“ਮੇਰੇ ਗੀਤਾਂ ਤੋਂ ਨਾ ਗਾਏ ਜਾਂਦੇ ਰਾਜਿਆਂ ਦੇ ਸੋਹਿਲੇ, ਭੁੱਖੇ ਪੇਟ ਵਾਲ਼ੀ ਅੱਗ ਜਦੋਂ ਸਿਰ ਚੜ੍ਹ ਬੋਲੇ। ...”
(11 ਅਕਤੂਬਰ 2023)
1. ਮੇਰੇ ਦਿਲ ਦੀ ਸੱਖਣੀ ਮਮਟੀ ’ਤੇ
ਮੇਰੇ ਦਿਲ ਦੀ ਸੱਖਣੀ ਮਮਟੀ ’ਤੇ,
ਕੋਈ ਦੀਵਾ ਪਿਆਰ ਵਾਲ਼ਾ ਧਰ ਨੀ ਗਿਆ।
ਮੇਰੇ ਚਾਰ ਚੁਫ਼ੇਰੇ ਚਾਨਣ ਨੂੰ,
ਤੱਕ ਕੇ ਮੇਰਾ ਬਾਬਲ ਡਰ ਨੀ ਗਿਆ।
ਮੇਰੇ ਸਰੂਆਂ ਵਰਗੇ ਵੀਰ ਕੁੜੇ,
ਮੋਢੇ ਟੰਗ ਕੇ ਖੜ੍ਹ ਗਏ ਤੀਰ ਕੁੜੇ।
ਮੇਰੀ ਅੰਮੜੀ ਖਾਵੇ ਝਿੜਕਾਂ ਨੀ,
ਲੁਕ ਲੁਕ ਕੇ ਲੈਂਦੀ ਬਿੜਕਾਂ ਨੀ।
ਬਾਬਲ ਦੇ ਵਿਹੜੇ ਸੋਗ ਪਿਆ,
ਜਿਵੇਂ ਘਰ ਵਿੱਚ ਕੋਈ ਮਰ ਨੀ ਗਿਆ।
ਮੇਰੇ ਦਿਲ ਦੀ ਸੱਖਣੀ ਮਮਟੀ ’ਤੇ,
ਕੋਈ ਦੀਵਾ ਪਿਆਰ ਵਾਲ਼ਾ ਧਰ ਨੀ ਗਿਆ।
ਮੇਰੇ ਮਾਮੇ ਨੂੰ ਖ਼ਬਰਾਂ ਹੋਈਆਂ ਨੀ,
ਭੂਆਂ ਹਉਕੇ ਭਰ ਭਰ ਰੋਈਆਂ ਨੀ,
ਵੱਡੇ ਚਾਚੇ ਨੇ ਦੁਨਾਲ਼ੀ ਚੁੱਕ ਲਈ ਨੀ,
ਸਹੁੰ ਮੁੱਠੀਆਂ ਮੀਟ ਕੇ ਟੁੱਕ ਲਈ ਨੀ,
ਗੁੱਸਾ ਅੱਗ ਵਰਗਾ ਮੇਰੇ ਬਾਬਲ ਦਾ,
ਜਿਵੇਂ ਸੱਤ ਅਸਮਾਨੀਂ ਚੜ੍ਹ ਨੀ ਗਿਆ।
ਮੇਰੇ ਦਿਲ ਦੀ ਸੱਖਣੀ ਮਮਟੀ ’ਤੇ,
ਕੋਈ ਦੀਵਾ ਪਿਆਰ ਵਾਲ਼ਾ ਧਰ ਨੀ ਗਿਆ।
ਕਿਸੇ ਮੌਤ ਦਾ ਸਾਇਆ ਛਾਇਆ ਨੀ,
ਕੋਈ ਚੰਦਰਾ ਈ ਦਿਨ ਚੜ੍ਹ ਆਇਆ ਨੀ।
ਦਿਨ ਰਾਤ ਬਰਛੀਆਂ ਚਮਕਣ ਨੀ,
ਮੇਰੀ ਰੁਕਦੀ ਜਾਂਦੀ ਧੜਕਣ ਨੀ,
ਪੌਣਾਂ ਵੀ ਡਰ ਗਈਆਂ ਰੁਮਕਣ ਤੋਂ,
ਸੂਰਜ ਵੀ ਲਗਦੈ ਠਰ ਨੀ ਗਿਆ,
ਮੇਰੇ ਦਿਲ ਦੀ ਸੱਖਣੀ ਮਮਟੀ ’ਤੇ,
ਕੋਈ ਦੀਵਾ ਪਿਆਰ ਵਾਲ਼ਾ ਧਰ ਨੀ ਗਿਆ।
ਕੋਈ ਪਾਵੋ ਹਾਲ ਦੁਹਾਈ ਨੀ,
ਮੇਰੀ ਜਾਨ ਮੁੱਠੀ ਵਿੱਚ ਆਈ ਨੀ,
ਹਾੜਾ! ਕਰ ਲਉ ਕੋਈ ਹੀਲਾ ਨੀ,
ਜਿੰਦ ਖਿੰਡ ਗਈ ਤੀਲ੍ਹਾ ਤੀਲ੍ਹਾ ਨੀ,
ਕਿੱਥੇ ‘ਕਲਮਾਂ ਵਾਲ਼ਾ’ ਰੁੜ੍ਹ ਨੀ ਗਿਆ,
ਕਿੱਥੇ ਅਕਲਾਂ ਵਾਲ਼ਾ ਸੜ ਨੀ ਗਿਆ,
ਮੇਰੇ ਦਿਲ ਦੀ ਸੱਖਣੀ ਮਮਟੀ ’ਤੇ,
ਕੋਈ ਦੀਵਾ ਪਿਆਰ ਵਾਲ਼ਾ ਧਰ ਨੀ ਗਿਆ।
ਹਾਇ! ਦਿਲ ਦਾ ਜਾਨੀ ਘੇਰ ਲਿਆ,
ਬਾਪੂ ਹੱਥ ਨੀ ਮੁੱਛਾਂ ’ਤੇ ਫੇਰ ਲਿਆ,
ਆਹ ਲੈ! ਉਡਿਆ ਕਬੂਤਰਾਂ ਦਾ ਜੋੜਾ ਨੀ,
ਜਦੋਂ ਦੱਬਿਆ ਰਫ਼ਲ ਦਾ ਘੋੜਾ ਨੀ,
ਸੋਹਣਾ ਧਰਤੀ ’ਤੇ ਡਿੱਗਾ ਨੀ ਚੌਫ਼ਾਲ ਪਿਆ,
ਕੋਈ ਸ਼ਮ੍ਹਾ ਨੀ ਪਿਆਰ ਵਾਲ਼ੀ ਬਾਲ਼ ਗਿਆ,
ਦੀਵਾ ਲਟ ਲਟ ਕਰਦਾ ਨਾ ਬੁਝਿਆ,
ਪਰ ਦੀਵੇ ਵਾਲ਼ਾ ਮਰ ਨੀ ਗਿਆ,
ਮੇਰੇ ਦਿਲ ਦੀ ਸੱਖਣੀ ਮਮਟੀ ’ਤੇ
ਕੋਈ ਦੀਵਾ ਪਿਆਰ ਵਾਲ਼ਾ ਧਰ ਨੀ ਗਿਆ।
***
2. ਅਸੀਂ ਜੁਗਨੂੰ
ਅਸੀਂ ਜੁਗਨੂੰ ਹਨੇਰਿਆਂ ਨੂੰ ਚੀਰਦੇ ਨੀ ਮਾਂ।
ਤਾਹੀਓਂ ਲੱਗਦੇ ਨੇ ਕੰਡੇ ਵੀ ਕਰੀਰ ਦੇ ਨੀ ਮਾਂ।
ਅਸੀਂ ਰਾਤੋ ਰਾਤ ਜੰਗਲਾਂ ਤੋਂ ਪਾਰ ਲੰਘ ਜਾਈਏ,
ਕਿਸੇ ਸੁੱਚੇ ਜਿਹੇ ਰੁੱਖ ਤੇ ਪੈਗ਼ਾਮ ਟੰਗ ਜਾਈਏ।
ਕਦੇ ਹੋਈਏ ਨਾ ਗ਼ੁਲਾਮ ਖੰਡ ਖੀਰ ਦੇ ਨੀ ਮਾਂ,
ਅਸੀਂ ਜੁਗਨੂੰ ਹਨੇਰਿਆਂ ਨੂੰ ਚੀਰਦੇ ਨੀ ਮਾਂ,
ਤਾਹੀਓਂ ਲੱਗਦੇ ਨੇ ਕੰਡੇ ਵੀ ਕਰੀਰ ਦੇ ਨੀ ਮਾਂ।
ਸਾਡਾ ਸੁੱਚਾ ਜਿਹਾ ਚੰਮ ਆਵੇ ਲੋਕਾਂ ਦੇ ਹੀ ਕੰਮ,
ਆਈਏ ਆਈ ’ਤੇ ਤਾਂ ਅੰਮੀਏ! ਆਕਾਸ਼ ਲੈਂਦੇ ਥੰਮ।
ਕਦੇ ਥੱਕੀਏ ਨਾ ਡੌਲ਼ੇ ਨੇ ਸ਼ਤੀਰ ਦੇ ਨੀ ਮਾਂ,
ਅਸੀਂ ਜੁਗਨੂੰ ਹਨੇਰਿਆਂ ਨੂੰ ਚੀਰਦੇ ਨੀ ਮਾਂ,
ਤਾਹੀਓਂ ਲੱਗਦੇ ਨੇ ਕੰਡੇ ਵੀ ਕਰੀਰ ਦੇ ਨੀ ਮਾਂ।
ਅਸੀਂ ਉੱਚੀਆਂ ਅਟਾਰੀਆਂ ਦੇ ਉੱਤੋਂ ਲੰਘ ਜਾਈਏ,
ਨਾਲ਼ੇ ਸ਼ੀਸ਼ੇ ਦੀਆਂ ਬਾਰੀਆਂ ਦੇ ਕੋਲ਼ੋਂ ਖ਼ੰਘ ਜਾਈਏ,
ਫ਼ੀਲੇ ਬਣੀਏ ਨਾ ਰਾਜੇ ਤੇ ਵਜ਼ੀਰ ਦੇ ਨੀ ਮਾਂ,
ਅਸੀਂ ਜੁਗਨੂੰ ਹਨੇਰਿਆਂ ਨੂੰ ਚੀਰਦੇ ਨੀ ਮਾਂ।
ਤਾਹੀਓਂ ਲੱਗਦੇ ਨੇ ਕੰਡੇ ਵੀ ਕਰੀਰ ਦੇ ਨੀ ਮਾਂ।
ਸਾਡੀ ਅੰਬਰਾਂ ਦੇ ਤਾਰਿਆਂ ਦੇ ਨਾਲ਼ ਪੱਕੀ ਯਾਰੀ,
ਚੰਨ, ਸੂਰਜਾਂ ਨੂੰ ਮਾਏ! ਅਸੀਂ ਰੱਖੀਏ ਵੰਗਾਰੀ,
ਅਸੀਂ ਵੈਰੀ ਕਾਣੀ ਵੰਡ ਵਾਲ਼ੇ ਟੀਰ ਦੇ ਨੀ ਮਾਂ,
ਅਸੀਂ ਜੁਗਨੂੰ ਹਨੇਰਿਆਂ ਨੂੰ ਚੀਰਦੇ ਨੀ ਮਾਂ,
ਤਾਹੀਓਂ ਲੱਗਦੇ ਨੇ ਕੰਡੇ ਵੀ ਕਰੀਰ ਦੇ ਨੀ ਮਾਂ।
ਅਸੀਂ ਵੱਡੀਆਂ ਹਕੂਮਤਾਂ ਨਾ’ ਮੱਥਾ ਜਦੋਂ ਲਾਈਏ,
ਉਹਨਾਂ ਰਾਹਾਂ ਉੱਤੇ ਜਿੱਤ ਦੇ ਨਿਸ਼ਾਨ ਛੱਡ ਜਾਈਏ,
ਗੀਤ ਗਈਏ ਜੇ ਤਾਂ ਗਾਈਏ ਉੱਚ ਪੀਰ ਦੇ ਨੀ ਮਾਂ,
ਅਸੀਂ ਜੁਗਨੂੰ ਹਨੇਰਿਆਂ ਨੂੰ ਚੀਰਦੇ ਨੀ ਮਾਂ,
ਤਾਹੀਓਂ ਲੱਗਦੇ ਨੇ ਕੰਡੇ ਵੀ ਕਰੀਰ ਦੇ ਨੀ ਮਾਂ।
***
3. ਜਿਹੜੇ ਹੱਸਣਾ ਵੀ ਜਾਣਦੇ ਨੇ
ਜਿਹੜੇ ਹੱਸਣਾ ਵੀ ਜਾਣਦੇ ਨੇ,
ਜਿਹੜੇ ਨੱਚਣਾ ਵੀ ਜਾਣਦੇ ਨੇ,
ਅੱਗ ਦੇ ਅੰਗਾਰੇ ਵਾਂਗੂੰ
ਮੱਚਣਾ ਵੀ ਜਾਣਦੇ ਨੇ,
ਨੀ ਮੈਂ ਇਹੋ ਜਿਹੇ ਗੀਤਾਂ ਦੀ ਹਾਂ ਮਾਂ ਕੁੜੀਓ!
ਰੱਖੋ ਰੱਖੋ ਮੇਰੇ ਗੀਤਾਂ ਦਾ ਵੀ ਨਾਂ ਕੁੜੀਓ!
ਪਹਿਲਾਂ ਚੜ੍ਹਨੋਂ ਸਟੇਜ ਤੋਂ ਵੀ ਸੰਗਦੇ ਰਹੇ,
ਮੇਰੇ ਬਾਪੂ ਤੋਂ ਇਜਾਜ਼ਤਾਂ ਹੀ ਮੰਗਦੇ ਰਹੇ,
ਸਹੁੰ ਰੱਬ ਦੀ ਅੰਮੀ ਸੀ ਜਦੋਂ ਘੂਰਦੀ
ਨੀਵੀਂ ਪਾ ਕੇ ਗਲ਼ੀ ਦੇ ਵਿੱਚੋਂ ਲੰਘਦੇ ਰਹੇ,
ਜਿਹੜੇ ਹੱਸਣਾ ਵੀ ਜਾਣਦੇ ਨੇ …
ਹੌਲ਼ੀ ਹੌਲ਼ੀ ਮੇਰੇ ਗੀਤ ਭੈਣੋਂ! ਰੋਣ ਲੱਗ ਪਏ,
ਨਿੱਕੀ ਨਿੱਕੀ ਗੱਲ ਉੱਤੇ ਗੁੱਸੇ ਹੋਣ ਲੱਗ ਪਏ,
ਰਾਤੀਂ ਚੰਨ ਕੋਲ਼ੋਂ ਮੰਗਦੇ ਸੀ ਚਾਨਣੀ,
ਦਿਨੇ ਸੂਰਜੇ ਤੋਂ ਧੁੱਪ ਨੂੰ ਵੀ ਖੋਹਣ ਲੱਗ ਪਏ।
ਜਿਹੜੇ ਹੱਸਣਾ ਵੀ ਜਾਣਦੇ ਨੇ …
ਮੇਰੇ ਗੀਤਾਂ ਨੇ ਤਾਂ ਪਾਇਆ ਚੰਨ ਸੂਰਜਾਂ ਨੂੰ ਘੇਰਾ,
ਕਾਹਤੋਂ ਚਾਨਣੀ ਦੇ ਮਾਲਕੋ ਵੇ! ਵੰਡਦੇ ਹਨ੍ਹੇਰਾ,
ਕੰਨ ਖੋਲ੍ਹ ਕੇ ਸੁਣੋ ਵੇ ਅਸੀਂ ਪੁੱਛਦੇ,
ਸਾਡੀ ਕਿੱਥੇ ਆ ਦੁਪਹਿਰ, ਸਾਡਾ ਕਿੱਥੇ ਐ ਸਵੇਰਾ।
ਜਿਹੜੇ ਹੱਸਣਾ ਵੀ ਜਾਣਦੇ ਨੇ …
ਮੇਰੇ ਗੀਤਾਂ ਤੋਂ ਨਾ ਗਾਏ ਜਾਂਦੇ ਰਾਜਿਆਂ ਦੇ ਸੋਹਿਲੇ,
ਭੁੱਖੇ ਪੇਟ ਵਾਲ਼ੀ ਅੱਗ ਜਦੋਂ ਸਿਰ ਚੜ੍ਹ ਬੋਲੇ।
ਹੰਝੂ ਅੱਗ ਦੇ ਅੰਗਾਰੇ ਵਾਂਗੂੰ ਮੱਚਦੇ,
ਆਟੇ ਦਾਲ਼ ਨੂੰ ਵੀ ਜਦੋਂ ਖਾ ਜਾਣ ਨੀ ਵਿਚੋਲੇ।
ਜਿਹੜੇ ਹੱਸਣਾ ਵੀ ਜਾਣਦੇ ਨੇ …
ਇੱਕ ਦਿਨ ਮੇਰੇ ਗੀਤਾਂ ਨੇ ਆਕਾਸ਼ ਮੱਲਣਾ,
ਰਹੋ ਜਾਗਦੇ ਸੁਨੇਹਾ ਧਰਤੀ ’ਤੇ ਘੱਲਣਾ।
ਚੋਰ ਹਾਸਿਆਂ ਦੇ ਇੱਲਾਂ ਵਾਂਗੂੰ ਘੁੰਮਦੇ,
ਲੋਕੋ! ਪੰਜਿਆਂ ਨੂੰ ਪੰਜਿਆਂ ਦੇ ਨਾਲ਼ ਠੱਲ੍ਹਣਾ।
ਜਿਹੜੇ ਹੱਸਣਾ ਵੀ ਜਾਣਦੇ ਨੇ …
***
4. ਮੈਨੂੰ ਕਿਵੇਂ ਤਾਂ ਬਚਾ ਲੈ
ਹਾਇ! ਨੀ ਮਾਂ! ਚੱਲੀ ਆਂ ਸਕੂਲ,
ਸ਼ਾਮੀਂ ਮੁੜ ਆਵਾਂਗੀ,
ਜਾਂ ਕਿਤੇ ਰੁੜ੍ਹ ਜਾਵਾਂਗੀ,
ਨੀ ਰੱਖੀਂ ਬਿੜਕ ਜ਼ਰੂਰ,
ਹਾਇ! ਨੀ ਮਾਂ! ਚੱਲੀ ਆਂ ਸਕੂਲ।
ਜਿਹੜੇ ਗਲ਼ੀ ਦੇ ਮੋੜ ਉੱਤੇ ਖੜ੍ਹੇ ਮੁਸ਼ਟੰਡੇ,
ਮੈਨੂੰ ਓਹਨਾਂ ਦੇ ਇਰਾਦੇ ਮਾਏ! ਲੱਗਦੇ ਨਾ ਚੰਗੇ,
ਭੈੜੇ ਅਕਲਾਂ ਦੇ ਮਾਰੇ,
ਭੱਦੇ ਕਰਦੇ ਇਸ਼ਾਰੇ,
ਮੈਂ ਤਾਂ ਬੜੀ ਮਜਬੂਰ,
ਹਾਇ! ਨੀ ਮਾਂ!…
ਜਾਵਾਂ ਬੱਸ ਚੜ੍ਹਕੇ ਨੀ ਚਾਹੇ ਆਟੋ ਫੜ ਕੇ,
ਮੇਰਾ ਦਿਲ ਚੰਦਰੀ ਦਾ ਧੱਕ ਧੱਕ ਧੜਕੇ,
ਕਿਤੇ ਲੁੱਟੀ ਹੀ ਨਾ ਜਾਵਾਂ,
ਹਾਇ! ਪੱਟੀ ਹੀ ਨਾ ਜਾਵਾਂ।
ਤੈਥੋਂ ਹੋ ਕੇ ਮਾਏ! ਦੂਰ,
ਹਾਇ! ਨੀ ਮਾਂ! …
ਮੈਨੂੰ ਮਾਸਟਰ ਕੋਲ਼ੋਂ ਮਾਏ! ਲੱਗੇ ਬੜੀ ਸੰਗ,
ਜਦੋਂ ਦੇਖਦਾ ਕੁਨੱਖਾ ਮੇਰੇ ਨਾਪਦਾ ਏ ਅੰਗ,
ਓਹਨੂੰ ਕਿਵੇਂ ਸਮਝਾਵਾਂ,
ਮੈਂ ਤਾਂ ਡੁੱਬਦੀ ਹੀ ਜਾਵਾਂ।
ਕਰੇ ਜ਼ਰਾ ਨਾ ਸ਼ਊਰ,
ਹਾਇ! ਨੀ ਮਾਂ!…
ਜਾਵਾਂ ਡਾਕਟਰ ਕੋਲ਼ੇ ਜੇ ਮੈਂ ਲੈਣ ਨੀ ਦਵਾਈ,
ਉਹ ਵੀ ਖਚਰਾ ਜਿਹਾ ਹੱਸੇ ਮੇਰੀ ਫੜ ਕੇ ਕਲਾਈ,
ਉਹ ਵੀ ਲੱਗਦਾ ਏ ਚੋਰ,
ਗੱਲਾਂ ਕਰੇ ਹੋਰ ਹੋਰ,
ਕੁਰਸੀ ’ਤੇ ਝੂਲ ਝੂਲ।
ਹਾਇ! ਨੀ ਮਾਂ!…
ਹਾੜਾ! ਮਾਂ ਮੇਰੀਏ ਨੀ, ਮੈਨੂੰ ਡੱਬੀ ਵਿੱਚ ਪਾ ਲੈ,
ਮੈਨੂੰ ਗਲ਼ ਦੇ ਤਵੀਤ ਵਿੱਚ ਰੱਖ ਕੇ ਮੜ੍ਹਾ ਲੈ,
ਚਾਹੇ ਘੱਗਰਾ ਸਿਵਾ ਦੇ, ਚਾਹੇ ਬੁਰਕੇ ’ਚ ਪਾ ਲੈ,
ਜਿੰਨੀ ਮੱਚਦੀ ਐ ਹਾਹਾਕਾਰ ਓਨੀ ਤੂੰ ਮਚਾ ਲੈ,
ਇਹਨਾਂ ਪਾਪੀਆਂ ਦਰਿੰਦਿਆਂ ਤੋਂ ਕਿਵੇਂ ਤਾਂ ਬਚਾ ਲੈ।
ਮੈਨੂੰ ਖਾ ਜਾਣਗੇ,
ਨੀ ਲੀਕਾਂ ਲਾ ਜਾਣਗੇ,
ਨੀ ਪਾਪੀ ਸੁਣੀਂਦੇ ਕਰੂਰ।
ਹਾਇ! ਨੀ ਮਾਂ! ਚੱਲੀ ਆਂ ਸਕੂਲ,
ਸ਼ਾਮੀਂ ਮੁੜ ਆਵਾਂਗੀ,
ਜਾਂ ਕਿਤੇ ਰੁੜ੍ਹ ਜਾਵਾਂਗੀ,
ਨੀ ਰੱਖੀਂ ਬਿੜਕ ਜ਼ਰੂਰ।
***
5. ਅੱਜ ਫੇਰ ਅੰਮੜੀਏ ਨੀ
ਅੱਜ ਫੇਰ ਅੰਮੜੀਏ ਨੀ
ਸੁਪਨਾ ਓਸ ਮੁੰਡੇ ਦਾ ਆਇਆ,
ਜਿਹੜਾ ਚਾਨਣ ਬਣ ਕੇ ਨੀ
ਰਹਿੰਦਾ ਨੈਣਾਂ ਵਿੱਚ ਸਮਾਇਆ।
ਬਾਬਲ ਬੜਾ ਕਾਹਲ਼ਾ ਨੀ
ਮੇਰੇ ਹੱਥ ਕਰਨ ਨੂੰ ਪੀਲ਼ੇ,
ਸਾਰਾ ਦਿਨ ਘੁੰਮਦਾ ਨੀ
ਲੱਭਦਾ ਗੱਭਰੂ ਛੈਲ-ਛਬੀਲੇ,
ਉਹਨੂੰ ਮੇਰਾ ਦਿਲਬਰ ਨੀ
ਹਾਇ! ਇੱਕ ਵਾਰ ਨਜ਼ਰ ਨਾ ਆਇਆ।
ਅੱਜ ਫੇਰ ਅੰਮੜੀਏ ਨੀ …
ਇੱਕ ਓਹਦੇ ਕਰਕੇ ਨੀ,
ਬਣ ਗਿਆ ਸਾਰਾ ਟੱਬਰ ਵੈਰੀ।
ਮੇਰਾ ਵੱਡਾ ਵੀਰਾ ਨੀ,
ਰੱਖਦਾ ਅੱਖ ਮੇਰੇ ’ਤੇ ਗਹਿਰੀ।
ਜਿਸ ਦਿਨ ਦਾ ਭਾਬੋ ਨੂੰ,
ਮੈਂ ਸੀ ਦਿਲ ਦਾ ਹਾਲ ਸੁਣਾਇਆ।
ਅੱਜ ਫੇਰ ਅੰਮੜੀਏ ਨੀ …
ਚਾਚਾ ਦੱਸ ਪਾਉਂਦਾ ਨੀ,
ਮੁੰਡਾ ਮਾਲਕ ਸੌ ਕਿੱਲਿਆਂ ਦਾ।
ਜੀਹਦਾ ਬਾਪ ਸੁਣੀਂਦਾ ਨੀ,
ਵੱਡਾ ਅਫ਼ਸਰ ਤਿੰਨ ਜ਼ਿਲ੍ਹਿਆਂ ਦਾ।
ਚਾਚੇ ਦੀਆਂ ਗੱਲਾਂ ਤੋਂ,
ਮੇਰਾ ਚਿੱਤ ਬੜਾ ਘਬਰਾਇਆ।
ਅੱਜ ਫੇਰ ਅੰਮੜੀਏ ਨੀ …
ਲੱਖਾਂ ਲੱਭ ਜਾਵਣਗੇ,
ਅੰਮੀਏ! ਤਨ ਦੇ ਬੜੇ ਵਪਾਰੀ।
ਕੋਈ ਵਿਰਲਾ ਚੁੱਕਦਾ ਏ,
ਸਿਰ ’ਤੇ ਇਸ਼ਕੇ ਵਾਲ਼ੀ ਖਾਰੀ।
ਨੀ ਉਹ ਤਨ ਦਾ ਲੋਭੀ ਨਾ,
ਉਹ ਤਾਂ ਮਹਿਕਾਂ ਦਾ ਤ੍ਰਿਹਾਇਆ।
ਅੱਜ ਫੇਰ ਅੰਮੜੀਏ ਨੀ …
ਸੋਹਣੇ ਚੰਨ ਦੇ ਟੁਕੜੇ ਨੂੰ,
ਅੰਮੀਏ! ਦਿਲ ’ਚੋਂ ਕਿਵੇਂ ਭੁਲਾਵਾਂ।
ਓਹਦੇ ਬਿਨ ਬਚਦੀ ਨਾ,
ਤੈਨੂੰ ਸੌ ਦੀ ਇੱਕ ਸੁਣਾਵਾਂ।
ਓਹੀ ਵਰ ਪਾਉਣਾ ਨੀ,
ਜਦ ਬਾਬਲ ਨੇ ਕਾਜ ਰਚਾਇਆ।
ਅੱਜ ਫੇਰ ਅੰਮੜੀਏ ਨੀ …
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4284)
(ਸਰੋਕਾਰ ਨਾਲ ਸੰਪਰਕ ਲਈ: (