LabhSKheeva7“ਪਰ ਇੱਕ ਮਹਾਰਾਜਾ ਬਾਰੇ ਹੀ ਕਿਉਂ ਵਾਵੇਲਾ ਖੜ੍ਹਾ ਹੋਇਆ ਹੈ, ਮਹਾਰਾਜੇ ਸਦਾ ਹੀ ...”
(22 ਅਗਸਤ 2017)

SurajDiAkh2
ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਸੂਰਜ ਦੀ ਅੱਖ’ ਦੇ ਨਾਇਕ ਮਹਾਰਾਜਾ ਰਣਜੀਤ ਸਿੰਘ ਦੀ ਗਲਪੀ ਪੇਸ਼ਕਾਰੀ ਸਬੰਧੀ ਉੱਠਿਆ ਵਾਦ-ਵਿਵਾਦ ਸੋਸ਼ਲ ਮਿਡੀਆ ਤੋਂ ਲੈ ਕੇ ਅਖਬਾਰਾਂ ਵਿੱਚ ਜਿਸ ਤਰ੍ਹਾਂ ਉਛਾਲਿਆ ਜਾ ਰਿਹਾ ਹੈ
, ਉਹ ਕੋਈ ਸਿਹਤਮੰਦ ਤਰੀਕਾ ਨਹੀਂ ਹੈ। ਨਾਵਲਕਾਰ ਕੋਈ ਅੱਲੜ੍ਹ, ਨਵਾਂ-ਨਵਾਂ, ਗੁੰਮਨਾਮ, ਸ਼ੁਹਰਤ ਦਾ ਭੁੱਖਾ ਸ਼ਖਸ ਨਹੀਂ ਹੈ, ਉਹ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨਿਆ ਸਾਹਿਤਕਾਰ ਹੈ ਤੇ ਲੇਖਕਾਂ ਦੀ ਸ਼੍ਰੋਮਣੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਪ੍ਰਧਾਨ ਰਿਹਾ ਹੈ। ਅਜਿਹੇ ਲੇਖਕ ਤੋਂ ਗ਼ੈਰ ਜ਼ਿੰਮੇਵਾਰਾਨਾ ਰਵਈਏ ਦੀ ਤਵੱਕੋ ਵੀ ਕੀਤੀ ਨਹੀਂ ਜਾ ਸਕਦੀ ਹੈ। ਉਹ ਕੋਈ ਕੱਟੜ ਕਾਮਰੇਡ ਵੀ ਨਹੀਂ ਹੈ। ਇਹ ਉਹੀ ਲੇਖਕ ਹੈ, ਜਿਸ ਨੇ ‘ਸੂਰਜ ਦੀ ਅੱਖ’ ਤੋਂ ਪਹਿਲਾਂ ਦੋ ਹੋਰ ਨਾਵਲ ਸਿੱਖ-ਇਤਿਹਾਸ ਦੇ ਨਾਇਕਾਂ ਉੱਤੇ ‘ਪੰਜਵਾਂ ਸਾਹਿਬਜ਼ਾਦਾ’ ਤੇ ‘ਮਹਾਂਬਲੀ ਸੂਰਾ’ ਲਿਖੇ ਸਨ ਪਰ ਕੋਈ ਕਿੰਤੂ-ਪਰੰਤੂ ਨਹੀਂ ਸੀ ਹੋਇਆ। ਭਾਈ ਜੈਤਾ ਤੇ ਬੰਦਾ ਬਹਾਦਰ ਵਰਗੇ ਲੋਕ-ਨਾਇਕਾਂ ਬਾਰੇ ਕੋਈ ਵਾਦ-ਵਿਵਾਦ ਨਹੀਂ ਉੱਠਿਆ ਪਰ ਇੱਕ ਮਹਾਰਾਜਾ ਬਾਰੇ ਹੀ ਕਿਉਂ ਵਾਵੇਲਾ ਖੜ੍ਹਾ ਹੋਇਆ ਹੈ, ਮਹਾਰਾਜੇ ਸਦਾ ਹੀ ਵਾਦ-ਵਿਵਾਦੀ ਰਹੇ ਹਨ।

ਸ਼ੱਕ ਕਰਨਾ, ਕਿੰਤੂ-ਪਰੰਤੂ ਕਰਨਾ, ਵਾਦ-ਵਿਵਾਦ ਹੋਣਾ, ਅਸਹਿਮਤੀ ਹੋਣੀ, ਸਪਸ਼ਟੀਕਰਨ ਮੰਗਣਾ ਤੇ ਜਵਾਬਦੇਹ ਹੋਣਾ ਕਿਸੇ ਸਮਾਜ ਵਿੱਚ ਜਮਹੂਰੀ ਅਮਲ ਜਾਰੀ ਰਹਿਣਾ ਚਾਹੀਦਾ ਹੈ। ਜੇਕਰ ਇਸ ਅਮਲ ਦੀ ਹੋਂਦ ਹੋਵੇਗੀ ਤਾਂ ਹੀ ਤਰਕੇਦਲੀਲ ਜੀਵਤ ਰਹੇਗੀ। ਤਰਕ ਤੋਂ ਬਾਅਦ ਹੀ ਤਲਵਾਰ ਵਰਤਣੀ ਚਾਹੀਦੀ ਹੈ। ਇਤਿਹਾਸ ਵਿੱਚ ਕਈ ਲੜਾਈਆਂ ਤਰਕ ਦੇ ਹਥਿਆਰ ਨਾਲ ਹੀ ਜਿੱਤੀਆਂ ਮਿਲਦੀਆਂ ਹਨ। ਗੁਰੂ ਨਾਨਕ ਜੀ ਜੇਕਰ ਤਰਕ ਦਾ ਪੱਲਾ ਛੱਡ ਜਾਂਦੇ ਤਾਂ ਨਾ ਹੀ ਕੁਰਕੁਸ਼ੇਤਰ ਵਿੱਚ ਪੰਡਤਾਂ ਨੂੰ ਹਰਾ ਸਕਦੇ ਤੇ ਨਾ ਹੀ ਦੁਨੀ ਚੰਦ ਨੂੰ ਝੁਕਾ ਸਕਦੇ। ਸਿੱਧ-ਗੋਸ਼ਠਾਂ ਤਰਕ ਦੇ ਬਲ-ਬੂਤੇ ਹੀ ਆਯੋਜਿਤ ਕੀਤੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ‘ਜਫ਼ਰਨਾਮਾ’ ਅੰਦਰਲੇ ਤਰਕ ਨੇ ਹੀ ਔਰੰਗਜ਼ੇਬ ਨੂੰ ਮਾਨਸਿਕ ਤੇ ਆਤਮਿਕ ਤੌਰ ’ਤੇ ਕੰਮਜ਼ੋਰ ਕੀਤਾ ਸੀ। ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ ਦੇ ਤਰਕ-ਸਿਧਾਂਤ ਅਨੁਸਾਰ ਹੈ ਸਿੱਖੀ ਦਾ ਮੁੱਢ ਬੱਝਿਆ ਸੀ।

ਆਪਣੇ ਧਾਰਮਿਕ ਸਿਧਾਂਤਾਂ ਉੱਤੇ ਪਹਿਰਾ ਦੇਣਾ ਕਿਸੇ ਕੌਮ ਦਾ ਮੁੱਢਲਾ ਅਧਿਕਾਰ ਹੈ ਪਰ ਉਸ ਕੌਮ ਦੀਆਂ ਇਤਿਹਾਸਕ ਘਟਨਾਵਾਂ ਤੇ ਨਾਇਕਾਂ ਦੀ ਸਮੇਂ ਸਮੇਂ ਪੁਣਛਾਣ ਕਰਨ ਦੀ ਇਤਿਹਾਸਕਾਰਾਂ, ਚਿੰਤਕਾਂ, ਤੇ ਲੇਖਕਾਂ ਨੂੰ ਖੁੱਲ੍ਹ ਵੀ ਹੋਣੀ ਚਾਹੀਦੀ ਹੈ। ਪੁਣਛਾਣ ਦੀ ਪ੍ਰਕਿਰਿਆ ਉਨ੍ਹਾਂ ਨੂੰ ਯੁਗੋ-ਯੁਗ ਜੀਵਤ ਰੱਖਦੀ ਹੈ। ਅੱਜ ਕੱਲ੍ਹ ਜਿਸ ਧਿਰ ਵੱਲੋਂ ‘ਭੁਗਤ ਸੰਵਾਰਨ’ ਦੇ ਫਤਵੇ ਜਾਰੀ ਕੀਤੇ ਜਾ ਰਹੇ ਹਨ, ਉਸ ਕੋਲ ਇਤਿਹਾਸਕ, ਧਾਰਮਿਕ ਤੇ ਵਿਚਾਰਧਾਰਕ ਤੌਰ ’ਤੇ ਤਰਕ-ਵਿਤਰਕ ਅਤੇ ਕਹਿਣ-ਸੁਣਨ ਦੀ ਅਮੀਰ ਵਿਰਾਸਤ ਹੈ। ਜੇਕਰ ਇਸ ਵਿਰਾਸਤ ਦੇ ਬਾਵਜੂਦ ਕਿਸੇ ਨੂੰ ਬਿਨਾਂ ਸੁਣੇ ਸੋਧਣ ਦੀਆਂ ਧਮਕੀਆਂ ਦਿੱਤੀਆਂ ਜਾਣ, ਇਹ ਆਪਣੇ ਇਤਿਹਾਸ ਵਿੱਚ ਹੋਈਆਂ ਗਲਤੀਆਂ ਨੂੰ ਪੁਨਰ-ਮੁਲਾਂਕਣ ਕਰਨ ਦੀ ਵਿਧੀ ਨਹੀਂ ਹੈ। ਕੋਈ ਲੇਖਕ, ਇਤਿਹਾਸਕਾਰ ਕਿਸੇ ਇਤਿਹਾਸ-ਖੰਡ ਨੂੰ ਆਪਣੀ ਖੋਜ-ਦ੍ਰਿਸ਼ਟੀ ਤੋਂ ਪੁਨਰ-ਸਿਰਜਿਤ ਕਰਦਾ ਹੈ ਤੇ ਕਿਸੇ ਧਿਰ ਨੂੰ ਉਸ ਦੀ ਦ੍ਰਿਸ਼ਟੀ ਉੱਪਰ ਕਿੰਤੂ-ਪਰੰਤੂ ਹੋ ਸਕਦਾ ਹੈ ਪਰ ਇਸ ਕਿੰਤੂ-ਪਰੰਤੂ ਨੂੰ ਸਪਸ਼ਟ ਕਰਨ ਲਈ ਹੋਰ ਵੀ ਮੰਚ ਹੋ ਸਕਦੇ ਹਨ। ਲੇਖਕ ਧਿਰਾਂ ਨਾਵਲਕਾਰ ਵੱਲੋਂ ਕੀਤੀਆਂ ‘ਇਤਿਹਾਸਕ ਉਕਾਈਆਂ’ ਸਬੰਧੀ ਕੋਈ ਸੰਵਾਦ ਰਚਾਉਣ ਹਿਤ ਗੋਸ਼ਟੀਆਂ, ਸੈਮੀਨਾਰ ਦੇ ਮੰਚ ਮੁਹਈਆ ਕਰਨ ਲਈ ਤਿਆਰ ਹਨ। ਸੋਸ਼ਲ ਮੀਡੀਆ ਦੇ ਸਕਰੀਨੀ ਪਰਦੇ ਤੋਂ ਬਾਹਰ ਆ ਕੇ ਸਾਖ਼ਸ਼ਾਤ ਤਰਕ-ਵਿਤਰਕ ਹੋਣਾ ਚਾਹੀਦਾ ਹੈ। ਨਾਵਲਕਾਰ ਵੀ ਹਾਜ਼ਰ ਹੋਵੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੰਚ ਤੋਂ ਇਸ ਵਿਵਾਦਤ ਨਾਵਲ ਦੀ ਛਾਣਬੀਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਸੁਭਾਵਕ ਹੀ ਇਹ ਕਮੇਟੀ ਵਿਦਵਾਨ ਸ਼ਖ਼ਸਾਂ ਦੀ ਹੀ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦਾ ਵੀ ਸਵਾਗਤ ਕਰਨਾ ਬਣਦਾ ਹੈ। ਬੱਸ ਕਿਸੇ ਮਸਲੇ ਲਈ ਕਹਿਣ-ਸੁਣਨ ਦਾ ਮੰਚੀ-ਮਹੌਲ ਸਿਰਜਿਆ ਜਾਣਾ ਚਾਹੀਦਾ ਹੈ ਨਾ ਕਿ ‘ਤੁਹਾਨੂੰ ਜੇਕਰ ਉਹ ਸੜਕ ਉੱਤੇ ਤੁਰਿਆ ਫਿਰਦਾ ਮਿਲੇ ਤਾਂ ਉਸ ਦੀ ਭੁਗਤ ਸਵਾਰੀ ਜਾਵੇ’ ਵਰਗੇ ਤਰਕ-ਵਿਹੂਣੇ ਫਤਵੇ ਜਾਰੀ ਕੀਤੇ ਜਾਣ।

*****

(806)

ਆਪਣੇ ਵਿਚਾਰ ਪੇਸ਼ ਕਰੋ: (This email address is being protected from spambots. You need JavaScript enabled to view it.)

About the Author

ਡਾ. ਲਾਭ ਸਿੰਘ ਖੀਵਾ

ਡਾ. ਲਾਭ ਸਿੰਘ ਖੀਵਾ

Dean, Guru Kashi University, Talwandi Sabo, Punjab, India.
Phone: (91 - 94171 - 78487)
Email: (kheevals@yahoo.in)