“ਇੰਨੇ ਨੂੰ ਸਾਡੇ ਪਿੰਡ ਦਾ ਲੰਬੜਦਾਰ, ਜੋ ਡੈਅਰੀ ਵਿੱਚ ਦੁੱਧ ਪਾਉਣ ਆਇਆ ਹੋਇਆ ਸੀ, ਜਾਂਦਾ ਜਾਂਦਾ ਡੈਡੀ ਨੂੰ ਕਹਿ ਗਿਆ ...”
(30 ਮਾਰਚ 2024)
ਇਸ ਸਮੇਂ ਪਾਠਕ: 225.
ਕੁਝ ਦਿਨ ਪਹਿਲਾਂ ਹੀ ਇੱਕ ਅਜ਼ੀਜ਼ ਸਹੇਲੀ ਦਾ ਫੋਨ ਆਇਆ, ਉਸਨੇ ਇੱਕੋ ਸਾਹੇ ਕਿਹਾ, “ਬਹੁਤ ਅੱਛਾ ਲਗਦਾ ਜਦੋਂ ਅਖਬਾਰਾਂ ਵਿੱਚ ਰਚਨਾਵਾਂ ਛਪਦੀਆਂ ਨੇ, ਵੱਡੇ ਵੱਡੇ ਮੈਗਜ਼ੀਨਾਂ ਵਿੱਚ, ਵੱਡੇ ਵੱਡੇ ਸਾਹਿਤਕਾਰ ਲੋਕ, ਪਾਠਕ ਤੁਹਾਡੀ ਰਚਨਾ ਦੀ ਤਾਰੀਫ ਕਰਦੇ ਨੇ।”
ਮੈਂ ਮੋਹਰੇ ਤੋਂ ਹੱਸ ਕੇ ਕਿਹਾ, “ਹਾਂਜੀ, ਹਾਂ ਤੁਹਾਡੀ ਕਲਾ ਵਿੱਚ, ਤੁਹਾਡੀ ਕਲਮ ਵਿੱਚ, ਕੁਝ ਨਾ ਕੁਝ ਤਾਂ ਜ਼ਰੂਰ ਹੋਵੇਗਾ, ਐਵੇਂ ਤਾਂ ਨਹੀਂ ਲੋਕਾਂ ਨੂੰ ਰਚਨਾਵਾਂ ਪਸੰਦ ਆਉਂਦੀਆਂ …”
ਮੇਰੀ ਉਹ ਅਜ਼ੀਜ਼ ਸਹੇਲੀ ਅੱਗੋਂ ਹੋਰ ਮੁਸਕਰਾਈ ਤੇ ਉਸ ਦੀਆਂ ਗੱਲਾਂ ਦੀ ਲੜੀ ਖਤਮ ਨਹੀਂ ਸੀ ਹੋ ਰਹੀ। ਉਹ ਬਾਰ ਬਾਰ ਖੁਸ਼ੀ ਦੇ ਮਾਰੇ ਇਹੋ ਕਹਿ ਰਹੀ ਸੀ, “ਸਮਝ ਨਹੀਂ ਆ ਰਿਹਾ ਦੀਦੀ ਮੇਰੇ ਨਾਲ ਕੀ ਹੋ ਰਿਹਾ, ਇਹ ਸਭ ਕੀ ਹੈ, ਮੈਂ ਕਦੇ ਨਹੀਂ ਸੀ ਸੋਚਿਆ ਕਿ ਮੇਰੀਆਂ ਲਿਖਤਾਂ, ਮੇਰੀਆਂ ਰਚਨਾਵਾਂ ਨੂੰ ਲੋਕ ਇੰਨਾ ਸਲਾਹੁਣਗੇ। ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਕਿੱਦਾਂ ਲਿਖ ਹੁੰਦਾ ਤੇ ਲੋਕ ਇਹਨਾਂ ਨੂੰ ਇੰਨਾ ਪਿਆਰ ਦਿੰਦੇ ਨੇ। ...”
ਮੈਂ ਅੱਗੋਂ ਭਾਵਪੂਰਤ ਲਹਿਜ਼ੇ ਵਿੱਚ ਉਸ ਨੂੰ ਕਿਹਾ, “ਇਹ ਸਭ ਉਹ ਹੈ, ਜੋ ਤੁਸੀਂ ਕਦੇ ਆਪਣੀਆਂ ਅਰਦਾਸਾਂ ਵਿੱਚ, ਆਪਣੀਆਂ ਦੁਆਵਾਂ ਵਿੱਚ, ਆਪਣੇ ਅੱਥਰੂਆਂ ਰਾਹੀਂ ਰੱਬ ਕੋਲੋਂ ਮੰਗਿਆ ਸੀ। ਚਾਹੇ ਉਦੋਂ ਤੁਸੀਂ ਕਿਸੇ ਵੱਡੇ ਇਮਤਿਹਾਨ ਦੀ ਤਿਆਰੀ ਕਰ ਰਹੇ ਸੀ ਜਾਂ ਕੁਝ ਵੱਡਾ ਬਣਨ ਦੀ ਜਾਂ ਦੁਨੀਆਂ ਦੇ ਸਾਹਮਣੇ ਕੁਝ ਬਣਕੇ ਦਿਖਾਉਣ ਦੀ ਇੱਛਾ ਰੱਖ ਰਹੇ ਸੀ। ਇਹ ਉਹੀ ਕਹਾਣੀ ਹੈ, ਇਹ ਉਹੀ ਸਮਾਂ ਹੈ, ਜੋ ਕਿਸੇ ਨਾ ਕਿਸੇ ਜ਼ਰੀਏ ਤੁਹਾਡੇ ਸਾਹਮਣੇ ਪਰਤ ਕੇ ਆਇਆ ਹੈ। ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਇੱਕ ਬਹੁਤ ਵੱਡੇ ਸਾਹਿਤਕਾਰ ਵਜੋਂ ਉੱਭਰੋਂ ਜਾਂ ਇੱਕ ਪ੍ਰਪੱਕ ਲੇਖਿਕਾ ਵਜੋਂ ਤੁਹਾਡੀ ਪਛਾਣ ਬਣੇ।”
ਉਸੇ ਵਕਤ ਕੋਈ 23-24 ਸਾਲ ਪੁਰਾਣੀ ਘਟਨਾ ਮੇਰੀਆਂ ਅੱਖਾਂ ਮੋਹਰੇ ਆ ਗਈ, ਜਦੋਂ ਮੈਂ ਪਟਿਆਲੇ ਪੜ੍ਹਦੀ ਸੀ। ਹੋਸਟਲ ਵਿੱਚ ਰਹਿੰਦੇ ਹੋਏ ਕਿੰਨੀਆਂ ਹੀ ਪੰਜਾਬੀ ਦੀਆਂ ਪੁਸਤਕਾਂ ਮੈਂ ਪੜ੍ਹ ਲਈਆਂ ਸੀ। ਦਲੀਪ ਕੌਰ ਟਿਵਾਣਾ ਦੀ ਨੰਗੇ ਪੈਰਾਂ ਦਾ ਸਫਰ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਦੀਆਂ ਉਦਾਸ ਰਚਨਾਵਾਂ, ਪਾਸ਼ ਦੀਆਂ ਇਨਕਲਾਬੀ ਤੇ ਅਧੂਰੇ ਸੁਪਨਿਆਂ ਦੀਆਂ ਦਿਲ ਹਿਲਾਉਣ ਵਾਲੀਆਂ ਰਚਨਾਵਾਂ ਤੇ ਪਤਾ ਨਹੀਂ ਕਿੰਨਾ ਕੁਝ ਹੋਰ। ਨਵਾਂ-ਨਵਾਂ ਕਵਿਤਾਵਾਂ ਲਿਖਣ ਦਾ ਸ਼ੌਕ ਚੜ੍ਹਿਆ ਸੀ! ਕਿੰਨਾ ਸਕੂਨ ਮਿਲਦਾ ਸੀ ਡਾਇਰੀ ਲਿਖ ਕੇ! ਕਿੰਨਾ ਸਬਰ ਮਿਲਦਾ ਸੀ ਕਵਿਤਾਵਾਂ ਦੇ ਕੋਲੇ ਆਪਣੇ ਸਾਰੇ ਦੁੱਖ ਸੁਖ ਫਰੋਲ ਕੇ ਤੇ ਫਿਰ ਕਿੰਨਾ ਡਰ ਲਗਦਾ ਸੀ ਘਰਦਿਆਂ ਤੋਂ, ਜਦੋਂ ਡੈਡੀ ਕਹਿ ਦਿੰਦੇ ਸੀ, ਡਾਇਰੀ ਨੇ ਤੈਨੂੰ ਰੋਟੀ ਨਹੀਂ ਦੇ ਦੇਣੀ, ਕਵਿਤਾਵਾਂ ਨੇ ਤੈਨੂੰ ਤਨਖਾਹ ਨਹੀਂ ਦੇ ਦੇਣੀ। ਮੈਂ ਚੁੱਪ ਕਰਕੇ ਡਾਇਰੀ ਪਾਸੇ ਰੱਖ ਦਿੰਦੀ ਸੀ। ਇੱਕ ਵਾਰ ਜਦੋਂ ਕਿਸੇ ਮਿੱਤਰ ਪਿਆਰੇ ਨੇ ਮੇਰੀਆਂ ਕਵਿਤਾਵਾਂ ਨੂੰ ਕਿਸੇ ਅਖਬਾਰ ਵਿੱਚ ਛਪਣ ਲਈ ਭੇਜ ਹੀ ਦਿੱਤਾ ਤੇ ਰਚਨਾਵਾਂ ਛਪ ਵੀ ਗਈਆਂ, ਉਸ ਦਿਨ ਕਿੰਨਾ ਡਰ ਗਈ ਸੀ ਮੈਂ! ਮੁੜ ਮੁੜ ਅਖਬਾਰਾਂ ਵਾਲੇ ਭਾਈ ਨੂੰ ਉਡੀਕਦੀ ਰਹੀ ਤੇ ਜਦੋਂ ਅਖਬਾਰ ਹੱਥ ਵਿੱਚ ਆਇਆ ਤਾਂ ਦਿਲ ਦੀ ਧੜਕਣ ਕਿੰਨੀ ਤੇਜ਼ ਹੋ ਗਈ ਸੀ ਤੇ ਫਿਰ ਉਸ ਅਖਬਾਰ ਦੀਆਂ ਚਾਰ ਤੈਹਾਂ ਕਰਕੇ ਕਿਧਰੇ ਲੁਕੋ ਦਿੱਤਾ ਸੀ, ਕਿ ਕਿਧਰੇ ਕਿਸੇ ਦੇ ਹੱਥ ਨਾ ਲੱਗ ਜਾਵੇ। ਕਿਧਰੇ ਘਰਦੇ ਨਾ ਕਹਿਣ ਕਿ ਇਹ ਕਿਹੜੇ ਕੰਮਾਂ ਵਿੱਚ ਪੈ ਗਈ ਤੂੰ! ਫਿਰ ਹੌਲੀ ਹੌਲੀ ਸ਼ਾਮ ਪੈਣ ਤਕ ਜਦੋਂ ਘਰਦਿਆਂ ਨੇ ਉਸ ਅਖਬਾਰ ਦਾ ਐਤਵਾਰ ਵਾਲਾ ਪਹਿਲਾ ਪੰਨਾ ਪੂਰੇ ਘਰ ਵਿੱਚ ਲੱਭਿਆ ਤਾਂ ਡੈਡੀ ਨੂੰ ਹੌਲੀ ਹੌਲੀ ਦੱਸਿਆ ਕਿ ਮੇਰੀ ਵੀ ਇੱਕ ਕਵਿਤਾ ਛਪੀ ਹੈ ਅੱਜ ਦੇ ਅਖਬਾਰ ਵਿੱਚ। ਤੇ ਇੰਨੇ ਨੂੰ ਸਾਡੇ ਪਿੰਡ ਦਾ ਲੰਬੜਦਾਰ, ਜੋ ਡੈਅਰੀ ਵਿੱਚ ਦੁੱਧ ਪਾਉਣ ਆਇਆ ਹੋਇਆ ਸੀ, ਜਾਂਦਾ ਜਾਂਦਾ ਡੈਡੀ ਨੂੰ ਕਹਿ ਗਿਆ ਸੀ, “ਤੁਹਾਡੀ ਗੁੱਡੀ ਫਸਟ ਆਈ ਏ? ਉਹਦੀ ਅੱਜ ਅਖਬਾਰ ਵਿੱਚ ਫੋਟੋ ਲੱਗੀ ਏ!”
ਮੇਰਾ ਉੱਪਰਲਾ ਸਾਹ ਉੱਪਰ, ਅਤੇ ਹੇਠਲਾ ਸਾਹ ਹੇਠਾਂ ਹੀ ਰਹਿ ਗਿਆ ਸੀ ਅਤੇ ਡੈਡੀ ਨੂੰ ਹੌਲੀ ਹੌਲੀ ਕਰਕੇ ਅਖਬਾਰ ਵਿੱਚ ਛਪੀ ਉੱਭਰਦੀ ਕਵਿੱਤਰੀ ਸੰਬੰਧੀ ਛਪੀਆਂ ਲਾਈਨਾਂ ਵਿੱਚੋਂ ਕਾਂਟ-ਛਾਂਟ ਕਰਕੇ ਥੋੜ੍ਹਾ ਬਹੁਤਾ ਸੁਣਾ ਦਿੱਤਾ ਸੀ। ਪਰ ਕੋਈ ਬਹੁਤੀ ਹੱਲਾਸ਼ੇਰੀ ਘਰੋਂ ਨਹੀਂ ਮਿਲੀ ਸੀ। ਬਹੁਤ ਸਾਰੇ ਸਵਾਲ ਮਿਲੇ ਸੀ, ਜੋ ਚੁੱਪ ਚਾਪ ਸੁਣ ਲਏ ਸੀ।
ਉਸ ਤੋਂ ਬਾਅਦ ਰਚਨਾਵਾਂ ਲਿਖਦੀ ਤਾਂ ਰਹੀ, ਪਰ ਕਿਤੇ ਛਪਵਾਉਣ ਦਾ ਹੀਆ ਨਾ ਕੀਤਾ ਅਤੇ ਮਨ ਹੀ ਮਨ ਸੋਚਦੀ ਕਿ ਕਿੰਨੇ ਭਾਗਾਂ ਵਾਲੇ ਹੋਣਗੇ ਉਹ ਲੋਕ ਜਿਨ੍ਹਾਂ ਦੀਆਂ ਰਚਨਾਵਾਂ ਅਖਬਾਰਾਂ ਰਸਾਲਿਆਂ ਵਿੱਚ ਛਪਦੀਆਂ ਨੇ!
ਜਿਵੇਂ ਕਿਵੇਂ ਸਮਾਂ ਬਦਲਿਆ, ਫਿਰ ਵਿਆਹ ਤੋਂ ਬਾਅਦ ਲਿਖਣ ਲਿਖਾਉਣ ਦਾ ਕੰਮ ਜ਼ਿੰਮੇਵਾਰੀਆਂ ਵਿੱਚ ਬਦਲ ਗਿਆ। ਨੌਕਰੀ ਦੀਆਂ ਜ਼ਿੰਮੇਵਾਰੀਆਂ, ਬੱਚਿਆਂ ਦੀ ਸਾਂਭ ਸੰਭਾਲ ਤੇ ਘਰ ਦੇ ਕੰਮ-ਕਾਰ। ਕਵਿਤਾ ਮਨ ਵਿੱਚ ਆਉਂਦੀ ਜ਼ਰੂਰ ਸੀ, ਪਰ ਕਿਤੇ ਨਾ ਕਿਤੇ ਅਲੋਪ ਹੋ ਜਾਂਦੀ ਸੀ। ਹੁਣ ਵੀ ਕਈ ਵਾਰ ਸੋਚਦੀ ਹਾਂ ਕਿ ਕਵਿਤਾਵਾਂ ਕੋਲ ਫਰੋਲ ਆਵਾਂ ਸਾਰੇ ਦੁੱਖ! ਡਾਇਰੀ ਕੋਲ ਰੱਖ ਆਵਾਂ ਸਾਰੇ ਬੋਝ, ਤੇ ਮੁਕਤ ਹੋ ਜਾਵਾਂ ਇਸ ਸਾਰੇ ਧੁੰਦੂਕਾਰੇ ਤੋਂ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4849)
(ਸਰੋਕਾਰ ਨਾਲ ਸੰਪਰਕ ਲਈ: (