“ਚੰਗਾ ਹੈ ਸਗੋਂ, ਇਹ ਪਟਵਾਰੀ ਨਹੀਂ ਬਣੇ, ਇਹ ਤਾਂ ਹੁਣ ਹੀ ਬੰਦੇ ਨੂੰ ਬੰਦਾ ...”
(7 ਜੁਲਾਈ 2026)
ਮੈਂ ਆਪਣੀ ਮਾਂ ਨੂੰ ਸਾਰੀ ਉਮਰ ਕੰਮ ਕਰਦਿਆਂ ਹੀ ਦੇਖਿਆ ਸੀ। ਸਵੇਰੇ ਸਵਖਤੇ ਉੱਠਣ ਤੋਂ ਲੈ ਕੇ ਦੇਰ ਰਾਤ ਤਕ ਕੰਮ ਕਰਦੇ ਰਹਿੰਦੇ, ਨਾ ਗਰਮੀ ਦੇਖਦੇ, ਨਾ ਸਰਦੀ। ਘਰ ਵਿੱਚ ਦੁਕਾਨ ਹੋਣ ਕਾਰਨ ਅਕਸਰ ਹੀ ਘਰ ਅਤੇ ਦੁਕਾਨ, ਦੋਵਾਂ ਦੀ ਜ਼ਿੰਮੇਵਾਰੀ ਬਰਾਬਰ ਨਿਭਾਉਂਦੇ। ਜਦੋਂ ਉਹ ਦੁਕਾਨ ’ਤੇ ਬੈਠਦੇ ਤਾਂ ਗਾਹਕਾਂ ਦੇ ਵਿਚਕਾਰਲੇ ਸਮੇਂ ਵਿੱਚ ਸਿਲਾਈ ਕਰਦੇ ਜਾਂ ਕੁਝ ਬੁਣਦੇ ਰਹਿੰਦੇ ਤੇ ਨਾਲ ਨਾਲ ਘਰ ਦਾ ਵੀ ਖਿਆਲ ਰੱਖਦੇ। ਜਦੋਂ ਘਰ ਦੇ ਕੰਮਾਂ ਨੂੰ ਕਰ ਰਹੇ ਹੁੰਦੇ ਤਾਂ ਉਹ ਦੁਕਾਨ ਵੱਲ ਖੁੱਲ੍ਹਦੀ ਖਿੜਕੀ ਵਿੱਚੋਂ ਗਾਹਕਾਂ ਦੀਆਂ ਚਲਾਕੀਆਂ ਨੂੰ ਬੇਪਰਦ ਕਰਦੇ ਅਤੇ ਸਾਡੀਆਂ ਗਲਤੀਆਂ ਤੋਂ ਸਾਨੂੰ ਚੌਕਸ ਕਰਾਉਂਦੇ ਰਹਿੰਦੇ। ਉਹ ਪਾਕਿਸਤਾਨ ਦੀਆਂ ਤਿੰਨ ਕੁ ਜਮਾਤਾਂ ਪਾਸ ਸਨ। ਦਿੱਤੇ ਉਧਾਰ ਨੂੰ ਲਿਖ ਲੈਂਦੇ ਅਤੇ ਹਿਸਾਬ-ਕਿਤਾਬ ਵੀ ਕਰ ਲੈਂਦੇ। ਇਹ ਵੀ ਸਿੱਧਾ ਜਿਹਾ ਆਪਣਾ ਫਾਰਮੂਲਾ ਰੱਖਦੇ ਕਿ ‘ਜਿੰਨੇ ਰੁਪਈਆਂ ਦੀ ਮਣ (ਚਾਲੀ ਸੇਰ) ਕੋਈ ਚੀਜ਼ ਉੰਨੇ ਆਨਿਆਂ ਦੀ ਢਾਈ ਸੇਰ।’ ਵੱਡੀ ਗੱਲ, ਉਹ ਹਰ ਕਿਸੇ ਦੀ ਮਾਨਸਿਕਤਾ ਨੂੰ ਸਮਝਣ ਵਾਲੇ ਸਨ। ਗਾਹਕਾਂ ਦੀ ਭੀੜ ਤੋਂ ਖਿਝਦੇ ਨਾ, ਸਗੋਂ ਲੋੜ ਅਨੁਸਾਰ ਗੱਲੀਂ ਲਾ ਕੇ ਇੰਤਜ਼ਾਰ ਨੂੰ ਸੁਖਾਲਾ ਕਰ ਦਿੰਦੇ। ਬੱਚਿਆਂ ਨੂੰ ਕੁਝ ਨਾ ਕੁਝ ਰੂੰਗੇ ਵਜੋਂ ਖਾਣ ਨੂੰ ਦੇ ਕੇ ਖੁਸ਼ੀ ਮਹਿਸੂਸ ਕਰਦੇ। ਵਿਹਾਰ ਪੱਖੋਂ ਠੀਕ ਨਾ ਹੋਣ ਵਾਲੇ ਸਰਦੇ-ਪੁੱਜਦੇ ਲੋਕਾਂ ਨੂੰ ਉਧਾਰ ਤੋਂ ਜਵਾਬ ਦੇਣ ਦੀ ਜੁਰਅਤ ਰੱਖਦੇ ਸਨ। ਜੇਕਰ ਕੋਈ ਗਾਹਕ ਪਿੰਡ ਦੇ ਕਿਸੇ ਮਰਦ-ਤੀਵੀਂ ਦੇ ਚਰਿੱਤਰ ’ਤੇ ਉਂਗਲ ਚੁੱਕਦਾ ਤਾਂ ਉਸ ਨਾਲ ਹਾਮੀ ਨਾ ਭਰਦੇ। ਜਾਂ ਤਾਂ ਆਪਣੀ ਅਗਿਆਨਤਾ ਦਾ ਪ੍ਰਗਟਾਓ ਕਰਦੇ ਜਾਂ ਕਹਿ ਦਿੰਦੇ ਕਿ ਉਸ ਨੂੰ ਤਾਂ ਕੋਈ ‘ਖੋਟ’ ਨਜ਼ਰ ਨਹੀਂ ਆਉਂਦਾ। ਐਨਾ ਹੀ ਨਹੀਂ, ਉਹ ਨਿਰਾਸ ਵਿਅਕਤੀਆਂ ਵਿੱਚ ਨਵੀਂ ਆਸ ਦੀ ਉਮੰਗ ਜਗਾਉਣੀ ਵੀ ਜਾਣਦੇ ਸਨ।
ਮਾਤਾ ਜੀ ਗੁਰਬਾਣੀ ਤੋਂ ਉਹ ਜ਼ਿੰਦਗੀ ਦੀ ਪ੍ਰੇਰਣਾ ਲੈਂਦੇ। ਜਪੁਜੀ ਅਤੇ ਰਹਿਰਾਸ ਦਾ ਪਾਠ ਕਰਦਿਆਂ ਉਹਨਾਂ ਦੀ ਲੈਅ-ਤਾਲ ਘਰ ਵਿੱਚ ਕੋਈ ਵਿਸਮਾਦੀ ਰਸ ਘੋਲਦੀ ਜਾਪਦੀ। ਘਰ ਦੀ ਚਾਰਦਿਵਾਰੀ ਛੋਟੀ ਹੋਣ ਕਾਰਨ ਰਾਤਾਂ ਨੂੰ ਅਸੀਂ ਬੱਚੇ ਅਕਸਰ ਹੀ ਡਰ ਨਾਲ ਸਹਿਮੇ ਹੁੰਦੇ। ਡਰ ਨੂੰ ਦੂਰ ਕਰਨ ਲਈ ਉਹ ਕਹਿੰਦੇ ਕਿ ਕੀਰਤਨ ਸੋਹਿਲੇ ਦਾ ਪਾਠ ਕਰਨ ਨਾਲ ਘਰ ਦੇ ਦੁਆਲੇ ਕਿਲਾ ਉੱਸਰ ਜਾਂਦਾ ਹੈ। ਪਾਠ ਸੁਣਦੇ-ਸੁਣਦੇ ਅਸੀਂ ਆਪਣੇ ਆਪ ਨੂੰ ਬੇਖੌਫ ਮਹਿਸੂਸ ਕਰਦੇ ਸੌਂ ਜਾਂਦੇ। ਆਪਣੀ ਆਮ ਗੱਲਬਾਤ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਟੂਕ ਦਾ ਹਵਾਲਾ ਜ਼ਰੂਰ ਦਿੰਦੇ। ਭੂਤਾਂ-ਪ੍ਰੇਤਾਂ ਬਾਰੇ ਸਾਡੇ ਪੁੱਛਣ ਤੇ ਉਹ ਆਖਦੇ, “ਜਿਹੜੇ ਲੋਕ ਅਜਿਹੀਆਂ ਗੱਲਾਂ ਨੂੰ ਮੰਨਦੇ ਹਨ, ਉਹਨਾਂ ਲਈ ਭੂਤਾਂ-ਪ੍ਰੇਤਾਂ ਹੁੰਦੀਆਂ ਹਨ, ਨਾ-ਮੰਨਣ ਵਾਲਿਆਂ ਲਈ ਨਹੀਂ।”
ਮਾਂ-ਬਾਪ ਦੀ ਲੜਾਈ ਕਦੇ ਕਦੇ ਭਿਅੰਕਰ ਰੂਪ ਵੀ ਧਾਰ ਜਾਂਦੀ ਸੀ। ਜਦੋਂ ਅਸੀਂ ਬਾਪ ਦੇ ਗੁਸੈਲੇ ਸੁਭਾਅ ਬਾਬਤ ਗਿਲਾ ਕਰਦੇ ਤਾਂ ਉਹ ਬੜੇ ਸਹਿਜ ਨਾਲ ਟਾਲ਼ ਜਾਂਦੇ, “ਇਹਨਾਂ ਦਾ ਕੋਈ ਕਸੂਰ ਨਹੀਂ, ਘਰ ਵਿੱਚ ਅਤਿ ਦੀ ਗਰੀਬੀ ਅਤੇ ਬਚਪਨ ਵਿੱਚ ਮਾਂ ਦੀ ਮੌਤ ਹੋਣ ਸਦਕਾ ਅਜਿਹਾ ਸੁਭਾਅ ਹੋਣਾ ਸੁਭਾਵਿਕ ਹੀ ਸੀ।” ਦੂਸਰੀ ਗੱਲ, ਭਾਪਾ ਜੀ ਨੇ ਫਿਰੋਜ਼ਪੁਰ ਤੋਂ ਪਟਵਾਰ ਦਾ ਕੋਰਸ ਕੀਤਾ ਸੀ ਪਰ ਇੱਕ ਪੇਪਰ ਵਿੱਚੋਂ ਰਹਿਣ ਕਰਕੇ ਅਤੇ ਦੁਬਾਰਾ ਦਾਖਲਾ ਫੀਸ ਨਾ ਭਰ ਸਕਣ ਦੀ ਮਜਬੂਰੀ ਕਰਕੇ ਉਹ ਪਟਵਾਰੀ ਲੱਗਣ ਤੋਂ ਕੋਹਾਂ ਦੂਰ ਹੋ ਗਏ ਸਨ। ਤੰਗੀਆਂ-ਤੁਰਸ਼ੀਆਂ ਦੇ ਦਿਨਾਂ ਵਿੱਚ ਅਸੀਂ ਮਾਂ ਨੂੰ ਆਖਦੇ, “ਜੇਕਰ ਉਹ ਪਟਵਾਰੀ ਲੱਗੇ ਹੁੰਦੇ, ਹੁਣ ਨੂੰ ਤਹਿਸੀਲਦਾਰ ਲੱਗੇ ਹੋਣੇ ਸਨ, ਵਾਰੇ-ਨਿਆਰੇ ਹੋ ਜਾਣੇ ਸਨ।” ਪਰ ਉਹ ਤਸੱਲੀ ਜ਼ਾਹਰ ਕਰਦੇ, “ਚੰਗਾ ਹੈ ਸਗੋਂ, ਇਹ ਪਟਵਾਰੀ ਨਹੀਂ ਬਣੇ, ਇਹ ਤਾਂ ਹੁਣ ਹੀ ਬੰਦੇ ਨੂੰ ਬੰਦਾ ਨਹੀਂ ਸਮਝਦੇ, ਫਿਰ ਪਤਾ ਨਹੀਂ ਕੀ …।”
ਅਸੀਂ ਚੁੱਪ ਹੋ ਜਾਂਦੇ।
ਮਾਂ ਨੇ ਸਾਨੂੰ ਲਾਡ ਨਾਲ ਵਿਗੜਨ ਨਹੀਂ ਦਿੱਤਾ। ਇੱਕ ਵਾਰੀ ਛੋਟੇ ਭਰਾ ਨੇ ਸਹਿਪਾਠੀ ਦੇ ਹਵਾਲੇ ਨਾਲ ਕਿਹਾ, “ਮੈਨੂੰ ਖੋਏ ਦੀਆਂ ਪਿੰਨੀਆਂ ਬਣਾਕੇ ਦਿਓ, ਨਹੀਂ ਤਾਂ ਮੈਂ ਸਕੂਲ ਨਹੀਂ ਜਾਵਾਂਗਾ।” ਅਤੇ ਜਦੋਂ ਮੈਂ ਸਕੂਲ ਦੇ ਪਹਿਲੇ ਦਿਨ ਹੀ ਆਪਣੇ ਸਾਥੀ ਗੁਆਂਢੀ ਦੇ ਅੱਧੀ-ਛੁੱਟੀ ਦੇ ਵਾਪਸੀ ਸਮੇਂ ਵਿੱਚ ਕੀਤੇ ਐਲਾਨ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਕਿਹਾ, “ਅਧਿਆਪਕਾਂ ਦੀ ਕੁੱਟ ਕਾਰਨ ਮੈਂ ਸਕੂਲ ਨਹੀਂ ਜਾਵਾਂਗਾ।” ਤਾਂ ਦੋਵੇਂ ਵਾਰੀ ਉਹਨਾਂ ਦਾ ਇੱਕੋ ਜਿਹਾ ਜਵਾਬ ਸੀ, “ਜੇ ਨਾ ਜਾਵੇਂਗਾ ਤਾਂ ਛਿੱਤਰਾਂ ਨਾਲ ਘੱਲੂੰਗੀ।” ਇਸ ਤਰ੍ਹਾਂ ਲਾਡ ਨਾਲ ਵਿਗਾੜ ਦੀ ਜਿਹੜੀ ਜੜ੍ਹ ਫੁੱਟਣੀ ਸੀ ਉਹ ਪਹਿਲੇ ਦਿਨ ਮਿੱਧੀ ਗਈ। ਜੇਕਰ ਅਸੀਂ ਲੰਮੀ ਜਿਹੀ ਸੁਰ ਲਾ ਕੇ ਲਾਡ ਨਾਲ ਬੋਲਣਾ ਜਾਂ ਪੈਰ ਘਸੀਟ ਕੇ ਤੁਰਨਾ ਤਾਂ ਉਹਨਾਂ ਨੇ ਤੁਰੰਤ ਸਾਡੇ ਕੰਨ ਖਿੱਚ ਦੇਣੇ।
ਮਾਂ ਦਾ ਬਿੱਲੀਆਂ ਨਾਲ ਵੀ ਬਹੁਤ ਪਿਆਰ ਸੀ। ਦੋ-ਤਿੰਨ ਬਿੱਲੀਆਂ ਪੂਛ ਹਿਲਾਉਂਦੀਆਂ ਮਾਂ ਦੀਆਂ ਲੱਤਾਂ ਨਾਲ ਹਮੇਸ਼ਾ ਖਹਿੰਦੀਆਂ ਰਹਿੰਦੀਆਂ। ਬਿੱਲੀਆਂ ਨੇ ਕਦੇ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਮੂੰਹ ਨਹੀਂ ਸੀ ਮਾਰਿਆ। ਉਹ ਦੋ ਵੇਲੇ ਬਾਟੀ ਵਿੱਚ ਦੁੱਧ ਪਾ ਕੇ ਉਹਨਾਂ ਅੱਗੇ ਰੱਖਦੇ। ਉਹ ਦੁੱਧ ਉਬਾਲਣ ਸਮੇਂ ਉਚੇਚਾ ਧਿਆਨ ਦਿੰਦੇ। ਜਦੋਂ ਕਦੇ ਲਾਪਰਵਾਹੀ ਵਿੱਚ ਥੋੜ੍ਹਾ ਬਹੁਤਾ ਦੁੱਧ ਡੁੱਲ ਜਾਂਦਾ ਤਾਂ ਉਹਨਾਂ ਨੂੰ ਵੰਡ ਦਾ ਦੁਖਾਂਤ ਚੇਤੇ ਆ ਜਾਂਦਾ ਕਿ ਕਿਵੇਂ ਪਾਕਿਸਤਾਨੋਂ ਉੱਜੜਣ ਵੇਲੇ ਚੁੱਲ੍ਹੇ ’ਤੇ ਰੱਖਿਆ ਦੁੱਧ ਡੁੱਲ੍ਹ ਗਿਆ ਸੀ ਤੇ ਮੱਝਾਂ ਦੀਆਂ ਨਿਰਾਸ ਅੱਖਾਂ ਦੀ ਤੱਕਣੀ ਨੂੰ ਉਹ ਦੂਰ ਤਕ ਨਿਹਾਰਦੇ ਰਹੇ ਸਨ। ਡੁੱਲ੍ਹੇ ਦੁੱਧ ਦਾ ਦ੍ਰਿਸ਼ ਬਦਸ਼ਗਨੀ ਦਾ ਪ੍ਰਤੀਕ ਬਣ ਕੇ ਮਾਂ ਦੇ ਬਾਲ-ਮਨ ਵਿੱਚ ਸਦੀਵੀ ਵਸ ਗਿਆ ਸੀ। ਬਹੁਤ ਵਾਰੀ ਉਹ ਡਾਕਟਰ ਕਰਨੈਲ ਸਿੰਘ ਦੀ ਮਾਤਾ ਦੀ ਗੱਲ ਸਾਡੇ ਨਾਲ ਕਰਦੇ ਰਹਿੰਦੇ ਸਨ ਕਿ ਉਸਦੇ ਪੁੱਤਰ ਦੀ ਮੰਗਣੀ ਛੋਟੀ ਉਮਰ ਵਿੱਚ ਹੀ ਹੋ ਗਈ ਸੀ ਤੇ ਮੰਗੇਤਰ ਬਹੁਤਾ ਨਹੀਂ ਸੀ ਪੜ੍ਹੀ ਹੋਈ। ਘਰ ਵੀ ਠੀਕ-ਠਾਕ ਸੀ। ਫਿਰ ਜਦੋਂ ਉਸਨੇ ਡਾਕਟਰੀ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਉਸ ਨੂੰ ਜ਼ਿਆਦਾ ਪੜ੍ਹੀਆਂ-ਲਿਖੀਆਂ ਕੁੜੀਆਂ ਤੇ ਵੱਡੇ ਘਰਾਂ ਦੇ ਰਿਸ਼ਤੇ ਆਉਣ ਲੱਗੇ। ਪਰ ਉਸਦੀ ਮਾਂ ਇਹ ਹੀ ਸਮਝਾਉਂਦੀ ਰਹਿੰਦੀ ਕਿ ਕੀ ਪਤਾ ਪੁੱਤ, ਤੂੰ ਉਸਦੇ ਕਰਮਾਂ ਨੂੰ ਹੀ ਡਾਕਟਰ ਬਣ ਰਿਹਾ ਹੋਵੇਂ। ਹੁਣ ਆਪਾਂ ਰਿਸ਼ਤਾ ਛੱਡਣਾ ਨਹੀਂ।
ਮੇਰੇ ਮਨ ਦੇ ਹਰੇਕ ਕੋਨੇ ਵਿੱਚ ਮਾਂ ਦੀ ਅਣਥੱਕ ਘਾਲਣਾ ਦਾ ਦਰਦ ਸਮੋ ਗਿਆ ਸੀ। ਜਦੋਂ ਕਦੇ ਵੀ ਮਾਂ ਨੂੰ ਮੈਂ ਰੋਂਦੇ ਦੇਖਦਾ ਤਾਂ ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਆਪ-ਮੁਹਾਰੇ ਵਗਣੇ ਸ਼ੁਰੂ ਹੋ ਜਾਂਦੇ ਤੇ ਉੰਨੀ ਦੇਰ ਨਾ ਰੁਕਦੇ ਜਿੰਨੀ ਦੇਰ ਮਾਂ ਸਹਿਜ ਨਾ ਹੋ ਜਾਂਦੀ। ਚਾਰ ਨਵੰਬਰ 2004 ਨੂੰ ਰਾਤ ਦੇ ਕਰੀਬ ਇੱਕ ਵਜੇ ਮਾਂ ਦੀ ਮੌਤ ਹੋ ਗਈ। ਮੈਂ ਮਾਂ ਦੇ ਮੰਜੇ ਦੁਆਲੇ ਉਸ ਬੱਚੇ ਵਾਂਗ ਘੁੰਮ ਰਿਹਾ ਸਾਂ ਜਿਸਦੀ ਮਾਂ ਮੇਲੇ ਵਿੱਚ ਵਿਛੜ ਗਈ ਹੋਵੇ। ਮੈਂ ਮਾਂ ਦੀ ਹਿੱਕ ’ਤੇ ਸਿਰ ਧਰ ਕੇ ਸਾਹਾਂ ਦੇ ਚੱਲਣ ਨੂੰ ਮਹਿਸੂਸ ਕਰਨ ਦਾ ਯਤਨ ਕਰਦਾ ਪਰ ਸਾਹ ਕਿੱਥੇ… ਮੇਰਾ ਰੋਣ ਨਿਕਲ ਜਾਂਦਾ। ਮਾਂ ਦੀ ਸਾਂਝ ਦੀ ਤੰਦ ਕਿਹੋ ਜਿਹੀ ਹੁੰਦੀ ਹੈ ਜੋ ਟੁੱਟ ਕੇ ਵੀ ਨਾਲ ਨਾਲ ਤੁਰੀ ਰਹਿੰਦੀ ਹੈ, ਇਹ ਅਹਿਸਾਸ ਮੈਨੂੰ ਮਾਂ ਦੀ ਮੌਤ ’ਤੇ ਹੀ ਹੋਇਆ। ਮੇਰੀ ਮਾਂ ਦੀ ਦਾਸਤਾਨ ਅਸਲ ਵਿੱਚ ‘ਧੁੱਪ ਵਿੱਚ ਸੜਦੇ ਪੱਤਿਆਂ ਦੀ ਦਾਸਤਾਨ’ ਹੈ, ਜੋ ਬਹੁਤ ਲਮੇਰੀ ਹੈ। ਬੱਸ! ਕੁਝ ਕੁ ਪੱਤਿਆਂ ਨੂੰ ਫਰੋਲਣ ਦਾ ਯਤਨ ਕੀਤਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)





















































































































