“ਇਸੇ ਧੂਹ-ਘੜੀਸ ਵਿੱਚ ਕੱਚੀ ਕੰਧ ਨੂੰ ਵੱਜੇ ਜ਼ੋਰਦਾਰ ਧੱਕੇ ਨਾਲ ਕੰਧ ਡਿਗ ...”
(3 ਜੁਲਾਈ 2026)
ਇਨ੍ਹੀਂ-ਦਿਨੀਂ ਵਿਸ਼ਵ ਆਰਥਿਕਤਾ ਅਤੇ ਵਿਸ਼ਵ ਸ਼ਾਂਤੀ ਪਸੰਦ ਲੋਕਾਂ ਨੂੰ ਹਿਲਾ ਕੇ ਰੱਖ ਦੇਣ ਵਾਲੇ ਅਮਰੀਕਨ ਰਾਸ਼ਟਰਪਤੀ ਡੌਨਲਡ ਟਰੰਪ ਦੇ ਬਦਲਦੇ ਗਿਰਗਿਟੀ ਰੰਗਾਂ ਦਾ ਅਜੀਬ ਪ੍ਰਦਰਸ਼ਨ ਹੋ ਰਿਹਾ ਹੈ। ਉਹ ਸਾਉਣ ਦੇ ਬੱਦਲ ਵਾਂਗ ਕਦੇ ਵਰ੍ਹ ਪੈਂਦਾ ਹੈ ਤੇ ਕਦੇ ਕੰਨੀਂ ਦਾ ਕਿਆਰਾ ਵੀ ਸੁੱਕਾ ਹੀ ਛੱਡ ਜਾਂਦਾ ਹੈ। ਇਹ ਸਭ ਕੁਝ ਅਸੀਂ ਸਾਰੇ ਆਪਣੀਂ ਅੱਖੀਂ ਤਕ ਰਹੇ ਹਾਂ। ਭਵਿੱਖ ਵਿੱਚ ਇਹ ਸਾਡੇ ਸਮਿਆਂ ਦੀ ਹੋਣੀ/ਅਣਹੋਣੀ ਦਾ ਸਿਖਰ ਮੰਨਿਆ ਜਾਵੇਗਾ। ਉਸਦੇ ਸਵੇਰੇ ਸਵੇਰੇ ਦਿੱਤੇ ਕੁਰਖਤ ਬਿਆਨ ਨੇ ਸ਼ਾਮ ਹੁੰਦਿਆਂ ਇਰਾਨ-ਅਮਰੀਕਾ ਵਿਚਾਲੇ ਦੋ ਹਫਤਿਆਂ ਦੀ ਜੰਗਬੰਦੀ ਤਕ ਪਹੁੰਚੇ ਗਿਰਗਿਟੀ ਰੰਗ ਨੇ ਸਮੁੱਚੇ ਵਿਸ਼ਵ ਦੇ ਮੁੱਖੜੇ ਦੇ ਪਰਤੇ ਜਲਾਓ ਨੂੰ ਕੁਝ ਪਲਾਂ ਲਈ ਹੀ ਸਹੀ, ਮਾਣਿਆ ਜ਼ਰੂਰ। ਪਰ ਤਦ ਹੀ ਥੋੜ੍ਹਚਿਰੀ ਜੰਗਬੰਦੀ ਨਾਲ ਬੱਝੀ ਇਸ ਆਸ ਨਾਲ ਗਲੋਬਲ ਵਿਸ਼ਵ ਬਜ਼ਾਰ ਵਿੱਚ ਆਈ ਤੇਜ਼ੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਨੇ ਘਰੇਲੂ ਬਜ਼ਾਰ ਦੇ ਕੌਲ ਫੁੱਲ ਨੂੰ ਮੁੜ ਖਿੜਾਓ ਬਖਸ਼ਿਆ। ਇਸ ਨਾਲ ਆਮ ਬੰਦੇ ਨੇ ਕੁਝ ਪਲਾਂ ਲਈ ਹੀ ਸਹੀ, ਸੁਖ ਦਾ ਸਾਹ ਤਾਂ ਜ਼ਰੂਰ ਲਿਆ। ਉਸ ਨੂੰ ਆਪਣੀ ਰਸੋਈ ਵਿੱਚ ਪਿਆ ਸਿਲੰਡਰ ਭਰਿਆ ਭਰਿਆ ਮਹਿਸੂਸ ਹੋਣ ਲੱਗਿਆ।
ਉੱਪਰੋਥਲੀ ਹੋ-ਵਾਪਰ ਰਹੀਆਂ ਇਨ੍ਹਾਂ ਸ਼ੂਕਦੀਆਂ ਘਟਨਾਵਾਂ ਨੂੰ ਤਕ ਕੇ ਮੇਰੀ ਮਾਂ ਨੇ ਅਚਾਨਕ ਕਹਿਣਾ ਸੀ, “ਹਾਇ ਵੇ ਮੇਰਿਆ ਰੱਬਾ! ਹਾਲੇ ਤਾਂ ਲੜਾਈ ਬੰਦ ਹੋਣ ਦੇ ਇਨ੍ਹਾਂ ਲਫਜ਼ਾਂ ਦੀਆਂ ਫੁੱਲ-ਪੱਤੀਆਂ ਵਿੱਚੋਂ ਸੱਜਰੀ ਤਰੇਲ ਦੇ ਕਿਰਦੇ ਤੁਪਕੇ ਸੁੱਕੇ ਵੀ ਨਹੀਂ, ਅਗਲੇ ਹੀ ਪਲ ਇਜ਼ਰਾਈਲ ਦੀ ਲਿਬਨਾਨ ਉੱਤੇ ਭਾਰੀ ਬੰਬਾਰੀ ਨੇ ਦੋ ਸੌ ਤੋਂ ਵੱਧ ਜਾਨਾਂ ਨਿਗਲ ਲਈਆਂ। ਥੋਡਾ ਕੱਖ ਨਾ ਰਹੇ ਵੇ ਪਾਪੀਓ!” ਇਜ਼ਰਾਈਲ ਦੇ ਇਸ ਕਾਰੇ ਨੂੰ ਦੇਖ ਇੱਕ ਪਲ ਲਈ ਤਾਂ ਜੰਗਬੰਦੀ ਦੇ ਇਨ੍ਹਾਂ ਹੁਕਮਾਂ ਦਾ ਪੱਤਰ ਕਾਤਰ-ਕਾਤਰ ਹੋ ਗਿਆ। ਇਹ ਕਾਤਰਾਂ ਕਿਰਚਾਂ ਬਣ ਬਣ ਹਰ ਆਮ ਬੰਦੇ ਦੇ ਸੀਨੇ ਵਿੱਚ ਖੁੱਭਣ ਲੱਗੀਆਂ, ਜਿਨ੍ਹਾਂ ਨਾਲ ਫਿਰ ਧਰਤੀ ਦੀ ਹਿੱਕ ਬੇਦੋਸ਼ਿਆਂ ਦੇ ਖੂਨ ਨਾਲ ਰੰਗੀ ਜਾਣ ਲੱਗੀ ਹੈ। ਇਸ ਜੰਗ ਦੇ ਖੌਫ ਦੌਰਾਨ ਮੇਰੇ ਬਚਪਨ ਦੀ ਇੱਕ ਕਾਤਰ ਖੜੱਪੇ ਸੱਪ ਵਾਂਗ ਮੇਰੀ ਯਾਦ ਦੀ ਤਖਤੀ ’ਤੇ ਆ ਬੈਠੀ।
ਮੈਂ ਉਦੋਂ ਬਹੁਤ ਛੋਟਾ ਸਾਂ, ਇਸੇ ਲਈ ਇਹ ਆਪਬੀਤੀ ਘਸਮੈਲੀ ਜਿਹੀ ਹੋਈ ਪਈ ਹੈ, ਪਰ ਮਨ ਦੇ ਅੰਬਰ ਵਿੱਚੋਂ ਗਾਇਬ ਨਹੀਂ ਹੋਈ। ਪਤਾ ਨਹੀਂ ਅੱਜ ਕਿਵੇਂ ਇਹ ਉਂਝ ਦੀ ਉਂਝ ਸਾਕਾਰ ਹੋ ਉੱਠੀ ਹੈ। ਮੇਰੀ ਮਾਂ ਅਤੇ ਸਾਡੇ ਲਈ ਤਾਂ ਇਹ ਘਟਨਾ ਵੀ ਕਿਸੇ ਵਿਸ਼ਵ ਜੰਗ ਨਾਲ਼ੋਂ ਘੱਟ ਨਹੀਂ ਸੀ। ਹੋਣੀ ਨੇ ਮਾਂ ਦੇ ਨਾਂ ਨਾਲ ਜ਼ਬਰੀ ਵਿਧਵਾ ਸ਼ਬਦ ਜੋੜ ਦਿੱਤਾ ਤਾਂ ਉਹ ਵਿਲਕ ਉੱਠੀ। ਇੱਕ ਵਾਰ ਤਾਂ ਉਹਦੇ ਔਸਾਨ ਜਿਹੇ ਮਾਰੇ ਗਏ। ਅਜਿਹੇ ਸਮੇਂ ਵਿੱਚ ਉਸ ਧੀਰਜ ਤੋਂ ਅਥਾਹ ਕੰਮ ਲਿਆ। ਵੱਡਾ ਮਾਮਾ ਤੇ ਮਾਸੀ ਮੇਰੀ ਮਾਂ ਨਾਲ ਆ ਖੜ੍ਹੇ ਹੋਏ। ਉਹ ਹੌਸਲੇ ਵਿੱਚ ਹੋਈ ਤੇ ਕਿਰਤ ਦਾ ਪੱਲਾ ਘੁੱਟ ਕੇ ਫੜ ਲਿਆ।
ਸਾਡੀ ਮਾਂ ਕੋਲ ਸਿਰ ਢਕਣ ਲਈ ਇੱਕੋ ਇੱਕ ਕੱਚਾ ਘਰ ਹੀ ਸੀ। ਸੋ ਹੁਣ ਉਹ ਵੀ ਸ਼ਰੀਕਾਂ ਨੂੰ ਚੁਭਣ ਲੱਗਾ, ਜਿਵੇਂ ਇਰਾਨੀ ਤੇਲ ਦੇ ਜ਼ਖੀਰੇ ਬਹੁਤਿਆਂ ਨੂੰ ਚੁਭਦੇ ਹਨ। ਇਸ ਤਰ੍ਹਾਂ ਸ਼ਰੀਕ ਗਾਹੇ-ਬਗਾਹੇ ਮਾਂ ਨੂੰ ਜਿੱਚ ਕਰਦੇ। ਇਲਜ਼ਾਮ ਲਾਉਂਦੇ। ਉਨ੍ਹਾਂ ਦਾ ਇੱਕੋ ਇੱਕ ਮਕਸਦ ਸਾਡੇ ਇਸ ਘਰ ਨੂੰ ਹੜੱਪਣਾ ਸੀ। ਸਰਦੇ-ਪੁੱਜਦੇ ਚਾਚੇ-ਚਾਚੀ ਦਾ ਪੱਕਾ ਮਕਾਨ ਹੋਰ ਫੈਲ ਜਾਣ ਦੀ ਲਲ੍ਹਕ ਪਾਲਣ ਲੱਗ ਪਿਆ। ਚਾਚੇ ਨਾਲ਼ੋਂ ਵੱਧ ਚਤਰ ਚਾਚੀ ਨਿੱਤ ਨਵੀਂਆਂ ਗੋਂਦਾਂ ਗੁੰਦਦੀ। ਨੂਰੀ ਇਲਮ ਨਾਲ਼ੋਂ ਕਾਲਾ ਇਲਮ ਉਹਨੂੰ ਵੱਧ ਸੁਖਾਉਂਦਾ। ਉਹ ਕਾਲਖ ਦੀ ਸਿਆਹੀ ਵਿੱਚ ਆਪਣੀ ਜ਼ੁਬਾਨ ਡੁਬੋ, ਪਿੰਡ ਦੇ ਹਮਖਿਆਲਾਂ ਕੋਲ ਬੈਠ, ਅੱਜ ਦੇ ਸਿਆਸਤਦਾਨਾਂ ਵਾਂਗ ਮਾਂ ਦੀ ਨਿੱਤ ਬਦਖੋਈ ਕਰਦੀ। ਕਿਰਦਾਰਕੁਸ਼ੀ ਕਰਦੇ ਪ੍ਰਵਚਨ ਉਚਾਰਨ ਲੱਗੀ ਸਾਚੀ ਸਾਹ ਨਾ ਲੈਂਦੀ। ਮਾਂ ਦੀ ਜਾਨ ਕੁੜਿੱਕੀ ਵਿੱਚ ਆ ਗਈ ਤੇ ਉਹ ਅੰਦਰ ਤਕ ਵਿੰਨ੍ਹੀ ਗਈ। ਤੜਫ ਉੱਠੀ। ਪਰ ਕਰਦੀ ਕੀ? ਮਾਂ ਮੇਰੀ ਨੇ ਚੁੱਪ ਵੱਟ ਲਈ। ਫਿਰ ਵੀ ਅਜਿਹੇ ਜਲਦੇ-ਬਲਦੇ ਸਮੇਂ ਵਿੱਚ ਸਬਰ-ਸਬੂਰੀ ਉਹਨੂੰ ਆਪਣਾ ਮੀਰੀ ਗੁਣ ਲਗਦਾ। ਕਿਸੇ ਅਦਿੱਖ ਰੱਬੀ ਸ਼ਕਤੀ ਨੂੰ ਧਿਆਉਂਦੀ ਉਹ ਆਪਣੇ ਅੰਦਰੋਂ ਹੀ ਤਾਕਤ ਗ੍ਰਹਿਣ ਕਰਦੀ ਅਗਾਂਹ ਵਧਦੀ ਰਹੀ।
ਇਸ ਠੰਢੀ ਜੰਗ ਵਿੱਚ ਚਾਚੇ-ਚਾਚੀ ਨੇ ਆਪਣੇ ਹੋਰ ਵੀ ਕਈ ਭਾਈਵਾਲ ਬਣਾ ਲਏ। ਜਦੋਂ ਉਨ੍ਹਾਂ ਸਾਰਿਆਂ ਦਾ ਕੋਈ ਬਹੁਤਾ ਜ਼ੋਰ ਨਾ ਚੱਲਿਆ ਤਾਂ ਉਨ੍ਹਾਂ ਨੇ ਸਾਡੇ ਘਰ ਨੂੰ ਲਗਦਾ ਰਾਹ ਬੰਦ ਕਰਨ ਦੀ ਅੱਲੋਕਾਰੀ ਕਾਢ ਕੱਢ ਲਈ ਤੇ ਕੰਧ ਖੜ੍ਹੀ ਕਰ ਦਿੱਤੀ। ਸਾਡੀ ਜ਼ਿੰਦਗੀ ਦਾ ਜਹਾਜ਼ ਇੱਕ ਵਾਰ ਤਾਂ ਹੋਰਮੁਜ਼ ਜਲ ਮਾਰਗ ਵਿੱਚ ਘਿਰੇ ਜਹਾਜ਼ਾਂ ਵਾਂਗ ਠੱਲ੍ਹਿਆ ਗਿਆ। ਪਾਣੀ ਸਿਰੋਂ ਲੰਘਦਾ ਦੇਖ ਮਾਂ ਨੇ ਵਿਰੋਧ ਕੀਤਾ। ਪੰਚਾਇਤ ਬੁਲਾਈ। ਪਰ ਹਰ ਕੋਈ ਆਪੋ ਆਪਣੀ ਬੋਲੀ ਬੋਲਦਾ। ਕੁਝ ਮਾਂ ਦੀ ਹਿਮਾਇਤ ਕਰਦੇ ਤੇ ਕੁਝ ਦੂਜੀ ਧਿਰ ਦੀ। ਦੋਵਾਂ ਧਿਰਾਂ ਦੇ ਬੋਲ ਉੱਚੇ ਹੁੰਦੇ ਗਏ। ਉਨ੍ਹਾਂ ਵੱਲੋਂ ਜ਼ਬਰੀ ਬਣਾਈ ਕੱਚੀ ਕੰਧ ਕੋਲ ਮੇਰਾ ਛੋਟਾ ਭਰਾ ਖੜ੍ਹਾ ਸੀ। ਉਸਦੀ ਉਮਰ ਉਦੋਂ ਮਸਾਂ ਕੋਈ ਤਿੰਨ ਕੁ ਸਾਲ ਦੀ ਹੋਵੇਗੀ। ਮੇਰੀ ਚਾਚੀ ਹੱਲਾ ਬੋਲ ਬੋਲ ਆਉਂਦੀ। ਇਕੱਠੀ ਹੋਈ ਪੰਚਾਇਤ ਨੇ ਚਾਚੇ-ਚਾਚੀ ਨੂੰ ਉਸਾਰੀ ਗਈ ਨਾਜਾਇਜ਼ ਕੰਧ ਹਟਾਉਣ ਨੂੰ ਕਿਹਾ ਤਾਂ ਉਹ ਅੱਗ-ਬਬੂਲਾ ਹੋ ਉੱਠੇ। ਇਸੇ ਧੂਹ-ਘੜੀਸ ਵਿੱਚ ਕੱਚੀ ਕੰਧ ਨੂੰ ਵੱਜੇ ਜ਼ੋਰਦਾਰ ਧੱਕੇ ਨਾਲ ਕੰਧ ਡਿਗ ਪਈ। ਕੋਲ ਖੜ੍ਹਾ ਮੇਰਾ ਛੋਟਾ ਭਰਾ ਦੱਬਿਆ ਗਿਆ। ਹਾਹਾਕਾਰ ਮੱਚ ਗਈ। ਜਿਵੇਂ-ਕਿਵੇਂ ਛੋਟੇ ਨੂੰ ਬਾਹਰ ਕੱਢ ਲਿਆ ਗਿਆ ਪਰ ਉਸਦੀ ਸੱਜੀ ਲੱਤ ਟੁੱਟ ਗਈ, ਜੋ ਉਮਰ ਭਰ ਤਾਬ ਨਾ ਆਈ।
ਜੰਗਾਂ ਤੱਤੀਆਂ ਹੋਣ ਭਾਵੇਂ ਠੰਢੀਆਂ, ਹੋਏ ਨੁਕਸਾਨ ਦੀ ਭਰਪਾਈ ਕਦੇ ਨਹੀਂ ਹੁੰਦੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)




















































































































