AjayTanveer7ਉਹ ਕਿਵੇਂ ਕਵਿਤਾ ’ਚ ਕਰਦੇ ਗੱਲ ਰਿਸ਼ੀ ਸ਼ੰਭੂਕ ਦੀਜੋ ਦੁਸ਼ਾਲੇ ਲੈਣ ਲਈ ਹਾਕਮ ਦੇ ਸੋਹਿਲੇ ਗਾ ਰਹੇ। ...
(9 ਮਾਰਚ 2024)
ਇਸ ਸਮੇਂ ਪਾਠਕ: 470.

                         1.

ਕੌਣ ਹਨ ਇਹ ਲੋਕ ਜੋ ਨਵੀਆਂ ਹੀ ਪਿਰਤਾਂ ਪਾ ਰਹੇ,
ਮੋਢਿਆਂ ’ਤੇ ਧਰ ਸਲੀਬਾਂ ਮਕਤਲਾਂ ਵੱਲ ਜਾ ਰਹੇ।

ਹੇ ਖੁਦਾ ਦਿਸਦਾ ਰਹੇ ਮੰਜ਼ਰ ਇਹ ਮੈਨੂੰ ਉਮਰ ਭਰ,
ਬਿਰਖ ਪਤਝੜ ਵਿੱਚ ਵੀ ਨਗ਼ਮੇ ਖੁਸ਼ੀ ਦੇ ਗਾ ਰਹੇ।

ਮੁਲਕ ਸਾਡਾ ਦੇਖ ਲੈ ਕਿੰਨੀ ਤਰੱਕੀ ਕਰ ਗਿਆ,
ਲੋਕ ਬੂਟਾਂ ਦੀ ਜਗ੍ਹਾ ਚਪਲਾਂ ’ਚ ਤਸਮੇ ਪਾ ਰਹੇ।

ਰਾਤ ਪੈਂਦੇ ਸਾਰ ਹੀ ਸਾਡੀ ਚੁਰਾਉਂਦੇ ਰੌਸ਼ਨੀ,
ਜੁਗਨੂੰਆਂ ’ਤੇ ਬਲਬ ਇਹ ਇਲਜ਼ਾਮ ਕੈਸਾ ਲਾ ਰਹੇ।

ਹੈ ਇਨ੍ਹਾਂ ਦੇ ਨਾਲ ਮੇਰੀ ਸਾਂਝ ਤਾਂ ਕੋਈ ਜ਼ਰੂਰ,
ਇਸ ਤਰ੍ਹਾਂ ਦੇ ਦੌਰ ਵਿੱਚ ਮੈਨੂੰ ਮਿਲਣ ਜੋ ਆ ਰਹੇ।

ਉਹ ਕਿਵੇਂ ਕਵਿਤਾ ’ਚ ਕਰਦੇ ਗੱਲ ਰਿਸ਼ੀ ਸ਼ੰਭੂਕ ਦੀ,
ਜੋ ਦੁਸ਼ਾਲੇ ਲੈਣ ਲਈ ਹਾਕਮ ਦੇ ਸੋਹਿਲੇ ਗਾ ਰਹੇ।

                      * * *

                        2.

ਜੋ ਸੁਨਾਮੀ ਸਾਹਮਣੇ ਸੀ ਤਾਣ ਸੀਨਾ ਖੜ੍ਹ ਗਿਆ,
ਉਹ ਪਤਾ ਨਹੀਂ ਕਿਉਂ ਤੇਰੇ ਇਕ ਅੱਥਰੂ ਵਿੱਚ ਹੜ੍ਹ ਗਿਆ।

ਪੁੱਛਦਾ ਸ਼ੀਸ਼ਾ ਮੇਰੇ ਤੋਂ ਕੌਣ ਆਇਆ ਸੀ ਮਿਲਣ,
ਜ਼ਰਦ ਚਿਹਰੇ ’ਤੇ ਜੋ ਐਨਾ ਰੰਗ ਸੂਹਾ ਚੜ੍ਹ ਗਿਆ

ਮੰਨ ਲੈਂਦਾ ਈਨ ਜਿਹੜਾ, ਸਿਰਜਦਾ ਇਤਿਹਾਸ ਨਾ,
ਸਿਰਜ ਕੇ ਇਤਿਹਾਸ ਸਰਮਦ ਜ਼ੁਲਮ ਸਾਹਵੇਂ ਅੜ ਗਿਆ।

ਅਕਲ ਦਾ ਉਪਦੇਸ਼ ਸਾਨੂੰ ਦੇ ਰਿਹਾ ਹਰ ਗੱਲ ’ਤੇ,
ਸੋਚਦੇ ਮਾਂ ਬਾਪ ਸਾਡਾ ਪੁੱਤ ਕਿੰਨਾ ਪੜ੍ਹ ਗਿਆ।

ਕੱਦ ਉੱਚਾ ਹੋ ਗਿਆ ਉਸ ਦਾ ਕਿਤੇ ਅਸਮਾਨ ਤੋਂ,
ਮੁਸਕਰਾ ਕੇ ਉਹ ਜਦੋਂ ਸੂਲ਼ੀ ਦੇ ਉੱਤੇ ਚੜ੍ਹ ਗਿਆ।

ਰੁੱਖ ਲਾਵੋ, ਰੁੱਖ ਲਾਵੋ, ਆਖਦਾ ਸੀ ਵਾਰ ਵਾਰ,
ਪਰ ਹਵਾ ਦੇ ਖ਼ੌਫ਼ ਤੋਂ ਹੀ ਡਰ ਕੇ ਅੰਦਰ ਵੜ ਗਿਆ।

ਰੀੜ੍ਹ ਦੀ ਹੱਡੀ ਨਹੀਂ ਟੁੱਟੀ ‘ਅਜੈ ਤਨਵੀਰ’ ਦੀ,
ਕੁਰਸੀਆਂ ਅੱਗੇ ਤਦੇ ਲਿਫ਼ਿਆ ਨਾ, ਸਿੱਧਾ ਖੜ੍ਹ ਗਿਆ

ਵੇਖ ਲੈ ‘ਤਨਵੀਰ’ ਕਿੱਦਾਂ ਅੱਜ ਵੀ ਹਨ ਲਿਸ਼ਕਦੇ,
ਜੋ ਗ਼ਜ਼ਲ ਦੇ ਵਿੱਚ ਹੈ ‘ਜਗਤਾਰ’ ਕੋਕੇ ਜੜ ਗਿਆ।

                       * * *

                            3.

ਨਗਰ ਵਿੱਚ ਹੈ ਬੜਾ ਚਰਚਾ ਅਜੇ ਵੀ ਇਸ ਕਿਆਮਤ ਦਾ,
ਨਦੀ ਨੂੰ ਵਹਿਮ ਲੈ ਡੁੱਬਾ ਸਮੁੰਦਰ ਦੀ ਮੁਹੱਬਤ ਦਾ।

ਕਲਮ ਸੀ ਹੱਥ ਵਿੱਚ ਕਿਸ ਦੇ ਤੇ ਕਿਸ ਦੇ ਹੱਥ ਵਿੱਚ ਖ਼ੰਜਰ,
ਨਿਤਾਰਾ ਕਰਨਗੇ ਲੋਕੀਂ ਕਦੇ ਸਾਡੀ ਇਬਾਰਤ ਦਾ।

ਤੁਸੀਂ ਇਤਰਾਜ਼ ਕਰਦੇ ਹੋ ਹਵਾ ਕਿਉਂ ਬਣ ਗਈ ’ਨ੍ਹੇਰੀ,
ਅਸਰ ਆਖਿਰ ਤਾਂ ਹੋਣਾ ਸੀ ਇਹ ਰੁੱਖਾਂ ਦੀ ਸ਼ਹਾਦਤ ਦਾ।

ਬਨੇਰੇ ਦੱਸ ਦਿੰਦੇ ਨੇ ਘਰਾਂ ਦੀ ਦਾਸਤਾਂ ਸਾਰੀ,
ਤੁਹਾਨੂੰ ਕੀ ਦਿਆਂ ਪਰਮਾਣ ਮੈਂ ਆਪਣੀ ਸ਼ਨਾਖ਼ਤ ਦਾ।

ਦਰਾਂ ਨੂੰ ਹੈ ਅਜੇ ਵੀ ਆਸ ਇਕ ਦਿਨ ਦੇਣਗੇ ਦਸਤਕ,
ਉਨ੍ਹਾਂ ਨੂੰ ਫਿਕਰ ਜੇ ਹੋਇਆ ਕਦੇ ਆਪਣੀ ਵਿਰਾਸਤ ਦਾ।

ਹਨੇਰਾ ਚੀਰਨੇ ਦਾ ਵੱਲ ਅਸੀਂ ਸਿੱਖਿਆ ਟਟਹਿਣੇ ਤੋਂ,
ਤੁਸੀਂ ਕਿਉਂ ਫਿਕਰ ਕਰਦੇ ਹੋ ਭਲਾ ਸਾਡੀ ਹਿਫ਼ਾਜ਼ਤ ਦਾ।

ਉਪੇਂਦਰ ਨਾਥ, ਮੰਟੋ, ਕਾਸਮੀ, ਦੁਸ਼ਮਣ ਰਹੇ ਭਾਵੇਂ,
ਅਜੇ ਵੀ ਝੂਲਦਾ ਪਰਚਮ ਹੈ ਤਿੰਨਾਂ ਦੀ ਮੁਹੱਬਤ ਦਾ।

ਦਿਲਾਂ ’ਤੇ ਰਾਜ ਕਰਦਾ ਹੈ ਅਜੇ ਵੀ ਇਸ ਲਈ ਪੋਰਸ,
ਜ਼ਮਾਨੇ ਨੂੰ ਪਤਾ ਸਾਰਾ ਸਿਕੰਦਰ ਦੀ ਸਿਆਸਤ ਦਾ।

ਬੁਦੇ ਖੱਦਰ ਦੀਆਂ ਲੀਰਾਂ ’ਚ ਠਰਦੇ ਬਾਲ ਸੜਕਾਂ ’ਤੇ,
ਦੁਸ਼ਾਲੇ ਮੰਦਰਾਂ ਵਿੱਚ ਵੰਡਦਾ ਮਾਲਕ ਰਿਆਸਤ ਦਾ।

                       * * *

                        4.

ਸ਼ਹਿਰ ਦਾ ਮੰਜ਼ਰ ਦਿਲਾਂ ਵਿੱਚ ਖ਼ੌਫ਼ ਐਨਾ ਭਰ ਗਿਆ,
ਦੂਰ ਬੈਠਾ ਆਲ੍ਹਣੇ ਵਿੱਚ ਹਰ ਪਰਿੰਦਾ ਡਰ ਗਿਆ।

ਮਾਣ ਕੇ ਛਾਂ ਉਸ ਨੇ ਦਿੱਤਾ ਰੁੱਖ ਨੂੰ ਸਨਮਾਨ ਇਹ,
ਜਾਣ ਲੱਗਾ ਓਸ ਦੀ ਹਰ ਸ਼ਾਖ਼ ਨੰਗੀ ਕਰ ਗਿਆ।

ਦਿਲ ’ਚ ਹੁੰਦੀ ਜੇ ਮੁਹੱਬਤ ਫੇਰ ਨਾ ਤੂੰ ਪੱਛਦਾ,
ਬਾਂਸ ਐਨੀ ਪੀੜ ਕਿੱਦਾਂ ਬੰਸਰੀ ਲਈ ਜਰ ਗਿਆ।

ਰਾਖ ਹੋਏ ਖੇਤ ਸੋਨੇ ਵਾਂਗ ਸੀ ਜੋ ਲਿਸ਼ਕਦੇ,
ਫਸਲ ’ਤੇ ਇਸ ਵਾਰ ਬੱਦਲ਼ ਕਿਸ ਤਰਾਂ ਦਾ ਵਰ੍ਹ ਗਿਆ।

ਝੱਖੜਾਂ ਨੂੰ ਜੋ ਰਿਹਾ ਵੰਗਾਰਦਾ ਹਰ ਵਕਤ ਹੀ,
ਸ਼ਖਸ਼ ਉਹ ਅੱਜ ਵਾ-ਵਰੋਲ਼ਾ ਵੇਖ ਕੇ ਹੀ ਡਰ ਗਿਆ।

ਦਿਲ ’ਚ ਜੋ ਸੀ ਖੌਲਦਾ ਨਾ ਦਿਸ ਰਿਹਾ ਸ਼ਿਅਰਾਂ ’ਚ ਹੁਣ,
ਕੁਝ ਪਤਾ ਲਗਦਾ ਨਹੀਂ ਉਹ ਫ਼ਲਸਫ਼ਾ ਕਿੱਧਰ ਗਿਆ।

ਹੁਕਮਰਾਨੋ ਉਹ ਪਰਿੰਦਾ ਫੜ ਨਹੀਂ ਹੋਣਾ ਕਦੇ,
ਫ਼ਤਵਿਆਂ ਦੇ ਦੌਰ ਵਿੱਚ ਵੀ ਜੋ ਉਡਾਰੀ ਭਰ ਗਿਆ

                         * * *

                         5.

ਸਿਆਸਤ ਨੇ ਬਦਲ ਦਿੱਤੇ ਜਦੋਂ ਦੇ ਅਰਥ ਰੰਗਾਂ ਦੇ,
ਉਕਾਬਾਂ ਦੇ ਨਗਰ ਵਿੱਚ ਹੋ ਰਹੇ ਚਰਚੇ ਪਤੰਗਾਂ ਦੇ

ਜਿਨ੍ਹਾਂ ਦੇ ਪੁੱਤ ਆਏ ਜਿੱਤ ਕੇ ਪਰ ਬਕਸਿਆਂ ਅੰਦਰ,
ਉਨ੍ਹਾਂ ਨੂੰ ਪੁੱਛ ਕੇ ਵੇਖੀਂ ਨਤੀਜੇ ਕੀ ਨੇ ਜੰਗਾਂ ਦੇ

ਜਦੋਂ ਤੈਥੋਂ ਮੇਰੇ ਦਿਲ ਵਿੱਚ ਅਜੇ ਤੱਕ ਡੁੱਬ ਨਾ ਹੋਇਆ,
ਮੁਹੱਬਤ ਕਿੰਝ ਨਾਪਣਗੇ ਤੇਰੇ ਟੋਟੇ ਇਹ ਵੰਗਾਂ ਦੇ

ਰਿਸ਼ੀ ਸ਼ੰਭੂਕ, ਤੇ ਸਰਮਦ, ਸਰਾਭਾ, ਯਾਦ ਨੇ ਤਨਵੀਰ,
ਤਦੇ ਆਏ ਨਹੀਂ ਸਾਨੂੰ ਕਦੇ ਵੀ ਖ਼ਾਬ ਝੰਗਾਂ ਦੇ

ਚਿਰਾਗ਼ਾਂ ਨੂੰ ਬੁਝਾ ਦਿੱਤਾ ਜੇ ’ਨ੍ਹੇਰੀ ਨੇ ਤਾਂ ਕੀ ਹੋਇਆ,
ਮੇਰੇ ਅੰਦਰ ਅਜੇ ਵੀ ਚਮਕਦੇ ਜੁਗਨੂੰ ਉੁਮੰਗਾਂ ਦੇ

ਮੈਂ ਖ਼ੁਦ ਤੋਂ ਪੁੱਛਦਾ ਹਾਂ ਰੋਜ਼ ਸਾਗਰ ਸ਼ਾਂਤ ਹੈ ਜੇਕਰ,
ਬੜੇ ਬੇਚੈਨ ਕਿਉਂ ਦਿਸਦੇ ਨੇ ਮੈਨੂੰ ਰੁਖ ਤਰੰਗਾਂ ਦੇ

ਕੋਈ ਗੱਲ ਖ਼ਾਸ ਹੈ ਤਨਵੀਰ ਭਾਵੇਂ ਮੰਨ ਜਾਂ ਨਾ ਮੰਨ,
ਮਹਾਜਨ ਚੱਲ ਕੇ ਆਏ ਨੇ ਜੋ ਵਿਹੜੇ ਮਲੰਗਾਂ ਦੇ

                *  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4791)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਜੈ ਤਨਵੀਰ

ਅਜੈ ਤਨਵੀਰ

Phone: USA (559 - 309 - 2031)
Email: (ajaynarr@icloud.com)