GurpreetLahori7ਪੰਜਾਬ ਨੇ ਦੇਸ਼ ਨੂੰ ਅਨਾਜ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ ਹੈਹੁਣ ਪੰਜਾਬ ਦੇ ...
(21 ਸਤੰਬਰ 2026)

 

ਪੰਜਾਬ ਦੇ ਪਾਣੀਆਂ ਦਾ ਮਸਲਾ ਕੋਈ ਅੱਜ ਦਾ ਨਹੀਂ, ਸਗੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਸਿਆਸਤ, ਕਿਸਾਨੀ ਅਤੇ ਆਮ ਲੋਕਾਂ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈਪੰਜਾਬ ਦਾ ਪਾਣੀ ਇੱਥੋਂ ਦਾ ਹਰ ਵਸਨੀਕ ਹੈਸ਼ਹਿਰੀ ਹੋਵੇ ਜਾਂ ਪੇਂਡੂ, ਕਿਸਾਨ ਹੋਵੇ ਜਾਂ ਮਜ਼ਦੂਰ, ਹਰ ਮਨੁੱਖ ਦੀ ਜ਼ਿੰਦਗੀ ਪਾਣੀ ਨਾਲ ਜੁੜੀ ਹੋਈ ਹੈ ਇਸਦੇ ਬਾਵਜੂਦ ਅਫਸੋਸ ਦੀ ਗੱਲ ਹੈ ਕਿ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਭ ਤੋਂ ਵੱਧ ਸੰਘਰਸ਼ ਕਿਸਾਨਾਂ ਵੱਲੋਂ ਹੀ ਕੀਤਾ ਜਾਂਦਾ ਹੈਹੋਰ ਵਰਗ ਅਤੇ ਸਿਆਸੀ ਪਾਰਟੀਆਂ ਇਸ ਮੁੱਦੇ ਨੂੰ ਅਕਸਰ ਆਪਣੇ ਸਿਆਸੀ ਹਿਤਾਂ ਅਨੁਸਾਰ ਉਠਾਉਂਦੀਆਂ ਹਨ, ਖਾਸ ਕਰਕੇ ਚੋਣਾਂ ਦੇ ਸਮੇਂ

ਕਿਸਾਨਾਂ ਦੀ ਚਿੰਤਾ ਬਿਲਕੁਲ ਸਪਸ਼ਟ ਹੈ ਕਿ ਜੇ ਪਾਣੀ ਨਾ ਰਿਹਾ ਤਾਂ ਖੇਤੀ ਕਿਵੇਂ ਹੋਵੇਗੀ? ਪੰਜਾਬ ਦੀ ਖੇਤੀ ਮੁੱਖ ਤੌਰ ’ਤੇ ਸਿੰਜਾਈ ’ਤੇ ਨਿਰਭਰ ਹੈ ਅਤੇ ਦਹਾਕਿਆਂ ਤੋਂ ਧਰਤੀ ਹੇਠਲੇ ਪਾਣੀ ਦੀ ਬੇਤਹਾਸ਼ਾ ਵਰਤੋਂ ਨੇ ਹਾਲਾਤ ਗੰਭੀਰ ਕਰ ਦਿੱਤੇ ਹਨਇੱਕ ਪਾਸੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਦੂਜੇ ਪਾਸੇ ਕਈ ਇਲਾਕਿਆਂ ਵਿੱਚ ਪਾਣੀ ਦੀ ਗੁਣਵੱਤਾ ਵੀ ਚਿੰਤਾ ਦਾ ਵਿਸ਼ਾ ਬਣ ਰਹੀ ਹੈ

ਦੁਨੀਆ ਭਰ ਵਿੱਚ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਬਾਰੇ ਲਗਾਤਾਰ ਚਰਚਾ ਹੋ ਰਹੀ ਹੈਕਈ ਖੇਤਰਾਂ ਵਿੱਚ ਭਿਆਨਕ ਸੋਕਾ ਪੈ ਰਿਹਾ ਹੈ, ਜਦੋਂਕਿ ਕਈ ਥਾਂਵਾਂ ’ਤੇ ਅਚਾਨਕ ਅਤੇ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਰਹੀ ਹੈਇਨ੍ਹਾਂ ਕੁਦਰਤੀ ਤਬਦੀਲੀਆਂ ਦਾ ਸਿੱਧਾ ਅਸਰ ਮਨੁੱਖੀ ਜੀਵਨ, ਖੇਤੀਬਾੜੀ, ਪਸ਼ੂ-ਪੰਛੀਆਂ ਅਤੇ ਪਾਣੀ ਦੇ ਸਰੋਤਾਂ ’ਤੇ ਪੈ ਰਿਹਾ ਹੈਜਿੱਥੇ ਸੋਕਾ ਪੈਂਦਾ ਹੈ, ਉੱਥੇ ਪੀਣ ਵਾਲੇ ਪਾਣੀ ਦੀ ਕਮੀ ਲੋਕਾਂ ਲਈ ਵੱਡੀ ਸਮੱਸਿਆ ਬਣ ਜਾਂਦੀ ਹੈਇਸ ਲਈ ਪੁਰਾਣੀ ਕਹਾਵਤ ਕਿ ‘ਜੇ ਪਾਣੀ ਨਾ ਰਿਹਾ ਤਾਂ ਅਸੀਂ ਕਿੱਥੇ ਜਾਵਾਂਗੇ’ ਹੁਣ ਸਿਰਫ ਸੁਣੀ-ਸੁਣਾਈ ਗੱਲ ਨਹੀਂ ਰਹੀ, ਸਗੋਂ ਕਈ ਥਾਂਵਾਂ ’ਤੇ ਹਕੀਕਤ ਬਣਦੀ ਜਾ ਰਹੀ ਹੈ

ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ ਅਨੁਸਾਰ, ਪੰਜਾਬ ਵਿੱਚ ਪਾਣੀ ਦਾ ਸੰਕਟ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈਰਿਪੋਰਟ ਮੁਤਾਬਿਕ ਪੰਜਾਬ ਦੇ 153 ਵਿੱਚੋਂ 133 ਬਲਾਕ ਪਾਣੀ ਦੇ ਡਿਗਦੇ ਪੱਧਰ ਕਾਰਨ ਨਾਜ਼ਕ (ਡਾਰਕ ਜ਼ੋਨ) ਸ਼੍ਰੇਣੀ ਵਿੱਚ ਆ ਚੁੱਕੇ ਹਨਸੂਬੇ ਲਈ ਸਭ ਤੋਂ ਵੱਡੀ ਚਿੰਤਾ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਡਿਗਦਾ ਪੱਧਰ ਹੈ ਇਸਦੇ ਨਾਲ ਹੀ ਪਾਣੀ ਦੇ ਪ੍ਰਦੂਸ਼ਣ ਦੀ ਸਮੱਸਿਆ ਵੀ ਗੰਭੀਰ ਹੋ ਰਹੀ ਹੈ ਮੌਜੂਦਾ ਸਮੇਂ ਵਿੱਚ ਸ਼ਹਿਰੀਕਰਨ, ਬੇਤਰਤੀਬ ਉਸਾਰੀਆਂ, ਨਾਜਾਇਜ਼ ਕਲੋਨੀਆਂ, ਉਦਯੋਗਿਕ ਗੰਦਾ ਪਾਣੀ ਅਤੇ ਕੁਦਰਤੀ ਸਰੋਤਾਂ ਨਾਲ ਛੇੜਛਾੜ ਨੇ ਪਾਣੀ ਦੇ ਸੰਕਟ ਨੂੰ ਹੋਰ ਗਹਿਰਾ ਕੀਤਾ ਹੈਕਈ ਇਲਾਕਿਆਂ ਵਿੱਚ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਸੰਬੰਧੀ ਸਵਾਲ ਉੱਠ ਰਹੇ ਹਨ, ਜਦਕਿ ਦਰਿਆਵਾਂ ਅਤੇ ਹੋਰ ਜਲ ਸਰੋਤਾਂ ਵਿੱਚ ਵੀ ਪ੍ਰਦੂਸ਼ਣ ਵਧ ਰਿਹਾ ਹੈ

ਇਹ ਸਥਿਤੀ ਸਿਰਫ ਕਿਸਾਨਾਂ ਲਈ ਹੀ ਨਹੀਂ, ਸਗੋਂ ਪੰਜਾਬ ਦੇ ਹਰ ਨਾਗਰਿਕ ਲਈ ਚਿੰਤਾ ਦਾ ਵਿਸ਼ਾ ਹੈਜੇ ਧਰਤੀ ਹੇਠਲਾ ਪਾਣੀ ਇਸੇ ਤਰ੍ਹਾਂ ਘਟਦਾ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਵਾਲੇ ਪਾਣੀ ਅਤੇ ਸਿੰਜਾਈ, ਦੋਵਾਂ ਦਾ ਸੰਕਟ ਖੜ੍ਹਾ ਹੋ ਸਕਦਾ ਹੈਪੰਜਾਬ ਦੇ ਕਈ ਬਲਾਕ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਹੇ ਹਨਪਾਣੀ ਕੱਢਣ ਲਈ ਟਿਊਬਵੈੱਲਾਂ ਨੂੰ ਹੋਰ ਡੂੰਘਾ ਕਰਨਾ ਪੈ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀ ਲਾਗਤ ਵੀ ਵਧ ਰਹੀ ਹੈ

ਦੂਜੇ ਪਾਸੇ, ਪਾਣੀ ਦੀ ਗੁਣਵੱਤਾ ਵੀ ਚਿੰਤਾ ਦਾ ਵਿਸ਼ਾ ਹੈਉਦਯੋਗਿਕ ਰਹਿੰਦ-ਖੂੰਹਦ ਅਤੇ ਸੀਵਰੇਜ ਦਾ ਪਾਣੀ ਜੇ ਬਿਨਾਂ ਸਫ਼ਾਈ ਦੇ ਜਲ ਸਰੋਤਾਂ ਵਿੱਚ ਪਹੁੰਚਦਾ ਹੈ ਤਾਂ ਇਸਦਾ ਅਸਰ ਮਨੁੱਖੀ ਸਿਹਤ ਦੇ ਨਾਲ-ਨਾਲ ਪਸ਼ੂਆਂ ਅਤੇ ਖੇਤੀਬਾੜੀ ’ਤੇ ਵੀ ਪੈਂਦਾ ਹੈਪੰਜਾਬ ਦੇ ਕੁਝ ਇਲਾਕਿਆਂ ਵਿੱਚ ਦੂਸ਼ਿਤ ਪਾਣੀ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਲੰਬੇ ਸਮੇਂ ਤੋਂ ਸਾਹਮਣੇ ਆ ਰਹੀਆਂ ਹਨਖਾਸ ਕਰਕੇ ਮਾਲਵਾ ਖੇਤਰ ਦੇ ਕੁਝ ਇਲਾਕਿਆਂ ਵਿੱਚ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਰਹੀ ਹੈ ਫਾਜ਼ਿਲਕਾ ਸਮੇਤ ਸਰਹੱਦੀ ਅਤੇ ਦੱਖਣ-ਪੱਛਮੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਵੀ ਪਾਣੀ ਦੀ ਗੁਣਵੱਤਾ ਅਤੇ ਉਪਲਬਧਤਾ ਦਾ ਮੁੱਦਾ ਮਹੱਤਵਪੂਰਨ ਹੈਕਈ ਪਿੰਡਾਂ ਵਿੱਚ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮੁਹਈਆ ਕਰਵਾਉਣਾ ਅਜੇ ਵੀ ਚੁਣੌਤੀ ਬਣਿਆ ਹੋਇਆ ਹੈਪੰਜ ਦਰਿਆਵਾਂ ਦੀ ਧਰਤੀ ’ਤੇ ਜੇ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਲਈ ਸੰਘਰਸ਼ ਕਰਨਾ ਪਵੇ ਤਾਂ ਇਹ ਸਾਡੇ ਸਭਨਾਂ ਲਈ ਗੰਭੀਰ ਚਿੰਤਨ ਦਾ ਵਿਸ਼ਾ ਹੈ

ਪੰਜਾਬ ਦੇ ਪਾਣੀਆਂ ਦਾ ਮਸਲਾ ਸਿਰਫ ਧਰਤੀ ਹੇਠਲੇ ਪਾਣੀ ਤਕ ਸੀਮਿਤ ਨਹੀਂ ਹੈ; ਦਰਿਆਈ ਪਾਣੀਆਂ ਦੀ ਵੰਡ, ਨਹਿਰੀ ਪਾਣੀ ਦੀ ਉਪਲਬਧਤਾ ਅਤੇ ਪੰਜਾਬ ਦੇ ਪਾਣੀਆਂ ਨਾਲ ਜੁੜੇ ਅਧਿਕਾਰ ਵੀ ਲੰਬੇ ਸਮੇਂ ਤੋਂ ਵਿਵਾਦ ਦਾ ਹਿੱਸਾ ਰਹੇ ਹਨਰਿਪੇਰੀਅਨ ਸਿਧਾਂਤ ਅਤੇ ਪੰਜਾਬ ਦੇ ਪਾਣੀਆਂ ਨਾਲ ਸਬੰਧਤ ਕਾਨੂੰਨੀ ਅਤੇ ਸੰਵਿਧਾਨਕ ਪੱਖਾਂ ਨੂੰ ਲੈ ਕੇ ਸੂਬੇ ਵਿੱਚ ਲਗਾਤਾਰ ਚਰਚਾ ਹੁੰਦੀ ਰਹੀ ਹੈਪੰਜਾਬ ਦੇ ਲੋਕਾਂ ਦੀ ਮੁੱਖ ਮੰਗ ਰਹੀ ਹੈ ਕਿ ਸੂਬੇ ਦੇ ਪਾਣੀ ਸੰਬੰਧੀ ਫੈਸਲੇ ਇੱਥੋਂ ਦੇ ਭੂਗੋਲਿਕ ਅਤੇ ਜਲ ਸਰੋਤਾਂ ਦੀ ਹਕੀਕਤ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਣ

ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਨਹਿਰੀ ਪਾਣੀ ਨੂੰ ਵਧਾਉਣ, ਪਾਣੀ ਦੀ ਬੱਚਤ ਕਰਨ ਅਤੇ ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਘਟਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ’ਤੇ ਇਨ੍ਹਾਂ ਯੋਜਨਾਵਾਂ ਦਾ ਪ੍ਰਭਾਵ ਕਿੰਨਾ ਪਿਆ ਹੈ, ਇਹ ਵੱਡਾ ਸਵਾਲ ਹੈਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਖੇਤੀ ਲਈ ਲੋੜੀਂਦਾ ਅਤੇ ਭਰੋਸੇਯੋਗ ਨਹਿਰੀ ਪਾਣੀ ਉਪਲਬਧ ਨਹੀਂ ਹੁੰਦਾ, ਉਦੋਂ ਤਕ ਉਹ ਟਿਊਬਵੈੱਲਾਂ ’ਤੇ ਨਿਰਭਰ ਰਹਿਣ ਲਈ ਮਜਬੂਰ ਹਨ

ਪਾਣੀ ਦੇ ਪ੍ਰਦੂਸ਼ਣ ਦਾ ਮਾਮਲਾ ਵੀ ਸਰਕਾਰੀ ਨੀਤੀਆਂ ਦੀ ਗੰਭੀਰ ਪਰਖ ਕਰਦਾ ਹੈਜੇ ਕਿਸੇ ਉਦਯੋਗ ਜਾਂ ਇਕਾਈ ਵੱਲੋਂ ਦਰਿਆ ਜਾਂ ਹੋਰ ਜਲ ਸਰੋਤ ਵਿੱਚ ਗੰਦਾ ਪਾਣੀ ਛੱਡਿਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਅਤੇ ਨਿਰੰਤਰ ਕਾਰਵਾਈ ਹੋਣੀ ਚਾਹੀਦੀ ਹੈਸਿਰਫ ਮਾਮਲਾ ਦਰਜ ਕਰਨਾ ਜਾਂ ਕੁਝ ਸਮੇਂ ਲਈ ਕਾਰਵਾਈ ਕਰਨਾ ਕਾਫ਼ੀ ਨਹੀਂਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਪ੍ਰਦੂਸ਼ਣ ਕਰਨ ਵਾਲੀਆਂ ਇਕਾਈਆਂ ਵਿਰੁੱਧ ਅੱਗੇ ਕੀ ਕਾਰਵਾਈ ਹੋਈ ਅਤੇ ਜਲ ਸਰੋਤ ਨੂੰ ਸਾਫ ਕਰਨ ਲਈ ਕੀ ਕਦਮ ਚੁੱਕੇ ਗਏ?

ਪਾਣੀ ਦੇ ਮਸਲੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਸਮੇਂ-ਸਮੇਂ ’ਤੇ ਮੋਰਚੇ ਅਤੇ ਸੰਘਰਸ਼ ਕੀਤੇ ਜਾਂਦੇ ਹਨਕਈ ਵਾਰ ਸਰਕਾਰਾਂ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਵੀ ਦਿੱਤਾ ਜਾਂਦਾ ਹੈ, ਪਰ ਅਸਲ ਚੁਣੌਤੀ ਉਨ੍ਹਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਦੀ ਹੁੰਦੀ ਹੈਜੇ ਕਿਸੇ ਨੀਤੀ ਜਾਂ ਸਮਝੌਤੇ ਨੂੰ ਲਾਗੂ ਕਰਨ ਵਿੱਚ ਲੰਬਾ ਸਮਾਂ ਲੱਗੇ ਤਾਂ ਇਸਦਾ ਸਿੱਧਾ ਅਸਰ ਕਿਸਾਨਾਂ ਅਤੇ ਆਮ ਲੋਕਾਂ ’ਤੇ ਪੈਂਦਾ ਹੈ

ਪੰਜਾਬ ਵਿੱਚ ਪਾਣੀ ਦਾ ਸੰਕਟ ਖੇਤੀਬਾੜੀ ਦੇ ਸੰਕਟ ਨਾਲ ਵੀ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈਇੱਕ ਪਾਸੇ ਪਾਣੀ ਦੀ ਘਾਟ ਅਤੇ ਦੂਜੇ ਪਾਸੇ ਖੇਤੀ ਦੀ ਵਧਦੀ ਲਾਗਤ ਨੇ ਕਿਸਾਨਾਂ ਲਈ ਮੁਸ਼ਕਲਾਂ ਵਧਾਈਆਂ ਹਨਕਰਜ਼ੇ ਦਾ ਬੋਝ, ਮੌਸਮੀ ਤਬਦੀਲੀਆਂ, ਹੜ੍ਹਾਂ ਅਤੇ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਨੇ ਕਿਸਾਨੀ ਨੂੰ ਹੋਰ ਚੁਣੌਤੀਪੂਰਨ ਬਣਾ ਦਿੱਤਾ ਹੈਹੜ੍ਹਾਂ ਤੋਂ ਬਾਅਦ ਕਈ ਇਲਾਕਿਆਂ ਵਿੱਚ ਜ਼ਮੀਨ ’ਤੇ ਰੇਤ ਅਤੇ ਗਾਦ ਜਮ੍ਹਾਂ ਹੋਣ ਕਾਰਨ ਕਿਸਾਨਾਂ ਨੂੰ ਜ਼ਮੀਨ ਮੁੜ ਖੇਤੀਯੋਗ ਬਣਾਉਣ ਲਈ ਵਾਧੂ ਮਿਹਨਤ ਅਤੇ ਖਰਚ ਕਰਨਾ ਪੈਂਦਾ ਹੈ

ਸਵਾਲ ਇਹ ਹੈ ਕਿ ਕੀ ਅਸੀਂ ਪੰਜਾਬ ਨੂੰ ਅਜਿਹੇ ਮੁਕਾਮ ’ਤੇ ਪਹੁੰਚਣ ਦੇਵਾਂਗੇ ਜਿੱਥੇ ਪਾਣੀ ਦੀ ਕਮੀ ਕਾਰਨ ਖੇਤੀ ਕਰਨੀ ਮੁਸ਼ਕਿਲ ਹੋ ਜਾਵੇ? ਪੰਜਾਬ ਨੂੰ ਬੰਜਰ ਬਣਨ ਤੋਂ ਬਚਾਉਣ ਲਈ ਸਿਰਫ ਬਿਆਨਬਾਜ਼ੀ ਨਹੀਂ, ਸਗੋਂ ਲੰਬੇ ਸਮੇਂ ਦੀ ਠੋਸ ਜਲ ਨੀਤੀ ਦੀ ਲੋੜ ਹੈਧਰਤੀ ਹੇਠਲੇ ਪਾਣੀ ਦੀ ਰੀਚਾਰਜਿੰਗ, ਵਰਖਾ ਦੇ ਪਾਣੀ ਦੀ ਸੰਭਾਲ, ਨਹਿਰੀ ਪ੍ਰਬੰਧ ਵਿੱਚ ਸੁਧਾਰ, ਦਰਿਆਵਾਂ ਅਤੇ ਜਲ ਸਰੋਤਾਂ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਅਤੇ ਖੇਤੀ ਵਿੱਚ ਪਾਣੀ ਦੀ ਘੱਟ ਵਰਤੋਂ ਵਾਲੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ

ਪਾਣੀ ਕਿਸੇ ਇੱਕ ਵਰਗ ਦੀ ਸਮੱਸਿਆ ਨਹੀਂ; ਇਹ ਪੰਜਾਬ ਦੇ ਹਰ ਮਨੁੱਖ ਦੀ ਜ਼ਿੰਦਗੀ, ਸਿਹਤ ਅਤੇ ਭਵਿੱਖ ਨਾਲ ਜੁੜਿਆ ਮਸਲਾ ਹੈਇਸ ਲਈ ਕਿਸਾਨਾਂ ਦੇ ਸੰਘਰਸ਼ ਨੂੰ ਸਿਰਫ ਕਿਸਾਨਾਂ ਦਾ ਮੁੱਦਾ ਸਮਝਣ ਦੀ ਬਜਾਏ ਇਸ ਨੂੰ ਪੰਜਾਬ ਦੇ ਸਮੂਹ ਲੋਕਾਂ ਦਾ ਸਾਂਝਾ ਮੁੱਦਾ ਮੰਨਣ ਦੀ ਲੋੜ ਹੈਜੇ ਅੱਜ ਵੀ ਅਸੀਂ ਪਾਣੀ ਦੀ ਸੰਭਾਲ ਅਤੇ ਪ੍ਰਦੂਸ਼ਣ ਰੋਕਣ ਲਈ ਗੰਭੀਰ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੀ ਕੀਮਤ ਬਹੁਤ ਭਾਰੀ ਹੋ ਸਕਦੀ ਹੈ

ਪੰਜਾਬ ਨੇ ਦੇਸ਼ ਨੂੰ ਅਨਾਜ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ ਹੈਹੁਣ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਪਾਣੀ ਬਚਾਉਣਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈਸਰਕਾਰਾਂ, ਕਿਸਾਨਾਂ, ਉਦਯੋਗਾਂ ਅਤੇ ਆਮ ਲੋਕਾਂ ਨੂੰ ਮਿਲ ਕੇ ਅਜਿਹੀ ਨੀਤੀ ਬਣਾਉਣੀ ਪਵੇਗੀ ਜਿਸ ਵਿੱਚ ਵਿਕਾਸ ਵੀ ਹੋਵੇ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਵੀ; ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਪੰਜਾਬ ਪਾਣੀ ਦੇ ਸੰਕਟ ਨਾਲ ਜੂਝਦਾ ਹੋਇਆ ਬੰਜਰ ਹੋਣ ਦੇ ਖਤਰੇ ਦਾ ਸਾਹਮਣਾ ਕਰੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਗੁਰਪ੍ਰੀਤ ਲਾਹੌਰੀ

ਗੁਰਪ੍ਰੀਤ ਲਾਹੌਰੀ

WhatsApp: (91 - 95698 - 20314)
Email: (gurpreetsinghjossan@gmail.com)