“ਚਾਲ-ਢਾਲ ਤੋਂ ਲੱਗਦਾ ਸੀ ... ਮੌਸਮ ਖਰਾਬ ਚੱਲ ਰਿਹਾ ਹੈ। ... ਝੱਖੜ ਆਉਣ ਦੇ ਆਸਾਰ ...”
(18 ਅਕਤੂਬਰ 2023)
ਬੇਟੇ ਅਤੇ ਨੂੰਹ ਵਿੱਚ
ਕਈ ਦਿਨਾਂ ਤੋਂ ਘਿਸ-ਘਿਸ ਚੱਲਦੀ ਸੀ।
ਚਿਹਰਿਆਂ ਦੇ ਹਾਵ-ਭਾਵ
ਕਨੇਡਾ ਦੇ ਮੌਸਮ ਵਾਂਗ
ਬਦਲੇ-ਬਦਲੇ ਦਿਖਾਈ ਦਿੰਦੇ ਸਨ।
ਦੋਵੇਂ ਕਈ ਵਾਰੀ
ਘੁਸਰ-ਮੁਸਰ ਕਰਦੇ ਵੀ ਦਿਸੇ।
ਜਦ ਮੈਂ ਫੈਮਲੀ ਰੂਮ ਵਿੱਚ ਜਾਂਦਾ
ਉਹ ਟੀ ਵੀ ਬੰਦ ਕਰ ਕੇ
ਆਪਣੇ ਬੈੱਡਰੂਮ ਵਿੱਚ ਚਲੇ ਜਾਂਦੇ।
ਚਾਲ-ਢਾਲ ਤੋਂ ਲੱਗਦਾ ਸੀ
ਮੌਸਮ ਖਰਾਬ ਚੱਲ ਰਿਹਾ ਹੈ।
ਝੱਖੜ ਆਉਣ ਦੇ ਆਸਾਰ
ਵਧਦੇ ਨਜ਼ਰ ਆਉਣ ਲੱਗੇ।
ਲੱਗਦਾ ਸੀ ਹਵਾ ਬਦਲੇਗੀ
ਬੂੰਦਾ-ਬਾਂਦੀ ਹੋਵੇਗੀ।
ਕੱਚੇ-ਪੱਕੇ ਪਕੌੜੇ ਪੱਕਣਗੇ
ਢਿੱਡ ਪੀੜ ਹੋਏਗੀ
ਸਿਰ ਦਰਦ ਕਰੇਗਾ।
ਜੇ ਹਵਾ ਕਨੇਡਾ ਦੇ ਉੱਤਰ ਵਲੋਂ ਵਗਣ ਲੱਗ ਪਈ ਤਾਂ
ਗੋਡੇ ਗਿੱਟੇ ਵੀ ਜ਼ਰੂਰ ਦੁਖਣਗੇ।
ਬੱਸ ਫਿਰ ਕੀ ਸੀ
ਥੋੜ੍ਹੇ ਦਿਨਾਂ ਬਾਅਦ
ਬੁੱਲੇ ਨੇ ਜਦੋਂ ਬਣ ਵਰੋਲ਼ਾ
ਝੱਖੜ ਵਾਲਾ ਰੂਪ ਬਣਾਇਆ
ਬੇਟਾ ਮੈਨੂੰ ਘਰੋਂ ਚੁੱਕ ਕੇ ਨਰਸਿੰਗ ਹੋਮ ਵਿੱਚ
ਦਾਖਲ ਕਰਾ ਹੀ ਗਿਆ।
ਉੱਥੇ ਮੈਂ ਬੜਾ ਔਖਾ
ਆਪਣੇ ਆਪ ’ਤੇ ਹੀ ਖਿਝਣ ਲੱਗਾ।
ਚੁੱਪ ਚੁੱਪ ਰਹਿਣ ਲੱਗਾ
ਗੁਆਚਿਆ ਜਿਹਾ।
ਬਹੁਤਾ ਸਮਾਂ ਆਪਣੇ ਕਮਰੇ ਵਿੱਚ ਹੀ ਬਿਤਾਉਣ ਲੱਗਾ।
ਇਕ ਦਿਨ “ਸਨੀ ਡੇਅ” ਸੀ
ਮੈਂ ਇਕੱਲਾ ਧੁੱਪੇ ਬੈਠਾ ਸੀ।
ਮੈਨੂੰ ਇੱਕ ਸਰਦਾਰ ਜੀ ਨੇ ਪੁੱਛਿਆ, ਕੀ ਹੋਇਆ?
ਖ਼ੁਸ਼ੀ ਨਾਲ ਨਹੀਂ ਆਇਆ ਇੱਥੇ?
ਮੈਂ ਉਸ ਨੂੰ ਸਾਰੀ ਕਹਾਣੀ ਦੱਸੀ।
ਮੈਨੂੰ ਪੁੱਛਦਾ, ਤੇਰੀ ਪੈਨਸ਼ਨ ਲੱਗੀ ਹੈ?
ਹਾਂ! ਤਿੰਨ ਪੈਨਸ਼ਨਾਂ ਲੱਗੀਆਂ ਹੋਈਆਂ ਨੇ।
ਤੂੰ ਬੇਵਕੂਫ਼ ਹੈਂ ਓ ਭਾਈ!
ਜ਼ਿੰਦਗੀ ਤਾਂ ਇੱਕ ਸੌਗਾਤ ਹੈ।
ਇਹ ਤਾਂ ਸੰਤਰੇ ਦੀ ਤਰ੍ਹਾਂ ਹੈ
ਜੇ ਇਸ ਦਾ ਸਾਰਾ ਜੂਸ ਨਾ ਪੀਤਾ
ਤਾਂ ਇਸਨੇ ਪਈ-ਪਈ ਨੇ ਸੜ ਜਾਣੈ।
ਬੋਅ ਮਾਰੂਗੀ
ਛੇਤੀ ਹੀ ਕੂੜੇ ਵਿੱਚ ਸੁੱਟਣ ਵਾਲ਼ੀ ਹੋ ਜਾਏਗੀ।
ਜ਼ਿੰਦਗੀ ਨੂੰ ਕੱਟ ਨਾ ਪਿਆਰਿਆ!
ਇਸ ਨੂੰ ਜਿਉਂਅ
ਇਸ ਨੂੰ ਨਿਚੋੜ, ਇਸਦੇ ਰਸ ਦਾ ਤੁਪਕਾ ਤੁਪਕਾ ਪੀ
ਇਹ ਦੁਬਾਰਾ ਨਹੀਂ ਮਿਲਣੀ।
ਉਹਨੇ ਫਿਰ ਪੁੱਛਿਆ, ਤੇਰੇ ਸ਼ੌਕ ਕਿਹੜੇ ਕਿਹੜੇ ਹਨ?
ਮੈਂ ਸੋਚਣ ਲੱਗਿਆ
ਪਰ ਮੈਨੂੰ ਮੇਰਾ ਕੋਈ ਵੀ ਸ਼ੌਕ ਚੇਤੇ ਨਹੀਂ ਆਇਆ।
ਕਹਿੰਦਾ! ਮਹਾਂ ਬੇਵਕੂਫ਼!
ਅਜੇ ਵੀ ਕੋਈ ਸ਼ੌਕ ਪਾਲ਼
ਬੱਚਿਆਂ ਨੂੰ ਆਪਣੀ ਜ਼ਿੰਦਗੀ ਜਿਉਣ ਦੇ।
ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਸੁਪਨਿਆਂ ਦੇ ਬੂਟੇ ਲਾਉਣ ਦੇ,
ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਅਸਮਾਨੀਂ ਉਡਾਰੀਆਂ ਲਾਉਣ ਦੇ।
ਸਿਹਤ ਪੱਖੋਂ ਬੜਾ ਵਧੀਆ ਹੈਂ
ਤੂੰ ਕਿਉਂ ਆਪਣੀ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਨੈ?
ਹੁਣ ਤੂੰ ਉਹਨਾਂ ਤੋਂ ਵੜੇਵੇਂ ਲੈਣੇ ਨੇ?
ਉਸ ਨੇ ਹੋਰ ਹੈਰਾਨ ਹੋ ਕੇ ਪੁੱਛਿਆ
ਤੂੰ ਕਦੀ ਕਿਰਤ ਕਮਾਈ ਕਰਦਿਆਂ
ਪਰਿਵਾਰ ਪਾਲਦਿਆਂ, ਕੋਈ ਸੁਪਨੇ ਨਹੀਂ ਲਏ?
ਕਦੇ ਨਹੀਂ ਚਿਤਵਿਆ ਕਿ
ਰਿਟਾਇਰ ਹੋਣ ਤੋਂ ਬਾਅਦ ਆਹ ਕਰਾਂਗਾ, ਔਹ ਕਰਾਂਗਾ?
ਹੁਣ ਕਰ ਉਨ੍ਹਾਂ ਸੁਪਨਿਆਂ ਨੂੰ ਪੂਰੇ।
ਵੱਡੀ ਸਾਰੀ ਪੰਜਾਬੀ ਗਾਲ਼ ਕੱਢਕੇ ਕਹਿੰਦਾ
ਹੋਰ ਦੁਨੀਆ ’ਚ ਤੂੰ ਵੜੇਵੇਂ ਲੈਣ ਆਇਐਂ?
ਐਵੇਂ ਦਿਨ-ਕਟੀ ਕਰਨ ਦਾ ਕੀ ਫ਼ਾਇਦਾ?
ਤੁਰੀ ਫਿਰਦੀ ਲਾਸ਼ ਵਾਂਗ ਜਿਉਣ ਦਾ ਕੀ ਫ਼ਾਇਦਾ?
ਡੱਬੇ ਵਿੱਚ ਬੰਦ ਹੋਣ ਤੋਂ ਪਹਿਲਾਂ
ਸੁਆਹ ਬਣਨ ਤੋਂ ਪਹਿਲਾਂ
ਕਰ ਆਪਣੇ ਸ਼ੌਕ ਪੂਰੇ
ਗੋਰਿਆਂ ਤੋਂ ਕੋਈ ਚੰਗੀ ਗੱਲ ਵੀ ਸਿੱਖ ਲਿਆ ਕਰ ਯਾਰ!
ਨਹੀਂ ਤਾਂ ਪਿੰਡ ਦੀਆਂ ਰੂੜੀਆਂ ਮਾੜੀਆਂ ਸੀ?
ਖੇਡਦਾ ਰਹਿੰਦਾ ਉਹਨਾਂ ’ਤੇ
ਫਸਾਈ ਰੱਖਦਾ ਗੋਹੇ ਵਿੱਚ ਆਪਣੀਆਂ ਲੱਤਾਂ।
ਮੇਰੀਆਂ ਬੰਦ ਅੱਖਾਂ ਤੇ ਦਿਮਾਗ਼ ਦੇ ਕਿਵਾੜ ਖੁੱਲ੍ਹ ਗਏ।
ਮੈਨੂੰ ਲੱਗਿਆ, ਜਿਵੇਂ ਮੈਨੂੰ ਜ਼ਿੰਦਗੀ ਦਾ ਸਬਕ ਮਿਲ ਗਿਆ ਹੋਵੇ।
ਫਿਰ ਉਹ ਹੱਸ ਕੇ ਕਹਿੰਦਾ,
ਹਾਣੀਆਂ ਦੀਆਂ ਢਾਣੀਆਂ ਵਿੱਚ ਜਾ,
ਉਨ੍ਹਾਂ ਦੀਆਂ ਬਾਤਾਂ ਸੁਣ,
ਆਪਣੀਆਂ ਕਹਾਣੀਆਂ ਸੁਣਾ।
ਹੱਸ ਤੇ ਹਸਾ, ਕੁਝ ਸਿੱਖ ਕੁਝ ਸਿਖਾ।
ਸਵਰਗ ਵਰਗੇ ਦੇਸ਼ ਵਿੱਚ ਬੈਠ ਕੇ
ਐਵੇਂ ਰੋਈ ਜਾਨਾਂ ਏਂ
ਤੂੰ ਬੱਚਿਆਂ ਤੋਂ ਕੀ ਲੈਣੈ?
ਉਹਨਾਂ ਨੂੰ ਆਪਣੇ ਕੰਮ-ਕਾਜ ਕਰਨ ਦੇ।
ਜੋ ਉਹਨਾਂ ਨੇ ਸੁਪਨੇ ਲਏ ਨੇ,
ਉਹਨਾਂ ਨੂੰ ਪੂਰੇ ਕਰਨ ਦੇ।
ਉਹਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਦੇ
ਤੂੰ ਬੱਚਿਆਂ ਤੋਂ ਵੜੇਵੇਂ ਲੈਣੇ ਨੇ!
ਤੂੰ ਬੱਚਿਆਂ ਤੋਂ ਵੜੇਵੇਂ ਲੈਣੇ ਨੇ!!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4302)
(ਸਰੋਕਾਰ ਨਾਲ ਸੰਪਰਕ ਲਈ: (