“ਸੁਹਣੇ ਸੁਹਲ ਪਿਆਰੇ ਰੁੱਖ ... ਕਿੰਨੇ ਦੁੱਖ ਸਹਾਰੇ ਰੁੱਖ, ਧੁੱਪਾਂ ਸਹਿੰਦੇ ਛਾਵਾਂ ਦਿੰਦੇ, ਦਿੰਦੇ ਰਹਿਣ ...”
(17 ਸਤੰਬਰ 2026)
ਅਸ਼ਵਨੀ ਕੁਸਲਾ ਦਾ ਜਨਮ ਜ਼ਿਲ੍ਹਾ ਮਾਨਸਾ (ਪੰਜਾਬ) ਦੇ ਪਿੰਡ ਕੁਸਲਾ ਵਿਖੇ ਮਾਤਾ ਦਿਆਲ ਦੇਵੀ ਦੀ ਕੁੱਖੋਂ ਸ੍ਰੀ ਦੂਨੀ ਚੰਦ ਦੇ ਗ੍ਰਹਿ ਵਿਖੇ 1968 ਵਿੱਚ ਹੋਇਆ। ਉਨ੍ਹਾਂ ਦੀ ਵਿੱਦਿਅਕ ਯੋਗਤਾ ਬੀ.ਏ. ਹੈ। ਕਵਿਤਾ ਲਿਖਣਾ, ਪੜ੍ਹਨਾ ਅਤੇ ਕਵੀ ਦਰਬਾਰਾਂ ਵਿੱਚ ਬੋਲਣਾ ਇਨ੍ਹਾਂ ਦਾ ਸ਼ੁਰੂ ਤੋਂ ਸ਼ੌਕ ਰਿਹਾ ਹੈ। ਹੁਣ ਤੀਕ ਆਪ ਕਈ ਕਵੀ ਦਰਬਾਰਾਂ ਦੀ ਸ਼ਾਨ ਬਣ ਚੁੱਕੇ ਹਨ। ਕੁਸਲਾ ਆਪ ਦਾ ਤਖੁਲਸ ਭਾਵ ਕਲਮੀ ਨਾਮ ਹੈ।
ਬੇਸ਼ਕ ਆਪ ਦਾ ਕੋਈ ਕਾਵਿ ਸੰਗ੍ਰਹਿ ਤਾਂ ਨਹੀਂ ਛਪਿਆ ਪਰ ਆਪ ਦੀਆਂ ਕਈ ਕਵਿਤਵਾਂ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ। ਆਪ ਇੱਕ ਅਨੋਖੇ, ਮਿਲਣਸਾਰ ਅਤੇ ਖੁਸ਼ ਦਿਲ ਸੁਭਾ ਦੇ ਮਾਲਿਕ ਹਨ। ਅੱਜ ਕੱਲ੍ਹ ਆਪ ਕੈਨੇਡਾ ਦੇ ਅਲਬਰਟਾ ਪ੍ਰਾਂਤ ਦੀ ਰਾਜਧਾਨੀ ਐਡਮਿੰਟਨ ਵਿੱਚ ਆਪਣੇ ਪਰਿਵਾਰ ਵਿੱਚ ਰਹਿੰਦੇ ਆਪਣੇ ਕੰਮ ਧੰਦੇ ਦੇ ਨਾਲ ਨਾਲ ਕਵਿਤਾ ਲਿਖਣ ਪੜ੍ਹਨ ਅਤੇ ਕਵੀ ਦਰਬਾਰਾਂ ਵਿੱਚ ਬੋਲਣ ਦਾ ਸ਼ੌਕ ਵੀ ਪੂਰਾ ਕਰ ਰਹੇ ਹਨ। ਆਪ ਦੀ ਕਵਿਤਾ ਦੀਆਂ ਕੁਝ ਵੰਨਗੀਆਂ ਪੇਸ਼ ਹਨ:
(ਪ੍ਰਸਤੁਤ ਕਰਤਾ - ਰਵੇਲ ਸਿੰਘ ਇਟਲੀ, ਹੁਣ ਐਡਮਿੰਟਨ, ਕੈਨੇਡਾ)
1. ਮੈਂ ਅਤੇ ਮੇਰੀ ਕਵਿਤਾ
ਕਲਮ ਦਵਾਤ ਨਹੀਂ ਸੀ ਕੋਲੇ,
ਜਦੋਂ ਤੂੰ ਵਿੱਚ ਖਿਆਲਾਂ ਆਈ।
ਜਦੋਂ ਮੈਂ ਕਾਗਜ਼ ਕਲਮ ਉਠਾਈ।
ਖੇਡ ਗਈ ਤੂੰ ਲੁਕਣ ਮਿਚਾਈ।
ਬਰਸਾਤਾਂ ਦਾ ਭਾਰੀ ਮੌਸਮ,
ਪੈ ਰਹੀ ਸੀ ਇੱਕ ਬਰਸਾਤ।
ਸੂਹੇ ਸੁਰਖ ਲਿਬਾਸਾਂ ਦੇ ਵਿੱਚ,
ਖੜ੍ਹੀ ਰਹੀ ਤੂੰ ਬਣ ਪ੍ਰਭਾਤ।
ਕਿਸੇ ਪਹਾੜੀ ਦੀ ਨੁੱਕਰ ਤੋਂ,
ਫੁੱਲਾਂ ਵਿੱਚੋਂ ਮਾਰੇਂ ਝਾਤ।
ਹਰੇ ਭਰੇ ਬਾਗਾਂ ਦੇ ਵਿੱਚੋਂ,
ਕੋਇਲ ਕੂਕੇ ਭਰ ਭਰ ਹਾਕ।
ਅੱਧੀ ਰਾਤੀਂ ਚੰਦ ਦੇ ਕੋਲੋਂ,
ਤਾਰਿਆਂ ਵਿੱਚੋਂ ਤੂੰ ਮੁਸਕਾਈ।
ਜਦੋਂ ਮੈਂ ਕਾਗਜ਼ ਕਲਮ ਉਠਾਈ,
ਖੇਡ ਗਈ ਤੂੰ ਲੁਕਣ ਮਿਚਾਈ।
ਕਲਮ ਦਵਾਤ ਨਹੀਂ ਸੀ ਕੋਲੇ।
ਜਦੋਂ ਤੂੰ ਵਿੱਚ ਖਿਆਲਾਂ ਆਈ।
* * *
2. ਬੁੱਝੋ ਮੇਰੀ ਬਾਤ
ਬੁੱਝੋ ਮੇਰੀ ਬਾਤ ਮੰਮੀ, ਬੁੱਝੋ ਮੇਰੀ ਬਾਤ।
ਦੱਸੋ ਮੈਨੂੰ ਬਾਤ, ਮੰਮੀ ਬੁੱਝੋ ਮੇਰੀ ਬਾਤ।
ਕਿਹੜੀ ਗੱਲੋਂ ਕੀਤੀਆਂ ਦਿਵਾਰਾਂ ਖੜ੍ਹੀਆਂ,
ਚਾਚੇ ਤਾਏ ਹੋਰੀਂ ਕਿਉਂ ਕਰਨ ਅੜੀਆਂ,
ਵੱਡੀ ਬੇਬੇ ਨਾਲ ਕਾਹਤੋਂ ਲੜਦੇ ਸੀ ਰਾਤ।
ਦੱਸੋ ਮੈਨੂੰ ਬਾਤ, ਮੰਮੀ ਬੁੱਝੋ ਮੇਰੀ ਬਾਤ।
ਆਪਣਾ ਗੁਆਂਢੀ ਕਾਹਤੋਂ ਰੋਜ਼ ਲੜਦੈ,
ਨਿੱਕੀ ਨਿੱਕੀ ਗੱਲ ਉੱਤੇ ਕੁੱਦ ਖੜ੍ਹਦੈ .
ਥਾਣਿਆਂ ਵਿੱਚ ਹੁੰਦੀ ਕਾਹਤੋਂ ਸਾਡੀ ਮੁਲਾਕਾਤ।
ਦੱਸੋ ਮੈਨੂੰ ਬਾਤ ਮੰਮੀ, ਬੁੱਝੋ ਮੇਰੀ ਬਾਤ।
ਸਾਰਿਆਂ ਦੇ ਬੱਚੇ ਅਸੀਂ ਇਕੱਠੇ ਪੜ੍ਹਦੇ.
ਫਿਰ ਕਾਹਤੋਂ ਧਰਮਾਂ ਦੇ ਨਾਂ ’ਤੇ ਲੜਦੇ,
ਧਰਮਾਂ ਤੋਂ ਲੈ ਲਈ ਅਸਾਂ ਕੈਸੀ ਇਹ ਸੌਗਾਤ।
ਦੱਸੋ ਮੈਨੂੰ ਬਾਤ, ਮੰਮੀ ਬੁੱਝੋ ਮੇਰੀ ਬਾਤ।
ਆ ਜਾਓ ਮੰਮੀ ਆਪਾਂ ਇਨਸਾਨ ਬਣੀਏ,
ਰਲਮਿਲ, ਸ਼ਕਤੀ ਮਹਾਨ ਬਣੀਏ,
ਸ਼ਰੂ ਕਰੋ, ਕੁਸਲਾ, ਜੀ ਨਵੀਂ ਪ੍ਰਭਾਤ।
ਸੁਣੋ ਮੇਰੀ ਬਾਤ ਮੰਮੀ ਇਹ ਹੀ ਮੇਰੀ ਬਾਤ।
* * *
3. ਰੁੱਖ
ਸੁਹਣੇ ਸੁਹਲ ਪਿਆਰੇ ਰੁੱਖ
ਕਿੰਨੇ ਦੁੱਖ ਸਹਾਰੇ ਰੁੱਖ,
ਧੁੱਪਾਂ ਸਹਿੰਦੇ ਛਾਵਾਂ ਦਿੰਦੇ,
ਦੇਂਦੇ ਰਹਿਣ ਹੁਲਾਰੇ ਰੁੱਖ।
ਵਾਤਾਵਰਨ ਨੂੰ ਤਾਜ਼ਾ ਰੱਖਣ,
ਸਭ ਦੇ ਬਣਨ ਸਹਾਰੇ ਰੁੱਖ।
ਫੁੱਲਾਂ ਸੰਗ ਮਹਿਕਾਉਣ ਚੁਫੇਰਾ
ਫਲਾਂ ਦੇ ਹਨ ਭੰਡਾਰੇ ਰੁੱਖ,
ਜਦੋਂ ਕਿਤੇ ਰਸਤਾ ਭੁੱਲ ਜਾਈਏ
ਕਰਦੇ ਸਦਾ ਇਸ਼ਾਰੇ ਰੁੱਖ।
ਘਰ ਦਾ ਇਹ ਫਰਨੀਚਰ ਬਣਕੇ,
ਘਰ ਦਾ ਰੂਪ ਸ਼ਿੰਗਾਰੇ ਰੁੱਖ
ਜਾਨਵਰਾਂ ਦੇ ਬਣਨ ਇਹ ਘੁਰਨੇ,
ਪੰਛੀਆਂ ਲਈ ਚੁਬਾਰੇ ਰੁੱਖ,
ਕੁਸਲਾ ਕਹੇ ਨਾ ਕੱਟੋ ਰੁੱਖ,
ਰਲ ਮਿਲ ਲਾਈਏ ਸਾਰੇ ਰੁੱਖ।
* * *
4. ਜੰਮਣੋ ਪਹਿਲਾਂ
ਵਿੱਚ ਕੁੱਖ ਦੇ ਉਸ ਰਾਤ,
ਮੈਂ ਕੰਬਣ ਲੱਗੀ ਸਾਰੀ।
ਜਿਹੜੀ ਰਾਤੀਂ ਪਿਓ ਮੇਰੇ ਨੇ,
ਬਹਿਕੇ ਗੱਲ ਵਿਚਾਰੀ,
ਤਿੰਨ ਮਹੀਨੇ ਪੂਰੇ ਹੋ ਗਏ,
ਚੱਲ ਡਾਕਟਰ ਕੋਲ ਜਾਈਏ,
ਕੁੱਖ ਵਿੱਚ ਕੀ ਹੈ, ਹਸਪਤਾਲੋਂ,
ਲਿੰਗ ਦਾ ਪਤਾ ਕਰਾਈਏ,
ਉੱਠ ਸਵੇਰੇ ਮਾਂ ਮੇਰੀ ਨੇ
ਕਸ ਲਈ ਖੂਬ ਤਿਆਰੀ,
ਉਹ ਵੀ ਇੱਕ ਦਿਨ ਕੁੱਖ ਵਿੱਚ ਸੀ,
ਭੁੱਲ ਗਈ ਕਰਮਾਂ ਮਾਰੀ।
ਕਰ ਟੈੱਸਟ ਮੈਨੂੰ ਨੰਗਾ ਕੀਤਾ,
ਰਤਾ ਦੇਰ ਨਾ ਲਾਈ,
ਡਾਕਟਰ ਦੇ ਹਥਿਆਰਾਂ ਮੈਨੂੰ,
ਕੁੱਖ ਵਿੱਚ ਮਾਰ ਮੁਕਾਈ।
ਚੁੱਪ ਰਹੀਂ ਹੁਣ ਦੱਸੀਂ ਨਾ,
ਇਹ ਗੱਲ ਰੱਖੀਂ ਚੋਰੀ,
ਕਿੰਝ ਮਾਪਿਆਂ ਨੇ ਜੰਮਣੋਂ ਪਹਿਲਾਂ,
ਧੀ ਰੱਬ ਦੇ ਘਰ ਨੂੰ ਮੋੜੀ।
ਕੁਸਲਾ ਕਹੇ ਜ਼ਰਾ ਵਿਚਾਰੋ,
ਕੁੱਖਾਂ ਵਿੱਚ ਨਾ ਧੀਆਂ ਮਾਰੋ।
* * *
5. ਡਰ
ਨਾ ਡਰ ਦੁੱਖਾਂ ਪੀੜਾਂ ਤੋਂ।
ਨਾ ਡਰ ਭੀੜ ਸੰਘੀੜਾਂ ਤੋਂ।
ਹੱਕ ਕਿਸੇ ਦਾ ਖਾਣ ਤੋਂ ਡਰ।
ਜਿਉਂਦੇ ਜੀਅ ਮਰ ਜਾਣ ਤੋਂ ਡਰ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































