“ਅਸੀਂ ਅਜਿਹੇ ਸਮਾਜ ਵਿੱਚ ਜੀਅ ਰਹੇ ਹਾਂ ਜਿੱਥੇ ਦੂਜਿਆਂ ਦੀਆਂ ਛੱਤਾਂ ਸਿਰਜਣ ਵਾਲੇ ਦੀ ...”
(19 ਮਈ 2026)

ਅੱਜ ਵੀ ਜਦੋਂ ਕਦੇ ਕੰਮ ਕਰਦਿਆਂ ਰਾਤ ਨੂੰ ਦੇਰੀ ਹੋ ਜਾਂਦੀ ਹੈ ਤਾਂ ਮੇਰੀਆਂ ਅੱਖਾਂ ਸਾਹਮਣੇ ਸਾਲ 2006-07 ਦਾ ਉਹ ਮੰਜ਼ਰ ਕਿਸੇ ਦੁਖਾਂਤਕ ਫਿਲਮ ਵਾਂਗ ਘੁੰਮ ਜਾਂਦਾ ਹੈ। ਉਹ ਅਜਿਹਾ ਦੌਰ ਸੀ ਜਦੋਂ ਸੁਪਨੇ ਵੱਡੇ ਸਨ ਪਰ ਸਾਧਨ ਸੀਮਿਤ। ਨੀਂਦ ਪਲਕਾਂ ’ਤੇ ਭਾਰੂ ਹੁੰਦੀ ਸੀ ਪਰ ਕੰਪਿਊਟਰ ਸਕ੍ਰੀਨ ’ਤੇ ਚਲਦੇ ਬਜ਼ਾਰ ਦੇ ਬੇਰਹਿਮ ਅੰਕੜੇ ਸੌਣ ਨਹੀਂ ਸਨ ਦਿੰਦੇ। ਉਹ ਦਿਨ ਮੇਰੀ ਰੂਹ ’ਤੇ ਉੱਕਰੇ ਹੋਏ ਹਨ। ਸਵੇਰੇ 9 ਵਜੇ ਪਿੰਡ ਭੁੱਚੋ ਖੁਰਦ ਤੋਂ ਚੱਲ ਕੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਪਹੁੰਚਣਾ, ਜਿੱਥੇ ਮੈਂ ‘ਐੱਮ.ਏ. ਰਾਜਨੀਤੀ ਸ਼ਾਸਤਰ’ ਵਿੱਚ ਸਮਾਜਿਕ ਨਿਆਂ ਦੀਆਂ ਪਰਿਭਾਸ਼ਾਵਾਂ ਪੜ੍ਹਦਾ ਸੀ। ਪਰ ਅਫਸੋਸ, ਉਹ ਕਿਤਾਬੀ ‘ਨਿਆਂ’ ਅਸਲੀ ਜ਼ਿੰਦਗੀ ਵਿੱਚ ਕਿਤੇ ਨਜ਼ਰ ਨਹੀਂ ਸੀ ਆਉਂਦਾ।
ਕਾਲਜ ਤੋਂ ਬਾਅਦ ਦੁਪਹਿਰ 3 ਵਜੇ ਕੰਪਿਊਟਰ ਕੋਰਸ ਅਤੇ ਫਿਰ ਸ਼ਾਮ 5 ਵਜੇ ਤੋਂ ਰਾਤ 12 ਵਜੇ ਤਕ ਇੱਕ ਨਿੱਜੀ ਕੋਮੌਡਿਟੀ ਮਾਰਕੀਟ ਸੈਂਟਰ ਦੀ ਚਾਰ-ਦੀਵਾਰੀ ਮੈਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ। ਜਦੋਂ ਦੁਨੀਆ ਸੌਂ ਰਹੀ ਹੁੰਦੀ, ਮੇਰੀ ਡਿਊਟੀ ਖਤਮ ਹੁੰਦੀ। ਵਾਪਸ ਮੁੜਨ ਦਾ ਕੋਈ ਸਾਧਨ ਨਾ ਹੋਣ ਕਾਰਨ ਮੈਂ ਦਫਤਰ ਦੇ ਉਸੇ ਮਸ਼ੀਨੀ ਮਾਹੌਲ ਵਿੱਚ ਸੌਂ ਜਾਂਦਾ ਅਤੇ ਸਵੇਰੇ ਪਹੁ-ਫੁਟਾਲੇ ਅਮਰੀਕ ਸਿੰਘ ਰੋਡ ਤੋਂ ਪੈਦਲ ਫੌਜੀ ਚੌਕ ਜਾ ਕੇ ਪਹਿਲੀ ਬੱਸ ਫੜ ਕੇ ਪਿੰਡ ਪਹੁੰਚਦਾ। ਅੱਖਾਂ ਦੀ ਨੀਂਦ ਅਤੇ ਸਰੀਰ ਦੀ ਥਕਾਵਟ ਅਜੇ ਲੱਥੀ ਵੀ ਨਹੀਂ ਹੁੰਦੀ ਸੀ ਕਿ 9 ਵੱਜਦੇ ਨੂੰ ਮੈਂ ਫਿਰ ਕਾਲਜ ਦੀਆਂ ਬਰੂਹਾਂ ’ਤੇ ਹੁੰਦਾ।
ਇਹ ਸਿਰਫ ਦਿਨਾਂ ਦੀ ਗੱਲ ਨਹੀਂ ਸੀ, ਸਗੋਂ ਮੇਰੀ ਜਵਾਨੀ ਦੀਆਂ ਉਮੰਗਾਂ ਦਾ ਮਜਬੂਰੀ ਦੀ ਭੱਠੀ ਵਿੱਚ ਤਿਲ-ਤਿਲ ਮਰਨਾ ਸੀ। ਮਹੀਨੇ ਦੇ ਅੰਤ ਵਿੱਚ ਮਿਲਣ ਵਾਲੇ ਉਹ ਚਾਰ ਹਜ਼ਾਰ ਰੁਪਏ ਉਦੋਂ ਗੁਜ਼ਾਰੇ ਲਈ ਜ਼ਰੂਰੀ ਲਗਦੇ ਸਨ, ਪਰ ਅੱਜ ਜਦੋਂ ਇੱਕ ਅਧਿਆਪਕ ਵਜੋਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਉਹ ਮੇਰੀ ਮਿਹਨਤ ਦਾ ਮੁੱਲ ਨਹੀਂ, ਸਗੋਂ ਮੇਰੇ ਵਕਤ ਅਤੇ ਜਜ਼ਬਾਤਾਂ ਦਾ ਸ਼ੋਸ਼ਣ ਸੀ। ਉਹ ਰੁਪਏ ਮੇਰੀ ਨੀਂਦ, ਸਿਹਤ ਅਤੇ ਮਾਨਸਿਕ ਸਕੂਨ ਤੋਂ ਕਿਤੇ ਘੱਟ ਸਨ।
ਅੱਜ ਵੀ ਹਾਲਾਤ ਬਹੁਤੇ ਬਦਲੇ ਹੋਏ ਨਜ਼ਰ ਨਹੀਂ ਆਉਂਦੇ, ਸਿਰਫ ਸ਼ੋਸ਼ਣ ਦਾ ਰੂਪ ਬਦਲ ਗਿਆ ਹੈ। ਪੂੰਜੀਵਾਦੀ ਯੁਗ ਨੇ ਇਸ ਨੂੰ ਤਕਨੀਕੀ ਅਤੇ ਹੋਰ ਵੀ ਮਾਰੂ ਬਣਾ ਦਿੱਤਾ ਹੈ। ਅੱਜ ਦਾ ਕਾਮਾ ਸਿਰਫ ਖੇਤਾਂ ਵਿੱਚ ਘਾਹ ਖੋਤਣ ਵਾਲਾ ਹੀ ਨਹੀਂ, ਸਗੋਂ ਉੱਚੀਆਂ ਇਮਾਰਤਾਂ ਦੀਆਂ ਪੌੜੀਆਂ ਚੜ੍ਹਨ ਵਾਲਾ, ਫੈਕਟਰੀਆਂ ਦੀਆਂ ਮਸ਼ੀਨਾਂ ਨਾਲ ਜੂਝਣ ਵਾਲਾ ਅਤੇ ‘ਵਰਕ ਫਰਾਮ ਹੋਮ’ ਰਾਹੀਂ ਡਿਜਿਟਲ ਗੁਲਾਮੀ ਵਿੱਚ ਫਸਿਆ ਉਹ ਹਰ ਇਨਸਾਨ ਹੈ, ਜਿਸਦੀ ਮਿਹਨਤ ਦਾ ਵੱਡਾ ਹਿੱਸਾ ਸਰਮਾਏਦਾਰਾਂ ਦੀਆਂ ਤਿਜੌਰੀਆਂ ਵਿੱਚ ਜਾ ਰਿਹਾ ਹੈ।
ਸਮਾਜਿਕ ਅਤੇ ਆਰਥਿਕ ਅਸਮਾਨਤਾ ਨੇ ਮਿਹਨਤਕਸ਼ ਨੂੰ ਮਹਿਜ਼ ਇੱਕ ਸਾਧਨ (ਸੰਦ, ਵਸਤੂ) ਬਣਾ ਕੇ ਰੱਖ ਦਿੱਤਾ ਹੈ। ਠੇਕੇਦਾਰੀ ਸਿਸਟਮ ਅਤੇ ਕੰਮ ਦੀ ਅਨਿਸ਼ਚਿਤਤਾ ਨੇ ਕਾਮੇ ਦੇ ਮਨ ਵਿੱਚ ਅਜਿਹਾ ਡਰ ਪੈਦਾ ਕਰ ਦਿੱਤਾ ਹੈ ਕਿ ਉਹ ਹੱਕਾਂ ਲਈ ਆਵਾਜ਼ ਉਠਾਉਣ ਦੀ ਬਜਾਏ ਚੁੱਪ ਰਹਿਣ ਵਿੱਚ ਹੀ ਭਲਾ ਸਮਝਦਾ ਹੈ। ਅਸਲੀ ਬਦਲਾਅ ਸਿਰਫ 1 ਮਈ ਨੂੰ ‘ਮਜ਼ਦੂਰ ਦਿਵਸ’ ਮਨਾਉਣ ਨਾਲ ਨਹੀਂ, ਸਗੋਂ ਮਿਹਨਤ ਦੇ ਵਾਜਬ ਮੁੱਲ, ਸਮਾਜਿਕ ਸੁਰੱਖਿਆ ਅਤੇ ਮਿਆਰੀ ਸਿੱਖਿਆ ਦੇ ਬਰਾਬਰ ਮੌਕਿਆਂ ਨਾਲ ਆਵੇਗਾ।
ਅਸੀਂ ਅਜਿਹੇ ਸਮਾਜ ਵਿੱਚ ਜੀਅ ਰਹੇ ਹਾਂ ਜਿੱਥੇ ਦੂਜਿਆਂ ਦੀਆਂ ਛੱਤਾਂ ਸਿਰਜਣ ਵਾਲੇ ਦੀ ਆਪਣੀ ਛੱਤ ਸਾਰੀ ਉਮਰ ਚੋਅ ਰਹੀ ਹੁੰਦੀ ਹੈ। ਅੱਜ ਦਾ ਨੌਜਵਾਨ ਵੀ ਉਸੇ ਚੱਕੀ ਵਿੱਚ ਪਿਸ ਰਿਹਾ ਹੈ। ਦਿਨ ਵੇਲੇ ਉਹ ਕਾਲਜ ਜਾਂਦਾ ਹੈ ਅਤੇ ਰਾਤਾਂ ਨੂੰ ‘ਡਿਲੀਵਰੀ ਬੁਆਏ’ ਬਣ ਕੇ ਸੜਕਾਂ ’ਤੇ ਦੌੜਦਾ ਫਿਰਦਾ ਹੈ। ਜਿਹੜੀ ਉਮਰ ਸੁਪਨਿਆਂ ਨੂੰ ਉਡਾਣ ਦੇਣ ਦੀ ਹੁੰਦੀ ਹੈ, ਉਹ ਅੱਜ ਵੀ ‘ਅਗਲੇ ਮਹੀਨੇ ਦੀ ਫੀਸ’ ਅਤੇ ‘ਦੋ ਵਕਤ ਦੀ ਰੋਟੀ’ ਦੇ ਫਿਕਰਾਂ ਵਿੱਚ ਗੁਜ਼ਰ ਰਹੀ ਹੈ। ਪੂੰਜੀਵਾਦ ਨੇ ਸਿਰਫ ਆਪਣਾ ਚਿਹਰਾ ਬਦਲਿਆ ਹੈ, ਪਰ ਮਿਹਨਤਕਸ਼ ਦੀ ਲੁੱਟ ਦਾ ਤਰੀਕਾ ਅੱਜ ਵੀ ਉਹੀ ਨਿਰਦਈ ਹੈ।
ਅੰਤ ਵਿੱਚ ਮੇਰਾ ਸਵਾਲ ਇਸ ਸਿਸਟਮ ਅਤੇ ਸੱਭਿਅਕ ਕਹਾਉਣ ਵਾਲੇ ਸਮਾਜ ਨੂੰ ਹੈ ਕਿ ਕੀ ਸਾਡਾ ਵਿਕਾਸ ਇੰਨਾ ਬੇਰਹਿਮ ਹੈ ਕਿ ਉਹ ਸਿਰਫ ਮਿਹਨਤਕਸ਼ਾਂ ਦੀਆਂ ਹੱਡੀਆਂ ’ਤੇ ਹੀ ਉਸਾਰਿਆ ਜਾ ਸਕਦਾ ਹੈ? ਕੀ ਆਉਣ ਵਾਲੀਆਂ ਨਸਲਾਂ ਵੀ ਵਜੂਦ ਦੀ ਲੜਾਈ ਲੜਦਿਆਂ ਹੀ ਖਤਮ ਹੋ ਜਾਣਗੀਆਂ? ਜੇਕਰ ਵਿਕਾਸ ਦੀਆਂ ਉੱਚੀਆਂ ਪੌੜੀਆਂ ਚੜ੍ਹਦਿਆਂ ਵੀ ਹਾਲਾਤ ਉਹੀ ਰਹਿਣੇ ਹਨ ਤਾਂ ਫਿਰ ਸਵਾਲ ਉਹੀ ਮੁੜ-ਮੁੜ ਸਤਾਉਂਦਾ ਰਹੇਗਾ ਕਿ ਦੁਨੀਆ ਲਈ ਆਲੀਸ਼ਾਨ ਇਮਾਰਤਾਂ ਖੜ੍ਹੀਆਂ ਕਰਨ ਵਾਲਾ ਇਹ ਮਹਿਲਾਂ ਦਾ ਸਿਰਜਣਹਾਰ, ਖੁਦ ਸਾਰੀ ਉਮਰ ਬੇਘਰ ਕਿਉਂ ਰਹਿੰਦਾ ਹੈ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































