JagsirSJaggi7“ਮਾਮਾ ਜੀ ਦਾ ਜ਼ਿੰਦਗੀ ਜਿਊਣ ਪ੍ਰਤੀ ਸਕਾਰਾਤਮਕ ਰਵਈਆ ਦੇਖ ਕੇ ਬੰਦਾ ...”16 October 2026 2
(16 ਅਕਤੂਬਰ 2026)

 

16 October 2026 2


ਇੱਕ ਦਿਨ ਅਚਾਨਕ ਮਾਮਾ ਜੀ ਦਾ ਫੋਨ ਆਇਆ ਕਿ ਭਾਈ
, ਅੱਜ ਮੇਰਾ ਪੈਤੀਵਾਂ, ਜੀਹਨੂੰ ਤੁਸੀਂ ਜਨਮ-ਦਿਨ ਜਾ ਹੈਪੀ ਬਰਥਡੇ ਕਹਿੰਨੇ ਹੁੰਨੇ ਓਂ, ਉਹ ਆ। ਮੈਂ ਸੋਚਿਆ ਕਿ ਮਾਮਾ ਜੀ ਤਾਂ ਲਗਭਗ ਸੱਠ ਕੁ ਸਾਲਾਂ ਦੇ ਨੇੜੇ-ਤੇੜੇ ਹੋਣਗੇ, ਇਹ ਪੈਂਤੀਵਾਂ ਜਨਮ-ਦਿਨ ਕਿਵੇਂ। ਫਿਰ ਉਹ ਮੇਰੇ ਪੁੱਛਣ ’ਤੇ ਦੱਸਣ ਲੱਗੇ, “ਅੱਜ ਮੈਨੂੰ ਪੱਕੇ ਤੌਰ ’ਤੇ ਬੈੱਡ ’ਤੇ ਪਏ ਨੂੰ ਪੈਂਤੀ ਸਾਲ ਹੋ ਗਏ ਕਿਉਂਕਿ ਉਸ ਦਿਨ ਤੋਂ ਬਾਅਦ ਮੇਰੀ ਇਸ ਕਮਰੇ ਨਾਲ ਅਤੇ ਬੈੱਡ ਨਾਲ ਸਾਂਝ ਹੋਰ ਗੂੜ੍ਹੀ ਹੋਈ ਸੀ ਤੇ ਮੈਂ ਇੱਕ ਵੱਖਰੀ ਤਰ੍ਹਾਂ ਨਾਲ ਜ਼ਿੰਦਗੀ ਜਿਊਣੀ ਸ਼ੁਰੂ ਕੀਤੀ ਸੀ। ਇਸ ਕਰਕੇ ‘ਭਾਈ’ ਮੈਂ ਇਸ ਦਿਨ ਨੂੰ ਆਪਣਾ ਨਵਾਂ ਜਨਮ-ਦਿਨ ਹੀ ਸਮਝਦਾਂ ...।”

ਲਗਭਗ ਚਾਲੀ ਵਰ੍ਹੇ ਪਹਿਲਾਂ ਪਿੰਡ ਦਾਨੇਵਾਲਾ (ਮਾਨਸਾ) ਤੋਂ ਸ਼ਰਧਾਲੂਆਂ ਦਾ ਭਰਿਆ ਇੱਕ ਟਰੱਕ ਕੁਲਾਣਾ, ਮਾਤਾ ਸ਼ੀਤਲਾ ਦੇ ਦਰਸ਼ਨ ਕਰਨ ਲਈ ਜਾ ਰਿਹਾ ਸੀ‌। ਉਸ ਵਿੱਚ ਕਾਫੀ ਬਜ਼ੁਰਗ, ਨੌਜਵਾਨ ਮਰਦ-ਔਰਤਾਂ ਸ਼ਾਮਲ ਸਨ। ਬੁਢਲਾਡਾ ਤੋਂ ਕੁਲਾਣਾ ਜਾਣ ਵਾਲੀ ਸੜਕ ਇੱਕ ਰੇਲਵੇ ਲਾਈਨ ਨੂੰ ਕੱਟਦੀ ਹੈ। ਉਸ ਵੇਲੇ ਉੱਥੇ ਕੋਈ ਫਾਟਕ ਨਹੀਂ ਹੁੰਦਾ ਸੀ। ਜਦੋਂ ਸ਼ਰਧਾਲੂਆਂ ਨਾਲ ਭਰਿਆ ਟਰੱਕ ਉਸ ਰੇਲਵੇ ਲਾਈਨ ਤੋਂ ਲੰਘਣ ਲੱਗਿਆ ਤਾਂ ਉਸੇ ਵੇਲੇ ਰੇਲਗੱਡੀ ਆ ਗਈ, ਜਿਸ ਕਰਕੇ ਸ਼ਰਧਾਲੂਆਂ ਦਾ ਭਰਿਆ ਟਰੱਕ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਉਸ ਟਰੱਕ ਵਿੱਚ ਮਾਮਾ ਜੀ ਰਾਮਦਿਆਲ ਸਿੰਘ ਤੇ ਉਨ੍ਹਾਂ ਦੇ ਵੱਡੇ ਭਰਾ ਵੀ ਸਵਾਰ ਸਨ। ਇਸ ਹਾਦਸੇ ਵਿੱਚ ਕਈ ਹੋਰ ਸ਼ਰਧਾਲੂਆਂ ਸਮੇਤ ਮਾਮਾ ਜੀ ਦੇ ਵੱਡੇ ਭਰਾ ਦੀ ਮੌਤ ਹੋ ਗਈ ਤੇ ਮਾਮਾ ਰਾਮਦਿਆਲ ਸਿੰਘ ਦੀ ਰੀੜ੍ਹ ਦੀ ਹੱਡੀ ’ਤੇ ਗੰਭੀਰ ਸੱਟ ਲੱਗ ਗਈ।

ਮਾਮਾ ਜੀ ਦਾ ਬਹੁਤ ਇਲਾਜ ਕਰਵਾਇਆ ਗਿਆ, ਪਰ ਉਹ ਠੀਕ ਨਹੀਂ ਹੋਏ। ਵੀਹ ਕੁ ਸਾਲ ਪਹਿਲਾਂ ਤਾਂ ਉਨ੍ਹਾਂ ਦੇ ਬਾਥਰੂਮ ਵਾਲੀ ਪਾਈਪ ਵੀ ਲੱਗ ਗਈ। ਪੁੜਿਆਂ ’ਤੇ ਹੁੰਦੇ ਜ਼ਖਮਾਂ ਦੇ ਅਸਹਿ ਦਰਦ ਅਤੇ ਬੇਜਾਨ ਹੋਈਆਂ ਦੋਵਾਂ ਲੱਤਾਂ ਦੀ ਬੇਅੰਤ ਪੀੜ ਨੂੰ ‘ਰੱਬ ਦੀ ਰਜ਼ਾ’ ਤੇ ‘ਵਾਹਿਗੁਰੂ ਵੱਲੋਂ ਮਿਲਿਆ ਪ੍ਰਸ਼ਾਦ ਸਮਝ’ ਕੇ ਅਖੀਰ ਉਨ੍ਹਾਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ।

ਮਾਮਾ ਜੀ ਉਨ੍ਹਾਂ ਵੇਲਿਆਂ ਵਿੱਚ ਗਿਆਨੀ ਪਾਸ ਸਨ ਤੇ ਬੱਚਿਆਂ ਨੂੰ ਪ੍ਰਾਈਵੇਟ ਤੌਰ ’ਤੇ ਪੜ੍ਹਾਉਂਦੇ ਵੀ ਸਨ, ਜਿਸ ਕਰਕੇ ਸਾਰਾ ਪਿੰਡ ਉਨ੍ਹਾਂ ਨੂੰ ਗਿਆਨੀ ਜਾਂ ਮਾਸਟਰ ਜੀ ਕਹਿੰਦਾ ਸੀ। ਸੱਟ ਲੱਗਣ ਤੋਂ ਬਾਅਦ ਮਾਮਾ ਜੀ ਨੇ ਹੌਸਲਾ ਨਹੀਂ ਹਾਰਿਆ, ਉਹ ਪਰਿਵਾਰ ਦੇ ਸਹਿਯੋਗ ਨਾਲ ਡੇਅਰੀ ਖੋਲ੍ਹ ਕੇ ਦੁੱਧ ਦਾ ਕਾਰੋਬਾਰ ਕਰਨ ਲੱਗੇ। ਉਨ੍ਹਾਂ ਦਾ ਆਪਣਾ ਵਿਆਹ ਨਹੀਂ ਹੋਇਆ ਸੀ; ਉਨ੍ਹਾਂ ਨੇ ਆਪਣੇ ਭਾਈ-ਭਤੀਜਿਆਂ ਨੂੰ ਹੀ ਆਪਣਾ ਪਰਿਵਾਰ ਮੰਨਿਆ। ਉਨ੍ਹਾਂ ਨੇ ਆਪਣੇ ਅਧਿਆਪਕ ਬਣਨ ਦਾ ਸੁਪਨਾ ਆਪਣੇ ਭਤੀਜੇ ਨੂੰ ਅਧਿਆਪਕ ਬਣਾ ਕੇ ਪੂਰਾ ਕੀਤਾ। ਉਹ ਬੈੱਡ ’ਤੇ ਪਏ ਹੋਣ ਦੇ ਬਾਵਜੂਦ ਵੀ ਕਿਸੇ ’ਤੇ ਬੋਝ ਬਣਨ ਦੀ ਥਾਂ ਸਹਾਰਾ ਹੀ ਬਣੇ ਹਨ। ਸਾਰਾ ਪਰਿਵਾਰ ਵੀ ਉਚੇਚੇ ਤੌਰ ’ਤੇ ਉਨ੍ਹਾਂ ਦੇ ਕਹਿਣੇ ਵਿੱਚ ਹੈ ਤੇ ਪੂਰੀ ਸੇਵਾ ਵੀ ਕਰਦਾ ਹੈ। ਪਿੰਡ ਦਾ ਵੀ ਹਰ ਇੱਕ ਬੰਦਾ ਉਨ੍ਹਾਂ ਕੋਲ ਗਾਹੇ-ਬਗਾਹੇ ਗੇੜਾ ਮਾਰਦਾ ਰਹਿੰਦਾ ਹੈ।

ਮਾਮਾ ਜੀ ਹਰ ਰੋਜ਼ ਡਾਇਰੀ ਲਿਖਦੇ ਹਨ, ਪੈਸੇ-ਟਕੇ ਦਾ ਹਿਸਾਬ ਤਾਂ ਉਹ ਬਹੁਤ ਪੁਰਾਣੇ ਵੇਲੇ ਤੋਂ ਲਿਖਦੇ ਆ ਰਹੇ ਹਨ। ਉਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਕਿ ਕੌਣ ਕਿਹੜੇ ਦਿਨ ਆਇਆ ਸੀ। ਸਾਡਾ ਸਭ ਤੋਂ ਵੱਧ ਗੇੜਾ ਉਨ੍ਹਾਂ ਕੋਲ ਹੀ ਲਗਦਾ ਹੈ ਕਿਉਂਕਿ ਜਦੋਂ ਵੀ ਉਨ੍ਹਾਂ ਦਾ ਬੁਲਾਵਾ ਆਉਂਦਾ ਤਾਂ ਆਪ-ਮੁਹਾਰੇ ਹਾਂ ਦਾ ਹੁੰਗਾਰਾ ਭਰਿਆ ਜਾਂਦਾ ਹੈ। ਉਨ੍ਹਾਂ ਨੂੰ ਸਾਡਾ ਉੱਥੇ ਆਉਣ-ਜਾਣ ਵਾਲਾ ਹਰ ਦਿਨ ਯਾਦ ਹੁੰਦਾ ਹੈ। ਭਾਵੇਂ ਦੇਖਦਿਆਂ-ਦੇਖਦਿਆਂ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਇਸ ਜਹਾਨ ਤੋਂ ਰੁਖਸਤ ਹੋ ਗਏ, ਪਰ ਉਹ ਇਹ ਸਭ ਕੁਝ ‘ਤੇਰਾ ਕੀਆ ਮੀਠਾ ਲਾਗੈ’ ਮੰਨਦਿਆਂ ਅਡੋਲ ਰਹੇ। ਤੁਰ ਗਿਆਂ ਦੀ ਯਾਦ ਨੂੰ ਹਮੇਸ਼ਾ ਹਰਾ ਰੱਖਣ ਲਈ ਉਨ੍ਹਾਂ ਨੇ ਉਨ੍ਹਾਂ ਦੇ ਨਾਂ ’ਤੇ ਰੁੱਖ ਲਾਏ ਹਨ। ਇਸ ਤੋਂ ਇਲਾਵਾ ਹਰ ਖੁਸ਼ੀ ’ਤੇ ਉਹ ਗੁਰੂ ਘਰ ਅਤੇ ਸਕੂਲ ਨੂੰ ਬਰਾਬਰ ਦਾ ਦਰਜਾ ਦਿੰਦਿਆਂ ਬਰਾਬਰ ਹੀ ਤਿਲ-ਫੁੱਲ ਭੇਟਾ ਕਰਦੇ ਰਹਿੰਦੇ ਹਨ। ਉਹ ਆਪਣੀਆਂ ਖੁਸ਼ੀਆਂ ਨੂੰ ਆਪਣੇ ਬਚਪਨ ਦੇ ਦੋਸਤਾਂ, ਸਾਕ-ਸੰਬੰਧੀਆਂ ਅਤੇ ਪਰਿਵਾਰ ਦੇ ਜੀਆਂ ਰਾਹੀਂ ਮਾਣਦੇ ਹਨ।

ਆਮ ਤੌਰ ’ਤੇ ਕੋਈ ਵਿਅਕਤੀ ਦੋ-ਚਾਰ ਦਿਨ ਜਾਂ ਹਫਤਾ ਕਿਤੇ ਮੰਜੇ ’ਤੇ ਪੈ ਜਾਵੇ ਤਾਂ ਉਹ ਅੱਧਾ ਰਹਿ ਜਾਂਦਾ ਹੈ, ਪਰ ਮਾਮਾ ਜੀ ਦਾ ਜ਼ਿੰਦਗੀ ਜਿਊਣ ਪ੍ਰਤੀ ਸਕਾਰਾਤਮਕ ਰਵਈਆ ਦੇਖ ਕੇ ਬੰਦਾ ਇੱਕ ਨਵੀਂ ਊਰਜਾ ਨਾਲ ਭਰ ਜਾਂਦਾ ਹੈ। ਮਾਮਾ ਜੀ ਦੀਆਂ ਗੱਲਾਂ ਸੁਣ ਕੇ ਢਹਿੰਦੀ ਕਲਾ ਵੱਲ ਗਿਆ ਇਨਸਾਨ, ਚੜ੍ਹਦੀਕਲਾ ਦੇ ਰਾਹਾਂ ਵੱਲ ਹੋ ਤੁਰਦਾ ਹੈ‌। ਉਨ੍ਹਾਂ ਨੂੰ ਦੇਖ ਕੇ ਦੇਖਣ ਵਾਲੇ ਨੂੰ ਆਪਣੀਆਂ ਦੁੱਖ-ਤਕਲੀਫਾਂ ਤੁੱਛ ਨਜ਼ਰ ਆਉਣ ਲੱਗ ਪੈਂਦੀਆਂ ਹਨ। ਇੱਕ ਅਖਬਾਰ, ਕੰਧ ’ਤੇ ਟੰਗਿਆ ਕੈਲੰਡਰ, ਸਿਰਹਾਣੇ ਪਈ ਹਿਸਾਬ-ਕਿਤਾਬ ਵਾਲੀ ਕਾਪੀ ਤੇ ਕੁਝ ਧਾਰਮਿਕ ਕਿਤਾਬਾਂ ਨਾਲ ਤਾਂ ਜਿਵੇਂ ਉਨ੍ਹਾਂ ਦਾ ਦਿਲ ਧੜਕਦਾ ਹੈ‌। ਉਨ੍ਹਾਂ ਨਾਲ ਗੱਲ ਕਰਦਿਆਂ ਕਈ ਵਾਰ ਲਗਦਾ ਹੈ ਜਿਵੇਂ ਕੋਈ ਨਾਵਲ ਜਾਂ ਕਹਾਣੀ ਪੜ੍ਹ ਰਹੇ ਹੋਈਏ। ਕਈ ਵਾਰ ਲਗਦਾ ਹੈ ਜਿਵੇਂ ਕਿਸੇ ਵਿਦਵਾਨ ਜਾਂ ਮਹਾਂਪੁਰਖ ਦੀ ਸੰਗਤ ਕਰਦੇ ਹੋਈਏ ਤੇ ਰੱਬ ਕਰੇ ਇਹ ਸਿਲਸਿਲਾ ਨਿਰੰਤਰ ਨਿਰਵਿਘਨ ਚਲਦਾ ਰਹੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਜਗਸੀਰ ਸਿੰਘ ਜੱਗੀ

ਜਗਸੀਰ ਸਿੰਘ ਜੱਗੀ

WhatsApp: (91 - 98551 - 38202)
Email: (jggisingh231@gmail.com)