JasveerSDadahoor7ਜੀਓ ਅਤੇ ਜਿਉਣ ਦਿਉ ਸਿਧਾਂਤ ’ਤੇ ਚੱਲੀਏ ... ਆਪਸੀ ਭਾਈਚਾਰਕ ਸਾਂਝਾਂ ਕਾਇਮ ਰੱਖੀਏ ...
(30 ਸਤੰਬਰ 2017)

 

ਸਾਡੇ ਪੂਰਵਜ ਯੁਗਾਂ ਤੋਂ ਇਹ ਤਿਉਹਾਰ ਮਨਾਉਂਦੇ ਆਏ ਹਨ, ਕਿਉਂਕਿ ਸਾਡੀ ਪੁਰਾਤਨ ਸੰਸਕ੍ਰਿਤੀ ਹੀ ਅਜਿਹੀ ਹੈਭਾਰਤ ਦੇਸ਼ ਰਿਸ਼ੀਆਂ- ਮੁਨੀਆਂ, ਪੀਰਾਂ-ਪੈਗੰਬਰਾਂ ਅਤੇ ਗੁਰੂ ਸਾਹਿਬਾਨਾਂ ਦਾ ਦੇਸ਼ ਹੈ। ਹਰ ਰੁੱਤ ਵਿੱਚ ਹੀ ਕੋਈ ਨਾ ਕੋਈ ਤਿਉਹਾਰ ਆਉਂਦਾ ਰਹਿੰਦਾ ਹੈ ਤੇ ਆਪਾਂ ਸਾਰੇ ਹੀ ਹਿੰਦੂ, ਸਿੱਖ, ਮੁਸਲਿਮ ਤੇ ਇਸਾਈ ਧਰਮਾਂ ਦੇ ਲੋਕ ਬੜੀ ਸ਼ਰਧਾ ਨਾਲ ਰਲਮਿਲ ਕੇ ਮਨਾਉਂਦੇ ਆ ਰਹੇ ਹਨ। ਕੋਈ ਪੁਰਵ ਭਾਵੇਂ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ ਪਰ ਭਾਰਤ ਵਾਸੀਆਂ ਨੂੰ ਇਸ ’ਤੇ ਸਦਾ ਹੀ ਗਰਵ ਹੈ ਅਤੇ ਗਰਵ ਰਹੇਗਾ।

ਦੀਵਾਲੀ, ਦੁਸਹਿਰਾ, ਹੋਲੀ, ਲੋਹੜੀ, ਮੇਲਾ ਮਾਘੀ ਤੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਸਾਡੇ ਵਿਸੇਸ਼ ਤਿਉਹਾਰ ਹਨ। ਇਹਨਾਂ ਵਿੱਚੋਂ ਹੀ ਇਕ ਦੁਸਹਿਰੇ ਦਾ ਤਿਉਹਾਰ ਜੋ ਕਿ 30 ਸਤੰਬਰ, 2017 ਨੂੰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਕਰਕੇ ਜਾਣਿਆ ਜਾਂਦਾ ਹੈ। ਆਪਾਂ ਸਾਰੇ ਹੀ ਰਾਵਣ ਤੇ ਰਾਮ ਚੰਦਰ ਦੀ ਬਿਰਤੀ ਦਾ ਫਰਕ ਵੀ ਭਲੀ-ਭਾਂਤ ਜਾਣਦੇ ਹਾਂ ਕਿਉਂਕਿ ਇਹ ਗੱਲਾਂ ਪੜ੍ਹਾਈ ਦੇ ਸਿਲੇਬਸ ਦਾ ਹਿੱਸਾ ਵੀ ਬਣ ਚੁੱਕੀਆਂ ਹਨ। ਰਾਮਚੰਦਰ ਜੀ ਆਪਣੇ ਪੂਰਵਜਾਂ ਦਾ ਕਹਿਣਾ ਮੰਨ ਕੇ 14 ਸਾਲ ਦੇ ਬਨਵਾਸ ’ਤੇ ਗਏ ਤੇ ਜਦ ਉਹ ਬਹੁਤ ਹੀ ਔਖਿਆਈਆਂ ਕੱਟ ਕੇ ਇਸ ਬਨਵਾਸ ਨੂੰ ਭੋਗ ਕੇ ਵਾਪਸ ਅਯੁੱਧਿਆ ਪਹੁੰਚੇ ਤਾਂ ਇਸ ਖੁਸ਼ੀ ਵਿੱਚ ਹੀ ਸਾਰੀ ਲੁਕਾਈ ਨੇ ਘਿਉ ਦੇ ਦੀਵੇ ਬਾਲ ਕੇ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਇਸ ਦਿਨ ਨੂੰ ਹੀ ਲੋਕ ਦੀਵਾਲੀ ਭਾਵ ਦੀਪਾਵਾਲੀ ਨਾਲ ਅੱਜ ਤੱਕ ਮਨਾਉਂਦੇ ਆ ਰਹੇ ਹਨ। ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਵਾ ਕੇ ਲਿਆਂਦਾ, ਜੋ ਕਿ ਮੁਗਲ ਹਕੂਮਤ ਨੇ ਕੈਦੀ ਬਣਾ ਰੱਖੇ ਸਨ। ਇਸ ਖੁਸ਼ੀ ਵਿੱਚ ਵੀ ਪੂਰੀ ਲੁਕਾਈ ਨੇ ਖੁਸ਼ੀ ਵਿੱਚ ਖੀਵੇ ਹੋ ਕੇ ਪਟਾਕੇ ਚਲਾ ਕੇ ਤੇ ਦੀਪਮਾਲਾ ਜਗਾ ਕੇ ਆਪੋ ਆਪਣੇ ਮਨਾਂ ਦੀ ਖੁਸ਼ੀ ਜਾਹਰ ਕੀਤੀ ਸੀ ਤੇ ਇਹ ਦਿਨ ਇਤਿਹਾਸਕ ਬਣ ਗਿਆ ਜੋ ਕਿ ਅੱਜ ਤੱਕ ਸਾਰੇ ਹੀ ਧਰਮਾਂ ਦੇ ਲੋਕ ਬੜੀ ਧੂਮਧਾਮ ਨਾਲ ਮਨਾਉਂਦੇ ਹਨ।

ਜਿਸ ਵੇਲੇ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਰਹੇ ਸਨ, ਉਸ ਸਮੇਂ ਹੀ ਲੰਕਾ ਦੇ ਰਾਜੇ ਰਾਵਣ ਨਾਲ ਉਨ੍ਹਾਂ ਦਾ ਤਕਰਾਰ ਹੋਇਆ। ਭਾਵੇਂ ਕਿ ਰਾਵਣ ਬਹੁਤ ਵਿਦਵਾਨ ਤੇ ਚਾਰ ਵੇਦਾਂ ਦਾ ਗਿਆਤਾ ਸੀ ਪਰ ਉਸਦੀ ਘਿਨੌਣੀ ਬਿਰਤੀ ਕਰਕੇ ਤੇ ਸੀਤਾ ਨੂੰ ਆਪਣੇ ਰਾਜ ਭਾਗ ਵਿੱਚ ਕੈਦੀ ਬਣਾ ਕੇ ਰੱਖਣ ਕਰਕੇ ਹੀ ਉਸ ਨੂੰ ਇਸਦੀ ਕੀਮਤ, ਆਪਣੀ ਅਤੇ ਆਪਣੇ ਭਰਾਵਾਂ ਕੁੰਭਕਰਨ ਤੇ ਮੇਘਨਾਥ ਦੀ ਜਾਨ ਦੀ ਅਹੂਤੀ ਦੇ ਕੇ ਚੁਕਾਉਣੀ ਪਈ। ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਤਿਹਾਸਕਾਰ ਲਿਖਦੇ ਹਨ ਕਿ ਉਸਦੀ ਸੋਨੇ ਦੀ ਬਣਾਈ ਹੋਈ ਲੰਕਾ ਨੂੰ ਰਾਮਚੰਦਰ ਦੇ ਅਨਿਨ ਭਗਤ ਹਨੂੰਮਾਨ ਨੇ ਰਾਖ ਵਿੱਚ ਬਦਲ ਦਿੱਤਾ ਤੇ ਮਾਨਵ ਨੁਕਸਾਨ ਵੀ ਕਾਫ਼ੀ ਹੋਇਆ। ਰਾਮਚੰਦਰ ਤੇ ਰਾਵਣ ਦੀ ਬਿਰਤੀ ਦਾ ਜ਼ਮੀਨ ਅਸਮਾਨ ਦਾ ਫ਼ਰਕ ਸੀਜਿੱਥੇ ਰਾਮਚੰਦਰ ਆਪਣੇ ਮਾਤਾ ਪਿਤਾ ਅਤੇ ਵੱਡਿਆਂ ਦਾ ਸਤਿਕਾਰ ਕਰਦੇ ਸਨ, ਕਹਿਣੇ ਵਿੱਚ ਰਹਿ ਕੇ ਪਰਜਾ ਦੇ ਵਿੱਚ ਵਿਚਰਦੇ ਅਤੇ ਉਹਨਾਂ ਦੇ ਦੁਖ-ਸੁਖ ਦੇ ਭਾਈਵਾਲ ਬਣਦੇ ਸਨ, ਉੱਥੇ ਰਾਵਣ ਆਪਣੇ ਅੜੀਅਲ ਸੁਭਾ ਅਤੇ ਆਪਣੇ ਅਧੀਨ ਕੀਤੀਆਂ ਸ਼ਕਤੀਆਂ ਦੇ ਘੁਮੰਡ ਕਰਕੇ ਜਾਣਿਆ ਜਾਂਦਾ ਸੀ। ਇਤਿਹਾਸਕਾਰਾਂ ਮੁਤਾਬਕ ਪਵਨ ਉਸ ਨੂੰ ਪੱਖਾ ਝੱਲਦੀ ਸੀ, ਚੰਨ ਤਾਰੇ ਉਸਦੀ ਰਸੋਈ ਕਰਦੇ ਸਨ। ਉਸਨੇ ਵਰ ਵੀ ਲੈ ਰੱਖਿਆ ਸੀ ਕਿ ਮੇਰੀ ਕਦੇ ਮੌਤ ਨਾ ਹੋਵੇ। ਕਾਫ਼ੀ ਸਾਰੀਆਂ ਰਾਣੀਆਂ ਅਤੇ ਹਰ ਕਿਸਮ ਦੀ ਐਸ਼ੋ ਅਰਾਮ ਕਰਨ ਵਾਲਾ ਵਿਦਵਾਨ ਤੇ ਵੇਦਾਂ ਦੇ ਗਿਆਤੇ ਦਾ ਆਖ਼ਰ ਵਿੱਚ ਕੀ ਹਸ਼ਰ ਹੋਇਆ ਉਸ ਤੋਂ ਸਾਰੀ ਹੀ ਲੁਕਾਈ ਭਲੀ-ਭਾਂਤ ਜਾਣੂ ਹੈ। ਇਸੇ ਕਰਕੇ ਹੀ ਇਸ ਤਿਉਹਾਰ ਨੂੰ ਨੇਕੀ ਉੱਤੇ ਬਦੀ ਦੀ ਜਿੱਤ ਕਰਕੇ ਵੀ ਜਾਣਿਆ ਜਾਂਦਾ ਹੈ ਤੇ ਰਾਮਚੰਦਰ ਹੱਥੋਂ ਇਸਦਾ ਅੰਤ ਵੀ ਇਤਿਹਾਸ ਵਿੱਚ ਦਰਜ ਹੈ।

ਦੁਸਿਹਰੇ ਅਤੇ ਦੀਵਾਲੀ ਨੂੰ ਸਾਰੇ ਹੀ ਧਰਮਾਂ ਦੇ ਲੋਕ ਮਨਾਉਂਦੇ ਹਨ। ਬੜੇ ਬੜੇ ਖ਼ਤਰਨਾਕ ਪਟਾਕੇ ਅਤੇ ਬਰੂਦ ਨੂੰ ਫੂਕਿਆ ਜਾਂਦਾ ਹੈ ਜੋ ਕਿ ਮਨੁੱਖਤਾ ਲਈ ਅਤਿਅੰਤ ਖ਼ਤਰਨਾਕ ਹੈ। ਮਠਿਆਈਆਂ ਦਾ ਅਦਾਨ ਪ੍ਰਦਾਨ ਵੀ ਕੀਤਾ ਜਾਂਦਾ ਹੈ। ਦੁਸਿਹਰੇ ਵਾਲੇ ਦਿਨ ਕਈ ਵਹਿਮੀ ਲੋਕ ਪੁਤਲਿਆਂ ਦੀਆਂ ਅਧ-ਮੱਚੀਆਂ ਲੱਕੜਾਂ ਨੂੰ ਵੀ ਘਰੀਂ ਲਿਆਉਂਦੇ ਹਨ ਕਿ ਇਹ ਘਰੇ ਰੱਖਣ ਨਾਲ ਭੂਤ-ਪ੍ਰੇਤ ਤੇ ਬੱਚਿਆਂ ਉੱਤੇ ਕਿਸੇ ਜਾਦੂ ਟੂਣੇ ਦਾ ਅਸਰ ਨਹੀਂ ਹੁੰਦਾ ਪਰ ਇਹ ਸਿਰਫ਼ ਮਿਥਿਹਾਸਕ ਗੱਲਾਂ ਹਨ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦਾ ਖੰਡਨ ਕੀਤਾ ਗਿਆ ਹੈ।

ਜੇਕਰ ਅਜੋਕੇ ਸਮਾਜ ਅਤੇ ਅੱਜ ਦੇ ਮੌਜੂਦਾ ਹਾਲਾਤ ’ਤੇ ਨਜ਼ਰ ਮਾਰੀਏ ਤਾਂ ਅੱਜਕੱਲ੍ਹ ਜ਼ਿਆਦਾ ਚਿਹਰੇ ਰਾਵਣ ਬਣਕੇ ਘੁੰਮ ਰਹੇ ਹਨਥਾਂ-ਥਾਂ ਦੰਗੇ ਫ਼ਸਾਦ, ਮੈਂ ਤੇ ਹੰਕਾਰ ਦਾ ਬੋਲਬਾਲਾ ਹੈ। ਜੇਕਰ ਕਿਸੇ ਨੂੰ ਕੋਈ ਸਿਆਣਾ ਮੱਤ ਵਾਲੀ ਗੱਲ ਕਹਿੰਦਾ ਵੀ ਹੈ ਤਾਂ ਉਸਦਾ ਉਸ ਹੈਵਾਨ ਬਿਰਤੀ ’ਤੇ ਕੋਈ ਅਸਰ ਨਹੀਂ ਹੁੰਦਾ। ਹਰ ਇਕ ਤਿਉਹਾਰ ਮਨਾਉਣਾ ਚਾਹੀਦਾ ਹੈ। ਸਾਰੇ ਹੀ ਰਲਮਿਲ ਕੇ ਮਨਾਉਣ ਦੀ ਫਿਤਰਤ ਕਾਇਮ ਰੱਖੀਏ ਪਰ ਨਾਲ ਦੀ ਨਾਲ ਇਹ ਵੀ ਜ਼ਰੂਰੀ ਹੈ ਕਿ ਜਿਹੜਾ ਵੀ ਤਿਉਹਾਰ ਮਨਾਈਏ ਉਸ ਵਿੱਚੋਂ ਕੋਈ ਸਿੱਖਿਆ ਵੀ ਗ੍ਰਹਿਣ ਕਰੀਏ ਤੇ ਆਪਣੇ ਆਪ ਨੂੰ ਬਦਲ ਕੇ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇਈਏ। ਮਨੁੱਖਤਾ ਦੀ ਭਲਾਈ ਲਈ ਖਤਰਨਾਕ ਪਟਾਕਿਆਂ ਅਤੇ ਬਰੂਦ ਤੋਂ ਪ੍ਰਹੇਜ਼ ਕਰੀਏ ਜੋ ਕਿ ਅਣਗਿਣਤ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਆਪਣੇ ਸੁਭਾ ਵਿੱਚ ਨਰਮੀ ਲਿਆਈਏ। ਜੀਓ ਅਤੇ ਜਿਉਣ ਦਿਉ ਸਿਧਾਂਤ ’ਤੇ ਚੱਲੀਏ ... ਆਪਸੀ ਭਾਈਚਾਰਕ ਸਾਂਝਾਂ ਕਾਇਮ ਰੱਖੀਏ। ਆਪਣੇ ਵੱਡਿਆਂ ਦਾ ਸਤਿਕਾਰ ਕਰੀਏ। ਹਰ ਇਕ ਤਿਉਹਾਰ ਨੂੰ ਕੁਝ ਸਿੱਖਣ ਲਈ ਮਨਾਈਏ। 30 ਸਤੰਬਰ, 2017 ਦਿਨ ਨੂੰ ਦੁਸਿਹਰਾ ਮਨਾਉਂਦੇ ਸਮੇਂ ਰਾਵਣ ਬਿਰਤੀ ਨੂੰ ਮਨਾਂ ਵਿੱਚੋਂ ਮਨਫੀ ਕਰੀਏ ਤੇ ਵਧੀਆ ਸੋਚ ਦੇ ਧਾਰਨੀ ਬਣਕੇ ਦੁਨੀਆਂ ਲਈ ਇਕ ਮਿਸਾਲ ਬਣੀਏ।

*****

(847)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੀਰ ਸ਼ਰਮਾ ਦਦਾਹੂਰ

ਜਸਵੀਰ ਸ਼ਰਮਾ ਦਦਾਹੂਰ

Dadahoor, Sri Mukatsar Sahib, Punjab, India.
Phone: (91 - 94176 - 22046)
Email: (jasveer.sharma123@gmail.com)