“ਇਸ ਸਮੱਸਿਆ ਨੂੰ ਦੂਰ ਕਰਨ ਲਈ ਨਾਨੀ ਕੋਲ ਡੇਰੇ ਜਾ ਲਾਏ ...”
(ਅਗਸਤ 7, 2016)
“ਜੇ ਮੈਂ ਤੇਰੀ ਥਾਂ ਹੁੰਦਾ ... ਹੁਣ ਤਕ ਖ਼ੁਦਕੁਸ਼ੀ ਕਰ ਚੁੱਕਾ ਹੁੰਦਾ ... ਮੈਥੋਂ ਇੰਨੇ ਦੁੱਖ ਨਹੀਂ ਸੀ ਸਹਿ ਹੋਣੇ ... ਜਿੰਨੇ ਤੂੰ ਸਹਿ ਗਿਆ।” ਇਹ ਸ਼ਬਦ ਮੇਰੀ ਉਮਰ ਤੋਂ ਵੱਡਾ ਮੇਰਾ ਦੋਸਤ ਮੈਨੂੰ ਕਈ ਵਾਰ ਆਖਦਾ। ਮੈਂ ਉਸ ਦੀ ਨਿਰਾਸ਼ਾਮਈ ਸੁਰ ਨੂੰ ਸੁਣ ਕੇ ਨਿਰਾਸ਼ ਨਾ ਹੁੰਦਾ। ਉਸ ਨੇ ਮੈਨੂੰ ਪੋਟਾ-ਪੋਟਾ ਵੱਡਾ ਹੁੰਦਾ ਦੇਖਿਆ ਸੀ। ਮੇਰੀ ਜ਼ਿੰਦਗੀ ਦੇ ਦੁੱਖਾਂ, ਦਰਦਾਂ, ਸੰਕਟਾਂ ਤੇ ਸੰਘਰਸ਼ਾਂ ਦਾ ਉਹ ਜਿਉਂਦਾ ਜਾਗਦਾ ਗਵਾਹ ਸੀ। ਉਸ ਨੇ ਮੈਨੂੰ ਦੁੱਧ ਢੋਂਦਿਆਂ, ਲਾਂਗਰੀ ਲੱਗਿਆਂ, ਰਿਕਸ਼ਾਂ ਚਲਾਉਂਦਿਆਂ ਅਤੇ ਸਬਜ਼ੀ ਵੇਚਣ ਵਰਗੇ ਹੋਰ ਧੰਦੇ ਕਰਦਿਆਂ ਆਪਣੇ ਅੱਖੀਂ ਵੇਖਿਆ ਸੀ। ਉਹ ਮੇਰੇ ਦੁੱਖਾਂ ਨਾਲ ਸਾਂਝ ਪਾਉਣ ਦਾ ਯਤਨ ਕਰਦਾ। ਉਸਦੀ ਆਪਣੀ ਆਰਥਿਕ ਹਾਲਤ ਬਹੁਤੀ ਚੰਗੀ ਨਾ ਹੋਣ ਕਰਕੇ ਇਕ ਬੇਬਸੀ ਉਸਦੀਆਂ ਅੱਖਾਂ ਵਿੱਚੋਂ ਮੈਨੂੰ ਸਾਫ਼ ਵਿਖਾਈ ਦਿੰਦੀ। ਮੈਂ ਉਸਦੀ ਬੇਬਸੀ ਨੂੰ ਸਮਝਦਾ ਹੋਇਆ ਹੌਸਲੇ ਨਾਲ ਆਖਦਾ, “ਨਹੀਂ ... ਮੈਂ ਖ਼ੁਦਕੁਸ਼ੀ ਨਹੀਂ ਕਰਨੀ ... ਸੰਘਰਸ਼ ਕਰਨੈ ... ਆਪਣੇ ਆਪ ਨਾਲ ... ਹਾਲਾਤ ਨਾਲ ... ਸਮਾਜ ਨਾਲ ...।” ਉਹ ਚੁੱਪ ਹੋ ਜਾਂਦਾ। ਉਸਦੇ ਚਿਹਰੇ ’ਤੇ ਸੰਤੁਸ਼ਟੀ ਦੇ ਹਾਵ-ਭਾਵ ਮੰਡਰਾਉਣ ਲੱਗਦੇ।
ਮੇਰੇ ਦੁੱਖਾਂ ਦਾ ਪੈਂਡਾ ਉਦੋਂ ਸ਼ੁਰੂ ਹੋਇਆ ਜਦੋਂ ਮੇਰੀ ਮਾਂ ਨੇ ਆਪਣੀ ਜੀਵਨ ਲੀਲ੍ਹਾ ਦਾ ਅੰਤ ਕਰ ਲਿਆ। ਇਹ 1973 ਦੀ ਗੱਲ ਹੈ। ਉਦੋਂ ਮੈਂ ਕੇਵਲ ਢਾਈ ਕੁ ਸਾਲਾਂ ਦਾ ਸਾਂ। ਮੇਰੀ ਮਾਂ ਨੇ ਜ਼ਿੰਦਗੀ ਦੇ ਸੰਘਰਸ਼ ਤੋਂ ਹਾਰ ਮੰਨ ਕੇ ਮੇਰੀ ਛੋਟੀ ਭੈਣ ਸਮੇਤ ਖ਼ੁਦਕੁਸ਼ੀ ਕਰ ਲਈ ਸੀ। ਦੋ-ਢਾਈ ਮਹੀਨਿਆਂ ਦੀ ਇਕ ਹੋਰ ਛੋਟੀ ਭੈਣ ਵੀ ਮਾਂ ਦੀ ਮੌਤ ਤੋਂ ਬਾਅਦ ਮੈਨੂੰ ਇਕੱਲਿਆਂ ਛੱਡ ਕੇ ਸਦਾ ਲਈ ਤੁਰ ਗਈ ਸੀ। ਇਨ੍ਹਾਂ ਗੱਲਾਂ ਦਾ ਮੈਨੂੰ ਮੇਰੀ ਸੁਰਤ ਸੰਭਲਣ ਤੋਂ ਬਾਅਦ ਪਤਾ ਲੱਗਾ। ਰਿਸ਼ਤੇਦਾਰ ਅਤੇ ਲੋਕ ਮਾਂ ਦੀ ਸੂਰਤ ਅਤੇ ਸੀਰਤ ਬਾਰੇ ਬੜੀ ਹਮਦਰਦੀ ਨਾਲ ਮੈਨੂੰ ਦੱਸਦੇ। ਮੈਂ ਉਨ੍ਹਾਂ ਦੀਆਂ ਗੱਲਾਂ ਤੋਂ ਹੀ ਅੰਦਾਜ਼ੇ ਲਗਾ ਕੇ ਆਪਣੀ ਮਾਂ ਦਾ ਬਿੰਬ ਜ਼ਿਹਨ ਵਿਚ ਉਸਾਰਦਾ। ਉਸਦੀ ਕੋਈ ਫੋਟੋ ਵੀ ਨਹੀਂ ਸੀ।
ਮਾਂ ਦੀ ਮੌਤ ਤੋਂ ਸਾਲ ਕੁ ਬਾਅਦ ਹੀ ਪਿਤਾ ਨੇ ਦੂਜੀ ਸ਼ਾਦੀ ਕਰਵਾ ਲਈ। ਮੈਂ ਆਪਣੇ ਪਿਤਾ ਦੀ ਬਰਾਤੇ ਜਾਣ ਦੀ ਜ਼ਿੱਦ ਕੀਤੀ। ਪਿਤਾ ਨੇ ਸਖ਼ਤੀ ਨਾਲ ਮੇਰੀ ਜ਼ਿੱਦ ਨੂੰ ਥੰਮ੍ਹ ਦਿੱਤਾ। ਬਚਪਨ ਤੋਂ ਹੀ ਪਿਤਾ ਨਾਲ ਬਗ਼ਾਵਤ ਦਾ ਰਿਸ਼ਤਾ ਪੈਦਾ ਹੋ ਗਿਆ। ਨਿੱਕੇ ਹੁੰਦਿਆਂ ਤੋਂ ਨਾ ਮੈਂ ਕਦੇ ਉਨ੍ਹਾਂ ਨੂੰ ਬੁਲਾਇਆ ਅਤੇ ਨਾ ਹੀ ਕਦੇ ਉਨ੍ਹਾਂ ਨੇ ਮੇਰੇ ਬਾਰੇ ਪੁੱਛ-ਪੜਤਾਲ ਕਰਨ ਦਾ ਯਤਨ ਕੀਤਾ। ਮੈਂ ਆਪਣੇ ਦਾਦਾ-ਦਾਦੀ ਕੋਲ ਰਹਿਣ ਲਈ ਸ਼ਹਿਰ ਤੋਂ ਪਿੰਡ ਆ ਗਿਆ। ਪਿੰਡ ਰਹਿੰਦਿਆਂ ਕੁਝ ਮਹੀਨੇ ਹੀ ਹੋਏ ਸਨ ਕਿ ਖੇਤੀਬਾੜੀ ਸੰਭਾਲਦਾ ਕਰਜ਼ਈ ਚਾਚਾ ਖ਼ੁਦਕੁਸ਼ੀ ਕਰ ਗਿਆ। ਘਰ ’ਤੇ ਇਕ ਹੋਰ ਵੱਡਾ ਸੰਕਟ ਆ ਗਿਆ। ਉਸਦੇ ਮੇਰੇ ਵਰਗੇ ਤਿੰਨ ਬੱਚੇ ਅਨਾਥ ਹੋ ਗਏ। ਦਾਦਕੇ ਚਾਹੁੰਦੇ ਸਨ ਕਿ ਮੈਂ ਦਸਵੀਂ ਕਰ ਜਾਵਾਂ। ਆਰਥਿਕ ਤੰਗੀਆਂ ਕਰਕੇ ਇਹ ਚਾਹਤ ਸਿਰੇ ਲੱਗਦੀ ਨਜ਼ਰ ਨਹੀਂ ਸੀ ਆ ਰਹੀ। ਸ਼ਹਿਰ ਵਿਚ ਰਹਿੰਦੇ ਇਕ ਰਿਸ਼ਤੇਦਾਰ ਨੇ ਮੈਨੂੰ ਛੇਵੀਂ ਵਿਚ ਸ਼ਹਿਰ ਦੇ ਸਕੂਲ ਵਿਚ ਦਖ਼ਲ ਕਰਵਾ ਦਿੱਤਾ। ਛੇਤੀ ਹੀ ਰਿਸ਼ਤੇਦਾਰ ਮੇਰੀਆਂ ਰੋਟੀਆਂ ਗਿਣਨ ਲੱਗੇ ਤੇ ਪੈਸਿਆਂ ਦਾ ਹਿਸਾਬ। ਤੰਗ ਆ ਕੇ ਮੈਂ ਪਿੰਡ ਵਾਪਸ ਜਾਣ ਦਾ ਫੈਸਲਾ ਕੀਤਾ। ਪਿੰਡ ਤੋਂ ਸ਼ਹਿਰ ਲਗਭਗ ਸੋਲਾਂ-ਸਤਾਰਾਂ ਕਿਲੋਮੀਟਰ ਸੀ। ਸਕੂਲ ਸਾਈਕਲ ’ਤੇ ਜਾਣਾ ਪੈਂਦਾ। ਬੱਸ-ਪਾਸ ਲਈ ਪੈਸੇ ਨਹੀਂ ਸਨ।
ਸ਼ਹਿਰ ਦੇ ਸਕੂਲ ਵਿਚ ਪੜ੍ਹਦਿਆਂ ਪਤਾ ਲੱਗਾ ਕਿ ਖੇਡਣ ਵਾਲੇ ਵਿਦਿਆਰਥੀਆਂ ਦੀ ਫੀਸ ਮੁਆਫ਼ ਹੁੰਦੀ ਹੈ। ਫੀਸ ਮੁਆਫੀ ਲਈ ਖੇਡਣਾ ਸ਼ੁਰੂ ਕੀਤਾ। ਅੱਠਵੀਂ ਜਮਾਤ ਤਕ ਪਹੁੰਚਦਿਆਂ ਸਬ-ਜੂਨੀਅਰ ਨੈਸ਼ਨਲ ਖੇਡ ਆਇਆ। ਨੌਵੀਂ ਜਮਾਤ ਵਿਚ ਦਾਦੀ ਜੀ ਉੱਤੇ ਘਰ ਦੀ ਕੱਚੀ ਕੰਧ ਡਿੱਗ ਪਈ। ਚੂਲ਼ਾ ਟੁੱਟਣ ਕਰਕੇ ਕੁਝ ਦਿਨਾਂ ਬਾਅਦ ਹੀ ਦਾਦੀ ਜੀ ਚੜ੍ਹਾਈ ਕਰ ਗਏ। ਰੋਟੀ ਦੀ ਸਮੱਸਿਆ ਨੇ ਫਿਰ ਘੇਰ ਲਿਆ। ਇਸ ਸਮੱਸਿਆ ਨੂੰ ਦੂਰ ਕਰਨ ਲਈ ਨਾਨੀ ਕੋਲ ਡੇਰੇ ਜਾ ਲਾਏ। ਨਾਨਾ ਜੀ ਪਹਿਲਾਂ ਹੀ ਸਵਰਗ ਸੁਧਾਰ ਚੁੱਕੇ ਸਨ। ਇੱਥੇ ਗਲੀ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਗੁਜ਼ਾਰਾ ਕਰਨਾ ਸ਼ੁਰੂ ਕੀਤਾ।
ਦਸਵੀਂ ਦੇ ਪੇਪਰ ਦੇ ਕੇ ਮਨ ਹੋਰ ਅਗਾਂਹ ਪੜ੍ਹਨ ਨੂੰ ਮਨ ਕੀਤਾ। ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀ ਪੜ੍ਹਾਈ ਲਈ ਕਚਹਿਰੀਆਂ ਵਿਚ ਟਾਈਪ ਕਰਨ, ਲਾਇਸੰਸ ਬਣਾਉਣ, ਲਾਂਗਰੀ ਆਦਿ ਦੇ ਕੰਮ ਕਰਦਾ ਰਿਹਾ। ਖੇਡਾਂ ਦੀ ਪ੍ਰੈਕਟਿਸ ਵੀ ਜਾਰੀ ਸੀ। ਖੇਡਾਂ ਕਰਕੇ ਹੀ ਬੀ.ਏ. ਵਿਚ ਡੀ.ਏ.ਵੀ, ਕਾਲਿਜ ਚੰਡੀਗੜ੍ਹ ਵਿਚ ਦਾਖ਼ਲਾ ਮਿਲ ਗਿਆ। ਚੰਡੀਗੜ੍ਹ ਦੇ ਮਹਿੰਗੇ ਕਾਲਿਜ ਵਿਚ ਭਾਵੇਂ ਖਾਣ-ਪੀਣ, ਰਿਹਾਇਸ਼ ਅਤੇ ਪੜਾਈ ਦਾ ਖਰਚਾ ਮੁਆਫ ਸੀ ਪਰ ਕੱਪੜੇ-ਲੀੜੇ ਅਤੇ ਹੋਰ ਖਰਚਿਆਂ ਲਈ ਕੁਝ ਪੈਸਿਆਂ ਦੀ ਲੋੜ ਹੁੰਦੀ ਸੀ। ਇਸ ਲੋੜ ਨੂੰ ਪੂਰਾ ਕਰਨ ਲਈ ਚੰਡੀਗੜ੍ਹ ਵਿਖੇ ਆਰਕੈਸਟਰਾ ਵਿਚ ਗਾਉਣ, ਰਿਕਸ਼ਾ ਚਲਾਉਣ, ਪ੍ਰਦਰਸ਼ਰਨੀ ਦੇ ਨਿਗਰਾਨ ਆਦਿ ਦਾ ਕੰਮ ਕਰਦਾ ਰਿਹਾ। ਭੁੱਖੇ ਪੇਟ ਅਤੇ ਖਾਲੀ ਜੇਬ ਨੇ ਉਹ ਕੁਝ ਸਿਖਾ ਦਿੱਤਾ ਸੀ, ਜੋ ਕੁਝ ਸਕੂਲ ਅਤੇ ਕਾਲਿਜ ਨਾ ਸਿਖਾ ਸਕੇ। ਬੀ.ਏ. ਕਰਦਿਆਂ ਕਈ ਨੈਸ਼ਨਲ ਅਤੇ ਅੰਤਰ-ਯੂਨੀਵਰਸਿਟੀਆਂ ਵਿਚ ਭਾਗ ਲੈ ਚੁੱਕਾ ਸਾਂ। ਸਾਹਿਤ, ਸੰਗੀਤ ਅਤੇ ਚਿਤ੍ਰਕਲਾ ਆਦਿ ਦਾ ਬਚਪਨ ਤੋਂ ਹੀ ਸ਼ੌਕ ਸੀ। ਕਈ ਕਹਾਣੀਆਂ ਅਤੇ ਕਵਿਤਾਵਾਂ ਪੰਜਾਬੀ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪ ਚੁੱਕੀਆਂ ਸਨ। ਐੱਮ. ਏ. ਪੰਜਾਬੀ ਕਰਨ ਦਾ ਮਨ ਬਣ ਗਿਆ। ਮੋਹਨ ਭੰਡਾਰੀ ਅਤੇ ਡਾ. ਕੇਸਰ ਸਿੰਘ ਕੇਸਰ ਦੇ ਸਹਿਯੋਗ ਨਾਲ ਐਮ.ਏ. ਪੰਜਾਬੀ ਸ਼ੁਰੂ ਕੀਤੀ। ਇਸ ਦੌਰਾਨ ਕਰਿੱਡ ਵਿਖੇ ਇਕ ਖੋਜ ਪ੍ਰੋਜੈਕਟ ਦੀ ਨੌਕਰੀ ਕੀਤੀ।
ਐੱਮ.ਏ. ਕਰਦਿਆਂ ਕਈ ਸਕੂਲਾਂ ਵਿਚ ਪੜ੍ਹਾਉਣ ਤੋਂ ਬਾਅਦ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਵਿਖੇ ਪੰਜਾਬੀ ਅਧਿਆਪਕ ਦੀ ਨੌਕਰੀ ਮਿਲ ਗਈ। ਕੁਝ ਸਾਲ ਸਕੂਲ ਵਿਚ ਪੜ੍ਹਾਉਣ ਬਾਅਦ ਕਾਲਜ ਵਿਚ ਬਤੌਰ ਲੈਕਚਰਾਰ ਅਤੇ ਫਿਰ 2003 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੜ੍ਹਾਉਣ ਲੱਗਾ। ਅੱਜ ਮੇਰੀਆਂ ਡੇਢ ਦਰਜਨ ਆਲੋਚਨਾ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ।
ਹੁਣ ਜਦੋਂ ਕਿਸੇ ਕਿਸਾਨ ਅਤੇ ਖੇਤ ਮਜ਼ਦੂਰ ਦੀ ਖੁਦਕੁਸ਼ੀ ਦੀ ਖ਼ਬਰ ਪੜ੍ਹਦਾ ਹਾਂ ਤਾਂ ਉਦਾਸ ਹੋ ਜਾਦਾ ਹਾਂ। ਮਰਨ ਵਾਲੇ ਤਾਂ ਆਪਣੀ ਜ਼ਿੰਦਗੀ ਤੋਂ ਖਹਿੜਾ ਛੁਡਾ ਲੈਂਦੇ ਹਨ ਪਰ ਉਨ੍ਹਾਂ ਦੇ ਬੱਚੇ ਦੁੱਖਾਂ ਦੇ ਦਰਿਆ ਵਿਚ ਡੁੱਬ ਜਾਂਦੇ ਹਨ। ਜ਼ਿੰਦਗੀ, ਦਰਿਆ ਵਿਚ ਆਏ ਤੂਫ਼ਾਨ ਨਾਲ ਸੰਘਰਸ਼ ਦਾ ਨਾਂ ਹੈ। ਸੰਘਰਸ਼ ਹੀ ਸਾਨੂੰ ਸੁਨਹਿਰੇ ਭਵਿੱਖ ਵੱਲ ਲਿਜਾ ਸਕਦਾ ਹੈ। ਮੈਨੂੰ ਅੱਜ ਵੀ ਆਪਣੇ ਦੋਸਤ ਨੂੰ ਕਹੇ ਸ਼ਬਦਾਂ ’ਤੇ ਮਾਣ ਮਹਿਸੂਸ ਹੋ ਰਿਹਾ ਹੈ, “ਨਹੀਂ, ਮੈਂ ਖੁਦਕੁਸ਼ੀ ਨਹੀਂ ਕਰਨੀ ... ਸੰਘਰਸ਼ ਕਰਨੈ ... ਆਪਣੇ ਆਪ ਨਾਲ ... ਹਾਲਾਤ ਨਾਲ ... ਸਮਾਜ ਨਾਲ ...।”
*****
(381)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)