AmarjitKonke7ਖਿਲਰੇ ਵਰਕੇ’ ਅਸਲ ਵਿੱਚ ਉਨ੍ਹਾਂ ਅਨੁਭਵਾਂ ਅਤੇ ਸੁਪਨਿਆਂ ਦੀ ਕਿਤਾਬ ਹੈ ਜਿਨ੍ਹਾਂ ਨੂੰ ...
(8 ਸਤੰਬਰ 2026)

 

ਪੰਜਾਬੀ ਕਵਿਤਾ ਦੀ ਪਰੰਪਰਾ ਨੂੰ ਜੇ ਉਸਦੇ ਸਮੁੱਚੇ ਵਿਕਾਸ-ਕ੍ਰਮ ਵਿੱਚ ਦੇਖਿਆ ਜਾਵੇ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਪੰਜਾਬੀ-ਕਾਵਿ ਨੇ ਮਨੁੱਖ ਦੇ ਬਾਹਰੀ ਜੀਵਨ ਨਾਲੋਂ ਉਸਦੇ ਅੰਦਰਲੇ ਜੀਵਨ ਨੂੰ ਵਧੇਰੇ ਗਹਿਰਾਈ ਨਾਲ ਮਹਿਸੂਸ ਕੀਤਾ ਹੈ। ਪੰਜਾਬੀ-ਕਾਵਿ ਵਿੱਚ ਪ੍ਰੇਮ, ਵਿਛੋੜਾ, ਉਡੀਕ, ਮਿਲਾਪ, ਦੁੱਖ, ਇਕੱਲਤਾ, ਸੰਘਰਸ਼ ਅਤੇ ਜੀਵਨ ਦੀਆਂ ਅਨੇਕਾਂ ਵਿਡੰਬਨਾਵਾਂ ਸਿਰਫ ਕਾਵਿ-ਵਸਤੂ ਵਜੋਂ ਹੀ ਪੇਸ਼ ਨਹੀਂ ਹੋਈਆਂ, ਸਗੋਂ ਮਨੁੱਖੀ ਹੋਂਦ ਨੂੰ ਸਮਝਣ ਦਾ ਮਾਧਿਅਮ ਵੀ ਬਣੀਆਂ ਹਨ। ਸੂਫੀ-ਕਾਵਿ ਵਿੱਚ ਵਿਛੋੜਾ ਰੂਹ ਦੀ ਪਰਮ-ਸੱਤਾ ਲਈ ਤਾਂਘ ਦਾ ਪ੍ਰਤੀਕ ਬਣਦਾ ਹੈ, ਕਿੱਸਾ-ਕਾਵਿ ਵਿੱਚ ਪ੍ਰੇਮ ਸਮਾਜਿਕ ਵਿਵਸਥਾ ਨਾਲ ਟਕਰਾਉਂਦਾ ਹੋਇਆ ਆਪਣੀ ਹੋਂਦ ਦੀ ਕੀਮਤ ਅਦਾ ਕਰਦਾ ਹੈ ਅਤੇ ਆਧੁਨਿਕ ਕਵਿਤਾ ਵਿੱਚ ਇਹੀ ਵਿਛੋੜਾ ਵਿਅਕਤੀ ਦੇ ਨਿੱਜੀ ਇਕੱਲੇਪਨ, ਅਸਤਿਤਵੀ ਸੰਕਟ ਅਤੇ ਟੁੱਟ ਰਹੇ ਰਿਸ਼ਤਿਆਂ ਦੀ ਪਛਾਣ ਬਣ ਜਾਂਦਾ ਹੈ। ਸਮਕਾਲੀ ਪੰਜਾਬੀ ਕਵਿਤਾ ਨੇ ਇਸ ਪਰੰਪਰਾ ਨੂੰ ਅੱਗੇ ਤੋਰਦਿਆਂ ਮਨੁੱਖ ਦੇ ਨਿੱਜੀ ਅਨੁਭਵਾਂ ਨੂੰ ਹੋਰ ਵੀ ਕੇਂਦਰੀ ਸਥਾਨ ਦਿੱਤਾ ਹੈ। ਹੁਣ ਕਵਿਤਾ ਲਈ ਕੋਈ ਵਿਸ਼ਾ ‘ਛੋਟਾ’ ਨਹੀਂ ਰਿਹਾ। ਇੱਕ ਯਾਦ, ਇੱਕ ਫੋਨ, ਇੱਕ ਚੁੱਪ, ਕਿਸੇ ਆਪਣੇ ਦੀ ਗੈਰ-ਹਾਜ਼ਰੀ, ਕਿਸੇ ਪੁਰਾਣੀ ਚੀਜ਼ ਨਾਲ ਜੁੜਿਆ ਅਹਿਸਾਸ ਜਾਂ ਕਿਸੇ ਰੁੱਤ ਦਾ ਬਦਲਣਾ ਵੀ ਕਵਿਤਾ ਵਿੱਚ ਅਰਥਵਾਨ ਸੰਦਰਭ ਬਣ ਕੇ ਪੇਸ਼ ਹੋ ਸਕਦਾ ਹੈ। ਇਸੇ ਵਿਆਪਕ ਕਾਵਿ-ਪ੍ਰਸੰਗ ਵਿੱਚ ਬਲਜੀਤ ਬੱਲ ਦੀ ਪਲੇਠੀ ਕਾਵਿ-ਪੁਸਤਕ ‘ਖਿਲਰੇ ਵਰਕੇ’ ਨੂੰ ਪੜ੍ਹਨਾ ਬੇਹੱਦ ਦਿਲਚਸਪ ਅਤੇ ਮਹੱਤਵਪੂਰਨ ਹੈ।

ਖਿਲਰੇ ਵਰਕੇ’ ਸਿਰਲੇਖ ਹੀ ਇਸ ਪੁਸਤਕ ਦੇ ਅੰਦਰਲੇ ਸੰਸਾਰ ਦੀ ਬੁਨਿਆਦੀ ਪ੍ਰਕਿਰਤੀ ਵੱਲ ਸੰਕੇਤ ਕਰਦਾ ਹੈ। ਵਰਕੇ ਕਿਸੇ ਪੁਸਤਕ ਦੇ ਵੱਖ-ਵੱਖ ਹਿੱਸੇ ਹੁੰਦੇ ਹਨ, ਪਰ ਜਦੋਂ ਉਹ ਖਿਲਰ ਜਾਂਦੇ ਹਨ ਤਾਂ ਇੱਕ ਤਰਤੀਬਵਾਰ ਜੀਵਨ-ਕਥਾ ਟੁਕੜਿਆਂ ਵਿੱਚ ਵੰਡੀ ਜਾਂਦੀ ਹੈ। ਇਸ ਲਈ ‘ਖਿਲਰੇ ਵਰਕੇ’ ਸਿਰਫ ਬਿਖਰੀਆਂ ਯਾਦਾਂ ਦਾ ਰੂਪਕ ਹੀ ਨਹੀਂ, ਸਗੋਂ ਉਸ ਮਨੋਸਥਿਤੀ ਦਾ ਸੰਕੇਤ ਬਣ ਜਾਂਦੀਆਂ ਹਨ, ਜਿਸ ਵਿੱਚ ਜੀਵਨ ਦੀ ਪਹਿਲਾਂ ਤੋਂ ਬਣੀ ਹੋਈ ਤਰਤੀਬ ਕਿਸੇ ਡੂੰਘੇ ਅਨੁਭਵ ਜਾਂ ਵੱਡੇ ਵਿਛੋੜੇ ਤੋਂ ਬਾਅਦ ਤਿੜਕ ਜਾਂਦੀ ਹੈ। ਬਲਜੀਤ ਬੱਲ ਇਨ੍ਹਾਂ ਵਰਕਿਆਂ ਨੂੰ ਮੁੜ ਇੱਕ ਕ੍ਰਮ ਵਿੱਚ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦੀ। ਉਹ ਉਨ੍ਹਾਂ ਨੂੰ ਖਿਲਰੇ ਰਹਿਣ ਦਿੰਦੀ ਹੈ, ਕਿਉਂਕਿ ਉਸਦੇ ਅਨੁਭਵ ਦਾ ਸੱਚ ਵੀ ਇਸੇ ਬਿਖਰਾਅ ਵਿੱਚ ਵਸਦਾ ਹੈ। ਉਸਦੀਆਂ ਕਵਿਤਾਵਾਂ ਕਿਸੇ ਇੱਕ ਲਕੀਰੀ ਕਥਾ ਦਾ ਨਿਰਮਾਣ ਨਹੀਂ ਕਰਦੀਆਂ; ਸਗੋਂ ਉਹ ਯਾਦਾਂ, ਭਾਵਨਾਵਾਂ, ਸੰਵਾਦਾਂ, ਉਡੀਕਾਂ, ਸੁਪਨਿਆਂ ਅਤੇ ਅਚਾਨਕ ਉੱਭਰ ਆਉਂਦੇ ਅਤੀਤ ਦੇ ਟੁਕੜਿਆਂ ਤੋਂ ਬਣਿਆ ਇੱਕ ਅੰਦਰੂਨੀ ਸੰਸਾਰ ਸਿਰਜਦੀਆਂ ਹਨ।

ਇਸ ਪੁਸਤਕ ਨੂੰ ਪੜ੍ਹਦਿਆਂ ਸਭ ਤੋਂ ਪਹਿਲਾਂ ਜਿਹੜਾ ਅਨੁਭਵ ਤੀਬਰਤਾ ਨਾਲ ਮਹਿਸੂਸ ਹੁੰਦਾ ਹੈ, ਉਹ ਹੈ ਮੁਹੱਬਤ ਦਾ ਅਨੁਭਵ। ਪਰ ਇੱਥੇ ਮੁਹੱਬਤ ਨਿਰਾ ਪੁਰਾ ਕੋਈ ਰੋਮਾਂਟਿਕ ਅਹਿਸਾਸ ਨਹੀਂ, ਇਹ ਕਵਿੱਤਰੀ ਦੀ ਹੋਂਦ ਨਾਲ ਜੁੜਿਆ ਹੋਇਆ ਇੱਕ ਅਜਿਹਾ ਅਨੁਭਵ ਹੈ ਜਿਸਦੇ ਵਿਛੋੜੇ ਨੇ ਉਸਦੀ ਪੂਰੀ ਅੰਦਰੂਨੀ ਦੁਨੀਆ ਦੀ ਬਣਤਰ ਬਦਲ ਦਿੱਤੀ ਹੈ। ਜੀਵਨ-ਸਾਥੀ ਦਾ ਵਿਛੋੜਾ ਉਸਦੇ ਲਈ ਸਿਰਫ ਇੱਕ ਵਿਅਕਤੀ ਦਾ ਚਲੇ ਜਾਣਾ ਨਹੀਂ; ਇਹ ਜੀਵਨ ਦੇ ਉਸ ਸਾਂਝੇ ਹਿੱਸੇ ਦਾ ਟੁੱਟ ਜਾਣਾ ਹੈ ਜਿਸ ਵਿੱਚ ਭਵਿੱਖ ਦੀਆਂ ਰੀਝਾਂ, ਸੁਪਨੇ, ਰੁਜ਼ਾਨਾ ਦੀ ਸਾਂਝ ਅਤੇ ਜੀਵਨ ਦੇ ਅਣਕਹੇ ਸੰਵਾਦ ਸ਼ਾਮਲ ਸਨ। ਇਸੇ ਕਰਕੇ ਉਸਦੀ ਕਵਿਤਾ ਵਿੱਚ ‘ਤੂੰ’ ਇੱਕ ਵਿਅਕਤੀ ਤੋਂ ਵਧ ਕੇ ਇੱਕ ਪੂਰਾ ਅਨੁਭਵ ਬਣ ਜਾਂਦਾ ਹੈ-

ਮੈਂ ਪਹਿਲੀ ਕਵਿਤਾ ਲਿਖੀ
ਤੂੰ ਹਾਜ਼ਰ ਸੀ...
ਮੈਂ ਕਵਿਤਾ ਦਾ ਸੰਵਾਦ...
ਤੇਰੇ ਨਾਲ ਕੀਤਾ
ਤੂੰ ਹਾਜ਼ਰ ਸੀ..

ਮੈਂ ਤੋਂ ਤੂੰ ਤੱਕ...
ਤੂੰ ਗੈਰਹਾਜ਼ਰ ਹੋ ਗਿਆ..”

ਇਨ੍ਹਾਂ ਕੁਝ ਸਤਰਾਂ ਵਿੱਚ ਬਲਜੀਤ ਬੱਲ ਆਪਣੀ ਕਵਿਤਾ ਦੀ ਪੂਰੀ ਜਨਮ-ਕਥਾ ਜਿਵੇਂ ਸੰਕੇਤਕ ਰੂਪ ਵਿੱਚ ਕਹਿ ਦਿੰਦੀ ਹੈ। ਕਵਿਤਾ ਉਸਦੇ ਲਈ ਕਿਸੇ ਬਾਹਰੀ ਸਾਹਿਤਕ ਅਭਿਆਸ ਤੋਂ ਪੈਦਾ ਨਹੀਂ ਹੋਈ; ਉਹ ਇੱਕ ਗੁਆਚ ਗਏ ਰਿਸ਼ਤੇ ਵਿੱਚੋਂ ਪੈਦਾ ਹੋਈ ਹੈ। ਜਦੋਂ ‘ਤੂੰ’ ਹਾਜ਼ਰ ਸੀ ਤਾਂ ਕਵਿਤਾ ਸੰਵਾਦ ਸੀ, ਪਰ ਜਦੋਂ ‘ਤੂੰ’ ਗੈਰਹਾਜ਼ਰ ਹੋ ਗਿਆ ਤਾਂ ਉਹੀ ਸੰਵਾਦ ਕਵਿਤਾ ਦੇ ਅੰਦਰ ਜਾਰੀ ਰਹਿੰਦਾ ਹੈ। ਇਹ ਬਿੰਦੂ ਬਲਜੀਤ ਬੱਲ ਦੀ ਕਾਵਿ-ਚੇਤਨਾ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹੈ। ਉਸ ਲਈ ਕਵਿਤਾ ਕਿਸੇ ਗੈਰਹਾਜ਼ਰ ਵਿਅਕਤੀ ਨੂੰ ਭੁੱਲਣ ਦਾ ਢੰਗ ਨਹੀਂ, ਸਗੋਂ ਉਸ ਨਾਲ ਸੰਵਾਦ ਨੂੰ ਜਿਊਂਦਾ ਰੱਖਣ ਦਾ ਢੰਗ ਹੈ। ਮੌਤ ਜਾਂ ਵਿਛੋੜਾ ਸੰਵਾਦ ਨੂੰ ਖਤਮ ਨਹੀਂ ਕਰਦਾ; ਉਹ ਸੰਵਾਦ ਦੀ ਥਾਂ ਬਦਲ ਦਿੰਦਾ ਹੈ। ਪਹਿਲਾਂ ਇਹ ਸੰਵਾਦ ਜੀਵਨ ਵਿੱਚ ਹੁੰਦਾ ਸੀ, ਹੁਣ ਕਵਿਤਾ ਵਿੱਚ ਹੁੰਦਾ ਹੈ। ਇਸੇ ਕਰਕੇ ‘ਖਿਲਰੇ ਵਰਕੇ’ ਵਿੱਚ ਗੈਰ-ਹਾਜ਼ਰੀ ਇੱਕ ਬਹੁਤ ਸਰਗਰਮ ਕਾਵਿ-ਤੱਤ ਬਣ ਜਾਂਦੀ ਹੈ। ਜਿਸ ਵਿਅਕਤੀ ਦੀ ਭੌਤਿਕ ਮੌਜੂਦਗੀ ਨਹੀਂ, ਉਸਦੀ ਯਾਦ ਹਰ ਥਾਂ ਮੌਜੂਦ ਹੈ। ਇਹ ਇੱਕ ਦਿਲਚਸਪ ਵਿਰੋਧਾਭਾਸ ਹੈ-ਜਿੰਨਾ ‘ਤੂੰ’ ਹਕੀਕਤ ਵਿੱਚ ਦੂਰ ਹੁੰਦਾ ਜਾਂਦਾ ਹੈ, ਉੰਨਾ ਹੀ ਕਵਿੱਤਰੀ ਦੇ ਅੰਤਰੀਵ ਵਿੱਚ ਉਸਦੇ ਨੇੜੇ ਆਉਂਦਾ ਜਾਂਦਾ ਹੈ। ਯਾਦ ਇੱਥੇ ਅਤੀਤ ਨੂੰ ਦੁਹਰਾਉਣ ਦੀ ਕਿਰਿਆ ਨਹੀਂ, ਬਲਕਿ ਵਰਤਮਾਨ ਦੀ ਇੱਕ ਸਰਗਰਮ ਤਾਕਤ ਹੈ। ਅਤੀਤ ਵਾਰ-ਵਾਰ ਵਰਤਮਾਨ ਵਿੱਚ ਦਾਖਲ ਹੁੰਦਾ ਹੈ ਅਤੇ ਕਵਿੱਤਰੀ ਨੂੰ ਉਸ ਜੀਵਨ ਨਾਲ ਜੋੜਦਾ ਹੈ ਜੋ ਸਰੀਰਕ ਤੌਰ ’ਤੇ ਮੁੱਕ ਚੁੱਕਾ ਹੈ ਪਰ ਭਾਵਨਾਤਮਕ ਤੌਰ ’ਤੇ ਅਜੇ ਵੀ ਜਿਊਂਦਾ ਹੈ। ਇਸੇ ਮਨੋਵਿਗਿਆਨਕ ਸਥਿਤੀ ਨੂੰ ‘ਉਹ ਅਕਸਰ ਆ’ ਵਿੱਚ ਹੋਰ ਡੂੰਘੇ ਢੰਗ ਨਾਲ ਦੇਖਿਆ ਜਾ ਸਕਦਾ ਹੈ-

ਉਹ ਅਕਸਰ ਆ
ਮੇਰੇ ਦਿਲ ਦੇ.. ਅਹਿਸਾਸ ਨੂੰ ਖੜਕਾ ਤੁਰ ਜਾਂਦਾ
ਮੈਂ ਹਨੇਰੇ ਰਾਹਾਂ ਵਿੱਚ ਲੱਭਦੀ ਉਸਦਾ ਪ੍ਰਛਾਂਵਾ
ਕਿਸੇ ਅਸ਼ਾਂਤ ਸਮੁੰਦਰ.. ਵਾਂਗੂ
ਖੋਰੂ ਪਾਉਂਦੇ ਖਿਆਲ ਨੂੰ ਸਮੇਟ ਤੁਰ ਪਈ”

ਇੱਥੇ ‘ਖੜਕਾ ਕੇ ਤੁਰ ਜਾਣਾ’ ਯਾਦ ਦੀ ਬਹੁਤ ਹੀ ਸੂਖਮ ਮਨੋਵਿਗਿਆਨਕ ਪ੍ਰਕਿਰਤੀ ਨੂੰ ਪ੍ਰਗਟ ਕਰਦਾ ਹੈ। ਯਾਦ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਉਂਦੀ; ਉਹ ਦਸਤਕ ਦਿੰਦੀ ਹੈ, ਮਨ ਨੂੰ ਹਿਲਾਉਂਦੀ ਹੈ ਅਤੇ ਫਿਰ ਅੰਦਰਲੇ ਹਨੇਰੇ ਵਿੱਚ ਛੱਡ ਜਾਂਦੀ ਹੈ। ਕਵਿੱਤਰੀ ਉਸਦੀ ‘ਛਾਂ’ ਲੱਭਦੀ ਹੈ। ਇਹ ‘ਛਾਂ’ ਬਹੁਤ ਅਰਥਵਾਨ ਬਿੰਬ ਹੈ, ਕਿਉਂਕਿ ਛਾਂ ਕਿਸੇ ਹਾਜ਼ਰ ਵਸਤੂ ਨਾਲ ਹੀ ਸੰਭਵ ਹੁੰਦੀ ਹੈ। ਪਰ ਇੱਥੇ ਜਿਸਦੀ ਛਾਂ ਲੱਭੀ ਜਾ ਰਹੀ ਹੈ, ਉਹ ਹਕੀਕਤ ਰੂਪ ਵਿੱਚ ਮੌਜੂਦ ਨਹੀਂ। ਇਸ ਲਈ ਛਾਂ ਯਾਦ ਦੀ ਬਣਾਈ ਹੋਈ ਹਾਜ਼ਰੀ ਹੈ। ਇਹੀ ਬਲਜੀਤ ਬੱਲ ਦੀ ਕਵਿਤਾ ਦੀ ਕਵਿਤਾ ਦਾ ਕੇਂਦਰੀ ਨੁਕਤਾ ਹੈ ਕਿ ਉਹ ਗੈਰ-ਹਾਜ਼ਰੀ ਨੂੰ ਵੀ ਹਾਜ਼ਰੀ ਦਾ ਰੂਪ ਦੇ ਦਿੰਦੀ ਹੈ। ਵਿਛੋੜੇ ਦੀ ਇਸ ਕਵਿਤਾ ਨੂੰ ਸਿਰਫ ਪ੍ਰੇਮ-ਕਵਿਤਾ ਕਹਿਣਾ ਵੀ ਇਸਦੇ ਅਰਥਾਂ ਨੂੰ ਸੀਮਿਤ ਕਰ ਦੇਵੇਗਾ। ਇਸ ਵਿੱਚ ਮਨੁੱਖੀ ਹੋਂਦ ਦੀ ਉਸ ਸਥਿਤੀ ਦਾ ਅਨੁਭਵ ਹੈ ਜਿਸ ਵਿੱਚ ਵਿਅਕਤੀ ਆਪਣੇ ਸਭ ਤੋਂ ਨੇੜਲੇ ਮਨੁੱਖ ਦੇ ਚਲੇ ਜਾਣ ਤੋਂ ਬਾਅਦ ਆਪਣੇ ਆਪ ਨੂੰ ਵੀ ਨਵਾਂ ਪਰਿਭਾਸ਼ਿਤ ਕਰਨ ਲਈ ਮਜਬੂਰ ਹੁੰਦਾ ਹੈ। ‘ਮੈਂ’ ਅਤੇ ‘ਤੂੰ’ ਦਾ ਰਿਸ਼ਤਾ ਇੱਥੇ ਕੇਵਲ ਪ੍ਰੇਮੀ-ਪ੍ਰੇਮਿਕਾ ਦਾ ਰਿਸ਼ਤਾ ਨਹੀਂ; ਇਹ ਦੋ ਹਸਤੀਆਂ ਦੇ ਸਾਂਝੇ ਜੀਵਨ ਦਾ ਰਿਸ਼ਤਾ ਹੈ। ਇਸ ਲਈ ‘ਤੂੰ’ ਦੇ ਜਾਣ ਨਾਲ ‘ਮੈਂ’ ਦੀ ਪਛਾਣ ਵੀ ਪ੍ਰਭਾਵਿਤ ਹੁੰਦੀ ਹੈ। ਕਵਿੱਤਰੀ ਦੀ ਕਵਿਤਾ ਵਿੱਚ ਵਾਰ-ਵਾਰ ਆਉਂਦਾ ‘ਮੈਂ’ ਇਸ ਨਵੀਂ ਪਛਾਣ ਦੀ ਤਲਾਸ਼ ਦਾ ਸੰਕੇਤ ਹੈ। ਇਸ ਪੁਸਤਕ ਦੀ ਇੱਕ ਵੱਡੀ ਪ੍ਰਾਪਤੀ ਇਹ ਹੈ ਕਿ ਨਿੱਜੀ ਵਿਛੋੜੇ ਨੂੰ ਕਵਿੱਤਰੀ ਨੇ ਸਿਰਫ ਰੋਣ ਜਾਂ ਵਿਲਾਪ ਦਾ ਵਿਸ਼ਾ ਨਹੀਂ ਬਣਨ ਦਿੱਤਾ। ਉਹ ਇਸ ਨੂੰ ਯਾਦ, ਪ੍ਰਤੀਕ ਅਤੇ ਭਾਸ਼ਾ ਵਿੱਚ ਤਬਦੀਲ ਕਰਦੀ ਹੈ। ਇਹ ਤਬਦੀਲੀ ਕਵਿਤਾ ਦੀ ਅਸਲ ਸਿਰਜਣਾਤਮਕ ਪ੍ਰਕਿਰਿਆ ਹੈ। ਦੁੱਖ ਜਦੋਂ ਸਿਰਫ ਦੁੱਖ ਰਹਿੰਦਾ ਹੈ ਤਾਂ ਉਹ ਨਿੱਜੀ ਹੈ; ਪਰ ਜਦੋਂ ਉਹ ਕਲਾਤਮਕ ਰੂਪ ਧਾਰਦਾ ਹੈ ਤਾਂ ਉਸ ਵਿੱਚ ਸਾਂਝੇ ਮਨੁੱਖੀ ਅਨੁਭਵ ਦੀ ਸੰਭਾਵਨਾ ਪੈਦਾ ਹੁੰਦੀ ਹੈ। ਬਲਜੀਤ ਬੱਲ ਦੀ ਕਵਿਤਾ ਵਿੱਚ ਇਹ ਤਬਦੀਲੀ ਲਗਾਤਾਰ ਵਾਪਰਦੀ ਹੈ। ਇਸ ਸੰਦਰਭ ਵਿੱਚ ‘ਚੰਨ’ ਦਾ ਬਿੰਬ ਬਹੁਤ ਮਹੱਤਵਪੂਰਨ ਹੈ। ਪੰਜਾਬੀ ਕਵਿਤਾ ਵਿੱਚ ਚੰਨ ਕੋਈ ਨਵਾਂ ਪ੍ਰਤੀਕ ਨਹੀਂ। ਲੋਕ-ਗੀਤਾਂ ਤੋਂ ਲੈ ਕੇ ਆਧੁਨਿਕ ਕਵਿਤਾ ਤਕ ਚੰਨ ਸੁੰਦਰਤਾ, ਪ੍ਰੇਮ, ਉਡੀਕ, ਦੂਰੀ ਅਤੇ ਯਾਦ ਦਾ ਪ੍ਰਤੀਕ ਰਿਹਾ ਹੈ। ਪਰ ਹਰ ਕਵੀ ਇਸ ਨੂੰ ਆਪਣੀ ਸੰਵੇਦਨਾ ਅਨੁਸਾਰ ਨਵਾਂ ਅਰਥ ਦਿੰਦਾ ਹੈ। ਬਲਜੀਤ ਬੱਲ ਲਈ ਚੰਨ ਇੱਕੋ ਸਮੇਂ ਬਚਪਨ, ਮਾਂ ਦੀ ਯਾਦ, ਲੋਕ-ਸੱਭਿਆਚਾਰ, ਧਾਰਮਿਕ ਤਿਉਹਾਰ, ਕੁਦਰਤ, ਮੁਹੱਬਤ ਅਤੇ ਵਿਛੋੜੇ ਦਾ ਪ੍ਰਤੀਕ ਬਣ ਜਾਂਦਾ ਹੈ-

ਬੀਬੀ ਵਾਲਾ ਚੰਨ ਏਕਮ, ਦੂਜ, ਤੀਜ ਵਾਲਾ
ਕਵਿਤਾ ਵਾਲਾ... ਪੁੰਨਿਆ ਵਾਲਾ.. ਮੱਸਿਆ ਵਾਲਾ...
ਈਦ ਵਾਲਾ... ਉਡੀਕ ਵਾਲਾ ਚੰਨ
ਸੋਹਣਾ ਮੁਹੱਬਤ ਵਾਲਾ...
ਹੁਣ ਮੈਂ ਚੰਨ ਦੇਖਦੀ ਆ.. ਅੱਖ ਭਰ ਜਾਂਦੀ”

ਇੱਥੇ ਚੰਨ ਦਾ ਅਰਥ ਲਗਾਤਾਰ ਬਦਲਦਾ ਹੈ। ਬਚਪਨ ਵਿੱਚ ਜੋ ਚੰਨ ਇੱਕ ਮਾਸੂਮ ਕਲਪਨਾ ਸੀ, ਉਹ ਪੜ੍ਹਾਈ ਦੇ ਦੌਰ ਵਿੱਚ ਵਿਗਿਆਨਕ ਤੱਥ ਬਣ ਜਾਂਦਾ ਹੈ ਅਤੇ ਬਾਅਦ ਵਿੱਚ ਮੁੜ ਯਾਦ, ਲੋਕ-ਵਿਸ਼ਵਾਸ ਅਤੇ ਮੁਹੱਬਤ ਵਿੱਚ ਪਰਤ ਆਉਂਦਾ ਹੈ। ਇਸ ਤਰ੍ਹਾਂ ਕਵਿੱਤਰੀ ਚੰਨ ਦੇ ਇੱਕੋ ਬਿੰਬ ਵਿੱਚ ਮਨੁੱਖੀ ਜੀਵਨ ਦੀਆਂ ਵੱਖ-ਵੱਖ ਉਮਰਾਂ ਨੂੰ ਇਕੱਠਾ ਕਰ ਦਿੰਦੀ ਹੈ। ਇਹ ਕਵਿਤਾ ਸਿਰਫ ਚੰਨ ਬਾਰੇ ਕਵਿਤਾ ਨਹੀਂ ਰਹਿੰਦੀ, ਸਗੋਂ ਸਿਮਰਤੀਆਂ ਦੀ ਬਣਤਰ ਬਾਰੇ ਕਵਿਤਾ ਬਣ ਜਾਂਦੀ ਹੈ। ਮਨੁੱਖ ਵਰਤਮਾਨ ਵਿੱਚ ਖੜ੍ਹਾ ਹੋ ਕੇ ਵੀ ਆਪਣੇ ਅਤੀਤ ਦੇ ਕਈ ਪੜਾਵਾਂ ਨੂੰ ਇਕੱਠੇ ਯਾਦ ਕਰ ਸਕਦਾ ਹੈ। ਚੰਨ ਇਨ੍ਹਾਂ ਸਾਰੀਆਂ ਯਾਦਾਂ ਨੂੰ ਜੋੜਨ ਵਾਲਾ ਕੇਂਦਰ ਬਣ ਜਾਂਦਾ ਹੈ। ਇੱਥੇ ਲੋਕ-ਸੱਭਿਆਚਾਰ ਦੀ ਮੌਜੂਦਗੀ ਵੀ ਵਿਸ਼ੇਸ਼ ਤੌਰ ’ਤੇ ਧਿਆਨਯੋਗ ਹੈ। ‘ਏਕਮ, ਦੂਜ, ਤੀਜ’, ‘ਪੁੰਨਿਆ’, ‘ਮੱਸਿਆ’, ‘ਈਦ’ ਆਦਿ ਸੰਕੇਤ ਇੱਕ ਅਜਿਹੇ ਪੰਜਾਬੀ ਸੱਭਿਆਚਾਰਕ ਮਾਹੌਲ ਦੀ ਯਾਦ ਦਿਵਾਉਂਦੇ ਹਨ ਜਿੱਥੇ ਚੰਨ ਸਿਰਫ ਆਕਾਸ਼ੀ ਪਿੰਡ ਨਹੀਂ ਸੀ, ਸਗੋਂ ਮਨੁੱਖੀ ਜੀਵਨ ਦੀ ਲੈਅ ਨੂੰ ਨਿਰਧਾਰਤ ਕਰਨ ਵਾਲਾ ਸੱਭਿਆਚਾਰਕ ਪ੍ਰਤੀਕ ਵੀ ਸੀ। ਬਲਜੀਤ ਬੱਲ ਇਸ ਸਾਂਝੀ ਯਾਦ ਨੂੰ ਆਪਣੇ ਨਿੱਜੀ ਦੁੱਖ ਨਾਲ ਜੋੜਦੀ ਹੈ। ਇਸ ਤਰ੍ਹਾਂ ਨਿੱਜੀ ਅਨੁਭਵ ਲੋਕ-ਸੱਭਿਆਚਾਰਕ ਯਾਦ ਨਾਲ ਜੁੜ ਕੇ ਵੱਡਾ ਅਰਥ ਗ੍ਰਹਿਣ ਕਰਦਾ ਹੈ। ਇਸੇ ਤਰ੍ਹਾਂ ‘ਤੀਆਂ’ ਵਾਲੀ ਕਵਿਤਾ ਵਿੱਚ ਲੋਕ-ਜੀਵਨ ਦੀਆਂ ਨਿਸ਼ਾਨੀਆਂ-ਵੰਗਾਂ, ਝਾਂਜਰਾਂ, ਪੀਂਘ, ਸਾਵਣ ਅਤੇ ਤੀਆਂ-ਔਰਤ ਦੀ ਸਾਂਝੀ ਸੱਭਿਆਚਾਰਕ ਯਾਦ ਦਾ ਹਿੱਸਾ ਬਣਦੀਆਂ ਹਨ। ਪਰ ਕਵਿੱਤਰੀ ਇਨ੍ਹਾਂ ਨੂੰ ਸਿਰਫ ਰੰਗੀਨ ਲੋਕ-ਦ੍ਰਿਸ਼ ਦੇ ਰੂਪ ਵਿੱਚ ਨਹੀਂ ਵਰਤਦੀ। ਉਸ ਲਈ ਇਹ ਸਭ ਕੁਝ ਇੱਕ ਅਜਿਹੇ ਜੀਵਨ ਦੀ ਯਾਦ ਹੈ ਜਿਸ ਵਿੱਚ ਪਿਆਰੇ ਦੀ ਹਾਜ਼ਰੀ ਸੰਭਵ ਸੀ। ਇਸ ਲਈ ਲੋਕ-ਉਤਸਵ ਵੀ ਵਿਛੋੜੇ ਦੀ ਰੌਸ਼ਨੀ ਵਿੱਚ ਉਦਾਸ ਹੋ ਜਾਂਦੇ ਹਨ। ਇੱਥੇ ਖੁਸ਼ੀ ਅਤੇ ਦੁੱਖ ਇੱਕ-ਦੂਜੇ ਦੇ ਵਿਰੋਧੀ ਨਹੀਂ ਰਹਿੰਦੇ; ਉਹ ਇੱਕੋ ਯਾਦ ਦੇ ਦੋ ਪਾਸੇ ਬਣ ਜਾਂਦੇ ਹਨ।

ਬਲਜੀਤ ਬੱਲ ਦੀ ਕਵਿਤਾ ਵਿੱਚ ਕੁਦਰਤ ਦਾ ਵਿਸ਼ੇਸ਼ ਮਹੱਤਵ ਹੈ। ਸਮੁੰਦਰ, ਚੰਨ, ਤਾਰੇ, ਰੁੱਤਾਂ, ਬਹਾਰ, ਹਨੇਰਾ, ਰੌਸ਼ਨੀ, ਬਰਫ, ਤ੍ਰੇਲ ਅਤੇ ਪੀਂਘ ਵਰਗੇ ਬਿੰਬ ਉਸਦੇ ਅੰਦਰਲੇ ਮਨ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਹ ਕੁਦਰਤੀ ਦ੍ਰਿਸ਼ ਆਪਣੇ ਆਪ ਵਿੱਚ ਮੰਤਵ ਨਹੀਂ। ਇਨ੍ਹਾਂ ਦੇ ਰਾਹੀਂ ਮਨੁੱਖੀ ਅਨੁਭਵ ਦਾ ਇੱਕ ਅੰਦਰੂਨੀ ਭੂਗੋਲ ਬਣਦਾ ਹੈ। ਅਸ਼ਾਂਤ ਮਨ ਲਈ ਸਮੁੰਦਰ ਅਸ਼ਾਂਤ ਹੋ ਜਾਂਦਾ ਹੈ, ਇਕੱਲੇਪਨ ਲਈ ਰਾਤ ਡੂੰਘੀ ਹੋ ਜਾਂਦੀ ਹੈ ਅਤੇ ਆਸ ਲਈ ਰੁੱਤ ਬਦਲਦੀ ਹੈ। ਇਸ ਤਰ੍ਹਾਂ ਬਾਹਰੀ ਕੁਦਰਤ ਅਤੇ ਅੰਦਰਲੀ ਕੁਦਰਤ ਇੱਕ ਦੂਜੇ ਦਾ ਰੂਪਕ ਬਣ ਜਾਂਦੇ ਹਨ। ‘ਭਰਮ ਚੰਗੇ ਨੇ ਤਰਕ ਨਾਲੋਂ’ ਵਿੱਚ ਇਹ ਅੰਦਰੂਨੀ ਮਨੋਵਿਗਿਆਨ ਹੋਰ ਵੀ ਜਟਿਲ ਹੋ ਜਾਂਦਾ ਹੈ। ਕਵਿੱਤਰੀ ਤਰਕ ਦੀ ਸਖਤ ਹਕੀਕਤ ਨਾਲੋਂ ਭਰਮ ਨੂੰ ਤਰਜੀਹ ਦਿੰਦੀ ਹੈ। ਇਸਦਾ ਮਤਲਬ ਇਹ ਨਹੀਂ ਕਿ ਉਹ ਹਕੀਕਤ ਤੋਂ ਅਣਜਾਣ ਹੈ। ਅਸਲ ਵਿੱਚ ਉਹ ਹਕੀਕਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ; ਇਸੇ ਲਈ ਉਸ ਨੂੰ ਭਰਮ ਦੀ ਲੋੜ ਮਹਿਸੂਸ ਹੁੰਦੀ ਹੈ। ਜਦੋਂ ਹਕੀਕਤ ਮਨੁੱਖ ਤੋਂ ਉਸਦੀ ਸਭ ਤੋਂ ਪਿਆਰੀ ਹਸਤੀ ਖੋਹ ਲੈਂਦੀ ਹੈ ਤਾਂ ਯਾਦ ਅਤੇ ਭਰਮ ਉਸ ਨੂੰ ਉਸ ਹਸਤੀ ਨਾਲ ਇੱਕ ਕਲਪਿਤ ਸੰਵਾਦ ਦੀ ਸੰਭਾਵਨਾ ਦਿੰਦੇ ਹਨ। ਇਸ ਪੱਖੋਂ ਭਰਮ ਇੱਥੇ ਕਮਜ਼ੋਰੀ ਨਹੀਂ, ਸਗੋਂ ਜੀਵਨ ਨੂੰ ਸਹਿਣ ਦੀ ਇੱਕ ਮਨੋਵਿਗਿਆਨਕ ਰਣਨੀਤੀ ਬਣ ਜਾਂਦਾ ਹੈ।

ਖਿਲਰੇ ਵਰਕੇ’ ਦੀ ਕਵਿਤਾ ਵਿਚਲੀ ਔਰਤ ਦੀ ਆਪਣੀ ਅਵਾਜ਼ ਵੀ ਬਹੁਤ ਮਹੱਤਵਪੂਰਨ ਹੈ। ਇਹ ਔਰਤ ਕਿਸੇ ਬਾਹਰੀ ਨਜ਼ਰ ਰਾਹੀਂ ਨਹੀਂ ਦੇਖੀ ਜਾ ਰਹੀ; ਉਹ ਆਪਣੇ ਆਪ ਨੂੰ ਆਪ ਹੀ ਸੰਬੋਧਨ ਕਰ ਰਹੀ ਹੈ। ਉਹ ਆਪਣੇ ਪ੍ਰੇਮ ਨੂੰ ਲੁਕਾਉਂਦੀ ਨਹੀਂ, ਆਪਣੇ ਦੁੱਖ ਤੋਂ ਇਨਕਾਰ ਨਹੀਂ ਕਰਦੀ ਅਤੇ ਆਪਣੇ ਅਨੁਭਵ ਨੂੰ ਕਿਸੇ ਬਣੇ-ਬਣਾਏ ਨੈਤਿਕ ਫਰੇਮ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਨਹੀਂ ਕਰਦੀ। ਇਸ ਪੱਖੋਂ ਉਸਦੀ ਕਵਿਤਾ ਸਮਕਾਲੀ ਔਰਤ-ਚੇਤਨਾ ਨਾਲ ਸੰਵਾਦ ਕਰਦੀ ਹੈ। ਔਰਤ ਦਾ ਪ੍ਰੇਮ, ਉਸਦੀ ਉਡੀਕ, ਉਸਦੀ ਯਾਦ, ਉਸਦੀ ਕਾਮਨਾ ਅਤੇ ਉਸਦਾ ਦੁੱਖ ਆਪਣੇ ਆਪ ਵਿੱਚ ਸਾਹਿਤਕ ਤੌਰ ’ਤੇ ਜਾਇਜ਼ ਅਨੁਭਵ ਹਨ-ਇਹ ਬੋਧ ਉਸਦੀ ਕਵਿਤਾ ਦੇ ਅੰਦਰ ਮੌਜੂਦ ਹੈ। ਪਰ ਬਲਜੀਤ ਬੱਲ ਦੀ ਔਰਤ-ਚੇਤਨਾ ਕੇਵਲ ਪ੍ਰੇਮ ਤਕ ਸੀਮਿਤ ਨਹੀਂ। ਇਸਦਾ ਇੱਕ ਹੋਰ ਰੂਪ ‘ਬਗਾਵਤ’ ਦੇ ਸੰਕਲਪ ਵਿੱਚ ਉੱਭਰਦਾ ਹੈ। ਉਹ ਬਗਾਵਤ ਨੂੰ ਹਿੰਸਾ ਜਾਂ ਹਥਿਆਰ ਨਾਲ ਨਹੀਂ ਜੋੜਦੀ, ਸਗੋਂ ਸ਼ਬਦ ਨਾਲ ਜੋੜਦੀ ਹੈ-

ਹੌਲੀ ਹੌਲੀ
ਸਿੱਖ ਲਾਵਾਂਗੀ ਤੇਰੇ ਖਿਆਲ ’ਚ
ਕਿਵੇਂ ਦੀ ਹੁੰਦੀ ਹੈ ਬਗਾਵਤ
ਜਦੋਂ ਤੂੰ ਬੜ੍ਹਕ ਮਾਰੇਗਾ
ਮੈਂ ਬਗਾਵਤ ਕਰਾਂਗੀ,
ਹਥਿਆਰਾਂ ਦੀ ਨਹੀਂ - ਸ਼ਬਦਾਂ ਦੀ।”

ਇਹ ਸਤਰਾਂ ਉਸਦੀ ਕਵਿਤਾ ਦੇ ਇੱਕ ਹੋਰ ਪਾਸੇ ਨੂੰ ਸਾਹਮਣੇ ਲਿਆਉਂਦੀਆਂ ਹਨ। ਇੱਥੇ ਸ਼ਬਦ ਸਿਰਫ ਭਾਵਨਾ ਦੇ ਪ੍ਰਗਟਾਵੇ ਦਾ ਮਾਧਿਅਮ ਨਹੀਂ, ਸਗੋਂ ਪ੍ਰਤੀਰੋਧ ਦੀ ਤਾਕਤ ਹਨ। ਜਿਸ ਔਰਤ ਨੇ ਆਪਣੇ ਨਿੱਜੀ ਜੀਵਨ ਦੇ ਦੁੱਖ ਨੂੰ ਕਵਿਤਾ ਵਿੱਚ ਬਦਲਿਆ ਹੈ, ਉਹੀ ਔਰਤ ਸਮਾਜ, ਰਿਸ਼ਤਿਆਂ ਅਤੇ ਅਧੂਰੇਪਣ ਬਾਰੇ ਸਵਾਲ ਉਠਾਉਣ ਲਈ ਵੀ ਸ਼ਬਦ ਨੂੰ ਹਥਿਆਰ ਬਣਾਉਣਾ ਚਾਹੁੰਦੀ ਹੈ। ਇਸ ਲਈ ‘ਖਿਲਰੇ ਵਰਕੇ’ ਦੀ ਕਵਿਤਾ ਨੂੰ ਕੇਵਲ ਕੋਮਲਤਾ ਦੀ ਕਵਿਤਾ ਸਮਝਣਾ ਠੀਕ ਨਹੀਂ। ਇਸਦੀ ਕੋਮਲਤਾ ਦੇ ਅੰਦਰ ਇੱਕ ਦ੍ਰਿੜ੍ਹ ਪ੍ਰਤੀਰੋਧੀ ਚੇਤਨਾ ਮੌਜੂਦ ਹੈ। ਇਹ ਬਗਾਵਤ ਕਿਸੇ ਵੱਡੇ ਨਾਅਰੇ ਦੇ ਰੂਪ ਵਿੱਚ ਨਹੀਂ ਆਉਂਦੀ। ਇਹ ਬਹੁਤ ਨਿੱਜੀ ਅਤੇ ਅੰਦਰੂਨੀ ਹੈ। ਰਿਸ਼ਤਿਆਂ ਦੀ ‘ਚੀਰ-ਫਾੜ’, ਅਧੂਰੇ ਹੋਣ ਦੀ ਸਮਝ ਅਤੇ ਮੁਸਕਰਾਉਂਦੇ ਚਿਹਰਿਆਂ ਦੇ ਪਿੱਛੇ ਲੁਕੇ ਅਰਥਾਂ ਨੂੰ ਪੜ੍ਹਨਾ ਵੀ ਇੱਕ ਕਿਸਮ ਦੀ ਬਗਾਵਤ ਹੈ। ਕਵਿੱਤਰੀ ਉੱਪਰਲੇ ਦ੍ਰਿਸ਼ ਨੂੰ ਸਵੀਕਾਰ ਕਰਨ ਦੀ ਥਾਂ ਉਸਦੇ ਅੰਦਰਲੇ ਸੱਚ ਨੂੰ ਲੱਭਣਾ ਚਾਹੁੰਦੀ ਹੈ। ਇਸ ਕਰਕੇ ਉਸਦੀ ਕਵਿਤਾ ਦਾ ਪ੍ਰਤੀਰੋਧ ਬਾਹਰ ਨਾਲੋਂ ਜ਼ਿਆਦਾ ਅੰਤਰੀਵ ਵੱਲ ਵਧੇਰੇ ਹੈ। ਬਲਜੀਤ ਬੱਲ ਦੀ ਕਵਿਤਾ ਵਿੱਚ ‘ਮਾਂ’ ਅਤੇ ‘ਧੀ’ ਦੇ ਰਿਸ਼ਤੇ ਦੀ ਮੌਜੂਦਗੀ ਵੀ ਮਹੱਤਵਪੂਰਨ ਹੈ। ‘ਧੀ ਦਾ ਫੋਨ ਆਇਆ’ ਵਰਗੀ ਕਵਿਤਾ ਵਿੱਚ ਇੱਕ ਔਰਤ ਦਾ ਆਪਣੀ ਮਾਂ ਨਾਲ ਸੰਵਾਦ ਸਿਰਫ ਪਰਿਵਾਰਕ ਸਨੇਹ ਦਾ ਪ੍ਰਗਟਾਵਾ ਨਹੀਂ। ਇੱਥੇ ਦੋ ਪੀੜ੍ਹੀਆਂ ਵਿਚਕਾਰ ਸੰਵਾਦ ਔਰਤਾਂ ਦੀ ਇੱਕ ਅੰਦਰੂਨੀ ਸਾਂਝ ਬਣਦਾ ਹੈ। ਧੀ ਆਪਣੀ ਉਦਾਸੀ ਮਾਂ ਨਾਲ ਸਾਂਝੀ ਕਰਦੀ ਹੈ ਅਤੇ ਮਾਂ ਉਸ ਨੂੰ ‘ਰੁੱਤ ਬਦਲ ਰਹੀ ਹੈ’ ਕਹਿ ਕੇ ਆਸ ਦਿੰਦੀ ਹੈ। ਇਸ ਛੋਟੀ ਜਿਹੀ ਗੱਲ ਵਿੱਚ ਪੰਜਾਬੀ ਪਰਿਵਾਰਕ ਅਤੇ ਸੱਭਿਆਚਾਰਕ ਜੀਵਨ ਦਾ ਇੱਕ ਵੱਡਾ ਅਨੁਭਵ ਲੁਕਿਆ ਹੋਇਆ ਹੈ-ਦੁੱਖ ਦੇ ਸਮੇਂ ਔਰਤਾਂ ਅਕਸਰ ਇੱਕ-ਦੂਜੇ ਦੀਆਂ ਗਵਾਹ, ਸਹਾਰਾ ਅਤੇ ਮਨੋਵਿਗਿਆਨਕ ਆਸਰਾ ਬਣਦੀਆਂ ਹਨ। ਇਸ ਕਵਿਤਾ ਵਿੱਚ ‘ਰੁੱਤ’ ਦਾ ਬਿੰਬ ਵੀ ਬਹੁਤ ਅਰਥਵਾਨ ਹੈ। ਰੁੱਤ ਬਦਲਣਾ ਸਿਰਫ ਮੌਸਮ ਦਾ ਬਦਲਣਾ ਨਹੀਂ; ਇਹ ਜੀਵਨ ਦੀ ਸਥਿਤੀ ਬਦਲਣ ਦੀ ਸੰਭਾਵਨਾ ਹੈ। ਕਵਿੱਤਰੀ ਦੇ ਅਨੁਭਵ ਵਿੱਚ ਰੁੱਤ ਬਦਲਦੀ ਹੈ ਤਾਂ ਉਸਦੀ ਅੰਦਰੂਨੀ ਸਥਿਤੀ ਵੀ ਬਦਲਦੀ ਹੈ। ਪਰ ਇਸ ਬਦਲਾਅ ਵਿੱਚ ਕੋਈ ਅਚਾਨਕ ਚਮਤਕਾਰ ਨਹੀਂ। ਇਹ ਹੌਲੀ-ਹੌਲੀ ਆਉਂਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਡੂੰਘਾ ਦੁੱਖ ਹੌਲੀ-ਹੌਲੀ ਸਿਮਰਤੀ ਵਿੱਚ ਤਬਦੀਲ ਹੁੰਦਾ ਹੈ ਅਤੇ ਸਿਮਰਤੀ ਹੌਲੀ-ਹੌਲੀ ਕਵਿਤਾ ਵਿੱਚ ਪ੍ਰਵੇਸ਼ ਕਰਦੀ ਹੈ।

ਇਸ ਪੁਸਤਕ ਦੀ ਭਾਸ਼ਾ ਬਾਰੇ ਵੀ ਵਿਸ਼ੇਸ਼ ਤੌਰ ’ਤੇ ਗੱਲ ਕਰਨੀ ਬਣਦੀ ਹੈ। ਬਲਜੀਤ ਬੱਲ ਨੇ ਆਪਣੀ ਕਵਿਤਾ ਲਈ ਬਹੁਤ ਜਟਿਲ ਜਾਂ ਦੁਰਲੱਭ ਸ਼ਬਦਾਵਲੀ ਦੀ ਚੋਣ ਨਹੀਂ ਕੀਤੀ। ਉਸਦੀ ਭਾਸ਼ਾ ਆਮ ਸਧਾਰਨ ਗੱਲਬਾਤ ਦੇ ਬਹੁਤ ਨੇੜੇ ਹੈ। ਕਈ ਥਾਂਵਾਂ ’ਤੇ ਲਗਦਾ ਹੈ ਜਿਵੇਂ ਕਵਿੱਤਰੀ ਪਾਠਕ ਨਾਲ ਨਹੀਂ, ਆਪਣੇ ਕਿਸੇ ਬਹੁਤ ਨੇੜਲੇ ਮਨੁੱਖ ਨਾਲ ਗੱਲ ਕਰ ਰਹੀ ਹੋਵੇ। ਇਹੀ ਸਹਿਜਤਾ ਉਸਦੀ ਕਵਿਤਾ ਦੀ ਸੰਚਾਰ-ਸ਼ਕਤੀ ਵਧਾਉਂਦੀ ਹੈ। ਉਸਦੀ ਕਵਿਤਾ ਵਿੱਚ ਪੰਜਾਬੀ ਦੇ ਨਾਲ ਉਰਦੂ-ਫਾਰਸੀ ਦੇ ਸ਼ਬਦ ਵੀ ਆਉਂਦੇ ਹਨ-ਮੁਹੱਬਤ, ਅਹਿਸਾਸ, ਤਸੱਵਰ, ਵਫਾ, ਇਬਾਦਤ, ਇੰਤਜ਼ਾਰ ਆਦਿ। ਇਹ ਸ਼ਬਦ ਉਸਦੇ ਪ੍ਰੇਮ-ਅਨੁਭਵ ਨੂੰ ਇੱਕ ਵਿਸ਼ੇਸ਼ ਨਰਮੀ ਦਿੰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਉਸ ਮਿਲੀ-ਜੁਲੀ ਸੱਭਿਆਚਾਰਕ ਪ੍ਰਕਿਰਤੀ ਨੂੰ ਵੀ ਦਰਸਾਉਂਦੇ ਹਨ ਜਿਸ ਵਿੱਚ ਪੰਜਾਬੀ ਜੀਵਨ ਸਦੀਆਂ ਤੋਂ ਸਾਹ ਲੈਂਦਾ ਆਇਆ ਹੈ। ਉਸਦੀ ਕਾਵਿ-ਭਾਸ਼ਾ ਵਿੱਚ ‘ਚੁੱਪ’ ਦਾ ਮਹੱਤਵ ਵੀ ਘੱਟ ਨਹੀਂ। ਕਈ ਥਾਂਵਾਂ ’ਤੇ ਕਵਿੱਤਰੀ ਜਾਣ-ਬੁੱਝ ਕੇ ਗੱਲ ਨੂੰ ਅਧੂਰਾ ਛੱਡ ਦਿੰਦੀ ਹੈ। ਤਿੰਨ ਬਿੰਦੀਆਂ, ਟੁੱਟੇ ਵਾਕ ਅਤੇ ਠਹਿਰਾਅ ਉਸਦੀ ਕਵਿਤਾ ਦੀ ਲੈਅ ਦਾ ਹਿੱਸਾ ਬਣ ਜਾਂਦੇ ਹਨ। ਇਹ ਸ਼ਿਲਪ ਉਸ ਮਨ ਦੀ ਸਥਿਤੀ ਨੂੰ ਪ੍ਰਗਟ ਕਰਦਾ ਹੈ ਜਿਸ ਕੋਲ ਕਹਿਣ ਲਈ ਬਹੁਤ ਕੁਝ ਹੈ ਪਰ ਕਹਿਣ ਦੀ ਸਮਰੱਥਾ ਹਰ ਪਲ ਇੱਕੋ ਜਿਹੀ ਨਹੀਂ ਰਹਿੰਦੀ। ਡੂੰਘੀ ਭਾਵਨਾ ਅਕਸਰ ਪੂਰੇ ਵਾਕ ਦੀ ਮੰਗ ਨਹੀਂ ਕਰਦੀ; ਇੱਕ ਸ਼ਬਦ, ਇੱਕ ਠਹਿਰਾਅ ਜਾਂ ਇੱਕ ਚੁੱਪ ਹੀ ਕਾਫੀ ਹੋ ਜਾਂਦੀ ਹੈ। ਬਲਜੀਤ ਬੱਲ ਦੀ ਕਵਿਤਾ ਵਿੱਚ ਇਹ ਚੁੱਪ ਕਈ ਵਾਰ ਕਹੇ ਹੋਏ ਨਾਲੋਂ ਵੱਧ ਕੁਝ ਕਹਿੰਦੀ ਹੈ। ਇਸੇ ਲਈ ਉਸਦੀ ਕਵਿਤਾ ਨੂੰ ਪੜ੍ਹਨ ਲਈ ਸਿਰਫ ਸ਼ਬਦਾਂ ਨੂੰ ਪੜ੍ਹਨਾ ਕਾਫੀ ਨਹੀਂ; ਉਨ੍ਹਾਂ ਦੇ ਵਿਚਕਾਰ ਦੀ ਖਾਮੋਸ਼ੀ ਨੂੰ ਵੀ ਪੜ੍ਹਨਾ ਪੈਂਦਾ ਹੈ। ‘ਉਹ ਬੋਲ ਰਹੇ ਸਨ/ਮੈਂ ਲਿਖ ਰਹੀ ਸੀ/ਉਹ ਖਾਮੋਸ਼ ਹੋ ਗਏ/ਕਲਮ ਲਿਖਦੀ ਰਹੀ’ ਵਰਗੀਆਂ ਸਤਰਾਂ ਵਿੱਚ ਕਲਮ ਅਤੇ ਮਨੁੱਖੀ ਜੀਵਨ ਦੇ ਵਿਚਕਾਰ ਇੱਕ ਡੂੰਘਾ ਸੰਬੰਧ ਸਥਾਪਤ ਹੁੰਦਾ ਹੈ। ਜਦੋਂ ਮਨੁੱਖ ਦੀ ਅਵਾਜ਼ ਮੁੱਕ ਜਾਂਦੀ ਹੈ ਤਾਂ ਲਿਖਤ ਉਸਦੀ ਥਾਂ ਲੈਂਦੀ ਹੈ। ਇਸ ਤਰ੍ਹਾਂ ਲਿਖਣਾ ਯਾਦ ਨੂੰ ਬਚਾਉਣ ਦੀ ਇੱਕ ਪ੍ਰਕਿਰਿਆ ਬਣ ਜਾਂਦਾ ਹੈ।

ਖਿਲਰੇ ਵਰਕੇ’ ਦਾ ਸਭ ਤੋਂ ਸੰਘਣਾ ਦਰਦ ਸ਼ਾਇਦ ਉਨ੍ਹਾਂ ਥਾਂਵਾਂ ’ਤੇ ਉੱਭਰਦਾ ਹੈ ਜਿੱਥੇ ਕਵਿੱਤਰੀ ਸਾਂਝੇ ਜੀਵਨ ਦੇ ਅਧੂਰੇ ਰਹਿ ਜਾਣ ਨੂੰ ਯਾਦ ਕਰਦੀ ਹੈ। ਜੀਵਨ-ਸਾਥੀ ਦਾ ਵਿਛੋੜਾ ਕੇਵਲ ਇੱਕ ਮੌਜੂਦਾ ਖਾਲੀਪਣ ਨਹੀਂ; ਇਹ ਉਨ੍ਹਾਂ ਸਾਰੇ ਭਵਿੱਖਾਂ ਦਾ ਵੀ ਖਤਮ ਹੋ ਜਾਣਾ ਹੈ ਜੋ ਅਜੇ ਜਿਊਣੇ ਸਨ। ਇਸੇ ਲਈ ਕਿਸੇ ਜਨਮਦਿਨ ਦੀ ਯਾਦ, ਘਰ ਦੀ ਰੌਣਕ ਜਾਂ ਕਿਤਾਬਾਂ ਨਾਲ ਜੁੜਿਆ ਕੋਈ ਪਲ ਅਚਾਨਕ ਡੂੰਘੀ ਉਦਾਸੀ ਵਿੱਚ ਬਦਲ ਜਾਂਦਾ ਹੈ। ਕਵਿੱਤਰੀ ਲਈ ਮੌਤ ਦਾ ਦੁੱਖ ਕੇਵਲ ‘ਜੋ ਹੋ ਗਿਆ’ ਦਾ ਦੁੱਖ ਨਹੀਂ, ਸਗੋਂ ‘ਜੋ ਹੋਣਾ ਸੀ ਪਰ ਨਾ ਹੋ ਸਕਿਆ’ ਦਾ ਦੁੱਖ ਵੀ ਹੈ। ਇਹ ਅਧੂਰਾਪਣ ਉਸਦੀ ਕਵਿਤਾ ਅੰਦਰ ਇੱਕ ਵੱਡੀ ਅਸਤਿਤਵੀ ਚਿੰਤਾ ਪੈਦਾ ਕਰਦਾ ਹੈ। ਮਨੁੱਖ ਆਪਣੇ ਜੀਵਨ ਨੂੰ ਕਿੰਨਾ ਵੀ ਯੋਜਨਾਬੱਧ ਕਰ ਲਵੇ, ਜੀਵਨ ਆਪਣੇ ਆਪ ਵਿੱਚ ਅਨਿਸ਼ਚਿਤ ਹੈ। ਸਾਂਝੇ ਸੁਪਨੇ ਦੇ ਪੂਰੇ ਹੋਣ ਤੋਂ ਪਹਿਲਾਂ ਹੀ ਕੋਈ ਰੁਖਸਤ ਹੋ ਸਕਦਾ ਹੈ। ਇਸ ਲਈ ਬਲਜੀਤ ਬੱਲ ਦੀ ਕਵਿਤਾ ਵਿੱਚ ਮੌਤ ਸਿਰਫ ਅੰਤ ਨਹੀਂ; ਇਹ ਮਨੁੱਖੀ ਯੋਜਨਾਵਾਂ ਅਤੇ ਹਕੀਕਤ ਦੇ ਵਿਚਕਾਰਲੇ ਫਾਸਲੇ ਦਾ ਨਾਮ ਵੀ ਹੈ। ਇਸ ਅਰਥ ਵਿੱਚ ਉਸਦੀ ਇਹ ਕਵਿਤਾ ਦੇਖਣਯੋਗ ਹੈ-

ਅੱਜ ਫਿਰ
ਖਿਆਲ ਖਾਮੋਸ਼, ਉਦਾਸ
ਮੈਂ ਚੁੱਪ
ਸਵੇਰ ਹੋਰ... ਕਿਤਾਬਾਂ
ਤੂੰ... ਮੈਂ... ਜ਼ਿੰਦਗੀ ਦੇ ਗੀਤ ਦੇ
ਗਾਏ ਜਾਣ ਤੋਂ ਪਹਿਲਾਂ ਹੀ ਰੁਖਸਤ...”

ਜ਼ਿੰਦਗੀ ਦੇ ਗੀਤ’ ਦਾ ਰੂਪਕ ਇੱਥੇ ਸਾਂਝੇ ਜੀਵਨ ਦੀ ਪੂਰਨਤਾ ਦਾ ਰੂਪਕ ਹੈ। ਗੀਤ ਤਿਆਰ ਸੀ, ਪਰ ਗਾਇਆ ਨਹੀਂ ਗਿਆ। ਜੀਵਨ ਮੌਜੂਦ ਸੀ, ਪਰ ਉਸਦੀ ਪੂਰੀ ਅਉਧ ਨੂੰ ਜਿਊਣ ਦਾ ਮੌਕਾ ਨਹੀਂ ਮਿਲਿਆ। ਇਹੀ ਅਧੂਰੇਪਣ ‘ਖਿਲਰੇ ਵਰਕੇ’ ਦੀ ਅੰਦਰੂਨੀ ਉਦਾਸੀ ਦਾ ਇੱਕ ਵੱਡਾ ਸਰੋਤ ਹੈ। ਇਸਦੇ ਬਾਵਜੂਦ ਵੀ ਇਸ ਪੁਸਤਕ ਨੂੰ ਕੇਵਲ ਉਦਾਸੀ ਦੀ ਪੁਸਤਕ ਕਹਿਣਾ ਉਚਿਤ ਨਹੀਂ ਹੋਵੇਗਾ। ਇਸਦੇ ਅੰਦਰ ਜੀਵਨ ਵੱਲ ਵਾਪਸ ਮੁੜਨ ਦੀ ਤਾਂਘ ਹੈ। ਕਵਿੱਤਰੀ ਕਹਿੰਦੀ ਹੈ ਕਿ ਉਹ ਅੱਥਰੂ ਪੂੰਝਦੀ ਹੈ, ਚੁੱਪ ਹੋ ਜਾਂਦੀ ਹੈ, ਫਿਰ ਕਵਿਤਾ ਵੱਲ ਮੁੜਦੀ ਹੈ। ਇਹ ਮੁੜਨਾ ਹੀ ਮਹੱਤਵਪੂਰਨ ਹੈ। ਕਿਉਂਕਿ ਕਵਿਤਾ ਵਿੱਚ ਦਾਖਲ ਹੋਣਾ ਆਪਣੇ ਅੰਦਰਲੇ ਜਗਤ ਅੰਦਰ ਮੁੜ ਪ੍ਰਵੇਸ਼ ਕਰਨਾ ਹੈ। ਦੁੱਖ ਤੋਂ ਬਾਅਦ ਕਵਿਤਾ ਦਾ ਬਚੇ ਰਹਿਣਾ ਇਸ ਗੱਲ ਦਾ ਸੰਕੇਤ ਹੈ ਕਿ ਜੀਵਨ ਦੀ ਸਿਰਜਣਾਤਮਕ ਤਾਕਤ ਅਜੇ ਮੁੱਕੀ ਨਹੀਂ। ਇਸ ਪੱਖੋਂ ‘ਖਿਲਰੇ ਵਰਕੇ’ ਦਾ ਸਿਰਲੇਖ ਇੱਕ ਹੋਰ ਅਰਥ ਗ੍ਰਹਿਣ ਕਰਦਾ ਹੈ। ਖਿਲਰੇ ਹੋਏ ਵਰਕੇ ਭਾਵੇਂ ਬਿਖਰੇ ਹੋਏ ਹਨ, ਪਰ ਉਹ ਅਜੇ ਵੀ ਇੱਕ ਪੁਸਤਕ ਦੇ ਵਰਕੇ ਹਨ। ਉਨ੍ਹਾਂ ਵਿੱਚ ਜੀਵਨ ਦੀ ਕਥਾ ਦੇ ਟੁਕੜੇ ਮੌਜੂਦ ਹਨ। ਕਵਿੱਤਰੀ ਉਨ੍ਹਾਂ ਟੁਕੜਿਆਂ ਨੂੰ ਸੰਭਾਲਦੀ ਹੈ ਅਤੇ ਕਵਿਤਾ ਦੇ ਰੂਪ ਵਿੱਚ ਪਾਠਕ ਦੇ ਸਾਹਮਣੇ ਰੱਖਦੀ ਹੈ। ਇਸ ਲਈ ਬਿਖਰਾਅ ਦੇ ਅੰਦਰ ਵੀ ਇੱਕ ਸਿਰਜਣਾਤਮਕ ਇਕਾਈ ਬਣਦੀ ਹੈ। ਇਹੀ ਇਸ ਪੁਸਤਕ ਦੀ ਸਭ ਤੋਂ ਡੂੰਘੀ ਅੰਤਰਧੁਨੀ ਹੈ-ਜੀਵਨ ਭਾਵੇਂ ਬਿਖਰ ਜਾਵੇ, ਸ਼ਬਦ ਉਸ ਬਿਖਰਾਅ ਨੂੰ ਅਰਥ ਦੇ ਸਕਦੇ ਹਨ।

ਬਲਜੀਤ ਬੱਲ ਦੀ ਪਲੇਠੀ ਕਾਵਿ-ਪੁਸਤਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸਦੀ ਇਮਾਨਦਾਰ ਸੰਵੇਦਨਾ ਹੈ। ਇੱਥੇ ਕਵਿੱਤਰੀ ਆਪਣੇ ਅਨੁਭਵ ਨੂੰ ਕਿਸੇ ਬਣਾਵਟੀ ਬੌਧਿਕਤਾ ਨਾਲ ਢਕਣ ਦੀ ਕੋਸ਼ਿਸ਼ ਨਹੀਂ ਕਰਦੀ। ਉਹ ਆਪਣੇ ਦੁੱਖ, ਆਪਣੀ ਮੁਹੱਬਤ, ਆਪਣੀ ਉਡੀਕ ਅਤੇ ਆਪਣੀ ਕਮਜ਼ੋਰੀ ਨੂੰ ਵੀ ਕਵਿਤਾ ਦਾ ਹਿੱਸਾ ਬਣਾਉਂਦੀ ਹੈ। ਇਹ ਇਮਾਨਦਾਰੀ ਹੀ ਉਸਦੀ ਕਵਿਤਾ ਨੂੰ ਪਾਠਕ ਨਾਲ ਜੋੜਦੀ ਹੈ। ਪਾਠਕ ਨੂੰ ਇੱਥੇ ਕੋਈ ਦੂਰ ਖੜ੍ਹੀ ਕਵਿੱਤਰੀ ਨਹੀਂ ਮਿਲਦੀ, ਸਗੋਂ ਇੱਕ ਅਜਿਹਾ ਮਨੁੱਖ ਮਿਲਦਾ ਹੈ ਜੋ ਆਪਣੇ ਅਨੁਭਵ ਨੂੰ ਸ਼ਬਦਾਂ ਵਿੱਚ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਦੇ ਨਾਲ ਇਹ ਵੀ ਸੱਚ ਹੈ ਕਿ ਪਲੇਠੀ ਪੁਸਤਕ ਹੋਣ ਕਰਕੇ ਬਲਜੀਤ ਬੱਲ ਦੀ ਕਵਿਤਾ ਵਿੱਚ ਕੁਝ ਥਾਂਵਾਂ ’ਤੇ ਭਾਵਨਾ ਸ਼ਿਲਪ ਉੱਤੇ ਹਾਵੀ ਹੋ ਜਾਂਦੀ ਹੈ। ਕਈ ਵਾਰ ਇੱਕੋ ਕਿਸਮ ਦੇ ਬਿੰਬ ਜਾਂ ਅਨੁਭਵ ਮੁੜ-ਮੁੜ ਆਉਂਦੇ ਹਨ। ਪਰ ਇਸ ਨੂੰ ਇਸ ਸ਼ਾਇਰੀ ਦੀ ਸੀਮਾ ਵਜੋਂ ਦੇਖਣਾ ਠੀਕ ਨਹੀਂ, ਕਿਉਂਕਿ ਇਸਦੇ ਪਿੱਛੇ ਇੱਕ ਹੀ ਕੇਂਦਰੀ ਅਨੁਭਵ ਦੀ ਲਗਾਤਾਰ ਵਾਪਸੀ ਹੈ। ਜਦੋਂ ਕੋਈ ਦੁੱਖ ਜੀਵਨ ਦੇ ਕੇਂਦਰ ਵਿੱਚ ਵੱਸ ਜਾਵੇ ਤਾਂ ਉਹ ਵੱਖ-ਵੱਖ ਰੂਪਾਂ ਵਿੱਚ ਵਾਰ-ਵਾਰ ਸਾਹਮਣੇ ਆਉਂਦਾ ਹੈ। ਕਵਿਤਾ ਉਸ ਦੁਹਰਾਅ ਨੂੰ ਰਚਨਾਤਮਕ ਰੂਪ ਦੇਣ ਦੀ ਕੋਸ਼ਿਸ਼ ਕਰਦੀ ਹੈ। ਬਲਜੀਤ ਬੱਲ ਦੀ ਕਾਵਿ-ਯਾਤਰਾ ਦੀ ਅਸਲ ਸੰਭਾਵਨਾ ਇਸ ਗੱਲ ਵਿੱਚ ਹੈ ਕਿ ਉਹ ਨਿੱਜੀ ਅਨੁਭਵ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਵਧੇਰੇ ਵਿਸ਼ਾਲ ਸਮਾਜਿਕ ਅਤੇ ਮਨੁੱਖੀ ਅਨੁਭਵਾਂ ਵੱਲ ਜਾ ਸਕਦੀ ਹੈ। ‘ਬਗਾਵਤ’, ‘ਔਰਤ’, ‘ਰਿਸ਼ਤੇ’, ‘ਬੇਬਸੀ’, ‘ਹਨੇਰਾ’, ‘ਰੌਸ਼ਨੀ’ ਅਤੇ ‘ਸਮਾਂ’ ਵਰਗੇ ਸੰਕੇਤ ਦੱਸਦੇ ਹਨ ਕਿ ਉਸਦੀ ਕਵਿਤਾ ਦੇ ਅੰਦਰ ਸਿਰਫ ਵਿਛੋੜੇ ਦੀ ਕਹਾਣੀ ਨਹੀਂ, ਸਗੋਂ ਜੀਵਨ ਨੂੰ ਸਮਝਣ ਦੀ ਇੱਕ ਵੱਡੀ ਬੇਚੈਨੀ ਵੀ ਮੌਜੂਦ ਹੈ। ਜੇ ਇਹ ਬੇਚੈਨੀ ਅੱਗੇ ਜਾ ਕੇ ਹੋਰ ਸਮਾਜਿਕ, ਸੱਭਿਆਚਾਰਕ ਅਤੇ ਹੋਂਦਾਤਮਕ ਅਨੁਭਵਾਂ ਨਾਲ ਜੁੜਦੀ ਹੈ ਤਾਂ ਉਸਦੀ ਕਵਿਤਾ ਦੇ ਘੇਰੇ ਹੋਰ ਵਿਸ਼ਾਲ ਹੋ ਸਕਦੇ ਹਨ।

ਖਿਲਰੇ ਵਰਕੇ’ ਅਸਲ ਵਿੱਚ ਉਨ੍ਹਾਂ ਅਨੁਭਵਾਂ ਅਤੇ ਸੁਪਨਿਆਂ ਦੀ ਕਿਤਾਬ ਹੈ ਜਿਨ੍ਹਾਂ ਨੂੰ ਜੀਵਨ ਵਿੱਚ ਪੂਰੇ ਰੂਪ ਵਿੱਚ ਜੀਣਾ ਥੀਣਾ ਸੰਭਵ ਨਹੀਂ ਹੋ ਸਕਿਆ ਅਤੇ ਉਹ ਆਖਰਕਾਰ ਕਵਿਤਾ ਵਿੱਚ ਆਪਣਾ ਗੁਆਚਿਆ ਸੰਸਾਰ ਤਲਾਸ਼ ਕਰਦੇ ਹਨ। ਬਲਜੀਤ ਬੱਲ ਲਈ ਕਵਿਤਾ ਆਪਣੇ ਵਿਛੜੇ ਹੋਏ ਜੀਵਨ-ਸਾਥੀ ਨਾਲ ਸੰਵਾਦ ਦਾ ਇੱਕ ਹੋਰ ਰੂਪ ਹੈ, ਪਰ ਇਸ ਤੋਂ ਵੀ ਵੱਧ ਇਹ ਸ਼ਾਇਰਾ ਦਾ ਆਪਣੇ ਆਪ ਨਾਲ ਸੰਵਾਦ ਹੈ। ਇਸੇ ਕਰਕੇ ਇਸ ਪੁਸਤਕ ਵਿਚਲੀ ‘ਮੈਂ’ ਇਕੱਲੀ ਹੋ ਕੇ ਵੀ ਪੂਰੀ ਤਰ੍ਹਾਂ ਇਕੱਲੀ ਨਹੀਂ। ਉਸਦੇ ਨਾਲ ਯਾਦ ਹੈ, ਚੰਨ ਹੈ, ਰੁੱਤਾਂ ਹਨ, ਮਾਂ ਹੈ, ਲੋਕ-ਸੱਭਿਆਚਾਰ ਹੈ, ਸ਼ਬਦ ਹਨ ਅਤੇ ਸਭ ਤੋਂ ਵੱਧ ਉਸ ਮਨੁੱਖ ਦਾ ਅਹਿਸਾਸ ਹੈ ਜਿਸਦੀ ਗੈਰ-ਹਾਜ਼ਰੀ ਨੇ ਉਸਦੇ ਅੰਦਰ ਕਵਿਤਾ ਦੀ ਇੱਕ ਨਵੀਂ ਆਮਦ ਪੈਦਾ ਕੀਤੀ ਹੈ। ਇਨ੍ਹਾਂ ਅਰਥਾਂ ਵਿੱਚ ‘ਖਿਲਰੇ ਵਰਕੇ’ ਬਲਜੀਤ ਬੱਲ ਦੀ ਪਲੇਠੀ ਪੁਸਤਕ ਹੋਣ ਦੇ ਬਾਵਜੂਦ ਇੱਕ ਅਜਿਹੀ ਨਾਰੀ ਕਾਵਿ-ਅਵਾਜ਼ ਦੀ ਪਛਾਣ ਕਰਵਾਉਂਦੀ ਹੈ ਜੋ ਆਪਣੇ ਦੁੱਖ ਨੂੰ ਸਿਰਫ ਨਿੱਜੀ ਵਿਲਾਪ ਬਣਨ ਤੋਂ ਰੋਕ ਕੇ ਉਸ ਨੂੰ ਸ਼ਬਦ, ਯਾਦ ਅਤੇ ਕਲਾ ਵਿੱਚ ਬਦਲਣ ਦੀ ਸਮਰੱਥਾ ਰੱਖਦੀ ਹੈ। ਉਸਦੇ ਖਿਲਰੇ ਵਰਕਿਆਂ ਵਿੱਚੋਂ ਜਦੋਂ ਕਵਿਤਾ ਦੀ ਅਵਾਜ਼ ਉੱਭਰਦੀ ਹੈ ਤਾਂ ਇਹ ਸਿਰਫ ਇੱਕ ਔਰਤ ਦੇ ਵਿਛੋੜੇ ਦੀ ਅਵਾਜ਼ ਨਹੀਂ ਰਹਿੰਦੀ; ਸਗੋਂ ਇਹ ਹਰ ਉਸ ਮਨੁੱਖ ਦੀ ਅਵਾਜ਼ ਬਣ ਜਾਂਦੀ ਹੈ ਜਿਸਨੇ ਕਦੇ ਕਿਸੇ ਆਪਣੇ ਨੂੰ ਗੁਆਇਆ ਹੈ, ਕਿਸੇ ਦੀ ਉਡੀਕ ਕੀਤੀ ਹੈ, ਕਿਸੇ ਯਾਦ ਨੂੰ ਆਪਣੇ ਅੰਦਰ ਜਿਊਂਦਾ ਰੱਖਿਆ ਹੈ ਅਤੇ ਇਹ ਮਹਿਸੂਸ ਕੀਤਾ ਹੈ ਕਿ ਕਈ ਵਾਰ ਜੀਵਨ ਵਿੱਚ ਸਭ ਤੋਂ ਡੂੰਘੇ ਸੰਵਾਦ ਉਨ੍ਹਾਂ ਨਾਲ ਹੁੰਦੇ ਹਨ ਜੋ ਸਰੀਰਕ ਤੌਰ ’ਤੇ ਸਾਡੇ ਕੋਲ ਨਹੀਂ ਰਹਿ ਗਏ ਹੁੰਦੇ। ਇਸੇ ਅਹਿਸਾਸ ਵਿੱਚ ‘ਖਿਲਰੇ ਵਰਕੇ’ ਦੀ ਕਾਵਿ-ਸਾਰਥਕਤਾ ਦੀ ਪਛਾਣ ਕੀਤੀ ਜਾ ਸਕਦੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਅਮਰਜੀਤ ਕੌਂਕੇ

ਡਾ. ਅਮਰਜੀਤ ਕੌਂਕੇ

Phone: (91 - 98142 - 31698)
Email: (pratimaan@yahoo.co.in)