GurbhajanSGill7ਕਲਮ ਦਵਾਤ ਡੁਸਕਦੀ ਵੇਖੀ ਕੱਚੇ ਘਰ ਦੇ ਵਿਹੜੇ ਵਿੱਚ,   ਦੇਸ਼ ਆਜ਼ਾਦ ਗੁਲਾਮ ਬਚਪਨਾਤਰਸੇ ਕਲਮ ਸਿਆਹੀਆਂ ਲਈ।
(ਮਈ 17, 2016)

 

                     1.

ਖ਼ੁਰ ਗਿਆ ਜੀ, ਭੁਰ ਗਿਆ ਜੀ, ਕੌਮ ਦਾ ਕਿਰਦਾਰ ਹੈ।
ਪੁੱਛਦੇ ਮੈਨੂੰ ਅਜੇ ਵੀ
, ਕੌਣ ਜ਼ਿੰਮੇਵਾਰ ਹੈ?

ਰਾਹਜ਼ਨਾਂ ਨੂੰ ਰਾਹਬਰਾਂ ਦੀ ਸਰਪ੍ਰਸਤੀ ਹਰ,
ਧਰਮ ਤੇ ਇਖ਼ਲਾਕ ਦਾ ਵੀ ਗਿਰ ਰਿਹਾ ਬਾਜ਼ਾਰ ਹੈ।

ਪੁੱਛਦੇ ਨੇ ਯਾਰ ਬੇਲੀ ਅੱਜ ਕੱਲ੍ਹ ਕੀ ਕਰ ਰਿਹੈਂ,
ਸ਼ੀਸ਼ਾਗਰ ਸਾਂ, ਅੱਜ ਕਲ੍ਹ ਪੱਥਰ ਦਾ ਕਾਰੋਬਾਰ ਹੈ।

ਰਾਹ ਦਿਸੇਰਾ ਹੋਣ ਦਾ ਮੈਂ ਭਰਮ ਕੈਸਾ ਪਾਲਿਆ,
ਰਾਤ ਦਿਨ ਹੀ ਸੁਰਤ ਮੇਰੀ ਚੌਂਕ ਦੇ ਵਿਚਕਾਰ ਹੈ।

ਸੌਂ ਗਿਆ ਜਾਪੇ ਮਸੀਹਾ, ਖ਼ਬਰ ਨਹੀਂ ਇਹ ਡਰ ਗਿਆ,
ਜ਼ਿੰਦਗੀ ਉਪਰਾਮ ਹੈ, ਪਰ ਨਾ ਅਜੇ ਲਾਚਾਰ ਹੈ।

ਨਾ ਕਿਤੇ ਅਰਦਾਸ ਕੋਈ, ਨਾ ਦੁਆ ਨਾ ਕਾਮਨਾ,
ਸ਼ੁਕਰ ਲੋਕੀਂ ਕਰ ਰਹੇ ਨੇ, ਬਾਦਸ਼ਾਹ ਬੀਮਾਰ ਹੈ।

ਮੈਂ ਤੇਰੀ ਹਰ ਪੀੜ ਨੂੰ ਸ਼ਬਦੀਂ ਪਰੋਵਾਂਗਾ ਹਜ਼ੂਰ,
ਨਾਲ ਵਕਤਾਂ ਬਿਨ ਲਿਖੇ ਤੋਂ, ਅਹਿਦ ਹੈ, ਇਕਰਾਰ ਹੈ।

                          **

                       2.

ਦੀਵੇ ਨਾਲ ਤੂਫ਼ਾਨ ਲੜਾਈ ਕਰਦਾ ਕਰਦਾ ਹਾਰ ਗਿਆ ਹੈ।
ਸੱਚ ਪੁੱਛੋ ਤਾਂ ਰੂੰ ਦਾ ਫੰਬਾ
, ਬਲ਼ ਬਲ਼ ਕੇ ਮੁੱਲ ਤਾਰ ਗਿਆ ਹੈ।

ਧੁੱਪ ਤੇ ਛਾਂ ਵੀ ਮੇਰੇ ਅੰਗ ਸੰਗ, ਦੁੱਖ ਤੇ ਸੁਖ ਵੀ ਮੇਰੀ ਸ਼ਕਤੀ,
ਮੈਂ ਕਿਉਂ ਡਰਾਂ ਹਨ੍ਹੇਰੇ ਕੋਲੋਂ, ਭਾਵੇਂ ਇਹ ਹੰਕਾਰ ਗਿਆ ਹੈ।

ਸ਼ਾਮ ਢਲੇ ਕਿਉਂ ਤੁਰ ਜਾਂਦਾ ਹੈਂ, ਸੂਰਜ ਵਾਂਗੂੰ ਮਾਰ ਕੇ ਬੁੱਕਲ,
ਤਾਰੇ ਰਾਤੀਂ ਪੁੱਛਦੇ ਤੇਰਾ ਕਿੱਧਰ ਮਹਿਰਮ ਯਾਰ ਗਿਆ ਹੈ।

ਇੱਕ ਦੂਜੇ ਨੂੰ ਜੋ ਦਿਲਬਰੀਆਂ ਦਿੱਤੀਆਂ ਸੀ ਉਹ ਮਿੱਟੀ ਹੋਈਆਂ,
ਰੂਹ ਦਾ ਕੋਰਾ ਵਸਤਰ, ਤੇਰਾ ਇੱਕੋ ਸ਼ਬਦ ਲੰਗਾਰ ਗਿਆ ਹੈ।

ਯਾਦਾਂ ਦੀ ਕੰਨੀ ਨੂੰ ਫੜ ਕੇ, ਨਕਸ਼ ਗੁਆਚੇ ਲੱਭਦਾ ਫਿਰਦਾਂ,
ਵੇਖ ਕਿਵੇਂ ਪਰ ਹੀਣਾ ਪੰਛੀ ਦੂਰ ਦੋਮੇਲੋਂ ਪਾਰ ਗਿਆ ਹੈ।

ਵੇਖ ਲਵੋ ਸੰਸਾਰ ਪੰਜਾਬ ਚ ਖੋਲ੍ਹਜਬਾੜੇ ਆ ਬੈਠਾ ਏ,
ਨਿੱਕੀਆਂ ਨਿੱਕੀਆਂ ਕਿੰਨੀਆਂ ਹੱਟੀਆਂ, ਵੱਟਿਆਂ ਸਣੇ ਡਕਾਰ ਗਿਆ ਹੈ।

ਆਸਾਂ ਦੀ ਤੰਦ ਟੁੱਟ ਗਈ ਜਾਪੇ, ਕੰਧਾਂ ਡੁਸਕਦੀਆਂ ਨੇ ਦੱਸਿਆ,
ਪੁੱਤ ਪਰਦੇਸੀ ਘਰ ਨੂੰ ਬਾਹਰੋਂ, ਕੁੰਡੇ ਜੰਦਰੇ ਮਾਰ ਗਿਆ ਹੈ।

                             **

                            3.

ਪਾਣੀ ਪਹਿਰੇਦਾਰ ਚੁਫ਼ੇਰੇ, ਬਿਰਖ਼ ਇਕੱਲਾ ਨਹੀਂ ਘਬਰਾਉਂਦਾ।
ਇਸ ਤੋਂ ਮੈਂ ਵੀ ਲਵਾਂ ਹੌਸਲਾ, ਦਰਦ ਜਦੋਂ ਕਰ ਹੱਲੇ ਆਉਂਦਾ।

ਸ਼ਾਮ ਸਵੇਰੇ ਨਵੀਂ ਕਰੂੰਬਲ, ਆਸ ਦੀ ਟਾਹਣੀ ਇੰਜ ਲਹਿਰਾਵੇ,
ਨਿੱਤਨੇਮੀ ਕਾਦਰ ਜਿਉਂ ਮੈਨੂੰ, ਲਾਗੇ ਬਹਿ ਕੇ ਗੀਤ ਸੁਣਾਉਂਦਾ।

ਜਿਸ ਧਰਤੀ ਨੂੰ ਮੈਂ ਨਹੀਂ ਤੱਕਿਆ, ਨਾ ਹੀ ਸ਼ਾਇਦ ਕਦੇ ਹੈ ਚਿਤਵੀ,
ਸਮਝ ਨਾ ਪੈਂਦੀ, ਕਿਉਂ ਹਰ ਵਾਰੀ, ਓਸੇ ਦਾ ਹੀ ਸੁਪਨ ਜਗਾਉਂਦਾ।

ਚਿੱਠੀ-ਪੱਤਰ ਨਾ ਹਰਕਾਰਾ, ਕਾਗ ਬਨੇਰੇ ਕਿਸ ਥਾਂ ਉੱਤਰੇ,
ਅਜਬ ਸਿਲਸਿਲਾ ਬਣਿਆ ਵੇਖੋ, ਪੌਣਾਂ ਹੱਥ ਸੁਨੇਹਾ ਆਉਂਦਾ।

ਬਲਦੇ ਖੰਭਾਂ ਵਾਲਾ ਪੰਛੀ, ਉੱਡਦਾ ਉੱਡਦਾ ਇਹ ਕਹਿੰਦਾ ਹੈ,
ਬਿਰਖ਼ ਵਿਹੂਣੀ ਧਰਤੀ ਉੱਤੇ ਰੱਬ ਵੀ ਕਹਿੰਦੇ ਪੈਰ ਨਹੀਂ ਪਾਉਂਦਾ।

ਵੇਖ ਸ਼ਰੀਂਹ ਕਿੰਜ ਪੱਤਝੜ ਰੁੱਤੇ, ਵਜਦ ਚ ਆ ਫ਼ਲੀਆਂ ਛਣਕਾਵੇ,
ਐਸੇ ਗੀਤ ਇਲਾਹੀ ਦੀ ਰੱਬ, ਬਿਰਖ਼ੀ ਬਹਿ ਕੇ ਤਰਜ਼ ਬਣਾਉਂਦਾ।

ਹਰ ਹਾਲਤ ਵਿਚ ਖਿੜ ਕੇ ਰਹਿ ਤੇ ਜ਼ਿੰਦਗੀ ਦੇ ਰੱਖ ਘੁੰਮਦੇ ਪਹੀਏ,
ਕੰਧ ’ਤੇ ਟੰਗਿਆ ਟਾਈਮ ਪੀਸ ਵੀ ਟਿੱਕ ਟਿੱਕ ਮੈਨੂੰ ਇਹ ਸਮਝਾਉਂਦਾ।

                                  **

                               4.

ਰੰਗ ਕਿਉਂ ਨਹੀਂ ਭਰਿਆ ਮਿੱਤਰਾ, ਮੱਥੇ ਲੀਕਾਂ ਵਾਹੀਆਂ ਲਈ।
ਬੇਪਰਵਾਹਾ ਕਿੰਜ ਬਲਿਹਾਰੇ ਜਾਵਾਂ, ਲਾਪਰਵਾਹੀਆਂ ਲਈ।

ਸਾਥੋਂ ਰੱਬਕਹਾਵੇਂ ਤੇ ਯੱਭਪਾਵੇਂ ਸਾਡੇ ਗਲਮੇ ਲਈ,
ਜ਼ਾਲਮ ਨੂੰ ਪਰਵਾਨਗੀਆਂ ਕਿਉਂ ਥਾਂ ਥਾਂ ਗੱਡੀਆਂ ਫਾਹੀਆਂ ਲਈ।

ਰਾਜ ਘਰਾਣਿਆਂ ਖ਼ਾਤਰ ਤੇਰੇ ਸਭ ਦਰਵਾਜ਼ੇ ਖੁੱਲ੍ਹਦੇ ਨੇ,
ਬੰਦ ਕਿਉਂ ਹੋ ਜਾਂਦੇ ਨੇ ਇਹ, ਗੁਰ-ਮਾਰਗ ਦੇ ਰਾਹੀਆਂ ਲਈ।

ਦੌਲਤਮੰਦ ਨੂੰ ਹੋਰ ਮਸ਼ੀਨਾਂ ਵੰਡੀ ਜਾਵੇਂ ਦੌਲਤ ਲਈ,
ਖੁੰਢੀਆਂ ਕਿਉਂ ਨੇ ਰੰਬੀਆਂ ਯਾਰਾ, ਸਾਡੇ ਪਿੰਡ ਦੇ ਘਾਹੀਆਂ ਲਈ।

ਦਿਲ ਦੀ ਦੌਲਤ ਖਿੱਲਰ ਚੱਲੀ, ਰੂਹ ਨੂੰ ਗੁਰਬਤ ਘੇਰ ਲਿਆ,
ਤਨ ਮੇਰੇ ਨੂੰ ਝੋਰਾ ਲੱਗਾ, ਕੁਝ ਮਰਲੇ ਸਰਸਾਹੀਆਂ ਲਈ।

ਕਲਮ ਦਵਾਤ ਡੁਸਕਦੀ ਵੇਖੀ ਕੱਚੇ ਘਰ ਦੇ ਵਿਹੜੇ ਵਿੱਚ,
ਦੇਸ਼ ਆਜ਼ਾਦ ਗੁਲਾਮ ਬਚਪਨਾ, ਤਰਸੇ ਕਲਮ ਸਿਆਹੀਆਂ ਲਈ।

ਟੁੱਟੀ ਮੰਜੀ ਵਾਣ ਪੁਰਾਣਾ, ਗਾਂਢੇ ਲਾ ਲਾ ਹੰਭ ਗਏ ਹਾਂ,
ਹੁਣ ਤੇ ਸਿਰਫ਼ ਸਹਾਰਾ ਇੱਟਾਂ ਰੱਖੀਆਂ ਦਾ ਹੀ ਬਾਹੀਆਂ ਲਈ।

                          *****

(289)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)