HarjinderDhaliwal7ਸਿਆਣਾ ਵੀ ਆਪਣਾ ਤੋਰੀ ਫੁਲਕਾ ਚਲਾਉਣ ਲਈ ਆਏ ਹਫਤੇ ਚੌਂਕੀਆਂ ਭਰਾਉਂਦਾ ਰਿਹਾ ...
(ਜੁਲਾਈ 19, 2016)

 

ਕਾਫੀ ਪੁਰਾਣੀ ਗੱਲ ਹੈ, ਮੈਂ ਹਾਲੇ ਕਾਲਜ ਵਿੱਚ ਪੜ੍ਹਦਾ ਸਾਂ ਕਿ ਸਾਡੇ ਗੁਆਂਢੀਆਂ ਦੀ ਨਵੀਂ ਵਿਆਹੀ ਬਹੂ ਨੂੰ, ਜੋ ਰਿਸ਼ਤੇ ਵਿੱਚੋਂ ਮੇਰੀ ਭਾਬੀ ਲਗਦੀ ਸੀ, ਓਪਰੀ ਕਸਰ ਹੋ ਗਈ। ਉਹ ਕਦੇ ਗੋਹੇ ਦਾ ਬੱਠਲ ਲੈਕੇ ਤੁਰੀ ਜਾਂਦੀ ਡਿੱਗ ਪੈਂਦੀ ਸੀ, ਕਦੇ ਵਿਹੜੇ ਵਿੱਚ ਝਾੜੂ ਲਗਾਉਂਦੀ ਨੂੰ ਦੰਦਲ ਪੈ ਜਾਂਦੀ ਸੀ ਜਾਂ ਕੋਈ ਵੀ ਹੋਰ ਕੰਮ ਕਰਦੇ ਸਮੇਂ ਬੇਹੋਸ਼ ਹੋਕੇ ਡਿੱਗ ਪੈਂਦੀ ਸੀ। ਪਹਿਲਾਂ ਤਾਂ ਉਹਨਾਂ ਨੇ ਡਾਕਟਰਾਂ ਕੋਲ ਇਲਾਜ ਕਰਵਾਇਆ ਪਰ ਡਾਕਟਰਾਂ ਦੀ ਦਵਾਈ ਨਾਲ ਵੀ ਕੋਈ ਫਰਕ ਨਾ ਪਿਆ ਸਗੋਂ ਓਪਰੀ ਸ਼ੈਅ ਨੇ ਪਹਿਲਾਂ ਨਾਲੋਂ ਵੀ ਭਿਆਨਕ ਰੂਪ ਅਖਤਿਆਰ ਕਰ ਲਿਆ। ਅਖੀਰ ਥੱਕ ਕੇ ਘਰਦਿਆਂ ਨੇ ਸਾਧਾਂ ਸੰਤਾਂ ਕੋਲ ਜਾਣਾ ਸ਼ੁਰੂ ਕਰ ਦਿੱਤਾ। ਇਕ ਸਿਆਣੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਨੂੰ ਪਰਿਵਾਰ ਦੇ ਹੀ ਇੱਕ ਮ੍ਰਿਤਕ ਨੌਜਵਾਨ ਦੀ ਆਤਮਾ ਚਿੰਬੜੀ ਹੋਈ ਹੈ, ਜੋ ਕਈ ਸਾਲ ਪਹਿਲਾਂ ਫਾਹਾ ਲੈ ਕੇ ਮਰ ਗਿਆ ਸੀ।

ਸਿਆਣਾ ਵੀ ਆਪਣਾ ਤੋਰੀ ਫੁਲਕਾ ਚਲਾਉਣ ਲਈ ਆਏ ਹਫਤੇ ਚੌਂਕੀਆਂ ਭਰਾਉਂਦਾ ਰਿਹਾ ਪਰ ਭਾਬੀ ਨੂੰ ਫੇਰ ਵੀ ਕੋਈ ਫਰਕ ਨਾ ਪਿਆ। ਇੱਕ ਦਿਨ ਤਾਈ (ਭਾਬੀ ਦੀ ਸੱਸ) ਸਾਡੇ ਘਰ ਦਾਦੀ ਹੁਰਾਂ ਕੋਲ ਬੈਠੀ ਆਪਣੇ ਘਰ ਦੇ ਦੁੱਖੜੇ ਰੋ ਰਹੀ ਸੀ, “ਬਹੂ ਨੂੰ ਪਤਾ ਨਹੀਂ ਕਿਹੋ ਜਿਹੀ ਸ਼ੈ ਚਿੰਬੜੀ ਐ, ਮਗਰੋਂ ਈ ਨਹੀਂ ਲਹਿੰਦੀ। ਡਾਕਟਰ ਅਤੇ ਸਿਆਣਿਆਂ ਨੇ ਸਾਡਾ ਘਰ ਪੱਟ ਕੇ ਖਾ ਲਿਆ ...।”

ਮੈਂ ਕੋਲ ਬੈਠਾ ਸਭ ਸੁਣ ਰਿਹਾ ਸੀ ਤੇ ਮੈਥੋਂ ਤਾਈ ਦੀ ਗੱਲ ਸੁਣਕੇ ਰਿਹਾ ਨਾ ਗਿਆ। ਮੈਂ ਤਾਈ ਨੂੰ ਕਿਹਾ, “ਤਾਈ ਕਸਰ ਕੁਸਰ ਕੁਝ ਨੀ ਹੁੰਦੀ, ਤੁਸੀਂ ਐਵੇਂ ਕਿਉਂ ਘਰ ਖੁੰਘਲ ਕਰਦੇ ਓਂ। ਤੁਹਾਡੀ ਬਹੂ ਨੂੰ ਕੋਈ ਕਸਰ ਨੀ ਹੈਗੀ, ਇਹ ਸਭ ਕੁਛ ਉਹ ਅੱਡ ਹੋਣ ਦੀ ਮਾਰੀ ਹੀ ਕਰਦੀ ਹੋਊ। ਚਾਹੇ ਪਰਖ ਕੇ ਦੇਖ ਲਓ, ਜਦੋਂ ਵੀ ਭਾਬੀ ਅੱਡ ਹੋ ਗਈ, ਓਪਰੀ ਕਸਰ ਆਪਣੇ ਆਪ ਹਟਜੂ।”

ਮੈਨੂੰ ਪਤਾ ਸੀ ਕਿ ਉਹਨਾਂ ਦਾ ਪਰਿਵਾਰ ਸੰਯੁਕਤ ਪਰਿਵਾਰ ਹੈ ਤੇ ਵੱਡਾ ਪਰਿਵਾਰ ਹੋਣ ਕਰਕੇ ਘਰੇ ਕੰਮ ਦਾ ਬੋਝ ਬਹੁਤ ਜ਼ਿਆਦਾ ਰਹਿੰਦਾ ਹੈ। ਸੋ ਕੰਮ ਤੋਂ ਬਚਣ ਅਤੇ ਸਮਾਜ ਵਿੱਚ ਚੱਲ ਰਹੇ ਇਕਹਿਰੇ ਪਰਿਵਾਰਾਂ ਦੇ ਰੁਝਾਨ ਕਾਰਨ ਭਾਬੀ ਦੇ ਮਨ ਵਿਚ ਵੀ ਅੱਡ ਹੋਕੇ ਆਪਣੀ ਮਰਜ਼ੀ ਮੁਤਾਬਕ ਜੀਵਨ ਬਤੀਤ ਕਰਨ ਖਿਆਲ ਆਇਆ ਹੋਊਗਾ। ਪਰ ਮੇਰੀ ਗੱਲ ਸੁਣਕੇ ਤਾਈ ਤੇ ਮੇਰੀ ਦਾਦੀ ਵਰਗੀਆਂ ਮੇਰੇ ਗਲ਼ ਪੈ ਗਈਆਂ, “ਤੈਨੂੰ ਕੱਲ੍ਹ ਦੇ ਜਵਾਕ ਨੂੰ ਦੁਨੀਆਂ ਬਾਰੇ ਹਾਲੇ ਕੀ ਪਤਾ ਐ? ਜੀਹਨੂੰ ਚਿੰਬੜ ਜੇ, ਉਸੇ ਨੂੰ ਪਤਾ ਲਗਦੈ ਕਿ ਓਪਰੀ ਕਸਰ ਕੀ ਹੁੰਦੀ ਐ। ਤੈਨੂੰ ਤਾਂ ਵਿਹਲੇ ਨੂੰ ਗੱਲਾਂ ਔੜ੍ਹਦੀਆਂ ਨੇ।”

ਤਾਈ ਤਾਂ ਭੜਾਸ ਕੱਢਕੇ ਆਪਣੇ ਘਰ ਚਲੀ ਗਈ ਪਰ ਮੈਂ ਆਪਣੀ ਮਾਤਾ ਅਤੇ ਦਾਦੀ ਜੀ ਨਾਲ ਕਿੰਨਾ ਚਿਰ ਬਹਿਸ ਕਰਦਾ ਰਿਹਾ ਕਿ ਤੁਸੀਂ ਦੇਖ ਲੈਣਾ ਜਦੋਂ ਵੀ ਤਾਈ ਕੇ ਅੱਡ ਹੋ ਗਏ, ਭਾਬੀ ਨੂੰ ਉਦੋਂ ਈ ਕਸਰ ਹੋਣੋਂ ਹਟ ਜਾਊ।

ਚਾਹੇ ਅੱਜ ਵੀ ਸਾਡਾ ਸਮਾਜ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਵਿੱਚ ਜਕੜਿਆ ਹੋਇਆ ਹੈ ਪਰ ਪਿਤਾ ਜੀ ਦੁਆਰਾ ਤਰਕਸ਼ੀਲ ਵਿਚਾਰਾਂ ਦੀ ਗੁੜ੍ਹਤੀ ਮਿਲੀ ਹੋਣ ਕਰਕੇ ਅਸੀਂ ਭੈਣ ਭਰਾ ਛੋਟੀ ਉਮਰ ਤੋਂ ਹੀ ਵਹਿਮਾਂ-ਭਰਮਾਂ ਤੋਂ ਮੁਕਤ ਸਾਂ। ਪਿਤਾ ਜੀ ਸਾਨੂੰ ਭੂਤਾਂ-ਪ੍ਰੇਤਾਂ ਅਤੇ ਟੂਣੇ-ਟਾਮਣ ਬਾਰੇ ਦੱਸਦੇ ਰਹਿੰਦੇ ਸਨ ਕਿ ਇਹ ਸਭ ਸਾਡੇ ਅੰਧ-ਵਿਸ਼ਵਾਸ ਦੀ ਦੇਣ ਹਨ। ਉਹ ਸਾਨੂੰ ਓਪਰੀ ਕਸਰ ਬਾਰੇ ਵੀ ਦੱਸਦੇ ਸਨ ਕਿ ਇਸਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਛਿਪਿਆ ਹੁੰਦਾ ਹੈ।

ਅਸਲ ਵਿੱਚ ਕਸਰ ਤੋਂ ਭਾਵ ਹੈ ਕੋਈ ਕਮੀ ਜਾਂ ਨੁਕਸ ਰਹਿਣਾ। ਜਦੋਂ ਅਸੀਂ ਕਹਿੰਦੇ ਹਾਂ ਕਿ ਕਿਸੇ ਨੂੰ ਕਸਰ ਹੋ ਗਈ ਤਾਂ ਇਸਦਾ ਭਾਵ ਹੁੰਦਾ ਹੈ ਕਿ ਉਸ ਵਿਅਕਤੀ ਨੂੰ ਘਰ, ਸਮਾਜ ਜਾਂ ਖੁਦ ਵਿੱਚ ਕੋਈ ਨਾ ਕੋਈ ਕਮੀ ਜਾਂ ਨੁਕਸ ਮਹਿਸੂਸ ਹੁੰਦਾ ਹੈ। ਇਸੇ ਤੋਂ ਓਪਰੀ ਕਸਰ ਵਾਲਾ ਸੰਕਲਪ ਹੋਂਦ ਵਿੱਚ ਆਇਆ ਹੋਵੇਗਾ। ਪਿਤਾ ਜੀ ਸਮਝਾਉਂਦੇ ਹੁੰਦੇ ਸਨ ਕਿ ਜਦੋਂ ਕਿਸੇ ਨੂੰ ਆਪਣੀ ਗੱਲ ਕਹਿਣ ਲਈ ਜਾਂ ਸਬੰਧਿਤ ਕਮੀ ਜਾਂ ਨੁਕਸ ਨੂੰ ਦੂਰ ਕਰਨ ਲਈ ਕੋਈ ਰਾਹ ਨਾ ਦਿਸੇ ਤਾਂ ਫੇਰ ਉਹ ਓਪਰੀ ਕਸਰ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰਦਾ ਹੈ॥. ਜਿਵੇਂ ਸ਼ਰਾਬੀ ਪਤੀ ਦੀ ਸ਼ਰਾਬ ਛੁਡਾਉਣ ਲਈ, ਬਹੁਤ ਜ਼ਿਆਦਾ ਕੰਮ ਹੋਣ ਕਾਰਨ ਕੰਮ ਤੋਂ ਬਚਣ ਲਈ, ਸੰਯੁਕਤ ਪਰਿਵਾਰ ਨਾਲੋਂ ਅੱਡ ਹੋਣ ਲਈ, ਮਨਪਸੰਦ ਲੜਕੀ ਜਾਂ ਲੜਕੇ ਨਾਲ ਵਿਆਹ ਕਰਾਉਣ ਲਈ, ਰੁਪਇਆਂ ਦੇ ਲੈਣਦਾਰਾਂ ਨੂੰ ਟਾਲਣ ਲਈ, ਕਈ ਬੱਚਿਆਂ ਦੁਆਰਾ ਪੜ੍ਹਾਈ ਤੋਂ ਟਲਣ ਲਈ ਜਾਂ ਜਦੋਂ ਕਈ ਮਾਪੇ ਕੁੜੀਆਂ ਨੂੰ ਅੱਗੇ ਪੜ੍ਹਨ ਤੋਂ ਹਟਾ ਲੈਂਦੇ ਹਨ ਤਾਂ ਉਹ ਮਾਪਿਆਂ ਨੂੰ ਅੱਗੇ ਪੜ੍ਹਨ ਲਾਉਣ ਲਈ ਰਾਜ਼ੀ ਕਰਨ ਖਾਤਿਰ ਕਸਰ ਦਾ ਡਰਾਮਾ ਕਰਦੀਆਂ ਹਨ।

ਪਿਤਾ ਜੀ ਦੀਆਂ ਗੱਲਾਂ ਤੋਂ ਅਸੀਂ ਸਮਝ ਗਏ ਸਾਂ ਕਿ ਓਪਰੀ ਕਸਰ ਦਾ ਕਾਰਨ ਕੋਈ ਭੂਤ-ਪ੍ਰੇਤ ਨਹੀਂ ਬਲਕਿ ਕੋਈ ਨਾ ਕੋਈ ਦੁਨਿਆਵੀ ਕਾਰਨ ਹੀ ਹੁੰਦਾ ਹੈ।

ਇਸੇ ਤਰ੍ਹਾਂ ਵਕਤ ਲੰਘਦਾ ਗਿਆ ਤੇ ਅਖੀਰ ਦੋ ਤਿੰਨ ਮਹੀਨਿਆਂ ਬਾਦ ਭਾਬੀ ਅਤੇ ਉਸਦਾ ਪਤੀ ਬਾਕੀ ਪਰਿਵਾਰ ਨਾਲੋਂ ਅੱਡ ਹੋ ਗਏ। ਅੱਡ ਹੋਣ ਪਿੱਛੋਂ ਭਾਬੀ ਨੂੰ ਚਿੰਬੜੀ ਓਪਰੀ ਕਸਰ ਵੀ ਆਪਣੇ ਆਪ ਉਡਾਰੀ ਮਾਰਕੇ ਭੱਜ ਗਈ।

ਸਾਲ ਕੁ ਬਾਦ ਜਦੋਂ ਤਾਈ ਇੱਕ ਦਿਨ ਫਿਰ ਸਾਡੇ ਘਰ ਬੈਠੀ ਪਿੰਡ ਵਿੱਚ ਕਿਸੇ ਦੀ ਨੂੰਹ ਨੂੰ ਕਸਰ ਹੋਣ ਬਾਰੇ ਗੱਲਾਂ ਕਰ ਰਹੀ ਸੀ ਤਾਂ ਮੈਂ ਤਾਈ ਨੂੰ ਕਹਿ ਦਿੱਤਾ, “ਉਹਨਾਂ ਦੀ ਨੂੰਹ ਨੂੰ ਵੀ ਤੁਹਾਡੀ ਬਹੂ ਆਲੀ ਸ਼ੈ ਚਿੰਬੜ ਗਈ ਹੋਵੇਗੀ।”

ਮੇਰੀ ਗੱਲ ਸੁਣਕੇ ਪਹਿਲਾਂ ਤਾਈ ਹੱਸ ਪਈ ਤੇ ਫਿਰ ਕਹਿਣ ਲੱਗੀ, “ਗੱਲ ਤਾਂ ਤੇਰੀ ਸਹੀ ਸੀ, ਜਦੋਂ ਦੀ ਬਹੂ ਅੱਡ ਹੋਈ ਐ, ਮੁੜਕੇ ਕਸਰ ਨੀ ਹੋਈ।”

*****

(359)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਜਿੰਦਰ ਧਾਲੀਵਾਲ

ਹਰਜਿੰਦਰ ਧਾਲੀਵਾਲ

Harjinder Dhaliwal Anoopgarh
Email: (harjinder.dhaliwal43@gmail.com)
Mobile: 91 - 95018 - 62600