“ਜਿਹੜਾ ਫੁੱਲ ਖਿੜਿਆ ਹੈ, ਉਸਨੇ ਇੱਕ ਦਿਨ ਮੁਰਝਾਉਣਾ ਹੈ। ਜਿਹੜੀ ਚੀਜ਼ ਬਣੀ ਹੈ ...”
(11 ਨਵੰਬਰ 2026)
ਨਾ ਮੁਹੱਬਤ, ਨਾ ਦੋਸਤੀ ਕੇ ਲੀਏ,
ਵਕਤ ਰੁਕਤਾ ਨਹੀਂ ਕਿਸੀ ਕੇ ਲੀਏ।
ਵਕਤ ਕੇ ਸਾਥ-ਸਾਥ ਚਲਤਾ ਰਹੇਂ,
ਯਹੀ ਬਿਹਤਰ ਹੈ ਆਦਮੀ ਕੇ ਲੀਏ।
ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖਾਂ ਅਤੇ ਪਰੇਸ਼ਾਨੀਆਂ ਦਾ ਕਾਰਨ ਇਹ ਹੈ ਕਿ ਅਸੀਂ ਬੀਤੀਆਂ ਗੱਲਾਂ ਨੂੰ ਆਪਣੇ ਨਾਲ ਚੁੱਕੀ ਫਿਰਦੇ ਹਾਂ। ਸਾਡੀ ਜ਼ਿੰਦਗੀ ਅਤੇ ਇਹ ਦੁਨੀਆ ਹਰ ਪਲ ਬਦਲ ਰਹੀ ਹੈ ਪਰ ਅਸੀਂ ਅਕਸਰ ਆਪਣੇ ਵਿਚਾਰ, ਆਪਣੀ ਸੋਚ ਅਤੇ ਆਪਣੇ ਸੁਭਾਅ ਨੂੰ ਬਦਲ ਰਹੇ ਸਮੇਂ ਅਨੁਸਾਰ ਬਦਲ ਕੇ ਖੁਦ ਨੂੰ ਸਮੇਂ, ਜ਼ਿੰਦਗੀ ਅਤੇ ਦੁਨੀਆ ਦੇ ਹਾਣ ਦਾ ਨਹੀਂ ਬਣਾਉਂਦੇ। ਆਪਾਂ ਅਕਸਰ ਦੇਖਿਆ ਹੋਵੇਗਾ ਕਿ ਮੋਬਾਇਲ ਫੋਨ, ਕੰਪਿਊਟਰ ਅਤੇ ਲੈਪਟਾਪ ਨੂੰ ਸਮੇਂ-ਸਮੇਂ ’ਤੇ ਨਵੀਂਆਂ ਸਹੂਲਤਾਂ ਨਾਲ ਅਪਡੇਟ ਕੀਤਾ ਜਾਂਦਾ ਹੈ। ਇਸਦੀ ਲੋੜ ਇਸ ਕਰਕੇ ਪੈਂਦੀ ਹੈ ਕਿਉਂਕਿ ਸਮਾਂ ਬਦਲਦਾ ਰਹਿੰਦਾ ਹੈ ਤੇ ਬਦਲਦੇ ਸਮੇਂ ਵਿੱਚ ਪੁਰਾਣੇ ਰੂਪ-ਸਰੂਪ ਵਿੱਚ ਰਹਿਣਾ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਵਿੱਚ ਪਿੱਛੇ ਰਹਿਣ ਦਾ ਅਹਿਸਾਸ ਕਰਵਾਉਂਦਾ ਹੈ। ਕੁਦਰਤ ਦਾ ਨਿਯਮ ਵੀ ਇਹੀ ਹੈ ਕਿ ਹਰ ਚੀਜ਼ ਬਦਲ ਰਹੀ ਹੈ, ਕੋਈ ਵੀ ਚੀਜ਼ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਇਸੇ ਤਰ੍ਹਾਂ ਮਨੁੱਖ ਦੀ ਸੋਚ ਅਤੇ ਸਮਝ ਵਿੱਚ ਵੀ ਤਬਦੀਲੀ ਆਉਣੀ ਲਾਜ਼ਮੀ ਹੈ।
ਜੇ ਤੁਸੀਂ ਅੱਜ ਵੀਹ ਸਾਲਾਂ ਦੇ ਹੋ, ਤਾਂ ਕੀ ਤੁਹਾਡੀ ਸੋਚ ਉਹੀ ਹੈ ਜਿਹੜੀ ਪੰਜ ਸਾਲ ਦੀ ਉਮਰ ਵਿੱਚ ਸੀ? ਕੀ ਤੁਹਾਡਾ ਸੁਭਾਅ, ਤੁਹਾਡੇ ਵਿਚਾਰ ਅਤੇ ਚੀਜ਼ਾਂ ਨੂੰ ਦੇਖਣ ਦਾ ਢੰਗ ਦਸ ਜਾਂ ਪੰਦਰਾਂ ਸਾਲ ਪਹਿਲਾਂ ਵਰਗਾ ਹੀ ਹੈ? ਸਮੇਂ ਦੇ ਨਾਲ ਮਨੁੱਖ ਬਹੁਤ ਸਿੱਖਦਾ ਹੈ, ਸਮਝਦਾ ਹੈ ਅਤੇ ਬਦਲਦਾ ਹੈ। ਉਸਦੀ ਸਮਝ ਵਧਦੀ ਹੈ, ਉਸਦੇ ਤਜਰਬੇ ਵਧਦੇ ਹਨ ਅਤੇ ਉਸਦੇ ਵਿਚਾਰਾਂ ਵਿੱਚ ਤਬਦੀਲੀ ਆਉਂਦੀ ਹੈ। ਫਿਰ ਵੀ ਕਈ ਵਾਰ ਅਸੀਂ ਪੁਰਾਣੀਆਂ ਨਫਰਤਾਂ, ਗੁੱਸੇ ਅਤੇ ਦੁਸ਼ਮਣੀਆਂ ਨੂੰ ਆਪਣੇ ਨਾਲ ਚੁੱਕੀ ਫਿਰਦੇ ਹਾਂ। ਮੰਨ ਲਓ, ਵੀਹ ਸਾਲ ਪਹਿਲਾਂ ਤੁਹਾਡਾ ਕਿਸੇ ਨਾਲ ਝਗੜਾ ਹੋਇਆ ਸੀ। ਤੁਸੀਂ ਅੱਜ ਵੀ ਉਸ ਵਿਅਕਤੀ ਬਾਰੇ ਸੋਚਦੇ ਹੋ ਅਤੇ ਮਨ ਵਿੱਚ ਇਹ ਗੱਲ ਰੱਖਦੇ ਹੋ ਕਿ ਜਦੋਂ ਮੌਕਾ ਮਿਲੇਗਾ, ਬਦਲਾ ਲਵਾਂਗੇ। ਜੇ ਵੀਹ ਸਾਲ ਬੀਤ ਜਾਣ ਤੋਂ ਬਾਅਦ ਵੀ ਤੁਹਾਡੀ ਸੋਚ ਅਤੇ ਤੁਹਾਡਾ ਸੁਭਾਅ ਉਸੇ ਘਟਨਾ ਵਿੱਚ ਫਸਿਆ ਹੋਇਆ ਹੈ ਤਾਂ ਤੁਸੀਂ ਆਪਣੇ ਵਰਤਮਾਨ ਨੂੰ ਵੀ ਅਤੀਤ ਦੇ ਹਵਾਲੇ ਕਰ ਰਹੇ ਹੋ।
ਬੀਤਿਆ ਸਮਾਂ ਵਾਪਸ ਨਹੀਂ ਆਉਂਦਾ, ਪਰ ਅਸੀਂ ਉਸਦੀਆਂ ਯਾਦਾਂ ਨੂੰ ਆਪਣੇ ਵਰਤਮਾਨ ਵਿੱਚ ਵਾਰ-ਵਾਰ ਜਿਊਂਦੇ ਰਹਿੰਦੇ ਹਾਂ। ਇਸ ਤਰ੍ਹਾਂ ਉਹ ਘਟਨਾ, ਜੋ ਬਹੁਤ ਸਮਾਂ ਪਹਿਲਾਂ ਵਾਪਰ ਚੁੱਕੀ ਹੈ, ਸਾਡੇ ਮਨ ਵਿੱਚ ਅੱਜ ਵੀ ਦੁੱਖ ਪੈਦਾ ਕਰਦੀ ਰਹਿੰਦੀ ਹੈ। ਮਿਲੇਨਾ ਦੀ ਧੀ ਹੌਂਜ਼ਾ ਮਿਲੇਨਾ ਨੇ ਆਪਣੀ ਮਾਂ ਬਾਰੇ ਲਿਖਦਿਆਂ ਇੱਕ ਬਹੁਤ ਡੂੰਘੀ ਗੱਲ ਕਹੀ ਸੀ ਕਿ ਉਸਦੀ ਮਾਂ ਨੂੰ ਅਸਲ ਵਿੱਚ ਉਸਦੀ ਯਾਦਦਾਸ਼ਤ ਨੇ ਮਾਰਿਆ, ਕਿਉਂਕਿ ਉਹ ਕੋਈ ਗੱਲ ਭੁੱਲ ਨਹੀਂ ਸਕਦੀ ਸੀ। ਜੇ ਉਹ ਕੁਝ ਗੱਲਾਂ ਭੁੱਲ ਸਕਦੀ ਤਾਂ ਸ਼ਾਇਦ ਲੰਬੀ ਉਮਰ ਜੀਅ ਸਕਦੀ। ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਹਰ ਯਾਦ ਨੂੰ ਮਨ ਵਿੱਚ ਸੰਭਾਲ ਕੇ ਰੱਖਣਾ ਸਾਡੇ ਲਈ ਫਾਇਦੇਮੰਦ ਨਹੀਂ ਹੁੰਦਾ। ਕੁਝ ਗੱਲਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਕੁਝ ਗੱਲਾਂ ਨੂੰ ਛੱਡ ਕੇ ਅੱਗੇ ਵਧਣਾ ਚਾਹੀਦਾ ਹੈ। ਜ਼ਿੰਦਗੀ ਚੀਜ਼ਾਂ ਨੂੰ ਘੁੱਟ ਕੇ ਫੜੀ ਰੱਖਣ ਦਾ ਨਾਂ ਨਹੀਂ ਹੈ। ਇਹ ਵਗਦੇ ਪਾਣੀ ਵਾਂਗ ਅੱਗੇ ਵਧਣ ਦਾ ਨਾਂ ਹੈ। ਰੁਕਿਆ ਪਾਣੀ ਇੱਕ ਦਿਨ ਮੁਸ਼ਕ ਮਾਰਨ ਲੱਗ ਜਾਂਦਾ ਹੈ ਅਤੇ ਫਿਜ਼ਾਵਾਂ ਨੂੰ ਵੀ ਗੰਧਲਾ ਕਰਦਾ ਹੈ।
ਜੇ ਤੁਸੀਂ 2026 ਵਿੱਚ ਰਹਿੰਦਿਆਂ ਵੀ 2020, 2015 ਜਾਂ 2010 ਦੇ ਖਿਆਲਾਂ, ਵਿਚਾਰਾਂ ਅਤੇ ਈਰਖਾਵਾਂ ਨੂੰ ਆਪਣੇ ਨਾਲ ਚੁੱਕੀ ਫਿਰਦੇ ਹੋ ਤਾਂ ਤੁਸੀਂ ਆਪਣੇ ਅੱਜ ਨੂੰ ਵੀ ਬੀਤੇ ਕੱਲ੍ਹ ਦੇ ਬੋਝ ਹੇਠ ਦੱਬ ਰਹੇ ਹੋ। ਤੁਹਾਡਾ ਸਰੀਰ ਅੱਜ ਵਿੱਚ ਹੀ ਪਰ ਤੁਹਾਡੀ ਆਤਮਾ ਬੀਤੇ ਸਮੇਂ ਵਿੱਚ ਭਟਕ ਰਹੀ ਹੈ। ਇਸ ਤਰ੍ਹਾਂ ਜਿਊਣ ਵਾਲੇ ਮਨੁੱਖ ਆਪਣੀ ਜ਼ਿੰਦਗੀ ਨੂੰ ਕਦੇ ਬਿਹਤਰ ਨਹੀਂ ਬਣਾ ਸਕਦੇ। ਉਹ ਨਾ ਖੁਦ ਦੇ ਕੰਮ ਆਉਂਦੇ ਹਨ, ਨਾ ਪਰਿਵਾਰ ਦੇ ਅਤੇ ਨਾ ਸਮਾਜ ਦੇ। ਗੁੱਸਾ ਵੀ ਮਨੁੱਖ ਦੀ ਸੋਚ ਅਤੇ ਸਮਝ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਅਸੀਂ ਅਕਸਰ ਮੰਨਦੇ ਹਾਂ ਕਿ ਬੇਵਕੂਫ ਉਹ ਹੁੰਦਾ ਹੈ ਜਿਸ ਵਿੱਚ ਅਕਲ ਘੱਟ ਹੋਵੇ, ਪਰ ਜਿਸ ਵਿਅਕਤੀ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ, ਉਹ ਵੀ ਬੇਵਕੂਫ ਹੁੰਦਾ ਹੈ।
ਹਰ ਚੀਜ਼ ਸੰਤੁਲਨ ਵਿੱਚ ਚੰਗੀ ਲਗਦੀ ਹੈ। ਹਰ ਗੱਲ ਨੂੰ ਨਿੱਜੀ ਤੌਰ ’ਤੇ ਲੈਣਾ ਜ਼ਰੂਰੀ ਨਹੀਂ ਹੁੰਦਾ। ਦੂਜਿਆਂ ਦੇ ਵਿਵਹਾਰ ਕਰਕੇ ਆਪਣੇ ਮਨ ਦੀ ਸ਼ਾਂਤੀ ਗਵਾ ਬਹਿਣਾ ਸਮਝਦਾਰੀ ਨਹੀਂ ਹੈ। ਮੰਨ ਲਓ ਕੋਈ ਵਿਅਕਤੀ ਘਰ ਵਿੱਚ ਆਪਣੀ ਪਤਨੀ ਨਾਲ ਝਗੜਾ ਕਰਕੇ ਦਫਤਰ ਜਾਂਦਾ ਹੈ। ਜੇ ਉਹ ਘਰ ਦਾ ਗੁੱਸਾ ਦਫਤਰ ਵਿੱਚ ਵੀ ਆਪਣੇ ਨਾਲ ਲੈ ਜਾਂਦਾ ਹੈ ਤਾਂ ਉੱਥੇ ਆਪਣੇ ਸਾਥੀਆਂ ਨਾਲ ਵੀ ਉਸਦਾ ਵਿਵਹਾਰ ਖਰਾਬ ਹੋ ਸਕਦਾ ਹੈ। ਇਸ ਤਰ੍ਹਾਂ ਇੱਕ ਥਾਂ ਦੀ ਪਰੇਸ਼ਾਨੀ ਦੂਜੀ ਥਾਂ ਦੇ ਹਾਲਾਤ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਸ ਲਈ ਅਤੀਤ ਦੇ ਪਛਤਾਵੇ, ਗੁੱਸੇ ਅਤੇ ਨਿਰਾਸ਼ਾ ਨੂੰ ਵਰਤਮਾਨ ਵਿੱਚ ਲਿਆਉਣ ਤੋਂ ਬਚਣਾ ਚਾਹੀਦਾ ਹੈ। ਅਤੀਤ ਬੀਤ ਚੁੱਕਿਆ ਹੈ ਅਤੇ ਵਰਤਮਾਨ ਸਾਡੇ ਸਾਹਮਣੇ ਹੈ। ਵਰਤਮਾਨ ਨੂੰ ਬੀਤੇ ਸਮੇਂ ਵਰਗਾ ਬਣਾਉਣ ਦੀ ਜ਼ਿਦ ਕਰਨ ਦੀ ਥਾਂ ਸਮੇਂ ਦੇ ਨਾਲ ਚੱਲਣਾ ਸਿੱਖਣਾ ਚਾਹੀਦਾ ਹੈ।
ਸਾਹਿਤ, ਸੰਗੀਤ, ਕਿਤਾਬਾਂ, ਪੇਂਟਿੰਗਾਂ ਅਤੇ ਕਲਾ ਸਾਨੂੰ ਸਾਡੀ ਅਸਲ ਜ਼ਿੰਦਗੀ ਤੋਂ ਵੱਖਰੇ ਅਨੁਭਵਾਂ ਨਾਲ ਜੋੜਦੇ ਹਨ। ਇਹ ਸਾਨੂੰ ਅਜਿਹੀਆਂ ਸੰਭਾਵਨਾਵਾਂ ਵਿਖਾਉਂਦੇ ਹਨ, ਜਿਨ੍ਹਾਂ ਬਾਰੇ ਅਸੀਂ ਸ਼ਾਇਦ ਪਹਿਲਾਂ ਸੋਚਿਆ ਵੀ ਨਹੀਂ ਹੁੰਦਾ। ਜ਼ਿੰਦਗੀ ਇੱਕ ਵਾਰ ਮਿਲਦੀ ਹੈ। ਕਿਸੇ ਨਾਲ ਨਫਰਤ ਹੋਵੇ ਜਾਂ ਮੁਹੱਬਤ, ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਰਹੀ ਹੈ ਅਤੇ ਕਿਹੜੀ ਸਾਡੀ ਖੁਸ਼ੀ ਨੂੰ ਖਤਮ ਕਰ ਰਹੀ ਹੈ। ਨਫਰਤ ਮਨੁੱਖ ਦੀ ਅੰਦਰੂਨੀ ਸ਼ਾਂਤੀ ਨੂੰ ਖੋਹ ਸਕਦੀ ਹੈ। ਇਸ ਲਈ ਖੁਸ਼ ਰਹਿਣਾ ਸਿੱਖੋ ਅਤੇ ਉਨ੍ਹਾਂ ਚੀਜ਼ਾਂ ਨੂੰ ਬਰਦਾਸ਼ਤ ਕਰਨਾ ਵੀ ਸਿੱਖੋ, ਜਿਨ੍ਹਾਂ ਨੂੰ ਬਦਲਣਾ ਤੁਹਾਡੇ ਵੱਸ ਵਿੱਚ ਨਹੀਂ ਹੈ। ਜ਼ਿੰਦਗੀ ਵਿੱਚ ਬਹੁਤੀ ਵਾਰ ਅਸੀਂ ਗਲਤ ਥਾਂਵਾਂ, ਵਿਚਾਰਾਂ ਅਤੇ ਇਨਸਾਨਾਂ ਉੱਤੇ ਆਪਣੀ ਊਰਜਾ ਅਤੇ ਅਹਿਸਾਸ ਬਰਬਾਦ ਕਰਦੇ ਰਹਿੰਦੇ ਹਾਂ। ਅਸੀਂ ਦੂਜਿਆਂ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹੁੰਦੇ ਹਾਂ ਪਰ ਲੋੜ ਸਾਨੂੰ ਖੁਦ ਨੂੰ ਬਦਲਣ ਦੀ ਹੁੰਦੀ ਹੈ।
ਜਿਹੜਾ ਫੁੱਲ ਖਿੜਿਆ ਹੈ, ਉਸਨੇ ਇੱਕ ਦਿਨ ਮੁਰਝਾਉਣਾ ਹੈ। ਜਿਹੜੀ ਚੀਜ਼ ਬਣੀ ਹੈ, ਉਸਨੇ ਇੱਕ ਦਿਨ ਟੁੱਟਣਾ ਹੈ। ਦੋਸਤੀਆਂ ਹਰ ਕਿਸੇ ਨਾਲ ਨਹੀਂ ਹੋ ਸਕਦੀਆਂ, ਪਰ ਬਿਨਾਂ ਲੋੜ ਦੁਸ਼ਮਣੀਆਂ ਵੀ ਨਹੀਂ ਪਾਲਣੀਆਂ ਚਾਹੀਦੀਆਂ। ਜਦੋਂ ਤਕ ਤੁਸੀਂ ਉਸ ਨੂੰ ਲੱਭਣ ਲਈ ਘਰੋਂ ਨਾ ਨਿੱਕਲੋਂ, ਉਦੋਂ ਤਕ ਤੁਹਾਡਾ ਕੋਈ ਦੁਸ਼ਮਣ ਹੁੰਦਾ ਹੀ ਨਹੀਂ। ਜੇ ਤੁਸੀਂ ਚੰਗਾ ਵਿਵਹਾਰ ਰੱਖਦੇ ਹੋ ਅਤੇ ਸਲੀਕੇ ਨਾਲ ਗੱਲ ਕਰਦੇ ਹੋ ਤਾਂ ਇਹ ਤੁਹਾਡੀ ਖੂਬੀ ਹੈ। ਹਰ ਮਨੁੱਖ, ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ, ਵੱਡਾ ਹੋਵੇ ਜਾਂ ਛੋਟਾ, ਆਪਣੇ ਲਈ ਸਤਿਕਾਰ ਚਾਹੁੰਦਾ ਹੈ। ਇਸ ਲਈ ਸਮੇਂ ਦੇ ਨਾਲ ਆਪਣੀ ਸੋਚ ਅਤੇ ਆਪਣੇ ਸੁਭਾਅ ਨੂੰ ਬਦਲਦੇ ਰਹੋ। ਅਤੀਤ ਤੋਂ ਸਬਕ ਲਵੋ, ਹੋ ਸਕਦਾ ਹੈ ਬੀਤੇ ਦੇ ਸਬਕ ਤੁਹਾਡਾ ਵਰਤਮਾਨ ਸਵਾਰ ਦੇਣ। ਭਵਿੱਖ ਦੀ ਤਿਆਰੀ ਰੱਖੋ, ਹੋ ਸਕਦਾ ਹੈ ਕੁਝ ਖੂਬਸੂਰਤ ਮੌਕੇ ਇਕਦਮ ਤੁਹਾਨੂੰ ਨਸੀਬ ਹੋ ਜਾਣ। ਪਰ ਵਰਤਮਾਨ ਵਿੱਚ ਜਿਊਣਾ ਅਤੇ ਇਸਨੂੰ ਮਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਕੱਲ੍ਹ ਨਾਮ ਕਾਲ ਦਾ ਅਤੇ ਅੱਜ ਹੈ ਕਮਾਲ ਦਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































