“ਦੇਸ਼ ਦੀ ਵੰਡ ਸਿਰਫ ਅੰਕੜਿਆਂ ਦੀ ਕਹਾਣੀ ਨਹੀਂ ਸੀ, ਇਹ ਕਰੋੜਾਂ ਲੋਕਾਂ ਦੇ ਘਰਾਂ, ਪਰਿਵਾਰਾਂ, ਜ਼ਮੀਨਾਂ ...”
(20 ਅਗਸਤ 2026)
1946 ਵਿੱਚ ਹਾਲਾਤ ਹੌਲੀ-ਹੌਲੀ ਅਜਿਹੇ ਬਣਨ ਲੱਗੇ ਸਨ ਕਿ ਕੁਝ ਇਲਾਕਿਆਂ ਦੇ ਲੋਕਾਂ ਨੂੰ ਆਪਣੀ ਜਾਨ ਅਤੇ ਘਰ-ਬਾਰ ਦੀ ਚਿੰਤਾ ਹੋਣ ਲੱਗੀ ਸੀ। ਉਸ ਸਮੇਂ ਕਾਂਗਰਸ ਅਤੇ ਮੁਸਲਿਮ ਲੀਗ ਵਿਚਕਾਰ ਸਿਆਸੀ ਤਣਾਅ ਬਹੁਤ ਵਧ ਗਿਆ ਸੀ। ਮੁਸਲਿਮ ਲੀਗ ਨੇ 23 ਮਾਰਚ 1940 ਨੂੰ ਲਾਹੌਰ ਵਿੱਚ ਹੋਏ ਆਪਣੇ ਸੈਸ਼ਨ ਦੌਰਾਨ, ‘ਪਾਕਿਸਤਾਨ’ ਸ਼ਬਦ ਵਰਤੇ ਬਿਨਾਂ, ਮੁਸਲਿਮ-ਬਹੁਗਿਣਤੀ ਇਲਾਕਿਆਂ ਨੂੰ ‘ਇੰਡੀਪੈਂਡੈਂਟ ਸਟੇਟਸ’ ਵਿੱਚ ਸੰਗਠਿਤ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਕਾਂਗਰਸ ਇੱਕ ਸੰਯੁਕਤ ਭਾਰਤ ਦੇ ਹੱਕ ਵਿੱਚ ਸੀ, ਹਾਲਾਂਕਿ ਕੇਂਦਰ ਦੀਆਂ ਸ਼ਕਤੀਆਂ ਅਤੇ ਸੂਬਿਆਂ ਦੀ ਖੁਦਮੁਖਤਿਆਰੀ ਵਰਗੇ ਮੁੱਦਿਆਂ ’ਤੇ ਵੀ ਕਾਂਗਰਸ ਅਤੇ ਮੁਸਲਿਮ ਲੀਗ ਵਿਚਕਾਰ ਡੂੰਘੇ ਮਤਭੇਦ ਸਨ।
ਦੇਸ਼ ਦੀ ਅਜ਼ਾਦੀ ਤੋਂ ਇੱਕ ਸਾਲ ਪਹਿਲਾਂ 16 ਅਗਸਤ 1946 ਨੂੰ ਕਲਕੱਤਾ ਵਿੱਚ ਮੁਸਲਿਮ ਲੀਗ ਨੇ ਡਾਇਰੈਕਟ ਐਕਸ਼ਨ ਡੇ ਮਨਾਇਆ। ਇਸ ਤੋਂ ਬਾਅਦ 16 ਤੋਂ 19 ਅਗਸਤ ਤਕ ਸ਼ਹਿਰ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਭਿਆਨਕ ਦੰਗੇ ਹੋਏ। ਸ੍ਰੋਤਾਂ ਮੁਤਾਬਿਕ ਗਿਣਤੀ ਵਿੱਚ ਕਾਫੀ ਅੰਤਰ ਹੈ ਪਰ ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਲਗਭਗ 4 ਹਜ਼ਾਰ ਤੋਂ 10 ਹਜ਼ਾਰ ਮੌਤਾਂ ਹੋਈਆਂ ਅਤੇ 15 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ। ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂਵਾਂ ਵੱਲ ਚਲੇ ਗਏ। 10 ਅਕਤੂਬਰ 1946 ਤੋਂ ਨੋਆਖਾਲੀ (ਮੌਜੂਦਾ ਬੰਗਲਾਦੇਸ਼) ਵਿੱਚ ਹਿੰਦੂ ਭਾਈਚਾਰੇ ਵਿਰੁੱਧ ਵੱਡੀ ਹਿੰਸਾ ਸ਼ੁਰੂ ਹੋਈ। ਕਈ ਪਿੰਡਾਂ ਵਿੱਚ ਘਰ ਸਾੜੇ ਗਏ, ਲੋਕ ਮਾਰੇ ਗਏ। ਮੌਤਾਂ ਦੇ ਅੰਦਾਜ਼ਿਆਂ ਵਿੱਚ ਬਹੁਤ ਵੱਡਾ ਮਤਭੇਦ ਹੈ। ਬਹੁਤ ਸਾਰੇ ਪਰਿਵਾਰ ਉੱਥੋਂ ਚਲੇ ਗਏ।
ਨੋਆਖਾਲੀ ਦੀਆਂ ਘਟਨਾਵਾਂ ਦੀਆਂ ਖਬਰਾਂ ਤੋਂ ਬਾਅਦ ਅਕਤੂਬਰ ਦੇ ਅਖੀਰ ਅਤੇ ਨਵੰਬਰ 1946 ਦੇ ਸ਼ੁਰੂ ਵਿੱਚ ਬਿਹਾਰ ਦੇ ਕਈ ਇਲਾਕਿਆਂ ਵਿੱਚ ਮੁਸਲਮਾਨਾਂ ਵਿਰੁੱਧ ਭਿਆਨਕ ਹਿੰਸਾ ਹੋਈ। ਨਵੰਬਰ 1946 ਵਿੱਚ ਯੂਪੀ ਦੇ ਮੌਜੂਦਾ ਹਾਪੁੜ ਜ਼ਿਲ੍ਹੇ ਵਿੱਚ ਗੜ੍ਹਮੁਕਤੇਸ਼ਵਰ ਵਿਖੇ ਕਾਰਤਿਕ ਪੂਰਨਿਮਾ ਦੇ ਮੇਲੇ ਦੌਰਾਨ ਹਜ਼ਾਰਾਂ ਹਿੰਦੂ ਸ਼ਰਧਾਲੂ ਪਹੁੰਚੇ ਹੋਏ ਸਨ। ਕਲਕੱਤਾ, ਨੋਆਖਾਲੀ ਅਤੇ ਬਿਹਾਰ ਵਿੱਚ ਹੋਈ ਹਿੰਸਾ ਦੀਆਂ ਖਬਰਾਂ ਲੋਕਾਂ ਵਿੱਚ ਗੁੱਸੇ ਅਤੇ ਬਦਲੇ ਦੀ ਭਾਵਨਾ ਪੈਦਾ ਕਰ ਰਹੀਆਂ ਸਨ। ਇਸ ਮਾਹੌਲ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਹਿੰਸਾ ਹੋਈ। ਮੇਲੇ ਵਾਲੇ ਇਲਾਕੇ ਤੋਂ ਇਲਾਵਾ ਨੇੜਲੇ ਸ਼ਹਿਰ ਅਤੇ ਪਿੰਡ ਵੀ ਇਸ ਹਿੰਸਾ ਦੀ ਲਪੇਟ ਵਿੱਚ ਆ ਗਏ। ਵੱਡੀ ਗਿਣਤੀ ਵਿੱਚ ਮੁਸਲਮਾਨ ਮਾਰੇ ਗਏ ਅਤੇ ਵੱਡੇ ਪੱਧਰ ’ਤੇ ਪਿੰਡ ਪ੍ਰਭਾਵਿਤ ਹੋਏ। ਹਾਲਾਂਕਿ ਮੌਤਾਂ ਦੀ ਸਹੀ ਗਿਣਤੀ ਬਾਰੇ ਸਰੋਤਾਂ ਵਿੱਚ ਕਾਫੀ ਫਰਕ ਹੈ।
ਇਸ ਮਗਰੋਂ ਇੱਧਰ ਪੰਜਾਬ ਵਿੱਚ “5 ਮਾਰਚ 1947 ਨੂੰ ਰਾਵਲਪਿੰਡੀ ਵਿੱਚ ਤਣਾਅ ਅਤੇ ਟਕਰਾਅ ਹੋਇਆ ਅਤੇ 6 ਮਾਰਚ ਤੋਂ ਰਾਵਲਪਿੰਡੀ ਡਿਵੀਜ਼ਨ ਦੇ ਕਈ ਪਿੰਡਾਂ ਵਿੱਚ ਭਿਆਨਕ ਹਿੰਸਾ ਫੈਲ ਗਈ। ਹਿੰਦੂ ਅਤੇ ਸਿੱਖ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ। ਘਰ ਸਾੜੇ ਗਏ ਅਤੇ ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋਏ। ਇਸ ਤੋਂ ਬਾਅਦ ਰਾਵਲਪਿੰਡੀ, ਅਟਕ, ਜਿਹਲਮ ਅਤੇ ਨੇੜਲੇ ਇਲਾਕਿਆਂ ਵਿੱਚ ਹੋਈ ਹਿੰਸਾ ਨੇ ਬਹੁਤ ਸਾਰੇ ਹਿੰਦੂ ਅਤੇ ਸਿੱਖ ਪਰਿਵਾਰਾਂ ਵਿੱਚ ਇਹ ਡਰ ਗਹਿਰਾ ਕਰ ਦਿੱਤਾ ਕਿ ਸ਼ਾਇਦ ਹੁਣ ਉਹ ਆਪਣੇ ਪੁਰਾਣੇ ਪਿੰਡਾਂ ਵਿੱਚ ਸੁਰੱਖਿਅਤ ਢੰਗ ਨਾਲ ਨਹੀਂ ਰਹਿ ਸਕਣਗੇ। ਮਾਰਚ 1947 ਦੀ ਰਾਵਲਪਿੰਡੀ ਹਿੰਸਾ ਤੋਂ ਬਾਅਦ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵੀ ਖਿਚਾਅ ਅਤੇ ਹਿੰਸਾ ਵਧਦੀ ਗਈ। ਲਾਹੌਰ, ਅੰਮ੍ਰਿਤਸਰ, ਗੁਜਰਾਂਵਾਲਾ, ਜਲੰਧਰ, ਲੁਧਿਆਣਾ ਅਤੇ ਹੋਰ ਇਲਾਕੇ ਇਸ ਵਧਦੇ ਸੰਕਟ ਨਾਲ ਪ੍ਰਭਾਵਿਤ ਹੋਏ। ਮੁਸਲਮਾਨ ਪਰਿਵਾਰਾਂ ਵਿੱਚ ਵੀ ਇਹ ਡਰ ਵਧ ਗਿਆ ਕਿ ਜੇ ਪੰਜਾਬ ਵੰਡਿਆ ਗਿਆ ਤਾਂ ਉਹ ਆਪਣੇ ਪਿੰਡਾਂ ਵਿੱਚ ਨਹੀਂ ਰਹਿ ਸਕਣਗੇ। ਹਾਲਾਂਕਿ, ਬਦਲੇ ਦੀ ਭਾਵਨਾ ਹੀ ਇਨ੍ਹਾਂ ਘਟਨਾਵਾਂ ਦਾ ਇਕਲੌਤਾ ਕਾਰਨ ਨਹੀਂ ਸੀ। ਸਥਾਨਕ ਰਾਜਨੀਤੀ, ਧਾਰਮਿਕ ਧਰੁਵੀਕਰਨ, ਅਫਵਾਹਾਂ, ਪੁਲਿਸ ਅਤੇ ਪ੍ਰਸ਼ਾਸਨ ਦੀ ਨਾਕਾਮੀ, ਹਿਜਰਤ, ਹਥਿਆਰਬੰਦ ਜਥੇ, ਜਾਇਦਾਦ ਅਤੇ ਜ਼ਮੀਨ ਨਾਲ ਜੁੜੇ ਹਿਤ ਅਤੇ ਵਿਆਪਕ ਅਸੁਰੱਖਿਆ ਦਾ ਮਾਹੌਲ ਵੀ ਇਸ ਹਿੰਸਾ ਨੂੰ ਵਧਾਉਣ ਵਾਲੇ ਕਾਰਕ ਸਨ।
3 ਜੂਨ 1947 ਨੂੰ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਭਾਰਤ ਦੇ ਭਵਿੱਖ ਬਾਰੇ ਬ੍ਰਿਟਿਸ਼ ਸਰਕਾਰ ਦੀ ਯੋਜਨਾ, ਜਿਸਨੂੰ ਆਮ ਤੌਰ ’ਤੇ 3 ਜੂਨ ਪਲੈਨ ਜਾਂ ਮਾਊਂਟਬੈਟਨ ਪਲੈਨ ਕਿਹਾ ਜਾਂਦਾ ਹੈ, ਦਾ ਐਲਾਨ ਕੀਤਾ। ਇਸ ਯੋਜਨਾ ਵਿੱਚ ਬ੍ਰਿਟਿਸ਼ ਭਾਰਤ ਨੂੰ ਦੋ ਡੋਮੀਨੀਅਨਾਂ, ਭਾਰਤ ਅਤੇ ਪਾਕਿਸਤਾਨ ਵਿੱਚ ਵੰਡਣ ਦਾ ਪ੍ਰਬੰਧ ਸੀ। ਲੋਕਾਂ ਨੂੰ ਇਸ ਗੱਲ ਦਾ ਪਤਾ ਉਸੇ ਦਿਨ ਸ਼ਾਮ ਨੂੰ ਮਾਊਂਟਬੈਟਨ, ਨਹਿਰੂ, ਜਿਨਾਹ ਅਤੇ ਬਲਦੇਵ ਸਿੰਘ ਵੱਲੋਂ ਕੀਤੇ ਗਏ ਰੇਡੀਓ ਪ੍ਰਸਾਰਣ ਰਾਹੀਂ ਲੱਗਿਆ। 18 ਜੁਲਾਈ 1947 ਨੂੰ ਲੰਡਨ ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਇੰਡੀਅਨ ਇੰਡੀਪੈਂਡੈਂਸ ਐਕਟ 1947 ਪਾਸ ਕੀਤਾ ਅਤੇ ਸ਼ਾਹੀ ਮਨਜ਼ੂਰੀ ਵੀ ਇਸ ਨੂੰ ਉਸੇ ਦਿਨ ਦਿੱਤੀ ਗਈ।
ਦਿਲਚਸਪ ਗੱਲ ਇਹ ਹੈ ਕਿ 3 ਜੂਨ ਤਕ ਪੰਜਾਬ ਅਤੇ ਬੰਗਾਲ ਦੀ ਅੰਤਿਮ ਸਰਹੱਦ ਤੈਅ ਨਹੀਂ ਹੋਈ ਸੀ। ਪੰਜਾਬ ਅਤੇ ਬੰਗਾਲ ਦੀਆਂ ਹੱਦਾਂ ਨਿਰਧਾਰਤ ਕਰਨ ਲਈ ਵੱਖ-ਵੱਖ ਸੀਮਾ ਕਮਿਸ਼ਨ ਬਣਾਏ ਗਏ। ਦੋਵੇਂ ਕਮਿਸ਼ਨ 30 ਜੂਨ 1947 ਨੂੰ ਬਣੇ। ਪੰਜਾਬ ਕਮਿਸ਼ਨ ਵਿੱਚ ਦੋ ਮੁਸਲਿਮ ਅਤੇ ਦੋ ਗੈਰ-ਮੁਸਲਿਮ ਜੱਜ ਸਨ ਅਤੇ ਰੈੱਡਕਲਿੱਫ ਚੇਅਰਮੈਨ ਸੀ; ਬੰਗਾਲ ਲਈ ਵੀ ਇਸੇ ਤਰ੍ਹਾਂ ਕਮਿਸ਼ਨ ਬਣਿਆ।
14 ਅਗਸਤ 1947 ਨੂੰ ਪਾਕਿਸਤਾਨ ਨੇ ਅਤੇ 15 ਅਗਸਤ ਨੂੰ ਭਾਰਤ ਨੇ ਆਪਣਾ ਅਜ਼ਾਦੀ ਦਿਵਸ ਤਾਂ ਮਨਾ ਲਿਆ ਸੀ ਪਰ ਇਸ ਸਮੇਂ ਤਕ ਪੰਜਾਬ ਦੇ ਦੋਵਾਂ ਪਾਸਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹਿਲਾਂ ਹੀ ਘਰ ਛੱਡ ਚੁੱਕੇ ਸਨ। ਪੱਛਮੀ ਪੰਜਾਬ ਤੋਂ ਹਿੰਦੂ ਅਤੇ ਸਿੱਖ ਪੂਰਬੀ ਪੰਜਾਬ ਵੱਲ ਆ ਰਹੇ ਸਨ ਅਤੇ ਪੂਰਬੀ ਪੰਜਾਬ ਤੋਂ ਮੁਸਲਮਾਨ ਪੱਛਮੀ ਪੰਜਾਬ ਵੱਲ ਜਾਣ ਲੱਗੇ ਸਨ। ਪਰ ਕਈ ਇਲਾਕਿਆਂ ਦੇ ਲੋਕਾਂ ਨੂੰ ਅਜੇ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦਾ ਪਿੰਡ ਜਾਂ ਸ਼ਹਿਰ ਅੰਤਿਮ ਤੌਰ ’ਤੇ ਭਾਰਤ ਵਿੱਚ ਆਵੇਗਾ ਜਾਂ ਪਾਕਿਸਤਾਨ ਵਿੱਚ।
ਅਜ਼ਾਦੀ ਦਿਹਾੜੇ ਤੋਂ 2 ਦਿਨਾਂ ਬਾਅਦ 17 ਅਗਸਤ 1947 ਨੂੰ ਰੈੱਡਕਲਿੱਫ ਐਵਾਰਡ ਜਨਤਕ ਹੋਣ ਨਾਲ ਪੰਜਾਬ ਅਤੇ ਬੰਗਾਲ ਦੀ ਅੰਤਿਮ ਸਰਹੱਦ ਸਪਸ਼ਟ ਹੋ ਗਈ। ਕਈ ਇਲਾਕਿਆਂ ਦੇ ਲੋਕਾਂ ਨੂੰ ਤਦ ਸਪਸ਼ਟ ਤੌਰ ’ਤੇ ਪਤਾ ਲੱਗਿਆ ਕਿ ਉਨ੍ਹਾਂ ਦਾ ਪਿੰਡ, ਸ਼ਹਿਰ ਜਾਂ ਜ਼ਿਲ੍ਹਾ ਭਾਰਤ ਵਿੱਚ ਆਇਆ ਹੈ ਜਾਂ ਪਾਕਿਸਤਾਨ ਵਿੱਚ। ਇਸ ਨਾਲ ਪਹਿਲਾਂ ਤੋਂ ਚੱਲ ਰਹੀ ਹਿਜਰਤ ਹੋਰ ਤੇਜ਼ ਹੋ ਗਈ ਅਤੇ ਅਗਲੇ ਹਫਤਿਆਂ ਵਿੱਚ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਦੂਜੇ ਦੇਸ਼ ਵੱਲ ਜਾਣਾ ਪਿਆ।
ਕਾਫਲੇ ਬਣੇ। ਪਿੰਡ ਖਾਲੀ ਹੋਣ ਲੱਗੇ। ਸ਼ਹਿਰਾਂ ਵਿੱਚ ਰਿਫਿਊਜੀ ਕੈਂਪ ਬਣਨ ਲੱਗੇ। ਕਿਸੇ ਕੋਲ ਬੈਲਗੱਡੀ ਸੀ, ਕਿਸੇ ਕੋਲ ਘੋੜਾ, ਕਿਸੇ ਨੇ ਪੈਦਲ ਜਾਣਾ ਸੀ ਅਤੇ ਬਹੁਤ ਸਾਰੇ ਲੋਕ ਰੇਲਾਂ ਰਾਹੀਂ ਜਾਣ ਲੱਗੇ। ਇਸੇ ਦੌਰਾਨ ਹਿੰਸਾ ਹੋਰ ਭਿਆਨਕ ਹੋ ਗਈ। ਘਰਾਂ ਨੂੰ ਅੱਗ ਲਾਈ ਗਈ, ਦੁਕਾਨਾਂ ਲੁੱਟੀਆਂ ਗਈਆਂ, ਲੋਕਾਂ ਨੂੰ ਮਾਰਿਆ ਗਿਆ, ਔਰਤਾਂ ਨਾਲ ਜਿਣਸੀ ਹਿੰਸਾ ਅਤੇ ਅਗਵਾ ਦੀਆਂ ਘਟਨਾਵਾਂ ਹੋਈਆਂ, ਧਾਰਮਿਕ ਥਾਂਵਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਗਿਆ। ਕਈ ਥਾਂ ਰੇਲਾਂ ਵਿੱਚ ਹਿਜਰਤ ਕਰਕੇ ਜਾ ਰਹੇ ਲੋਕਾਂ ਉੱਤੇ ਦਰਦਨਾਕ ਹਮਲੇ ਹੋਏ। ਕੁਝ ਰੇਲਾਂ ਮੰਜ਼ਿਲ ’ਤੇ ਪਹੁੰਚੀਆਂ ਤਾਂ ਉਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਮਾਰੇ ਗਏ ਯਾਤਰੀਆਂ ਦੀਆਂ ਲਾਸ਼ਾਂ ਮਿਲੀਆਂ।
ਅਗਸਤ ਦੇ ਅਖੀਰ ਅਤੇ ਸਤੰਬਰ ਵਿੱਚ ਪੰਜਾਬ ਅਤੇ ਦਿੱਲੀ ਵਿੱਚ ਹਾਲਾਤ ਬਹੁਤ ਖਰਾਬ ਹੋ ਗਏ। ਰਿਪੋਰਟਾਂ ਵਿੱਚ ਅੰਬਾਲਾ, ਰੋਹਤਕ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਤਣਾਅ ਅਤੇ ਹਿੰਸਾ ਦਾ ਜ਼ਿਕਰ ਮਿਲਦਾ ਹੈ। ਹਿਜਰਤ ਕਰ ਕੇ ਦੋਵਾਂ ਦੇਸ਼ਾਂ ਵਿੱਚ ਪੁੱਜੇ ਲੋਕ ਆਪਣੇ ਨਾਲ ਕਤਲ, ਲੁੱਟ, ਅਗਵਾ ਅਤੇ ਜਿਣਸੀ ਹਿੰਸਾ ਦੀਆਂ ਕਹਾਣੀਆਂ ਲੈ ਕੇ ਆਏ, ਜਿਸ ਨਾਲ ਮਾਹੌਲ ਵਧੇਰੇ ਵਿਗੜਿਆ। ਸਤੰਬਰ 1947 ਦੀ ਹਿੰਸਾ ਦੌਰਾਨ ਦਿੱਲੀ ਦੇ ਲਗਭਗ ਤਿੰਨ ਲੱਖ ਮੁਸਲਿਮ ਵਸਨੀਕ ਬੇਘਰ ਹੋਏ, ਜਦਕਿ ਲਗਭਗ ਪੰਜ ਲੱਖ ਸ਼ਰਨਾਰਥੀ ਦਿੱਲੀ ਪਹੁੰਚੇ।
ਵੱਖ-ਵੱਖ ਅਧਿਐਨਾਂ ਅਨੁਸਾਰ ਵੰਡ ਦੌਰਾਨ ਲਗਭਗ 1.4 ਕਰੋੜ ਜਾਂ ਇਸ ਤੋਂ ਵੱਧ ਲੋਕਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਿਜਰਤ ਕੀਤੀ। ਭਾਵੇਂ ਪੰਜਾਬ ਅਤੇ ਬੰਗਾਲ ਦੋਵੇਂ ਵੰਡੇ ਗਏ, ਪਰ ਪੰਜਾਬ ਵਿੱਚ ਹੋਈ ਹਿੰਸਾ ਅਤੇ ਵੱਡੇ ਪੱਧਰ ਦੀ ਅਬਾਦੀ-ਬਦਲੀ ਨੇ ਖਾਸ ਤੌਰ ’ਤੇ ਭਿਆਨਕ ਮਨੁੱਖੀ ਸੰਕਟ ਪੈਦਾ ਕੀਤਾ। ਇਸ਼ਤਿਆਕ ਅਹਿਮਦ ਦੀ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਵੱਲੋਂ ਪ੍ਰਕਾਸ਼ਿਤ ਕਿਤਾਬ ਵਿੱਚ ਕੁੱਲ ਹਿਜਰਤ ਦਾ ਅੰਦਾਜ਼ਾ ਲਗਭਗ 1.4 ਕਰੋੜ ਦਿੱਤਾ ਗਿਆ ਹੈ, ਜਿਸ ਵਿੱਚ ਲਗਭਗ 1 ਕਰੋੜ ਲੋਕ ਪੰਜਾਬ ਨਾਲ ਸਬੰਧਤ ਸਨ। ਲਗਭਗ 10 ਲੱਖ ਮੌਤਾਂ ਹੋਈਆਂ। ਕੁਝ ਅੰਦਾਜ਼ੇ ਤਾਂ ਇਸ ਤੋਂ ਵੱਧ ਲੋਕਾਂ ਦੀ ਹਿਜਰਤ ਅਤੇ ਹੋਰ ਵਧੇਰੇ ਵੱਡੀ ਗਿਣਤੀ ਵਿੱਚ ਮੌਤਾਂ ਦੇ ਵੀ ਹਨ। ਜ਼ਖਮੀਆਂ ਦੀ ਤਾਂ ਕੋਈ ਭਰੋਸੇਮੰਦ ਕੁੱਲ ਗਿਣਤੀ ਹੀ ਨਹੀਂ ਹੈ। ਲੱਖਾਂ ਪਰਿਵਾਰਾਂ ਦੀਆਂ ਜ਼ਮੀਨਾਂ, ਘਰ, ਦੁਕਾਨਾਂ ਅਤੇ ਕਾਰੋਬਾਰ ਛੁੱਟ ਗਏ ਜਾਂ ਤਬਾਹ ਹੋ ਗਏ। ਇਸ ਨੁਕਸਾਨ ਦੀ ਪੂਰੀ ਗਿਣਤੀ ਕਰਨੀ ਲਗਭਗ ਅਸੰਭਵ ਹੈ। ਦੇਸ਼ ਦੀ ਵੰਡ ਸਿਰਫ ਅੰਕੜਿਆਂ ਦੀ ਕਹਾਣੀ ਨਹੀਂ ਸੀ, ਇਹ ਕਰੋੜਾਂ ਲੋਕਾਂ ਦੇ ਘਰਾਂ, ਪਰਿਵਾਰਾਂ, ਜ਼ਮੀਨਾਂ ਅਤੇ ਪੀੜ੍ਹੀਆਂ ਪੁਰਾਣੇ ਰਿਸ਼ਤੇ ਟੁੱਟਣ ਦੀ ਦੁੱਖਾਂ ਭਰੀ ਕਹਾਣੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































