Sukirat7ਆਪਣੇ ਸਖਤ ਕਾਹਲੇ ਸੁਭਾਅ ਦੇ ਬਾਵਜੂਦ ਭਾਪਾ ਜੀ ਕਿਸੇ ਨੂੰ ਨਾਰਾਜ਼ ਕਰ ਕੇ ਰਾਜ਼ੀ ਨਹੀਂ ਸਨ ...

(ਜੂਨ 25, 2016)


 ਜਗਜੀਤ  ਸਿੰਘ  ਆਨੰਦ

JagjitSAnand2

(28 ਦਸੰਬਰ 1921  -  19 ਜੂਨ 2015)


ਮੇਰੇ ਸਾਹਮਣੇ ਤਕਰੀਬਨ
50 ਸਾਲ ਪੁਰਾਣਾ ਤਸਵੀਰੀ ਪੋਸਟ-ਕਾਰਡ ਪਿਆ ਹੋਇਆ ਹੈ। ਇਸਦੇ ਤਸਵੀਰ ਵਾਲੇ ਪਾਸੇ ਸ਼ੇਕਸਪੀਅਰ ਦੇ ਸ਼ਹਿਰ ਸਟ੍ਰੈਟਫੋਰਡ-ਅਪੌਨ-ਏਵੌਨ ਦੀਆਂ ਚਾਰ ਝਾਕੀਆਂ ਹਨ। ਲਿਖਤ ਵਾਲੇ ਪਾਸੇ, ਕਾਰਡ ਦੇ ਖੱਬੇ ਅੱਧ ਉੱਤੇ, ਹੁਣ ਕੁਝ ਮੱਧਮ ਪੈ ਗਈ ਹੋਈ ਸਿਆਹੀ ਨਾਲ ਲਿਖੀ ਖੁਸ਼ਖਤ ਇਬਾਰਤ ਇਉਂ ਹੈ:

ਸੁਕੀਰਤ ਪੁੱਤਰ,

ਤੂੰ ਆਪਣੇ ਸਾਲਾਂ ਨਾਲੋਂ ਕਿਤੇ ਸਿਆਣਾ ਏਂ, ਤੇ ਇਸਦਾ ਮੈਨੂੰ ਮਾਣ ਕਿੰਨਾ ਵੱਡਾ ਹੈ, ਤੂੰ ਜਾਣਦਾ ਏਂ।

ਪਰ, ਪੁੱਤਰ, ਕਦੇ ਕਦੇ ਤੂੰ ਬੜਾ ਮੂੰਹ-ਜ਼ੋਰ ਤੇ ਜ਼ਿੱਦੀ ਲਗਦਾ ਏਂ ਤੇ ਤੇਰੇ ਵਿਚ ਜਿੱਥੇ ਸਿਆਣਪ ਲੱਭਦੀ ਏ ਉੱਥੇ ਪਰਸੁਆਰਥ ਦੀ ਘਾਟ ਵੀ।

ਤੂੰ ਹੋਰ ਨਿਸ਼ਕਾਮ ਤੇ ਨਿਰਮਲ ਹੋਵੇਂ, ਦੁਨੀਆ ਦੇ ਦਰਦ ਵੰਡਾਣ ਵਾਲਾ, ਤੇ ਵੱਡਿਆਂ ਦਾ ਆਦਰ ਕਰਨ ਵਾਲਾ, ਇਹੋ ਮੇਰੀ ਲੋਚ ਹੈ!

ਤੇਰਾ ਪਿਤਾ,

ਜਗਜੀਤ ਆਨੰਦ

2/2/68

ਕਾਰਡ ਦੇ ਬਚੇ ਅੱਧ ਵਿਚ, ਭਾਪਾ ਜੀ ਦੇ ਹੱਥਾਂ ਨਾਲ ਅੰਗਰੇਜ਼ੀ ਵਿਚ ਮੇਰਾ ਨਾਂਅ ਲਿਖਿਆ ਹੋਇਆ ਹੈ। ਤੇ ਇਸਦੇ ਐਨ ਉੱਪਰ, ਮੇਰੀ, ਉਸ ਸਮੇਂ ਦੀ, ਕੁਝ ਗੋਲਾਈ ਵਾਲੀ ਅੱਧਪੱਕੀ ਲਿਖਾਈ ਵਿਚ ਅੰਗਰੇਜ਼ੀ ਵਿਚ Worst Card (ਸਭ ਤੋਂ ਭੈੜਾ ਕਾਰਡ) ਦਰਜ ਹੈ। ਫਰਵਰੀ 1968 ਵਿਚ ਭਾਪਾ ਜੀ ਦੀ ਉਮਰ 47 ਸਾਲ ਤੋਂ ਵੀ ਘੱਟ ਸੀ, ਮੇਰੀ 12 ਤੋਂ। ਤੇ ਅੱਜ, ਜਦੋਂ ਮੇਰੀ ਉਮਰ ਸਾਡੀ ਦੋਹਾਂ ਦੀ ਉਸ ਸਮੇਂ ਦੀ ਰਲਵੀਂ ਉਮਰ ਨੂੰ ਵੀ ਪਾਰ ਕਰ ਚੁੱਕੀ ਹੈ, ਭਾਪਾ ਜੀ ਜਾ ਚੁੱਕੇ ਹਨ, ਪੁਰਾਣੇ ਸਾਂਭੇ ਕਾਗਜ਼ਾਂ ਵਿੱਚੋਂ ਮੈਨੂੰ ਇਹ ਕਾਰਡ ਲੱਭ ਪਿਆ ਹੈ। ਮੇਰੇ ਚੇਤੇ ਵਿੱਚੋਂ ਇਸ ਕਾਰਡ ਦੀ ਹੋਂਦ ਕਦੋਂ ਦੀ ਖਾਰਜ ਹੈ, ਪਰ ਹੁਣ ਦਿਸ ਪੈਣ ਉੱਤੇ ਮੈਂ ਇਸ ਕਾਰਡ ਨੂੰ ਵਾਰ-ਵਾਰ ਗਹੁ ਨਾਲ ਪੜ੍ਹਿਆ ਹੈ। ਪਿਉ-ਪੁੱਤਰ ਦੇ ਰਿਸ਼ਤੇ ਦੀ ਸਭ ਤੋਂ ਪੁਰਾਣੀ ਲਿਖਤੀ ਗਵਾਹੀ: ਹੋ ਸਕਦਾ ਹੈ ਇਸ ਤੋਂ ਪਹਿਲਾਂ ਵੀ ਉਨ੍ਹਾਂ ਸ਼ਾਇਦ ਕਦੇ ਮੈਨੂੰ ਕੁਝ ਲਿਖ ਭੇਜਿਆ ਹੋਵੇ ਪਰ ਮੇਰੇ ਕੋਲ ਸਾਂਭਿਆ ਨਹੀਂ ਪਿਆ।

ਹੁਣ, ਤਕਰੀਬਨ ਛੇ ਦਹਾਕੇ ਹੰਢਾ ਚੁੱਕਿਆ ਮੇਰਾ ਮਨ ਆਪਣੇ ਪਿਤਾ ਵੱਲੋਂ ਪਾਈ ਇਸ ਪਹਿਲੀ ਪਾਤੀ ਨੂੰ ਪੜਚੋਲਦਾ ਹੈ।

12 ਸਾਲ ਦੇ ਪੁੱਤਰ ਨੂੰ ਭਾਪਾ ਜੀ ਨੇ ਇੰਗਲੈਂਡ ਤੋਂ ਇਹ ਕਿਹੋ ਜਿਹਾ ਸੁਨੇਹਾ ਭੇਜਿਆ ਸੀ? ਸ਼ੇਕਸਪੀਅਰ ਦੇ ਸ਼ਹਿਰ ਜਾਂ ਸ਼ੇਕਸਪੀਅਰ ਬਾਰੇ ਕੁਝ ਸੁਆਦਲਾ ਦੱਸਣ ਦੀ ਥਾਂ ਇਸ ਕਾਰਡ ਵਿਚ ਕੁਝ ਮਾਣ, ਤੇ ਕੁਝ ਨਿਰਾਸਤਾ ਛਾਏ ਲੱਭਦੇ ਹਨ। ਸ਼ਾਇਦ ਇਸੇ ਲਈ ਮੇਰੇ ਬਾਲ-ਮਨ ਨੇ ਇਸ ਕਾਰਡ ਨੂੰ ਨਕਾਰਦਿਆਂ ਇਸ ਉੱਤੇ Worst Card ਲਿਖ ਛੱਡਿਆ। ਉਂਜ ਵੀ ਇਸ ਕਾਰਡ ਦੀ ਸ਼ਬਦ-ਚੋਣ 12 ਸਾਲ ਦੇ ਬੱਚੇ ਵਲ ਮੁਖਾਤਬ ਹੋਣ ਲਈ ਬੋਝਲ ਜਾਪਦੀ ਹੈ। ਕਿਹੋ ਜਿਹੀਆਂ ਆਸਾਂ ਸਨ ਭਾਪਾ ਜੀ ਨੂੰ ਆਪਣੇ ਪੁੱਤਰ ਕੋਲੋਂ? ਕਿਹੋ ਜਿਹੀ ਨਸੀਹਤ ਦੇ ਰਹੇ ਸਨ ਉਹ ਇਸ ਕਾਰਡ ਰਾਹੀਂ? ਕਿਹੋ ਜਿਹੀ ਲੋਚ ਵਿਚ ਉਹ ਖੁੱਭੇ ਹੋਏ ਸਨ?

ਤੇ ਆਪਣੇ ਪਿਓ ਕੋਲੋਂ ਕਿਹੋ ਜਿਹੇ ਕਾਰਡ ਦੇ ਆਉਣ ਦੀ ਆਸ ਸੀ ਉਸ ਸਮੇਂ ਬਾਰਾਂ ਵਰ੍ਹਿਆਂ ਤੋਂ ਵੀ ਘੱਟ ਉਮਰ ਦੇ ਪੁੱਤਰ ਨੂੰ, ਕਿ ਉਸਨੇ ਪਿਓ ਦੇ ਵਿਲਾਇਤ ਤੋਂ ਭੇਜੇ ਇਸ ਕਾਰਡ ਨੂੰ ਨਕਾਰ ਵੀ ਦਿੱਤਾ ਤੇ ਸਾਂਭ ਵੀ ਛੱਡਿਆ?

ਅੱਜ ਦੇਖਦਾ ਹਾਂ ਤਾਂ ਭਾਪਾ ਜੀ ਨਾਲ ਮੇਰੇ ਰਿਸ਼ਤੇ ਵਿਚਲੀ ਹਰ ਵਿਰੋਧਤਾਈ, ਸਾਡੀਆਂ ਸ਼ਖਸੀਅਤਾਂ ਵਿਚਲੇ ਸਾਰੇ ਵਖਰੇਵਿਆਂ, ਅਤੇ ਸਾਡੇ ਦੁਵੱਲੇ ਪੀਡੇ ਪਰ ਅਛੋਪਲੇ ਨਿੱਘ ਦੀਆਂ ਤੰਦਾਂ; ਇਹ ਕਾਰਡ ਇਨ੍ਹਾਂ ਸਭ ਗੱਲਾਂ ਵਲ ਇਸ਼ਾਰਾ ਕਰਦਾ ਜਾਪਦਾ ਹੈ। ਸਾਡਾ ਪਿਓ-ਪੁੱਤਰ ਦਾ ਰਿਸ਼ਤਾ ਹੋਰ ਜਿਹੋ ਜਿਹਾ ਮਰਜ਼ੀ ਰਿਹਾ ਹੋਵੇ, ਨਾ ਕਦੇ ਸਾਵਾਂ ਪੱਧਰਾ ਸੀ, ਤੇ ਨਾ ਹੀ ਰਵਾਇਤੀ।

ਮੇਰਾ ਚੇਤਾ ਕਿਸੇ ਉਸ ਚਿੱਤਰਕਾਰ ਦੀਆਂ ਫੈਲਵੀਆਂ ਬੁਰਸ਼ ਛੋਹਾਂ ਵਰਗਾ ਹੈ ਜੋ ਸਮੁੱਚੇ ਦ੍ਰਿਸ਼ ਨੂੰ ਤਾਂ ਰੂਪਮਾਨ ਕਰ ਸਕਦੀਆਂ ਹਨ, ਪਰ ਬਾਰੀਕਬੀਨੀ ਨਾਲ ਉਸਨੂੰ ਸਿਰਜ ਸਕਣ ਤੋਂ ਅਸਮਰੱਥ ਹੁੰਦੀਆਂ ਹਨ। ਮੈਨੂੰ ਘਟਨਾਵਾਂ ਦੇ ਵੇਰਵੇ ਯਾਦ ਨਹੀਂ ਰਹਿੰਦੇ, ਵੇਲੇ ਦਾ ਸਮੁੱਚਾ ਪਰਭਾਵ ਹੀ ਚੇਤੇ ਰਹਿੰਦਾ ਹੈ। ਸੋ, ਜੇ ਬਹੁਤ ਪਿੱਛੇ ਵਲ ਜਾਵਾਂ ਤਾਂ ਬਸ ਇੰਨਾ ਕੁ ਹੀ ਯਾਦ ਕਰ ਸਕਦਾ ਹਾਂ ਕਿ ਸ਼ੁਰੂ ਤੋਂ ਹੀ ਜਜ਼ਬਾਤੀ ਤੌਰ ’ਤੇ ਮੈਂ ਭਾਪਾ ਜੀ ਦੇ ਨੇੜੇ ਨਹੀਂ ਸਾਂ। ਜਾਂ, ਸ਼ਾਇਦ ਇਹ ਕਹਿਣਾ ਵਧੇਰੇ ਸਹੀ ਹੋਵੇ ਕਿ ਜਿਹੋ ਜਿਹੀ ਜਜ਼ਬਾਤੀ ਸਾਂਝ ਮੇਰੀ ਆਪਣੀ ਮਾਂ ਨਾਲ ਸੀ, ਭਾਪਾ ਜੀ ਨਾਲ ਕਦੇ ਵੀ ਨਹੀਂ ਸੀ। ਪਰਿਵਾਰ ਵਿਚ ਵੀ ਇਹੋ ਕਿਹਾ ਜਾਂਦਾ ਸੀ ਕਿ ਕਾਕਾ (ਮੈਂ) ਮਾਂ ਦਾ ਲੇਲਾ ਹੈ ਅਤੇ ਜਗਜੀਤ ਜੀ ਦੀ ਜਾਨ ਬੇਬੀ (ਮੇਰੀ ਭੈਣ) ਵਿਚ ਅਟਕੀ ਰਹਿੰਦੀ ਹੈ। ਹੁਣ ਮੈਨੂੰ ਕਿਸੇ ਕਿਸਮ ਦਾ ਕੋਈ ਵੇਰਵਾ, ਜਾਂ ਅਜਿਹੀ ਕੋਈ ਘਟਨਾ ਚੇਤੇ ਨਹੀਂ ਕਿ ਮੇਰੇ ਨਾਲ ਕੋਈ ਵਿਤਕਰਾ ਹੋਇਆ ਹੋਵੇ, ਪਰ ਮੋਟੀ ਮੋਟੀ ਯਾਦ ਕੁਝ ਇਹੋ ਜਿਹੀ ਹੀ ਹੈ ਕਿ ਸਾਰੇ ਲਾਡ ਮੈਨੂੰ ਮਾਂ ਨੇ ਹੀ ਲਡਾਏ, ਭਾਪਾ ਜੀ ਨੇ ਨਹੀਂ। ਕੁਝ ਕੁਝ ਮਨ ਅੰਦਰ ਪਲਣ ਵਾਲੇ ਇਹੋ ਜਿਹੇ ਰੋਸੇ ਦੀ ਵੀ ਯਾਦ ਹੈ ਕਿ ਬੇਬੀ ਨੂੰ ਵੱਡੀ ਤੋਂ ਵੱਡੀ ਮੂਰਖਤਾ ਵੀ ਮੁਆਫ਼ ਹੁੰਦੀ ਸੀ, ਮੇਰੇ ਕੋਲੋਂ ਹਰ ਵੇਲੇ ਸਿਆਣਪ ਦੀ ਹੀ ਆਸ ਰੱਖੀ ਜਾਂਦੀ ਸੀ। ਮੇਰਾ ਨਹੀਂ ਖਿਆਲ ਕਿ ਭਾਪਾ ਜੀ ਨੇ ਬੇਬੀ ਨੂੰ ਕਦੇ ਵੀ ਇਸ ਸੁਰ ਵਾਲਾ ਖਤ ਲਿਖਿਆ ਹੋਵੇ ਜਿਸਦੀ ਮਿਸਾਲ ਉੱਪਰ ਉਕਤ ਕਾਰਡ ਦੀਆਂ ਸਤਰਾਂ ਹਨ। ਮਾਂਵਾਂ ਦਾ ਪੁੱਤਰਾਂ ਨਾਲ, ਤੇ ਪਿਓਆਂ ਦਾ ਧੀਆਂ ਨਾਲ ਬੇਮੇਚਾ ਮੋਹ ਸ਼ਾਇਦ ਹਰ ਘਰ ਦੀ ਕਹਾਣੀ ਹੋਵੇ, ਪਰ ਬਚਪਨ ਵਿਚ ਇਹ ਅਹਿਸਾਸ ਮੈਨੂੰ ਕਦੇ ਕਦੇ ਔਖਿਆਂ ਜ਼ਰੂਰ ਕਰਦਾ ਸੀ।

ਸੁਭਾਅ ਦੇ ਪੱਖੋਂ ਵੀ ਮੈਂ ਪ੍ਰੀਤਨਗਰੀਆਸਾਂ ਅੰਮੀ ਦੀ ਖ਼ਬਤੀ ਸਫ਼ਾਈਪਸੰਦੀ, ਵਕਤ-ਬੇਵਕਤ ਤੁਰੇ ਰਹਿਣ ਵਾਲੇ ਪ੍ਰਾਹੁਣਿਆਂ ਪ੍ਰਤੀ ਉਪਰਾਮਤਾ, ਰਸੋਈ ਦੇ ਕੰਮਾਂ ਤੋਂ ਕਤਰਾਉਣਾ; ਭਾਪਾ ਜੀ ਲਈ ਇਹ ਸਭ ਪ੍ਰੀਤਨਗਰੀਆਅਲਾਮਤਾਂ ਸਨ। ਰਸੋਈ ਦੇ ਕੰਮਾਂ ਨੂੰ ਖਲਜਗਣ ਸਮਝਣ ਵਾਲੀ ਬਿਰਤੀ ਤਾਂ ਮੇਰੇ ਵਿਚ ਨਹੀਂ ਆਈ, ਪਰ ਬਾਕੀ ਦੋਹਾਂ ਗੱਲਾਂ ਵਿਚ ਮੈਂ ਮਾਂ ਵਰਗਾ ਹੀ ਸਾਂ। ਨਾ ਮੈਨੂੰ ਭਾਪਾ ਜੀ ਦੀ ਖਿਲਾਰਾ ਪਾਈ ਰੱਖਣ ਵਾਲੀ ਆਦਤ ਪਸੰਦ ਸੀ, ਤੇ ਨਾ ਹੀ ਹਰ ਜਣੇ-ਖਣੇ ਨਾਲ ਬਹਿ ਕੇ ਵਕਤ ਜ਼ਾਇਆਕਰਦੇ ਰਹਿਣ ਦੀ। ਉਹ ਸੁਭਾ ਦੇ ਖੁੱਲ੍ਹੇ-ਡੁੱਲ੍ਹੇ ਸਨ, ਅਤੇ ਹਰ ਕਿਸਮ ਦੇ ਆਪਣੇ ਹਜ਼ਾਰਾਂ ਰੁਝੇਵਿਆਂ ਦੇ ਬਾਵਜੂਦ ਆਏ-ਗਏ ਲਈ ਸਮਾਂ ਕੱਢ ਲੈਂਦੇ ਸਨ। ਇਸ ਤੋਂ ਉਲਟ, ਮੈਂ ਛੇਤੀ ਕੀਤੇ ਨਾ ਤਾਂ ਕਿਸੇ ਨਾਲ ਭਿੱਜਦਾ ਹਾਂ ਤੇ ਨਾ ਹੀ ਹਰ ਕਿਸੇ ਨਾਲ ਬਹਿ ਕੇ ਗੱਪ-ਸ਼ੱਪ ਕਰ ਸਕਦਾ ਹਾਂ। ਸਗੋਂ ਮੇਰੀ ਉਪਰਾਮਤਾ ਤਾਂ ਮੇਰੇ ਮੂੰਹ ਤੋਂ ਹੀ ਝਲਕਣ ਲੱਗ ਪੈਂਦੀ ਹੈ। ਜੇ ਮੈਨੂੰ ਭਾਪਾ ਜੀ ਦਾ ਇੰਜ ਵਕਤ ਜ਼ਾਇਆ ਕਰਨਾ ਪਸੰਦ ਨਹੀਂ ਸੀ ਤਾਂ ਉਨ੍ਹਾਂ ਨੂੰ ਵੀ ਮੇਰੀ ਇੰਨਾ ਸਵੈ-ਡੁੱਬੇ ਰਹਿਣ ਦੀ ਵਾਦੀ ਪਸੰਦ ਨਹੀਂ ਸੀ। ਜਿੰਨੇ ਉਹ ਸੁਭਾ ਪੱਖੋਂ ਲੋਕ-ਪ੍ਰੇਮੀ ਸਨ, ਉੰਨਾ ਹੀ ਮੈਂ ਸਵੈ-ਕੇਂਦਰਤ ਸਾਂ।

ਪਰ ਦੋ ਗੱਲਾਂ ਮੈਂ ਉਨ੍ਹਾਂ ਕੋਲੋਂ ਜ਼ਰੂਰ ਇੰਨ-ਬਿੰਨ ਵਿਰਸੇ ਵਿਚ ਲਈਆਂ। ਪਹਾੜਾਂ ਪ੍ਰਤੀ ਪ੍ਰੇਮ, ਅਤੇ ਬੇਲਗਾਮ ਗੁੱਸਾ।

ਜਦੋਂ ਅਸੀਂ ਵੱਡੇ ਹੋ ਰਹੇ ਸਾਂ, ਘਰ ਵਿਚ ਜੇ ਤੰਗੀ ਨਹੀਂ ਸੀ, ਤਾਂ ਖੁਸ਼ਹਾਲੀ ਵੀ ਨਹੀਂ ਸੀ। ਪਰ ਫੇਰ ਵੀ ਹਰ ਗਰਮੀਆਂ ਵਿਚ ਕਿਸੇ ਨਾ ਕਿਸੇ ਕਿਸੇ ਪਹਾੜ ਜਾ ਕੇ ਕਿਆਮ ਕਰਨ ਦਾ ਵਸੀਲਾ ਅਤੇ ਸਬੀਲ ਭਾਪਾ ਜੀ ਬਣਾ ਹੀ ਲੈਂਦੇ ਸਨ। ਇਨ੍ਹਾਂ ਦਿਨਾਂ ਵਿਚ ਸਾਰਾ ਪਰਿਵਾਰ ਸੱਚਮੁੱਚ ਇਕੱਠਾ ਹੁੰਦਾ ਸੀ: ਨਾ ਕੋਈ ਜਲਸਾ, ਨਾ ਭੁੱਖ-ਹੜਤਾਲ, ਨਾ ਕੋਈ ਸਾਡੇ ਕੋਲ ਆ ਵੜਨ ਵਾਲਾ ਪ੍ਰਾਹੁਣਾ, ਨਾ ਕਿਤੇ ਫ਼ੌਰੀ ਪਹੁੰਚਣ ਲਈ ਕਿਸੇ ਦਾ ਸੱਦਾ। ਡਲਹੌਜ਼ੀ, ਕਸ਼ਮੀਰ, ਕਸੌਲੀ, ਸ਼ਿਮਲਾ, ਕੁੱਲੂ, ਮਨਾਲੀ: ਪੰਜਾਬ ਦੇ ਨੇੜਲੇ ਸਾਰੇ ਪਹਾੜੀ ਥਾਂ ਅਸੀਂ ਕਈ ਕਈ ਵੇਰ ਗਾਹੇ। ਕਿਆਮ ਕਦੇ ਸਸਤੇ ਹੋਟਲਾਂ, ਕਿਸੇ ਸਥਾਨਕ ਸਾਥੀ ਦੇ ਘਰ, ਕਿਸੇ ਡਾਕ ਬੰਗਲੇ ਜਾਂ ਕਦੇ ਕਦਾਈਂ ਗੁਰਦੁਆਰਿਆਂ ਵਿਚ ਵੀ ਹੁੰਦਾ ਰਿਹਾ। ਪਰ ਹਰ ਸਾਲ ਗਰਮੀਆਂ ਦੀ ਰੁੱਤੇ ਕਿਸੇ ਨਾ ਕਿਸੇ ਪਹਾੜ ਜਾਣ ਦਾ ਨੇਮ ਜ਼ਰੂਰ ਸੀ। ਇਸ ਦਾ ਕਾਰਨ ਸ਼ਾਇਦ ਭਾਪਾ ਜੀ ਦੀਆਂ ਆਪਣੇ ਬਚਪਨ ਨਾਲ ਜੁੜੀਆਂ ਯਾਦਾਂ ਸਨ। ਉਨ੍ਹਾਂ ਦੇ ਦਾਦਾ ਸ. ਪ੍ਰਤਾਪ ਸਿੰਘ ਰਾਵਲਪਿੰਡੀ ਤੋਂ ਸਨ ਅਤੇ ਕੋਹਮਰੀ ਵਿਚ ਬਜਾਜ਼ੀ ਦਾ ਕੰਮ ਕਰਦੇ ਸਨ। ਸੋ, ਆਪਣੇ ਪਿਤਾ ਨਾਲ ਉਹ ਬਾਲ ਵਰੇਸੇ ਹਰ ਸਾਲ ਮਰੀ ਦੇ ਪਹਾੜਾਂ ’ਤੇ ਜਾਂਦੇ ਰਹੇ।

ਸ਼ਾਇਦ ਬਚਪਨ ਤੋਂ ਲੱਗੀ ਇਹ ਚੇਟਕ ਭਾਪਾ ਜੀ ਨੂੰ ਵਾਰ-ਵਾਰ ਪਹਾੜਾਂ ਵੱਲ ਖਿੱਚਦੀ ਸੀ। ਪਹਾੜ ’ਤੇ ਪਹੁੰਚ ਕੇ ਉਹ ਕਦੇ ਵੀ ਸਿੱਧੇ ਪਹੇ ਪਗਡੰਡੀਆਂ ਨਹੀਂ ਸਨ ਚੁਣਦੇ; ਹਮੇਸ਼ਾ ਔਝੜੇ ਰਾਹ ਲੱਭਦੇ ਜਾਂ ਸਿੱਧੀਆਂ ਚੜ੍ਹਾਈਆਂ ਚੜ੍ਹਦੇ। ਪਹਾੜਾਂ ਪ੍ਰਤੀ ਇਹ ਮੋਹ ਉਨ੍ਹਾਂ ਤੋਂ ਤੁਰਦਾ ਤੁਰਦਾ ਹੁਣ ਦੋਹਤੇ-ਦੋਹਤੀ ਤਕ ਵੀ ਆਣ ਪੁੱਜਾ ਹੈ। ਇਨ੍ਹਾਂ ਪਹਾੜੀ ਕਿਆਮਾਂ ਦੇ ਦੌਰਾਨ ਉਨ੍ਹਾਂ ਨੇ ਕਈ ਨਾਵਲ ਉਲਥਾਏ। ਆਪਣੀ ਹੋਸ਼ ਵਿਚ ਮੈਂ ਉਨ੍ਹਾਂ ਨੂੰ ਹਮੇਸ਼ਾ ਲਿਖਵਾਉਂਦਿਆਂ ਹੀ ਦੇਖਿਆ। ਉਹ ਪੜ੍ਹ ਪੜ੍ਹ ਕੇ ਬੋਲੀ ਜਾਂਦੇ ਸਨ, ਨਾਲ ਬੈਠਾ ਕੋਈ ਜਣਾ ਲਿਖੀ ਜਾਂਦਾ ਸੀ। ਇਹ ਕੰਮ ਉਨ੍ਹਾਂ ਲਈ ਅੰਮੀ ਨਹੀਂ ਸਨ ਕਰ ਸਕਦੇ। ਉਨ੍ਹਾਂ ਦੀ ਲਿਖਾਈ ਦੇਖਣ ਨੂੰ ਸੁਹਣੀ, ਪਰ ਪੜ੍ਹਨ ਨੂੰ ਚੀੜ੍ਹੀ ਸੀ। ਹਰ ਕਿਸੇ ਕੋਲੋਂ ਪੜ੍ਹੀ ਵੀ ਨਹੀਂ ਸੀ ਜਾਂਦੀ 1968-69 ਤਕ ਮੇਰੀ ਪੰਜਾਬੀ ਲਿਖਣ ਦੀ ਸਮਰੱਥਾ ਏਨੀ ਕੁ ਹੋ ਗਈ ਸੀ ਕਿ ਮੈਂ ਸ਼ਬਦ-ਜੋੜਾਂ ਦੀਆਂ ਗਲਤੀਆਂ ਨਹੀਂ ਸਾਂ ਕਰਦਾ। ਉਨ੍ਹਾਂ ਸਾਲਾਂ ਵਿਚ ਗਰਮੀਆਂ ਵਿਚ ਮਨਾਲੀ ਵਿਚ ਕਿਆਮ ਦੌਰਾਨ ਧਰਤੀ ਦਾ ਜਾਇਆ’ (ਜਰਮਨ ਨਾਵਲ ਓਲੇ ਬੀਨਕੌਪਦਾ ਪੰਜਾਬੀ ਉਲਥਾ) ਦਾ ਇਕ ਵੱਡਾ ਹਿੱਸਾ ਉਨ੍ਹਾਂ ਮੈਨੂੰ ਹੀ ਲਿਖਵਾਇਆ। ਉਹ ਪੜ੍ਹ ਪੜ੍ਹ ਕੇ ਪਰਲ ਪਰਲ ਬੋਲੀ ਜਾਂਦੇ ਸਨ, ਮੈਨੂੰ ਵਾਰ ਵਾਰ ਹੌਲੀ ਲਿਖਵਾਉਣ ਲਈ ਕਹਿਣਾ ਪੈਂਦਾ ਸੀ। ਅੱਖ ਦੇ ਫੋਰ ਵਿਚ ਟੈਕਸਟ ਨੂੰ ਸਮਝ ਕੇ ਉਸਨੂੰ ਪੰਜਾਬੀ ਵਿਚ ਢਾਲੀ ਜਾਣ ਦਾ ਉਨ੍ਹਾਂ ਦਾ ਇਹ ਹੁਨਰ ਕੇਡਾ ਅਨੋਖਾ ਸੀ, ਇਸ ਗੱਲ ਦੀ ਸੋਝੀ ਅਤੇ ਕਦਰ ਮੈਨੂੰ ਬਹੁਤ ਪਿੱਛੋਂ ਹੋਈ, ਉਦੋਂ ਜਦੋਂ ਮੈਂ ਆਪ ਅਨੁਵਾਦਾਂ ਨਾਲ ਘੁਲਣਾ ਸ਼ੁਰੂ ਕੀਤਾ। ਇਸ ਅਭਿਆਸ ਦੇ ਦੌਰਾਨ ਉਨ੍ਹਾਂ ਕੋਲੋਂ ਮੈਂ ਸਿੱਖਿਆ ਜ਼ਰੂਰ, ਪਰ ਉਨ੍ਹਾਂ ਦੇ ਉਸ ਹੁਨਰ ਦਾ ਦਸਵਾਂ ਹਿੱਸਾ ਵੀ ਮੇਰੇ ਹਿੱਸੇ ਨਹੀਂ ਆਇਆ।

ਪਰ ਗੁੱਸਾ ... ਉਹ ਮੈਂ ਉਨ੍ਹਾਂ ਕੋਲੋਂ ਸਾਰੇ ਦਾ ਸਾਰਾ ਹੀ ਵਿਰਸੇ ਵਿਚ ਲੈ ਲਿਆ। ਉਨ੍ਹਾਂ ਦੀ (ਅਤੇ ਹੁਣ ਮੇਰੀ ਵੀ) ਬਣਤਰ ਦੇ ਸਭ ਤੋਂ ਨਾਂਹਦਰੂ ਪਹਿਲੂਆਂ ਵਿੱਚੋਂ ਪਰਮੁੱਖ। ਜਾਇਜ਼, ਤੇ ਕਦੀ ਕਦੀ ਨਾਜਾਇਜ਼ ਵੀ, ਕਾਰਨਾਂ ਤੋਂ ਆਪਿਓਂ ਬਾਹਰ ਕਰਨ ਵਾਲਾ ਗੁੱਸਾ ਜੋ ਛੇਤੀ ਹੀ ਲਹਿ ਵੀ ਜਾਂਦਾ ਹੈ, ਤੇ ਫੇਰ ਨਮੋਸ਼ੀ ਦਾ ਬਾਇਸ ਬਣਦਾ ਹੈ। ਆਪੇ ਹੀ ਝੁਰਨਾ ਪੈਂਦਾ ਹੈ ਕਿ ਕਾਹਨੂੰ ਕਰਨਾ ਸੀ ਇੰਨਾ ਗੁੱਸਾ! ਮੇਰੇ ਬੇਲਗਾਮ ਗੁੱਸੇ ਬਾਰੇ ਮੇਰੀ ਮਾਂ ਨੂੰ ਲਿਖੇ ਇਕ ਖਤ ਵਿਚ ਮੈਨੂੰ ਉਨ੍ਹਾਂ ਦੀਆਂ ਇਹ ਸਤਰਾਂ ਲੱਭੀਆਂ: “ਕਾਕੇ ਦੀ ਉਮਰੇ ਉਸਨੂੰ ਏਨੀ ਉਲਾਰ ਕੌੜ ਦਾ ਦੌਰਾ ਪੈਣਾ ਡਰਾਉਂਦਾ ਹੈ, ਪਰ ਕਸੂਰ ਉਸਦਾ ਨਹੀਂ, ਉਸ ਕੋਈ ਮਾੜੀਆਂ ਗੱਲਾਂ ਮੇਰੀਆਂ ਵੀ ਤਾਂ ਵਿਰਸੇ ਵਿਚ ਲੈਣੀਆਂ ਸਨ ਹੀ!

ਸੁਭਾ ਵਿਚਲੀ ਇਸ ਮਾੜੀ ਸਾਂਝ ਦਾ ਪਰਛਾਵਾਂ ਸਾਰੀ ਉਮਰ ਸਾਡੀਆਂ ਮਿਲਣੀਆਂ ਤੇ ਪੈਂਦਾ ਰਿਹਾ। ਇਕ ਦੂਜੇ ਨਾਲ ਖਹਿਬੜ ਕੇ ਬਿਨ ਮਤਲਬ ਉਲਝ ਜਾਂਦੇ ਸਾਂ ਤੇ ਫੇਰ ਇਕ ਕਸੈਲਾਪਣ ਫ਼ਿਜ਼ਾ ਵਿਚ ਘੁਲ਼ ਜਾਂਦਾ ਸੀ। ਬਚਪਨ ਅਤੇ ਚੜ੍ਹਦੀ ਜਵਾਨੀ ਵੇਲੇ ਮੇਰੇ ਰੋਸੇ ਦਾ ਕਾਰਨ ਅਮੂਮਨ ਮੇਰੇ ਉੱਤੇ ਇਸ ਅਹਿਸਾਸ ਦਾ ਹਾਵੀ ਰਹਿਣਾ ਸੀ ਕਿ ਭਾਪਾ ਜੀ ਹੋਰ ਲੋਕਾਂ ਅਤੇ ਕੰਮਾਂ ਵਲ ਤਾਂ ਧਿਆਨ ਦੇਂਦੇ ਹਨ, ਮੈਨੂੰ ਦੁਜੈਲੇ ਥਾਂ ਰੱਖਦੇ ਹਨ। ਹੁਣ ਮੈਨੂੰ ਇਸ ਗੱਲ ਦੀ ਸਮਝ ਹੈ ਕਿ ਉਸ ਫਿਰਕੀ ਵਾਂਗ ਘੁੰਮਦੇ, ਸੌ ਕੰਮਾਂ ਨੂੰ ਸਹੇੜੀ ਰੱਖਣ ਵਾਲੇ ਪਿਓ ਕੋਲੋਂ ਆਪਣੇ ਲਈ ਹੋਰ ਬਹੁਤਾ ਸਮਾਂ ਰਾਖਵਾਂ ਕਰਾ ਸਕਣ ਦੀ ਆਸ ਰੱਖਣਾ ਮੇਰੀ ਹੀ ਨਾਦਾਨੀ ਸੀ, ਪਰ ਉਨ੍ਹਾਂ ਸਾਲਾਂ ਵਿਚ ਇਵੇਂ ਨਹੀਂ ਸੀ ਜਾਪਦਾ, ਜਾਪਦਾ ਸੀ ਮੇਰੇ ਹੱਕਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਉੱਤੋਂ ਸਿਤਮ ਇਹ ਕਿ ਉਨ੍ਹਾਂ ਦਾ ਗੁੱਸਾ ਤਾਂ ਦੁੱਧ ਦੇ ਉਬਾਲੇ ਵਰਗਾ ਥੋੜ੍ਹ-ਚਿਰਾ ਸੀ, ਮੇਰੇ ਸੁਭਾ ਵਿਚ ਮਾਂ ਵਾਂਗ ਰੋਸੇ ਨੂੰ ਲੰਮਾ ਸਮਾਂ ਛਾਤੀ ਨਾਲ ਲਾਈ ਰੱਖਣ ਵਾਲਾ ਔਗੁਣ ਵੀ ਰਲਿਆ ਹੋਇਆ ਸੀ। ਅੰਮੀ ਨੂੰ ਗੁੱਸਾ ਚੜ੍ਹਦਾ ਘੱਟ ਸੀ, ਪਰ ਰਹਿੰਦਾ ਦੇਰ ਤਕ ਸੀ। ਮੇਰੇ ਅੰਦਰ ਦੋਹਾਂ ਮਾਪਿਆਂ ਦੇ ਔਗੁਣਾਂ ਦਾ ਮਾਰੂ ਰਲੇਵਾਂ ਸੀ। ਮੇਰੇ ਇਸ ਝੱਟ ਨਾਰਾਜ਼ ਹੋ ਜਾਣ ਅਤੇ ਫੇਰ ਨਾਰਾਜ਼ਗੀ ਦੀ ਟੀਸੀ ਤੋਂ ਨਾ ਲਹਿਣ ਨੇ ਉਨ੍ਹਾਂ ਨੂੰ ਕਿੰਨਾ ਅਤੇ ਕਿੰਨੀ ਵਾਰ ਦੁਖੀ ਕੀਤਾ ਹੋਵੇਗਾ, ਇਸਦੀ ਇਕ ਮਿਸਾਲ ਮੈਨੂੰ ਆਪਣੇ ਕੋਲ ਪਏ ਖਤਾਂ ਵਿੱਚੋਂ ਲੱਭੀ ਹੈ। 27 ਮਈ 76 ਦੇ ਮੈਨੂੰ ਲਿਖੇ ਖਤ ਨੂੰ ਉਹ ਇਵੇਂ ਸ਼ੁਰੂ ਕਰਦੇ ਹਨ:

ਮੇਰੇ ਪਿਆਰੇ ਪੁੱਤਰ,

ਮੈਂ ਇਕ ਅਭਾਗਾ ਬਾਪ ਹਾਂ ਜਿਸ ਆਪਣੇ ਬੱਚੇ ਦੇ ਤੇ ਆਪਣੇ ਵਿਚਕਾਰ ਇੱਕੋ ਬੋਲ ਨਾਲ ਅਜਿਹੀ ਕੰਧ ਖੜ੍ਹੀ ਕਰ ਲਈ ਹੈ ਜੋ ਅਲੰਘ ਜਾਪਦੀ ਹੈ। ... ਸਮਝ ਨਹੀਂ ਆਉਂਦਾ, ਕੀ ਆਖਾਂ ਤੇ ਕੀ ਕਰਾਂ ਕਿ ਇਹ ਕੰਧ ਡਿਗ ਪਏ, ਇਵੇਂ ਡਿਗੇ ਕਿ ਇਸਦੀ ਕੋਈ ਮਾੜੀ ਮੋਟੀ ਨਿਸ਼ਾਨੀ ਵੀ ਬਾਕੀ ਨਾ ਰਹੇ।

ਤੇਰੇ ਕੋਲੋਂ ਗੋਡਿਆਂ ਭਾਰ ਹੋ ਮੰਗਦਾ ਹਾਂ ਕਿ ਆਪਣੇ ਆਪ ਨੂੰ ਅਜੋਕੇ ਰੌਂ ਵਿੱਚੋਂ ਕੱਢ ਲੈ। ਕਸੂਰ ਮੇਰਾ ਹੀ ਸਹੀ, ਪਰ ਤੈਨੂੰ ਮਨ ਨਹੀਂ ਲਾਉਣਾ ਚਾਹੀਦਾ। ਨਾ ਆਪਣੀਆਂ ਆਂਦਰਾ ਤੇ ਨਾ ਮਾਂ ਦੀਆਂ ਆਂਦਰਾਂ ਸਾੜਨੀਆਂ ਚਾਹੀਦੀਆਂ ਹਨ। ਮੈਨੂੰ ਦੁਰਕਾਰ ਨਾ, ਅਪਣਾ ਲੈ ... ਅੱਗੇ ਮੈਂ ਕਿਹੜਾ ਕੋਈ ਸੁਖੀ ਹਾਂ ਕਿ ... ਤੇਰੇ ਵਲੋਂ ਤੱਤੀ ਵਾਅ ਨਹੀਂ ਸਹਾਰੀ ਜਾਂਦੀ।

ਅੱਜ ਇਹ ਖਤ ਪੜ੍ਹਦਾ ਹਾਂ ਤਾਂ ਸਖਤ ਨਮੋਸ਼ੀ ਹੁੰਦੀ ਹੈ। ਉਦੋਂ ਕੀ ਹੋਇਆ ਹੋਏਗਾ, ਮੈਨੂੰ ਰਤਾ ਵੀ ਚੇਤੇ ਨਹੀਂ। ਪਰ ਅੰਦਾਜ਼ਾ ਲਾ ਸਕਦਾ ਹਾਂ ਕਿ ਉਨ੍ਹਾਂ ਨੇ ਗੁੱਸੇ ਵਿਚ ਕੋਈ ਇਹੋ ਜਿਹਾ ਫ਼ਿਕਰਾ ਕਹਿ ਦਿੱਤਾ ਹੋਵੇਗਾ ਕਿ ਤੇਰੀਆਂ ਹਰਕਤਾਂ ਉੱਤੇ ਸ਼ਰਮ ਆਉਂਦੀ ਹੈ ਜਾਂ, ਕਿ ਤੇਰਾ ਬਾਪ ਕਹਾਉਂਦਿਆਂ ਸ਼ਰਮ ਆਉਂਦੀ ਹੈ। ਅਤੇ ਇਕ ਗੱਲ ਅੰਦਾਜ਼ਨ ਹੀ ਨਹੀਂ, ਪੱਕੇ ਤੌਰ ’ਤੇ ਕਹਿ ਸਕਦਾ ਹਾਂ ਕਿ ਮੈਂ ਉਨ੍ਹਾਂ ਦੇ ਇੰਨੇ ਜਜ਼ਬਾਤੀ ਖਤ ਦਾ ਕੋਈ ਜਵਾਬ ਨਹੀਂ ਦਿੱਤਾ ਹੋਣਾ, ਬਸ ਆਪਣੀ ਨਾਰਾਜ਼ਗੀ ਤੋਂ ਪੱਲਾ ਝਾੜ ਲਿਆ ਹੋਣਾ ਏ। ਕਿਸੇ ਨੂੰ ਛੇਤੀ ਮੁਆਫ਼ ਕਰ ਸਕਣ, ਜਾਂ ਉਸਦੀ ਮੰਦੀ ਆਖੀ-ਸੁਣੀ ਨੂੰ ਵਿਸਾਰ ਸਕਣ ਦਾ ਗੁਣ ਵੀ ਉਨ੍ਹਾਂ ਕੋਲੋਂ ਮੈਂ ਲੈ ਨਹੀਂ ਸਕਿਆ।

ਆਪਣੇ ਸਖਤ ਕਾਹਲੇ ਸੁਭਾਅ ਦੇ ਬਾਵਜੂਦ ਭਾਪਾ ਜੀ ਕਿਸੇ ਨੂੰ ਨਾਰਾਜ਼ ਕਰ ਕੇ ਰਾਜ਼ੀ ਨਹੀਂ ਸਨ, ਝਟ ਮੁਆਫ਼ੀ ਮੰਗਣ ਉੱਤੇ ਉੱਤਰ ਆਉਂਦੇ ਸਨ, ਕਸੂਰ ਭਾਵੇਂ ਦੂਜੇ ਦਾ ਵੀ ਹੋਵੇ। ਕਿਸੇ ਨੂੰ ਦੁਖੀ ਕਰਕੇ ਉਸ ਤੋਂ ਵੀ ਵੱਧ ਦੁਖੀ ਉਹ ਆਪ ਹੋ ਜਾਂਦੇ ਸਨ। ਆਪਣੇ ਤੋਂ ਕਿਤੇ ਛੋਟੇ ਲੋਕਾਂ ਕੋਲੋਂ ਮਾਫ਼ੀਆਂ ਮੰਗਦਿਆਂ ਮੈਂ ਉਨ੍ਹਾਂ ਨੂੰ ਦੇਖਿਆ ਹੈ, ਪਰ ਉਨ੍ਹਾਂ ਦੇ ਇਸ ਗੁਣ ਦੀ ਕਦਰ ਕਰਨਾ ਸਿੱਖ ਲੈਣ ਦੇ ਬਾਵਜੂਦ ਇਸ ਨੂੰ ਅਪਣਾ ਲੈਣ ਵਿਚ ਕਾਮਯਾਬ ਨਹੀਂ ਹੋ ਸਕਿਆ।

ਜੇ ਸ਼ੁਰੂ ਦੇ ਸਾਲਾਂ ਵਿਚ ਸਾਡਾ ਖਹਿਬੜਨਾ ਜਜ਼ਬਾਤੀ ਕਾਰਨਾਂ ਕਰਕੇ ਹੁੰਦਾ ਸੀ, ਤਾਂ ਅੱਗੇ ਜਾ ਕੇ ਸਾਡੇ ਝਗੜਿਆਂ ਦਾ ਆਧਾਰ ਸਿਧਾਂਤਕ ਅਤੇ ਵਿਹਾਰਕ ਵਖਰੇਵੇਂ ਬਣਦੇ ਰਹੇ। ਪਹਿਲੋਂ ਗੱਲ ਸਿਧਾਂਤਕ ਵਖਰੇਵਿਆਂ ਦੀ, ਜਿਨ੍ਹਾਂ ਵਿਚ ਸਾਹਿਤਕ ਤੋਂ ਲੈ ਕੇ ਰਾਜਨੀਤਕ ਮਤਭੇਦ ਤਕ ਸ਼ਾਮਲ ਸਨ, ਅਤੇ ਕਿਸੇ ਹੱਦ ਤਕ ਦੋ ਪੀੜ੍ਹੀਆਂ ਦੇ ਨਜ਼ਰੀਏ ਵਿਚਲਾ ਪਾੜਾ ਵੀਇਹ ਬਹਿਸਾਂ ਵਾਰ-ਵਾਰ ਹੋਈਆਂ, ਪਰ ਸ਼ੁਰੂ ਸਾਲਾਂ ਦੇ ਰੋਸਿਆਂ ਤੋਂ ਉਲਟ, ਨਿੱਜੀ ਕਾਰਨਾਂ ਤੋਂ ਲਾਂਭੇ ਹੋਣ ਕਾਰਨ ਇਨ੍ਹਾਂ ਬਹਿਸਾਂ ਦੀ ਸੁਰ ਤਲਖ ਹੋ ਜਾਣ ਦੇ ਬਾਵਜੂਦ ਜਜ਼ਬਾਤੀ ਰੋਸੇ ਵਿਚ ਤਬਦੀਲ ਨਹੀਂ ਸੀ ਹੁੰਦੀ, ਅਤੇ ਝਟ ਵਿਸਾਰੀ ਵੀ ਜਾਂਦੀ ਸੀ।

ਅਜਿਹੇ ਝਗੜਿਆਂ ਦੀ ਪਹਿਲੀ ਮਿਸਾਲ ਅਜੀਤ ਕੌਰ ਦੀ ਕਹਾਣੀ ਫ਼ਾਲਤੂ ਔਰਤਉੱਤੇ ਹੋਈ ਬਹਿਸ ਸੀ। ਇਸ ਵਿਚ ਮੈਂ ਤੇ ਮੇਰੀ ਮਾਂ ਇਕ ਪਾਸੇ ਸਾਂ, ਭਾਪਾ ਜੀ ਦੂਜੇ ਪਾਸੇ। ਉਨ੍ਹਾਂ ਦੇ ਨਜ਼ਰੀਏ ਵਿਚ ਮੈਨੂੰ ਤੰਗਖਿਆਲੀ ਮਰਦਾਨਗੀ ਦੀ ਬੋਅ ਆਉਂਦੀ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਕਹਾਣੀ ਸ਼ਲੀਲ ਨਹੀਂ ਸੀ ਜਾਪਦੀ। ਚੜ੍ਹਦੀ ਉਮਰ ਵਾਲੇ ਪੂਰੇ ਤ੍ਰਾਣ ਅਤੇ ਜੋਸ਼ ਨਾਲ ਆਪਣੀਆਂ ਦਲੀਲਾਂ ਦੇ ਕੇ ਇਸ ਬਹਿਸ ਨੂੰ ਮੈਂ ਜਿੱਤ ਲਿਆ, ਜਾਂ ਕਹਿ ਸਕਦੇ ਹਾਂ, ਭਾਪਾ ਜੀ ਹਾਰ ਗਏ। ਉਨ੍ਹਾਂ ਮੰਨ ਲਿਆ ਕਿ ਅਸ਼ਲੀਲਤਾ ਕਹਾਣੀ ਵਿਚ ਨਹੀਂ, ਇਸ ਨੂੰ ਭੰਡਣ ਵਾਲਿਆਂ ਦੇ ਜ਼ਾਵੀਏ ਵਿਚ ਹੈ।

ਪਰ ਕਦੇ ਕਦੇ ਉਹ ਆਪਣੀ ਗੱਲ ਉੱਤੇ ਅੜ ਵੀ ਜਾਂਦੇ ਸਨ। ਕਈ ਵਾਰ ਤਾਂ ਨਿਰੋਲ ਜਜ਼ਬਾਤੀ ਜਾਂ ਮੈਨੂੰ ਬੇਤੁਕੇ ਜਾਪਦੇ ਕਾਰਨਾਂ ਦੀ ਓਟ ਲੈ ਕੇ। ਇਸਦੀ ਮਿਸਾਲ ਕੇ.ਪੀ.ਐਸ. ਗਿੱਲ ਅਤੇ ਰੂਪਨ ਦਿਓਲ ਬਜਾਜ ਵਾਲਾ ਕਿਸਾ ਹੈ। ਆਈ ਐੱਸ ਅਫ਼ਸਰ ਰੂਪਨ ਦਿਓਲ ਬਜਾਜ ਨੇ ਸ਼ਿਕਾਇਤ ਕੀਤੀ ਸੀ ਕਿ ਲੋਰ ਵਿਚ ਆਏ ਕੇ.ਪੀ.ਐੱਸ. ਗਿੱਲ ਨੇ ਕਿਸੇ ਪਾਰਟੀ ਦੌਰਾਨ ਉਸਨੂੰ ਚੂੰਢੀ ਵਢ ਦਿੱਤੀ ਸੀ। ਭਾਪਾ ਜੀ ਇਹ ਮੰਨਣ ਨੂੰ ਤਾਂ ਤਿਆਰ ਸਨ ਕਿ ਗਿੱਲ ਨੇ ਚੂੰਢੀ ਵਢ ਦਿੱਤੀ ਹੋਣੀ ਏ ਪਰ ਰੂਪਨ ਦਿਓਲ ਬਜਾਜ ਦੀ ਸ਼ਿਕਾਇਤ ਨੂੰ ਉਹ ਜਾਇਜ਼ ਮੰਨਣ ਲਈ ਤਿਆਰ ਨਹੀਂ ਸਨ। ਮੇਰੇ ਸ਼ੀਂਹ ਰੂਪ ਨੂੰ ਦੇਖ ਕੇ ਇਹ ਤਾਂ ਨਹੀਂ ਸਨ ਕਹਿੰਦੇ ਕਿ ਕੀ ਹੋਇਆ ਜੇ ਵੱਢ ਵੀ ਦਿੱਤੀ’ (ਜੋ ਉਨ੍ਹਾਂ ਦੀ ਪੀੜ੍ਹੀ ਦੇ ਬਹੁਤੇ ਮਰਦਾਂ ਨੂੰ ਕੋਈ ਖਾਸ ਗੱਲ ਨਹੀਂ ਸੀ ਜਾਪਦੀ) ਪਰ ਅੜੇ ਰਹੇ ਕਿ ਕੇ.ਪੀ.ਐੱਸ. ਗਿੱਲ ਦੀ ਸਮੁੱਚੀ ਦੇਣ ਨੂੰ ਧਿਆਨ ਵਿਚ ਰੱਖਦਿਆਂ ਇਸ ਮਾਮਲੇ ਨੂੰ ਤੂੂਲ ਨਹੀਂ ਦਿੱਤਾ ਜਾਣਾ ਚਾਹੀਦਾ। ਮੈਨੂੰ ਇਹ ਦਲੀਲ ਬਿਲਕੁਲ ਹੀ ਬੇਸਿਰ ਪੈਰ ਜਾਪਦੀ ਸੀ। ਦੋਵੇਂ ਪਿਓ-ਪੁੱਤ ਕਈ ਦਿਨ ਇਸ ਦਲੀਲੀ ਘਮਸਾਣ ਵਿਚ ਉਲਝੇ ਰਹੇ; ਹਾਰ ਕਿਸੇ ਵੀ ਨਾ ਮੰਨੀ।

ਪਰ ਇਕ ਬਹਿਸ ਸਾਡੀ ਚੋਖਾ ਲੰਮਾ ਸਮਾਂ ਚੱਲੀ, ਅਤੇ ਉਸ ਵਿਚ ਕਈ ਉਤਰਾ ਚੜ੍ਹਾ ਆਏ। 1973 ਵਿਚ ਪੜ੍ਹਾਈ ਲਈ ਮੈਂ ਰੂਸ ਚਲਾ ਗਿਆ। ਉਸ ਦੇਸ, ਅਤੇ ਉਸਦੇ ਨਿਜ਼ਾਮ, ਇੱਥੋਂ ਤਕ ਕਿ ਉਸਦੇ ਸਧਾਰਨ ਸ਼ਹਿਰੀਆਂ ਤਕ ਬਾਰੇ ਮੈਂ ਮਨ ਵਿਚ ਆਦਰਸ਼ਕ ਤਸਵੀਰ ਲੈ ਗਿਆ ਸਾਂ। ਰੋਜ਼ਾਨਾ ਜ਼ਿੰਦਗੀ ਦੀਆਂ ਖਹਿਣੀਆਂ ਨਾਲ ਹੌਲੀ ਹੌਲੀ ਇਸ ਤਸਵੀਰ ਦੇ ਬੇਲੋੜੇ ਗੂੜ੍ਹੇ ਰੰਗ ਮੱਧਮ ਪੈਣ ਲੱਗ ਪਏ ਅਤੇ ਅਸਲੀ ਤਸਵੀਰ ਉੱਭਰਨ ਲੱਗੀ। ਮੇਰੇ ਸ਼ੁਰੂ ਦੇ ਸਾਲ ਵਿਚ ਹੀ ਨਵਤੇਜ ਮਾਮਾ ਜੀ ਮਾਸਕੋ ਆਏ। ਸਾਡੇ ਦੋਹਾਂ ਵਿਚਕਾਰ ਹੋਰਨਾਂ ਗੱਲਾਂ ਤੋਂ ਇਲਾਵਾ ਸਮਾਜਵਾਦੀ ਨਿਜ਼ਾਮ ਵਿਚ ਦਿਸਦੀਆਂ ਊਣਤਾਈਆਂ ਬਾਰੇ ਵੀ ਗੱਲਾਂ ਹੋਈਆਂ। ਸਰਗਰਮ ਸਿਆਸਤ ਨਾਲ ਜੁੜੇ ਨਾ ਹੋਣ ਕਾਰਨ ਅਤੇ ਮੂਲ ਤੌਰ ’ਤੇ ਸੂਖਮ-ਦ੍ਰਿਸ਼ਟ ਲੇਖਕ ਹੋਣ ਕਾਰਨ, ਮਾਰਕਸਵਾਦੀ ਹੋਣ ਦੇ ਬਾਵਜੂਦ ਮਾਮਾ ਜੀ ਮੇਰੀਆਂ ਟਿੱਪਣੀਆਂ ਨਾਲ ਬਹੁਤਾ ਕਰ ਕੇ ਸਹਿਮਤ ਸਨ। ਸਗੋਂ ਉਨ੍ਹਾਂ ਆਪ ਵੀ ਗੋਰਕੀ ਦੇ ਕਿਸੇ ਕਥਨ ਦਾ ਹਵਾਲਾ ਦਿੱਤਾ ਕਿ ਇਹ ਸਮਝ ਲੈਣਾ ਸਿੱਧੜਪੁਣਾ ਹੋਵੇਗਾ ਕਿ ਮਜ਼ਦੂਰ ਜਮਾਤ ਦਾ ਹਰ ਨੁਮਾਇੰਦਾ ਚੰਗਾ ਮਨੁਖ ਵੀ ਹੁੰਦਾ ਹੈ, ਸਿਰਫ਼ ਇਸ ਲਈ ਕਿ ਉਹ ਇਸ ਅਗਵਾਨੂੰ ਜਮਾਤ ਵਿੱਚੋਂ ਹੁੰਦਾ ਹੈ। ਇਹ ਕਥਨ ਮੈਨੂੰ ਮੁੜ ਕਿਤੇ ਲੱਭਿਆ ਨਹੀਂ, ਪਰ ਮਾਮਾ ਜੀ ਦਾ ਦਿੱਤਾ ਹਵਾਲਾ ਚੇਤੇ ਹੈ। ਵਤਨ ਮੁੜਨ ਤੇ ਉਨ੍ਹਾਂ ਨੇ ਮੇਰੇ ਮਾਪਿਆਂ ਨੂੰ ਮੇਰੇ ਬਾਰੇ ਜੋ ਕੁਝ ਵੀ ਦੱਸਿਆ ਹੋਵੇਗਾ, ਉਸ ਤੋਂ ਬਾਅਦ ਭਾਪਾ ਜੀ ਦਾ ਬੜਾ ਮਾਣ-ਮੱਤਾ ਖਤ ਆਇਆ। ਇਹ ਖਤ ਮੇਰੇ ਕੋਲੋਂ ਕਿਤੇ ਗੁਆਚ ਚੁੱਕਾ ਹੈ ਪਰ ਉਸ ਵਿਚਲੀ ਇਕ ਸਤਰ ਮੈਨੂੰ ਇੰਨ-ਬਿੰਨ ਚੇਤੇ ਹੈ: “ਨਵਤੇਜ ਨੇ ਕਿਹਾ ਹੈ ਕਿ ਤੇਰਾ ਪੁੱਤਰ ਸਿਆਣਾ ਹੀ ਨਹੀਂ, ਵਧੀਆ ਮਨੁੱਖ ਵੀ ਹੈ। ਤੈਨੂੰ ਦੱਸ ਨਹੀਂ ਸਕਦਾ ਕਿ ਇਹ ਸੁਣ ਕੇ ਮੈਨੂੰ ਕਿਹੋ ਜਿਹਾ ਹੁਲਾਰਾ ਮਿਲਿਆ ਹੈ, ਤੇ ਤੇਰੇ ਉੱਤੇ ਕਿੰਨਾ ਮਾਣ ਹੋਇਆ ਹੈ ...।”

ਪਰ ਉਨ੍ਹਾਂ ਦਾ ਇਹ ਮਾਣ ਛੇਤੀ ਹੀ ਪੰਘਰ ਵੀ ਗਿਆ। ਮੈਂ ਸੋਵੀਅਤ-ਵਿਰੋਧੀ ਤਾਂ ਨਹੀਂ ਸਾਂ, ਪਰ ਮੇਰੇ ਖਤਾਂ ਵਿਚ ਉੱਥੋਂ ਦੇ ਨਿਜ਼ਾਮ ਵਿਚ ਲੱਭਦੀ ਹਰ ਘਾਟ ਦਾ ਜ਼ਿਕਰ ਹੋਣ ਲੱਗ ਪਿਆ। ਜੋ ਕੁਝ ਉੱਥੇ ਚੰਗਾ ਜਾਂ ਬਿਹਤਰ ਸੀ, ਉਹ ਤਾਂ ਭਾਪਾ ਜੀ ਨੂੰ ਪਤਾ ਹੀ ਸੀ, ਉਸਨੂੰ ਮੁੜ ਮੁੜ ਕੀ ਦੁਹਰਾਉਣਾ। ਸੋ ਮੇਰੇ ਖਤ ਭਾਪਾ ਜੀ ਨੂੰ ਉਲਾਰਤਾ ਅਤੇ ਨਾਦਾਨੀ ਨਾਲ ਭਰਪੂਰ ਸੋਵੀਅਤ ਵਿਰੋਧੀ ਚਿੱਠੇ ਜਾਪਣ ਲੱਗ ਪਏ। ਮੈਂ ਵੀ ਇਨ੍ਹਾਂ ਖਤਾਂ ਵਿਚ ਕਿਸੇ ਤਵਾਜ਼ਨ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਨਹੀਂ ਸੀ ਕਰ ਰਿਹਾ ਜਿਵੇਂ ਸਧਾਰਨ ਪਾਠਕ ਲਈ ਖੁਲਾਸਾ ਕਰਨ ਸਮੇਂ ਲੇਖਕ ਕਰਦਾ ਹੈ: ਘਾਟਾਂ ਦੇ ਨਾਲ ਨਾਲ ਉਨ੍ਹਾਂ ਦੇ ਕਾਰਨਾਂ ਦੀ ਵੀ ਪੜਚੋਲ ਕਰਨਾ ਅਤੇ ਚੰਗਿਆਈਆਂ ਦਾ ਵੀ ਜ਼ਿਕਰ ਕਰੀ ਜਾਣਾ। ਮੈਂ ਕੋਈ ਲੇਖ ਤਾਂ ਲਿਖ ਨਹੀਂ ਸੀ ਰਿਹਾ, ਆਪਣੇ ਪਿਤਾ ਵਲ ਮੁਖਾਤਬ ਸਾਂ ਜਿਸਨੂੰ, ਮੇਰੀ ਜਾਚੇ, ਇਹੋ ਜਿਹੇ ਕਿਸੇ ਲਗ-ਲਬੇੜ ਦੀ ਲੋੜ ਨਹੀਂ ਸੀ। ਪਰ ਭਾਪਾ ਜੀ ਦੇ ਅੰਦਰ ਸਿਆਸੀ ਪੈਂਤੜਿਆਂ ਵਾਲਾ ਐਂਟਿਨਾ ਇੰਜ ਤਣਿਆ ਹੋਇਆ ਸੀ, ਅਤੇ ਦਹਾਕਿਆਂ ਦਾ ਸੋਵੀਅਤ-ਪ੍ਰੇਮ ਇੰਨਾ ਭਾਰੂ ਸੀ ਕਿ ਮੇਰੀ ਆਲੋਚਨਾ ਉਨ੍ਹਾਂ ਨੂੰ ਅੰਨ੍ਹਾ ਸੋਵੀਅਤ-ਵਿਰੋਧ ਜਾਪਣ ਲੱਗ ਪਈ ਅਤੇ ਇਕ ਖਤ ਇਹੋ ਜਿਹਾ ਵੀ ਆਇਆ ਜਿਸ ਵਿਚ ਲਿਖਿਆ ਹੋਇਆ ਸੀ, “ਹੁਣ ਤੇ ਸ਼ਰਮ ਆਉਂਦੀ ਹੈ ਕਿ ਮੈਂ ਤੇਰੇ ਵਰਗੇ ਪੁੱਤਰ ਦਾ ਬਾਪ ਹਾਂ।”

ਇਸ ਦੇ ਬਾਵਜੂਦ ਮੇਰੀਆਂ ਟਿਪਣੀਆਂ ਦਾ ਕੁਝ ਤਾਂ ਅਸਰ ਹੋਇਆ ਹੀ ਕਿ ਉਨ੍ਹਾਂ ਨੇ ਆਪਣੀਆਂ ਅਗਲੀਆਂ ਸੋਵੀਅਤ ਫੇਰੀਆਂ ਸਮੇਂ ਕਪਾਟ ਵਧੇਰੇ ਖੁੱਲ੍ਹੇ ਅਤੇ ਚੌਕੰਨੇ ਰੱਖਣ ਦੀ ਕੋਸ਼ਿਸ਼ ਕੀਤੀ। ਉਂਜ ਵੀ ਅਗਲੇ ਦੋ ਦਹਾਕਿਆਂ ਵਿਚ, 1992 ਵਿਚ ਸੋਵੀਅਤ ਸੰਘ ਦੇ ਖਿੰਡ ਜਾਣ ਤਕ, ਘਟਨਾ ਚੱਕਰ ਹੀ ਕੁਝ ਅਜਿਹਾ ਸੀ ਕਿ ਭਾਪਾ ਜੀ ਨੂੰ ਮੇਰੀ, ਅਤੇ ਕਰਨਜੀਤ ਸਿੰਘ ਵਰਗੇ ਮਾਸਕੋ ਵਸਦੇ ਆਪਣੇ ਮਿੱਤਰਾਂ ਦੀਆਂ ਟਿੱਪਣੀਆਂ ਵਿਚ ਵਜ਼ਨ ਦਿਸਣ ਲਗ ਪਿਆ।

ਪਰ ਅਗਲੇਰੇ ਸਾਲਾਂ ਵਿਚ ਬਹੁਤੀ ਵੇਰ ਭਾਪਾ ਜੀ ਨਾਲ ਮੇਰਾ ਖਹਿਬੜਨਾ ਕੁਝ ਵਿਹਾਰਕ ਵਖਰੇਵਿਆਂ ਕਾਰਨ ਹੋਣ ਲੱਗ ਪਿਆ। ਉਨ੍ਹਾਂ ਦੀ ਬਣਤਰ ਵਿਚਲੇ ਦੋ ਤਿੰਨ ਨੁਕਸ ਮੈਨੂੰ ਬਹੁਤ ਚੁੱਭਦੇ ਸਨ। ਸ਼ਾਇਦ ਇਸ ਲਈ ਹੋਰ ਵੀ ਵੱਧ ਕਿ ਇਨ੍ਹਾਂ ਦੇ ਪਰਛਾਵਿਆਂ ਤੋਂ ਮੈਂ ਬਹੁਤੀ ਹੱਦ ਤਕ ਮੁਕਤ ਹਾਂ। ਆਪਣੇ ਇਨ੍ਹਾਂ ਨੁਕਸਾਂ ਬਾਰੇ ਉਹ ਸੁਚੇਤ ਵੀ ਸਨ, ਪਰ ਕਾਬੂ ਪਾਉਣੋਂ ਅਸਮਰੱਥ। ਪਰਦੇਸ ਤੋਂ ਮੇਰੀ ਮਾਂ ਵਲ 1982 ਦੀ ਇਕ ਪਸ਼ਚਾਤਾਪੀ ਸੁਰ ਵਿਚ ਲਿਖੀ ਚਿੱਠੀ ਵਿਚ ਉਨ੍ਹਾਂ ਆਪਣੇ ਇਨ੍ਹਾਂ ਨੁਕਸਾਂ ਬਾਰੇ ਬੜੇ ਸੂਤਰਬੱਧ ਢੰਗ ਨਾਲ ਲਿਖਿਆ ਹੋਇਆ ਹੈ, ਜਿਸਨੂੰ ਇੰਨ-ਬਿੰਨ ਇਸ ਲਈ ਦਰਜ ਕਰ ਰਿਹਾ ਹਾਂ ਕਿ ਇੰਨੇ ਕਾਟਵੇਂ ਅਤੇ ਸੰਖੇਪ ਢੰਗ ਵਿਚ ਬਿਆਨ ਕਰ ਸਕਣਾ ਵੀ ਉਨ੍ਹਾਂ ਦੀ ਹੀ ਸਮਰੱਥਾ ਸੀ, ਮੈਂ ਕਰ ਹੀ ਨਹੀਂ ਸਕਾਂਗਾ।

“ 1) ਮੈਂ ਸੱਚਮੁੱਚ ਬੜਾ impressionable  ਹਾਂ, ਦੂਜੇ ਦੀ ਗੱਲ ਦਾ ਅਸਰ ਲੋੜੋਂ ਵੱਧ ਕਬੂਲਦਾ ਹਾਂ, ਤੇ ਕਿਸੇ ਇਕ ਨਹੀਂ, ਹਰ ਦੂਜੇ ਬੰਦੇ ਦੀ। ਕਾਕੇ ਨੇ ਪਿਛਲੇ ਦਿਨਾਂ ਵਿਚ ਇਹ ਗੱਲ ਦੋ ਤਿੰਨ ਵਾਰ ਆਖੀ। ਇਹ ਮੇਰਾ ਇਕ ਵੱਡਾ ਔਗੁਣ ਹੈ, ਇਸੇ ਦਾ ਕਈ ਵਾਰ ਨੁਕਸਾਨ ਉਠਾਇਆ ਹੈ।

2) ਮੈਂ ਬਹੁਤ ਬੇਲੋੜੀਆਂ ਗੱਲਾਂ ਵੀ ਕਰਦਾ ਹਾਂ ਤੇ ਇਤਨਾ ਗੱਲ ਤੋਂ ਲਾਂਭੇ ਚਲਾ ਜਾਂਦਾ ਹਾਂ, ਜਾਂ ਉਸ ਵੱਲ ਉਦੋਂ ਮੁੜਦਾ ਹਾਂ ਜਦੋਂ ਅਗਲਾ ਉਸ ਨਾਲ ਜੋੜ ਭੁਲ ਜਾਂਦਾ ਹੈ। ਇਹ ਗੱਲ ਮਾਸਕੋ ਅੰਗੋ (ਧੀ) ਨੇ ਵੀ ਆਖੀ ਤੇ ਕਰਨਜੀਤ ਨੇ ਵੀ।

3) ਮੈਂ ਹਰ ਕਿਸੇ ਸਾਹਮਣੇ ਆਪਣਾ ਅੰਦਰਾ ਉਗਲ ਦੇਂਦਾ ਹਾਂ ਤੇ ਪਿੱਛੋਂ ਪਛਤਾਉਂਦਾ ਰਹਿੰਦਾ ਹਾਂ ਕਿ ਫਲਾਣੀ ਗੱਲ ਕਿਉਂ ਕਰ ਦਿੱਤੀ, ਜਾਂ ਉਸਦਾ ਫਲਾਣਾ ਹਿੱਸਾ ਘੱਟੋ ਘੱਟ ਆਪਣੇ ਤਕ ਹੀ ਕਿਉਂ ਨਾ ਰੱਖਿਆ। ਇਸ ਨਾਲ ਆਪਣਾ ਨੁਕਸਾਨ ਵੀ ਕਰਦਾ ਹਾਂ ਤੇ ਆਪਣੇ ਲੋਕਾਂ ਦਾ ਵੀ।

4) ਮੈਂ ਨਿੱਕੇ ਤੋਂ ਨਿੱਕਾ ਫੈਸਲਾ ਲੈਣ ਲਈ ਵੀ ਕਈ ਵਾਰ ਮਨ ਬਦਲਦਾ ਹਾਂ ਤੇ ਅਜੀਬ ਜੱਕੋ ਤੱਕਿਆਂ ਵਿਚ ਫਸ ਜਾਂਦਾ ਹਾਂ। ਕਾਕਾ ਕਹਿੰਦਾ ਹੈ ਇਹ ਗੱਲ ਅੰਗੋ ਨਾਲ ਸਾਂਝੀ ਹੈ, ਪਰ ਮੈਨੂੰ ਅੰਗੋ ਬਾਰੇ ਗਿਆਨ ਨਹੀਂ।

5) ਮੁਲਕ ਵਿਚ ਪਾਰਟੀ ਦੇ ਨਿੱਤ ਦੇ ਝਮੇਲਿਆਂ ਵਿਚ ਇੰਨਾ ਫਸਿਆ ਰਹਿੰਦਾ ਹਾਂ ਕਿ ਦੇਸ ਦੀ ਤੇ ਪਾਰਟੀ ਦੀ ਸਮੁੱਚੀ ਹਾਲਤ ਦਾ ਪੂਰਾ ਅਨੁਮਾਨ ਉੱਥੇ ਬੈਠਾ ਨਹੀਂ ਲਾ ਸਕਦਾ। 1977 ਤੋਂ ਦੇਸ ਵੀ ਨਿੱਘਰ ਰਿਹਾ ਹੈ, ਪਾਰਟੀ ਵੀ ਤੇ ਕੁਝ ਬੁਨਿਆਦੀ ਮੋੜ ਕੱਟਣੇ ਜ਼ਰੂਰੀ ਹਨ, ਪਰ ਜਿੰਨੀ ਗੱਲ ਇੱਥੇ ਸਮਝ ਪੈਂਦੀ ਹੈ ਓਨੀ ਓਥੇ ਨਹੀਂ ਪੈਂਦੀ।

ਉਪਰੋਕਤ ਸਭ ਠੀਕ ਹੈ, ਪਰ ਬਦਲਾਂ ਕਿਵੇਂ? ਇਹ ਸਭ ਕੁਝ ਮਨ ਵਿਚ ਆਉਂਦਾ ਹੈ, ਪਰ ਨਾਲ ਹੀ ਇਹ ਵੀ ਕਿ ਵਾਦੜੀਆਂ ਸਜਾਦੜੀਆਂ ਜੇ ਸਿਰਾਂ ਨਾਲ ਹੀ ਨਿਭਣੀਆਂ ਹਨ, ਤਾਂ ਵੀ ਘੱਟੋ ਘੱਟ ਤੈਨੂੰ ਤਾਂ ਇੰਨਾ ਦੁਖੀ ਨਾ ਕਰਾਂ।

ਨਾਲੇ ਹੁਣ ਤਾਂ “ਤਿਲ ਥੋਰੜੇਹਨ, “ਸੰਭਲ ਬੁਕ ਭਰੰਨਵਲ ਨੂੰ ਜ਼ਿੰਦਗੀ ਜਾ ਰਹੀ ਹੈ। ਡਾਕਟਰਾਂ ਦੀ ਅਸਲ ਰਾਏ ਇਹ ਹੈ ਕਿ ਬੁੱਢੇ ਹੱਡਾਂ ਦੇ ਰੋਗ ਘਟ ਸਕਦੇ ਹਨ, ਹਟ ਨਹੀਂ ਸਕਦੇ। ਤੇ ਘਟਣਗੇ ਵੀ ਤਾਂ ਜੇ (ੳ) ਵਰਜ਼ਿਸ਼ ਲਗਾਤਾਰ ਕਰਾਂ (ਅ) ਸਰੀਰ ਦਾ ਭਾਰ ਘਟਾਵਾਂ (ੲ) ਮਾਨਸਕ ਭਾਰ ਬਹੁਤ ਘਟਾਵਾਂ। ਵੱਡਾ ਡਾਕਟਰ ਆਖਦਾ ਹੈ, “Unwind yourselfਪਰ ਇਹ ਗੱਲ ਤਾਂ ਦੇਸ ਵਿਚ ਵੀ ਪਤਾ ਹੀ ਸੀ।

ਇਹ ਖਤ ਲਿਖਣ ਵੇਲੇ, 1982 ਵਿਚ, ਉਨ੍ਹਾਂ ਦੀ ਉਮਰ ਅਜੇ 61 ਸਾਲ ਸੀ; 33 ਵਰ੍ਹੇ ਦੀ ਅਉਧ ਉਨ੍ਹਾਂ ਨੇ ਹੋਰ ਭੋਗਣੀ ਸੀ। ਅਤੇ ਜੇ ਚੇਤਾ-ਮਾਰੂ ਬੀਮਾਰੀ ਦੇ ਆਖਰੀ 7-8 ਸਾਲ ਕੱਢ ਦੇਈਏ ਤਾਂ ਵੀ 25 ਵਰ੍ਹੇ ਹੋਰ ਉਨ੍ਹਾਂ ਨੇ ਓਨੀ ਹੀ ਸਰਗਰਮੀ, ਉੰਨੇ ਹੀ ਰੁਝੇਵਿਆਂ ਨਾਲ ਭਰਪੂਰ ਹੋਰ ਜਿਊਣੇ ਸਨ। ਆਪਣੀਆਂ ਉਨ੍ਹਾਂ ਹੀ ਵਾਦੜੀਆਂ ਸਜਾਦੜੀਆਂ ਨਾਲ। ਪਿਛਲੀ ਸਦੀ ਦੇ ਅੱਸੀਵਿਆਂ ਦੇ ਵਰ੍ਹੇ ਮੇਰੇ ਮਾਸਕੋ ਵਿਚ ਦੂਜੇ ਪਰਵਾਸ (ਸੱਤ੍ਹਰਵਿਆਂ ਵਿਚ ਮੈਂ ਉੱਥੇ ਪੜ੍ਹਨ ਗਿਆ ਸਾਂ, ਅੱਸੀਵਿਆਂ ਵਿਚ ਨੌਕਰੀ ਉੱਤੇ) ਦੇ ਸਾਲ ਵੀ ਸਨ, ਪੰਜਾਬ ਵਿਚ ਅੱਤਵਾਦ ਦੇ ਸਿਖਰ ਦੇ ਵੀ, ਅਤੇ ਭਾਪਾ ਜੀ ਦੀਆਂ ਪਹਿਲੀਆਂ ਸਰੀਰਕ ਬੀਮਾਰੀਆਂ ਦੇ ਉਜਾਗਰ ਹੋਣ ਦੇ ਵੀ।

ਮੇਰੀ ੳਮਰ ਵੀਹਵਿਆਂ ਦੇ ਮਗਰਲੇ, ਪ੍ਰੌੜ੍ਹ ਅੱਧ ਵਿਚ ਪਹੁੰਚ ਚੁੱਕੀ ਸੀ, ਆਰਥਕ ਤੌਰ ਉੱਤੇ ਖੁਦ-ਮੁਖਤਾਰ ਸਾਂ। ਚੋਖੀ ਅਮੀਰ ਵਪਾਰਕ ਸੰਸਥਾ ਵਿਚ ਮੈਨੇਜਰ ਸਾਂ। ਮਾਸਕੋ ਵਿਚ ਪਰਦੇਸੀ ਕੰਪਨੀਆਂ ਲਈ ਬਣਾਏ ਗਈ ਵਧੀਆ ਥਾਂ ਉੱਤੇ ਮੇਰਾ ਦਫ਼ਤਰ ਅਤੇ ਰਿਹਾਇਸ਼ ਸਨ। ਕਾਰ, ਡਰਾਈਵਰ, ਸੈਕ੍ਰੇਟਰੀ ਸਭ ਕੁਝ ਮੈਨੂੰ ਮੁਹੱਈਆ ਕੀਤੇ ਗਏ ਸਨ। ਮੈਨੂੰ ਕਾਰ ਚਲਾਉਣਾ ਰਤਾ ਵੀ ਪਸੰਦ ਨਹੀਂ, ਇਸ ਬਾਰੇ ਅਜੀਬ ਜਿਹੀ ਘਬਰਾਹਟ ਜਾਂ ਝਾਕਾ ਮੇਰੇ ਅੰਦਰ ਸ਼ੁਰੂ ਤੋਂ ਬੈਠਾ ਹੋਇਆ ਹੈ। ਵਿਦੇਸ਼ਾਂ ਵਿਚ ਡਰਾਈਵਰ ਚੋਖੀ ਤਨਖਾਹ ਲੈਂਦੇ ਹਨ, ਅਤੇ ਉਸ ਮੁਤਾਬਕ ਤਕੜਾ ਓਵਰਟਾਈਮ ਵੀ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਮੈਂ ਡਰਾਈਵਰ ਨੂੰ ਦਫ਼ਤਰੀ ਕੰਮਾਂ ਅਤੇ ਸਮੇਂ ਤੋਂ ਬਾਅਦ ਕਦੇ ਨਹੀਂ ਸੀ ਵਰਤਿਆ। ਸ਼ਾਮੀਂ, ਆਪਣੀ ਤਫ਼ਰੀਹ ਜਾਂ ਮੇਲੇ-ਗੇਲੇ ਲਈ ਨਿਕਲਣ ਸਮੇਂ ਜਨਤਕ ਸਾਧਨ, ਬਸ ਜਾਂ ਜ਼ਮੀਨਦੋਜ਼ ਮੀਟਰੋ ਵਰਤਦਾ ਸਾਂ। ਸਾਰੇ ਹੱਸਦੇ ਸਨ ਕਿ ਕੋਲ ਮਰਸੀਡੀਜ਼ ਕਾਰ ਹੁੰਦਿਆਂ ਵੀ ਇਹ ਏਧਰ ਓਧਰ ਪੈਦਲ ਤੁਰਿਆ ਰਹਿੰਦਾ ਹੈ। ਪਰ ਕਿਸੇ ਕਿਸਮ ਦੀ ਵਾਧੂ ਟੈਨਸ਼ਨ ਲੈਣ ਦੀ ਥਾਂ ਮੈਂ ਕਾਰ ਨੂੰ ਹੱਥ ਨਾ ਲਾਉਣਾ ਹੀ ਬਿਹਤਰ ਸਮਝਦਾ ਸਾਂ। 1985 ਦੇ ਸਤੰਬਰ-ਅਕਤੂਬਰ ਵਿਚ ਇਲਾਜ ਲਈ ਭਾਪਾ ਜੀ ਮਾਸਕੋ ਆਏ। ਉਨ੍ਹਾਂ ਨੂੰ ਸਾਹ ਬਹੁਤ ਚੜ੍ਹਨ ਲੱਗ ਪਿਆ ਸੀ ਅਤੇ ਇਹ ਹਿਰਦੇ ਰੋਗ ਦੀਆਂ ਨਿਸ਼ਾਨੀਆਂ ਜਾਪਦੀਆਂ ਸਨ। ਸ਼ਹਿਰੋਂ ਬਾਹਰ ਉਨ੍ਹਾਂ ਨੂੰ ਜਿਸ ਹਸਪਤਾਲ ਵਿਚ ਰੱਖਿਆ ਗਿਆ, ਉਹ ਮੀਟਰੋ ਤੋਂ ਬਹੁਤ ਦੂਰ ਸੀ ਅਤੇ ਜਨਤਕ ਸਾਧਨਾਂ ਰਾਹੀਂ ਪਹੁੰਚਣ ਵਿਚ ਵਕਤ ਬਹੁਤ ਜ਼ਾਇਆ ਹੁੰਦਾ ਸੀ। ਉੱਤੋਂ ਦਿਨ ਵੀ ਛੋਟੇ ਹੋ ਰਹੇ ਸਨ, ਹਨੇਰਾ ਬਹੁਤ ਛੇਤੀ ਹੋ ਜਾਂਦਾ ਸੀ ਅਤੇ ਬਰਫ਼ ਪੈਣ ਦਾ ਮੌਸਮ ਵੀ ਸ਼ੁਰੂ ਹੋ ਗਿਆ ਸੀ। ਭਾਪਾ ਜੀ ਨੂੰ ਨੇਮ ਨਾਲ ਮਿਲ ਸਕਣ ਲਈ ਮੈਂ ਕਾਰ ਚਲਾਉਣੀ ਸਿੱਖੀ, ਉਹ ਵੀ ਉਸ ਭੈੜੇ, ਤਿਲਕਵੀਆਂ ਸੜਕਾਂ ਵਾਲੇ ਡਰਾਈਵਰੀ ਲਈ ਖਤਰਨਾਕ ਸਮਝੇ ਜਾਂਦੇ ਮੌਸਮ ਵਿਚ। ਉਹ ਆਪ ਵੀ ਬੜੇ ਹੈਰਾਨ ਹੋਏ ਕਿ ਮੈਂ, ਜਿਹੜਾ ਕਾਰ ਨੂੰ ਹਥ ਲਾ ਕੇ ਰਾਜ਼ੀ ਨਹੀਂ, ਹੁਣ ਇੰਨਾ ਪੈਂਡਾ ਝਾਗ ਕੇ ਉਨ੍ਹਾਂ ਨੂੰ ਮਿਲਣ ਤੁਰਿਆ ਰਹਿੰਦਾ ਸਾਂ। ਉਂਜ ਭਾਵੇਂ ਮੈਂ ਸਾਰਾ ਸਮਾਂ ਉਨ੍ਹਾਂ ਨਾਲ ਕਿੜ-ਕਿੜ ਕਰਦਿਆਂ ਲੰਘਾਉਂਦਾ ਹੋਵਾਂ, ਉਨ੍ਹਾਂ ਦੀ ਬੀਮਾਰੀ ਮੈਨੂੰ ਹਮੇਸ਼ਾ ਫ਼ਿਕਰਮੰਦ ਕਰਦੀ ਸੀ, ਤੇ ਮਿਲੇ ਬਿਨਾ ਰਿਹਾ ਨਹੀਂ ਸੀ ਜਾਂਦਾ। ਆਪਣੇ ਅੰਦਰ ਦੀ ਇਸ ਕਮਜ਼ੋਰੀ ਦਾ ਮੈਨੂੰ ਪਹਿਲੀ ਵੇਰ ਅਹਿਸਾਸ ਹੋਇਆ। ਅਗਲੇਰੇ ਸਾਲਾਂ ਵਿਚ ਉਨ੍ਹਾਂ ਦੀਆਂ ਹਸਪਤਾਲੀ ਫੇਰੀਆਂ ਸਮੇਂ ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਰਿਹਾ।

ਭਾਪਾ ਜੀ ਨਾਲ ਮੇਰੀ ਬਹੁਤੀ ਤਕਰਾਰ ਉਨ੍ਹਾਂ ਦੇ ਚਟੋਰੇਪਣ ਕਾਰਨ ਹੁੰਦੀ ਸੀ। ਖਾਣ ਪੀਣ ਵਿਚ ਕਿਸੇ ਕਿਸਮ ਦਾ ਪਰਹੇਜ਼ ਨਹੀਂ ਸਨ ਰੱਖ ਸਕਦੇ, ਜੋ ਕੁਝ ਸਾਹਮਣੇ ਹੋਵੇ ਠੂੰਗੇ ਮਾਰੀ ਜਾਣ ਦੀ ਉਨ੍ਹਾਂ ਦੀ ਵਾਦੀ ਸੀ। ਤੇ ਮੈਨੂੰ ਜਾਪਦਾ ਸੀ ਉਹ ਇਹੋ ਜਿਹੀ ਬਦਪਰਹੇਜ਼ੀ ਨਾਲ ਆਪਣੀ ਸਿਹਤ ਵਿਗਾੜ ਰਹੇ ਸਨ। ਨਾ ਹੀ ਮੈਨੂੰ ਉਨ੍ਹਾਂ ਦਾ ਹਰ ਵੇਲੇ ਉਲਟੇ ਸਿੱਧੇ ਕੰਮ ਸਹੇੜੀ ਰੱਖਣਾ ਚੰਗਾ ਲਗਦਾ ਸੀ। ਡਾਕਟਰਾਂ ਮੁਤਾਬਕ ਉਨ੍ਹਾਂ ਦਾ ਦਿਲ ਆਰਾਮ ਮੰਗਦਾ ਸੀ, ਪਰ ਉਹ ਆਰਾਮ ਕਰਕੇ ਰਾਜ਼ੀ ਨਹੀਂ ਸਨ। ਨਾ ਟਿਕ ਕੇ ਬਹਿੰਦੇ ਸਨ, ਨਾ ਬਹਿਣ ਦੇਂਦੇ ਸਨ। ਮੇਰਾ ਆਪਣਾ ਇਕ ਪੈਰ ਉਨ੍ਹੀਂ ਦਿਨੀਂ ਮਾਸਕੋ, ਤੇ ਦੂਜਾ ਦਿੱਲੀ ਹੁੰਦਾ ਸੀ। ਦੋਹਾਂ ਦੀ ਆਪੋ ਆਪਣੀ ਮਸਰੂਫ਼ ਜ਼ਿੰਦਗੀ ਸੀ, ਜਿਸ ਵਿਚ ਮੁਲਾਕਾਤਾਂ ਛੋਟੀਆਂ ਅਤੇ ਵਿਰਲੀਆਂ ਹੁੰਦੀਆਂ ਸਨ। ਪਰ ਇਨ੍ਹਾਂ ਦੌਰਾਨ ਵੀ ਸਾਡੀਆਂ ਖਹਿਬੜਨੀਆਂ ਜਾਰੀ ਰਹਿੰਦੀਆਂ ਸਨ। ਕਦੇ ਪੰਜਾਬ ਦੇ ਹਾਲਾਤ ਬਾਰੇ ਬਹਿਸ, ਕਦੇ ਕਾਂਗਰਸ ਪਾਰਟੀ ਦੀ ਭੂਮਿਕਾ ਬਾਰੇ ਸਾਡੇ ਵਿਚਾਰਾਂ ਦਾ ਵਖਰੇਵਾਂ, ਕਦੇ ਗਰਬਾਚੋਵ ਦੀਆਂ ਪਾਲਸੀਆਂ ਬਾਰੇ ਸਾਡੀ ਤਕਰਾਰ। ਪਰ ਸ਼ੁਕਰ ਹੈ ਹੁਣ ਇਨ੍ਹਾਂ ਸਿਧਾਂਤਕ ਮਤਭੇਦਾਂ ਦੇ ਪਰਛਾਵੇਂ ਸਾਡੇ ਜਜ਼ਬਾਤੀ ਰੌਂਅ ਨੂੰ ਨਹੀਂ ਸਨ ਪੱਛਦੇ। ਉਂਜ ਵੀ ਇਸ ਮਾਮਲੇ ਵਿਚ ਉਹ ਖੁੱਲ੍ਹ ਦਿਲੇ ਸਨ, ਮੇਰੇ ਸਿਆਸੀ ਨਜ਼ਰੀਏ ਦੇ ਵਖਰੇਵੇਂ ਨੂੰ ਤਸਲੀਮ ਕਰਦੇ ਸਨ, “ਮੈਂ ਵੀ ਤਾਂ ਆਪਣੇ ਪਿਓ ਦੀ ਰਾਹ ਨਹੀਂ ਤੁਰਿਆ, ਤੂੰ ਤਾਂ ਫੇਰ ਵੀ ਮੇਰੇ ਨੇੜਲੇ ਰਾਹਾਂ ਦਾ ਹੀ ਪਾਂਧੀ ਏਂ।ਮੇਰੇ ਵਿਆਹ ਨਾ ਕਰਾਉਣ ਦੇ ਫੈਸਲੇ ਨੂੰ ਵੀ ਉਨ੍ਹਾਂ ਨੇ ਬੜੀ ਖੁੱਲ੍ਹ-ਦਿਲੀ ਨਾਲ ਹੋਊ-ਪਰੇ ਕਰ ਦਿੱਤਾ, ਤੇ ਇਕ ਵਾਰ ਮੇਰਾ ਫੈਸਲਾ ਸੁਣ ਲੈਣ ਤੋਂ ਬਾਅਦ ਕਦੇ ਵੀ ਮੈਨੂੰ ਮੁੜ ਵਿਚਾਰ ਕਰਨਲਈ ਮਜਬੂਰ ਨਾ ਕੀਤਾ

ਇਨ੍ਹਾਂ ਹੀ ਸਾਲਾਂ ਵਿਚ ਪੰਜਾਬ ਵਿਚ ਅਮਨ-ਅਮਾਨ ਮੋੜ ਲਿਆਉਣ ਲਈ ਹਰ ਉਪਰਾਲਾ ਕਰਨਾ ਉਨ੍ਹਾਂ ਦਾ ਅਹਿਮ ਟੀਚਾ ਬਣ ਗਿਆ। ਪੰਜਾਬ ਵਿਚ ਇਹੋ ਜਿਹੇ ਅੱਗ-ਲੱਗਣੇ ਹਾਲਾਤ ਪੈਦਾ ਕਰਨ ਵਿਚ ਕਿਸ ਧਿਰ ਦਾ ਕਸੂਰ ਘੱਟ ਸੀ ਕਿਸ ਦਾ ਵੱਧ, ਇਸ ਬਾਰੇ ਕਈ ਰਾਵਾਂ ਹੋ ਸਕਦੀਆਂ ਹਨ, ਪਰ ਇਸ ਬਾਰੇ ਮੈਨੂੰ ਰਤੀ ਵੀ ਸ਼ੁਬ੍ਹਾ ਨਹੀਂ ਕਿ ਪੰਜਾਬ ਵਿਚ ਹਿੰਦੂ-ਸਿੱਖ ਏਕਤਾ ਨੂੰ ਕਾਇਮ ਰੱਖਣ ਵਿਚ, ਅੱਤਵਾਦੀਆਂ ਨਾਲ ਬੇਖੌਫ਼ ਹੋ ਕੇ ਸਿਧਾਂਤਕ ਲੜਾਈ ਲੜਨ ਵਿਚ ਉਨ੍ਹਾਂ ਦੀ ਭੂਮਿਕਾ ਲਾਮਿਸਾਲ ਰਹੀ ਹੈ। ਜਿਹੜਾ ਬੰਦਾ ਸੂਈ ਲੁਆਉਣ ਤੋਂ ਵੀ ਤ੍ਰਹਿੰਦਾ ਹੋਵੇ, ਉਹ ਗੋਲੀਆਂ ਦੀ ਧਮਕੀਆਂ ਤੋਂ ਡਰਿਆ ਨਹੀਂ। ਉਨ੍ਹਾਂ ਦਿਨਾਂ ਵਿਚ ਵੀ ਨਿਡਰਤਾ ਨਾਲ ਲਿਖਦਾ ਰਿਹਾ, ਘਰ ਵੜ ਕੇ ਨਹੀਂ ਬੈਠਾ, ਹਰ ਖਤਰਾ ਸਹੇੜ ਕੇ ਵੀ ਭੰਬੀਰੀ ਵਾਂਗ ਭੌਂਦਾ ਤੇ ਹਰ ਥਾਂ ਪੁੱਜਦਾ ਰਿਹਾ, ਤੇ ਆਪਣੇ ਵਿਚਾਰਾਂ ਉੱਤੇ ਡਟ ਕੇ ਪਹਿਰਾ ਦੇਂਦਾ ਰਿਹਾ।

ਓਧਰ ਨਵਾਂ ਜ਼ਮਾਨਾਬੜੀ ਡਾਂਵਾਂਡੋਲ ਹਾਲਤ ਵਿਚ ਸੀ। ਅੱਤਵਾਦ ਦੇ ਸਾਲਾਂ ਵਿਚ ਖੌਫ਼ ਦੇ ਮਾਰੇ ਹਾਕਰ ਵੀ ਇਸਨੂੰ ਚੁੱਕਣ ਲਈ ਤਿਆਰ ਨਹੀਂ ਸਨ। ਪਾਰਟੀ ਕੋਲ ਵੀ ਵਸੀਲੇ ਘਟ ਰਹੇ ਸਨ; ਉਸ ਵੱਲੋਂ ਪਰਚੇ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਗਿਆ। ਇਹ ਗੱਲ 1989 ਦੀ ਹੈ। ਭਾਪਾ ਜੀ ਪਰਚੇ ਨੂੰ ਕਿਸੇ ਵੀ ਹਾਲਤ ਵਿਚ ਬੰਦ ਨਹੀਂ ਸਨ ਹੋਣ ਦੇਣਾ ਚਾਹੁੰਦੇ, ਇਸਨੂੰ ਚਲਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਆਪਣੇ ਸਿਰ ਲੈ ਲਈ। ਹੱਥ ਵਿਚ ਠੂਠਾ ਫੜ ਦੇਸ ਦੇ ਅੰਦਰ, ਤੇ ਦੇਸੋਂ ਬਾਹਰ ਵੀ ਫ਼ੰਡ ਇਕੱਤਰ ਕੀਤੇ। ਖੱਬੀਆਂ ਧਿਰਾਂ, ਅਤੇ ਸੈਕੂਲਰ ਸੋਚ ਦਾ ਘੱਟੋ ਘੱਟ ਇਕ ਬੁਲਾਰਾ ਕਾਇਮ ਰਹਿਣਾ ਚਾਹੀਦਾ ਹੈ - ਇਹ ਉਨ੍ਹਾਂ ਦਾ ਤਹੱਈਆ ਅਤੇ ਟੀਚਾ ਬਣ ਚੁੱਕੇ ਸਨ, ਜਿਸ ਲਈ ਉਨ੍ਹਾਂ ਪਾਰਟੀ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਰਹਿਣ ਤੋਂ ਕਿਨਾਰਾ ਕਰ ਲਿਆ। ਇਹ ਕਹਾਣੀ ਜੱਗ-ਜਾਣੀ ਹੈ, ਇਸ ਲਈ ਇਸ ਬਾਰੇ ਹੋਰ ਕੁਝ ਲਿਖਣ ਦੀ ਲੋੜ ਨਹੀਂ। ਮੈਂ ਤਾਂ ਭਾਪਾ ਜੀ ਨਾਲ ਆਪਣੇ ਰਿਸ਼ਤੇ ਦੀ ਕਹਾਣੀ ਸੁਣਾ ਰਿਹਾ ਹਾਂ ...

1991 ਦੇ ਹੁਨਾਲ ਵਿਚ, ਸੋਵੀਆ ਯੂਨੀਅਨ ਦੇ ਢਹਿਣ ਤੋਂ ਤਕਰੀਬਨ ਡੇਢ ਕੁ ਵਰ੍ਹਾ ਪਹਿਲਾਂ ਮੈਂ ਆਪਣੀ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਅਤੇ ਆਪਣੇ ਮਾਲਕਾਂ ਨੂੰ ਛੇ ਮਹੀਨੇ ਦਾ ਨੋਟਿਸ ਦੇ ਦਿੱਤਾ। ਸਿਰਫ਼ 36 ਵਰ੍ਹਿਆਂ ਦੀ ਉਮਰੇ ਇਸ ਚੰਗੀ ਭਲੀ ਨੌਕਰੀ ਨੂੰ ਛੱਡਣ ਦੇ ਦੋ ਕਾਰਨ ਸਨ। ਮੇਰੀ ਮਾਲਕ ਜੋੜੀ ਤਾਂ ਚੰਗੀ ਸੀ, ਪਰ ਬਜ਼ੁਰਗ ਹੋ ਰਹੀ ਸੀ; ਬੱਚੇ ਉਨ੍ਹਾਂ ਦੇ ਕੰਮ ਵਿਚ ਕੋਈ ਦਿਲਚਸਪੀ ਨਹੀਂ ਸਨ ਲੈਂਦੇ। ਮਾਲਕਾਂ ਦੇ ਬੰਬਈ, ਕਲਕੱਤੇ ਵਰਗੇ ਥਾਂ ਥਾਂ ਥਾਪੇ ਮੈਨੇਜਰ (ਜਿਨ੍ਹਾਂ ਵਿਚ ਉਨ੍ਹਾਂ ਦੇ ਹੀ ਕਰੀਬੀ ਰਿਸ਼ਤੇਦਾਰ ਭਾਈ-ਭਤੀਜੇ ਵੀ ਸ਼ਾਮਲ ਸਨ) ਇਸ ਖਿਲਾਅ ਨੂੰ ਦੇਖਦੇ ਹੋਏ ਆਪੋ-ਆਪਣੀਆਂ ਸਲਤਨਤਾਂ ਕਾਇਮ ਕਰਨ ਵਿਚ ਰੁੱਝੇ ਹੋਏ ਸਨ। ਹਰ ਪਾਸੇ ਧੜੇਬੰਦੀਆਂ ਅਤੇ ਧਾਂਦਲੀਆਂ ਜਿਹੀਆਂ ਦਿਸਣ ਲੱਗ ਪਈਆਂ ਸਨ। ਮਾਸਕੋ ਵਾਲਾ ਦਫ਼ਤਰ, ਇਨ੍ਹਾਂ ਸਾਰੇ ਬਰਾਂਚ ਦਫ਼ਤਰਾਂ ਨਾਲ ਜੁੜਿਆ ਹੋਣ ਕਰਕੇ ਇਸ ਖਿਚੋਤਾਣ ਦੀ ਭਵਿੱਖੀ ਤਸਵੀਰ ਮੇਰੇ ਸਾਹਮਣੇ ਸਮੁੱਚਤਾ ਵਿਚ ਪੇਸ਼ ਕਰਦਾ ਸੀ। ਇਸ ਪਾਟੋਧਾੜ ਤੋਂ ਮੈਂ ਲਾਂਭੇ ਰਹਿਣਾ ਚਾਹੁੰਦਾ ਸਾਂ। ਪਰ ਦੂਜਾ ਕਾਰਨ ਨਿਰੋਲ ਨਿੱਜੀ ਸੀ। ਸੁਭਾਅ ਪੱਖੋਂ ਮੈਂ ਕੁਝ ਆਲਸੀ ਵੀ ਹਾਂ, ਤੇ ਖਾਨਾਬਦੋਸ਼ ਵੀ। ਦਸ ਸਾਲ ਲਗਾਤਾਰ ਨੌਕਰੀ, ਅਤੇ ਲਗਾਤਾਰ ਸਫ਼ਰ ਕਰ ਕਰ ਮੈਂ ਥੱਕ ਚੁੱਕਾ ਸਾਂ। ਦਿਨੇ ਦਿੱਲੀ, ਰਾਤ ਦੀ ਉਡਾਣ ਲੈ ਕੇ ਸਵੇਰੇ ਫ਼੍ਰੈਂਕਫ਼ਰਟ ਅਤੇ ਅਗਲੀ ਸ਼ਾਮ ਤਕ ਮਾਸਕੋ ਪਹੁੰਚਣ ਵਰਗੀਆਂ ਫੇਰੀਆਂ ਹੁਣ ਰਤਾ ਨਹੀਂ ਸਨ ਪੋਂਹਦੀਆਂ। ਹੁਣ ਮੈਂ ਸੁਤੰਤਰ ਰੂਪ ਵਿਚ ਕੰਮ ਕਰਨਾ ਚਾਹੁੰਦਾ ਸਾਂ, ਅਤੇ ਆਪਣੀ ਸੁਸਤ ਚਾਲੇ। ਜਲੰਧਰ ਵਿਚ ਬਚਪਨ ਦਾ ਇਕ ਸਕੂਲੀ ਦੋਸਤ ਮੈਨੂੰ ਬਤੌਰ ਸਲਾਹਕਾਰ ਉਸ ਨਾਲ ਜੁੜਨ ਦੇ ਸੱਦੇ ਦੇ ਰਿਹਾ ਸੀ। ਨਾਲ ਹੀ ਰੂਸੀ-ਅੰਗਰੇਜ਼ੀ ਅਨੁਵਾਦ ਦੇ ਕੰਮ ਤੋਂ ਵੀ ਰੋਜ਼ੀ ਰੋਟੀ ਚੰਗੀ ਕਮਾਈ ਜਾ ਸਕਦੀ ਸੀ। ਮੈਂ ਮਾਪਿਆਂ ਨੂੰ ਆਪਣਾ ਫੈਸਲਾ ਸੁਣਾ ਦਿੱਤਾ, ਅਤੇ ਮਾਰਚ 1992 ਵਿਚ ਆਪਣੀ ਪਹਿਲੀ ਨੌਕਰੀ ਤਜ ਕੇ ਛੇ ਮਹੀਨੇ ਦੀ ਛੁੱਟੀ ਬਾਹਰ ਚਲਾ ਗਿਆ। ਮੈਨੂੰ ਨਹੀਂ ਯਾਦ ਕਿ ਭਾਪਾ ਜੀ ਨੇ ਮੇਰੇ ਇਸ ਫ਼ੈਸਲੇ ਬਾਰੇ ਕੋਈ ਵੀ ਸਵਾਲ ਜਾਂ ਬਹਿਸ ਕੀਤੀ ਹੋਵੇ। ਮੇਰੀ ਜ਼ਿੰਦਗੀ ਦੇ ਨਿਰੋਲ ਨਿੱਜੀ ਫੈਸਲਿਆਂ ਬਾਰੇ ਉਨ੍ਹਾਂ ਕਦੇ ਵੀ ਕਿੰਤੂ ਨਹੀਂ ਸੀ ਕੀਤਾ।

1992 ਦੇ ਅਕਤੂਬਰ ਵਿਚ ਮੈਂ ਆਪਣੇ ਜਲੰਧਰ ਵਾਲੇ ਦੋਸਤ ਕੋਲ ਬਤੌਰ ਸਲਾਹਕਾਰ ਆ ਗਿਆ। ਤੈਅ ਹੋਇਆ ਕਿ ਮਹੀਨੇ ਵਿਚ ਦਸ ਦਿਨ ਮੈਂ ਜਲੰਧਰ ਰਿਹਾ ਕਰਾਂਗਾ ਅਤੇ ਵੀਹ ਦਿਨ ਦਿੱਲੀ। ਲੋੜ ਪੈਣ ਤੇ ਕਦੇ ਕਦਾਈਂ ਉਸ ਫ਼ਰਮ ਦੇ ਕੰਮਾਂ ਉੱਤੇ ਮੈਨੂੰ ਬੰਬਈ ਜਾਂ ਮਦਰਾਸ ਵੀ ਜਾਣਾ ਪੈਂਦਾ ਸੀ। ਬਾਕੀ ਸਮਾਂ ਮੈਂ ਆਪਣਾ ਕੰਮ ਕਰਨ ਲਈ ਸੁਤੰਤਰ ਸਾਂ। ਜਲੰਧਰ ਵਿਚ ਕਿਆਮ ਵਾਲੇ ਦਿਨਾਂ ਵਿਚ ਬਾਅਦ ਦੁਪਹਿਰ ਘੰਟੇ ਕੁ ਲਈ ਮੈਂ ਨਵਾਂ ਜ਼ਮਾਨਾ ਦੇ ਦਫ਼ਤਰ ਵੀ ਆਉਣ ਲੱਗ ਪਿਆ। ਅਗਲੇ ਕੁਝ ਸਾਲਾਂ ਵਿਚ ਆਪਣੇ ਦੇਖੇ ਵਾਚੇ ਨੂੰ ਕੁਝ ਸ਼ਬਦਾਂ ਵਿਚ ਸਮੇਟਾਂ ਤਾਂ ਕਹਿ ਸਕਦਾ ਹਾਂ ਕਿ ਭਾਪਾ ਜੀ ਦੇ ਕਿਰਦਾਰ ਦੀਆਂ ਸਾਰੀਆਂ ਕਮੀਆਂ ਨਾਲ ਉਨ੍ਹਾਂ ਦਾ ਦਫ਼ਤਰ ਅੱਟਿਆ ਦਿਸਦਾ ਸੀ। ਸਾਹਮਣੇ ਬੈਠੇ ਬੰਦੇ ਦੀ ਗੱਲ ਸੁਣਕੇ ਛੇਤੀ ਉਸਦਾ ਪਰਭਾਵ ਕਬੂਲਣ ਕਾਰਨ ਉਹ ਗਲਤ ਮਲਤ ਪ੍ਰਬੰਧਕੀ ਫੈਸਲੇ ਲੈ ਲੈਂਦੇ ਸਨ। ਕਦੇ ਇਸ ਦਫ਼ਤਰ ਵਿਚ ਪ੍ਰਤੀਬੱਧ ਕਿਸਮ ਦੇ ਕਾਮਰੇਡਾਂ ਦਾ ਬੋਲਬਾਲਾ ਹੁੰਦਾ ਸੀ, ਜਿਨ੍ਹਾਂ ਦੇ ਸਾਹਮਣੇ ਨਿੱਜੀ ਨਹੀਂ, ਪਰਚੇ ਜਾਂ ਪਾਰਟੀ ਦੇ ਹਿਤ ਪਰਮੁੱਖ ਹੁੰਦੇ ਸਨ। ਪਰ ਹੁਣ ਨਵੀਂ ਪੀੜ੍ਹੀ ਦੇ ਲੋਕ ਆਪਣੇ ਗੌਂ ਪੁਗਾਉਣ ਖਾਤਰ, ਜਾਂ ਆਪਣੀ ਪੈਂਠ ਬਣਾਉਣ ਲਈ ਚਾਪਲੂਸੀ ਤੋਂ ਲੈ ਕੇ ਚੁਗਲੀਆਂ, ਅਤੇ ਤੱਥਾਂ ਦੀ ਤੋੜ-ਮਰੋੜ ਤੋਂ ਲੈ ਕੇ ਸੁਧੇ ਝੂਠ ਬੋਲਣ ਤਕ ਦੇ ਹਥਕੰਡੇ ਵਰਤਦੇ ਸਨ। ਮੈਨੂੰ ਜਾਪਦਾ ਸੀ ਕਿ ਭਾਪਾ ਜੀ ਨਾ ਸਿਰਫ਼ ਕੰਨਾਂ ਦੇ ਕੱਚੇ ਹਨ, ਬਲਕਿ ਬੰਦੇ ਨੂੰ ਪਛਾਨਣ ਵਿਚ ਵੀ ਵੱਡੇ ਟਪਲੇ ਖਾਂਦੇ ਹਨ। ਉਹਨਾਂ ਨੂੰ ਲਗਦਾ ਸੀ ਕਿ ਮੈਂ ਸ਼ੱਕੀ ਸੁਭਾਅ ਦਾ ਹਾਂ ਅਤੇ ਛੋਟੀਆਂ ਛੋਟੀਆਂ ਗੱਲਾਂ ਵਿੱਚੋਂ ਐਂਵੇਂ ਹੀ ਵੱਡੇ ਨਿਚੋੜ ਕੱਢਣ ਲੱਗ ਪੈਂਦਾ ਹਾਂ। ਉਂਜ ਵੀ ਆਪਣੀ ਗੱਲ ਰੱਖਦਿਆਂ ਉਸਨੂੰ ਨਰਮਾਈ ਨਾਲ ਪੇਸ਼ ਕਰਨ ਦੇ ਹੁਨਰ ਤੋਂ ਮੈਂ ਵਿਰਵਾ ਹਾਂ। ਹਰ ਵਾਰ ਆਪਣੇ ਪਰਭਾਵ ਏਨੀ ਸਖਤਾਈ ਜਾਂ ਬੇਹੁਨਰੀ ਨਾਲ ਪੇਸ਼ ਕਰਦਾ ਸਾਂ ਕਿ ਸਾਡੀ ਲੜਾਈ ਹੋ ਜਾਂਦੀ ਸੀ।

‘ਨਵਾਂ ਜ਼ਮਾਨਾ’ ਨੂੰ ਚਲਾਉਣ ਨਾਲ ਹੀ ਜੁੜੀ ਹੋਈ ਇਕ ਗੱਲ ਹੋਰ ਵੀ ਸੀ, ਜੋ ਮੈਨੂੰ ਬਹੁਤ ਤੰਗ ਕਰਦੀ ਸੀ। ਪਰਚੇ ਨੂੰ ਚਲਾਉਣ ਲਈ ਸਰਕਾਰੀ ਇਸ਼ਤਿਹਾਰ ਚਾਹੀਦੇ ਸਨ। ਆਪਣੀਆਂ ਦਿੱਲੀ ਫੇਰੀਆਂ ਦੌਰਾਨ ਮੇਰੇ ਦਿੱਲੀ ਵਾਲੇ ਘਰ ਤੋਂ ਭਾਪਾ ਜੀ ਅਫ਼ਸਰਾਂ ਨੂੰ ਅਜਿਹੇ ਲਿਲਕੜੀਆਂ ਭਰੇ ਫੋਨ ਕਰਦੇ ਸਨ ਕਿ ਮੈਨੂੰ ਖਿਝ ਆਉਂਦੀ ਸੀ। ਇਹ ਸੁਰ, ਇਹ ਅਰਜੋਈਆਂ ਮੈਨੂੰ ਉਨ੍ਹਾਂ ਦੇ ਸਿਆਸੀ ਅਤੇ ਸਮਾਜਕ ਰੁਤਬੇ ਦੀ ਹੇਠੀ ਜਾਪਦੀਆਂ ਸਨ। ਪਰ ਮੈਂ ਜਿੰਨਾ ਮਰਜ਼ੀ, ਜੋ ਮਰਜ਼ੀ ਕਹਿ ਲਵਾਂ ਨਵਾਂ ਜ਼ਮਾਨਾ’ ਲਈ ਵਸੀਲੇ ਇਕੱਤਰ ਕਰ ਲੱਗਿਆਂ ਇਹ ਅਣਖੀ ਆਦਮੀ, ਆਪਣੀ ਸਾਰੀ ਹਉਮੈ ਨੂੰ ਤਜ ਕੇ ਵੀ ਗੱਲ ਕਰ ਸਕਦਾ ਸੀ।

1993 ਵਿਚ, ਸੋਵੀਅਤ ਸੰਘ ਦੇ ਟੁੱਟਣ ਅਤੇ ਆਪਣੀ ਨੌਕਰੀ ਛੱਡ ਦੇਣ ਤੋਂ ਬਾਅਦ ਮੈਂ ਪਹਿਲੀ ਵਾਰ ਨਿਜੀੱ ਫੇਰੀ ਤੇ ਰੂਸ ਗਿਆ ਇਨ੍ਹਾਂ ਦਿਨਾਂ ਵਿਚ ਹੀ ਬਲਬੀਰ ਪਰਵਾਨਾ ਨੇ ਮੈਨੂੰ ਆਪਣੀ ਦੇਖਰੇਖ ਹੇਠ ਚੱਲ ਰਹੇ ਸਪਤਾਹਕ ਅੰਕ “ਐਤਵਾਰਤਾ” ਲਈ ਰੂਸ ਬਾਰੇ ਸਫ਼ਰਨਾਮਾ ਲਿਖਣ ਲਈ ਪ੍ਰੇਰਿਆ, ਜੋ ਕਈ ਸਾਲਾਂ ਬਾਅਦ ਬਾਤ ਇਕ ਬੀਤੇ ਦੀਦੇ ਨਾਂਅ ਹੇਠ ਪੁਸਤਕ ਰੂਪ ਵਿਚ ਪ੍ਰਕਾਸ਼ਤ ਹੋਇਆ। ਬੜੇ ਸਾਲ ਮਗਰੋਂ ਕਲਮ ਫੜੀ ਸੀ, ਐਤਕੀ ਮੈਂ ਨਾਂਅ ਨਾਲੋਂ ਆਨੰਦ’ ਲਾਹ ਦਿੱਤਾ। ਮੈਂ ਭਾਪਾ ਜੀ ਦੇ ਜਾਣੇ ਜਾਂਦੇ ਨਾਂਅ ਤੋਂ ਇਕ ਦੂਰੀ ਬਣਾ ਕੇ ਰੱਖਣਾ ਚਾਹੁੰਦਾ ਸਾਂ। ਨਹੀਂ ਸਾਂ ਚਾਹੁੰਦਾ ਕਿ ਪਾਠਕ ਉਨ੍ਹਾਂ ਦੀ ਸਥਾਪਤ ਛਬ ਕਾਰਨ ਮੇਰੇ ਬਾਰੇ ਕੋਈ ਪੂਰਵ-ਧਾਰਨਾਵਾਂ ਬਣਾ ਕੇ ਮੇਰੀ ਲਿਖਤ ਪੜ੍ਹਨ। ਇਸ ਲੇਖ ਲੜੀ ਦੇ ਪਹਿਲੇ ਹੀ ਹਿੱਸੇ ਵਿਚ ਕੋਈ ਸ਼ਬਦ ਅਜਿਹਾ ਸੀ ਜਿਸਨੂੰ ਪੜ੍ਹ ਕੇ ਭਾਪਾ ਜੀ ਦਾ ਫੋਨ ਆਇਆ ਤੇ ਉਨ੍ਹਾਂ ਨੇ ਉਸ ਸ਼ਬਦ ਨੂੰ ਬਦਲਣ ਦਾ ਸੁਝਾਅ ਦਿੱਤਾ। ਮੈਂ ਰਤਾ ਸਖਤਾਈ ਨਾਲ ਕਿਹਾ, “ਉਹ ਸ਼ਬਦਾਵਲੀ ਜਗਜੀਤ ਸਿੰਘ ਆਨੰਦ ਦੀ ਹੈ, ਮੇਰੀ ਨਹੀਂ। ਮੇਰੇ ਲਿਖੇ ਸ਼ਬਦ ਉਂਜ ਹੀ ਰਹਿਣ ਦਿਆ ਕਰੋ।” ਇਸਤੋਂ ਬਾਅਦ ਉਨ੍ਹਾਂ ਕਦੇ ਵੀ ਮੈਨੂੰ ਕੋਈ ਸੁਝਾਅ ਨਾ ਦਿੱਤਾ, ਕਦੇ-ਕਦਾਈਂ ਲੋੜ ਪੈਣ ਤੇ ਮੈਂ ਆਪ ਹੀ ਢੁੱਕਵਾਂ ਸ਼ਬਦ ਪੁੱਛ ਲੈਂਦਾ ਸਾਂ, ਪਰ ਉਨ੍ਹਾਂ ਇਸ ਤੋਂ ਬਾਅਦ ਚੁੱਪੀ ਸਾਧ ਲਈ। ਹੁਣ ਪਿੱਛੇ ਵਲ ਮੁੜ ਕੇ ਦੇਖਦਾ ਹਾਂ ਤਾਂ ਆਪਣਾ ਹੀ ਮਾਨਸਕ ਵਿਸ਼ੇਲਸ਼ਣ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਆਪਣੇ ਨਾਂਅ ਨਾਲੋਂ ਸਿਰਫ਼ ਆਨੰਦ’ ਹੀ ਨਹੀਂ ਛਾਂਗਿਆ, ਆਪਣੀ ਲਿਖਤ ਨਾਲ ਕਿਤੇ ਵੀ ਉਨ੍ਹਾਂ ਦਾ ਨਾਂਅ ਨਹੀਂ ਵਰਤਿਆ। ਜਿੱਥੇ ਕਿਤੇ ਲੋੜ ਪਈ ਸਿਰਫ਼ਮੇਰਾ ਪਿਤਾਹੀ ਲਿਖਿਆ ਹੈ, ਜਿਵੇਂ ਕਿਸੇ ਅਨਜਾਣੇ ਮਨੁੱਖ ਦੀ ਗੱਲ ਕਰ ਰਿਹਾ ਹੋਵਾਂ, ਜਾਂ ਫੇਰ ਉਸ ਦਾ ਸਬੰਧੀ ਹੋਣ ਕਾਰਨ ਕਿਸੇ ਸ਼ਰਮ ਦਾ ਡੰਗਿਆ ਹੋਵਾਂ। ਇੱਥੋਂ ਤਕ ਕਿ ਮੇਰੀ ਮੁਲਾਕਾਤਾਂ ਦੀ ਪੁਸਤਕ ਗੱਲਾਂ ਤੇਰੀਆਂ ਤੇ ਕੁਝ ਮੇਰੀਆਂਜੋ ਉਨ੍ਹਾਂ ਨੂੰ ਸਮਰਪਤ ਹੈ, ਉੱਥੋਂ ਵੀ ਉਨ੍ਹਾਂ ਦਾ ਨਾਂਅ ਗਾਇਬ ਹੈ। ਸਮਰਪਣ ਸਿਰਫ਼ਆਪਣੇ ਪਿਤਾ ਦੇ ਨਾਂਅਹੈ ਕੋਈ ਮਨੋਵਿਗਿਆਨੀ ਹੀ ਦੱਸ ਸਕਦਾ ਹੈ ਕਿ ਉਨ੍ਹਾਂ ਕੋਲੋਂ ਏਨੀ ਵਿਥ ਸਥਾਪਤ ਕਰੀ ਰੱਖਣ ਪਿੱਛੇ ਮੇਰੀਆਂ ਕਿਹੜੀਆਂ ਮਾਨਸਕ ਗੁੰਝਲਾਂ ਸਨ! ਪਰ ਇਹ ਵਿਥ ਸਥਾਪਤ ਕਰਨ ਵਿਚ ਮੈਂ ਇੰਨਾ ਕਾਮਯਾਬ ਹੋਇਆ ਕਿ ਬੜੇ ਸਾਲ ਤਕ, ਸਗੋਂ ਹੁਣ ਤਕ ਵੀ, ਕਈ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਮੈਂ ਜਗਜੀਤ ਸਿੰਘ ਆਨੰਦ ਦਾ ਪੁੱਤਰ ਹਾਂ।

ਆਪਣੇ ਦੋਸਤ ਨਾਲ ਬਤੌਰ ਸਲਾਹਕਾਰ ਮੇਰੀ ਨੌਕਰੀ ਵੀ ਚਾਰ-ਪੰਜ ਸਾਲ ਤੋਂ ਵੱਧ ਨਾ ਚੱਲੀ। ਦੋਸਤੀ ਤਾਂ ਬਰਕਰਾਰ ਰਹੀ, ਸਾਡੇ ਵਿਹਾਰਕ ਸਬੰਧਾਂ ਦਾ ਭੋਗ ਪੈ ਗਿਆ। ਅੰਤਰਰਾਸ਼ਟਰੀ ਖੇਤਰ ਵਿਚ ਕੰਮ ਦਾ ਤਜਰਬਾ ਰਿਹਾ ਹੋਣ ਕਾਰਨ, ਛੋਟੇ ਸ਼ਹਿਰ ਦੀਆਂ ਕੰਪਨੀਆਂ ਦੀ ਰੋਕੜਾ-ਅਧਾਰਤ ਆਰਥਕਤਾ ਦੀ ਨਾ ਮੈਨੂੰ ਸਮਝ ਪੈਂਦੀ ਸੀ, ਨਾ ਇਹ ਮੈਨੂੰ ਚੰਗੀ ਲਗਦੀ ਸੀ। ਮੇਰਾ ਜਲੰਧਰ ਆਉਣਾ ਜਾਣਾ ਆਪੇ ਹੀ ਘਟ ਗਿਆ। ਭਾਪਾ ਜੀ-ਅੰਮੀ ਤਾਂ ਦਿੱਲੀ ਆਏ ਹੀ ਰਹਿੰਦੇ ਸਨ। ਨੱਬੇਵਿਆਂ ਦੇ ਅੰਤ ਤਕ ਜਸਵਿੰਦਰ ਮੰਡ ਜਲੰਧਰ ਆ ਚੁੱਕਾ ਸੀ ਅਤੇ ਪਰਬੰਧਕੀ ਕੰਮਾਂ ਵਿਚ ਭਾਪਾ ਜੀ ਦੀ ਮਦਦ ਕਰਨ ਲੱਗ ਪਿਆ ਸੀ। ਮੇਰੇ ਤੋਂ ਉਲਟ ਉਸ ਵਿਚ ਤਹੱਮਲ ਵੀ ਸੀ, ਆਪਣੀ ਗੱਲ ਸਹੀ ਤਰ੍ਹਾਂ ਰੱਖਣ ਦਾ ਵੱਲ ਵੀ। ਉਂਜ ਵੀ, ਉਮਰ ਵਿਚ ਪਾੜੇ, ਅਤੇ ਦਿਲੀ ਸਤਿਕਾਰ ਕਾਰਨ ਉਹ ਭਾਪਾ ਜੀ ਨਾਲ ਕਦੇ ਵੀ ਤਲਖ ਸੁਰ ਵਿਚ ਗੱਲ ਨਹੀਂ ਸੀ ਕਰਦਾ। ਤੇ ਮੇਰਾ ਤਾਂ ਆਪਣੀ ਸੁਰ ਤੇ ਕਦੀ ਕਾਬੂ ਰਿਹਾ ਹੀ ਨਹੀਂ।

ਭਾਪਾ ਜੀ ਅੱਸੀਆਂ ਦੇ ਨੇੜੇ ਢੁੱਕ ਰਹੇ ਸਨ, ਪਰ ਉਹੋ ਭਾਜੜ ਭਰੀ ਜ਼ਿੰਦਗੀ ਜਾਰੀ ਸੀ। ਥਾਂ ਥਾਂ ਭੌਂਦੇ ਸਨ, ਮਹੀਨੇ ਵਿਚ ਦੋ ਦੋ ਵਾਰ ਦਿੱਲੀ ਦਾ ਗੇੜਾ ਮਾਰ ਜਾਂਦੇ ਸਨ। 1994 ਵਿਚ ਦਿਲ ਦੀ ਬਾਈ ਪਾਸ ਸਰਜਰੀ ਹੋਈ ਸੀ; ਉਸਤੋਂ ਬਾਅਦ ਥੋੜ੍ਹਾ ਕੁ ਚਿਰ ਕਮਜ਼ੋਰ ਮਹਿਸੂਸ ਕਰਨ ਤੋਂ ਬਾਅਦ ਉਹ ਬਿਲਕੁਲ ਨੌ ਬਰ ਨੌ ਮਹਿਸੂਸ ਕਰਨ ਲੱਗ ਪਏ ਸਨ। ਗਰਮੀਆਂ ਵਿਚ ਪਹਾੜਾਂ ’ਤੇ ਜਾ ਕੇ ਇਹੋ ਜਿਹੀਆਂ ਚੜ੍ਹਾਈਆਂ ਚੜ੍ਹ ਆਉਂਦੇ ਸਨ ਕਿ ਜਵਾਨਾਂ ਦਾ ਵੀ ਸਾਹ ਫੁੱਲ ਜਾਵੇ। 2000 ਵਿਚ ਉਨ੍ਹਾਂ ਨੂੰ ਫੇਰ ਕੁਝ ਕਮਜ਼ੋਰੀ ਮਹਿਸੂਸ ਹੋਈ। ਦਿੱਲੀ ਆਏ ਅਤੇ ਆਪਣੇ ਆਪ ਨੂੰ ਹਸਪਤਾਲ ਵਿਚ ਦਾਖਲ ਕਰਾ ਲਿਆ। ਉਨ੍ਹਾਂ ਦਾ ਪਿਛਲਾ ਅਪ੍ਰੇਸ਼ਨ ਵੇਲੇ ਦੇ ਮਸ਼ਹੂਰ ਸਰਜਨ ਵੇਨੂਗੋਪਾਲ ਨੇ ਕੀਤਾ ਸੀ, ਉਸੇ ਕੋਲੋਂ ਮੁੜ ਕਰਾਉਣਾ ਚਾਹੁੰਦੇ ਸਨ। ਉਹ ਏਮਜ਼ ਵਿਚ ਸੀ ਜਿੱਥੇ ਵੀ. ਆਈ. ਪੀ. ਕਮਰਿਆਂ ਦੀ ਹਮੇਸ਼ਾ ਘਾਟ ਰਹਿੰਦੀ ਹੈ। ਪਰ ਭਾਪਾ ਜੀ ਨੂੰ ਅਪ੍ਰੇਸ਼ਨ ਕਰਾਉਣ ਦੀ ਕਾਹਲ ਸੀ, ਜਾਂ ਏਉਂ ਕਹਿ ਲਉ ਆਪਣੇ ਆਪ ਨੂੰ ਮੁੜ ਨੌ ਬਰ ਨੌ ਮਹਿਸੂਸ ਕਰਾਉਣ ਦੀ। ਜਿਹੜਾ ਵੀ ਕਮਰਾ ਮਿਲਿਆ, ਉਸ ਵਿਚ ਦਾਖਲ ਹੋ ਗਏ। ਸੌੜਾ ਜਿਹਾ ਕਮਰਾ: ਮਰੀਜ਼ ਤੋਂ ਇਲਾਵਾ ਮਸਾਂ ਦੋ ਫ਼ੁਟ ਚੌੜਾ ਫੱਟਾ ਹੋਰ ਡਾਹੁਣ ਜੋਗੀ ਥਾਂ, ਜਿਸ ਉੱਤੇ ਅੰਮੀ ਪੈ ਜਾਂਦੇ ਸਨ। ਮੈਂ ਗੁਸਲਖਾਨੇ ਅਤੇ ਕਮਰੇ ਵਿਚਕਾਰ ਬਚਦੇ ਲਾਂਘੇ ਉੱਤੇ ਦਰੀ ਪਾ ਕੇ ਸੌਂ ਜਾਣਾ। ਅੰਮੀ ਨੇ ਲੱਖ ਕਿਹਾ ਕਿ ਰਾਤ ਕੋਲ ਰਹਿਣ ਦੀ ਲੋੜ ਨਹੀਂ ਪਰ ਮੇਰਾ ਮਨ ਨਹੀਂ ਸੀ ਮੰਨਦਾ। ਇਹ ਗੱਲ ਵੀ ਕਿਸੇ ਮਨੋਵਿਗਿਆਨੀ ਦੇ ਹੀ ਵਿਸ਼ਲੇਸ਼ਣ ਦੀ ਮੁਹਤਾਜ ਹੈ ਕਿ ਜਿਹੜਾ ਪੁੱਤਰ ਤੰਦਰੁਸਤ ਬਾਪ ਨਾਲ ਹਰ ਵੇਲੇ ਆਢਾ ਲਾਈ ਰੱਖਦਾ ਹੋਵੇ, ਉਸਦੇ ਬੀਮਾਰ ਪੈਣ ਸਾਰ ਇੰਨਾ ਪੰਘਰ ਕਿਉਂ ਜਾਂਦਾ ਸੀ! 6-7 ਦਿਨ ਟੈਸਟ ਹੋਏ, ਡਾ. ਵੇਨੂਗੋਪਾਲ ਆਏ ਅਤੇ ਕਹਿ ਦਿੱਤਾ, ‘ਤੁਮ ਠੀਕ ਹੈ, ਔਰ ਅਪ੍ਰੇਸ਼ਨ ਨਹੀਂ ਹੋਗਾ। ਥੋੜ੍ਹਾ ਕਾਮ ਘਟਾਓ। ਬਾਕੀ ਸਭ ਠੀਕ ਹੈ। ਮੈਨੂੰ ਉਸਨੇ ਸਮਝਾ ਦਿੱਤਾ ਕਿ ਖਤਰੇ ਵਾਲੀ ਕੋਈ ਗੱਲ ਨਹੀਂ, ਸਗੋਂ ਖਤਰਾ ਅਪ੍ਰੇਸ਼ਨ ਵਿਚ ਹੋ ਸਕਦਾ ਹੈ। ਪਿਛਲੀ ਵਾਰ ਪੰਜ ਥਾਂਵਾਂ ਤੋਂ ਅਟਕਾਅ ਲੱਭਾ ਸੀ, ਦੋਹਾਂ ਲੱਤਾਂ ਵਿੱਚੋਂ ਨਾੜਾਂ ਕੱਢ ਕੇ ਦਿਲ ਵਿਚ ਪਾਈਆਂ ਗਈਆਂ ਸਨ (ਉਦੋਂ ਅਪ੍ਰੇਸ਼ਨ 6 ਘੰਟੇ ਚੱਲਿਆ ਸੀ), ਹੁਣ ਇਹੋ ਜਿਹੀ ਖੇਡ ਸਰੀਰ ਨਾਲ ਮੁੜ ਨਹੀਂ ਖੇਡੀ ਜਾ ਸਕਦੀ। ਪਰਹੇਜ਼, ਵਰਜ਼ਿਸ਼ ਅਤੇ ਕੰਮਾਂ ਨੂੰ ਘਟਾਉਣ ਦੀ ਲੋੜ ਹੈ। ਪਰ ਭਾਪਾ ਜੀ ਨੂੰ ਸਮਝਾਵੇ ਕੌਣ?

ਓਧਰ ਅੰਮੀ ਦੇ ਗੋਡੇ ਵੀ ਬਹੁਤ ਤੰਗ ਕਰ ਰਹੇ ਸਨਡਾਕਟਰ ਘੱਟੋ-ਘੱਟ ਇਕ ਗੋਡਾ ਬਦਲਾਉਣ ਦੀ ਸਲਾਹ ਦੇ ਰਹੇ ਸਨ। ਨਵੰਬਰ 2001 ਵਿਚ ਏਮਜ਼ ਵਿਚ ਹੀ ਉਨ੍ਹਾਂ ਦਾ ਇਕ ਗੋਡਾ ਬਦਲਾ ਦਿੱਤਾ ਗਿਆ। ਮਾਪਿਆਂ ਦੀਆਂ ਦਿੱਲੀ ਫੇਰੀਆਂ ਘਟਣ ਲੱਗ ਪਈਆਂ, ਮੇਰਾ ਜਲੰਧਰ ਆਉਣਾ-ਜਾਣਾ ਵਧ ਗਿਆ। ਉਂਜ ਵੀ ਮੇਰਾ ਅਨੁਵਾਦ ਦਾ ਬਹੁਤਾ ਕੰਮ ਹੁਣ ਇੰਟਰਨੈੱਟ ਰਾਹੀਂ ਹੋਣ ਲੱਗ ਪਿਆ ਸੀ, ਸੋ ਕੰਮ ਮੈਂ ਕਿਤੇ ਵੀ ਬੈਠ ਕੇ ਕਰ ਸਕਦਾ ਸਾਂ, ਬਸ ਕੋਲ ਕੰਪਿਊਟਰ ਹੋਣ ਦੀ ਲੋੜ ਸੀ।

2001 ਦੇ ਅੰਤਲੇ ਦਿਨਾਂ ਵਿਚ ਭਾਪਾ ਜੀ ਨੇ ਉਮਰ ਦੇ ਨੌਂਵੇਂ ਦਹਾਕੇ ਵਿਚ ਪ੍ਰਵੇਸ਼ ਕੀਤਾ। ਸਰਸਰੀ ਤੌਰ ਉੱਤੇ ਮਿਲਣ ਵਾਲੇ ਕਿਸੇ ਨੂੰ ਵੀ ਉਨ੍ਹਾਂ ਦੀ ਏਨੀ ਵੱਡੀ ਉਮਰ ਬਾਰੇ ਬਿਲਕੁਲ ਸ਼ੱਕ ਨਹੀਂ ਸੀ ਪੈਂਦਾ। ਝੁਰੜੀਆਂ ਰਹਿਤ ਗੋਰੀ ਚਮੜੀ ਜੇ ਕੁਦਰਤ ਵੱਲੋਂ ਮਿਲੀ ਦਾਤ ਸੀ ਤਾਂ ਦਾੜ੍ਹੀ ਦਾ ਸਿਆਹ ਰੰਗ ਆਧੁਨਿਕ ਡਾਈਆਂ ਦੀ ਦੇਣ। 2002 ਦੀ ਜੂਨ ਵਿਚ ਨਵਾਂ ਜ਼ਮਾਨਾ’ ਦੀ 50-ਵੀਂ ਵਰ੍ਹੇ ਗੰਢ ਬੜੀ ਧੂਮ-ਧਾਮ ਨਾਲ ਮਨਾਈ ਗਈ। ਸੁਰਜਨ ਜ਼ੀਰਵੀ, ਬਾਬਾ ਬੰਨੋਆਣਾ, ਸਰਵਣ ਜ਼ਫ਼ਰ ਜੋ ਹੁਣ ਵੱਖੋ ਵੱਖ ਕਾਰਨਾਂ ਕਾਰਨ ਦੁਨੀਆ ਦੇ ਅੱਡੋ-ਅੱਡ ਕੋਨਿਆਂ ਵਿਚ ਰਹਿ ਰਹੇ ਸਨ, ਨਵਾਂ ਜ਼ਮਾਨਾ ਨੂੰ ਉਨ੍ਹਾਂ ਦੀ ਵਡਮੁੱਲੀ ਦੇਣ ਕਾਰਨ ਉਚੇਚੇ ਤੌਰ ਉੱਤੇ ਸਤਕਾਰਿਆ ਗਿਆ। ਅਤੇ ਕ੍ਰਿਸ਼ਨ ਭਾਰਦਵਾਜ ਜੀ ਨੂੰ ਵੀ, ਜੋ ਪਿਛਲੇ ਕਈ ਦਹਾਕਿਆਂ ਤੋਂ ਪਰਚੇ ਦੇ ਜਨਰਲ ਮੈਨੇਜਰ ਤੁਰੇ ਆ ਰਹੇ ਸਨ। ਡਾ. ਮਨਮੋਹਨ ਸਿੰਘ, ਕੈਪਟਨ ਅਮਰਿੰਦਰ ਸਿੰਘ, ਡਾ. ਸੁਰਜੀਤ ਸਿੰਘ ਬਰਨਾਲਾ - ਕਈ ਰੰਗਾਂ, ਦਲਾਂ ਦੇ ਰਾਜਸੀ ਆਗੂ ਵੀ ਆਏ। ਮਾਹੌਲ ਖੁਸ਼ਫ਼ਿਜ਼ਾ ਅਤੇ ਕਿਸੇ ਜਲਸੇ ਵਰਗਾ ਸੀ। ਸਾਡੀ ਛੋਟੀ ਮਾਮੀ ਪ੍ਰਵੀਨ ਦੇ ਕਹਿਣ ਮੁਤਾਬਕ ਜਗਜੀਤ ਭਰਾ ਜੀ ਬਿਲਕੁਲ ਲਾੜਾ ਲਗ ਰਹੇ ਸਨ ਇਸੇ ਸਾਲ ਇਹ ਫੈਸਲਾ ਵੀ ਹੋਇਆ ਕਿ ਨਵਾਂ ਜ਼ਮਾਨਾ ਲਈ ਕਦੇ ਸਸਤੇ ਭਾਅ ਅਲਾਟ ਹੋਏ ਪਸਿੱਤੇ ਪਏ ਪਲਾਟ ਨੂੰ ਵੇਚ ਕੇ ਹੁਣ ਵਾਲੇ ਝੂਲਣੇ ਦਫ਼ਤਰ ਨੂੰ ਪੱਕੀ-ਪੂਰੀ ਇਮਾਰਤ ਵਿਚ ਤਬਦੀਲ ਕੀਤਾ ਜਾਵੇ। ਚਾਰ ਸਾਲ ਲਾ ਕੇ ਉਸ ਟੇਢੇ ਮੇਢੇ ਆਕਾਰ ਵਾਲੇ ਹੀ ਸਹੀ, ਪਰ ਸ਼ਹਿਰ ਦੇ ਅਹਿਮ ਥਾਂ ਉੱਤੇ ਨਵਾਂ ਜ਼ਮਾਨਾ ਦੀ ਨਵੀਂ ਇਮਾਰਤ ਖੜ੍ਹੀ ਹੋ ਗਈ। ਇਸ ਤਿੰਨ ਮੰਜ਼ਲੀ ਇਮਾਰਤ ਨੂੰ ਨੇਪਰੇ ਚਾੜ੍ਹਨ ਦਾ ਮੁੱਖ ਸਿਹਰਾ ਜਸਵਿੰਦਰ ਮੰਡ ਦੇ ਸਿਰੜ, ਕਾ. ਕ੍ਰਿਸ਼ਨ ਭਾਰਦਵਾਜ ਦੀ ਲਗਾਤਾਰ ਨਿਗਰਾਨੀ, ਅਤੇ ਇਮਾਰਤਕਾਰ ਸੁਖਵਿੰਦਰ ਸਿੰਘ ਦੇ ਚੁਰਾਂ ਵਿੱਚੋਂ ਵੀ ਰਕਬਾ ਕੱਢ ਲੈਣ ਦੇ ਵੱਲ ਨੂੰ ਬੱਝਦਾ ਹੈ। ਭਾਪਾ ਜੀ ਉਮਰ ਦੇ ਨੌਵੇਂ ਦਹਾਕੇ ਦਾ ਅੱਧ ਪਾਰ ਕਰ ਚੁੱਕੇ ਸਨ, ਤੇ ਨਵਾਂ ਜ਼ਮਾਨਾ ਅੱਧੀ ਸਦੀ ਜਮਾਂ 5 ਵਰ੍ਹੇ ਦਾ ਹੋ ਚੁੱਕਾ ਸੀ, ਜਦੋਂ ਇਸ ਇਮਾਰਤ ਵਿਚ ਪ੍ਰਵੇਸ਼ ਕੀਤਾ ਗਿਆ। ਉਨ੍ਹਾਂ ਲਈ, ਅਤੇ ਸਾਡੇ ਸਾਰਿਆਂ ਲਈ ਵੀ ਇਹ ਵੱਡੀ ਤਸੱਲੀ ਦੀ ਗੱਲ ਸੀ।

ਪਰ ਇਨ੍ਹਾਂ ਹੀ ਦਿਨਾਂ ਵਿਚ ਉਨ੍ਹਾਂ ਨੇ ਮੇਰੇ ਚੇਤੇ ਨੂੰ ਚੋਰ ਲੈ ਗਏ ਹਨਵਾਲਾ ਆਪਣਾ ਚਹੇਤਾ ਫਿਕਰਾ ਮੁੜ-ਮੁੜ ਅਤੇ ਗੱਲੇ ਗੱਲੇ ਦੁਹਰਾਉਣਾ ਸ਼ੁਰੂ ਕਰ ਦਿੱਤਾ। ਮਜ਼ਮੂਨ ਲਿਖਾਉਂਦਿਆਂ ਜਾਂ ਗੱਲ ਕਰਦਿਆਂ ਕਿਸੇ ਨਾਂ-ਥਾਂ ਨੂੰ ਚੇਤੇ ਕਰਦਿਆਂ ਅਚਾਨਕ ਅਟਕ ਜਾਂਦੇ ਸਨ, ਮਿਸਾਲੀ ਚੇਤੇ ਵਾਲੇ ਬੰਦੇ ਨੂੰ ਨਿਕੀਆਂ ਨਿਕੀਆਂ ਵਾਪਰਨੀਆਂ ਭੁੱਲਣ ਲੱਗ ਪਈਆਂ ਸਨ। ਪਹਿਲੋਂ ਪਹਿਲ ਅਸੀਂ ਇਸ ਵੱਲ ਬਹੁਤਾ ਧਿਆਨ ਨਾ ਦਿੱਤਾ; 85-86 ਸਾਲ ਦੇ ਆਦਮੀ ਦੇ ਚੇਤੇ ਦਾ ਥੋੜ੍ਹਾ ਖੁਰਨਾ ਸੁਭਾਵਕ ਵਰਤਾਰਾ ਹੈ। ਪਰ ਹੁਣ ਸਰੀਰ ਵੀ ਹੰਭਣ ਲੱਗ ਪਿਆ ਸੀ। ਵਰਤਾਰਾ ਤਾਂ ਇਹ ਵੀ ਕੁਦਰਤੀ ਹੀ ਹੈ, ਪਰ ਸਰੀਰਕ ਅਤੇ ਮਾਨਸਕ ਦੋਵੇਂ ਕਿਸਮ ਦੇ ਖੋਰਿਆਂ ਦਾ ਰਲੇਵਾਂ ਕਿਸੇ ਡੂੰਘੇਰੇ ਰੋਗ ਵਲ ਇਸ਼ਾਰਾ ਕਰਨ ਲੱਗ ਪਿਆ ਸੀ। ਭਾਪਾ ਜੀ ਦੀਆਂ ਦਵਾਈਆਂ, ਖੁਰਾਕ ਦੀ ਮਿਕਦਾਰ, ਕੰਮ ਦੇ ਘੰਟਿਆਂ ਉੱਤੇ ਬੰਦਸ਼; ਇਨ੍ਹਾਂ ਸਾਰੀਆਂ ਗੱਲਾਂ ਨੂੰ ਮੈਂ ਆਪਣੇ ਤਾਨਾਸ਼ਾਹੀ ਕੰਟਰੋਲ ਹੇਠ ਲੈ ਲਿਆ। ਉਨ੍ਹਾਂ ਦੇ ਵਾਧੂ ਆਉਣ-ਜਾਣ ਉੱਤੇ ਵੀ ਕਰੜੀ ਪਾਬੰਦੀ ਲਾ ਦਿੱਤੀ। ਮੇਰੀ ਬਚਪਨ ਦੀ ਦੋਸਤ, ਬਜ਼ੁਰਗਾਂ ਦੇ ਮਾਨਸਿਕ ਰੋਗਾਂ ਦੀ ਮਾਹਰ ਡਾ. ਉਪਮਾ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਤੁਰੇ ਆ ਰਹੇ ਹਿਰਦੇ ਰੋਗ ਕਾਰਨ ਦਿਮਾਗ ਦੀਆਂ ਨਸਾਂ ਵਿਚ ਖੂਨ ਦਾ ਦੌਰਾ ਪੂਰੀ ਤਰ੍ਹਾਂ ਨਾ ਹੋ ਸਕਣ, ਅਤੇ ਕੁਝ ਪ੍ਰੋਟੀਨਾਂ ਦੇ ਦਿਮਾਗ ਵਿਚ ਜੰਮੀ ਜਾਣ ਕਾਰਨ ਭਾਪਾ ਜੀ ਦੀ ਯਾਦਦਾਸ਼ਤ ਨਾ ਸਿਰਫ਼ ਤੇਜ਼ੀ ਨਾਲ ਘਟਦੀ ਜਾਵੇਗੀ, ਬਲਕਿ ਇਹ ਦਿਮਾਗੀ ਰੋਗ ਹੌਲੀ ਹੌਲੀ ਸਰੀਰਕ ਤੌਰ ’ਤੇ ਵੀ ਉਨ੍ਹਾਂ ਨੂੰ ਚੋਖਾ ਨਿਤਾਣਿਆਂ ਕਰਦਾ ਜਾਵੇਗਾ

ਉਨ੍ਹਾਂ ਦੇ ਆਖਰੀ ਸੱਤ ਵਰ੍ਹੇ ਖੀਣ ਹੁੰਦੇ ਜਾ ਰਹੇ ਸਰੀਰ ਉੱਤੇ ਇਨ੍ਹਾਂ ਰੋਗਾਂ ਦੇ ਰਲਵੇਂ ਹਮਲਿਆਂ ਦੀ ਮਾਰ ਨਾਲ ਜੂਝਣ ਦੇ ਵਰ੍ਹੇ ਸਨ। ਸ਼ੁਰੂ ਵਿਚ ਉਨ੍ਹਾਂ ਨੂੰ ਹੁਣੇ-ਹੁਣੇ ਵਾਪਰੀਆਂ ਭੁੱਲਣੀਆਂ ਸ਼ੁਰੂ ਹੋਈਆਂ, ਪੁਰਾਣੀ ਯਾਦਦਾਸ਼ਤ ਬਰਕਰਾਰ ਰਹੀ (ਇਸੇ ਲਈ ਉਨ੍ਹਾਂ ਦੇ ਆਖਰੀ ਲੇਖ ਚਲੰਤ ਘਟਨਾਵਾਂ ਬਾਰੇ ਨਹੀਂ, ਪੁਰਾਣੇ ਸਾਥੀਆਂ ਬਾਰੇ ਹਨ।) ਪਰ ਫੇਰ ਉਸ ਪੁਰਾਣੇ ਚੇਤੇ ਵਿਚ ਵੀ ਵਿਗਾੜ ਆਉਣੇ ਸ਼ੁਰੂ ਹੋ ਗਏ। 2013 ਵਿਚ ਅੰਮੀ ਦੀ ਮੌਤ ਸਮੇਂ ਤਕ ਉਨ੍ਹਾਂ ਦਾ ਚੇਤਾ ਇੰਨਾ ਭੁਰ ਚੁੱਕਾ ਸੀ ਕਿ 15 ਮਿੰਟ ਦੇ ਅੰਦਰ ਹੀ ਉਨ੍ਹਾਂ ਨੂੰ ਭੁੱਲ ਵੀ ਗਿਆ ਕਿ ਉਨ੍ਹਾਂ ਦੀ ਜੀਵਨ ਸਾਥਣ ਤੁਰ ਗਈ ਹੈ। ਮਿਸਾਲੀ ਚੇਤੇ ਵਾਲੇ ਮਨੁੱਖ ਦਾ ਇਹ ਹਾਲ ਹੋਣਾ ਸਾਨੂੰ ਸਰਾਪ ਵਾਂਗ ਜਾਪਦਾ ਸੀ, ਪਰ ਹੁਣ ਉਨ੍ਹਾਂ ਲਈ ਵਰ ਵਰਗਾ ਹੀ ਸਿੱਧ ਹੋਇਆ। ਕਿਸੇ ਵੀ ਸਦਮੇ ਦੀ ਸੱਟ ਦੀ ਮਾਰ ਤੋਂ ਉਹ ਪਰ੍ਹੇ ਹੋ ਚੁੱਕੇ ਸਨ।

ਅੰਮੀ ਦੇ ਜਾਣ ਮਗਰੋਂ ਉਹ ਪੂਰੀ ਤਰ੍ਹਾਂ ਮੇਰੀ ਨਿਗ੍ਹੇਬਾਨੀ ਹੇਠ ਆ ਗਏ। ਉਨ੍ਹਾਂ ਦੀਆਂ ਲੋੜਾਂ ਨੂੰ ਸਮੇਂ ਤੋਂ ਪਹਿਲਾਂ ਹੀ ਭਾਸ ਕੇ ਪੂਰੀਆਂ ਕਰ ਦੇਣ ਵਾਲੀ ਚਲੀ ਗਈ ਸੀ। ਉਨ੍ਹਾਂ ਦੇ ਕੋਲ ਬੈਠੀ, ਉਨ੍ਹਾਂ ਦਾ ਹੱਥ ਘੰਟਿਆਂ ਬੱਧੀ ਫੜ ਕੇ ਉਨ੍ਹਾਂ ਦੇ ਭਟਕਦੇ, ਠੇਢੇ ਖਾਂਦੇ ਮਨ ਨੂੰ ਕਿਸੇ ਛੋਹ ਦੀ ਤਸੱਲੀ ਨਾਲ ਸਹਿਲਾ ਸਕਣ ਵਾਲੀ ਨਹੀਂ ਸੀ ਰਹੀ। ਹੁਣ ਉਹ ਮੇਰਾ, ਜਾਂ ਆਪਣੇ ਸੇਵਾਦਾਰਾਂ ਦਾ ਹੱਥ ਫੜਕੇ ਬੈਠੇ ਰਹਿੰਦੇ ਸਨ। ਉਨ੍ਹਾਂ ਦੀ ਉਮਰ ਦੇ ਆਖਰੀ ਸਵਾ ਦੋ ਵਰ੍ਹਿਆਂ ਵਿਚ ਜਿੰਨਾ ਸਮਾਂ ਮੈਂ ਉਨ੍ਹਾਂ ਨਾਲ ਗੁਜ਼ਾਰਿਆ, ਸ਼ਾਇਦ ਉੰਨਾ ਆਪਣੀ ਉਮਰ ਦੇ ਪਹਿਲੇ ਪੰਜ ਦਹਾਕਿਆਂ ਵਿਚ ਵੀ ਨਹੀਂ ਗੁਜ਼ਾਰਿਆ ਹੋਣਾ।

ਪਰ ਇਹ ਵਰ੍ਹੇ ਕਿਸੇ ਨਿਰੋਲ ਮਮਤਾਮਈ, ਸੇਵਾ ਦੇ ਪੁੰਜ ਪੁੱਤਰ ਵੱਲੋਂ ਆਪਣੇ ਨਿਤਾਣੇ ਬਾਪ ਦੀ ਸੇਵਾ ਦੇ ਲੇਸਲੀ ਭਾਵੁਕਤਾ ਨਾਲ ਓਤ-ਪੋਤ ਵਰ੍ਹੇ ਵੀ ਨਹੀਂ ਸਨ। ਉਨ੍ਹਾਂ ਦੀਆਂ ਜ਼ਿਦਾਂ ਕਾਰਨ ਮੈਂ ਬਹੁਤ ਵਾਰ ਛਿੱਥਾ ਵੀ ਪੈ ਜਾਂਦਾ ਸਾਂ, ਉਨ੍ਹਾਂ ਦੀਆਂ ਫਾਲਤੂ ਅੜੀਆਂ ਤੋਂ ਸਤਿਆ ਉਨ੍ਹਾਂ ਨੂੰ ਕਦੇ ਕਦੇ ਝਿੜਕ ਵੀ ਦੇਂਦਾ ਸਾਂ। ਉਨ੍ਹਾਂ ਦੀ ਹਾਜ਼ਰ-ਜਵਾਬੀ (ਜੋ ਚੇਤੇ ਦੇ ਛਾਨਣੀ ਹੋ ਜਾਣ ਮਗਰੋਂ ਵੀ ਕਾਇਮ ਰਹੀ) ਉੱਤੇ ਹੱਸਦਾ ਵੀ ਸਾਂ, ਲੋੜ ਪੈਣ ’ਤੇ ਕਿਸੇ ਕਿਸੇ ਸ਼ਬਦ ਦਾ ਬਦਲ ਜਾਂ ਕਿਸੇ ਫਾਰਸੀਨੁਮਾ ਸ਼ਬਦ ਦਾ ਅਰਥ ਪੁੱਛ ਵੀ ਲੈਂਦਾ ਸਾਂ। ਸਾਡੀ ਪਿਓ-ਪੁੱਤਰ ਦੀ ਘਰੇਲੂ ਕੰਧਾਂ ਵਿਚ ਸਿਮਟ ਕੇ ਰਹਿ ਗਈ ਬਚੀ-ਖੁਚੀ ਜ਼ਿੰਦਗੀ ਵੀ ਸਾਡੇ ਰਿਸ਼ਤੇ ਦੇ ਪੁਰਾਣੇ ਗੈਰ-ਰਵਾਇਤੀ ਪਣ ਤੋਂ ਵਿਰਵੀ ਨਹੀਂ ਸੀ। ਹੁਣ ਰੋਸੇ-ਮਨਾਵੇਂ ਹੋਰ ਕਿਸਮ ਦੇ ਹੁੰਦੇ ਸਨ, ਪਰ ਹੁੰਦੇ ਹੁਣ ਵੀ ਸਨ।

ਉਨ੍ਹਾਂ ਦੇ ਜਾਣ ਤੋਂ ਦੋ ਕੁ ਮਹੀਨੇ ਪਹਿਲਾਂ, ਸ਼ਾਇਦ ਅਪ੍ਰੈਲ ਦੇ ਮਹੀਨੇ, ਖਾਣਾ ਖਾਂਦਿਆਂ ਮੈਂ ਉਨ੍ਹਾਂ ਨਾਲ ਖਿਝ ਪਿਆ। ਖਾਂਦੇ ਉਹ ਭਾਵੇਂ ਆਪ ਸਨ, ਪਰ ਕੋਈ ਚੀਜ਼ ਪਸੰਦ ਨਾ ਆਉਣ ਉੱਤੇ ਏਧਰ ਓਧਰ ਥੁੱਕ ਦੇਂਦੇ ਸਨ, ਜਿਵੇਂ ਬੱਚੇ ਕਰਦੇ ਹਨ। ਉਨ੍ਹਾਂ ਦੋ ਕੁ ਵਾਰ ਦਾਲ ਦੇ ਦਾਣਿਆਂ ਨੂੰ ਫਰਸ਼ ਉੱਤੇ ਥੁੱਕਿਆ, ਮੈਂ ਸਾਫ਼ ਕਰ ਦਿੱਤਾ ਅਤੇ ਦਾਲ ਚਮਚ ਨਾਲ ਫਿਹ ਕੇ ਫੜਾ ਦਿੱਤੀ। ਆਪਣਾ ਖਾਣਾ ਖਾਣ ਲੱਗ ਪਿਆ। ਪਸੰਦ ਉਨ੍ਹਾਂ ਨੂੰ ਫੇਰ ਵੀ ਨਾ ਆਈ, ਤੇ ਇਸ ਵਾਰ ਉਨ੍ਹਾਂ ਨੇ ਨਾਪਸੰਦਗੀ ਜਿਤਾਉਣ ਲਈ ਸਿੱਧਾ ਮੇਰੀ ਪਲੇਟ ਵਲ ਥੁੱਕ ਦਿੱਤਾ। ਮੈਨੂੰ ਬਹੁਤ ਰੋਹ ਚੜ੍ਹਿਆ, ਉੱਠਿਆ ਤੇ ਉਨ੍ਹਾਂ ਨੂੰ ਹਲੂਣ ਕੇ ਆਖਿਆ,” ਦੇਖੋ, ਤੁਸੀਂ ਕੀ ਕੀਤਾ ਹੈ? ਮੇਰੀ ਪਲੇਟ ਵਿਚ ਥੁੱਕ ਦਿੱਤਾ।”

ਆਈ ਐਮ ਸੌਰੀ,” ਉਨ੍ਹਾਂ ਅੰਗਰੇਜ਼ੀ ਵਿਚ, ਬੜੀ ਨਮੋਸ਼ੀ ਵਾਲੀ ਸੁਰ ਵਿਚ ਕਿਹਾ। ਪਰ ਪਾਰਾ ਮੇਰਾ ਫੇਰ ਵੀ ਨਾ ਲੱਥਾ, “ਭਾਪਾ ਜੀ, ਮੈਂ ਤੁਹਾਡੀ ਸੇਵਾ ਕਰਦਿਆਂ ਕਰਦਿਆਂ ਮਰ ਜਾਣਾ ਹੈ, ਨਾ ਖਾਣ ਦੇਂਦੇ ਹੋ, ਨਾ ਬਹਿਣ ਦੇਂਦੇ ਹੋ ...”

ਨਾ, ਇੰਜ ਨਾ ਕਹਿ, ਮਰਨ ਦੀ ਵਾਰੀ ਮੇਰੀ ਹੈ, ਤੇਰੀ ਨਹੀਂ ... ਮੈਂ ਇੰਜ ਨਹੀਂ ਹੋਣ ਦਿਆਂਗਾ।” ਤੇ ਉਨ੍ਹਾਂ ਚੁੱਪਚਾਪ ਖਾਣਾ ਸ਼ੁਰੂ ਕਰ ਦਿੱਤਾ।

ਹੁਣ ਨਮੋਸ਼ੀ ਨਾਲ ਬਹਿ ਕੇ ਆਪਣੇ ਕਹੇ ਤੇ ਝੂਰਨ ਦੀ ਵਾਰੀ ਮੇਰੀ ਸੀ।

 

*****

(330)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author