“ਜਿਸ ਰਾਤ ਦੀ ਸ਼ੁਰੂਆਤ ਉਸ ਸਮੇਂ ਦਾਦੇ ਦਾਦੀ ਦੀਆਂ ਬਾਤਾਂ ਨਾਲ ਸ਼ੁਰੂ ਹੁੰਦੀ ਸੀ ...”
(13 ਅਕਤੂਬਰ 2026)
ਪੋਹ ਮਾਘ ਦੀ ਦੰਦ ਕੜਕੀਲੀ ਠੰਢ; ਸੂਰਜ ਦਾ ਨਾਮੋਂ ਨਿਸ਼ਾਨ ਨਹੀਂ। ਹਰ ਪਾਸੇ ਧੁੰਦ ਦਾ ਪਸਾਰਾ; ਠਰੂੰ-ਠਰੂੰ ਕਰਦੇ ਲੋਕ; ਸੁੰਨ ਹੋਈ ਜਾਂਦੇ ਹੱਥ ਪੈਰ। ਇੰਝ ਲਗਦਾ ਸੀ ਜਿਵੇਂ ਦਿਨ ਹੀ ਰੁਕ ਗਿਆ ਹੋਵੇ। ਰਜਾਈ ਵਿੱਚ ਬੈਠੇ ਵੀ ਠੰਢੇ ਹੁੰਦੇ ਹੱਥ-ਪੈਰ ਸਰਦੀ ਦੇ ਕਹਿਰ ਨੂੰ ਮਹਿਸੂਸ ਕਰਵਾ ਰਹੇ ਸਨ। ਇੰਨੇ ਵਿੱਚ ਹੀ ਮੇਰੀਆਂ ਯਾਦਾਂ ਦਾ ਤਾਣਾਬਾਣਾ ਮੈਨੂੰ ਵੀਹ-ਪੱਚੀ ਸਾਲ ਪਹਿਲਾਂ ਦੇ ਪੋਹ ਮਾਘ ਦੇ ਮਹੀਨੇ ਵਿੱਚ ਲੈ ਗਿਆ। ਮੈਨੂੰ ਆਪਣੇ ਬਚਪਨ ਦਾ ਉਹ ਸਮਾਂ ਯਾਦ ਆ ਗਿਆ ਜਦੋਂ ਘਰ ਵਿੱਚ ਸਭ ਤੋਂ ਵੱਡੀ ਅਤੇ ਇਕੱਲੀ ਹੋਣ ਕਰਕੇ ਮੈਨੂੰ ਬਹੁਤ ਲਾਡ ਪਿਆਰ ਮਿਲਿਆ ਸੀ। ਮੇਰੇ ਤੋਂ ਬਾਅਦ ਤਿੰਨ ਭੈਣਾਂ ਹੋਰ ਵੀ ਸਨ। ਹਾਲਾਂਕਿ ਘਰ ਵਿੱਚ ਕਦੇ ਕੁੜੀ ਅਤੇ ਮੁੰਡੇ ਵਿੱਚ ਫਰਕ ਨਹੀਂ ਸੀ ਦੇਖਿਆ ਪਰ ਜਿੰਨਾ ਪਿਆਰ ਮੈਨੂੰ ਮਿਲਿਆ, ਉਸ ਤੋਂ ਸ਼ਾਇਦ ਮੇਰੀਆਂ ਛੋਟੀਆਂ ਭੈਣਾਂ ਵਾਂਝੀਆਂ ਰਹਿ ਗਈਆਂ। ਆਪਣੀ ਦਾਦੀ ਦੇ ਨਾਲ ਮੇਰਾ ਬਹੁਤ ਪਿਆਰ ਸੀ। ਬੜੀਆਂ ਹੀ ਚੂਰੀਆਂ ਕੁੱਟ-ਕੁੱਟ ਕੇ ਖਵਾਈਆਂ ਮੈਨੂੰ ਮੇਰੀ ਦਾਦੀ ਜੀ ਨੇ। ਜਿੱਥੇ ਜਾਣਾ, ਉਹਨੇ ਮੈਨੂੰ ਆਪਣੇ ਨਾਲ ਰੱਖਣਾ। ਮੈਂ ਉਨ੍ਹਾਂ ਦੇ ਨਾਲ ਹੀ ਸੌਣਾ ਤੇ ਉਨ੍ਹਾਂ ਨਾਲ ਹੀ ਉੱਠਣਾ। ਮੁੰਡੇ ਦੇ ਵਿਆਹ ਵਿੱਚ ਗਾਈਆਂ ਜਾਣ ਵਾਲੀਆਂ ਘੋੜੀਆਂ ਮੈਨੂੰ ਪੰਜ ਛੇ ਸਾਲ ਦੀ ਉਮਰੇ ਹੀ ਮੇਰੀ ਦਾਦੀ ਨੇ ਸਿਖਾ ਦਿੱਤੀਆਂ। ਆਂਢ-ਗੁਆਂਢ ਵਿੱਚ ਜਦੋਂ ਕੋਈ ਵਿਆਹ ਹੁੰਦਾ ਤਾਂ ਅਸੀਂ ਦਾਦੀ-ਪੋਤੀ ਰਲ਼ ਕੇ ਘੋੜੀਆਂ ਗਾਇਆ ਕਰਦੀਆਂ; ਸਾਰੇ ਬੜੇ ਹੀ ਖੁਸ਼ ਹੁੰਦੇ।
ਮੇਰੀਆਂ ਛੋਟੀਆਂ ਭੈਣਾਂ ਅਤੇ ਭਰਾ ਨਾਲ ਵੀ ਦਾਦੀ ਜੀ ਦਾ ਮੋਹ ਪਿਆਰ ਘੱਟ ਨਹੀਂ ਸੀ। ਕਹਿੰਦੇ ਹਨ ਕਿ ਜੰਮਣ ਵਾਲੇ ਨਾਲੋਂ ਪਾਲਣ ਵਾਲਾ ਜ਼ਿਆਦਾ ਵੱਡਾ ਹੁੰਦਾ। ਆਪਣੀ ਮਾਤਾ ਜੀ ਨਾਲੋਂ ਮੈਨੂੰ ਆਪਣੀ ਦਾਦੀ ਮਾਂ ਦਾ ਬਹੁਤ ਮੋਹ ਆਉਂਦਾ ਸੀ। ਪਰ ਇਸ ਪਿੱਛੇ ਵੀ ਘਰ ਦੇ ਮਾਹੌਲ ਦਾ ਪ੍ਰਭਾਵ ਹੁੰਦਾ ਹੈ। ਜੇਕਰ ਘਰ ਦੇ ਵੱਡੇ ਬਜ਼ੁਰਗਾਂ ਦਾ ਆਦਰ ਕਰਦੇ ਹਨ ਤਾਂ ਉਸਦਾ ਅਸਰ ਛੋਟਿਆਂ ਉੱਤੇ ਪੈਣਾ ਵੀ ਲਾਜ਼ਮੀ ਹੈ। ਜਦੋਂ ਘਰ ਵਿੱਚ ਵੱਡੇ ਬਜ਼ੁਰਗਾਂ ਨੂੰ ਸਮਾਂ ਦਿੰਦੇ ਹਨ, ਉਨ੍ਹਾਂ ਦੇ ਦੁੱਖ ਸੁਖ ਅਤੇ ਹਾਲ-ਚਾਲ ਪੁੱਛਦੇ ਹਨ ਤਾਂ ਬੱਚੇ ਵੀ ਉਹੀ ਸਿੱਖਦੇ ਹਨ। ਦੁਕਾਨ ਤੋਂ ਆ ਕੇ ਪਿਤਾ ਜੀ ਮਾਂ ਜੀ ਦਾ ਹਾਲ-ਚਾਲ ਜ਼ਰੂਰ ਪੁੱਛਦੇ। ਰਾਤ ਨੂੰ ਰੋਟੀ ਖਾਣ ਤੋਂ ਬਾਅਦ ਦਾਦੀ ਜੀ ਦੇ ਕਮਰੇ ਵਿੱਚ ਰੌਣਕ ਜਿਹੀ ਲੱਗ ਜਾਂਦੀ। ਸਭ ਮੈਂਬਰ ਉੱਥੇ ਬੈਠ ਕੇ ਹਾਸਾ ਮਖੌਲ ਕਰਦੇ। ਅਸੀਂ ਸਾਰੀਆਂ ਭੈਣਾਂ ਦਾਦੀ ਜੀ ਦੇ ਨਾਲ ਉਨ੍ਹਾਂ ਦੀ ਰਜਾਈ ਵਿੱਚ ਵੜ ਕੇ ਬਹਿ ਜਾਂਦੀਆਂ। ਜੋ ਨਿੱਘ ਸਾਨੂੰ ਉਸ ਰਜਾਈ ਵਿੱਚੋਂ ਮਿਲਦਾ, ਉਹ ਅੱਜ ਦੇ ਹੀਟਰਾਂ ਜਾਂ ਮੋਟੇ ਕੰਬਲਾਂ ਜਾਂ ਰਜਾਈਆਂ ਵਿੱਚ ਵੀ ਨਹੀਂ ਮਿਲਦਾ। ਉਹ ਨਿੱਘ ਸਿਰਫ ਰੂਹ ਦੀ ਗਰਮਾਹਟ ਨਹੀਂ ਸੀ, ਸਗੋਂ ਪਿਆਰ ਅਤੇ ਮੋਹ ਦੀਆਂ ਤੰਦਾਂ ਦਾ ਬਣਿਆ ਇੱਕ ਆਭਾ-ਮੰਡਲ ਸੀ ਜਿਸ ਵਿੱਚੋਂ ਅਸੀਂ ਬਾਹਰ ਹੀ ਨਹੀਂ ਸੀ ਨਿਕਲਣਾ ਚਾਹੁੰਦੇ। ਦਾਦੀ ਜੀ ਅੱਜ ਨਹੀਂ ਹਨ ਪਰ ਉਸ ਰਜਾਈ ਦਾ ਨਿੱਘ ਅੱਜ ਵੀ ਧੁਰ ਅੰਦਰ ਤਕ ਸਮਾਇਆ ਹੋਇਆ ਹੈ।
ਪਰ ਅੱਜ ਦੇ ਭੱਜ ਦੌੜ ਅਤੇ ਮੋਬਾਇਲੀ ਯੁਗ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਬਹੁਤ ਘਟ ਗਈ ਲਗਦੀ ਹੈ। ਕਿਤੇ ਨਾ ਕਿਤੇ ਬੱਚਿਆਂ ਦੇ ਮਨਾਂ ਵਿੱਚ ਬਜ਼ੁਰਗਾਂ ਲਈ ਆਦਰ ਸਤਿਕਾਰ ਘਟ ਗਿਆ ਹੈ। ਬੱਚਿਆਂ ਦੀ ਦੁਨੀਆ ਮੋਬਾਇਲ ਦੀ ਦੁਨੀਆ ਬਣ ਕੇ ਰਹਿ ਗਈ ਹੈ। ਜਿਸ ਰਾਤ ਦੀ ਸ਼ੁਰੂਆਤ ਉਸ ਸਮੇਂ ਦਾਦੇ ਦਾਦੀ ਦੀਆਂ ਬਾਤਾਂ ਨਾਲ ਸ਼ੁਰੂ ਹੁੰਦੀ ਸੀ, ਉਸਦੀ ਸ਼ੁਰੂਆਤ ਅੱਜ ਮੋਬਾਇਲਾਂ ਨਾਲ ਹੁੰਦੀ ਹੈ। ਕਾਸ਼ ਉਹ ਸਮਾਂ ਮੁੜ ਵਾਪਸ ਆ ਜਾਵੇ ਅਤੇ ਹਰ ਬੱਚਾ ਓਹੋ ਜਿਹਾ ਰਜਾਈ ਵਾਲਾ ਨਿੱਘ ਮਹਿਸੂਸ ਕਰ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)


























































































































