“ਪੰਮੀ ਉੱਤੇ ਤਾਂ ਜਿਵੇਂ ਮੁਸੀਬਤਾਂ ਦਾ ਪਹਾੜ ਹੀ ਟੁੱਟ ਪਿਆ। ਉਹ ਆਪਣੀ ਬੱਚੀ ਦੀ ਦੇਖਭਾਲ ...”
(22 ਜੂਨ 2025)
ਪੰਮੀ ਸੋਹਣੀ ਸੁਨੱਖੀ, ਸਲੀਕੇ ਵਾਲੀ ਘਰ ਦੇ ਹਰ ਕੰਮ ਵਿੱਚ ਮਾਹਿਰ ਰੀਝਾਂ ਨਾਲ ਮਾਪਿਆਂ ਨੇ ਪਾਲੀ ਕੁੜੀ ਸੀ। ਉਹਨਾਂ ਨੇ ਉਸਦਾ ਵਿਆਹ ਵੀ ਬੜੇ ਸੁਹਣੇ ਸੂਝਵਾਨ ਚੂੜੀਆਂ ਦੇ ਚੰਗੇ ਕਾਰੋਬਾਰੀ ਨਾਲ ਕਰ ਦਿੱਤਾ। ਪੰਮੀ ਆਪ ਵੀ ਚੂੜੀਆਂ ਪਾਉਣ ਦੀ ਬਹੁਤ ਸ਼ੌਕੀਨ ਸੀ। ਹਰੇ ਰੰਗ ਦੀਆਂ ਚੂੜੀਆਂ ਦੀ ਤਾਂ ਉਹ ਪੱਟੀ ਹੋਈ ਸੀ। ਸਹੁਰੇ ਪਰਿਵਾਰ ਵਿੱਚ ਵੀ ਉਸ ਨੂੰ ਸਾਰੇ ਬਹੁਤ ਪਿਆਰ ਕਰਦੇ ਸਨ। ਹਸੂੰ ਹਸੂੰ ਕਰਦੀ ਘਰ ਦੇ ਸਾਰੇ ਕੰਮ ਕਰਦੀ। ਸੱਸ ਸਹੁਰੇ ਦੀ ਹਰ ਚੀਜ਼ ਦਾ ਧਿਆਨ ਰੱਖਦੀ। ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਹੀ ਨਾ ਦਿੰਦੀ। ਰਾਤ ਨੂੰ ਰੋਟੀ ਖਾ ਕੇ ਪਤੀ ਨਾਲ ਸੈਰ ਕਰਨ ਜਾਂਦੀ। ਜੋੜੀ ਇੰਨੀ ਸੋਹਣੀ ਲਗਦੀ ਕਿ ਮੁਹੱਲੇ ਦੀਆਂ ਕੁੜੀਆਂ ਜੋੜੀ ਨੂੰ ਦੇਖਣ ਲਈ ਇਕੱਠੀਆਂ ਹੋ ਕੇ ਖੜ੍ਹੀਆਂ ਹੋ ਜਾਂਦੀਆਂ ਤੇ ਜਾਂਦਿਆਂ ਨੂੰ ਰੀਝ ਨਾਲ ਦੇਖਦੀਆਂ।
ਸਾਲ ਬਾਅਦ ਹੀ ਪੰਮੀ ਦੇ ਘਰ ਬੱਚੀ ਦਾ ਜਨਮ ਹੋ ਗਿਆ। ਸਾਰਾ ਟੱਬਰ ਬਹੁਤ ਖੁਸ਼। ਪਿਆਰ ਨਾਲ ਪੰਮੀ ਦਾ ਪਤੀ ਬੱਚੀ ਨੂੰ ਰਾਣੀ ਬੁਲਾਉਂਦਾ। ਸਮਾਂ ਬੀਤਦਾ ਗਿਆ। ਜਲਦੀ ਹੀ ਪੰਮੀ ਦੇ ਪੈਰ ਫਿਰ ਭਾਰੀ ਹੋ ਗਏ। ਕਰਵਾ ਚੌਥ ਦਾ ਤਿਓਹਾਰ ਸੀ। ਚੂੜੀਆਂ ਦਾ ਕਾਰੋਬਾਰੀ ਹੋਣ ਕਾਰਨ ਉਸਦਾ ਪਤੀ ਚੂੜੀਆਂ ਥੋਕ ਵਿੱਚ ਲੈਣ ਲਈ ਗਿਆ ਹੋਇਆ ਸੀ। ਜਾਣ ਲੱਗੇ ਪਤੀ ਨੂੰ ਉਸਨੇ ਖਾਸ ਕਰਕੇ ਆਪਣੇ ਲਈ ਹਰੇ ਰੰਗ ਦੀਆਂ ਸਭ ਤੋਂ ਸੋਹਣੀਆਂ ਚੂੜੀਆਂ ਲਿਆਉਣ ਲਈ ਕਿਹਾ। ਸ਼ਾਮ ਹੋ ਗਈ। ਪੰਮੀ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਅਚਾਨਕ ਬਜ਼ਾਰ ਦੇ ਦੋਸਤ ਉਹਨਾਂ ਦੇ ਘਰ ਆਏ ਤੇ ਉਸਦੇ ਕਾਰ ਦੀ ਟੈਂਪੂ ਨਾਲ ਟੱਕਰ ਹੋਣ ਤੇ ਉਸਦੇ ਪਤੀ ਦੀ ਮੌਤ ਦੀ ਖਬਰ ਉਸ ਨੂੰ ਦਿੱਤੀ। ਸੁਣਦੇ ਹੀ ਪੰਮੀ ਬੇਹੋਸ਼ ਹੋ ਗਈ। ਮੁਹੱਲੇ ਵਾਲਿਆਂ ਨੇ ਉਸ ਨੂੰ ਹੋਸ਼ ਵਿੱਚ ਲਿਆਂਦਾ।
ਪੰਮੀ ਉੱਤੇ ਤਾਂ ਜਿਵੇਂ ਮੁਸੀਬਤਾਂ ਦਾ ਪਹਾੜ ਹੀ ਟੁੱਟ ਪਿਆ। ਉਹ ਆਪਣੀ ਬੱਚੀ ਦੀ ਦੇਖਭਾਲ ਕਰਦੀ. ਸੱਸ ਸਹੁਰੇ ਦਾ ਖਿਆਲ ਰੱਖਦੀ। ਉਸਦਾ ਹਸੂੰ ਹਸੂੰ ਕਰਦਾ ਚਿਹਰਾ ਮੁਰਝਾ ਗਿਆ। ਸਾਰੇ ਘਰ ਵਿੱਚ ਚੁੱਪ ਛਾ ਗਈ। ਘਰ ਦੇ ਕੰਮ ਤੋਂ ਵਿਹਲੀ ਹੋ ਕੇ ਪੰਮੀ ਆਪਣੀ ਬੱਚੀ ਨੂੰ ਲੈਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਤੇ ਰੋਂਦੀ ਰਹਿੰਦੀ। ਸੱਸ-ਸਹੁਰੇ ਤੋਂ ਉਸਦੀ ਹਾਲਤ ਦੇਖੀ ਨਾ ਜਾਂਦੀ। ਉਹਨਾਂ ਦੇ ਗੁਆਂਢ ਵਿੱਚ ਇੱਕ ਔਰਤ ਰਹਿੰਦੀ ਸੀ, ਜਿਸ ਨੂੰ ਸਾਰੇ ਭੂਆ ਕਹਿ ਕੇ ਬੁਲਾਉਂਦੇ ਸਨ। ਉਹ ਉਹਨਾਂ ਦੇ ਘਰ ਆਈ ਤੇ ਉਸਨੇ ਪੰਮੀ ਦੇ ਸੱਸ-ਸਹੁਰੇ ਨਾਲ ਪੰਮੀ ਦੇ ਦੂਜੇ ਵਿਆਹ ਬਾਰੇ ਗੱਲ ਕੀਤੀ। ਉਸਨੇ ਦੱਸਿਆ ਕਿ ਉਸਦੀ ਭਰਜਾਈ ਮਰ ਗਈ ਹੈ ਤੇ ਉਸਦਾ ਭਰਾ ਇਕੱਲਾ ਹੈ. ਕੋਈ ਬੱਚਾ ਵੀ ਨਹੀਂ ਹੈ। ਜੇ ਤੁਸੀਂ ਚਾਹੋ ਤਾਂ ਮੈਂ ਅੱਗੇ ਗੱਲ ਤੋਰਾਂ।
ਪੰਮੀ ਦੇ ਸੱਸ-ਸਹੁਰੇ ਤੋਂ ਪੰਮੀ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ। ਗੱਲ ਅੱਗੇ ਤੁਰ ਪਈ ਤੇ ਸਿਰੇ ਚੜ੍ਹ ਗਈ। ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਪੰਮੀ ਦਾ ਵਿਆਹ ਹੋ ਗਿਆ। ਉਹ ਆਪਣੀ ਬੱਚੀ ਨੂੰ ਲੈ ਕੇ ਨਵੇਂ ਸਹੁਰੇ ਘਰ ਚਲੀ ਗਈ। ਪੰਮੀ ਦਾ ਦੂਸਰਾ ਪਤੀ ਵੀ ਸੁਭਾਅ ਪੱਖੋਂ ਬਹੁਤ ਹੀ ਚੰਗਾ ਸੀ। ਪੰਮੀ ਦੇ ਮਨ ਵਿੱਚ ਅੱਗੇ ਪੜ੍ਹਨ ਦੀ ਇੱਛਾ ਪੈਦਾ ਹੋਈ। ਉਸਨੇ ਆਪਣੇ ਆਪਣੀ ਇੱਛਾ ਪਤੀ ਨੂੰ ਦੱਸ ਦਿੱਤੀ। ਪਤੀ ਨੇ ਖੁਸ਼ ਹੋ ਕੇ ਉਸਦਾ ਪੂਰਾ ਸਾਥ ਦੇਣ ਲਈ ਕਿਹਾ।
ਪੰਮੀ ਨੇ ਅੱਗੇ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸਦਾ ਪਤੀ ਬੱਚੀ ਨੂੰ ਇੰਨਾ ਪਿਆਰ ਕਰਦਾ ਕਿ ਹਰ ਵੇਲੇ ਉਸ ਨੂੰ ਗੋਦੀ ਚੁੱਕੀ ਫਿਰਦਾ ਤੇ ਪੰਮੀ ਦਾ ਵੀ ਬਹੁਤ ਧਿਆਨ ਰੱਖਦਾ ਤਾਂ ਜੋ ਉਸਦੀ ਪੜ੍ਹਾਈ ਵਿੱਚ ਕੋਈ ਵਿਘਨ ਨਾ ਪਵੇ। ਦੂਜਾ ਬੱਚਾ ਹੋਣ ਵਿੱਚ ਹਾਲੇ ਕੁਝ ਮਹੀਨੇ ਸਨ, ਪੰਮੀ ਚੁੱਪ ਰਹਿੰਦੀ। ਉਸਦੇ ਚਿਹਰੇ ’ਤੇ ਹਰ ਵੇਲੇ ਉਦਾਸੀ ਛਾਈ ਰਹਿੰਦੀ ਤੇ ਉਹ ਯਾਦਾਂ ਵਿੱਚ ਖੋਈ ਰਹਿੰਦੀ। ਉਸਦਾ ਪਤੀ ਹਰ ਸੰਭਵ ਕੋਸ਼ਿਸ਼ ਕਰਦਾ ਕਿ ਉਹ ਖੁਸ਼ ਰਹੇ ਪਰ ਉਹ ਪੁਰਾਣੀਆਂ ਯਾਦਾਂ ਵਿੱਚ ਹੀ ਉਲਝੀ ਰਹਿੰਦੀ।
ਸਮੇਂ ਦੇ ਨਾਲ ਪੰਮੀ ਦੀ ਦੂਜੀ ਕੁੜੀ ਹੋਈ। ਪਰ ਉਸਨੇ ਪੜ੍ਹਨਾ ਨਾ ਛੱਡਿਆ। ਉਹ ਦੋਨਾਂ ਕੁੜੀਆਂ ਨਾਲ ਘਰ ਦੇ ਕੰਮਾਂ ਵਿੱਚ ਉਲਝ ਗਈ। ਉਸਦਾ ਪਤੀ ਹਰ ਕੰਮ ਵਿੱਚ ਉਸਦਾ ਹੱਥ ਵਟਾਉਂਦਾ। ਸਮਾਂ ਆਪਣੀ ਚਾਲੇ ਨਿਕਲ ਰਿਹਾ ਸੀ। ਪੰਮੀ ਨੇ ਐੱਮ.ਏ ਪੂਰੀ ਕਰ ਲਈ। ਉਸਨੇ ਬੈਂਕ ਦੇ ਪੇਪਰਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਵੱਡੀ ਕੁੜੀ ਸਕੂਲ ਜਾਣ ਲੱਗੀ। ਪੰਮੀ ਨੇ ਰਾਣੀ ਨੂੰ ਮੇਰੇ ਕੋਲ ਟਿਊਸ਼ਨ ਲਾ ਦਿੱਤਾ। ਜਦੋਂ ਪੰਮੀ ਰਾਣੀ ਨੂੰ ਲੈਣ ਆਉਂਦੀ ਤੇ ਉਹ ਮੇਰੇ ਮਾਤਾ ਜੀ ਕੋਲ ਬੈਠੀ ਰਹਿੰਦੀ ਕਿਉਂਕਿ ਉਹਨਾਂ ਦਾ ਘਰ ਸਾਡੇ ਘਰ ਦੇ ਨਾਲ ਹੀ ਸੀ। ਅਸੀਂ ਇੱਕ ਦੂਜੇ ਦੇ ਚੰਗੀ ਤਰ੍ਹਾਂ ਵਾਕਿਫ ਸਾਂ। ਉਹ ਮੇਰੇ ਮਾਤਾ ਜੀ ਨਾਲ ਸਾਰੀ ਗੱਲ ਕਰ ਲੈਂਦੀ ਤੇ ਪਹਿਲੇ ਪਤੀ ਨੂੰ ਯਾਦ ਕਰ ਕੇ ਰੋਂਦੀ ਰਹਿੰਦੀ। ਉਸਦੀ ਹਰ ਗੱਲ ਪਹਿਲੇ ਪਤੀ ’ਤੇ ਆ ਕੇ ਖ਼ਤਮ ਹੁੰਦੀ। ਇੱਕ ਦਿਨ ਮੇਰੇ ਮਾਤਾ ਜੀ ਨੇ ਉਸ ਨੂੰ ਸਮਝਾਇਆ ਤੇ ਕਿਹਾ ਕਿ ਉਸ ਪਤੀ ਨਾਲ ਤੂੰ ਕਿੰਨਾ ਸਮਾਂ ਰਹੀ ਹੈਂ ਤਾਂ ਉਸਨੇ ਦੱਸਿਆ ਕਿ ਸਵਾ ਸਾਲ। ਮਾਤਾ ਜੀ ਕਹਿਣ ਲੱਗੇ, “ਇੱਥੇ ਤੈਨੂੰ ਇੰਨੇ ਸਾਲ ਹੋ ਗਏ ਹਨ। ਇਹ ਪਤੀ ਤੇਰੀਆਂ ਬੱਚੀਆਂ ਨੂੰ ਇੰਨਾ ਪਿਆਰ ਦਿੰਦਾ ਹੈ, ਜਿਨ੍ਹਾਂ ਆਪਣਾ ਪਿਤਾ ਦਿੰਦਾ ਹੈ ਤੇ ਤੂੰ ਹਰ ਵੇਲੇ ਉਸੇ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਹੈਂ! ਇਹ ਵਿਚਾਰਾ ਹਰ ਵੇਲੇ ਤੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਤੂੰ ਇਸਦੀ ਸੁੱਖ ਮੰਗਿਆ ਕਰ ਕਿ ਤੇਰੀਆਂ ਬੱਚੀਆਂ ’ਤੇ ਪਿਤਾ ਦਾ ਸਾਇਆ ਬਣਿਆ ਰਹੇ।”
ਮਾਤਾ ਜੀ ਨੇ ਉਸ ਨੂੰ ਹਰ ਰੋਜ਼ ਸਮਝਾਉਣਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਪੰਮੀ ਦੇ ਚਿਹਰੇ ’ਤੇ ਰੌਣਕ ਪਰਤਣ ਲੱਗੀ। ਪਹਿਲਾਂ ਜਦੋਂ ਵੀ ਉਸਦਾ ਪਤੀ ਰਾਤ ਨੂੰ ਸੈਰ ਕਰਨ ਜਾਣ ਲਈ ਕਹਿੰਦਾ ਸੀ, ਉਹ ਮਨ੍ਹਾਂ ਕਰ ਦਿੰਦੀ ਕਿ ਮੈਂ ਪੜ੍ਹਨਾ ਹੈ। ਹੁਣ ਉਹ ਪਤੀ ਨਾਲ ਸੈਰ ਕਰਨ ਜਾਣ ਲੱਗ ਪਈ। ਉਸ ਨਾਲ ਬੈਠ ਕੇ ਰੋਟੀ ਖਾਣ ਲੱਗ ਪਈ। ਉਸ ਨੂੰ ਖੁਸ਼ ਦੇਖ ਕੇ ਉਸਦਾ ਪਤੀ ਵੀ ਖੁਸ਼ ਹੁੰਦਾ। ਸਮਾਂ ਬਹੁਤ ਸੋਹਣਾ ਬੀਤਣ ਲੱਗਾ।
ਫਿਰ ਪੰਮੀ ਬੈਂਕ ਦੇ ਪੇਪਰ ਪਾਸ ਕਰ ਲਏ ਤੇ ਉਸ ਨੂੰ ਬੈਂਕ ਵਿੱਚ ਨੌਕਰੀ ਮਿਲ ਗਈ। ਇੱਕ ਦਿਨ ਉਸ ਨੂੰ ਬੈਂਕ ਤੋਂ ਛੁੱਟੀ ਸੀ। ਉਹ ਸਾਡੇ ਘਰ ਆਈ ਤੇ ਮਾਤਾ ਜੀ ਨੂੰ ਕਹਿਣ ਲੱਗੀ ਕਿ ਤੁਸੀਂ ਮੇਰਾ ਘਰ ਸੰਵਾਰਿਆ ਹੈ। ਤੁਸੀਂ ਉਹ ਕੰਮ ਕੀਤਾ ਜੋ ਇੱਕ ਮਾਂ ਕਰਦੀ ਹੈ। ਤੁਸੀਂ ਮੇਰੀ ਮਾਂ ਹੋ। ਉਹ ਮਾਤਾ ਜੀ ਦੇ ਗਲੇ ਲੱਗ ਕੇ ਬਹੁਤ ਰੋਈ। ਮਾਤਾ ਜੀ ਨੇ ਪਿਆਰ ਕੀਤਾ ਤੇ ਕਿਹਾ, ਅੱਜ ਮੇਰਾ ਵੀ ਮਨ ਹਲਕਾ ਹੋ ਗਿਆ ਹੈ।
ਕੁੜੀਆਂ ਵੱਡੀਆਂ ਹੋਣ ਲੱਗੀਆਂ। ਮੈਂ ਵੀ ਵਿਆਹ ਕੇ ਦੂਸਰੇ ਸ਼ਹਿਰ ਚਲੀ ਗਈ। ਮੇਰੇ ਮਾਤਾ ਜੀ ਵੀ ਬਜ਼ੁਰਗ ਹੋ ਗਏ। ਮੇਰੇ ਭਰਾ ਨੇ ਨਵੀਂ ਬਣੀ ਕਲੋਨੀ ਵਿੱਚ ਕੋਠੀ ਬਣਾ ਲਈ। ਹੁਣ ਮੇਰਾ ਵੀ ਮਿਲਣਾ ਘੱਟ ਹੋ ਗਿਆ। ਪੰਮੀ ਦੀਆਂ ਦੋਨਾਂ ਕੁੜੀਆਂ ਵਿੱਚ ਬਹੁਤਾ ਫਰਕ ਨਹੀਂ ਸੀ। ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ। ਪੜ੍ਹ ਲਿਖ ਕੇ ਦੋਨੋਂ ਕੁੜੀਆਂ ਨੌਕਰੀ ਲੱਗ ਗਈਆਂ। ਇੱਕ ਬੈਂਕ ਵਿੱਚ ਕੰਮ ਕਰਨ ਲੱਗ ਪਈ ਤੇ ਦੂਜੀ ਅਧਿਆਪਕ ਬਣ ਗਈ। ਪਿਤਾ ਨੇ ਦੋਨਾਂ ਕੁੜੀਆਂ ਦਾ ਵਿਆਹ ਕਰ ਦਿੱਤਾ।
ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਪੰਮੀ ਰਿਟਾਇਰ ਹੋ ਗਈ। ਇੱਕ ਦਿਨ ਮੈਂ ਪੇਕੇ ਗਈ ਤਾਂ ਮਾਤਾ ਜੀ ਨੇ ਦੱਸਿਆ, “ਅੱਜ ਪੰਮੀ ਆਈ ਸੀ। ਮੈਂ ਉਸਦੇ ਅੱਜ ਪਹਿਲੀ ਵਾਰ ਹਰੀਆਂ ਕੱਚ ਦੀਆਂ ਚੂੜੀਆਂ ਪਾਈਆਂ ਦੇਖੀਆਂ ਤੇ ਉਸ ਨੂੰ ਪੁੱਛਿਆ ਕਿ ਬਹੁਤ ਸੋਹਣੀਆਂ ਚੂੜੀਆਂ ਪਾਈਆਂ ਹੋਈਆਂ ਹਨ? ਉਸਨੇ ਦੱਸਿਆ ਕਿ ਮੈਨੂੰ ਹਰੀਆਂ ਚੂੜੀਆਂ ਬਹੁਤ ਪਸੰਦ ਸਨ। ਅੱਜ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਹਰੀਆਂ ਚੂੜੀਆਂ ਚੜ੍ਹਵਾਉਣੀਆਂ ਹਨ, ਮੇਰੇ ਨਾਲ ਚੱਲੋ। ਮੈਂ ਉਹਨਾਂ ਨਾਲ ਜਾ ਕੇ ਚੂੜੀਆਂ ਚੜ੍ਹਵਾ ਕੇ ਆਈ ਹਾਂ ਤੇ ਹੁਣ ਤੁਹਾਨੂੰ ਦਿਖਾਉਣ ਆਈ ਹਾਂ।”
ਮਾਤਾ ਜੀ ਨੇ ਦੱਸਿਆ ਕਿ ਮੈਂ ਅੱਜ ਪੰਮੀ ਦੇ ਚਿਹਰੇ ’ਤੇ ਇੱਕ ਅਨੋਖੀ ਚਮਕ ਦੇਖੀ ਹੈ, ਜਿਸ ਨੂੰ ਦੇਖ ਕੇ ਮੈਨੂੰ ਅਹਿਸਾਸ ਹੋਇਆ ਹੈ ਕਿ ਸਮੇਂ ਦੇ ਨਾਲ ਪੰਮੀ ਪੁਰਾਣੀਆਂ ਯਾਦਾਂ ਵਿੱਚੋਂ ਨਿਕਲ ਕੇ ਅੱਗੇ ਵਧ ਚੁੱਕੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)