“ਪਿੰਡ ਵਾਸੀ ਹੁਣ ਦਿਨ ਵੇਲੇ ਵੀ ਸਿਵਿਆਂ ਵਾਲੇ ਰਸਤੇ ਆਉਣ ਜਾਣ ਤੋਂ ਕਤਰਾਉਣ ਲੱਗੇ ...”
(16 ਜੂਨ 2018)
ਸੁਖਚੈਨ ਸਿੰਘ ਰਾਤ ਨੂੰ ਖੇਤਾਂ ਨੂੰ ਪਾਣੀ ਲਗਾ ਕੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਸਿਵਿਆਂ ਦੇ ਨੇੜਿਓਂ ਲੰਘਿਆ, ਉੱਥੇ ਇਕ ਚਿੱਟੇ ਕੱਪੜਿਆਂ ਵਾਲਾ ਵਿਅਕਤੀ ਇੱਧਰ ਉੱਧਰ ਘੁੰਮ ਰਿਹਾ ਸੀ। ਸੁਖਚੈਨ ਸਿੰਘ ਡਰ ਦਾ ਮਾਰਾ ਪਿੰਡ ਵੱਲ ਦੌੜ ਪਿਆ। ਉਸ ਨੇ ਪਿੰਡ ਦੇ ਨੇੜੇ ਜਾ ਕੇ ਹੀ ਸਾਹ ਲਿਆ।
ਸਵੇਰ ਹੁੰਦਿਆਂ ਹੀ ਉਸ ਨੇ ਪਿੰਡ ਵਿੱਚ ਰੌਲਾ ਪਾ ਦਿੱਤਾ ਕਿ ਰਾਤੀਂ ਉਸਨੇ ਸਿਵਿਆਂ ਵਿੱਚ ਰਾਤ ਨੂੰ ਚਿੱਟੇ ਕੱਪੜਿਆਂ ਵਾਲਾ ਇੱਕ ਭੂਤ ਦੇਖਿਆ ਹੈ। ਇੱਕ ਦਿਨ ਪਹਿਲਾਂ ਸਿਵਿਆਂ ਵਿੱਚ ਇੱਕ ਵਿਅਕਤੀ ਦਾ ਸਸਕਾਰ ਕੀਤਾ ਗਿਆ ਸੀ। ਲੋਕਾਂ ਦਾ ਵਿਸ਼ਵਾਸ ਸੀ ਕਿ ਮਰਨ ਵਾਲੇ ਦੀ ਆਤਮਾ ਸਿਵਿਆਂ ਵਿੱਚ ਘੁੰਮ ਰਹੀ ਹੋਵੇਗੀ। 10 ਕੁ ਦਿਨ ਪਹਿਲਾਂ ਵੀ ਪਿੰਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਜੈਲੀ ਨਾਂ ਦੇ ਵਿਅਕਤੀ ਨੇ ਰਾਤ ਨੂੰ ਕਿਸੇ ਕੰਮ ਤੋਂ ਘਰ ਵਾਪਸ ਆਉਂਦਿਆਂ ਹੋਇਆਂ ਸਿਵਿਆਂ ਵਿੱਚ ਇੱਕ ਆਦਮੀ ਵੇਖਿਆ ਸੀ। ਸਿਰ ਉੱਤੇ ਉਸ ਨੇ ਕੁਝ ਚੁੱਕਿਆ ਹੋਇਆ ਸੀ ਅਤੇ ਮੋਢਿਆਂ ਉੱਤੇ ਚਿੱਟੇ ਰੰਗ ਦਾ ਕੁਝ ਰੱਖਿਆ ਸੀ। ਇੰਝ ਲੱਗਦਾ ਸੀ ਕਿ ਜਿਵੇਂ ਮੋਢੇ ਉੱਤੇ ਬੱਚਾ ਚੁੱਕਿਆ ਹੋਵੇ। ਉਸ ਨੇ ਵੀ ਆਪਣਾ ਇਹ ਅੱਖੀਂ ਦੇਖਿਆ ਵਾਕਿਆ ਪਿੰਡ ਵਾਸੀਆਂ ਨਾਲ ਸਾਂਝਾ ਕੀਤਾ ਸੀ। ਹੁਣ ਵਾਲੀ ਘਟਨਾ ਨਾਲ ਲੋਕਾਂ ਦਾ ਸਿਵਿਆਂ ਵਿੱਚ ਭੂਤ ਹੋਣ ਦਾ ਵਿਸ਼ਵਾਸ ਪੱਕਾ ਹੋ ਗਿਆ। ਲੋਕ ਡਰਨ ਲੱਗੇ।
ਪਿੰਡ ਵਾਸੀ ਹੁਣ ਦਿਨ ਵੇਲੇ ਵੀ ਸਿਵਿਆਂ ਵਾਲੇ ਰਸਤੇ ਆਉਣ ਜਾਣ ਤੋਂ ਕਤਰਾਉਣ ਲੱਗੇ। ਪਿੰਡ ਦੇ ਬਹੁਤ ਲੋਕ ਭੂਤ ਨੂੰ ਸੱਚ ਮੰਨ ਰਹੇ ਸਨ ਪਰ ਕੁਝ ਵਿਗਿਆਨਕ ਸੋਚ ਵਾਲੇ ਇਸ ਨੂੰ ਮਨ ਦਾ ਵਹਿਮ ਦੱਸ ਰਹੇ ਸਨ। ਸਖੀਆ ਨਾਂ ਦਾ ਤਰਕਸ਼ੀਲ ਵਿਅਕਤੀ ਕਹਿ ਰਿਹਾ ਸੀ ਕਿ ਭੂਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਅਤੇ ਇਹ ਸਿਰਫ ਸਾਡੇ ਆਪਣੇ ਮਨ ਦੇ ਚੰਗੇ ਅਤੇ ਬੁਰੇ ਵਿਚਾਰ ਹੁੰਦੇ ਹਨ। ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਇਕ ਦਿਨ ਸਖੀਏ ਨੇ ਮਨ ਬਣਾ ਲਿਆ ਕਿ ਭੂਤ ਨੂੰ ਮਿਲਿਆ ਜਾਵੇ। ਉਸ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਿਵਿਆਂ ਨੂੰ ਜਾਣ ਦਾ ਫੈਸਲਾ ਕੀਤਾ। ਕੁਦਰਤੀ ਮਹੀਨੇ ਕੁ ਬਾਅਦ ਪਿੰਡ ਵਿਚ ਕਿਸੇ ਵਿਅਕਤੀ ਦੀ ਮੌਤ ਹੋ ਗਈ। ਸਖੀਆ ਉਸ ਰਾਤ ਆਪਣੇ ਸਾਥੀਆਂ ਨਾਲ ਮਿਲ ਕੇ ਸਿਵਿਆਂ ਵਿੱਚ ਲੁਕ ਕੇ ਬੈਠ ਗਿਆ। ਰਾਤ ਦੇ ਦਸ ਵਜੇ ਦੇ ਕਰੀਬ ਉੱਥੇ ਇੱਕ ਵਿਅਕਤੀ ਆਇਆ। ਸਖੀਏ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਕਹਿਣ ਲੱਗੇ, “ਤੂੰ ਸਾਡੇ ਪਿੰਡ ਦੇ ਲੋਕਾਂ ਨੂੰ ਭੂਤ ਬਣ ਕੇ ਡਰਾ ਰਿਹਾ ਹੈਂ। ਅਸੀਂ ਹੁਣ ਤੇਰਾ ਕੁਟਾਪਾ ਕਰਾਂਗੇ ਤੇ ਫਿਰ ਤੈਨੂੰ ਪੰਚਾਇਤ ਅਤੇ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ।”
ਇਸ ਤੋਂ ਪਹਿਲਾਂ ਕਿ ਸਖੀਆ ਅਤੇ ਉਸ ਦੇ ਸਾਥੀ ਉਸ ਵਿਅਕਤੀ ਦੀ ਕੁੱਟਮਾਰ ਕਰਦੇ, ਉਹ ਵਿਅਕਤੀ ਹੱਥ ਜੋੜ ਕੇ ਖੜ੍ਹ ਗਿਆ ਤੇ ਕਹਿਣ ਲੱਗਾ, “ਮੈਂ ਇੱਕ ਗਰੀਬ ਆਦਮੀ ਹਾਂ ਅਤੇ ਇੱਥੋਂ ਪੰਜ ਕਿਲੋਮੀਟਰ ਸ਼ਹਿਰ ਵਿੱਚ ਝੁੱਗੀ ਝੌਂਪੜੀ ਵਿੱਚ ਰਹਿ ਰਿਹਾ ਹਾਂ। ਮੈਂ ਕਿਸੇ ਨੂੰ ਵੀ ਭੂਤ ਬਣ ਕੇ ਨਹੀਂ ਡਰਾ ਰਿਹਾ। ਮੈਂ ਲਾਗਲੇ ਪਿੰਡਾਂ ਵਿੱਚ ਘੁੰਮਦਾ ਰਹਿੰਦਾ ਹਾਂ। ਜੇਕਰ ਕਿਸੇ ਪਿੰਡ ਵਿੱਚ ਮੌਤ ਹੋ ਜਾਂਦੀ ਹੈ ਤਾਂ ਮੈਂ ਉਸੇ ਰਾਤ ਉਸ ਪਿੰਡ ਦੇ ਸਿਵਿਆਂ ਵਿੱਚ ਚਲਾ ਜਾਂਦਾ ਹਾਂ, ਜੋ ਵੀ ਮੈਨੂੰ ਵਰਤਣ ਵਾਲਾ ਕੱਪੜਾ ਮਿਲ ਜਾਂਦਾ ਹੈ, ਮੈਂ ਉਹ ਸ਼ਹਿਰ ਕੱਪੜਿਆਂ ਵਾਲੀਆਂ ਦੁਕਾਨਾਂ ’ਤੇ ਵੇਚ ਕੇ ਆਪਣਾ ਟੱਬਰ ਪਾਲਦਾ ਹਾਂ। ਜਿਸ ਕੱਪੜੇ ਦੀ ਟੱਬਰ ਲਈ ਲੋੜ ਹੋਵੇ, ਉਹ ਆਪਣੇ ਕੋਲ ਰੱਖ ਲੈਂਦਾ ਹਾਂ। ਜੇ ਕੋਈ ਗਰਮ ਜਾਂ ਠੰਢਾ ਬਿਸਤਰਾ ਮਿਲਦਾ ਹੈ ਤਾਂ ਮੈਂ ਉਹ ਮੈਂ ਝੌਂਪੜੀਆਂ ਵਿੱਚ ਹੋਰ ਲੋੜਵੰਦਾਂ ਨੂੰ ਵੰਡ ਦਿੰਦਾ ਹਾਂ। ਬਚੀਆਂ ਹੋਈਆਂ ਜਾਂ ਅੱਧ ਜਲੀਆਂ ਲੱਕੜਾਂ ਮੈਂ ਆਪਣੇ ਘਰ ਲੈ ਜਾਂਦਾ ਹਾਂ, ਜਿਨ੍ਹਾਂ ਨਾਲ ਮੇਰੀ ਘਰ ਵਾਲੀ ਘਰ ਦਾ ਖਾਣਾ ਬਣਾ ਲੈਂਦੀ ਹੈ। ...ਸਾਡੇ ਦੇਸ਼ ਵਿੱਚ ਜਿਉਂਦੇ ਵਿਅਕਤੀ ਨੂੰ ਕੋਈ ਪਾਣੀ ਨਹੀਂ ਪੁੱਛਦਾ ਪਰ ਮਾਰਨ ਤੋਂ ਬਾਅਦ ਉਸ ਦੇ ਮੂੰਹ ਵਿੱਚ ਦੇਸੀ ਘਿਉ ਪਾਇਆ ਜਾਂਦਾ ਹੈ। ਪਾਠੀਆਂ ਅਤੇ ਪੰਡਤਾਂ ਨੂੰ ਮਹਿੰਗੇ ਕੱਪੜੇ ਦਿੱਤੇ ਜਾਂਦੇ ਹਨ ਅਤੇ ਜਨਤਾ ਨੂੰ ਸੁਆਦੀ ਭੋਜਨ ਖੁਆਇਆ ਜਾਂਦਾ ਹੈ। ... ਮੈਂ ਕੋਈ ਅਪਰਾਧ ਨਹੀਂ ਕੀਤਾ ਅਤੇ ਨਾ ਹੀ ਕੋਈ ਚੋਰੀ ... ਤੁਸੀਂ ਜੋ ਸਜ਼ਾ ਦੇਣੀ ਚਾਹੁੰਦੇ ਹੋ ... ਦੇ ਸਕਦੇ ਹੋ। ... ਸੱਚ ਪੁੱਛੋ ਤਾਂ ਮੇਰੇ ਘਰ ਦਾ ਗੁਜ਼ਾਰਾ ਹੀ ਸਿਵਿਆਂ ਦੀ ਅੱਗ ਨਾਲ ਚੱਲਦਾ ਹੈ।”
ਸਖੀਆ ਅਤੇ ਉਸਦੇ ਸਾਥੀ ਸਿਰ ਸੁੱਟ ਕੇ ਆਪਣੇ ਘਰਾਂ ਨੂੰ ਤੁਰ ਪਏ।
*****
(1230)