Swarajbir6“ਸਾਡਾ ਸਮਾਜ ਜਾਤੀਵਾਦ ਤੋਂ ਮੁਕਤ ਕਿਉਂ ਨਹੀਂ ਹੋ ਸਕਿਆ। ਵਰਣ-ਵੰਡ ਅਤੇ ...”
(2 ਨਵੰਬਰ 2026)

 

“ਅਸੀਂ ਦਲਿਤ ਹਾਂ, ਇਹੀ ਹੈ ਸਾਡਾ ਗੁਨਾਹ।” ਇਹ ਸ਼ਬਦ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਇੱਕ ਪਿੰਡ ਦੀ ਉਸ 19 ਸਾਲਾ ਕੁੜੀ ਦੀ ਭਾਬੀ ਦੇ ਸਨ, ਜਿਸਦਾ ਸਤੰਬਰ 2020 ਵਿੱਚ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ ਗਿਆ, ਜਿਸਦੇ ਅੰਗ-ਅੰਗ ਨੂੰ ਵਲੂੰਧਰਿਆ ਗਿਆ, ਰੀੜ੍ਹ ਦੀ ਹੱਡੀ ਭੰਨੀ ਗਈ, ਜੀਭ ਕੱਟੀ ਗਈ, ਜਿਹੜੀ ਅਲੀਗੜ੍ਹ ਅਤੇ ਦਿੱਲੀ ਦੇ ਹਸਪਤਾਲਾਂ ਵਿੱਚ ਤੜਫ-ਤੜਫ ਕੇ ਮਰੀ, ਜਿਸਦੇ ਪਰਿਵਾਰ ਨੂੰ ਉਸਦੀ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦਾ ਮੌਕਾ ਵੀ ਨਾ ਦਿੱਤਾ ਗਿਆ। ਉਦੋਂ ਉਪਰੋਕਤ ਸ਼ਬਦ ਜਾਤੀਵਾਦੀ ਜ਼ੁਲਮ ਦਾ ਸ਼ਿਕਾਰ ਹੋਈ ਉਸ ਕੁੜੀ ਦੀ ਭਾਬੀ ਨੇ ਪੱਤਰਕਾਰ ਜਿਗਨਾਸਾ ਸਿਨਹਾ ਨੂੰ ਕਹੇ ਸਨ।

ਸਾਡੇ ਦੇਸ਼ ਵਿੱਚ ਔਰਤਾਂ ਉੱਤੇ ਜ਼ੁਲਮ ਹੁੰਦੇ ਰਹੇ ਹਨ ਅਤੇ ਹਰ ਵਰਗ ਦੀਆਂ ਔਰਤਾਂ ਇਨ੍ਹਾਂ ਜ਼ੁਲਮਾਂ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ। ਦਲਿਤਾਂ, ਕਾਮਿਆਂ ਅਤੇ ਸਮਾਜ ਵਿੱਚ ਨੀਵੀਂਆਂ ਗਰਦਾਨੀਆਂ ਜਾਣ ਵਾਲੀਆਂ ਜਾਤਾਂ ਦੀਆਂ ਔਰਤਾਂ ਖਾਸ ਤੌਰ ’ਤੇ ਉਨ੍ਹਾਂ ਮਰਦਾਂ ਦੇ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਰਹੀਆਂ ਜਿਹੜੇ ਕਥਿਤ ਉੱਚੀਆਂ ਜਾਤਾਂ ਨਾਲ ਸੰਬੰਧ ਰੱਖਦੇ ਅਤੇ ਕਥਿਤ ਨੀਵੀਂਆਂ ਜਾਤਾਂ ਦੀਆਂ ਔਰਤਾਂ ਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਉਣਾ ਆਪਣਾ ਹੱਕ ਸਮਝਦੇ ਹਨ। ਇਸ ਘਟਨਾ ਦਾ ਇੱਕ ਹੌਲਨਾਕ ਮੰਜ਼ਰ ਇਹ ਵੀ ਸੀ ਕਿ ਉਸ ਧੀ ਧਿਆਣੀ ਦੀ ਮੌਤ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਵੀ ਉਸਦੇ ਪਰਿਵਾਰ ਵਾਲਿਆਂ ਦੇ ਹਵਾਲੇ ਨਾ ਕੀਤੀ ਗਈ। ਹਵਾਲੇ ਕਰਨਾ ਤਾਂ ਕੀ ਕਰਨਾ ਸੀ, ਉਨ੍ਹਾਂ ਨੂੰ ਉਹਦਾ ਮੂੰਹ ਵੀ ਨਾ ਦੇਖਣ ਦਿੱਤਾ ਗਿਆ। ਲਾਸ਼ ਨੂੰ ਅੱਧੀ ਰਾਤ ਵੇਲੇ ਸਿਵਿਆਂ ਵਿੱਚ ਫੂਕ ਦਿੱਤਾ ਗਿਆ। ਪਰਿਵਾਰ ਵਾਲਿਆਂ ਨੂੰ ਘਰ ਵਿੱਚ ਬੰਦ ਕਰ ਦਿੱਤਾ ਗਿਆ। ਪੁਲੀਸ ਨੇ ਪਿੰਡ ਨੂੰ ਘੇਰ ਲਿਆ।

ਦਲਿਤ ਕੁੜੀਆਂ, ਔਰਤਾਂ ਅਤੇ ਮਰਦਾਂ ਉੱਤੇ ਜ਼ੁਲਮਾਂ ਦੀ ਦਾਸਤਾਨ ਸਦੀਆਂ ਪੁਰਾਣੀ ਹੈ। ਇਹ ਸਿਲਸਿਲਾ ਕਦੇ ਵੀ ਨਹੀਂ ਰੁਕਿਆ। ਉਪਰੋਕਤ ਘਟਨਾ ਤੋਂ ਛੇ ਸਾਲ ਬਾਅਦ ਅੱਜ ਅਸੀਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਦੇ ਰੂ-ਬ-ਰੂ ਹਾਂ। ਇਨ੍ਹਾਂ ਛੇ ਵਰ੍ਹਿਆਂ ਵਿੱਚ ਦੇਸ਼ ਵਿੱਚ ਦਲਿਤਾਂ ਵਿਰੁੱਧ ਸੈਂਕੜੇ ਜੁਰਮ ਹੋਏ ਹਨ। 26 ਸਤੰਬਰ 2026 ਨੂੰ ਇਸ ਪਿੰਡ ਦੇ ਦਲਿਤ ਪਰਿਵਾਰ ਦੇ ਪੁੱਤਰ ਸਨਮਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਦੇ ਕੁਝ ਲੋਕਾਂ ਨੇ ਧਰਨਾ ਦਿੱਤਾ ਕਿ ਪਿੰਡ ਦੇ ਸਰਪੰਚ ਅਤੇ ਉਸਦੇ ਸਾਥੀਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਨਮਦੀਪ ਦੀ ਮਾਂ ਅਤੇ ਦਾਦੀ ਨੂੰ ਪੁਲੀਸ ਨੇ ਘਸੀਟਿਆ; ਬਾਅਦ ਵਿੱਚ ਪਰਿਵਾਰ ਦੇ ਅੱਠ ਮੈਂਬਰਾਂ ਅਤੇ ਚਾਰ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਵੇਂ ਹਾਥਰਸ ਵਿੱਚ ਹੋਇਆ ਸੀ, ਸਨਮਦੀਪ ਦੀ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਨਾ ਕੀਤੀ ਗਈ ਅਤੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਦੀ ਗੈਰਹਾਜ਼ਰੀ ਵਿੱਚ ਅਗਨ ਭੇਟ ਕਰ ਦਿੱਤੀ ਗਈ।

ਇਹ ਕਿੱਡੀ ਕੁ ਵੱਡੀ ਐਮਰਜੈਂਸੀ ਸੀ? ਇਸ ਤਰ੍ਹਾਂ ਕਿਉਂ ਕੀਤਾ ਗਿਆ? ਪਰਿਵਾਰ ਦੇ ਮੈਂਬਰਾਂ ਨੂੰ ਮ੍ਰਿਤਕ ਦੇਹ ਨਾ ਸੌਂਪਣਾ, ਆਪਣੇ ਘਰ ਨਾ ਲਿਜਾਣ ਦੇਣਾ, ਸਸਕਾਰ ਵੇਲੇ ਹਾਜ਼ਰ ਨਾ ਹੋਣ ਦੇਣਾ; ਕੀ ਇਹ ਪਰਿਵਾਰ ਦੇ ਦੁੱਖ ਨੂੰ ਹੋਰ ਵਧਾਉਣ ਵਾਲੇ ਕਾਰੇ ਨਹੀਂ? ਇਹ ਕਿਸਨੇ ਕੀਤੇ? ਇਹ ਪੰਜਾਬ ਪੁਲੀਸ ਨੇ ਕੀਤੇ। ਪੁਲੀਸ ਕੋਈ ਕਾਰਵਾਈ ਆਜ਼ਾਦਾਨਾ ਤੌਰ ’ਤੇ ਨਹੀਂ ਕਰਦੀ; ਉਹ ਸਿਵਲ ਪ੍ਰਸ਼ਾਸਨ ਅਤੇ ਸਰਕਾਰ ਦੀ ਹਦਾਇਤ ’ਤੇ ਕੰਮ ਕਰਦੀ ਹੈ। ਆਖਰ ਕੀ ਸੀ ਸਨਮਦੀਪ ਦੀ ਮ੍ਰਿਤਕ ਦੇਹ ਵਿੱਚ ਜਾਂ ਇਸ ਖੁਦਕੁਸ਼ੀ ਦੀ ਤਹਿ ਵਿੱਚ ਕਿ ਮ੍ਰਿਤਕ ਦੇਹ ਨੂੰ ਇਸ ਸੰਸਾਰ ਤੋਂ ਇਸ ਤਰ੍ਹਾਂ ਖਤਮ ਕੀਤਾ ਗਿਆ?

ਅਖਬਾਰਾਂ ਦੀਆਂ ਖਬਰਾਂ ਮੁਤਾਬਿਕ ਪੁਲੀਸ ਨੇ ਇਸ ਕਾਰਵਾਈ ਨੂੰ ਇਸ ਬਿਨਾਅ ’ਤੇ ਸਹੀ ਦਰਸਾਇਆ ਕਿ ਮ੍ਰਿਤਕ ਦੇਹ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਅਤੇ ਸੀਨੀਅਰ ਮੈਡੀਕਲ ਅਫਸਰ ਨੇ ਤੁਰੰਤ ਸਸਕਾਰ ਕਰਨ ਦੀ ਸਲਾਹ ਦਿੱਤੀ ਸੀ। ਇਹ ਇੱਕੀਵੀਂ ਸਦੀ ਹੈ। ਆਧੁਨਿਕ ਸਿਹਤ ਸਹੂਲਤਾਂ ਲਿਆਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਕੀ ਇਹ ਇੰਤਜ਼ਾਮ ਵੀ ਨਾ ਕਰ ਸਕੀ ਕਿ ਮ੍ਰਿਤਕ ਦੇਹ ਖਰਾਬ ਨਾ ਹੋਵੇ? ਉਂਜ, ਪੰਜਾਬ ਦੇ ਲਗਭਗ ਸਭ ਸ਼ਹਿਰਾਂ ਵਿੱਚ ਇਹ ਸਹੂਲਤਾਂ ਮੌਜੂਦ ਹਨ ਕਿ ਮ੍ਰਿਤਕ ਦੇਹ ਨੂੰ ਕਈ ਦਿਨਾਂ ਤਕ ਸਹੀ ਹਾਲਤ ਵਿੱਚ ਰੱਖਿਆ ਜਾ ਸਕਦਾ ਹੈ।

ਸਨਮਦੀਪ ਨੇ ਖੁਦਕੁਸ਼ੀ ਕੀਤੀ। ਵੱਖ-ਵੱਖ ਤਰ੍ਹਾਂ ਵਾਪਰਨ ਵਾਲੇ ਵਰਤਾਰੇ ਹੋਣ ਦੇ ਬਾਵਜੂਦ ਖੁਦਕੁਸ਼ੀ ਅਤੇ ਕਤਲ ਵਿੱਚ ਸਾਂਝੀ ਗੱਲ ਇਹ ਹੈ ਕਿ ਦੋਹਾਂ ਵਿੱਚ ਮਨੁੱਖ ਦੀ ਹੋਂਦ ਖਤਮ ਹੁੰਦੀ ਹੈ। ਕਤਲ ਕੋਈ ਦੂਸਰਾ ਜਾਂ ਦੂਸਰੇ ਵਿਅਕਤੀ ਕਰਦੇ ਹਨ ਜਦੋਂਕਿ ਖੁਦਕੁਸ਼ੀ ਵਿੱਚ ਸਮੇਂ ਦਾ ਸਮਾਜ ਅਤੇ ਆਰਥਿਕ, ਰਾਜਨੀਤਕ ਅਤੇ ਮਨੋਵਿਗਿਆਨਕ ਵਰਤਾਰੇ, ਸੱਤਾ ਵਿਚਲੇ ਸਮੀਕਰਨ ਅਤੇ ਬਾਕੀ ਦਾ ਮਾਹੌਲ (ਜਿਸ ਵਿੱਚ ਸਮਾਜਿਕ ਮਾਹੌਲ ਇੱਕ ਪ੍ਰਮੁੱਖ ਹਿੱਸਾ ਹੈ) ਖੁਦਕੁਸ਼ੀ ਕਰਨ ਵਾਲੇ ਦੀ ਰੂਹ ਨੂੰ ਇਸ ਤਰ੍ਹਾਂ ਵਲੂੰਧਰਦੇ ਅਤੇ ਕੋਂਹਦੇ ਹਨ ਕਿ ਉਹ ਆਪਣੇ ਸਰੀਰ, ਰਿਸ਼ਤਿਆਂ-ਨਾਤਿਆਂ ਅਤੇ ਜ਼ਿੰਦਗੀ ਨੂੰ ਅਰਥਹੀਣ ਸਮਝਣ ਲੱਗ ਪੈਂਦਾ ਹੈ। ਉਹ ਇੰਨਾ ਮਜਬੂਰ ਹੋ ਜਾਂਦਾ ਹੈ ਕਿ ਉਹ ਆਪਣੀ ਹੋਂਦ ਖਤਮ ਕਰ ਲੈਂਦਾ ਹੈ। ਇਸ ਤਰ੍ਹਾਂ ਖੁਦਕੁਸ਼ੀ ਜ਼ਿਆਦਾ ਕਰੂਰਤਾ ਨਾਲ ਹੋਇਆ ਹੁੰਦਾ ਕਤਲ ਹੈ; ਸਨਮਦੀਪ ਦਾ ਵੀ ਕਤਲ ਹੋਇਆ ਹੈ ਅਤੇ ਇਸ ਲਈ ਜ਼ਿੰਮੇਵਾਰ ਹੁਣ ਦੇ ਸਮੇਂ ਦੇ ਸਿਆਸੀ ਸਮੀਕਰਨ, ਸਮਾਜਿਕ ਮਾਹੌਲ, ਕਥਿਤ ਉੱਚੀਆਂ ਜਾਤਾਂ ਦੇ ਫਰਦਾਂ ਦੀ ਹਉਮੈਂ ਅਤੇ ਉਨ੍ਹਾਂ ਦੇ ਕਾਰੇ ਹਨ। ਕਥਿਤ ਉੱਚੀਆਂ ਜਾਤਾਂ ਦੇ ਫਰਦ ਅਜਿਹੇ ਕਾਰੇ ਕਿਉਂ ਕਰਦੇ ਹਨ? ਇੱਕ ਤਾਂ ਸਾਡੀ ਸਮਾਜਿਕ ਸਮਝ ਉਨ੍ਹਾਂ ਨੂੰ ਦੱਸਦੀ ਹੈ ਕਿ ਉਹ ਉੱਚੀਆਂ ਜਾਤਾਂ ਦੇ ਹਨ ਅਤੇ ਕਥਿਤ ਨੀਵੀਂਆਂ ਜਾਤਾਂ ਦੇ ਲੋਕਾਂ ਨਾਲ ਨਫਰਤ ਅਤੇ ਦੁਰਵਿਹਾਰ ਕਰਨਾ ਉਨ੍ਹਾਂ ਦਾ ਹੱਕ ਹੈ। ਦੂਸਰਾ, ਸਮੇਂ-ਸਮੇਂ ਦੀ ਸਿਆਸਤ ਅਤੇ ਹਕੂਮਤ ਉਨ੍ਹਾਂ ਨੂੰ ਇਹ ਹੱਕ ਦਿੰਦੀ ਹੈ ਕਿ ਉਹ ਕੁਝ ਵੀ ਕਰ ਲੈਣ, ਉਨ੍ਹਾਂ ਨੂੰ ਬਚਾ ਲਿਆ ਜਾਵੇਗਾ। ਇਸੇ ਤਰ੍ਹਾਂ ਸਨਮਦੀਪ ਦੀ ਖੁਦਕੁਸ਼ੀ ਅਤੇ ਉਸਦੀ ਮ੍ਰਿਤਕ ਦੇਹ ਦੇ ਨਿਰਾਦਰ ਲਈ ਸੱਤਾ ਅਤੇ ਸਿਆਸਤ ਕਸੂਰਵਾਰ ਹਨ।

ਇਨ੍ਹਾਂ ਹੀ ਦਿਨਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਤੂਰ ਬੰਜਾਰਾ ਪਿੰਡ ਦੇ ਇੱਕ ਹੋਰ ਦਲਿਤ ਪਰਿਵਾਰ ਦੇ ਫਰਦ ਗੁਲਜ਼ਾਰ ਸਿੰਘ ਨੇ ਵੀ ਖੁਦਕੁਸ਼ੀ ਕੀਤੀ। ਉਸਨੇ ਇੱਕ ਮੰਤਰੀ ਸਾਹਮਣੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਸਵਾਲ ਉਠਾਏ ਸਨ। ਖੁਦਕੁਸ਼ੀ ਤੋਂ ਪਹਿਲਾਂ ਉਸਨੇ ਖੁਦ ਬਣਾਈ ਇੱਕ ਵੀਡੀਓ ਵਿੱਚ ਇਹ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਅਤੇ ਪਿੰਡ ਦੇ ਸਰਪੰਚ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਉਸਦੀ ਬੇਇੱਜ਼ਤੀ ਕੀਤੀ। ਉਪਰੋਕਤ ਘਟਨਾਵਾਂ ਵਿੱਚ ਸਮਾਜਿਕ ਦਬਾਅ ਕਾਰਨ ਕੇਸ ਦਰਜ ਕੀਤੇ ਗਏ।

ਇਨ੍ਹਾਂ ਦਿਨਾਂ ਵਿੱਚ ਇੱਕ ਹੋਰ ਘਟਨਾ ਵੀ ਵਾਪਰੀ। ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿੱਚ ਪੰਜਾਬੀ ਕਹਾਣੀਕਾਰ ਅਤੇ ਖੇਤ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਬੇਇੱਜ਼ਤ ਕੀਤਾ ਗਿਆ। ਉਸ ਵਿਰੁੱਧ ਜਾਤੀ-ਸੂਚਕ ਸ਼ਬਦ ਵਰਤੇ ਗਏ। ਜਨਤਕ ਜਥੇਬੰਦੀਆਂ ਨੇ ਵਿਰੋਧ ਕੀਤਾ, ਪਰ ਕੁਝ ਸਥਾਨਕ ਆਗੂਆਂ ਦਾ ਦਬਦਬਾ ਇੰਨਾ ਹੈ ਕਿ ਇਹ ਕਾਰਾ ਅੰਜਾਮ ਦੇਣ ਵਾਲਿਆਂ ਵਿਰੁੱਧ ਹੁਣ ਤਕ ਕੇਸ ਦਰਜ ਨਹੀਂ ਕੀਤਾ ਗਿਆ। ਕੀ ਕੇਸ ਉਦੋਂ ਹੀ ਦਰਜ ਹੁੰਦਾ ਹੈ ਜਦੋਂ ਪੀੜਿਤ ਵਿਅਕਤੀ ਖੁਦਕੁਸ਼ੀ ਕਰ ਕੇ ਆਪਣੀ ਹੋਂਦ ਖਤਮ ਕਰ ਲਵੇ?

ਦਲਿਤਾਂ ਉੱਤੇ ਹੋਏ ਅੱਤਿਆਚਾਰਾਂ ਬਾਰੇ ਕੇਸ ਦਰਜ ਕਰਵਾਉਣਾ ਆਪਣੇ ਆਪ ਵਿੱਚ ਇੱਕ ਸਿਆਸੀ-ਸਮਾਜਿਕ ਸਮੱਸਿਆ ਬਣ ਜਾਂਦਾ ਹੈ। ਜਦੋਂ ਤਕ ਸਮਾਜਿਕ ਦਬਾਅ ਨਾ ਬਣੇ ਜਾਂ ਜਨਤਕ ਜਥੇਬੰਦੀਆਂ ਮਾਮਲੇ ਵਿੱਚ ਦਖਲ ਨਾ ਦੇਣ ਜਾਂ ਮੀਡੀਆ ਮੁੱਦਾ ਨਾ ਉਠਾਵੇ, ਉਦੋਂ ਤਕ ਕੇਸ ਦਰਜ ਨਹੀਂ ਹੁੰਦਾ। ... ਤੇ ਫਿਰ, ਜੇ ਕੇਸ ਦਰਜ ਹੋ ਵੀ ਜਾਵੇ ਤਾਂ ਕਾਰਵਾਈ ਨਹੀਂ ਹੁੰਦੀ। ਸਾਡੇ ਸਾਹਮਣੇ ਆਈ ਆਈ ਟੀ ਮੁੰਬਈ ਵਿੱਚ ਇੱਕ ਵਿਦਿਆਰਥੀ ਦੁਆਰਾ ਕੀਤੀ ਗਈ ਖੁਦਕੁਸ਼ੀ ਹੈ। ਟੀਵੀ ਦੀਆਂ ਬਹਿਸਾਂ ਵਿੱਚ ਨਿੱਤਰੇ ਮਾਹਿਰ ਲਗਾਤਾਰ ਇਸ ਗੱਲ ’ਤੇ ਜ਼ੋਰ ਦੇ ਰਹੇ ਸਨ ਕਿ ਐੱਸ ਸੀ/ਐੱਸ ਟੀ ਐਕਟ ਦੀ ਗਲਤ ਵਰਤੋਂ ਹੁੰਦੀ ਹੈ। ਉਹ ਕਹਿ ਰਹੇ ਸਨ ਕਿ ਪੀੜਿਤ ਪਰਿਵਾਰ ਦੀ ਇਹ ਮੰਗ ਗਲਤ ਹੈ ਕਿ ਖੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਇਸ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਤਰ੍ਹਾਂ ਇਸ ਗੱਲ ਨੂੰ ਨਿਆਂਸੰਗਤ ਠਹਿਰਾਇਆ ਜਾਂਦਾ ਹੈ ਕਿ ਕਥਿਤ ਨੀਵੀਂਆਂ ਜਾਤੀਆਂ ਦੇ ਫਰਦਾਂ ਵਿਰੁੱਧ ਅਪਸ਼ਬਦ ਜਾਂ ਜਾਤੀਸੂਚਕ ਸ਼ਬਦ ਵਰਤਣਾ ਜਾਂ ਸਿੱਧੇ-ਅਸਿੱਧੇ ਢੰਗ ਨਾਲ ਉਨ੍ਹਾਂ ਨੂੰ ਹੀਣੇ ਜਾਂ ਘੱਟ ਬੌਧਿਕ ਸਮਰੱਥਾ ਵਾਲੇ ਕਹਿਣਾ, ਇੱਕ ਤਰ੍ਹਾਂ ਦਾ ‘ਸੁਭਾਵਿਕ’ ਸਮਾਜਿਕ ਵਿਹਾਰ ਹੈ।

ਅਜਿਹੇ ਵਿਹਾਰ ਨੂੰ ਸੁਭਾਵਿਕ ਕਿਉਂ ਸਮਝਿਆ ਜਾਂਦਾ ਹੈ? ਉਹ ਇਸ ਲਈ ਕਿ ਸਦੀਆਂ ਤੋਂ ਸਾਡਾ ਸਮਾਜ ਅਜਿਹੇ ਮਨੂੰਵਾਦੀ ਸ਼ਿਕੰਜੇ ਵਿੱਚ ਜਕੜਿਆ ਹੋਇਆ ਹੈ ਜਿਸ ਵਿੱਚ ਵਰਣ ਆਸ਼ਰਮ ਅਤੇ ਜਾਤੀਵਾਦ ਨੇ ਅਜਿਹੀ ਸਮੂਹਿਕ ਸਮਾਜਿਕ ਸਮਝ ਉਸਾਰੀ ਹੈ ਜਿਸ ਅਨੁਸਾਰ ਕਥਿਤ ਉੱਚੀਆਂ ਜਾਤਾਂ ਦੇ ਲੋਕਾਂ ਨੂੰ ਜਨਮ ਤੋਂ ਉੱਚੇ, ਬਿਹਤਰ ਸਮਾਜਿਕ ਰੁਤਬੇ ਅਤੇ ਅਧਿਕਾਰਾਂ ਵਾਲੇ ਮੰਨਿਆ ਜਾਂਦਾ ਹੈ ਅਤੇ ਕਥਿਤ ਨੀਵੀਂਆਂ ਜਾਤਾਂ ਦੇ ਲੋਕਾਂ ਨੂੰ ਘਟੀਆ, ਨੀਵੇਂ, ਨਿਮਾਣੇ, ਹੀਣੇ ਅਤੇ ਘੱਟ ਬੌਧਿਕ ਸਮਰੱਥਾ ਵਾਲੇ ਗਰਦਾਨਿਆ ਜਾਂਦਾ ਹੈ। ਇਸ ਸਮਝ ਵਿੱਚ ਇਹ ਵੀ ਨਿਹਿਤ ਹੈ ਕਿ ਉਹ (ਕਥਿਤ ਨੀਵੀਂਆਂ ਜਾਤਾਂ ਦੇ ਲੋਕ) ਸਮਾਜਿਕ ਪੱਧਰ ’ਤੇ ਉੱਚੀਆਂ ਜਾਤਾਂ ਦੇ ਲੋਕਾਂ ਦੇ ਨਾ ਤਾਂ ਬਰਾਬਰ ਹਨ ਅਤੇ ਨਾ ਹੀ ਅਜਿਹੀ ਕੋਈ ਮੰਗ ਕਰ ਸਕਦੇ ਹਨ। ਮਨੂਸਮਰਿਤੀ ਜਿਹੇ ਗ੍ਰੰਥ ਅਜਿਹੇ ਸਿਧਾਂਤਾਂ ਨਾਲ ਭਰੇ ਹੋਏ ਹਨ। ਉਦਾਹਰਨ ਦੇ ਤੌਰ ’ਤੇ ਮਨੂਸਮਰਿਤੀ ਦੇ ਪਹਿਲੇ ਅਧਿਆਏ ਦੇ 87ਵੇਂ ਤੋਂ 91ਵੇਂ ਸਲੋਕ ਵਿੱਚ ਵੱਖ-ਵੱਖ ਵਰਣਾਂ ਵਿੱਚ ਕੰਮ ਦੀ ਵੰਡ ਕੀਤੀ ਗਈ। ਬ੍ਰਾਹਮਣਾਂ ਨੂੰ ਗਿਆਨ ਖੇਤਰ ਦੇ ਕਾਰਜ, ਕਸ਼ੱਤਰੀਆਂ ਨੂੰ ਸੱਤਾਅ ਤੇ ਤਾਕਤ ਦੇ ਖੇਤਰਾਂ ਦੇ ਕਾਰਜ ਅਤੇ ਅਧਿਕਾਰ ਅਤੇ ਵੈਸ਼ਾਂ ਲਈ ਵਪਾਰ ਅਤੇ ਪਸ਼ੂ-ਪਾਲਣ ਦੇ ਕਾਰਜ ਅਤੇ ਅਧਿਕਾਰ ਦਿੱਤੇ ਗਏ ਹਨ। 91ਵਾਂ ਸਲੋਕ ਦੱਸਦਾ ਹੈ ਕਿ ਭਗਵਾਨ ਬ੍ਰਹਮਾ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਸ਼ੂਦਰ ਉਪਰੋਕਤ ਤਿੰਨਾਂ ਵਰਣਾਂ ਦੇ ਲੋਕਾਂ ਦੀ ਈਰਖਾ ਰਹਿਤ ਹੋ ਸੇਵਾ ਕਰਨ, ਭਾਵ ਉਨ੍ਹਾਂ ਦੇ ਗੁਲਾਮ ਹੋਣ। ਇਸ ਗ੍ਰੰਥ ਵਿੱਚ ਸ਼ੂਦਰਾਂ ਨੂੰ ਕਠੋਰ ਸਜ਼ਾਵਾਂ ਦੇਣ ਅਤੇ ਗਿਆਨ-ਵਿਹੂਣੇ ਰੱਖਣ ਸੰਬੰਧੀ ਅਨੇਕ ਸਲੋਕ ਹਨ। ਯਾਗਿਆਵਲਕਯ ਧਰਮਸ਼ਾਸਤਰ ਦੇ ਪਹਿਲੇ ਅਧਿਆਇ ਦੇ 118-119ਵੇਂ ਸਲੋਕਾਂ ਵਿੱਚ ਵੀ ਅਜਿਹੇ ਸਮਾਜਿਕ ਪ੍ਰਬੰਧ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ। ਗੌਤਮ ਧਰਮਸੂਤਰਮ ਵਿੱਚ ਸ਼ੂਦਰਾਂ ਨੂੰ ਕਠੋਰ ਸਜ਼ਾਵਾਂ ਦਾ ਵਿਆਪਕ ਵਰਣਨ ਹੈ। ਇਹੀ ਨਹੀਂ, ਬਹੁਤ ਸਾਰੇ ਪੁਰਾਤਨ ਗ੍ਰੰਥਾਂ ਵਿੱਚ ਸ਼ੂਦਰਾਂ ਨਾਲ ਵਿਤਕਰਾ ਕਰਨ ਅਤੇ ਉਨ੍ਹਾਂ ਨੂੰ ਸਮਾਜਿਕ ਦਰਜਾਬੰਦੀ ਵਿੱਚ ਨੀਵੇਂ ਠਹਿਰਾਉਣ ਨੂੰ ਨਿਆਂਸੰਗਤ ਕਿਹਾ ਗਿਆ ਹੈ ਅਤੇ ਇਨ੍ਹਾਂ ਗ੍ਰੰਥਾਂ ਨੂੰ ਧਾਰਮਿਕ ਗ੍ਰੰਥਾਂ ਦਾ ਦਰਜਾ ਦਿੱਤਾ ਜਾਂਦਾ ਹੈ।

ਪੁਰਾਤਨ ਸਮਿਆਂ ਦੀ ਸਮਾਜਿਕ ਅਤੇ ਆਰਥਿਕ ਬਣਤਰ ਨੇ ਇਨ੍ਹਾਂ ਧਰਮ ਗ੍ਰੰਥਾਂ ਅਤੇ ਨਿਯਮਾਵਲੀਆਂ ਰਾਹੀਂ ਸਮਾਜ ਨੂੰ ਵਰਣ ਆਸ਼ਰਮ ਅਤੇ ਜਾਤ-ਪਾਤ ਦੇ ਅਧਾਰ ’ਤੇ ਵੰਡਿਆ ਅਤੇ ਦਲਿਤਾਂ ਨੂੰ ਦਬਾਉਣ, ਉਨ੍ਹਾਂ ਨੂੰ ਨੀਚ ਗਰਦਾਨਣ, ਉਨ੍ਹਾਂ ਦੀ ਛੋਹ ਨਾਲ ਭਿੱਟੇ ਜਾਣ ਅਤੇ ਉਨ੍ਹਾਂ ਉੱਤੇ ਜ਼ੁਲਮ ਕਰਨ ਨੂੰ ਸਹੀ ਠਹਿਰਾਉਣ ਵਾਲੇ ਵਰਤਾਰਿਆਂ ਨੂੰ ਇੰਨਾ ਪ੍ਰਚਲਿਤ ਕੀਤਾ ਕਿ ਅਜਿਹੇ ਵਰਤਾਰਿਆਂ ਅਤੇ ਸਮਝ ਨੂੰ ‘ਕੁਦਰਤੀ’ ਸਮਝਿਆ ਜਾਣ ਲੱਗਾ। ਇਨ੍ਹਾਂ ਵਿਤਕਰਿਆਂ ਦਾ ਵਿਰੋਧ ਹੋਇਆ। ਪੁਰਾਤਨ ਸਮਿਆਂ ਤੋਂ ਹੁੰਦਾ ਰਿਹਾ ਵਿਦਰੋਹ, ਮੱਧਕਾਲੀਨ ਸਮਿਆਂ ਵਿੱਚ ਸਿਖਰ ’ਤੇ ਪਹੁੰਚਿਆ। ਉੱਤਰੀ ਭਾਰਤ ਵਿੱਚ ਇਸ ਵਿਰੋਧ ਦਾ ਵਿਸਫੋਟ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਭਗਤ ਸਧਨਾ ਅਤੇ ਹੋਰ ਭਗਤਾਂ ਅਤੇ ਸੰਤਾਂ ਦੀ ਬਾਣੀ ਵਿੱਚ ਹੋਇਆ। ਭਗਤ ਕਬੀਰ ਨੇ ਅਤਿਅੰਤ ਵਿਦਰੋਹੀ ਸੁਰ ਵਿੱਚ ਬ੍ਰਾਹਮਣਾਂ ਨੂੰ ਪੁੱਛਿਆ, “ਜੋ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ। ਤਉ ਆਨ ਬਾਟ ਕਾਹੇ ਨਹੀਂ ਆਇਆ। “ਭਗਤ ਰਵਿਦਾਸ ਨੇ ਇਸ ਸਮਾਜਿਕ ਅਨਿਆਂ ਨੂੰ ਅਤਿਅੰਤ ਵੇਦਨਾਮਈ ਰੂਪ ਵਿੱਚ ਪ੍ਰਗਟ ਕੀਤਾ, “ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀਂ। ਮੇਰਾ ਕਰਮੁ ਕੁਟਿਲਤਾ ਜਨਮ ਕੁਭਾਂਤੀ।” ਵੇਦਨਾ ਅਤੇ ਦੁੱਖ ਨਾਲ ਲੜਦਿਆਂ ਉਨ੍ਹਾਂ ਨੇ ਸਾਡੇ ਸਾਹਮਣੇ ਬੇਗਮਪੁਰੇ ਦਾ ਸੰਕਲਪ ਰੱਖਿਆ। ਗੁਰੂ ਨਾਨਕ ਦੇਵ ਜੀ ਨੇ ਵਰਣ-ਆਸ਼ਰਮ ਅਤੇ ਜਾਤ-ਪਾਤ ਵਿਰੁੱਧ ਸੰਘਰਸ਼ ਨੂੰ ਆਪਣੇ ਵਿਚਾਰਾਂ ਦੀ ਚੂਲ ਬਣਾਉਂਦਿਆਂ ਆਖਿਆ, “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ। “ਰਾਗ ਆਸਾ ਵਿੱਚ ਉਨ੍ਹਾਂ ਕਿਹਾ, “ਹਉ ਢਾਢੀ ਕਾ ਨੀਚ ਜਾਤਿ ਹੋਰਿ ਉੱਤਮ ਜਾਤਿ ਸਦਾਇਦੇ।” ਸਿੱਖ ਧਰਮ ਨੇ ਜਾਤ ਪਾਤ ਖਤਮ ਕਰਨ ਦਾ ਵੱਡਾ ਯਤਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਪੰਜਵਾਂ ਸਾਹਿਬਜ਼ਾਦਾ ਮੰਨਿਆ।

ਉਪਰੋਕਤ ਯਤਨਾਂ ਕਾਰਨ ਪੰਜਾਬੀ ਸਮਾਜ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਹੋਰ ਸਮਾਜਾਂ ਤੋਂ ਜ਼ਿਆਦਾ ਜਮਹੂਰੀ ਤਾਂ ਬਣਿਆ ਪਰ ਜਾਤ ਪਾਤ ਦੀ ਵਿਸ਼-ਬੂਟੀ ਸਮਾਜ ਵਿੱਚ ਬਣੀ ਰਹੀ, ਸਮਾਜਿਕ ਸਬੰਧਾਂ ਨੂੰ ਦੂਸ਼ਿਤ ਕਰਦੀ ਰਹੀ ਹੈ ਅਤੇ ਹੁਣ ਵੀ ਕਰ ਰਹੀ ਹੈ। ਆਧੁਨਿਕ ਸਮਿਆਂ ਵਿੱਚ ਮਹਾਤਮਾ ਜੋਤੀਬਾ ਫੂਲੇ, ਪੇਰੀਆਰ, ਡਾ. ਬੀ.ਆਰ. ਅੰਬੇਡਕਰ, ਗਦਰੀ ਬਾਬਾ ਮੰਗੂ ਰਾਮ ਅਤੇ ਹੋਰਨਾਂ ਨੇ ਜਾਤ ਪਾਤ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ। ਇਨ੍ਹਾਂ ਯਤਨਾਂ ਨਾਲ ਜਾਤ-ਪਾਤ ਵਿਚਲੇ ਅਣਮਨੁੱਖੀ ਵਰਤਾਰੇ, ਜਿਵੇਂ ਭਿੱਟ ਅਤੇ ਦਲਿਤਾਂ ਨੂੰ ਅਛੂਤ ਸਮਝਣਾ, ਖਤਮ ਤਾਂ ਹੋਏ ਪਰ ਜਾਤੀਵਾਦ ਖਤਮ ਨਹੀਂ ਹੋਇਆ।

ਸਾਡੇ ਲਈ ਇਹ ਸੋਚਣਾ ਅਤਿਅੰਤ ਜ਼ਰੂਰੀ ਹੈ ਕਿ ਸਾਡਾ ਸਮਾਜ ਜਾਤੀਵਾਦ ਤੋਂ ਮੁਕਤ ਕਿਉਂ ਨਹੀਂ ਹੋ ਸਕਿਆ। ਵਰਣ-ਵੰਡ ਅਤੇ ਜਾਤੀਵਾਦ ਹਿੰਦੂ ਭਾਈਚਾਰੇ ਵਿੱਚ ਤਾਂ ਮੌਜੂਦ ਹੀ ਸੀ, ਪਰ ਬਾਅਦ ਵਿੱਚ ਆਏ ਇਸਲਾਮ, ਸਿੱਖ ਅਤੇ ਇਸਾਈ ਧਰਮਾਂ ਵਿੱਚ ਵੀ ਇਸਦਾ ਖਾਤਮਾ ਨਹੀਂ ਹੋਇਆ। ਸਿਧਾਂਤਕ ਤੌਰ ’ਤੇ ਇਹ ਧਰਮ ਜਾਤ-ਪਾਤ ਨਹੀਂ ਮੰਨਦੇ ਅਤੇ ਸਮਾਜਿਕ ਬਰਾਬਰੀ ਦਾ ਹੋਕਾ ਦਿੰਦੇ ਹਨ, ਪਰ ਜਾਤੀਵਾਦ ਅਤੇ ਇਸ ਨਾਲ ਜੁੜੀ ਸਮਾਜਿਕ ਨਾਬਰਾਬਰੀ ਹਰ ਧਰਮ ਵਿੱਚ ਕਾਇਮ ਹੈ। ਕਿਉਂ? ਸ਼ਾਇਦ ਇਸ ਲਈ ਕਿ ਧਰਮ ਸਮਾਜ ਵਿੱਚੋਂ ਪੈਦਾ ਹੁੰਦਾ ਹੈ; ਸਮਾਜ ਪਹਿਲਾਂ ਹੈ ਤੇ ਧਰਮ ਬਾਅਦ ਵਿੱਚ ਆਉਂਦਾ ਹੈ। ਸੰਕੀਰਨਤਾ ਦਾ ਸ਼ਿਕਾਰ ਹੋ ਗਏ ਸਮਾਜ ਵਿੱਚ ਕੁਝ ਤਬਦੀਲੀਆਂ ਤਾਂ ਲਿਆਂਦੀਆਂ ਜਾ ਸਕਦੀਆਂ ਹਨ ਪਰ ਉਸ ਨੂੰ ਪੂਰੀ ਤਰ੍ਹਾਂ ਬਦਲਣਾ ਬਹੁਤ ਲੰਮੇ ਸਮੇਂ ਦਾ ਸੰਘਰਸ਼ ਹੈ। ਸਦੀਆਂ ਤੋਂ ਜਾਤੀਵਾਦ ਅਤੇ ਮਰਦ ਪ੍ਰਧਾਨ ਸੋਚ ਸਾਡੇ ਸਮਾਜਾਂ ਨੂੰ ਸੇਧ ਦੇਣ ਵਾਲੇ ਅਸੂਲ (Organizing Principles) ਬਣੇ ਹੋਏ ਹਨ ਅਤੇ ਕਈ ਵਾਰ ਇਨ੍ਹਾਂ ਦੁਆਰਾ ਪੈਦਾ ਕੀਤੇ ਹਾਲਾਤ ਦਾ ਸਾਹਮਣਾ ਕਰਦੇ ਹੋਏ ਮਰਦ ਅਤੇ ਔਰਤਾਂ ਬੇਵੱਸ ਹੋ ਜਾਂਦੇ ਹਨ ਅਤੇ ਨਿਰਾਸ ਹੋ ਕੇ ਖੁਦਕੁਸ਼ੀ ਕਰ ਲੈਂਦੇ ਹਨ।

ਇੱਕ ਪਾਸੇ ਖੁਦਕੁਸ਼ੀ ਹੁੰਦੀ ਹੈ ਤੇ ਦੂਸਰੇ ਪਾਸੇ ਸਮਾਜਿਕ ਜਬਰ ਸਿਰ ਚੜ੍ਹ ਕੇ ਬੋਲਦਾ ਹੈ। ਸੰਵੇਦਨਸ਼ੀਲਤਾ ਗਾਇਬ ਹੋ ਜਾਂਦੀ ਹੈ, ਜਿਵੇਂ ਕਨੋਈ ਪਿੰਡ ਵਾਲੇ ਮਸਲੇ ਵਿੱਚ ਹੋਈ। ਸਰਕਾਰ, ਪ੍ਰਸ਼ਾਸਨ, ਪੁਲੀਸ ਅਤੇ ਭਾਈਚਾਰੇ ਨੇ ਪੀੜਿਤ ਪਰਿਵਾਰ ਦੀਆਂ ਭਾਵਨਾਵਾਂ ਦਾ ਤਾਂ ਖਿਆਲ ਕੀ ਕਰਨਾ ਸੀ ਸਗੋਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਾਇਆ ਗਿਆ। ਦਰਜ ਕੀਤੇ ਗਏ ਕੇਸ ਦੀ ਐੱਫ ਆਈ ਆਰ ਦਾ ਤੱਤਸਾਰ ਇਹ ਹੈ ਕਿ ਪਰਿਵਾਰ ਦੇ ਮੈਂਬਰਾਂ ਨੇ ਮ੍ਰਿਤਕ ਦਾ “ਪੋਸਟ ਮਾਰਟਮ ਕਰਵਾਉਣ ਦਾ ਨੋਟਿਸ ਲੈਣ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ (ਪਰਿਵਾਰ ਦੇ ਮੈਂਬਰਾਂ) ਅਤੇ ਕਾਂਗਰਸ ਦੇ ਇੱਕ ਆਗੂ ਨੇ ਲਾਸ਼ ਦਾ ਬਣਦਾ ਸਨਮਾਨ ਅਤੇ ਕਿਰਿਆ ਕਰਮ ਕਰਨ ਵਿੱਚ ਰੁਕਾਵਟ ਪਾਈ ਹੈ। ਮ੍ਰਿਤਕ ਸਨਮਦੀਪ ਸਿੰਘ ਉਰਫ ਸੰਨੀ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰਕੇ ਉਸਦੀ ਲਾਸ਼ ਦੀ ਨਿਰਾਦਰੀ ਕੀਤੀ ਹੈ।” ਇਹ ਹੈ ਹਕੂਮਤ ਦੀ ਭਾਸ਼ਾ ਜੋ ਪੀੜਿਤ ਪਰਿਵਾਰ ਉੱਤੇ ਹੀ ਇਲਜ਼ਾਮ ਲਾਉਂਦੀ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦਾ ਨਿਰਾਦਰ ਕੀਤਾ ਹੈ। ਇਹ ਅਸੰਵੇਦਨਸ਼ੀਲਤਾ ਦਾ ਸਿਖਰ ਹੈ।

ਇਸ ਤੋਂ ਅਗਲਾ ਸਿਖਰ ਹੈ ਪਰਿਵਾਰ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨਾ, ਪਰ ਇਸ ਨਾਲ ਵੀ ਸਰਕਾਰ, ਪ੍ਰਸ਼ਾਸਨ, ਪੁਲੀਸ ਅਤੇ ਸੱਤਾਮਈ ਧਿਰਾਂ ਦਾ ਢਿੱਡ ਨਹੀਂ ਭਰਦਾ। ਜਦੋਂ ਉਹ ਇਹ ਸਿੱਧ ਕਰ ਚੁੱਕੇ ਹਨ ਕਿ ਪਰਿਵਾਰ ਦੇ ਮੈਂਬਰ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦਾ ਨਿਰਾਦਰ ਕਰ ਚੁੱਕੇ ਹਨ ਤਾਂ ਉਸਦਾ ਸਨਮਾਨ ਕੌਣ ਕਰੇਗਾ? ਨਿਸ਼ਚੇ ਹੀ ਉਹ ‘ਸਨਮਾਨ’ ਪ੍ਰਸ਼ਾਸਨ, ਪੁਲੀਸ, ਸਰਕਾਰ ਤੇ ਪਿੰਡ ਦੇ ਕੁਝ ਮੋਹਤਬਰ ਬੰਦਿਆਂ ਦੇ ਹਿੱਸੇ ਆਉਂਦਾ ਹੈ; ਉਹ ਪਰਿਵਾਰ ਦੇ ਮੈਂਬਰਾਂ ਦੀ ਗੈਰਹਾਜ਼ਰੀ ਵਿੱਚ ਮ੍ਰਿਤਕ ਦੇਹ ਦਾ ਸਸਕਾਰ ਕਰਦੇ ਹਨ, ਦੇਹ ਨੂੰ ਘਰ ਵੀ ਨਹੀਂ ਲਿਜਾਇਆ ਜਾਂਦਾ।

ਇਸ ਤਰ੍ਹਾਂ ਅੱਜ ਪੰਜਾਬ ਆਪਣੇ ਉਸ ਪੁੱਤਰ ਦੀ ਦੇਹ ਦਾ ‘ਸਨਮਾਨ’ ਕਰ ਰਿਹਾ ਹੈ, ਜਿਸਨੇ ਸਮਾਜਿਕ ਜਬਰ ਤੋਂ ਤੰਗ ਆ ਕੇ ਆਪਣੀ ਜਾਨ ਖੁਦ ਲੈ ਲਈ। ਅਸੀਂ ਦੇਖ ਸਕਦੇ ਹਾਂ ਕਿ ਅਸੀਂ ਅਨੈਤਿਕਤਾ ਦੇ ਸਾਗਰ ਵਿੱਚ ਡੁੱਬ ਰਹੇ ਹਾਂ। ਸੋਸ਼ਲ ਮੀਡੀਆ ’ਤੇ ਘੁੰਮ ਰਹੀ ਇੱਕ ਹੋਰ ਪੋਸਟ ਵਿੱਚ ਕੁਝ ਪਿੰਡਾਂ ਦੇ ਮੋਹਤਬਰ ਲੋਕ ਇਕੱਠੇ ਹੋਏ ਹਨ, ਜਿਸ ਵਿੱਚ ਇੱਕ ਸੱਜਣ ਬੋਲਦਾ ਹੈ ਕਿ ਅਜਿਹੀ ਕਾਰਵਾਈ (ਖੁਦਕੁਸ਼ੀ) ਅਤੇ ਇਸ ਤੋਂ ਬਾਅਦ ਸਥਾਨਕ ਆਗੂਆਂ ਉੱਤੇ ਲੱਗ ਰਹੇ ਇਲਜ਼ਾਮ ਦਿਹਾਤੀ ਭਾਈਚਾਰੇ ਲਈ ਖਤਰਨਾਕ ਹਨ; ਜੇ ਇਸ ਤਰ੍ਹਾਂ ਹੁੰਦਾ ਰਿਹਾ ਤਾਂ ਸਰਪੰਚ ਆਪਣਾ ਕੰਮ ਕਿਵੇਂ ਚਲਾਉਣਗੇ; ਕੰਮਕਾਜ ਦੌਰਾਨ ਕਈ ਵਾਰ ਅਜਿਹੇ ਬੋਲ ਬੋਲੇ ਜਾਂਦੇ ਹਨ।

ਇਸ ਸੱਜਣ ਨੂੰ ਇਹੋ ਜਵਾਬ ਦਿੱਤਾ ਜਾ ਸਕਦਾ ਹੈ ਕਿ ਹਾਂ ਜਨਾਬ, ਤੁਸੀਂ ਬਿਲਕੁਲ ਠੀਕ ਬੋਲ ਰਹੇ ਹੋ; ਹਾਕਮਾਂ ਅਤੇ ਮੋਹਤਬਰਾਂ ਨੂੰ ਹੱਕ ਹੈ ਕਿ ਉਹ ਕਾਮਿਆਂ ਅਤੇ ਦਲਿਤਾਂ ਵਿਰੁੱਧ ਜਿਵੇਂ ਜੀਅ ਕਰੇ ਬੋਲਣ; ਉਨ੍ਹਾਂ ਦਾ ਅਪਮਾਨ ਕਰਨ, ਕਾਮੇ ਅਤੇ ਦਲਿਤ ਉਸ ਅਪਮਾਨ ਨੂੰ ਸਹਿ ਲੈਣ, ਗੁੱਸਾ ਨਾ ਕਰਨ, ਖੁਦਕੁਸ਼ੀਆਂ ਨਾ ਕਰਨ। ਅਸਲ ਵਿੱਚ ਕਿਹਾ ਇਹ ਜਾ ਰਿਹਾ ਹੈ ਕਿ ਤੁਸੀਂ ਸਮਾਜ ਵਿੱਚ ਆਪਣਾ ਦਰਜਾ ਪਛਾਣੋ, ਆਪਣੀ ਹਸਤੀ ਅਤੇ ਔਕਾਤ ਪਛਾਣੋ, ਰੌਲਾ ਨਾ ਪਾਓ, ਬੋਲੋ ਨਾ; ਵਿਦਰੋਹ ਨਾ ਕਰੋ; ਚੁੱਪ ਰਹੋ; ਚਾਹੇ ਤੁਸੀਂ ਗੁਲਜ਼ਾਰ ਸਿੰਘ ਦਾ ਪਰਿਵਾਰ ਹੋ ਜਾਂ ਸਨਮਦੀਪ ਸਿੰਘ ਦਾ ਪਰਿਵਾਰ ਜਾਂ ਬਰਨਾਲੇ ਵਿੱਚ ਕੁੱਟੇ ਗਏ ਸਫਾਈ ਸੇਵਕ ਜਾਂ ਪਿੰਡ ਦੀ ਸ਼ਾਮਲਾਟ ਵਿੱਚ ਹਿੱਸਾ ਮੰਗਦੇ ਦਲਿਤ ਜਾਂ ਖੇਤ ਮਜ਼ਦੂਰ ਆਗੂ ਹਮਰੇਸ਼ ਮਾਲੜੀ, ਤੁਸੀਂ ਚੁੱਪ ਰਹੋ। ਸਵਾਲ ਇਹ ਹੈ ਕੀ ਉਨ੍ਹਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ;

ਸਾਨੂੰ ਦੱਸਿਆ ਗਿਐ
ਅਸੀਂ ਹਾਰੇ ਹੋਏ ਹਾਂ
ਸਾਨੂੰ ਚੁੱਪ ਰਹਿਣਾ ਚਾਹੀਦੈ
ਦਲਿਤ ਹਾਂ
ਸਾਨੂੰ ਚੁੱਪ ਰਹਿਣਾ ਚਾਹੀਦੈ
ਘੱਟਗਿਣਤੀ ਵਿੱਚ ਹਾਂ
ਸਾਨੂੰ ਚੁੱਪ ਰਹਿਣਾ ਚਾਹੀਦੈ
ਕਿਸਾਨ ਮਜ਼ਦੂਰ ਹਾਂ
ਖੁਦਕੁਸ਼ੀ ਦੀਆਂ ਗਲੀਆਂ ਵਿੱਚ
ਅੰਨ੍ਹੇਵਾਹ ਦੌੜਨ ਲਈ ਮਜਬੂਰ ਹਾਂ
ਆਪਣੀ ਹਾਰ ਦੀ ਵਹਿਸ਼ਤ ਲਈ ਮਸ਼ਹੂਰ ਹਾਂ
ਸਾਡੇ ਵਿੱਚ ਅਨੁਸ਼ਾਸਨ ਨਹੀਂ
ਠੀਕ ਭਾਸ਼ਾ ਨਹੀਂ
; ਭਾਸ਼ਣ ਨਹੀਂ
ਇਸ ਲਈ
,
ਸਾਨੂੰ ਚੁੱਪ ਰਹਿਣਾ ਚਾਹੀਦੈ
ਸਾਨੂੰ ਦੱਸਿਆ ਗਿਐ
ਸਾਨੂੰ ਚੁੱਪ ਦੀ ਬਹੁਤ ਲੋੜ ਹੈ
ਕਾਰਖਾਨਿਆਂ ਵਿੱਚ ਅਤੇ ਕਿਤਾਬਖਾਨਿਆਂ ਵਿੱਚ
ਖੇਤਾਂ ਵਿੱਚ ਅਤੇ ਮੈਖਾਨਿਆਂ ਵਿੱਚ
ਸਰੀਰਾਂ ਵਿੱਚ ਅਤੇ ਸਨਮਖਾਨਿਆਂ ਵਿੱਚ
ਪੈਦਾਵਾਰ ਵਧਾਉਣ ਲਈ
ਸੈਨਸੈਕਸ ਨੂੰ ਬਚਾਉਣ ਲਈ
ਦੇਸ਼ ਦੀ ਤਰੱਕੀ ਲਈ
ਹੱਡੀਆਂ ਦਾ ਸੁਰਮਾ ਬਣਾਉਂਦੀ ਚੱਕੀ ਲਈ
ਚੁੱਪ ਦੀ ਅਤਿਅੰਤ ਲੋੜ ਹੈ
ਸਾਨੂੰ ਚੁੱਪ ਰਹਿਣਾ ਚਾਹੀਦੈ
ਸਹਿਮਤੀ ਦੇ ਨਿਜ਼ਾਮ ਲਈ
ਹਰ ਸੋਹਣੀ ਸ਼ਾਮ ਲਈ
ਸਾਨੂੰ ਚੁੱਪ ਰਹਿਣਾ ਚਾਹੀਦੈ
ਕਿਸਾਨਾਂ ਨੂੰ ਚੁੱਪ ਰਹਿਣਾ ਚਾਹੀਦੈ
ਮਜ਼ਦੂਰਾਂ ਨੂੰ ਚੁੱਪ ਰਹਿਣਾ ਚਾਹੀਦੈ
ਕੁੜੀਆਂ ਅਤੇ ਵਿਦਿਆਰਥੀਆਂ ਨੂੰ ਚੁੱਪ ਰਹਿਣਾ ਚਾਹੀਦੈ
ਦਲਿਤਾਂ
, ਦਮਿਤਾਂ ਅਤੇ ਮਾਹੀਗੀਰਾਂ ਨੂੰ ਚੁੱਪ ਰਹਿਣਾ ਚਾਹੀਦੈ
ਹੋਠਾਂ ਅਤੇ ਸਰੀਰਾਂ ਨੂੰ ਚੁੱਪ ਰਹਿਣਾ ਚਾਹੀਦੈ
ਮਰੁੰਡੇ ਹੋਏ ਰੁੱਖਾਂ
ਕਿੱਕਰਾਂ ਅਤੇ ਕਰੀਰਾਂ ਨੂੰ ਚੁੱਪ ਰਹਿਣਾ ਚਾਹੀਦੈ
ਸਾਨੂੰ ਸਾਰਿਆਂ ਨੂੰ ਚੁੱਪ ਰਹਿਣਾ ਚਾਹੀਦੈ
ਕੀ ਸਾਨੂੰ ਚੁੱਪ ਰਹਿਣਾ ਚਾਹੀਦੈ?

ਅਸਲ ਵਿੱਚ ਸੱਤਾਧਾਰੀ ਧਿਰਾਂ ਦਲਿਤਾਂ, ਦਮਿਤਾਂ, ਕਾਮਿਆਂ ਤੇ ਮਜ਼ਦੂਰਾਂ ਨੂੰ ਇਹ ਕਹਿ ਰਹੀਆਂ ਹਨ, “ਕੀ ਹੋਇਆ ਜੇ ਤੁਹਾਡੇ ਕੋਲ ਰਵਿਦਾਸ-ਬਾਣੀ ਹੈ; ਕੀ ਹੋਇਆ ਜੇ ਤੁਹਾਡੇ ਕੋਲ ਦੁੱਖਾਂ ਦੀ ਕਹਾਣੀ ਹੈ; ਕੀ ਹੋਇਆ ਜੇ ਤੁਹਾਡੇ ਕੋਲ ਅੰਬੇਡਕਰ ਦੇ ਬੋਲ ਹਨ ... ਸਾਡੇ ਕੋਲ ਅੰਬੇਡਕਰ ਦੀ ਤਸਵੀਰ ਹੈ; ਸੱਤਾ ਦੀ ਤਹਿਰੀਰ ਹੈ; ਤੁਸੀਂ ਚੁੱਪ ਰਹੋ... ਤੁਸੀਂ ਚੁੱਪ ਰਹੋ।”

ਸੱਤਾ ਇਹ ਵੀ ਕਹਿ ਰਹੀ ਹੈ;

ਤੁਸੀਂ ਕਨੋਈ, ਸ਼ੇਰੋਂ, ਬੰਜਾਰਾ ਤੂਰ ਹੋ,
ਤਲਵੰਡੀ ਸਲੇਮ
, ਸ਼ਾਦੀਹਰੀ ਮੰਡੌਰ, ਜਲੂਰ ਹੋ,
ਪਰ ਚੰਡੀਗੜ੍ਹ ਤੋਂ ਬਹੁਤ ਦੂਰ ਹੋ,
ਤੁਸੀਂ ਚੁੱਪ ਰਹੋ।...

ਸਵਾਲ ਉਹੀ ਹੈ ਕਿ ਕੀ ਸਾਨੂੰ ਚੁੱਪ ਰਹਿਣਾ ਚਾਹੀਦਾ ਹੈ?

(ਹਰਗਿਜ਼ ਨਹੀਂ ... ‘ਸਰੋਕਾਰ’।)

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਸਵਰਾਜਬੀਰ

ਸਵਰਾਜਬੀਰ

WhatsApp: (91 - 95010 - 13006)
Email: (swarajbeer@yahoo.co.in)