VarinderMehta7ਕੋਈ ਗੱਲ ਨੀ, ਤੂੰ ਦਿਲ ਹੌਲਾ ਨਾ ਕਰ। ਆਪਾਂ ਇਹ ਘਰ ਤੇ ਦੁਕਾਨ ਵੇਚ ਕੇ ਤੇਰਾ ...
(12 ਦਸੰਬਰ 2019)

 

ਉੱਦੋਂ ਮੈਂ ਦਸਵੀਂ ਵਿੱਚ ਪੜ੍ਹਦਾ ਸੀ ਉਦੋਂ ਤੋਂ ਹੀ ਮੇਰੀ ਅਮਰੀਕਾ ਜਾਣ ਦੀ ਚਾਹਤ ਇੱਕ ਜਨੂੰਨ ਦੇ ਰੂਪ ਵਿੱਚ ਬਦਲਣ ਲੱਗੀਜਦੋਂ ਮੈਂ ਘਰ ਗੱਲ ਕਰਦਾ ਕਿ ਮੈਂ ਦਸਵੀਂ ਤੋਂ ਬਾਅਦ ਦੀ ਪੜ੍ਹਾਈ ਆਪਣੇ ਮਾਮੇ ਕੋਲ ਅਮਰੀਕਾ ਵਿੱਚ ਜਾ ਕੇ ਕਰਨੀ ਹੈ, ਤਾਂ ਪਾਪਾ ਕਹਿਣ ਲੱਗਦੇ, “ਤੂੰ ਪਹਿਲਾਂ ਦਸ ਤਾਂ ਕਰ ਲੈ, ਤੇਰੇ ਲੱਛਣ ਲੱਗਦੇ ਨ੍ਹੀ ਪੜ੍ਹਨ ਵਾਲੇਚੁੱਪ ਕਰਕੇ ਪੜ੍ਹ ਲੈ, ਜਿੰਨਾ ਪੜ੍ਹਿਆ ਜਾਂਦਾ, ਨਹੀਂ ਤਾਂ ਦੁਕਾਨ ਉੱਤੇ ਬੈਠ ਕੇ ਸਮੋਸੇ ਤਲਣੇ ਸਿੱਖ ਲੈ।”

ਮੰਮੀ ਵੀ ਹਰ ਵਾਰ ਮੈਂਨੂੰ ਇਸੇ ਤਰ੍ਹਾਂ ਟਾਲ ਦਿੰਦੀ ਤੇ ਕਹਿ ਦਿੰਦੀ, “ਕੋਈ ਨੀ ਦੀਨਿਆ, ਦੇਖਾਂਗੇ ... ਆਉਣ ਦੇ ਟਾਇਮ।” ਪਰ ਅਮਰੀਕਾ ਜਾਣ ਦਾ ਨਸ਼ਾ ਮੇਰੇ ਸਿਰ ਚੜ੍ਹ ਕੇ ਬੋਲਣ ਲੱਗਾਮੈਂ ਦਿਨ ਰਾਤ ਬੱਸ ਇਹੀ ਸੋਚਦਾ ਰਹਿੰਦਾ ਕਿ ਕਦੋਂ ਮੈਂ ਅਮਰੀਕਾ ਜਾਵਾਂਗਾ ਤੇ ਉੱਥੇ ਪੜ੍ਹ ਕੇ ਹੀ ਕੋਈ ਵੱਡੀ ਨੌਕਰੀ ਹਾਸਲ ਕਰ ਲਵਾਂਗਾ ਤੇ ਫਿਰ ਬੱਸ ਡਾਲਰਾਂ ਵਿੱਚ ਹੀ ਖੇਡਣਾ ਹੈਇਹੋ ਜਿਹੇ ਮੁੰਗੇਰੀ ਲਾਲ ਵਰਗੇ ਹੁਸੀਨ ਸੁਪਨਿਆਂ ਨਾਲ ਦਿਨ ਚੜ੍ਹਦਾ ਤੇ ਢਲਦਾਪੜ੍ਹਾਈ ਵੱਲ ਮੇਰਾ ਧਿਆਨ ਘਟਦਾ ਜਾਂਦਾਦਸਵੀਂ ਜਮਾਤ ਦੇ ਪੇਪਰ ਜਿਵੇਂ ਜਿਵੇਂ ਨੇੜੇ ਆ ਰਹੇ ਸਨ, ਮੈਂਨੂੰ ਅਮਰੀਕਾ ਜਾਣ ਲਈ ਜਹਾਜ਼ ਚੜ੍ਹਨ ਵਾਲਾ ਦਿਨ ਨੇੜੇ ਆਉਂਦਾ ਜਾਪਦਾ

ਜਿਸ ਦਿਨ ਮੇਰਾ ਦਸਵੀਂ ਜਮਾਤ ਦਾ ਆਖਰੀ ਪੇਪਰ ਸੀ, ਉਸੇ ਦਿਨ ਮੈਂ ਆਈਲੈਟਸ ਦੀ ਟਿਊਸ਼ਨ ਸ਼ੁਰੂ ਕਰ ਲਈ ਅਤੇ ਘਰਦਆਂ ਨਾਲ ਲੜਦੇ ਝਗੜਦੇ ਨੇ ਪਾਸਪੋਰਟ ਵੀ ਬਣਵਾ ਲਿਆਜਦੋਂ ਵੀ ਮੈਂ ਬਾਹਰ ਜਾਣ ਦੀ ਗੱਲ ਕਰਦਾ ਤਾਂ ਘਰ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਤੇ ਮੇਰੀ ਮਾਂ ਹਰ ਵਾਰ ਇਹੀ ਕਹਿੰਦੀ, “ਕੱਲਾ’ ਕਹਿਰਾ ਮੁੰਡਾ ਸਾਡਾ, ਅਸੀਂ ਕਿਵੇਂ ਬਾਹਰ ਭੇਜ ਦੇਈਏ।” ਉੱਧਰ ਅਮਰੀਕਾ ਵਿੱਚ ਮਾਮੇ ਨਾਲ ਮੈਂ ਹਰ ਤੀਜੇ ਦਿਨ ਗੱਲ ਕਰਦਾ ਰਹਿੰਦਾ

ਮੇਰੇ ਜ਼ੋਰ ਪਾਉਣ ਉੱਤੇ ਮਾਮੇ ਨੇ ਮੇਰੀ ਮੰਮੀ ਤੇ ਪਾਪਾ ਨੂੰ ਮਨਾ ਹੀ ਲਿਆਉਸ ਨੇ ਕਿਹਾ ਕਿ ਅਮਰੀਕਾ ਆ ਕੇ ਮੁੰਡੇ ਦੀ ਜ਼ਿੰਦਗੀ ਬਣ ਜਾਵੇਗੀ ਤੇ ਚਾਰ-ਪੰਜ ਸਾਲ ਪੜ੍ਹਨ ਤੋਂ ਬਾਅਦ ਚਾਹੇ ਤਾਂ ਇਸ ਨੂੰ ਇੰਡੀਆ ਬੁਲਾ ਲੈਣਾ, ਨਹੀਂ ਤਾਂ ਤੁਸੀਂ ਵੀ ਇੱਥੇ ਆ ਜਾਣਾ

ਅਗਲੇ ਦਿਨ ਜਦ ਮੈਂ ਸਵੇਰੇ ਜਾਗਿਆ ਤਾਂ ਮੇਰੇ ਮੰਮੀ ਪਾਪਾ ਮੇਰੇ ਕੋਲ ਆਏ ਤੇ ਪਾਪਾ ਕਹਿਣ ਲੱਗੇ, “ਗੱਲ ਸੁਣ ਪੁੱਤਰਾ! ਤੇਰੀ ਨਿਆਣੀ ਉਮਰ ਕਰਕੇ ਤੈਨੂੰ ਕੁਝ ਨਹੀਂ ਕਹਿ ਰਹੇ ਸੀ ਪਰ ਤੂੰ ਆਪਣੀ ਜਿੱਦ ਉੱਤੇ ਅੜਿਆ ਹੋਇਐਂ ਤਾਂ ਫਿਰ ਮੇਰੀ ਗੱਲ ਧਿਆਨ ਨਾਲ ਸੁਣ ਲੈ-ਨਾ ਮੈਂ ਆਪਣੀ ਦੁਕਾਨ ਛੱਡ ਕੇ ਜਾਵਾਂ ਤੇ ਨਾ ਤੇਰੀ ਮਾਂ ਮੈਂਨੂੰ ਛੱਡ ਕੇ ਜਾਵੇਤੈਨੂੰ’ ਕੱਲੇ ਨੂੰ ਉੱਥੇ ਤੇ ਸਾਨੂੰ’ ਕੱਲਿਆਂ ਨੂੰ ਇੱਥੇ ਰਹਿਣਾ ਪਊਗਾਜੇ ਤੈਨੂੰ ਮਨਜੂਰ ਆ ਤਾਂ ਆਹ ਚੱਕ ਪੈਸੇ, ਜਾ, ਆਪਣੇ ਕਾਗਜ਼ ਭਰ ਲੈਪਰ ਯਾਦ ਰੱਖੀਂ, ਇਹ ਸਭ ਕੁਝ ਤੇਰੀ ਜਿੱਦ ਅੱਗੇ ਤੇਰੇ ਮਾਪਿਆਂ ਦੀ ਹਾਰ ਹੈ ... ਸਮਝ ਗਿਆ? ”

ਉਸ ਸਮੇਂ ਮੈਂ ਪਾਪਾ ਦੀ ਕਿਸੇ ਗੱਲ’ ਤੇ ਧਿਆਨ ਨਹੀਂ ਦਿੱਤਾਫਟਾ ਫਟ ਤਿਆਰ ਹੋ ਕੇ ਮਾਮੇ ਵੱਲੋਂ ਦੱਸੇ ਅਨੁਸਾਰ ਬਾਹਰ ਜਾਣ ਦੀ ਤਿਆਰੀ ਵਿੱਚ ਲੱਗ ਗਿਆ

ਕੁਝ ਮਹੀਨੇ ਧੱਕੇ ਖਾਣ ਤੋਂ ਬਾਅਦ ਮੈਂਨੂੰ ਏਜੰਟ ਦਾ ਫੋਨ ਆਇਆ ਕਿ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਹੈਫਿਰ ਮੈਂ ਦੂਸਰੇ ਏਜੰਟ ਰਾਹੀਂ ਕੋਸ਼ਿਸ਼ ਕੀਤੀ ਪਰ ਫਿਰ ਰਿਜੈਕਟ ਹੋ ਗਿਆਇਸੇ ਤਰ੍ਹਾਂ ਮੈਂਨੂੰ ਦੋ ਸਾਲ ਬੀਤ ਗਏ ਤੇ ਆਈਲੈਟਸ ਦੇ ਬੈਂਡ ਵੀ ਨਾ ਲੈ ਸਕਿਆਘਰ ਮੰਮੀ ਪਾਪਾ ਰੋਜ਼ ਲੜਦੇ ਕਿ ਇਹ ਤਾਂ ਨਿਕੰਮਾ ਹੁੰਦਾ ਜਾਂਦਾ ਹੈਨਾ ਇੱਥੇ ਕੋਈ ਕੰਮ ਕਰਦਾ ਹੈ ਤੇ ਨਾ ਹੀ ਇਹਦਾ ਬਾਹਰ ਜਾਣ ਦਾ ਜੁਗਾੜ ਬਣਦੈਬੱਸ, ਪੈਸੇ ਖਰਾਬ ਕਰੀ ਜਾਂਦਾ ਹੈਉਹ ਮੈਂਨੂੰ ਰੋਜ਼ ਸਮਝਾਉਂਦੇ ਕਿ ਮੈਂ ਇੱਥੇ ਹੀ ਅਗਲੀ ਪੜ੍ਹਾਈ ਸ਼ੁਰੂ ਕਰ ਲਵਾਂ ਪਰ ਮੇਰੇ ਲਈ ਇਹ ਬਹੁਤ ਹੀ ਅਸੰਭਵ ਬਣਦਾ ਜਾ ਰਿਹਾ ਸੀ

ਇੱਕ ਦਿਨ ਮੈਂ ਦੋਸਤ ਦੇ ਘਰ ਗਿਆ ਤਾਂ ਉੱਥੇ ਅਖਬਾਰ ਵਿੱਚ ਖਬਰ ਪੜ੍ਹੀ ਕਿ ਡੌਂਕੀ ਲਾ ਕੇ ਅਮਰੀਕਾ ਜਾਣ ਵਾਲੇ ਭਾਰਤੀਆਂ ਨੂੰ ਮੈਕਸੀਕੋ ਦੀ ਸਰਕਾਰ ਨੇ ਡਿਪੋਰਟ ਕਰ ਦਿੱਤਾ ਹੈਇਹ ਖਬਰ ਪੜ੍ਹ ਕੇ ਮੈਂਨੂੰ ਅਮਰੀਕਾ ਜਾਣ ਦੀ ਇੱਕ ਹੋਰ ਉਮੀਦ ਦੀ ਕਿਰਨ ਦਿਖਾਈ ਦਿੱਤੀਮੈਂ ਪਹਿਲਾਂ ਤਾਂ ਇਹ ਪਤਾ ਕੀਤਾ ਕਿ ਇਹ ਡੌਂਕੀ ਕੀ ਹੁੰਦਾ ਹੈਮੈਂਨੂੰ ਪਤਾ ਲੱਗਾ ਕਿ ਏਜੰਟ ਗਲਤ ਤਰੀਕੇ ਨਾਲ ਅਮਰੀਕਾ ਭੇਜਣ ਨੂੰ ਡੌਂਕੀ ਕਹਿੰਦੇ ਹਨ ਤਾਂ ਮੈਂ ਵੀ ਮਨ ਬਣਾ ਲਿਆ ਕਿ ਮੈਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਵਾਂਗਾਮੈਂ ਇਸ ਸਬੰਧੀ ਅਜਿਹੇ ਏਜੰਟ ਦੀ ਭਾਲ ਸ਼ੁਰੂ ਕਰ ਦਿੱਤੀ ਜੋ ਮੈਂਨੂੰ ਇਸ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜ ਸਕੇਬਠਿੰਡਾ, ਲੁਧਿਆਣਾ, ਜਲੰਧਰ ਚੰਡੀਗੜ੍ਹ ਦੇ ਗੇੜੇ ਮਾਰ ਮਾਰ ਮੈਂ ਥੱਕ ਗਿਆ ਪਰ ਮੈਂਨੂੰ ਕੋਈ ਅਜਿਹਾ ਏਜੰਟ ਨਾ ਮਿਲਿਆ ਜਿਸ ਰਾਹੀਂ ਮੈਂ ਡੌਂਕੀ ਲਾ ਕੇ ਅਮਰੀਕਾ ਜਾਣ ਦੀ ਚਾਹਤ ਪੂਰੀ ਕਰ ਸਕਾਂ

ਫਿਰ ਮੈਂ ਦਿੱਲੀ ਚਲਾ ਗਿਆਉੱਥੇ ਵੀ ਮੈਂ ਦੋ ਤਿੰਨ ਦਿਨ ਧੱਕੇ ਖਾਂਦਾ ਰਿਹਾ ਪਰ ਮੈਂਨੂੰ ਕੋਈ ਵੀ ਚੰਗਾ ਏਜੰਟ ਨਾ ਲੱਭਾ ਇੱਕ ਏਜੰਟ ਕਿਸੇ ਦੂਸਰੇ ਕੋਲ ਭੇਜ ਦਿੰਦਾ, ਦੂਸਰਾ ਤੀਸਰੇ ਕੋਲਬੱਸ ਇਸੇ ਤਰ੍ਹਾਂ ਮੈਂ ਇੰਮੀਗਰੇਸ਼ਨ ਵਾਲਿਆਂ ਦੇ ਚੱਕਰ ਕੱਢਦਾ ਰਿਹਾਫਿਰ ਮੈਂ ਦਿੱਲੀ ਤੋਂ ਘਰ ਆ ਰਿਹਾ ਸੀ ਤਾਂ ਫੇਸਬੁੱਕ ਚਲਾ ਰਿਹਾ ਸੀਫੇਸਬੁੱਕ ਵਿੱਚ ਇੱਕ ਪੋਸਟ ਪੜ੍ਹੀ ਜਿਸ ਵਿੱਚ ਇੱਕ ਕਿਤਾਬ ਦਾ ਜ਼ਿਕਰ ਕੀਤਾ ਗਿਆ ਸੀਕਿਤਾਬ ਦਾ ਨਾਮ ਸੀ ‘ਮੌਤ ਦੇ ਰਾਹ’ਗੁੱਡਵਿੱਲ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਨੂੰ ਮੈਂ ਆਨਲਾਈਨ ਆਰਡਰ ਕਰ ਦਿੱਤਾਦੋ ਤਿੰਨ ਦਿਨਾਂ ਬਾਅਦ ਇਹ ਕਿਤਾਬ ਘਰ ਆ ਗਈਮੈਂ ਦੋਂਹ ਘੰਟਿਆਂ ਵਿੱਚ ਹੀ ਸਾਰੀ ਕਿਤਾਬ ਪੜ੍ਹ ਦਿੱਤੀਉਨ੍ਹਾਂ ਦੋਂਹ ਘੰਟਿਆਂ ਨੇ ਮੇਰੀ ਸਾਰੀ ਜ਼ਿੰਦਗੀ ਬਦਲ ਦਿੱਤੀ

ਇਸ ਕਿਤਾਬ ਵਿੱਚ ਲੇਖਕ ਨੇ ਆਪਣੇ ਵੱਲੋਂ ਅਮਰੀਕਾ ਜਾਣ ਸਮੇਂ ਦਾ ਸਾਰਾ ਬਿਰਤਾਂਤ ਦਿੱਤਾ ਹੋਇਆਜਦੋਂ ਉਹ ਦੱਸਦਾ ਹੈ ਕਿ ਜੰਗਲਾਂ ਅਤੇ ਔਖੇ ਰਾਹਾਂ ਵਿੱਚੋਂ ਹੋ ਕੇ ਉਹ ਜਦੋਂ ਅਮਰੀਕਾ ਪਹੁੰਚਦਾ ਹੈ, ਪੁਲਿਸ ਹਿਰਾਸਤ ਵਿੱਚ ਲੈ ਲੈਂਦੀ ਹੈਜੇਲ ਤੋਂ ਬਾਹਰ ਆ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ

ਕਿਤਾਬ ਪੜ੍ਹਨ ਤੋਂ ਬਾਅਦ ਮੇਰੀਆਂ ਅੱਖਾਂ ਵਿੱਚੋਂ ਨਿਕਲੇ ਹੰਝੂ ਦੇਖ ਕੇ ਮੇਰੀ ਮਾਂ ਭੱਜੀ ਭੱਜੀ ਆਈ ਤੇ ਸਿਰ ਪਲੋਸਦੀ ਆਖਣ ਲੱਗੀ, “ਕੀ ਗੱਲ ਦੀਨਿਆ, ਕੀ ਹੋਇਆ ਪੁੱਤ, ਦੋ ਦਿਨ ਹੋ ਗਏ ਤੂੰ ਖਾਂਦਾ ਪੀਂਦਾ ਵੀ ਨੀ ਚੱਜ ਨਾਲ, ਨਾ ਕੁਝ ਬੋਲਦੈਂ? ... ਹੁਣ ਰੋਈ ਜਾਨਾ ਐਂ। ... ਕੋਈ ਗੱਲ ਨੀ, ਤੂੰ ਦਿਲ ਹੌਲਾ ਨਾ ਕਰਆਪਾਂ ਇਹ ਘਰ ਤੇ ਦੁਕਾਨ ਵੇਚ ਕੇ ਤੇਰਾ ਵੀਜਾ ਲਵਾ ਦਿੰਦੇ ਹਾਂਅਸੀਂ ਵੀ ਜਾਵਾਂਗੇ ਪੁੱਤ ਤੇਰੇ ਨਾਲ।”

ਮਾਂ ਦੀਆਂ ਗੱਲਾਂ ਸੁਣ ਕੇ ਮੈਂ ਰੋਣਹਾਕਾ ਹੋਇਆ ਬੋਲਿਆ, “ਮੰਮੀ, ਮੈਂ ਨਹੀਂ ਜਾਣਾ ਹੁਣ ਅਮਰੀਕਾਮੈਂਨੂੰ ਸਮਝ ਆ ’ਗੀ, ਮੈਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣਾ ਹੈ, ਉਹ ਵੀ ਇੱਥੇ ਹੀ ...।”

ਉਸ ਤੋਂ ਬਾਅਦ ਮੈਂ ਅਗਲੀ ਪੜ੍ਹਾਈ ਵੀ ਸ਼ੁਰੂ ਕਰ ਲਈ ਤੇ ਸਕੂਲੋਂ ਬਾਅਦ ਪਾਪਾ ਨਾਲ ਦੁਕਾਨ ਉੱਤੇ ਵੀ ਬੈਠਣ ਲੱਗ ਪਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1842)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਵਰਿੰਦਰ ਮਹਿਤਾ

ਵਰਿੰਦਰ ਮਹਿਤਾ

Mansa, Punjab, India.
Phone: (91 - 98720 - 01471)
Email: (varindermehtacomputerengineer@gmail.com)