HarkanwalKang7ਜਿਹੜੇ ਦੁਕਾਨਦਾਰ ਪਿੱਪਲ ਦੀ ਗੋਦ ਵਿੱਚ ਰੁਮਕਦੀ ਪੌਣ ਦਾ ਸਾਲਾਂ ਤੋਂ ਸੁਖ ਮਾਣਦੇ ਆਏ ਸਨਉਨ੍ਹਾਂ ਨੇ ...
(4 ਸਤੰਬਰ 2017)

 

ਲੁਧਿਆਣਾ-ਚੰਡੀਗੜ੍ਹ ਸੜਕ ਉੱਤੇ ਖੜ੍ਹੇ ਰੁੱਖਾਂ ਦੇ ਨਾਲ ਮੇਰੀ ਸਾਂਝ ਤਾਂ ਬਹੁਤ ਪੁਰਾਣੀ ਸੀ ਪਰ ਪਿਛਲੇ ਸਮੇਂ ਵਿੱਚ ਇਹ ਅਪਣੱਤ ਦੇ ਅਹਿਸਾਸ ਵਿੱਚ ਬਦਲ ਗਈ ਸੀ। ਇਹ ਵਿਸ਼ਾਲ ਦਰਖ਼ਤ ਸਾਈਕਲਾਂ, ਮੋਟਰਸਾਈਕਲਾਂ ਤੇ ਸਕੂਟਰਾਂ ਵਾਲਿਆਂ ਨੂੰ ਜੇਠ ਹਾੜ੍ਹ ਦੀਆਂ ਧੁੱਪਾਂ ਦਾ ਅਹਿਸਾਸ ਨਹੀਂ ਸੀ ਹੋਣ ਦਿੰਦੇ। ਮੈਂ ਵੀ ਉਹ ਆਨੰਦ ਮਾਣਦਾ ਸੀ। ਪਿਛਲੇ ਦਿਨੀਂ ਜਦੋਂ ਪਿੰਡ ਜਾਣ ਲਈ ਕਾਰ ਨੇ ਖਰੜ ਤੋਂ ਖਾਨਪੁਰ ਵਾਲਾ ਮੋੜ ਕੱਟਿਆ ਤਾਂ ਅੱਖਾਂ ਸਾਹਮਣੇ ਸਮਝੋ ਪਰਲੋ ਹੀ ਆ ਗਈ ਸੀਸੜਕ ਦੇ ਆਲੇ-ਦੁਆਲੇ ਵੱਡੇ-ਵੱਡੇ ਦਰਖ਼ਤ ਕੱਟ ਕੇ ਵਿਛਾਏ ਪਏ ਸਨ। ਇਹ ਸਾਰਾ ਕੁੱਝ ਸੜਕ ਦੇ ਛੇ ਮਾਰਗੀਕਰਨ ਦੇ ਨਾਂ ’ਤੇ ਹੋ ਰਿਹਾ ਸੀ। ਵਿਕਾਸ ਦੇ ਨਾਂ ’ਤੇ ਹੁੰਦੇ ਵਿਨਾਸ਼ ਦੇ ਪ੍ਰਤੱਖ ਦਰਸ਼ਨ ਹੋ ਰਹੇ ਸਨ। ‘ਸੱਥਰ’, ‘ਵਢਾਂਗਾ’, ‘ਪਰਲੋ’ ਆਦਿ ਸ਼ਬਦਾਂ ਦੇ ਵਿਸ਼ਾਲ ਅਰਥ ਮੇਰੇ ਜ਼ਿਹਨ ਵਿੱਚ ਘੁੰਮੇ। ਆਪਣੇ ਪਿੰਡ ਖਮਾਣੋਂ ਪੁੱਜਦਿਆਂ ਪੁੱਜਦਿਆਂ ਮੈਂ ਹਜ਼ਾਰਾਂ ਦਰਖ਼ਤਾਂ ਦੀ ਪੀੜ ਨੂੰ ਆਪਣੇ ਪਿੰਡੇ ’ਤੇ ਹੰਢਾ ਰਿਹਾ ਸੀ। ਉਨ੍ਹਾਂ ਦੇ ਡਿੱਗਣ ਦੌਰਾਨ ਪੈ ਰਹੇ ਜੜਾਂਗਿਆਂ ਦੀਆਂ ਆਵਾਜ਼ਾਂ ਵਾਰ ਵਾਰ ਮੇਰੇ ਕੰਨਾਂ ਵਿੱਚ ਪੈ ਰਹੀਆਂ ਸਨ। ਮੈਨੂੰ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਬਟਾਲਵੀ ਦੀ ਕਵਿਤਾ ਯਾਦ ਆਈ:

ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ,
ਕੁਝ ਰੁੱਖ ਲੱਗਦੇ ਮਾਵਾਂ
ਕੁਝ ਰੁੱਖ ਨੂੰਹਾਂ, ਧੀਆਂ ਲੱਗਦੇ,
ਕੁਝ ਰੁੱਖ ਵਾਂਗ ਭਰਾਵਾਂ

ਕੁਝ ਰੁੱਖ ਮੇਰੇ ਬਾਬੇ ਵਾਂਗਰ,
ਪੱਤਰ ਟਾਵਾਂ ਟਾਵਾਂ
ਕੁਝ ਰੁੱਖ ਮੇਰੀ ਦਾਦੀ ਵਰਗੇ,
ਚੂਰੀ ਪਾਵਾਂ ਕਾਵਾਂ

ਕੁਝ ਰੁੱਖ ਯਾਰਾਂ ਵਰਗੇ ਲੱਗਦੇ,
ਚੁੰਮਾ ਤੇ ਗਲ ਲਾਵਾਂ।

ਸੜਕ ਦੇ ਨਿਰਮਾਣ ਤੋਂ ਪਹਿਲਾਂ ਜਿਵੇਂ ਕੁੱਝ ਸਾਜ਼ਿਸ਼ੀ ਜਿਹਾ ਜਾਪਣ ਲੱਗਾ। ਸਰਕਾਰੀ ਧਰੋਹਰ ਨੂੰ ਪਏ ‘ਸਰਕਾਰੀ ਚੋਰਾਂ‘ ਦਾ ਕਾਰਾ ਮੇਰੇ ਹੁੱਝਾਂ ਮਾਰ ਰਿਹਾ ਸੀ। ਮੇਰੀ ਕਲਮ ਨੂੰ ਚੁਣੌਤੀ ਦੇ ਰਿਹਾ ਸੀ। ਮੇਰੀ ਰੂਹ ਦਰਖ਼ਤਾਂ ਦੇ ਬੇਕਿਰਕੀ ਨਾਲ ਕੀਤੇ ਵਢਾਂਗੇ ਲਈ ਲਾਹਨਤਾਂ ਪਾ ਰਹੀ ਸੀ। ਦਰਖ਼ਤ ਮੈਨੂੰ ਕਿਸੇ ਜੰਗ ਵਿੱਚ ਪਏ ਸੂਰਮਿਆਂ ਦੀ ਤਰ੍ਹਾਂ ਲਹੂ-ਲੁਹਾਨ ਹੋਏ ਪਏ ਜਾਪੇ। ਜਿਉਂ ਹੀ ਮੈਂ ਉੱਚੇ ਪਿੰਡ ਕੋਲ ਪੁੱਜਾ ਤਾਂ ਅੱਡੇ ਵਿੱਚ ਖੜ੍ਹਾ ਵਿਸ਼ਾਲ ਸਦੀਆਂ ਪੁਰਾਣਾ ਪਿੱਪਲ ਲੰਮਾ ਪਾਇਆ ਹੋਇਆ ਸੀ। ਉਸ ਦੇ ਆਲੇ-ਦੁਆਲੇ ਲੱਗੀ ਰੌਣਕ ਮੈਨੂੰ ਮਾਤਮ ਵਿੱਚ ਤਬਦੀਲ ਹੋਈ ਜਾਪੀ। ਪਿੱਪਲ ਦੇ ਵੱਢੇ ਜਾਣ ਨਾਲ ਮੈਨੂੰ ਕਿੰਨੇ ਹੀ ਪੰਛੀਆਂ ਦੇ ਬੇਘਰੇ ਹੋਣ ਦਾ ਅਹਿਸਾਸ ਹੋਇਆ। ਚਲੋ, ਸਾਡੀ ਰਾਤ ਤਾਂ ਏਸੀ ਲਾ ਕੇ ਲੰਘ ਜਾਂਦੀ ਹੈ, ਅੱਜ ਉਨ੍ਹਾਂ ਪੰਛੀਆਂ, ਉਨ੍ਹਾਂ ਦੇ ਬੋਟਾਂ ਦਾ ਕੀ ਬਣਿਆ ਹੋਵੇਗਾ, ਜਿਨ੍ਹਾਂ ਉੱਤੇ ਦਿਨ-ਦਿਹਾੜੇ ਬਿਜਲੀ ਆ ਪਈ ਸੀ। ਸੈਂਕੜੇ ਪੰਛੀ ਪਲਾਂ ਵਿੱਚ ਹੀ ਵਿਕਾਸ ਦੇ ਨਾਂ ’ਤੇ ਬੇਘਰ ਹੋ ਗਏ ਸਨ। ਉਨ੍ਹਾਂ ਦੇ ਦਾਣੇ-ਪਾਣੀ ਦਾ ਖਿਆਲ ਕਿਸੇ ਨੂੰ ਕਿਉਂ ਨਾ ਆਇਆ। ਪਿੱਪਲ, ਜਿਸ ਦੀ ਬੁੱਕਲ ਵਿੱਚ ਸਦੀਆਂ ਦਾ ਇਤਿਹਾਸ ਸਮੋਇਆ ਪਿਆ ਸੀ, ਹੁਣ ਉਹ ਯਾਦਾਂ ਵਿੱਚ ਬਦਲ ਚੁੱਕਾ ਸੀ।

ਜਿਹੜੇ ਦੁਕਾਨਦਾਰ ਪਿੱਪਲ ਦੀ ਗੋਦ ਵਿੱਚ ਰੁਮਕਦੀ ਪੌਣ ਦਾ ਸਾਲਾਂ ਤੋਂ ਸੁਖ ਮਾਣਦੇ ਆਏ ਸਨ, ਉਨ੍ਹਾਂ ਨੇ ਸਿਰਾਂ ’ਤੇ ਪੱਲੀਆਂ ਤਾਣ ਕੇ ਧੁੱਪ ਤੋਂ ਬਚਣ ਦਾ ਹੀਲਾ ਕਰ ਲਿਆ ਸੀ। ਮੈਨੂੰ ਇਨ੍ਹਾਂ ‘ਮਰਦਾਂ’ ਨਾਲ ਹਿਰਖ਼ ਜਾਗਿਆ ਕਿ ਇਨ੍ਹਾਂ ਆਪਣੇ ਇਸ ਆਸਰੇ ਨੂੰ ਬਚਾਉਣ ਲਈ ਕਿਉਂ ਹਾਲ ਦੁਹਾਈ ਨਾ ਪਾਈ ਜਦੋਂ ਕਿ ਇਹ ਪਿੱਪਲ ਤਾਂ ਸੜਕ ਤੋਂ ਬਿਲਕੁਲ ਇਕ ਪਾਸੇ ਸੀ। ਮੈਨੂੰ ਲੱਗਿਆ ਕਿ ਸਾਡੀਆਂ ਰਗਾਂ ਵਿੱਚ ਹੁਣ ਉਹ ਖ਼ੂਨ ਨਹੀਂ ਖ਼ੌਲਦਾ ਜੋ ਹਮੇਸ਼ਾ ਜ਼ਬਰ-ਜ਼ੁਲਮ ਦੇ ਵਿਰੁੱਧ ਲੜਨ-ਮਰਨ ਨੂੰ ਉਤਾਵਲਾ ਰਹਿੰਦਾ ਸੀ। ਜੋ ਵਧੀਕੀ ਬਰਦਾਸ਼ਤ ਨਹੀਂ ਕਰਦਾ ਸੀ। ਮੈਂ ਸੋਚਣ ਲੱਗਾ ਕਿਉਂ ਨਾ ਸਰਕਾਰੀਤੰਤਰ ਨੇ ਇਨ੍ਹਾਂ ਸਦੀਆਂ ਪੁਰਾਣੇ ਦਰਖ਼ਤਾਂ ਨੂੰ ਬਚਾਉਣ ਦਾ ਹੀਲਾ ਕੀਤਾ। ਜੇ ਇਨ੍ਹਾਂ ਨੂੰ ਵੱਢਣਾ ਮਜਬੂਰੀ ਸੀ ਤਾਂ ਫਿਰ ਪਿੱਛੇ ਹਟ ਕੇ ਦੂਜੀ ਲਾਈਨ ਵਿੱਚ ਪੌਦੇ ਕਿਉਂ ਨਾ ਲਾਏ। ਜਦੋਂ ਲੋਕਾਈ ਗਰਮੀ ਨਾਲ ਮਰ ਰਹੀ ਹੈ, ਅਸੀਂ ਕਿਉਂ ਵਿਸ਼ਾਲ ਦਰਖ਼ਤਾਂ ਨੂੰ ਵੱਢ ਕੇ ਖ਼ੁਦ ਹੀ ਜੀਵਨ ਨੂੰ ਵਿਨਾਸ਼ ਵੱਲ ਧੱਕ ਰਹੇ ਹਾਂ।

ਇਕ ਦਿਨ ਫਿਰ ਹੁਣ ਮੈਂ ਪਿੱਪਲ ਕੋਲੋਂ ਲੰਘਿਆ, ਉਹ ਅਜੇ ਵੀ ਲੰਬਾ ਨੰਗੇ ਧੜ ਧਰਤੀ ਮਾਂ ਦੀ ਗੋਦ ਵਿੱਚ ਪਿਆ ਸੀ। ਉਹੀ ਲੋਕ ਹੁਣ ਉਸ ਦੇ ਧੜ ਦੇ ਪਰਛਾਵੇਂ ਦੀ ਓਟ ਲੈ ਕੇ ਕਾਰੋਬਾਰ ਚਲਾ ਰਹੇ ਸਨ। ਮੈਨੂੰ ਸੁੰਦਰ ਲਾਲ ਬਹੂਗੁਣਾ ਵੱਲੋਂ ਚਲਾਏ ਚਿਪਕੋ ਅੰਦੋਲਨ ਦੀ ਯਾਦ ਆਈ। ਬਚਪਨ ਵਿੱਚ ਤਾਂ ਮੈਂ ਸਿਰਫ਼ ਕੁਝ ਨੰਬਰ ਲੈਣ ਲਈ ਰੱਟਾ ਲਾਇਆ ਸੀ ਪਰ ਉਸ ਦੇ ਕਾਰਜ ਦੀ ਮਹਾਨਤਾ ਦਾ ਅਹਿਸਾਸ ਹੁਣ ਹੋ ਰਿਹਾ ਸੀ। ਮੈਨੂੰ ਰੁੱਖਾਂ ਵਿੱਚ ਵੀ ਜਾਨ ਹੋਣ ਦਾ ਅਹਿਸਾਸ ਜਾਗਿਆ। ਉਨ੍ਹਾਂ ਦੇ ਧੜ ’ਤੇ ਚੱਲਦੇ ਆਰਿਆਂ ਦੇ ਅਹਿਸਾਸ ਨੇ ਰੂਹ ਕੰਬਾ ਦਿੱਤੀ। ਇੱਥੇ ਸੁਰਜੀਤ ਪਾਤਰ ਦੀਆਂ ਇਨ੍ਹਾਂ ਨੇ ਮੇਰੀ ਨਿਰਾਸ਼ਾ ਨੂੰ ਆਸ਼ਾ ਵਿੱਚ ਬਦਲਣ ਲਈ ਰਾਹ ਦਿਖਾਇਆ:

ਜੇ ਆਈ ਪਤਝੜ ਤਾਂ ਫਿਰ ਕੀ ਐ,
ਤੂੰ ਆਉਂਦੀ ਰੁੱਤ ’ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾ ਕਲਮਾਂ,
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।

*****

(821)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਕੰਵਲ ਸਿੰਘ ਕੰਗ

ਹਰਕੰਵਲ ਸਿੰਘ ਕੰਗ

Chandigarh, India.
Phone: (91 - 97819 - 78123)
Email: (kangkhamanon@gmail.com)