“ਜੋ ਚੀਜ਼ ਮੈਂ ਲਈ ਹੀ ਨਹੀਂ, ਉਸਦੇ ਪੈਸੇ ਕਿਵੇਂ ਦੇ ਦਿਆਂ? ਪੈਸੇ ਕੋਈ ਦਰਖਤਾਂ ਨੂੰ ਥੋੜ੍ਹੀ ਲਗਦੇ ਨੇ? ...”
(ਜੁਲਾਈ 8, 2016)
ਸੰਨ 2013 ਵਿਚ ਮੈਂ ਆਪਣਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਵਾਇਆ ਸੀ। ਪ੍ਰਕਾਸ਼ਕ ਨੇ ਇਸ ਨਾਵਲ ਦੀ ਕੀਮਤ 550 ਰੁਪਏ ਰੱਖੀ ਸੀ। ਮੇਰੀਆਂ ਪਹਿਲੀਆਂ ਕੁਝ ਕਿਤਾਬਾਂ ਰਾਜਾ ਰਾਮ ਮੋਹਨ ਰਾਏ ਲਾਇਬਰੇਰੀ ਕਲਕੱਤਾ ਅਤੇ ਪੰਜਾਬੀ ਸਾਹਿਤ ਅਕਾਡਮੀ ਦਿੱਲੀ ਵਾਲੇ ਖਰੀਦਦੇ ਰਹੇ ਸਨ। ਇਸ ਵਾਰੀ ਕਿਸੇ ਨੇ ਕੰਨ ਨਾ ਧਰਾਇਆ। ਬਹੁਤੀਆਂ ਕਿਤਾਬਾਂ ਦੋਸਤਾਂ-ਕਦੋਸਤਾਂ ਨੂੰ ਹੀ ਪਿਆਰ ਭੇਂਟ ਕਰਨੀਆਂ ਪਈਆਂ। ਅੱਜ ਦੀ ਮੇਰੀ ਇਹ ਗੱਲਬਾਤ ਵੀ ਇਕ ਕਦੋਸਤ ਬਾਰੇ ਹੀ ਹੈ, ਜਿਸਦਾ ਸਾਡੇ ਕਸਬੇ ਦੋਰਾਹੇ ਤੋਂ ਤਿੰਨ ਕੁ ਕਿਲੋਮੀਟਰ ਦੂਰ ਇਕ ਪਿੰਡ ਵਿਚ ਮੁਰਗੀਖਾਨਾ ਸੀ। ਮੈਂ ਉਸ ਕੋਲੋਂ ਆਂਡਿਆਂ ਦੀ ਟਰੇਅ ਲਿਆਇਆ ਕਰਦਾ ਸਾਂ। ਉਸ ਨੂੰ ਪਤਾ ਸੀ ਕਿ ਮੈਂ ਅਖਬਾਰਾਂ ਵਿਚ ਲਿਖਦਾ ਸਾਂ। ਇਕ ਵਾਰੀ ਉਸ ਨੇ ਮੇਰੀਆਂ ਰਚਨਾਵਾਂ ਦੀ ਤਾਰੀਫ਼ ਵੀ ਕੀਤੀ ਸੀ, ਪਰ ਆਂਡਿਆਂ ਦੀ ਟਰੇਅ ਵਿਚ ਕਦੀ ਦੁਆਨੀ ਘੱਟ ਨਹੀਂ ਸੀ ਕੀਤੀ।
ਪਤਾ ਨਹੀਂ ਉਸ ਨੂੰ ਕਿਸ ਤੋਂ ਪਤਾ ਲੱਗਾ, ਇਕ ਦਿਨ ਜਦੋਂ ਮੈਂ ਆਂਡੇ ਲੈਣ ਗਿਆ ਤਾਂ ਉਹ ਬੋਲਿਆ, “ਮਾਸਟਰ ਜੀ ਸੁਣਿਆ ਏਂ ਤੁਸੀਂ ਕੋਈ ਨਾਵਲ ਲਿਖਿਆ ਏ।”
“ਹਾਂ ਜੀ, ਲਿਖਿਆ ਤਾਂ ਹੈ।”
“ਫੇਰ ਮੈਨੂੰ ਵੀ ਪੜ੍ਹਾ ਦਿਓ।”
“ਦੇਖੋ ਜੀ, ਨਾਵਲ 598 ਸਫਿਆਂ ਦਾ ਹੈ। ਉਸ ਦੀ ਕੀਮਤ 550 ਰੁਪਏ ਹੈ। ਜੇ ਕਹੋਂ ਤਾਂ ਤੁਹਾਡੇ ਲਈ 400 ਰੁਪਏ ਵਿਚ ਮੰਗਵਾ ਦਿਆਂਗਾ।”
“ਠੀਕ ਏ ਮਾਸਟਰ ਜੀ, ਲਿਆ ਦੇਣਾ। ਪੈਸੇ ਮਿਲ ਜਾਣਗੇ।” ਉਹ ਬੋਲਿਆ।
ਮੈਂ ਅਗਲੇ ਦਿਨ ਹੀ ਉਸ ਨੂੰ ਨਾਵਲ ਦੇਣ ਚਲਾ ਗਿਆ। ਉਹ ਕਿਸੇ ਵਿਆਹ ਲਈ ਬਰਾਇਲਰ ਕਟਵਾਉਣ ਲੱਗਾ ਹੋਇਆ ਸੀ। ਉਸ ਨੇ ਨਾਵਲ ਫੜ ਕੇ ਦੇਸੀ ਮੁਰਗਿਆਂ ਦੇ ਖੁੱਡੇ ’ਤੇ ਰੱਖ ਦਿੱਤਾ ਤੇ ਮੁੜ ਆਪਣੀ ਕਤਲਗਾਹ ਵਿਚ ਚਲਾ ਗਿਆ। ਮੈਂ ਟੀਨ ਦੀ ਕੁਰਸੀ ’ਤੇ ਬੈਠਾ ਉਡੀਕਦਾ ਰਿਹਾ, ਪਰ ਉਹ ਰੱਬ ਦਾ ਬੰਦਾ ਮੁੜਿਆ ਹੀ ਨਾ। ਮੈਂ ਉੱਠ ਕੇ ਉਸ ਕੋਲ਼ ਗਿਆ ਤਾਂ ਉਹ ਬੋਲਿਆ, “ਮਾਸਟਰ ਜੀ ਤੁਸੀਂ ਅਜੇ ਗਏ ਨ੍ਹੀ?”
“ਪੈਸੇ ਦੇ ਦਿੰਦੇ?” ਮੈਂ ਕਿਹਾ।
“ਦੇਖੋ ਜੀ, ਮੈਨੂੰ ਨਾਵਲ ਪੜ੍ਹ ਤਾਂ ਲੈਣ ਦਿਓ। ਪੈਸੇ ਵੀ ਦੇ ਦਿਆਂਗਾ।” ਉਹ ਹੱਸ ਕੇ ਬੋਲਿਆ।
ਮੈਂ ਕਹਿਣਾ ਚਾਹਿਆ ਕਿ ਜਦੋਂ ਮੈਂ ਆਂਡੇ ਖਾਣ ਤੋਂ ਪਹਿਲਾਂ ਉਸ ਨੂੰ ਪੈਸੇ ਦੇ ਦਿੰਦਾ ਹਾਂ ਤਾਂ ਉਹ ਵੀ ਨਾਵਲ ਪੜ੍ਹਨ ਤੋਂ ਪਹਿਲਾਂ ਮੈਨੂੰ ਪੈਸੇ ਦੇ ਦੇਵੇ, ਪਰ ਮੈਥੋਂ ਕਿਹਾ ਨਾ ਗਿਆ।
‘ਲੌਟ ਕੇ ਬੁੱਧੂ ਘਰ ਕੋ ਆਏ’ ਵਾਲ਼ੀ ਗੱਲ ਹੋਈ। ਮੈਂ ਸੋਚਿਆ ਕਿ ਚਲੋ ਅਗਲੀ ਵਾਰੀ ਜਿਸ ਦਿਨ ਆਂਡੇ ਲੈਣ ਗਿਆ, ਪੈਸੇ ਮੰਗ ਲਵਾਂਗਾ।
ਜ਼ਰਾ ਸਪੀਡ ਨਾਲ ਆਂਡਿਆਂ ਦੀ ਟਰੇਅ ਅਸੀਂ ਛੇਤੀ ਹੀ ਮੁਕਾ ਦਿੱਤੀ ਤੇ ਮੈਂ ਉਸ ਕੋਲ਼ੋਂ ਹੋਰ ਆਂਡੇ ਲੈਣ ਚਲਾ ਗਿਆ। ਜਦੋਂ ਉਸਦਾ ਨੌਕਰ ਟਰੇਅ ਮੇਰੇ ਸਕੂਟਰ ਅੱਗੇ ਰੱਖ ਆਇਆ ਤਾਂ ਮੈਂ ਮਾਲਕ ਨੂੰ ਟਰੇਅ ਦੇ ਪੈਸੇ ਦੇ ਕੇ ਕਿਹਾ, “ਜੀ ਆਪਣਾ ਵੀ ਹਿਸਾਬ ਰਹਿੰਦਾ ਸੀ।”
“ਆਪਣਾ ਕਾਹਦਾ ਹਿਸਾਬ?” ਉਹ ਚੌਂਕਿਆ।
“ਨਾਵਲ ਦੇ ਚਾਰ ਸੌ ਰੁਪਏ ਰਹਿੰਦੇ ਸੀ।”
“ਹਾਂ ... ਹਾਂ ... ਯਾਦ ਆਇਆ। ਤੁਹਾਡੇ ਜਾਣ ਮਗਰੋਂ ਮੈਂ ਉਹ ਨਾਵਲ ਸਾਰੇ ਲੱਭਿਆ, ਮਿਲਿਆ ਨਹੀਂ। ਪਤਾ ਨਹੀਂ ਕਿਹੜਾ ਹਰਾਮਜ਼ਾਦਾ ਚੁੱਕ ਕੇ ਲੈ ਗਿਆ।”
“ਪਰ ਮੈਂ ਤਾਂ ਤੁਹਾਨੂੰ ਦੇ ਗਿਆ ਸੀ ਨਾ? ਹੁਣ ਮੇਰਾ ਨਹੀਂ, ਤੁਹਾਡਾ ਚੁੱਕਿਆ ਗਿਆ ਏ। ਮੈਨੂੰ ਉਸ ਦੇ 400 ਰੁਪਏ ਦਿਓ।” ਮੈਂ ਕਿਹਾ।
“ਮਾਸਟਰ ਜੀ, ਤੁਸੀਂ ਤਾਂ ਭੋਲ਼ੀਆਂ ਗੱਲਾਂ ਕਰਦੇ ਹੋ। ਜੋ ਚੀਜ਼ ਮੈਂ ਲਈ ਹੀ ਨਹੀਂ, ਉਸਦੇ ਪੈਸੇ ਕਿਵੇਂ ਦੇ ਦਿਆਂ? ਪੈਸੇ ਕੋਈ ਦਰਖਤਾਂ ਨੂੰ ਥੋੜ੍ਹੀ ਲਗਦੇ ਨੇ?” ਉਹ ਬੋਲਿਆ।
“ਇਹ ਨਾਵਲ ਕਿਹੜਾ ਦਰਖਤਾਂ ਨੂੰ ਲਗਦੇ ਨੇ। ਇਹਦਾ ਮਤਲਬ ਤੁਸੀਂ ਪੈਸੇ ਨਹੀਂ ਦਿਓਗੇ?” ਮੈਂ ਕਿਹਾ।
“ਨਹੀਂ, ਬਿਲਕੁਲ ਨਹੀਂ।” ਉਹ ਬੋਲਿਆ।
ਗੁੱਸੇ ਨਾਲ਼ ਭਰਿਆ ਪੀਤਾ ਮੈਂ ਸਕੂਟਰ ਚੁੱਕਣ ਲੱਗਾ ਤਾਂ ਦੇਖਿਆ ਕਿ ਤਿੰਨ ਆਂਡੇ ਟੁੱਟੇ ਹੋਏ ਸਨ। ਮੈਂ ਸਕੂਟਰ ਮੁੜ ਸਟੈਂਡ ’ਤੇ ਲਾ ਦਿੱਤਾ। ਉਸ ਕੋਲ ਜਾ ਕੇ ਕਿਹਾ, “ਤਿੰਨ ਆਂਡੇ ਟੁੱਟੇ ਹੋਏ ਨੇ। ਨੌਕਰ ਨੂੰ ਕਹੋ ਕਿ ਬਦਲ ਦੇਵੇ।”
ਉਸ ਨੇ ਨੌਕਰ ਨੂੰ ਬੁਲਾਇਆ ਕਿ ਦੇਖੇ ਜੇ ਆਂਡੇ ਟੁੱਟੇ ਹੋਏ ਨੇ। ਨੌਕਰ ਬਿਨਾਂ ਦੇਖੇ ਬੋਲਿਆ, “ਮੈਨੇ ਇਕੱਲਾ ਇਕੱਲਾ ਦੇਖ ਕੇ ਡਾਲਾ ਹੈ ਸਰਦਾਰ ਸਾਹਬ। ਕੋਈ ਟੂਟਾ ਹੂਆ ਨਹੀਂ ਥਾ।”
ਉਹ ਬੋਲਿਆ, “ਮੇਰਾ ਨੌਕਰ ਝੂਠ ਨਹੀਂ ਬੋਲ ਸਕਦਾ ਜੀ। ਜਦੋਂ ਤੁਸੀਂ ਸਕੂਟਰ ਸਟੈਂਡ ਤੋਂ ਲਾਹਿਆ ਤਾਂ ਆਂਡੇ ਟੁੱਟ ਗਏ॥. ਉਹ ਤੁਹਾਡੇ ਕੋਲ ਆ ਕੇ ਟੁੱਟੇ ਨੇ। ਅਸੀਂ ਕਿਵੇਂ ਵਾਪਸ ਲੈ ਲਈਏ?”
“ਤੁਹਾਨੂੰ ਨੌਕਰ ’ਤੇ ਤਾਂ ਵਿਸ਼ਵਾਸ ਹੋ ਗਿਆ, ਮੇਰੇ ’ਤੇ ਨਹੀਂ। ਉਹ ਨਾਵਲ ਵੀ ਤੁਹਾਡੇ ਕੋਲ਼ ਆਕੇ ਖੋਇਆ ਸੀ ਭਾਈ ਸਾਹਿਬ।” ਮੈਂ ਕਿਹਾ।
“ਤੁਸੀਂ ਨਾਵਲ ਨੂੰ ਆਂਡਿਆਂ ਨਾਲ਼ ਮਿਲਾਈ ਜਾਂਦੇ ਹੋ। ਮੈਂ ਹੈਰਾਨ ਹਾਂ। ਗਲਤ ਗੱਲਾਂ ਨ੍ਹੀ ਕਰੀਦੀਆਂ ਸਰਦਾਰ ਸਾਹਬ।” ਉਹ ਉੱਠ ਕੇ ਅੰਦਰ ਵੱਲ ਚਲਾ ਗਿਆ।
*****
(346)
ਤੁਸੀਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)