“ਮੇਰੇ ਵਿਚਾਰਾਂ ਨੇ ਪੂਰੀ ਤਰ੍ਹਾਂ ਪਲਟਾ ਖਾਧਾ। ਮੈਨੂੰ ਗਿਆਨ ਹੋਇਆ ਕਿ ਜੇਲ ਵਿੱਚ ਮਿਲ ਰਹੀਆਂ ਸਹੂਲਤਾਂ ...”
(8 ਸਤੰਬਰ 2017)
(ਨਾਵਲ ‘ਸੁਧਾਰ ਘਰ’ ਲਈ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ 2008 ਪ੍ਰਾਪਤ ਕਰਨ ਬਾਅਦ ਸਾਹਿਤ ਅਕਾਦਮੀ ਵੱਲੋਂ ਰਚੇ ਸਮਾਗਮ ਵਿਚ ਦਿੱਤਾ ਗਿਆ ਭਾਸ਼ਣ)
ਮੇਰਾ ਜਨਮ ਭਾਵੇਂ ਬਰਨਾਲੇ ਦੇ ਨੇੜਲੇ ਇੱਕ ਪਿੰਡ ਭੋਤਨਾ ਵਿਚ ਹੋਇਆ ਪਰ ਸੁਰਤ ਬਰਨਾਲਾ ਸ਼ਹਿਰ ਵਿਚ ਸੰਭਾਲੀ। ਬਰਨਾਲੇ ਨੂੰ ਸਾਹਿਤਕਾਰਾਂ ਦਾ ਮੱਕਾ ਆਖਿਆ ਜਾਂਦਾ ਹੈ। ਇਸ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਘੱਟੋ-ਘੱਟ 100 ਅਜਿਹੇ ਸਾਹਿਤਕਾਰ ਵੱਸਦੇ ਹਨ ਜਿਨ੍ਹਾਂ ਦੀਆਂ ਇੱਕ ਤੋਂ ਵੱਧ ਪੁਸਤਕਾਂ ਛਪੀਆਂ ਹੋਈਆਂ ਹਨ। ਬਰਨਾਲਾ ਖੇਤਰ ਵਿਚ ਸਾਹਿਤ ਸਿਰਜਣ ਦੀ ਪ੍ਰੇਰਨਾ ਬੱਚੇ ਨੂੰ ਗੁੜ੍ਹਤੀ ਵਿਚ ਹੀ ਮਿਲ ਜਾਂਦੀ ਹੈ। ਸਕੂਲ ਪੱਧਰ ਉੱਪਰ ਹੀ ਅੰਮ੍ਰਿਤਾ ਪ੍ਰੀਤਮ ਅਤੇ ਪਾਸ਼ ਦੀਆਂ ਕਵਿਤਾਵਾਂ, ਗੁਰਦਿਆਲ ਸਿੰਘ ਅਤੇ ਇੰਦਰ ਸਿੰਘ ਖਾਮੋਸ਼ ਦੇ ਨਾਵਲਾਂ ਬਾਰੇ ਬਹਿਸਾਂ ਹੋਣ ਲੱਗਦੀਆਂ ਹਨ। ਕਾਲਜ ਦੇ ਦਿਨਾਂ ਵਿਚ ਸਾਹਿਤ ਸਿਰਜਣਾ ਸ਼ੁਰੂ ਹੋ ਜਾਂਦੀ ਜੋ ਸਾਰੀ ਉਮਰ ਪਰਵਾਨ ਚੜਦੀ ਰਹਿੰਦੀ ਹੈ। ਮੇਰੀ ਪਹਿਲੀ ਕਹਾਣੀ ਉਸ ਸਮੇਂ ਬਾਲ ਸੰਦੇਸ਼ ਵਿਚ ਛਪੀ ਸੀ ਜਦੋਂ ਮੈਂ ਹਾਲੇ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਮੈਂ ਸਾਹਿਤਕ ਜਨਮ-ਭੂਮੀ ਬਰਨਾਲਾ ਨੂੰ ਨੱਕ-ਮਸਤਕ ਹੋ ਕੇ ਆਪਣੀ ਗੱਲ ਸ਼ੁਰੂ ਕਰਾਂਗਾ।
ਕਲਾ ਤੇ ਸਾਹਿਤ ਬਾਰੇ ਮੇਰੀ ਆਪਣੀ ਵੱਖਰੀ ਧਾਰਨਾ ਹੈ। ਉਹ ਰਚਨਾ ਜਿਹੜੀ ਪ੍ਰਭਾਵਸ਼ਾਲੀ ਢੰਗ ਨਾਲ ਤੁਹਾਡਾ ਸੰਦੇਸ਼ ਪਾਠਕਾਂ ਤੱਕ ਪੁੱਜਦਾ ਕਰ ਸਕਦੀ ਹੈ, ਉਹੋ ਕਲਾ ਕਿਰਤ ਹੈ।
ਮੇਰੇ ਲਈ ਸਾਹਿਤ ਦਾ ਉਦੇਸ਼ ਕੇਵਲ ਮਨ ਪਰਚਾਵਾ ਨਹੀਂ ਹੈ। ਮੈਂ ਲੋਕ-ਜਾਗ੍ਰਿਤੀ ਦੇ ਵਿਸ਼ੇਸ਼ ਉਦੇਸ਼ ਤਹਿਤ ਸਾਹਿਤ ਸਿਰਜਦਾ ਹਾਂ। ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੋ ਜੀਵਨ ਉਹ ਜੀਅ ਰਹੇ ਹਨ, ਉਹ ਨਰਕਾਂ ਵਰਗਾ ਅਤੇ ਜਿਊਣ ਯੋਗ ਨਹੀਂ ਹੈ। ਨਿਧੜਕ ਹੋ ਕੇ ਮੈਂ ਇਹ ਵੀ ਦੱਸਦਾ ਹਾਂ ਕਿ ਇਸ ਦੁਰਦਸ਼ਾ ਲਈ ਕਿਹੜੀਆਂ ਤਾਕਤਾਂ ਜ਼ਿੰਮੇਵਾਰ ਹਨ? ਇੱਥੇ ਹੀ ਬੱਸ ਨਹੀਂ, ਮੈਂ ਹਨੇਰੀਆਂ ਅਤੇ ਬੰਦ ਗਲੀਆਂ ਵਿਚ ਦੀਵੇ ਜਗਾ ਕੇ ਇੱਥੋਂ ਬਾਹਰ ਨਿਕਲਣ ਦੇ ਰਸਤੇ ਵੀ ਸੁਝਾਉਂਦਾ ਹਾਂ।
ਮੈਂ ਉਨ੍ਹਾਂ ਸਾਹਿਤਕਾਰਾਂ ਨਾਲ ਸਹਿਮਤ ਨਹੀਂ ਹਾਂ ਜਿਹੜੇ ਇਹ ਕਹਿੰਦੇ ਹਨ ਕਿ ਉਹ ਬਿਨਾਂ ਸੋਚੇ ਸਮਝੇ ਲਿਖਣ ਬੈਠ ਜਾਂਦੇ ਹਨ। ਪਾਤਰ ਉਂਗਲ ਫੜ ਕੇ ਉਨ੍ਹਾਂ ਨੂੰ ਆਪਣੇ ਨਾਲ ਤੋਰਦੇ ਰਹਿੰਦੇ ਹਨ, ਅਤੇ ਘਟਨਾਵਾਂ ਵੀ ਆਪਣੇ ਆਪ ਵਾਪਰਦੀਆਂ ਰਹਿੰਦੀਆਂ ਹਨ। ਮੈਂ ਪ੍ਰੋਜੈਕਟ ਬਣਾ ਕੇ ਯੋਜਨਾਬੰਦ ਢੰਗ ਨਾਲ ਲਿਖਦਾ ਹਾਂ। ਨਾਵਲ ਨੂੰ ਕਿੰਨੇ ਕਾਂਡਾਂ ਵਿਚ ਵੰਡਣਾ ਹੈ, ਕਿਸ ਕਾਂਡ ਵਿਚ ਕਿਹੜੀ ਘਟਨਾ ਵਾਪਰਨੀ ਹੈ, ਨਾਵਲ ਕਿੱਥੋਂ ਸ਼ੁਰੂ ਕਰਨਾ ਹੈ ਅਤੇ ਕਿੱਥੇ ਖਤਮ ਕਰਨਾ ਹੈ, ਇਹ ਪਹਿਲਾਂ ਹੀ ਤੈਅ ਹੁੰਦਾ ਹੈ। ਪਾਤਰ ਮੇਰੇ ਵੱਸ ਵਿਚ ਹੁੰਦੇ ਹਨ। ਉਹ ਉਹੋ ਕਰਦੇ ਅਤੇ ਬੋਲਦੇ ਹਨ ਜੋ ਮੈਂ ਕਰਾਉਣਾ ਅਤੇ ਬੁਲਾਉਣਾ ਹੁੰਦਾ ਹੈ। ਤਫ਼ਤੀਸ਼, ਕਟਹਿਰਾ ਅਤੇ ਸੁਧਾਰ ਘਰ ਇੱਕ ਲੜੀ ਦੇ ਤਿੰਨ ਹਿੱਸੇ ਹਨ। ਇਨ੍ਹਾਂ ਨੂੰ ਰਚਣ ਵਿਚ 18 ਸਾਲ ਲੱਗੇ ਹਨ। ਸੁਧਾਰ ਘਰ (ਜੋ 2006 ਵਿਚ ਪ੍ਰਕਾਸ਼ਤ ਹੋਇਆ) ਦਾ ਅੰਤ ਕਿੱਥੇ ਅਤੇ ਕਿਸ ਤਰ੍ਹਾਂ ਹੋਣਾ ਹੈ, ਇਸ ਦਾ ਫੈਸਲਾ ਤਫ਼ਤੀਸ਼ ਨਾਵਲ ਦੀ ਪਹਿਲੀ ਸਤਰ ਜੋ ਕਿ 1988 ਵਿਚ ਲਿਖੀ ਗਈ ਸੀ, ਸਮੇਂ ਹੀ ਹੋ ਗਿਆ ਸੀ।
ਬੀ.ਏ. ਮੁਕੰਮਲ ਕਰਦਿਆਂ ਕਰਦਿਆਂ ਮੇਰਾ ਇੱਕ ਨਾਵਲ ‘ਅੱਗ ਦੇ ਬੀਜ’ ਅਤੇ ਕਰੀਬ 20 ਕਹਾਣੀਆਂ ਉਸ ਸਮੇਂ ਦੀਆਂ ਪ੍ਰਸਿੱਧ ਸਾਹਿਤਕ ਪੱਤਰਕਾਵਾਂ ਸਰਦਲ, ਹੇਮ-ਜੋਤੀ ਅਤੇ ਸਿਆੜ ਆਦਿ ਵਿਚ ਪ੍ਰਕਾਸ਼ਤ ਹੋ ਚੁੱਕੀਆਂ ਸਨ। ਇਹ ਅੱਲ੍ਹੜ ਉਮਰ ਕੁੜੀਆਂ ਪਿੱਛੇ ਖ਼ਾਕ ਛਾਨਣ ਅਤੇ ਇਸ਼ਕ ਦੇ ਸੋਹਲੇ ਗਾਉਣ ਵਾਲੀ ਹੁੰਦੀ ਹੈ। ਬਰਨਾਲੇ ਦੇ ਕਈ ਸਮਕਾਲੀ ਸਾਹਿਤਕਾਰ ਉਸ ਸਮੇਂ ਵੀ ਕਾਮ ਦੇ ਸੁੱਤੇ ਨਾਗ ਨੂੰ ਜਗਾਉਣ ਅਤੇ ਟੀਸੀ ਦੇ ਬੇਰਾਂ ਵਰਗੀਆਂ ਸੋਹਣੀਆਂ ਔਰਤਾਂ ਨੂੰ ਪ੍ਰਾਪਤ ਕਰਨ ਲਈ ਤਾਂਘ ਰਹੇ ਸਨ। ਅਜਿਹੇ ਮਨ ਭਾਉਂਦੇ ਵਿਸ਼ਿਆਂ ਨੂੰ ਛੱਡ ਕੇ ਇੱਕ ਨੌਜਵਾਨ ਨੇ ਦਲਿਤ ਅਤੇ ਸਾਧਨ-ਹੀਣ ਲੋਕਾਂ ਦੇ ਦੁੱਖਾਂ ਦੇ ਚਿੱਤਰਣ ਦਾ ਰਾਹ ਅਪਨਾਇਆ ਅਤੇ ਆਪਣੀਆਂ ਰਚਨਾਵਾਂ ਵਿਚ ਇਨਕਲਾਬੀ ਸੁਰ ਉੱਚਾ ਕੀਤਾ। ਲੋਕ-ਪੱਖੀ ਮੇਰੀ ਇਹ ਸੋਚ ਅਚੇਤ ਤੌਰ ’ਤੇ ਨਹੀਂ ਸੀ ਬਣ ਗਈ। ਇਸ ਦੇ ਪਿਛੋਕੜ ਵਿਚ ਕਈ ਪਹਿਲੂ ਛਿਪੇ ਹੋਏ ਹਨ, ਜਿਨ੍ਹਾਂ ਦਾ ਜ਼ਿਕਰ ਜ਼ਰੂਰੀ ਹੈ।
ਮੇਰੇ ਪਿਤਾ ਜੀ ਪਟਵਾਰੀ ਸਨ। ਉਨ੍ਹਾਂ ਦੀ ਪੋਸਟਿੰਗ ਪਿੰਡਾਂ ਵਿਚ ਹੁੰਦੀ ਸੀ। ਜੀਵਨ ਦੇ ਪਹਿਲੇ 8-9 ਸਾਲ ਪਿੰਡਾਂ ਵਿਚ ਗੁਜ਼ਾਰੇ। ਪਟਵਾਰੀ ਹੋਣ ਕਾਰਨ ਪਿਤਾ ਜੀ ਦਾ ਸਿੱਧਾ ਵਾਹ ਕਿਸਾਨਾਂ ਨਾਲ ਪੈਂਦਾ ਸੀ। ਕੰਮੀਂ ਕਾਰੀਂ ਪਟਵਾਰੀ ਕੋਲ ਆਏ ਲੋਕ ਆਪਣੀ ਗਰੀਬੀ ਦੇ ਦੁੱਖ ਦਰਦ ਨਿਸੰਗ ਹੋ ਕੇ ਰੋਂਦੇ ਸਨ। ਇਹ ਹਉਕੇ ਕਈ ਵਾਰ ਮੇਰੇ ਕੰਨੀਂ ਵੀ ਪੈ ਜਾਂਦੇ ਸਨ। ਇੰਝ ਅਚੇਤ ਤੌਰ ’ਤੇ ਅਨਭੋਲ ਮਨ ਉੱਪਰ ਕਿਸਾਨੀ ਦੇ ਦੁੱਖ ਦਰਦ, ਅਤੇ ਦਿਮਾਗ ਉੱਪਰ ਪੇਂਡੂ ਜਨ-ਜੀਵਨ ਗਹਿਰੇ ਉੱਕਰੇ ਗਏ। ਸੰਨ 1962 ਵਿਚ ਸਾਡੇ ਪਰਿਵਾਰ ਨੇ ਬਰਨਾਲੇ ਰਹਿਣ ਦਾ ਫੈਸਲਾ ਕਰ ਲਿਆ। ਪੈਸੇ ਦੀ ਘਾਟ ਕਾਰਨ ਜਾਂ ਨਾ-ਸਮਝੀ ਕਾਰਨ ਪਿਤਾ ਜੀ ਨੇ ਬਰਨਾਲੇ ਜਿਹੜਾ ਕੱਚਾ-ਪੱਕਾ ਘਰ ਖਰੀਦਿਆ ਉਹ ਅਜਿਹੇ ਮੁਹੱਲੇ ਵਿਚ ਸੀ ਜਿੱਥੇ ਦਲਿਤਾਂ ਦੇ ਦਲਿਤ ਵਾਂਗਰੂ ਰਹਿੰਦੇ ਸਨ (ਬਰਨਾਲੇ ਵਿਚ ਵਾਂਗਰੂ ਉਸ ਜਾਤੀ ਨੂੰ ਆਖਿਆ ਜਾਂਦਾ ਹੈ ਜਿਹੜੀ ਵਾਂਗਰ ਵਿੱਚੋਂ ਆ ਕੇ ਇੱਥੇ ਵਸੀ ਹੈ। ਇਹ ਲੋਕਾਂ ਦਾ ਮਲ-ਮੂਤਰ ਚੁੱਕਣ ਅਤੇ ਨਾਲੇ-ਨਾਲੀਆਂ ਸਾਫ ਕਰਨ ਦਾ ਕੰਮ ਕਰਦੀ ਹੈ)। ਮੁਹੱਲੇ ਵਿਚ ਕੁਝ ਘਰ ਹੋਰ ਦਲਿਤ ਜਾਤੀਆਂ ਦੇ ਵੀ ਸਨ। ਘਰ ਤੋਂ 400-500 ਗਜ਼ ਦੇ ਫਾਸਲੇ ’ਤੇ ਸਿਵੇ ਸਨ ਜਿੱਥੇ ਹਰ ਸਮੇਂ ਮੁਰਦੇ ਸੜਦੇ ਰਹਿੰਦੇ ਸਨ। ਸਿਵਿਆਂ ਦੇ ਨਾਲ-ਨਾਲ ਸਾਂਹਸੀਆਂ ਦੀਆਂ ਕੁੱਲੀਆਂ ਸਨ। ਬਚਪਨ ਸਾਂਹਸੀਆਂ ਦੀਆਂ ਕੁੱਲੀਆਂ ਅਤੇ ਵਾਂਗਰੂਆਂ ਦੀਆਂ ਜੁੱਲੀਆਂ ਵਿਚ ਬੀਤਿਆ। ਦਲਿਤ ਸਾਥੀਆਂ ਨਾਲ ਮੈਂ ਮਲ-ਮੂਤਰ ਚੁੱਕਣ ਵੀ ਜਾਂਦਾ ਰਿਹਾ ਅਤੇ ਉਨ੍ਹਾਂ ਨਾਲ ਰਲ ਕੇ ਬਵਾਨਾਂ ਵਿਚ ਮੁਰਦਿਆਂ ਉੱਪਰੋਂ ਸੁੱਟੀਆਂ ਜਾਂਦੀਆਂ ਖਿੱਲਾਂ ਛੁਹਾਰੇ ਆਦਿ ਚੁੱਕ ਕੇ ਖਾਂਦਾ ਵੀ ਰਿਹਾ। ਇਸ ਤਰ੍ਹਾਂ ਮੇਰਾ ਲੜਕਪਨ ਦਲਿਤਾਂ ਵਾਂਗ ਬੀਤਿਆ। ਉਨ੍ਹਾਂ ਦੇ ਦੁੱਖ ਦਰਦ ਵੀ ਮੈਂ ਆਪਣੇ ਪਿੰਡੇ ’ਤੇ ਹੰਢਾਏ। ਇਸ ਆਲੇ-ਦੁਆਲੇ ਨੇ ਮੈਨੂੰ ਦਲਿਤ ਵਰਗ ਦੀਆਂ ਸਮੱਸਿਆਵਾਂ ਦਾ ਅਜਿਹਾ ਗੂੜ੍ਹ ਗਿਆਨ ਕਰਵਾਇਆ ਜੋ ਅੱਜ ਤੱਕ ਮੇਰਾ ਸਹਾਈ ਹੈ। ਇਹ ਸਹਿਜ ਸੁਭਾਅ ਮੇਰੀਆਂ ਰਚਨਾਵਾਂ ਵਿਚ ਪ੍ਰਗਟ ਹੋ ਜਾਂਦਾ ਹੈ। ਇਹ ਲੋਕ ਮੇਰੀ ਲਿਖਣ ਸਮੱਗਰੀ ਦਾ ਸੋਮਾ, ਮੇਰੇ ਪ੍ਰੇਰਣਾ ਸ੍ਰੋਤ ਅਤੇ ਮੇਰੇ ਦ੍ਰਿਸ਼ਟੀਕੋਣ ਦੇ ਸਿਰਜਕ ਬਣੇ।
ਉਨ੍ਹਾਂ ਦਿਨਾਂ ਵਿਚ ਮਾਰਕਸਵਾਦੀ-ਲੈਨਿਨਵਾਦੀ ਲਹਿਰ ਜ਼ੋਰਾਂ ਉੱਪਰ ਸੀ। 1968 ਵਿਚ ਦਸਵੀਂ ਪਾਸ ਕਰਨ ਬਾਅਦ ਜਦੋਂ ਮੈਂ ਐੱਸ.ਡੀ. ਕਾਲਜ ਵਿਚ ਪ੍ਰਵੇਸ਼ ਕੀਤਾ ਤਾਂ ਇਸ ਲਹਿਰ ਨਾਲ ਜੁੜੇ ਇਨਕਲਾਬੀ ਦੋਸਤਾਂ ਨਾਲ ਸੰਪਰਕ ਹੋਇਅ। ਦਲਿਤ ਦੋਸਤਾਂ ਦੀ ਤਰਸਯੋਗ ਹਾਲਤ ਦੇਖ ਕੇ ਮਨ ਵਿਚ ਪ੍ਰਸ਼ਨ ਪੈਦਾ ਹੁੰਦਾ ਸੀ ਕਿ ਹੱਡ-ਤੋੜਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਇਹ ਲੋਕ ਨਰਕ ਕਿਉਂ ਭੋਗ ਰਹੇ ਹਨ? ਇਨਕਲਾਬੀ ਦੋਸਤਾਂ ਦੇ ਸਾਥ ਨੇ ਉਨ੍ਹਾਂ ਦੀ ਇਸ ਭੈੜੀ ਦਸ਼ਾ ਦੇ ਕਾਰਨ ਸਮਝਣ ਵਿਚ ਮਦਦ ਕੀਤੀ ਅਤੇ ਹੱਲ ਵੀ ਸੁਝਾਏ। ਇਨਕਲਾਬੀ ਦੋਸਤ ਸਿਧਾਂਤਕ ਪੁਸਤਕਾਂ ਦੇ ਨਾਲ-ਨਾਲ ਮਾਸਿਕ ਪੱਤ੍ਰਿਕਾ ਸਰਦਲ ਵੀ ਪੜ੍ਹਦੇ ਸਨ। ਮੈਂ ਵੀ ਇਨ੍ਹਾਂ ਦਾ ਅਧਿਐਨ ਕਰਨ ਲੱਗਾ। ਮੇਰੀ ਸੋਚ ਨੇ ਪਲਟਾ ਖਾਧਾ ਅਤੇ ਮੈਂ ਇਨਕਲਾਬੀ ਦ੍ਰਿਸ਼ਟੀਕੋਣ ਤੋਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਪ੍ਰਵਾਨ ਚੜ੍ਹਨ ਲੱਗੀਆਂ। ਮੇਰਾ ਹੌਸਲਾ ਵਧਦਾ ਰਿਹਾ। ਮੈਂ ਇਨਕਲਾਬੀ ਸੋਚ ਦਾ ਪੱਕਾ ਧਾਰਨੀ ਬਣ ਗਿਆ ਅਤੇ ਅੱਜ ਤੱਕ ਇਸੇ ਸੋਚ ਦਾ ਪੱਲਾ ਫੜਿਆ ਹੋਇਆ ਹੈ।
ਕਾਨੂੰਨ ਦੀ ਪੜ੍ਹਾਈ ਖਤਮ ਕਰਨ ਬਾਅਦ ਮੈਂ ਸਰਕਾਰੀ ਵਕੀਲ ਬਣ ਗਿਆ। ਸਰਕਾਰੀ ਵਕੀਲ ਪੁਲਿਸ ਅਤੇ ਨਿਆਂਪਾਲਿਕਾ ਵਿਚਕਾਰ ਇੱਕ ਅਹਿਮ ਕੜੀ ਦੇ ਤੌਰ ’ਤੇ ਵਿਚਰਦਾ ਹੈ। ਉਸ ਦਾ ਵਾਹ ਜੇਲ੍ਹਾਂ ਨਾਲ ਵੀ ਪੈਂਦਾ ਹੈ। ਕੁਝ ਸਾਲਾਂ ਦੇ ਤਜ਼ਰਬੇ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਫੌਜਦਾਰੀ ਨਿਆਂ-ਪ੍ਰਬੰਧ ਆਪਣੇ ਰਾਹ ਤੋਂ ਭਟਕ ਚੁੱਕਾ ਹੈ। ਇਸ ਵਿਸ਼ੇ ’ਤੇ ਬਹੁਤਾ ਸਾਹਿਤ ਵੀ ਉਪਲਬਧ ਨਹੀਂ ਸੀ। ਮੈਂ ਇਸ ਪ੍ਰਬੰਧ ਦੀਆਂ ਕਮਜ਼ੋਰੀਆਂ ਅਤੇ ਮਜ਼ਬੂਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਿਤਰਨ ਦਾ ਮਨ ਬਣਾਇਆ।
ਫੌਜਦਾਰੀ ਨਿਆਂ-ਪ੍ਰਬੰਧ ਦੀਆਂ ਤਿੰਨ ਕੜੀਆਂ ਹਨ। ਪੁਲਿਸ, ਨਿਆਂਪਾਲਿਕਾ ਅਤੇ ਜੇਲ ਪ੍ਰਬੰਧ। ਸਿਧਾਂਤਕ ਰੂਪ ਵਿਚ ਫੌਜਦਾਰੀ ਨਿਆਂ-ਪ੍ਰਬੰਧ ਦੀਆਂ ਜ਼ਿੰਮੇਵਾਰੀਆਂ ਜਿੰਨੀਆਂ ਅਹਿਮ ਹਨ ਅਮਲੀ ਰੂਪ ਵਿਚ ਇਹ ਸੰਸਥਾਵਾਂ ਆਪਣੇ ਉਦੇਸ਼ ਤੋਂ ਉੰਨੀਆਂ ਹੀ ਭਟਕੀਆਂ ਹੋਈਆਂ ਹਨ। ਪੁਲਿਸ ਵਿਭਾਗ ਵਾਂਗ ਜੇਲ ਵਿਭਾਗ ਵੀ ਗਰਕ ਚੁੱਕਾ ਹੈ। ਸੁਧਾਰ ਘਰ, ਵਿਗਾੜ ਘਰ ਜਾਂ ਆਖੋ ਬਘਿਆੜ ਘਰ ਬਣ ਚੁੱਕੇ ਹਨ। ਜੇਲੋਂ ਕੈਦੀ ਚੰਗੇ ਸ਼ਹਿਰੀ ਬਣਨ ਦੀ ਥਾਂ, ਪੇਸ਼ਾਵਰ ਮੁਜਰਿਮ ਬਣ ਕੇ ਨਿੱਕਲਦੇ ਹਨ। ਨਿਆਂਪਾਲਿਕਾ ਦਾ ਵੀ ਇਹੋ ਹਾਲ ਹੈ। ਲੋਕਾਂ ਦੀ ਆਖਰੀ ਆਸ ਅਦਾਲਤਾਂ ਉੱਪਰ ਟਿਕੀ ਹੁੰਦੀ ਹੈ। ਇਨਸਾਫ਼ ਪ੍ਰਾਪਤੀ ਦੇ ਜਦੋਂ ਸਾਰੇ ਰਾਹ ਬੰਦ ਹੋ ਜਾਣ ਤਾਂ ਲੋਕ ਅਦਾਲਤ ਦਾ ਦਰਵਾਜ਼ਾ ਖਟਖਟਾਉਂਦੇ ਹਨ। ਜੇ ਇੱਥੋਂ ਵੀ ਇਨਸਾਫ਼ ਦੀ ਸੰਭਾਵਨਾ ਖਤਮ ਹੋ ਜਾਵੇ ਤਾਂ ਲੋਕ ਕਿੱਧਰ ਨੂੰ ਜਾਣ? ਆਪਣੀ ਇਹੋ ਚਿੰਤਾ ਪ੍ਰਗਟਾਉਣ ਲਈ ਅਤੇ ਲੋਕਾਂ ਨੂੰ ਇਹ ਸਮਝਾਉਣ ਲਈ ਕਿ ਉਹ ਭੁਲੇਖੇ ਵਿਚ ਨਾ ਰਹਿਣ ਕਿ ਅਦਾਲਤਾਂ ਵਿਚ ਇਨਸਾਫ਼ ਮਿਲਦਾ ਹੈ, ਮੈਂ ਇਨ੍ਹਾਂ ਨਾਵਲਾਂ ‘ਤਫ਼ਤੀਸ਼’, ‘ਕਟਹਿਰਾ’, ‘ਸੁਧਾਰ ਘਰ’ ਅਤੇ ਕੌਰਵ ਸਭਾ ਦੀ ਰਚਨਾ ਕੀਤੀ ਹੈ।
ਤਫ਼ਤੀਸ਼ ਵਿਚ ਪੁਲਿਸ-ਪ੍ਰਬੰਧ ਅਤੇ ਕੌਰਵ ਸਭਾ ਅਤੇ ਕਟਹਿਰਾ ਵਿਚ ਨਿਆਂਪਾਲਿਕਾ ਦੇ ਕੰਮਕਾਜ ਨੂੰ ਗਹਿਰਾਈ ਨਾਲ ਚਿਤਰਿਆ ਗਿਆ। ਇਨ੍ਹਾਂ ਨਾਵਲਾਂ ਨੂੰ ਪਾਠਕਾਂ, ਚਿੰਤਕਾਂ ਅਤੇ ਪ੍ਰਬੰਧਕੀ ਅਦਾਰਿਆਂ ਵੱਲੋਂ ਭਰਪੂਰ ਹੁੰਘਾਰਾ ਮਿਲਿਆ। ਲੋਕਾਂ ਵੱਲੋਂ ਇਸ ਲੜੀ ਦੇ ਆਖਰੀ ਨਾਵਲ ਦੀ ਮੰਗ ਜ਼ੋਰ-ਸ਼ੋਰ ਨਾਲ ਕੀਤੀ ਜਾਣ ਲੱਗੀ। ਪਰ ਮੈਂ ਦੁਚਿੱਤੀ ਵਿਚ ਸੀ। ਦੁਨੀਆ ਦੀ ਲਗਪਗ ਹਰ ਭਾਸ਼ਾ ਵਿਚ ਜੇਲ ਜੀਵਨ ਬਾਰੇ ਪਹਿਲਾਂ ਹੀ ਬਹੁਤ ਸਾਰਾ ਸਾਹਿਤ ਰਚਿਆ ਜਾ ਚੁੱਕਾ ਹੈ। ਮੈਂ ਨਵਾਂ ਕੀ ਲਿਖਾਂਗਾ? ਇਹ ਸੋਚ ਕੇ ਰਾਵਣ ਵਾਂਗ ਸੁਅੰਬਰ ਵਿਚ ਜਾਣ ਤੋਂ ਡਰ ਲੱਗਦਾ ਸੀ। ਨਾ ਜੇਲ ਅੰਦਰਲੇ ਜੀਵਨ ਦਾ ਤਜ਼ਰਬਾ ਸੀ, ਨਾ ਜੇਲ ਅੰਦਰ ਵਰਤੀ ਜਾਂਦੀ ਵਿਸ਼ੇਸ਼ ਸ਼ਬਦਾਵਲੀ ਦਾ। ਅਧੂਰਾ ਕੰਮ ਪੂਰਾ ਤਾਂ ਕਰਨਾ ਹੀ ਸੀ। ਦੋਸਤਾਂ ਮਿੱਤਰਾਂ ਦੀ ਸਹਾਇਤਾ ਨਾਲ ਪੰਜਾਬ ਦੀਆਂ ਕਈ ਜੇਲਾਂ ਦਾ ਦੌਰਾ ਕਰਕੇ ਜੇਲ ਬਣਤਰ ਦੀ ਵਾਕਫੀ ਹਾਸਲ ਕੀਤੀ। ਉਮਰ ਕੈਦ ਕੱਟ ਚੁੱਕੇ ਕਈ ਕੈਦੀਆਂ ਨਾਲ ਲੰਬੀਆਂ ਮੁਲਾਕਾਤਾਂ ਕਰਕੇ ਵਾਕਫ਼ੀਅਤ ਦੇ ਖੱਪਿਆਂ ਨੂੰ ਪੂਰਿਆ। ਫੇਰ ਸੁਧਾਰ ਘਰ ਵਿਚ ਪ੍ਰਵੇਸ਼ ਕਰਨ ਦੀ ਹਿੰਮਤ ਜੁਟਾਈ।
ਇੱਕ ਸਰਕਾਰੀ ਵਕੀਲ ਹੋਣ ਦੇ ਨਾਤੇ ਮੇਰਾ ਜ਼ਿਆਦਾ ਵਾਹ ਪੀੜਤ ਧਿਰ ਨਾਲ ਪੈਂਦਾ ਹੈ। ਜੇਲ੍ਹ ਵਿਚ ਕੈਦੀਆਂ ਨੂੰ ਛੁੱਟੀਆਂ, ਕਿੱਤਾ ਸਿਖਲਾਈ ਅਤੇ ਕਾਨੂੰਨੀ ਸਹਾਇਤਾ ਆਦਿ ਦੀਆਂ ਸਹੂਲਤਾਂ ਮਿਲਦੀਆਂ ਹਨ। ਪੀੜਤ ਧਿਰ ਨੂੰ ਇਨ੍ਹਾਂ ਸਹੂਲਤਾਂ ਤੇ ਇਤਰਾਜ਼ ਹੁੰਦਾ ਹੈ। ਮੈਨੂੰ ਵੀ ਇਹੋ ਮਹਿਸੂਸ ਹੁੰਦਾ ਸੀ ਕਿ ਕੈਦੀਆਂ ਨੂੰ ਲੋੜ ਨਾਲੋਂ ਵੱਧ ਸਹੂਲਤਾਂ ਮਿਲ ਰਹੀਆਂ ਹਨ, ਇਸ ਕਾਰਨ ਪੀੜਤ ਧਿਰ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਜਾ ਰਿਹਾ ਹੈ। ਮੇਰਾ ਵਿਚਾਰ ਸੀ ਕਿ ਕੈਦੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ। ਮੇਰੇ ਦਿਮਾਗ ਵਿਚ ਨਾਵਲ ਦੀ ਜੋ ਪਹਿਲੀ ਰੂਪਰੇਖਾ ਬਣੀ ਉਹ ਕੈਦੀਆਂ ਨੂੰ ਮਿਲਦੀਆਂ ਸਹੂਲਤਾਂ ਉੱਤੇ ਕਟਾਖਸ਼ ਕਰਨ ਦੀ ਸੀ। ਜੇਲ ਜੀਵਨ ਬਾਰੇ ਅਧਿਐਨ ਕਰਦੇ ਕਰਦੇ ਮੇਰੇ ਹੱਥ ਵਿਚ ਸੁਪਰੀਮ ਕੋਰਟ ਦੇ ਦੋ ਮਹੱਤਵਪੂਰਨ ਫੈਸਲੇ ਲੱਗੇ। ਇਨ੍ਹਾਂ ਫੈਸਲਿਆਂ ਦਾ ਨਾਂ ਸੁਨੀਲ ਬਤਰਾ ਬਨਾਮ ਦਿੱਲੀ ਪ੍ਰਸ਼ਾਸਨ ਹੈ। ਇਨ੍ਹਾਂ ਕੇਸਾਂ ਦੇ ਫੈਸਲੇ ਸੁਪਰੀਮ ਕੋਰਟ ਦੇ ਬਹੁਤ ਹੀ ਆਦਰਯੋਗ ਜੱਜ ਜੋ ਕਿ ਆਪਣੇ ਕ੍ਰਾਂਤੀਕਾਰੀ ਫੈਸਲਿਆਂ ਲਈ ਪ੍ਰਸਿੱਧ ਹਨ, ਜਸਟਿਸ ਕ੍ਰਿਸ਼ਨਾ ਆਇਆਰ ਵੱਲੋਂ ਲਿਖੇ ਗਏ ਹਨ। ਕੈਦੀਆਂ ਨੂੰ ਜੇਲਾਂ ਅੰਦਰ ਨਰਕਾਂ ਵਰਗਾ ਜੀਵਨ ਜਿਊਣ ਲਈ ਮਜਬੂਰ ਕੀਤਾ ਜਾਂਦਾ ਹੈ, ਇਸ ਤੱਥ ਦਾ ਇਨ੍ਹਾਂ ਫੈਸਲਿਆਂ ਵਿੱਚ ਭਰਪੂਰ ਜ਼ਿਕਰ ਹੈ। ਇਹ ਤਰਕ ਸੰਗਤ ਫੈਸਲੇ ਪੜ੍ਹ ਕੇ ਮੇਰੇ ਰੋਂਗਟੇ ਖੜ੍ਹੇ ਹੋ ਗਏ। ਮੇਰੇ ਵਿਚਾਰਾਂ ਨੇ ਪੂਰੀ ਤਰ੍ਹਾਂ ਪਲਟਾ ਖਾਧਾ। ਮੈਨੂੰ ਗਿਆਨ ਹੋਇਆ ਕਿ ਜੇਲ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਆਨੰਦ ਕੁਝ ਗਿਣੇ ਚੁਣੇ ਸਾਧਨ ਸੰਪੰਨ ਲੋਕ ਹੀ ਮਾਣਦੇ ਹਨ। ਬਾਕੀ ਕੈਦੀ ਗੰਦਗੀ ਦੇ ਕੀੜੇ ਬਣ ਕੇ ਰਹਿ ਜਾਂਦੇ ਹਨ। ਪਹਿਲੀ ਯੋਜਨਾ ਰੱਦ ਕਰਕੇ ਮੈਂ ਨਵੀਂ ਯੋਜਨਾ ਉਲੀਕੀ। ਨਵੀਂ ਰੂਪਰੇਖਾ ਵਿਚ ਸਾਧਨਹੀਨ ਕੈਦੀਆਂ ਦੇ ਦੁੱਖ ਦਰਦਾਂ ਦੀ ਪੇਸ਼ਕਾਰੀ ਕੀਤੀ।
ਮਨੋਵਿਗਿਆਨ ਇਹ ਮੰਨ ਕੇ ਚੱਲਦਾ ਹੈ ਕਿ ਵਿਅਕਤੀ ਵਿਸ਼ੇਸ਼ ਪ੍ਰਸਥਿਤੀਆਂ ਦੇ ਦਬਾਅ ਹੇਠ ਆ ਜੇ ਜੁਰਮ ਕਰਦਾ ਹੈ। ਪ੍ਰਸਥਿਤੀਆਂ ਮਾਨਸਿਕ, ਸਮਾਜਿਕ ਜਾਂ ਆਰਥਿਕ ਕੋਈ ਵੀ ਹੋ ਸਕਦੀਆਂ ਹਨ। ਜੇਲ ਨਿਯਮ ਮੰਗ ਕਰਦੇ ਹਨ ਕਿ ਕੈਦੀ ਨੂੰ ਇੱਕ ਰੋਗੀ ਦੇ ਤੌਰ ’ਤੇ ਲਿਆ ਜਾਵੇ, ਉਸ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾਵੇ ਅਤੇ ਫਿਰ ਉਨ੍ਹਾਂ ਦਾ ਹੱਲ ਕੀਤਾ ਜਾਵੇ। ਜੇਲ ਵਿਚ ਕੈਦੀ ਨੂੰ ਸੁਧਰਨ ਦੇ ਮੌਕੇ ਦਿੱਤੇ ਜਾਣ ਅਤੇ ਉਸ ਨੂੰ ਇੱਕ ਚੰਗਾ ਸ਼ਹਿਰੀ ਬਣਾ ਕੇ ਬਾਹਰ ਭੇਜਿਆ ਜਾਵੇ। ਇਹ ਤਾਂ ਸੰਭਵ ਹੋ ਸਕਦਾ ਹੈ ਜੇ ਜੇਲ ਅਧਿਕਾਰੀ ਅਤੇ ਕਰਮਚਾਰੀ ਮਨੋ-ਵਿਗਿਆਨ, ਸਿਹਤ ਵਿਗਿਆਨ ਅਤੇ ਤਣਾਅ ਵਿਗਿਆਨ ਦੇ ਨਾਲ ਨਾਲ ਆਪਣੇ ਕਿੱਤੇ ਦੀਆਂ ਬਰੀਕੀਆਂ ਤੋਂ ਜਾਣੂ ਹੋਣ। ਨਾਲੇ ਚੰਗਾ ਵੇਤਨ ਪਾਉਂਦੇ ਹੋਣ। ਬਜਟ, ਸਿੱਖਿਆ, ਉਚਿਤ ਵੇਤਨ ਦੀ ਘਾਟ ਦੇ ਨਾਲ ਨਾਲ ਜੇਲ੍ਹ ਕਰਮਚਾਰੀਆਂ ਨੂੰ ਜੇਲਾਂ ਅੰਦਰ ਬੈਰਕਾਂ ਅਤੇ ਸਟਾਫ ਦੀ ਕਮੀ ਵਰਗੀਆਂ ਸਮੱਸਿਆਵਾਂ ਨਾਲ ਵੀ ਦੋ ਚਾਰ ਹੋਣਾ ਪੈ ਰਿਹਾ ਹੈ। ਕੈਦੀਆਂ ਵਾਂਗ ਜੇਲ ਕਰਮਚਾਰੀਆਂ ਦੀ ਹਾਲਤ ਵੀ ਤਰਸਯੋਗ ਹੈ। ਜੇਲ ਪ੍ਰਸ਼ਾਸਨ ਨਾਲ ਜੁੜੇ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਵੀ ਮੈਂ ਸ਼ਿੱਦਤ ਨਾਲ ਇਸ ਨਾਵਲ ਵਿਚ ਪੇਸ਼ ਕੀਤਾ ਹੈ। ਸੁਧਾਰ ਘਰ ਤੋਂ ਪਹਿਲਾਂ ਲਿਖਿਆ ਗਿਆ ਸਾਹਿਤ ਇੱਕ ਪਾਸੜ ਸੀ। ਉਹ ਕੇਵਲ ਕੈਦੀਆਂ ਦੇ ਪੱਖ ਨੂੰ ਪੇਸ਼ ਕਰਦਾ ਸੀ। ਉਸ ਸਾਹਿਤ ਵਿਚ ਜੇਲ ਕਰਮਚਾਰੀਆਂ ਨੂੰ ਜ਼ਾਲਮ ਦਿਖਾਇਆ ਗਿਆ ਸੀ। ਆਪਣੇ ਇਸ ਬਿਰਤਾਂਤ ਰਾਹੀਂ ਮੈਂ ਇਹ ਸਿੱਧ ਕੀਤਾ ਹੈ ਕਿ ਕੈਦੀਆਂ ਉੱਪਰ ਹੁੰਦੇ ਅੱਤਿਆਚਾਰਾਂ ਲਈ ਵਿਅਕਤੀ ਦੀ ਥਾਂ ਸਟੇਟ ਜ਼ਿੰਮੇਵਾਰ ਹੈ। ਸ਼ਾਇਦ ਇਹੋ ਵਿਸ਼ੇਸ਼ਤਾ ਇਸ ਨਾਵਲ ਨੂੰ ਹੋਰ ਸਾਹਿਤ ਨਾਲੋਂ ਵੱਖਰਾਉਂਦੀ ਹੈ।
ਜੁਰਮ ਵਿਗਿਆਨ ਮੁਜਰਿਮ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਚੱਲਦਾ ਹੈ। ਪਹਿਲੀ ਕਿਸਮ ਦੇ ਮੁਜਰਮ ਉਹ ਹਨ ਜੋ ਕਿਸੇ ਵਿਸ਼ੇਸ਼ ਪ੍ਰਸਥਿਤੀ ਕਾਰਨ ਜੁਰਮ ਕਰਨ ਦੀ ਗਲਤੀ ਕਰ ਬੈਠਦੇ ਹਨ ਅਤੇ ਪਿੱਛੋਂ ਪਸ਼ਚਾਤਾਪ ਕਰਦੇ ਰਹਿੰਦੇ ਹਨ। ਦੂਜੀ ਕਿਸਮ ਵਿਚ ਉਹ ਮੁਜਰਿਮ ਆਉਂਦੇ ਹਨ ਜਿਨ੍ਹਾਂ ਨੇ ਜੁਰਮ ਨੂੰ ਪੇਸ਼ੇ ਦੇ ਤੌਰ ’ਤੇ ਅਪਣਾ ਲਿਆ ਹੁੰਦਾ ਹੈ। ਇਨ੍ਹਾਂ ਨੂੰ ਪੇਸ਼ਾਵਰ ਮੁਜਰਿਮ ਆਖਿਆ ਜਾਂਦਾ ਹੈ। ਕਾਨੂੰਨ ਅਤੇ ਸਮਾਜ ਇਨ੍ਹਾਂ ਨੂੰ ਨਫ਼ਰਤ ਕਰਦਾ ਹੈ, ਅਤੇ ਸਾਰੀ ਉਮਰ ਲਈ ਚਾਰ ਦੀਵਾਰੀ ਵਿਚ ਬੰਦ ਰੱਖਣਾ/ਹੋਇਆ ਦੇਖਣਾ ਚਾਹੁੰਦਾ ਹੈ। ਸੁਧਾਰ ਘਰ ਨਾਵਲ ਵਿਚ ਮੈਂ ਇਨ੍ਹਾਂ ਪੇਸ਼ਾਵਰ ਮੁਜਰਿਮਾਂ ਦਾ ਪੱਖ ਪੇਸ਼ ਕਰਕੇ ਅਤੇ ਸਿੱਧ ਕੀਤਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਮੁਜਰਿਮ ਨਹੀਂ ਬਣਦਾ। ਭੈੜੇ ਤੋਂ ਭੈੜਾ ਵਿਅਕਤੀ ਵੀ ਨਾ ਪੁਲਿਸ ਦੀ ਮਾਰ ਖਾਣੀ ਚਾਹੁੰਦਾ ਹੈ ਅਤੇ ਨਾ ਹੀ ਬੰਧਕ ਜੀਵਨ ਜਿਊਣਾ ਚਾਹੁੰਦਾ ਹੈ। ਪਰ ਸਮਾਜ ਅਤੇ ਸਟੇਟ ਉਨ੍ਹਾਂ ਨੂੰ ਇੱਜ਼ਤਦਾਰ ਜ਼ਿੰਦਗੀ ਜਿਊਣ ਦੇ ਮੌਕੇ ਹੀ ਉਪਲਬਧ ਨਹੀਂ ਕਰਾਉਂਦੀ। ਕਸੂਰ ਉਨ੍ਹਾਂ ਦਾ ਨਹੀਂ, ਪ੍ਰਬੰਧ ਦਾ ਹੈ। ਮੈਂ ਅਜਿਹੇ ਸਮਾਜ ਦੀ ਸਿਰਜਣਾ ਦਾ ਸੁਪਨਾ ਲਿਆ ਹੈ ਜਿੱਥੇ ਕਿਸੇ ਇਨਸਾਨ ਨੂੰ ਜੁਰਮ ਕਰਨ ਲਈ ਮਜਬੂਰ ਹੋਣਾ ਤਾਂ ਦੂਰ, ਜੁਰਮ ਕਰਨ ਲਈ ਸੋਚਣਾ ਤੱਕ ਨਾ ਪਵੇ।
ਭਾਰਤੀ ਸਾਹਿਤ ਅਕਾਦਮੀ ਦੇ ਇਸ ਗੌਰਵਮਈ ਪੁਰਸਕਾਰ ਨਾਲ ਮੇਰੀ ਇੱਕ ਪੱਖੀ ਸੋਚ ਨੂੰ ਹੁੰਘਾਰਾ ਮਿਲਿਆ ਹੈ। ਭਾਰਤੀ ਅਕਾਦਮੀ ਦੇ ਉੱਦਮ ਨਾਲ ਜਦੋਂ ਇਹ ਸੋਚ ਹੋਰ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਸਮੁੱਚੇ ਭਾਰਤ ਵਿਚ ਫੈਲੇਗੀ ਤਾਂ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜੂਝਣ ਦੀ ਪ੍ਰੇਰਨਾ ਮਿਲੇਗੀ। ਇਹ ਮੇਰੇ ਉਦੇਸ਼ ਦੀ ਪ੍ਰਾਪਤੀ ਲਈ ਅਹਿਮ ਕਦਮ ਹੋਵੇਗਾ।
ਆਪਣੀ ਖੁਸ਼ੀ ਮੈਂ ਸਾਰੇ ਸਾਹਿਤ ਜਗਤ ਨਾਲ ਸਾਂਝੀ ਕਰਦਾ ਹਾਂ।
*****
(825)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)