“ਪਰ ਹੁਸਨ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਭੁੱਬਾਂ ਮਾਰ ਕੇ ਰੋਣ ਲੱਗ ਪਈ ...”
(13 ਅਗਸਤ 2026)
ਮੈਂ ਨੌਂਵੀਂ ਜਮਾਤ ਦੇ ਬੱਚਿਆਂ ਨੂੰ ਬਾਬੂ ਫਿਰੋਜ਼ਦੀਨ ਸ਼ਰਫ ਦੀ ਸ਼ਾਹਕਾਰ ਕਵਿਤਾ ‘ਮਾਂ ਦਾ ਦਿਲ’ ਪੜ੍ਹਾਉਣ ਲਈ ਪੂਰੀ ਤਿਆਰੀ ਨਾਲ ਆਇਆ ਸੀ। ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਜਮਾਤ ਦਾ ਮਾਹੌਲ ਬਣਾਉਣ ਲਈ ਮੈਂ ਮੁਸਕਰਾਉਂਦੇ ਹੋਏ ਬੱਚਿਆਂ ਵੱਲ ਦੇਖਿਆ ਅਤੇ ਇੱਕ ਸਧਾਰਨ ਜਿਹਾ ਸਵਾਲ ਪੁੱਛਿਆ, “ਬੱਚਿਓ! ਤੁਹਾਡੇ ਵਿੱਚੋਂ ਕਿਹੜੇ-ਕਿਹੜੇ ਬੱਚੇ ਨੇ, ਜਿਨ੍ਹਾਂ ਨੂੰ ਉਨ੍ਹਾਂ ਦੀ ਮਾਂ ਬਹੁਤ ਪਿਆਰ ਕਰਦੀ ਹੈ?”
ਮੇਰਾ ਇਹ ਪੁੱਛਣਾ ਹੀ ਸੀ ਕਿ ਪੂਰੀ ਜਮਾਤ ਵਿੱਚੋਂ ਲਗਭਗ ਸਾਰੇ ਹੱਥ ਹਵਾ ਵਿੱਚ ਉੱਠ ਗਏ। ਪਰ ਦੋ ਬੱਚੇ ਅਜਿਹੇ ਸਨ, ਜਿਨ੍ਹਾਂ ਦੇ ਹੱਥ ਬਿਲਕੁਲ ਨਿਰਜਿੰਦ ਸਨ। ਮੈਂ ਉਸ ਵੇਲੇ ਇਸ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ ਅਤੇ ਆਪਣੇ ਹੀ ਰੌਂ ਵਿੱਚ ਮਾਂ ਦੀ ਮਮਤਾ ਨੂੰ ਵਡਿਆਉਂਦੀਆਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦੀਆਂ ਇਹ ਅਮਰ ਸਤਰਾਂ ਜੋੜ ਦਿੱਤੀਆਂ:
“ਵਰਗਾ ਘਣਛਾਵਾਂ ਬੂਟਾ,
ਕਿਧਰੇ ਨਜ਼ਰ ਨਾ ਆਏ,
ਲੈ ਕੇ ਜਿਸ ਤੋਂ ਛਾਂ ਉਧਾਰੀ
ਰੱਬ ਨੇ ਸਵਰਗ ਬਣਾਏ।
ਅਤੇ ਨਾਲ ਹੀ ਕੁਲਦੀਪ ਮਾਣਕ ਦੇ ਗੀਤ
‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ,
ਮਾਂ ਹੈ ਠੰਢੜੀ ਛਾਂ, ਓ ਦੁਨੀਆਂ ਵਾਲਿਓ।”
ਦਾ ਜ਼ਿਕਰ ਕਰਕੇ ਮਾਂ ਦੀ ਮਹਾਨਤਾ ਦਾ ਵਿਸਥਾਰ ਕਰਨ ਲੱਗਾ। ਉਦੋਂ ਹੀ ਹੱਥ ਨਾ ਚੁੱਕਣ ਵਾਲੇ ਦੋਂਹ ਬੱਚਿਆਂ ਵਿੱਚੋਂ ਇੱਕ ਕੁੜੀ ਬੋਲੀ, “ਜੀ, ਮੇਰੀ ਮਾਂ ਤਾਂ ਮੈਨੂੰ ਸਾਰਾ ਦਿਨ ਝਿੜਕਦੀ ਹੀ ਰਹਿੰਦੀ ਹੈ।”
ਉਸ ਕੁੜੀ ਦਾ ਉੱਤਰ ਸੁਣਨ ਤੋਂ ਬਾਅਦ ਮੈਂ ਆਪਣੇ ਬਿਲਕੁਲ ਸਾਹਮਣੇ ਵਾਲੇ ਬੈਂਚ ’ਤੇ ਬੈਠੀ ਦੂਜੀ ਬੱਚੀ, ਹੁਸਨ, ਨੂੰ ਚੁੱਪ ਦਾ ਉੱਤਰ ਦੇਣ ਲਈ ਇਸ਼ਾਰਾ ਕੀਤਾ। ਉਸਦੇ ਬੁੱਲ੍ਹ ਕੁਝ ਬੋਲਣ ਲਈ ਫਰਕੇ, ਪਰ ਕੋਈ ਸ਼ਬਦ ਨਾ ਬਣ ਸਕਿਆ। ਇਸ ਤੋਂ ਪਹਿਲਾਂ ਕਿ ਮੈਂ ਉਸ ਤੋਂ ਕੁਝ ਪੁੱਛਦਾ, ਹੁਸਨ ਦੇ ਨਾਲ ਬੈਠੀ ਹਰਮੀਨ ਨੇ ਧੀਮੀ ਅਵਾਜ਼ ਵਿੱਚ ਕਿਹਾ, “ਸਰ, ਹੁਸਨ ਦੀ ਮੰਮੀ ਨਹੀਂ ਹੈ।”
ਇਹ ਸੁਣ ਕੇ ਮੇਰੇ ਮਨ ਵਿੱਚ ਇੱਕ ਟੀਸ ਜਿਹੀ ਉੱਠੀ। ਮੈਂ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਗੱਲ ਨੂੰ ਉੱਥੇ ਹੀ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ‘ਮਾਂ ਦਾ ਦਿਲ’ ਕਵਿਤਾ ਪੜ੍ਹਾਉਣੀ ਸ਼ੁਰੂ ਕਰ ਦਿੱਤੀ।
ਕਵਿਤਾ ਦੀਆਂ ਪਹਿਲੀਆਂ ਕੁਝ ਸਤਰਾਂ ਪੜ੍ਹਦਿਆਂ ਹੀ ਮੈਂ ਦੇਖਿਆ ਕਿ ਹੁਸਨ ਦੀਆਂ ਅੱਖਾਂ ਹੰਝੂਆਂ ਨਾਲ ਭਰ ਚੁੱਕੀਆਂ ਸਨ। ਮੈਂ ਉਸਦੇ ਦਰਦ ਨੂੰ ਓਹਲੇ ਕਰਨ ਦੀ ਕੋਸ਼ਿਸ਼ ਕਰਦਿਆਂ ਆਪਣੀ ਨਿਗਾਹ ਕਿਤਾਬ ’ਤੇ ਟਿਕਾ ਕੇ ਕਵਿਤਾ ਪੜ੍ਹਨੀ ਜਾਰੀ ਰੱਖੀ। ਪਰ ਹੁਸਨ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਭੁੱਬਾਂ ਮਾਰ ਕੇ ਰੋਣ ਲੱਗ ਪਈ।
ਸਾਰੇ ਬੱਚੇ ਸਹਿਮ ਕੇ ਹੁਸਨ ਵੱਲ ਦੇਖ ਰਹੇ ਸਨ। ਮੈਂ ਬੇਦਿਲੀ ਨਾਲ ਕਵਿਤਾ ਦੇ ਅੱਧ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਫਿਰ ਅੱਖਰ ਧੁੰਦਲੇ ਹੋ ਗਏ ਅਤੇ ਸ਼ਬਦ ਮੇਰੇ ਸੰਘ ਵਿੱਚ ਹੀ ਅਟਕ ਗਏ। ਮੈਨੂੰ ਮਾਂ ਵਿਹੂਣੇ ਬੱਚੇ ਦੇ ਸਾਹਮਣੇ ‘ਮਾਂ ਦੇ ਦਿਲ’ ਦੀ ਮਹਿਮਾ ਗਾਉਣਾ ਉਸਦੇ ਅੱਲ੍ਹੇ ਜ਼ਖਮਾਂ ’ਤੇ ਲੂਣ ਛਿੜਕਣ ਵਾਂਗ ਜਾਪਿਆ। ਮੈਂ ਹੌਲੇ ਜਿਹੇ ਕਿਤਾਬ ਬੰਦ ਕੀਤੀ ਅਤੇ ਮਸਾਂ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ, “ਬੱਚਿਓ... ਆਪਾਂ ਇਹ ਕਵਿਤਾ ਕੱਲ੍ਹ ਪੜ੍ਹਾਂਗੇ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































