“ਆਖਰ ਅਸੀਂ ਕਦੋਂ ਤਕ ਇਸ ਸਮੱਸਿਆ ਵੱਲੋਂ ਅੱਖਾਂ ਮੀਟ ਕੇ ਬੈਠੇ ਰਹਾਂਗੇ? ਹੁਣ ...”
(10 ਜੁਲਾਈ 2026)


ਭਾਰਤ ਵਿੱਚ ਸੰਸਾਰ ਦੇ ਸਭ ਦੇਸਾਂ ਤੋਂ ਵੱਧ ਜਨਸੰਖਿਆ ਦੀ ਸਮੱਸਿਆ ਸਤਾ ਰਹੀ ਹੈ, ਜਿਸ ਕਾਰਨ ਲੋਕਾਂ ਦਾ ਜਿਊਣਾ ਬਹੁਤ ਔਖਾ ਹੋਇਆ ਪਿਆ ਹੈ। ਕਈ ਗਰੀਬਾਂ ਕੋਲ ਤਾਂ ਤਿੰਨ ਡੰਗ ਦੀ ਰੋਟੀ ਖਾਣ ਲਈ ਵੀ ਪੈਸੇ ਨਹੀਂ ਹਨ। ਦੂਜੇ ਪਾਸੇ ਦੇਸ਼ ਵਿੱਚ ਬੇਰੁਜ਼ਗਾਰੀ, ਅਨਪੜ੍ਹਤਾ ਆਦਿ ਦੀਆਂ ਸਮੱਸਿਆਵਾਂ ਨੇ ਦੇਸ਼ ਦੀ ਤਰੱਕੀ ਰੋਕੀ ਹੋਈ ਹੈ। ਹੁਣ ਭਾਰਤ ਦੀ ਇੱਕ ਹੋਰ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ, ਉਹ ਹੈ ਭਾਰਤ ਵਿੱਚ ਸਭ ਤੋਂ ਵੱਧ ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਦੀ ਜਨਸੰਖਿਆ। ਇਸ ਸਮੱਸਿਆ ਵੱਲ ਸਰਕਾਰਾਂ ਦਾ ਵੀ ਕੋਈ ਧਿਆਨ ਨਹੀਂ। ਇਹ ਸਮੱਸਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ। ਦੂਜੇ ਪਾਸੇ ਕਈ ਰਾਜਨੀਤਕ ਪਾਰਟੀਆਂ ਵੀ ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਦੇ ਹੱਕ ਵਿੱਚ ਆ ਖੜ੍ਹੀਆਂ ਹਨ, ਜਿਸ ਕਾਰਨ ਸਰਕਾਰਾਂ ਨੂੰ ਵੀ ਇਨ੍ਹਾਂ ਸਮੱਸਿਆਵਾਂ ਦੇ ਹੱਲ ਕਰਨ ਲਈ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਪੰਜਾਬ ਵਿੱਚ ਵੀ ਅਵਾਰਾ ਪਸ਼ੂ ਅਤੇ ਅਵਾਰਾ ਕੁੱਤੇ ਦਿਨੋਂ ਦਿਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਧਦੇ ਜਾ ਰਹੇ ਹਨ। ਲੋਕ ਇਨ੍ਹਾਂ ਤੋਂ ਤੰਗ ਆ ਚੁੱਕੇ ਹਨ।
ਇਨ੍ਹਾਂ ਅਵਾਰਾ ਪਸ਼ੂਆਂ, ਅਵਾਰਾ ਖੂਨਖਾਰ ਅਤੇ ਹਲਕੇ ਕੁੱਤਿਆਂ ਕਾਰਨ ਪੰਜਾਬ ਵਿੱਚ ਮਨੁੱਖੀ ਜਾਨਾਂ ਜਾਣ ਦਾ ਗਿਣਤੀ ਦਿਨੋਂ ਦਿਨ ਵਧ ਰਹੀ ਹੈ, ਜਿਸ ਕਾਰਨ ਪੂਰੇ ਸਮਾਜ ਵਿੱਚ ਡਰ ਦੀ ਭਾਵਨਾ ਪੈਦਾ ਹੋ ਗਈ ਹੈ। ਅੱਜ ਕੱਲ੍ਹ ਹਰ ਇੱਕ ਵਿਅਕਤੀ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਹੈ। ਅਵਾਰਾ ਪਸ਼ੂ ਅਤੇ ਕੁੱਤੇ ਅਕਸਰ ਹੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਅਵਾਰਾ ਢੱਠਿਆਂ ਅਤੇ ਕੁੱਤਿਆਂ ਦੇ ਪਿੰਡਾਂ ਅਤੇ ਕਸਬਿਆਂ ਦੀਆਂ ਗਲੀਆਂ ਵਿੱਚ ਹਰਲ-ਹਰਲ ਘੁੰਮਣ ਨਾਲ ਜਿੱਥੇ ਹਰ ਕੋਈ ਭੈਅ ਭੀਤ ਜਿਹਾ ਰਹਿੰਦਾ ਹੈ, ਉੱਥੇ ਛੋਟੇ ਬੱਚੇ ਅਤੇ ਬਜ਼ੁਰਗ ਜ਼ਿਆਦਾ ਖੌਫਜ਼ਦਾ ਹੋ ਰਹੇ ਹਨ। ਕਈ ਵਾਰ ਬੱਚਿਆਂ ਦਾ ਸ਼ਾਮ ਵੇਲੇ ਖੇਡਣਾ ਮੁਸ਼ਕਿਲ ਹੋਇਆ ਪਿਆ ਹੈ। ਉੱਧਰ ਦੂਸਰੇ ਪਾਸੇ ਨਿੱਤ ਆਉਂਦੀਆਂ ਦਿਲ ਕੰਬਾਊ ਖਬਰਾਂ ਕਿ ਹਲਕਾਏ ਅਤੇ ਅਵਾਰਾ ਕੁੱਤਿਆਂ ਦੇ ਵੱਢਣ ਨਾਲ ਅਤੇ ਅਵਾਰਾ ਪਸ਼ੂਆਂ ਦੇ ਹਮਲਿਆਂ ਨਾਲ ਹੁੰਦੀਆਂ ਮੌਤਾਂ ਅਤੇ ਕਈਆਂ ਦੇ ਜ਼ਖਮੀ ਹੋਣ ਸੰਬੰਧੀ ਸੁਣ ਕੇ ਦਿਲ ਕੰਬ ਉੱਠਦਾ ਹੈ। ਪਰ ਇਨ੍ਹਾਂ ਦੁਰਘਟਨਾਵਾਂ ਦੇ ਬਾਵਜੂਦ ਇਸ ਸਮੱਸਿਆ ਤੋਂ ਨਜਾਤ ਦਿਵਾਉਣ ਲਈ ਕੋਈ ਵੀ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ।
ਅਵਾਰਾ ਪਸ਼ੂ ਕਿਸਾਨਾਂ ਦੇ ਖੇਤਾਂ ਵਿੱਚ ਚਲੇ ਜਾਂਦੇ ਹਨ, ਜਿੱਥੇ ਉਹ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਭਾਰੀ ਨੁਕਸਾਨ ਕਰਦੇ ਹਨ। ਕਿਸਾਨ ਆਪਣੀਆਂ ਫਸਲਾਂ ਬਚਾਉਣ ਲਈ ਦਿਨ ਰਾਤ ਆਪਣੀਆਂ ਫਸਲ ਦੀ ਰਾਖੀ ਕਰਦੇ ਹਨ ਤਾਂ ਫਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਪਰ ਇਸ ਮੁਸ਼ਕਿਲ ਦਾ ਕੋਈ ਠੋਸ ਹੱਲ ਨਹੀਂ ਕੱਢ ਰਿਹਾ। ਅਵਾਰਾ ਪਸ਼ੂ ਬਜ਼ਾਰਾਂ, ਭੀੜ-ਭੜੱਕੇ ਵਾਲੀਆਂ ਥਾਂਵਾਂ, ਗਲੀਆਂ, ਮੁਹੱਲਿਆਂ ਵਿੱਚ ਆਮ ਅਵਾਰਾ ਘੁੰਮ ਰਹੇ ਹਨ।
ਕੁਝ ਸਾਲ ਪਹਿਲਾਂ ਸਾਡਾ ਗੁਆਂਢੀ ਆਪਣੇ ਸਕੂਟਰ ’ਤੇ ਘਰ ਆ ਰਿਹਾ ਸੀ ਤਾਂ ਅਚਾਨਕ ਅਵਾਰਾ ਢੱਠੇ ਨੇ ਚੁੱਕ ਕੇ ਮਾਰਿਆ। ਇੰਨੀ ਭਿਆਨਕ ਸੱਟ ਲੱਗੀ ਕਿ ਉਸ ਨੌਜਵਾਨ ਦੀ ਮੌਤ ਹੋ ਗਈ। ਇਸੇ ਤਰ੍ਹਾਂ ਕੁਝ ਕੁ ਮਹੀਨੇ ਪਹਿਲਾਂ ਜੈਤੋ ਵਿਖੇ ਹੀ ਮੇਰੀਆਂ ਅੱਖਾਂ ਸਾਹਮਣੇ ਬਜ਼ਾਰ ਵਿੱਚ ਇੱਕ ਅਵਾਰਾ ਢੱਠੇ ਨੇ ਤੁਰੇ ਜਾਂਦੇ ਨੌਜਵਾਨ ਨੂੰ ਪਿੱਛੋਂ ਦੀ ਸਿੰਘਾਂ ’ਤੇ ਚੁੱਕ ਲਿਆ ਤੇ 50-60 ਗਜ਼ ਦੂਰ ਚਲਾ ਕੇ ਮਾਰਿਆ। ਬਾਅਦ ਵਿੱਚ ਢੱਠਾ ਉਸ ਨੌਜਵਾਨ ਦੇ ਪੇਟ ਉੱਤੇ ਲੱਤ ਰੱਖਣ ਲੱਗਾ ਤਾਂ ਨੇੜਲੇ ਦੁਕਾਨਦਾਰਾਂ ਨੇ ਢੱਠੇ ਦੇ ਮੂੰਹ ਅਤੇ ਅੱਖਾਂ ਉੱਤੇ ਪਾਣੀ ਪਾ ਕੇ, ਸੋਟੀਆਂ ਆਦਿ ਮਾਰ ਕੇ ਉਸ ਨੌਜਵਾਨ ਦੀ ਜਾਣ ਬਚਾਈ। ਫਿਰ ਵੀ ਉਸ ਨੌਜਵਾਨ ਦੇ ਕਈ ਸੱਟਾਂ ਲੱਗ ਗਈਆਂ ਸਨ। ਇਸੇ ਤਰ੍ਹਾਂ ਕੁਝ ਕੁ ਦਿਨ ਪਹਿਲਾਂ ਮੈਂ ਆਪਣੇ ਪਿਤਾ ਜੀ ਨਾਲ ਐਕਟਿਵਾ ’ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਦੋ ਢੱਠੇ ਲੜਦੇ ਹੋਏ ਸਾਡੇ ਅੱਗੇ ਆਉਣ ਲੱਗੇ। ਉਹਨਾਂ ਤੋਂ ਬਚਣ ਲਈ ਮੈਂ ਨਾਲ ਦੀ ਗਲੀ ਵਿੱਚ ਵੜਨ ਲੱਗਾ ਤਾਂ ਡਿਗ ਕੇ ਕਈ ਸੱਟਾਂ ਲਗਵਾ ਲਈਆਂ।
ਕਾਰ ਚਲਾਉਂਦੇ ਸਮੇਂ, ਖਾਸ ਕਰਕੇ ਹਨੇਰੇ ਵਿੱਚ ਹਾਈਵੇ ’ਤੇ ਅਵਾਰਾ ਪਸ਼ੂ ਅਤੇ ਅਵਾਰਾ ਕੁੱਤੇ ਅੱਗੇ ਆ ਜਾਣ ਕਾਰਨ ਰੋਜ਼ਾਨਾ ਕਈ ਦੁਰਘਟਨਾਵਾਂ ਹੁੰਦੀਆਂ ਹਨ। ਕੁਝ ਦਿਨ ਪਹਿਲਾਂ ਹਾਈਵੇ ’ਤੇ ਮੈਂ ਅਤੇ ਮੇਰੇ ਦੋਸਤ ਦੋ ਕਾਰਾਂ ’ਤੇ ਅੱਗੇ ਪਿੱਛੇ ਕਿਤੇ ਜਾ ਰਹੇ ਸੀ ਤਾਂ ਅਚਾਨਕ ਇੱਕ ਕੁੱਤਾ ਦੋਸਤ ਦੀ ਕਾਰ ਅੱਗੇ ਆ ਗਿਆ। ਕਾਰ ਦਾ ਬੰਪਰ ਟੁੱਟ ਕੇ ਦੂਰ ਜਾ ਡਿਗਿਆ ਪਰ ਬੜੀ ਮੁਸ਼ਕਿਲ ਨਾਲ ਜਾਨੀ ਨੁਕਸਾਨ ਤੋਂ ਬਚਾ ਹੋਇਆ। ਸਾਰੇ ਦੇਸ਼ ਹਰ ਰੋਜ਼ ਇਸ ਤਰ੍ਹਾਂ ਦੀਆਂ ਹੋਰ ਵੀ ਹਜ਼ਾਰਾਂ ਦੁਰਘਟਨਾਵਾਂ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਵਾਪਰ ਰਹੀਆਂ ਹਨ। ਅੱਜ ਕੱਲ੍ਹ ਲੋਕ ਘਰੋਂ ਨਿਕਲਣ ਤੋਂ ਵੀ ਡਰਦੇ ਹਨ ਕਿ ਪਤਾ ਨਹੀਂ ਕਦੋਂ ਕੋਈ ਅਵਾਰਾ ਪਸ਼ੂ ਸਾਡਾ ਨੁਕਸਾਨ ਨਾ ਕਰ ਦੇਵੇ। ਡਰਦੇ ਮਾਰੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਵੀ ਬੰਦ ਰੱਖਦੇ ਹਨ। ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੇ ਡਰੋਂ ਲੋਕਾਂ ਨੇ ਗਲੀਆਂ ਵਿੱਚ ਬੈਠ ਕੇ ਦੁੱਖ ਸੁੱਖ ਸਾਂਝੇ ਕਰਨੇ ਵੀ ਘਟਾ ਦਿੱਤੇ ਹਨ।
ਸਾਡੇ ਸਮਾਜ ਦੇ ਲੋਕਾਂ ਵੱਲੋਂ ਇਸ ਸਮੱਸਿਆ ਦੇ ਸਥਾਈ ਹੱਲ ਲਈ ਕੀ ਕੀਤਾ ਜਾ ਰਿਹਾ ਹੈ? ਅਸੀਂ ਕੀ ਕਰ ਰਹੇ ਹਾਂ? ਪੁਰਾਣੇ ਸਮਿਆਂ ਵਿੱਚ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਤੇ ਵੱਛੇ ਵਾਲੀ ਗਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਮਸ਼ੀਨੀ ਯੁਗ ਆਉਣ ਨਾਲ ਗਾਂ ਦੀ ਮੂਲੋਂ ਕਦਰ ਘਟ ਗਈ। ਦੂਸਰੀ ਗੱਲ, ਦੇਸੀ ਗਾਂ ਦਾ ਦੁੱਧ ਵਲੈਤੀ ਗਾਂ ਦੇ ਦੁੱਧ ਮੁਕਾਬਲੇ ਬਹੁਤ ਘੱਟ ਹੁੰਦਾ ਹੈ। ਇਹੀ ਕਾਰਨ ਹੈ ਕਿ ਲੋਕ ਫੰਡਰ ਗਾਂ ਨੂੰ ਸੋਟੀ ਮਾਰ ਕੇ ਘਰੋਂ ਕੱਢ ਦਿੰਦੇ ਹਨ। ਗਾਂ ਨਾਲ ਧਾਰਮਿਕ ਭਾਵਨਾਵਾਂ ਜੁੜੀਆ ਹੋਣ ਕਾਰਨ ਇਹ ਲੋਕਾਂ ਦੀ ਜਾਨ ਦਾ ਖਤਰਾ ਬਣਦੀਆਂ ਹਨ। ਇਨ੍ਹਾਂ ਗਊਆਂ ਦੀ ਸਾਂਭ-ਸੰਭਾਲ ਲਈ ਬਣਾਈਆਂ ਗਊਸ਼ਾਲਾ ਵਿੱਚ ਵੀ ਜ਼ਿਆਦਾਤਰ ਉਹੀ ਪਸ਼ੂ ਰੱਖੇ ਜਾਂਦੇ ਹਨ ਜੋ ਦੁੱਧ ਦਿੰਦੇ ਹਨ, ਅਵਾਰਾ ਪਸ਼ੂਆ ਨੂੰ ਦਰ-ਕਿਨਾਰ ਕਰ ਦਿੱਤਾ ਜਾਂਦਾ ਹੈ।
ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਦੀ ਸਾਂਭ-ਸੰਭਾਲ ਲਈ ਸਾਡਾ ਸਿਸਟਮ ਪੂਰੀ ਤਰ੍ਹਾਂ ਫੇਲ ਹੀ ਨਜ਼ਰ ਆ ਰਿਹਾ ਹੈ। ਪਰ ਲੋੜ ਹੈ ਇਸ ਸਮੱਸਿਆ ਨੂੰ ਛੇਤੀ ਤੋਂ ਛੇਤੀ ਦੂਰ ਕਰਨ ਦੀ ਹੈ ਤਾਂ ਜੋ ਹਰ ਰੋਜ਼ ਹੁੰਦੇ ਸੜਕ ਹਾਦਸੇ ਰੁਕ ਸਕਣ, ਮਨੁੱਖੀ ਕੀਮਤੀ ਜਾਨਾਂ ਬਚਾਈਆ ਜਾ ਸਕਣ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ। ਇਸ ਭਿਆਨਕ ਸਮੱਸਿਆ ਦਾ ਹੱਲ ਲੱਭਣਾ ਸਮੇਂ ਦੀ ਮੁੱਖ ਲੋੜ ਹੈ। ਇਸ ਸਮੱਸਿਆ ਕਾਰਨ ਸਮਾਜ ਲਈ ਬਣੀ ਚੁਣੌਤੀ ਸੰਬੰਧੀ ਸਰਕਾਰ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਪਵੇਗਾ ਅਤੇ ਇਸਦੇ ਹੱਲ ਲਈ ਬਦਲਵੇਂ ਤਰੀਕੇ ਲੱਭਣੇ ਪੈਣਗੇ। ਆਖਰ ਅਸੀਂ ਕਦੋਂ ਤਕ ਇਸ ਸਮੱਸਿਆ ਵੱਲੋਂ ਅੱਖਾਂ ਮੀਟ ਕੇ ਬੈਠੇ ਰਹਾਂਗੇ? ਹੁਣ ਵੇਲਾ ਆ ਗਿਆ ਹੈ ਜਲਦੀ ਤੋਂ ਜਲਦੀ ਇਸ ਸਮੱਸਿਆ ਤੋਂ ਨਜਾਤ ਪਾਉਣ ਦਾ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਸਾਨੂੰ ਭਿਆਨਕ ਨਤੀਜੇ ਭੁਗਤਣੇ ਪੈਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)





















































































































