੈਸ਼ੀ ਪੈਂਤੜੇ ਤੋਂ ਥਿੜਕ ਕੇ ਇਹ ਲਹਿਰ ਮਿਸਲਾਂ ਵੇਲੇ ਹੀ ਜਮਾਤੀ ਸੰਘਰਸ਼ ਦੀ ਨੁਮਾਇੰਦਗੀ ਕਰਨ ਦੇ ਰਾਹੋਂ ਭਟਕ ਗਈ ਸੀ। ਐਵੇਂ ਨਹੀਂ ਸੀ ਭਾਈ ਕੇਸਰ ਸਿੰਘ ਛਿੱਬਰ ਨੂੰ ਲਿਖਣਾ ਪਿਆ:
ਇਸ ਦੇਸ ਤੇ ਸਿੱਖੀ ਉੱਠ ਗਈ, ਦੂਰਿ ਜਾਇ ਲੀਤੀ ਵਾਸਿ।।
ਸੋ, ਜੇਕਰ ਸਿੱਖ ਜ਼ਿਮੀਦਾਰ ਗਰੀਬ ਸਿੱਖਾਂ ਦਾ ਬੰਧੂਆ ਮਜਦੂਰਾਂ ਵਾਂਗ ਸ਼ੋਸ਼ਣ ਕਰ ਰਹੇ ਹਨ ਜਾਂ ਦਲਿਤਾਂ ਨਾਲ ਹੋ ਰਹੀਆਂ ਵਧੀਕੀਆਂ ਦੇ ਮਾਮਲਿਆਂ ਪ੍ਰਤੀ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਖਾਮੋਸ਼ ਰਹਿੰਦੀਆਂ ਹਨ ਤਾਂ ਇਹ ਮਸਲਾ ਨਿਰੋਲ ਮਲਿਕ ਭਾਗੋ ਅਤੇ ਭਾਈ ਲਾਲੋ ਦੇ ਚਲਦੇ ਆ ਰਹੇ ਜਮਾਤੀ ਸੰਘਰਸ਼ ਦਾ ਹੈ ਨਾ ਕਿ ਧਾਰਮਿਕ। ਇਨ੍ਹਾਂ ਮਜ਼ਦੂਰਾਂ ਅਤੇ ਦਲਿਤਾਂ ਦੀ ਮੁਕਤੀ ਦਾ ਰਾਹ ਸਿੱਖ ਲਹਿਰ ਵਿੱਚੋਂ ਤਲਾਸ਼ਣਾ ਵੀ ਵਾਜਿਬ ਨਹੀਂ ਹੋਏਗਾ ਕਿਉਂਕਿ ਮਨੁੱਖੀ ਸੰਘਰਸ਼ ਦੇ ਇਸ ਪੜਾਅ ਤੇ ਮੌਜੂਦਾ ਸਿੱਖ ਲਹਿਰ ਦਾ ਖਾਸਾ ਮਲਿਕ ਭਾਗੋ ਵਰਗੇ ਜਗੀਰਦਾਰਾਂ ਅਤੇ ਸਰਮਾਏਦਾਰਾਂ ਦੀ ਪੁਸ਼ਤ ਪਨਾਹੀ ਕਰਦਾ ਹੈ ਨਾ ਕਿ ਭਾਈ ਲਾਲੋ ਵਰਗੇ ਕਿਰਤੀਆਂ ਦੀ।
ਧੰਨਵਾਦ।
*****
(981)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)