“ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ, ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ। ...”
(24 ਜੁਲਾਈ 2018)
1.
ਕਿੱਧਰੇ ਬੁੱਤ ਗਿਰਾਏ, ਕਿੱਧਰੇ ਢਾਹੇ ਜਾਂਦੇ ਨੇ,
ਇੰਝ ਵੀ ਲੋਕੀ ਮੁੱਦਿਆਂ ਤੋਂ ਭਟਕਾਏ ਜਾਂਦੇ ਨੇ।
ਨਾਂ ਲੈ ਕੇ ਭਗਵਾਨਾਂ ਦਾ ਤੇ ਕਦੇ ਸ਼ੈਤਾਨਾਂ ਦਾ,
ਆਪਣਿਆਂ ਤੋਂ ਆਪਣੇ ਹੀ ਮਰਵਾਏ ਜਾਂਦੇ ਨੇ।
ਮੇਰੇ ਦੇਸ਼ ਨੂੰ ਲੁੱਟਿਆ ਹੈ ਭੈੜੇ ਸਿਆਸਤਦਾਨਾਂ,
ਜੁਮਲੇ ਸੁਣਾ ਯਾਰੋ ਵੋਟਰ ਭਰਮਾਏ ਜਾਂਦੇ ਨੇ।
ਕੌਣ ਜਗਾਊ ਦੇਸ਼ ਮੇਰੇ ਦੀ ਸੁੱਤੀ ਜਨਤਾ ਨੂੰ,
ਏਥੇ ਤਾਂ ਫਰਿਸ਼ਤੇ ਵੀ ਸੂਲੀ ’ਤੇ ਚੜ੍ਹਾਏ ਜਾਂਦੇ ਨੇ।
ਖ਼ਾਬ ਵਿਖਾ ਕੇ ਲੋਕਾਂ ਨੂੰ ਬਹਿਸ਼ਤ ’ਚੋਂ ਹੂਰਾਂ ਦੇ,
ਧਰਤੀ ’ਤੇ ਯਾਰੋ ਬੰਦੇ ਮਰਵਾਏ ਜਾਂਦੇ ਨੇ।
ਭੁੱਖੇ ਨੂੰ ਮਿਲੇ ਨਾ ਮਨਦੀਪ ਕਦੇ ਰੋਟੀ ਏਥੇ,
ਐਪਰ ਪੱਥਰਾਂ ਨੂੰ ਭੋਜਨ ਕਰਵਾਏ ਜਾਂਦੇ ਨੇ
**
2.
ਹਰ ਕੋਈ ਲੱਭਦਾ ਹੈ ਜੀਵਨ ’ਚੋਂ ਸਹਾਰਾ ਏਥੇ,
ਬਹੁਤਾ ਚਿਰ ਨਾ ਹੋਵੇ ਇੱਕਲਿਆਂ ਦਾ ਗੁਜ਼ਾਰਾ ਏਥੇ।
ਇਹ ਸਭ ਕਿਸਮਤ ਤੇ ਤਦਬੀਰਾਂ ਦੇ ਖੇਲ੍ਹ ਨੇ ਸਾਰੇ,
ਕਦੇ ਤਾਂ ਮਿਲ ਜਾਵਣ ਜਿੱਤਾਂ, ਤੇ ਕਦੇ ਹਾਰਾਂ ਏਥੇ।
ਬਦਲੇ ਮੌਸਮ ਜਾਂ ਕਰੰਸੀ, ਕੀ ਫ਼ਰਕ ਅਮੀਰਾਂ ਨੂੰ,
ਪਰ ਪੈਣ ਗ਼ਰੀਬਾਂ ਨੂੰ ਹਰ ਪਾਸੇ ਹੀ ਮਾਰਾਂ ਏਥੇ।
ਮਿਲਦਾ ਹੈ ਮਾਇਆਂ ਤੋਂ ਬਚਣ ਦਾ ਨਿੱਤ ਸੁਨੇਹਾ,
ਫਿਰ ਕਿਉਂ ਗੋਲਕ ਪਿੱਛੇ ਚੱਲਣ ਤਲਵਾਰਾਂ ਏਥੇ।
ਬਦਲੀ ਵੇਖੀ ਨਾ ਮੈਂ ਗ਼ਰੀਬਾਂ ਦੀ ਕਿਸਮਤ ਯਾਰਾ,
ਭਾਵੇਂ ਲੱਖਾਂ ਦਾਅਵੇ ਕਰਨ ਇਹ ਸਰਕਾਰਾਂ ਏਥੇ।
ਮਹਿਲ ਢਹੇ ਤਾਂ ਸੁਰਖ਼ੀ ਬਣ ਜਾਏ ਅਖ਼ਬਾਰਾਂ ਦੀ,
ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ ਏਥੇ।
ਸਾਂਝੇ ਨਾ ਰਹੇ ਪਰਿਵਾਰ ਤੇ ਬਦਲੇ ਰੰਗ ਲਹੂ ਦੇ,
ਹੋਣ ਸਲਾਹਾਂ ਨਾਲੋਂ ਵੱਧ ਹੁਣ ਤਕਰਾਰਾਂ ਏਥੇ।
**
3.
ਬੜਾ ਕੁਝ ਬਦਲਿਆ ਹੈ ਅੱਜ-ਕੱਲ੍ਹ ਯਾਰੋ ਘਰਾਂ ਅੰਦਰ,
ਰਹੀ ਅਪਣੱਤ ਨਾ ਪਹਿਲਾ ਜਿਹੀ ਅੱਜ-ਕੱਲ੍ਹ ਗਰਾਂ ਅੰਦਰ।
ਭਲਾ ਉਹ ਕੀ ਦਿਖਾਊ ਅੰਬਰਾਂ ਤੋਂ ਪਾਰ ਦੇ ਰਸਤੇ,
ਭਰੀ ਪਰਵਾਜ਼ ਨਾ ਜਿਸ ਨੇ ਕਦੇ ਆਪਣੇ ਪਰਾਂ ਅੰਦਰ।
ਕੀ ਲੈ ਜਾਣਾ ਹੈ ਏਥੋਂ ਬੰਦਿਆ ਕਰਕੇ ਮੇਰੀ-ਮੇਰੀ,
ਮੁਸਾਫਿਰ ਵਾਂਗ ਆਏ ਹਾਂ, ਅਸੀਂ ਜੱਗ ਦੀ ਸਰਾਂ ਅੰਦਰ।
ਮੈ ਸੁਣਿਆ ਸੱਜਣਾਂ ਨੇ ਇਸ਼ਕ ਨੂੰ ਵੀ ਰੋਗ ਕਹਿ ਭੰਡਿਆ,
ਬਿਆਨ ਕਿਵੇਂ ਕਰਾਂ ਇਸ਼ਕੇ ਨੂੰ, ਯਾਰੋ ਮੈ ਡਰਾਂ ਅੰਦਰ।
ਬੜੀ ਚਰਚਾ ਹੈ ਥਾਂ-ਥਾਂ ਹੋ ਰਹੀ ਨਾਰੀ ਦੇ ਹੱਕਾਂ ਦੀ,
ਮਗਰ ਮਹਿਫੂਜ਼ ਨਹੀਂ ਹੈ ਫੇਰ ਵੀ ਨਾਰੀ ਘਰਾਂ ਅੰਦਰ।
ਕਿਤਾਬਾਂ ਸੰਗ ਕਰਕੇ ਦੋਸਤੀ ਮਨ ਨੂੰ ਕਰਾਂ ਰੌਸ਼ਨ,
ਹਨੇਰੇ ਨੂੰ ਭਜਾਵਾਂ ਦੂਰ, ਦੀਵੇ ਮੈਂ ਧਰਾਂ ਅੰਦਰ।
ਤੈਨੂੰ ਲੱਗੇ ਮੈਂ ਸ਼ਾਇਰ ਬਣ ਗਿਆ ਵਿੱਛੜ ਕੇ ਤੇਰੇ ਤੋਂ,
ਕਿਵੇਂ ਦੱਸਾਂ ਤੈਨੂੰ ਸਜਣਾ, ਕਿੰਨੇ ਦੁੱਖੜੇ ਜਰਾਂ ਅੰਦਰl
**
4.
ਦੁੱਖ ਦਿਲ ’ਤੇ ਹੁਣ ਤੂੰ ਜਰਨਾ ਛੱਡ ਦੇ,
ਆਪਣਿਆਂ ਦੀ ਮੌਤ ਮਰਨਾ ਛੱਡ ਦੇ।
ਆਪਣੇ ਵੀ ਬਣਦੇ ਨਹੀਂ ਏਥੇ ਸਕੇ,
ਗ਼ੈਰ ’ਤੇ ਸ਼ਿਕਵੇ ਤੂੰ ਕਰਨਾ ਛੱਡ ਦੇ।
ਜੀਅ ਲਿਆ ਕਰ ਜ਼ਿੰਦਗੀ ਹੱਸ-ਖੇਡ ਕੇ,
ਦੁੱਖ ਤਕਲੀਫ਼ਾਂ ਤੋਂ ਡਰਨਾ ਛੱਡ ਦੇ।
ਮੰਨਿਆ ਆਸਾਨ ਨਹੀਂ ਹੈ ਜ਼ਿੰਦਗੀ,
ਦੇਖ ਹੋਰਾਂ ਵੱਲ ਹਰਨਾ ਛੱਡ ਦੇ।
ਮੱਛੀ ਨੂੰ ਖਾ ਜਾਂਦੇ ਨੇ ਜੇ ਮਗਰਮੱਛ,
ਫੇਰ ਕੀ ਉਹ ਡਰ ਕੇ ਤਰਨਾ ਛੱਡ ਦੇ?
ਹਾਰ ਕੇ ਵੀ ਜਿੱਤ ਮਿਲੂ ਰੱਖ ਹੌਸਲਾ,
ਹਰ ਸਮੇਂ ਤੂੰ ‘ਗਿੱਲ’ ਖਰਨਾ ਛੱਡ ਦੇ।
**
5.
ਮੋਹ ਮਾਇਆ ਦੇ ਵਿੱਚ ਫਸਿਆ ਬੰਦਾ,
ਨਾ ਜਿਉਂਦਾ, ਨਾ ਹੀ ਮਰਿਆ ਬੰਦਾ।
ਹਨੇਰੀ ਵਾਂਗਰ ਇਹ ਨਿੱਤ ਹੈ ਦੌੜੇ,
ਘਰ ਤੋਂ ਕੰਮ, ਫਿਰ ਘਰ ਮੁੜਿਆ ਬੰਦਾI
ਕਿੰਝ ਜੋੜ ਲਵੇ ਢੇਰ ਇਹ ਮਾਇਆ ਦੇ,
ਫਿਕਰਾਂ ਦੇ ਵਿੱਚ ਹੈ ਘਿਰਿਆ ਬੰਦਾ।
ਕਿਧਰੇ ਚਿੰਤਾ ਅਗਲੀ ਪੀੜ੍ਹੀ ਦੀ,
ਕਿਧਰੇ ਇੱਕ ਡੰਗ ਲਈ ਮਰਿਆ ਬੰਦਾ।
ਗ੍ਰਹਿਸਤੀ ਦਾ ਵੀ ਫ਼ਿਕਰ ਸਤਾਵੇ,
ਮਹਿੰਗਾਈ ਤੋਂ ਨਾ ਬਚਿਆ ਬੰਦਾ।
ਬਾਬੇ ਕਰਦੇ ਸੰਗਤਾਂ ਸਿਰ ਮੌਜਾਂ,
ਨਰਕ ’ਚ ਜਾਣੋ ਹੈ ਡਰਿਆ ਬੰਦਾI
ਖੁੱਲ੍ਹ ਜਾਵੇ ‘ਗਿੱਲ’ ਕਿਸਮਤ ਦਾ ਦਰ ਵੀ,
ਤਕਦੀਰਾਂ ਸੰਗ ਜਦ ਲੜਿਆ ਬੰਦਾI
*****
(1238)