“ਇਹ ਸਭ ਕੁਝ ਦੇਖ ਕੇ ਮਨ ’ਤੇ ਕਾਬੂ ਨਹੀਂ ਰਹਿੰਦਾ ਤੇ ...”
(1 ਫਰਵਰੀ 2025)
ਇਹ ਕੀ? … …! ਇਸਦੀਆਂ ਅੱਖਾਂ ਵਿੱਚ ਹੰਝੂ? ਲਗਦਾ ਜਿਵੇਂ ਰੋ ਰਿਹਾ ਹੋਵੇ। ਕੋਈ ਪੁੱਛੇ, ਭਲਾ ਇਸ ਵੱਡੇ ਤਿਉਹਾਰ ’ਤੇ ਵੀ ਕੋਈ ਰੋਂਦੈ, ਨਹੀਂ! ਨਹੀਂ!! ਭੁਲੇਖਾ ਲੱਗਾ ਏ, ਭੀੜ ਕਰਕੇ ਉਡਦੀ ਧੂੜ ਤੇ ਆਤਸ਼ਬਾਜ਼ੀ ਦੇ ਧੂੰਏਂ ਕਾਰਨ ਉੇਸਦੀਆਂ ਅੱਖਾਂ ਵਿੱਚੋਂ ਪਾਣੀ ਨਿਕਲ ਲੱਗ ਪਿਆ ਹੋਣਾ ਹੈ। ਪਰ ਉਹ ਤਾਂ ਵਾਰ-ਵਾਰ ਆਪਣੀਆਂ ਅੱਖਾਂ ਸਾਫ਼ ਕਰੀ ਜਾਂਦਾ ਹੈ। ਭੀੜ ਕਾਰਨ ਉਸ ਵੱਲ ਕਿਸੇ ਦਾ ਬਹੁਤਾ ਧਿਆਨ ਨਾ ਗਿਆ, ਪਰ ਮੇਰਾ ਧਿਆਨ ਵਾਰ-ਵਾਰ ਉਸ ਵੱਲ ਜਾਈ ਜਾਵੇ। ਮੈਂ ਉਸਦੇ ਨੇੜੇ ਹੋ ਕੇ ਵੇਖਿਆ ਤੇ ਮੇਰਾ ਭੁਲੇਖਾ ਦੂਰ ਹੋ ਗਿਆ। ਉਹ ਤਾਂ ਸੱਚਮੁੱਚ ਹੀ ਰੋ ਰਿਹਾ ਸੀ। ਲੋਕੀਂ ਇਸ ਵੱਡੇ ਤਿਉਹਾਰ ’ਤੇ ਖੁਸ਼ੀਆਂ ਮਨਾ ਰਹੇ ਨੇ ਤੇ ਇਹ ਭਲਾਮਾਣਸ ਰੋ ਰਿਹਾ ਹੈ। ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਪੁੱਛ ਬੈਠਾ, “ਭਾਈ ਸਾਹਿਬ! ਇਸ ਦਿਨ ਵੀ ਕੋਈ ਰੋਂਦਾ ਹੁੰਦਾ ਹੈ?”
“ਕਿਉਂ? ਕੀ ਹੋਇਆ ਦਿਨ ਨੂੰ?” ਉਸਨੇ ਇੱਕ ਟੁੱਕ ਰੁੱਖਾ ਜਿਹਾ ਜਵਾਬ ਦਿੱਤਾ, ਜਿਸਦੀ ਮੈਨੂੰ ਉਮੀਦ ਨਹੀਂ ਸੀ। ਮੇਰੇ ਵੱਲ ਸ਼ਰਾਰਤੀ ਨਜ਼ਰਾਂ ਨਾਲ ਵੇਖਿਆ ਤੇ ਕਹਿਣ ਲੱਗਾ, “ਲੈ ਲਿਆ ਸੁਆਦ ਪੁਤਲੇ ਨੂੰ ਜਲਾਉਣ ਦਾ?”
“ਕਾਹਦਾ ਸੁਆਦ! ਇਹ ਕੋਈ ਖਾਣ ਦੀ ਚੀਜ਼ ਐ?” ਮੈਂ ਕਿਹਾ।
“ਹਰ ਸਾਲ ਜਲਾਉਂਦੇ ਹੋ, ਫਿਰ ਵੀ ਤੁਹਾਡੇ ਲੋਕਾਂ ਨੂੰ ਯਕੀਨ ਨਹੀਂ ਆਉਂਦਾ।” ਉਸਨੇ ਕਿਹਾ। ਉਹ ਵਾਰ-ਵਾਰ ਚੋਰ-ਨਜ਼ਰਾਂ ਨਾਲ ਮੇਰੇ ਵੱਲ ਵੇਖੀ ਜਾਵੇ ਤੇ ਆਪਣਾ ਕੰਮ ਵੀ ਕਰੀ ਜਾਵੇ। ਪਰ ਮੇਰੇ ਦਿਮਾਗ ਵਿੱਚ ਸਵਾਲ-ਦਰ-ਸਵਾਲ ਘੁੰਮਣ ਲੱਗੇ। ਫਿਰ ਉਹ ਮੇਰੇ ਨੇੜੇ ਹੋ ਕੇ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਲੱਗਾ, “ਤੁਸੀਂ ਲੋਕ ਕੀ ਸਮਝੋ, ਕਿਸੇ ਦੇ ਦਿਲ ਦਾ ਦਰਦ, ਬੱਸ ਤਮਾਸ਼ਾ ਵੇਖਿਆ ਤੇ ਚਲਦੇ ਬਣੇ ਆਪੋ-ਆਪਣੇ ਘਰਾਂ ਨੂੰ।” ਉਸਦਾ ਠੰਢਾ ਤੇ ਲੰਮਾ ਹਉਕਾ ਨਿਕਲ ਗਿਆ ਜਿਵੇਂ ਵਰ੍ਹਿਆਂ ਤੋਂ ਦੁਖੀ ਹੋਵੇ ਤੇ ਰੋ ਕੇ ਮਨ ਦੀ ਭੜਾਸ ਕੱਢ ਰਿਹਾ ਹੋਵੇ।
“ਮੈਨੂੰ ਦੱਸੋ, ਮੈਂ ਸੁਣਾਂਗਾ ਤੁਹਾਡੇ ਦਿਲ ਦੀ ਗੱਲ।” ਮੈਂ ਕਿਹਾ।
ਉਹ ਮੇਰੇ ਵੱਲ ਵੇਖ ਕੇ ਮੁਸਕਰਾਇਆ ਤੇ ਕਹਿਣ ਲੱਗਾ, “ਜੇ ਇਹ ਗੱਲ ਐ ਤਾਂ ਆ ਜਾਣਾ ਗਊਸ਼ਾਲਾ ਵਾਲੀ ਧਰਮਸ਼ਾਲਾ ਵਿੱਚ ਕੱਲ੍ਹ ਸਵੇਰੇ।”
ਅਗਲੀ ਸਵੇਰ ਮੈਂ ਉਸ ਕੋਲ ਗਿਆ ਤਾਂ ਉਹ ਤਾਜ਼ਾ ਦਮ ਨਜ਼ਰ ਆ ਰਿਹਾ ਸੀ ਤੇ ਝਟਪਟ ਮੇਰੇ ਨਜ਼ਦੀਕ ਆ ਗਿਆ। ਮੈਂਨੂੰ ਲੱਗਾ, ਜਿਵੇਂ ਉਹ ਮੇਰੀ ਹੀ ਉਡੀਕ ਕਰ ਰਿਹਾ ਹੋਵੇ। ਮੈਨੂੰ ਉਹ ਇੱਕ ਵੱਡੇ ਹਾਲ ਕਮਰੇ ਵਿੱਚ ਲੈ ਗਿਆ, ਜਿੱਥੇ ਇੱਕ ਨੁੱਕਰੇ ਜ਼ਮੀਨ ’ਤੇ ਹੀ ਉਸਨੇ ਆਪਣਾ ਬਿਸਤਰਾ ਲਗਾਇਆ ਹੋਇਆ ਸੀ। ਮੇਰੇ ਲਈ ਬਾਹਰੋਂ ਕੁਰਸੀ ਲੈ ਆਇਆ।
“ਚਾਹ ਪੀਓਗੇ ਸਰਦਾਰ ਸਾਹਿਬ?” ਉਸ ਨੇ ਕਿਹਾ।
ਭਾਵੇਂ ਮੈਂ ਘਰੋਂ ਚਾਹ ਪੀ ਕੇ ਗਿਆ ਸੀ ਪਰ ਪਤਾ ਨਹੀਂ ਕਿਉਂ ਉਸ ਨੂੰ ਨਾਂਹ ਨਾ ਕਰ ਸਕਿਆ। ਉਸਨੇ ਕਮਰੇ ਵਿੱਚੋਂ ਬਾਰੀ ਰਾਹੀਂ ਚਾਹ ਵਾਲੇ ਨੂੰ ਦੋ ਕੱਪ ਲਈ ਆਵਾਜ਼ ਮਾਰ ਦਿੱਤੀ। ਕੁਝ ਦੇਰ ਅਸੀਂ ਦੋਵੇਂ ਹੀ ਕਦੀ ਇੱਕ ਦੂਜੇ ਵੱਲ, ਕਦੀ ਕਮਰੇ ਦੇ ਚੁਫੇਰੇ ਤੇ ਕਦੀ ਬਾਹਰ ਵੱਲ ਵੇਖਦੇ ਰਹੇ। ਥੋੜ੍ਹੀ ਦੇਰ ਵਿੱਚ ਚਾਹ ਆ ਗਈ ਤੇ ਅਸੀਂ ਪੀਣ ਲੱਗੇ।
“ਹਾਂ ਜੀ ਦੱਸੋ, ਕੀ ਪੁੱਛਣਾ ਮੇਰੇ ਕੋਲੋਂ?” ਉਹ ਬੋਲਿਆ
“ਕਲ੍ਹ ਦੁਸਹਿਰੇ ’ਤੇ ਰੋ ਕਿਉਂ ਰਹੇ ਸੀ?”
“ਕੀ ਕਰੋਗੇ ਇਹ ਸਭ ਜਾਣਕੇ? ਪਹਿਲਾਂ ਤਾਂ ਕਦੇ ਕਿਸੇ ਨੇ ਇਹ ਗੱਲ ਪੁੱਛੀ ਨਹੀਂ।”
“ਬੱਸ ਮੇਰਾ ਮਨ ਕਰਦਾ, ਤੁਹਾਡੇ ਬਾਰੇ ਤੇ ਤੁਹਾਡੇ ਰੋਣ ਬਾਰੇ ਕੁਝ ਜਾਣ ਸਕਾਂ।”
ਇਹ ਸੁਣ ਕੇ ਉਸਨੇ ਨੀਵੀਂ ਪਾ ਲਈ ਤੇ ਮੁਸਕਰਾਉਣ ਤੇ ਸੋਚਣ ਲੱਗਾ। ਕਾਫੀ ਦੇਰ ਚੁੱਪ ਰਹਿਣ ਤੋਂ ਬਾਆਦ ਕਹਿਣ ਲੱਗਾ, “ਜਨਾਬ ਮੇਰਾ ਨਾਂ ਸ਼ਰੀਫ ਹੈ। ਮੈਂ ਮੁਜ਼ੱਫਰਗੜ੍ਹ, ਯੂ.ਪੀ ਦਾ ਰਹਿਣ ਵਾਲਾ ਹਾਂ। ਮੇਰੇ ਦੋ ਬੱਚੇ ਹਨ - ਇੱਕ ਲੜਕਾ ਤੇ ਇੱਕ ਲੜਕੀ। ਲੜਕਾ ਵੱਡਾ ਹੈ, ਜੋ ਨੌਂਵੀ ਜਮਾਤ ਵਿੱਚ ਪੜ੍ਹਦਾ ਹੈ, ਲੜਕੀ ਛੇਵੀਂ ਵਿੱਚ ਪੜ੍ਹਦੀ ਹੈ। ਮੈਂ ਜ਼ਿਆਦਾ ਨਹੀਂ ਪੜ੍ਹ ਸਕਿਆ, ਪਰ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਵਾਂਗਾ। ਮੈਂ ਪਿਛਲੇ ਅਠਾਰ੍ਹਾਂ ਸਾਲਾਂ ਤੋਂ ਦੁਸ਼ਹਿਰੇ ਦੇ ਮੌਕੇ ’ਤੇ ਇੱਥੇ ਆਉਂਦਾ ਹਾਂ ਤੇ ਦੀਵਾਲੀ ਵੇਲੇ ਵਾਪਸ ਜਾਂਦਾ ਹਾਂ। ਇਹ ਰਾਵਣ, ਮੇਘ ਨਾਥ, ਕੁੰਭਕਰਨ ਦੇ ਪੁਤਲੇ ਬਣਾਉਂਦਾ ਹਾਂ। ਇਹ ਮੇਰਾ ਸ਼ੌਕ ਵੀ ਹੈ ਤੇ ਕਾਰੋਬਾਰ ਵੀ।”
“ਕਾਰੋਬਾਰ ਤਾਂ ਠੀਕ ਹੈ। ਪਰ ਸ਼ੌਕ ਹੈ … …! ਉਹ ਕਿਵੇਂ … …?”
“ਪੰਦਰ੍ਹਾਂ ਸਾਲਾਂ ਦਾ ਸੀ ਜਦੋਂ ਪੜ੍ਹਨੋਂ ਹਟ ਗਿਆ ਤੇ ਆਪਣੇ ਗੁਰੂ ਕੋਲੋਂ ਦਸਾਂ ਸਾਲਾਂ ਵਿੱਚ ਪੁਤਲੇ ਬਣਾਉਣ ਦੀ ਕਲਾ ਸਿੱਖੀ। ਬੱਸ ਜੀ, ਇਹੀ ਮੇਰਾ ਸ਼ੌਕ ਹੈ ਤੇ ਇਸ ਸ਼ੌਕ ਦਾ ਮੇਰੇ ’ਤੇ ਭੂਤ ਸਵਾਰ ਹੈ। ਪਹਿਲਾਂ ਗੁਰੂ ਜੀ ਨਾਲ ਆਇਆ ਕਰਦਾ ਸੀ। ਉਹ ਹੁਣ ਅੱਲ੍ਹਾ ਨੂੰ ਪਿਆਰੇ ਹੋ ਗਏ ਤੇ ਹੁਣ ਮੈਂ ਇਕੱਲਾ ਹੀ ਆਉਂਦਾ ਹਾਂ।”
“ਫੇਰ ਤਾਂ ਚੰਗੇ ਪੈਸੇ ਕਮਾ ਲੈਂਦੇ ਹੋਵੋਂਗੇ।” ਮੈਂ ਕਿਹਾ।
“ਪੈਸੇ ਕਿੱਥੇ ਜਨਾਬ, ਇੱਥੇ ਤਾਂ ਪੂਰਾ ਹੀ ਮਸਾਂ ਪੈਂਦਾ ਹੈ। ਰਾਮ ਲੀਲ੍ਹਾ ਕਮੇਟੀ ਵਾਲੇ ਹਰ ਸਾਲ ਚਿੱਠੀ ਪਾ ਕੇ ਬੁਲਾ ਲੈਂਦੇ ਨੇ, ਮੇਰੇ ਨਾਲ ਉੱਕਾ-ਪੁੱਕਾ ਠੇਕਾ ਕਰ ਲੈਂਦੇ ਹਨ। ਬਾਂਸ, ਟਾਟ, ਕਾਗਜ਼, ਪਟਾਕੇ ਵਗੈਰਾ ਸਾਰਾ ਸਾਮਾਨ ਸਾਡਾ ਹੁੰਦਾ ਹੈ। 25 ਫੁੱਟ ਉੱਚੇ ਪੁਤਲੇ ਬਣਾਉਣੇ ਕੋਈ ਸੌਖੀ ਗੱਲ ਨਹੀਂ। ਮਸਾਂ ਹੀ ਚਾਰ-ਪੰਜ ਹਜ਼ਾਰ ਹੀ ਬਚਦਾ ਹੈ। ਇਹ ਤਾਂ ਅਸੀਂ ਨਾਲ ਦੇ ਸ਼ਹਿਰਾਂ ਦੇ ਕੰਮ ਸੰਭਾਲ ਲਏ ਨੇ, ਨਹੀਂ ਤਾਂ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਸੀ। ਕਮੇਟੀ ਵਾਲੇ ਹਰ ਸਾਲ ਆਪਣੇ ਆਪ ਹੀ ਪੰਜ ਸੌ ਵਧ ਕੇ ਮੇਰੀ ਮਿਹਨਤ ਦਿੰਦੇ ਹਨ, ਮੈਂ ਮੂੰਹੋਂ ਕਦੀ ਨਹੀਂ ਮੰਗੇ। ਉਂਝ ਵੀ ਕਈ ਸਾਲਾਂ ਦਾ ਪਿਆਰ ਹੈ, ਜੋ ਖਿੱਚ ਲਿਆਉਂਦਾ ਹੈ।”
ਕੁਝ ਦੇਰ ਚੁੱਪ ਰਿਹਾ ਫਿਰ ਬੋਲਿਆ, “ਪਰ ਮੈਂ ਬੱਚਿਆਂ ਨੂੰ ਇਹ ਕੰਮ ਕਰਨ ਨਹੀਂ ਦੇਣਾ ...।”
“ਉਹ ਕਿਉਂ?”
“ਬੱਸ ਜੀ, ਇਹ ਕੋਈ ਚੰਗਾ ਕੰਮ ਨਹੀਂ ਹੈ।”
“ਪਰ ਰੋਂਦੇ ਕਿਉਂ ਸੀ?”
ਇਹ ਸੁਣ ਕੇ ਚੁੱਪ ਹੋ ਗਿਆ, ਲੰਮਾ ਹਉਕਾ ਲਿਆ, ਜਿਵੇਂ ਕਿਸੇ ਨੇ ਦੁਖਦੀ ਰੱਗ ’ਤੇ ਹੱਥ ਰੱਖ ਦਿੱਤਾ ਹੋਵੇ। ਉਸਦੀਆਂ ਅੱਖਾਂ ਨਮ ਹੋ ਗਈਆਂ।ਖੰਘੂਰਾ ਮਾਰ ਕੇ ਉਸਨੇ ਗਲਾ ਸਾਫ਼ ਕੀਤਾ ਤੇ ਕਹਿਣ ਲੱਗਾ, “ਵੇਖੋ ਜੀ, ਇਹ ਤੀਹ-ਤੀਹ ਫੁੱਟ ਉੱਚੇ ਪੁਤਲੇ 15 ਦਿਨਾਂ ਦੀ ਮਿਹਨਤ ਨਾਲ ਤਿਆਰ ਕਰਦੇ ਹਾਂ। ਲੋਕ ਦੁਸ਼ਹਿਰੇ ਦਾ ਮੇਲਾ ਵੇਖਣ ਆਉਂਦੇ ਹਨ। ਸਾਡੇ ਬਣੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਵੇਖ ਕੇ ਅਸ਼-ਅਸ਼ ਕਰ ਉੱਠਦੇ ਹਨ। ਉਨ੍ਹਾਂ ਵੱਲੋਂ ਹੈਰਾਨਗੀ ਭਰੀ ਤਾਰੀਫ਼ ਦੇ ਮਿੱਠੇ ਬੋਲ ਸੁਣ ਕੇ ਗਦਗਦ ਹੋ ਜਾਈਦਾ ਤੇ ਆਪਣੇ ਆਪ ਨੂੰ ਬਹੁਤ ਵੱਡਾ ਕਲਾਕਾਰ ਸਮਝੀਦਾ ਹੈ। ਪਰ ਸ਼ਾਮੀ ਜਦੋਂ ਅੱਗ ਲਗਾਈ ਜਾਂਦੀ ਹੈ ਤਾਂ 25-30 ਸਕਿੰਟਾਂ ਵਿੱਚ ਇਹ ਕਲਾਕਾਰੀ ਸੜ ਕੇ ਸਵਾਹ ਹੋ ਜਾਂਦੀ ਹੈ …!”
ਉਹ ਫਿਰ ਰੋ ਪਿਆ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਿਆ, “ਇਹ ਸਭ ਕੁਝ ਦੇਖ ਕੇ ਮਨ ’ਤੇ ਕਾਬੂ ਨਹੀਂ ਰਹਿੰਦਾ ਤੇ ਰੋਣਾ ਨਿਕਲ ਜਾਂਦਾ ਹੈ … …! ਸੋਚਦਾ ਹਾਂ ਕਿ ਮੈਂ ਦੁਨੀਆ ਵਿੱਚ ਕਿਸ ਤਰ੍ਹਾਂ ਦਾ ਕਲਾਕਾਰ ਹਾਂ, ਜਿਸਦੀ ਕਲਾਕਾਰੀ ਦੀ ਉਮਰ ਕੇਵਲ 25-30 ਸਕਿੰਟ ਹੈ … …!”
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)