PartapParasGurdaspuri7ਲੋਕਾਂ ਨੂੰ ਮੁਫਤ ਦੀਆਂ ਸਹੂਲਤਾਂ ਵਿੱਚੋਂ ਬਾਹਰ ਕੱਢ ਕੇ ਕੰਮ ਕਰਨ ਦੀ ਆਦਤ ...
(13 ਮਈ 2026)


ਵੈਸੇ ਸਿਆਸਤ ਦਾ ਅਰਥ ਹੀ
ਸਕੀਮ, ਜੁਗਤ, ਵਿਧੀ, ਤਰੀਕਾ ਤੋਂ ਹੈ ਪਰ ਸਿਆਸਤ ਦਾ ਖੇਤਰ, ਲੈਵਲ, ਕਿਸਮ ਤਾਂ ਸਿਆਸਤ ਕਰਨ ਵਾਲਾ ਹੀ ਤੈਅ ਕਰਦਾ ਹੈ। ਆਮ ਤੌਰ ’ਤੇ ਸਿਆਸਤ ਸ਼ਬਦ ਨੇਤਾਵਾਂ ਨਾਲ ਹੀ ਜੁੜਿਆ ਆ ਰਿਹਾ ਹੈ ਵੈਸੇ ਇਹ ਸਿਆਸਤ ਨੇਤਾਵਾਂ ਤੋਂ ਹੇਠਾਂ ਆਉਂਦੀ ਹੋਈ ਆਪਣਾ ਹੋਰ ਰੂਪ ਇਖਤਿਆਰ ਕਰਦੀ ਸਾਡੇ ਘਰਾਂ ਤਕ ਪਹੁੰਚ ਚੁੱਕੀ ਹੈ। ਸਿਆਸਤ ਕਰਦੇ ਹੋਏ ਨੇਤਾਵਾਂ ਵੱਲੋਂ ਸਮਾਜ ਨੂੰ ਉਨ੍ਹਾਂ ਭੇਦਾਂ ਤੋਂ ਜਾਣੂ ਨਹੀਂ ਹੋਣ ਦਿੱਤਾ ਜਾਂਦਾ ਜੋ ਉਨ੍ਹਾਂ ਦੇ ਹੱਕ ਵਿੱਚ ਜਾਂਦੇ ਹੋਣ। ਘਰਾਂ, ਪਿੰਡਾਂ, ਸ਼ਹਿਰਾਂ, ਰਿਸ਼ਤੇਦਾਰੀਆਂ ਵਿੱਚ ਹੁੰਦੀ ਸਿਆਸਤ ਦਾ ਰੂਪ ਕੁਝ ਹੋਰ ਹੁੰਦਾ ਹੈ ਪਰ ਦੇਸ਼ ਚਲਾਉਣ ਵਾਲੇ ਹਾਕਮਾਂ, ਨੇਤਾਵਾਂ ਦੀ ਸਿਆਸਤ ਦਾ ਰੂਪ ਕੁਝ ਹੋਰ ਤਰ੍ਹਾਂ ਨਾਲ ਸਾਹਮਣੇ ਆਉਂਦਾ ਹੈ।

ਅਸੀਂ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਕਦੇ ਅਜਿਹਾ ਸਮਾਂ ਵੀ ਹੋਇਆ ਕਰਦਾ ਸੀ ਜਦੋਂ ਨੇਤਾ ਲੋਕ ਜਨਤਾ ਨਾਲ ਆਪਣੀ ਕਹੀ ਹੋਈ ਗੱਲ ਪੁਗਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਸਨ। ਜਨਤਾ ਨਾਲ ਕੀਤੇ ਹੋਏ ਵਾਅਦੇ ਅਕਸਰ ਪੂਰੇ ਕਰ ਦਿਆ ਕਰਦੇ ਸਨ। ਜੇਕਰ ਕਦੇ ਕੋਈ ਕੀਤੇ ਵਾਅਦੇ ਵਿੱਚੋਂ ਰਹਿ ਜਾਂਦਾ ਤਾਂ ਉਹ ਉਸ ਬਾਰੇ ਜਨਤਾ ਕੋਲੋਂ ਹੱਥ ਜੋੜ ਕੇ ਮੁਆਫੀ ਮੰਗ ਲਿਆ ਕਰਦੇ ਸਨ ਕਿ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਪੂਰਾ ਨਹੀਂ ਕਰ ਸਕਿਆ। ਉਹ ਆਪਣੀਆਂ ਮਜਬੂਰੀਆਂ ਦਾ ਹਵਾਲਾ ਦੇ ਉਸ ਕੰਮ ਨੂੰ ਅਗਲੀ ਵਾਰ ਵਿੱਚ ਪੂਰਾ ਕਰਨ ਦਾ ਵਚਨ ਦਿਆ ਕਰਦੇ ਸਨ ਜੋ ਪੂਰਾ ਕਰਕੇ ਦਿਖਾਉਂਦੇ ਵੀ ਸਨ। ਬਦਲਦੇ ਸਮੇਂ ਨਾਲ ਸਿਆਸਤ ਵਿੱਚ ਆਏ ਨਵੇਂ ਨੇਤਾਵਾਂ ਨੇ ਸਿਆਸਤ ਦਾ ਪੱਧਰ ਹੌਲੀ-ਹੌਲੀ ਹਲਕੇ ਅਤੇ ਹੇਠਲੇ ਪੱਧਰ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਨੇਤਾ ਲੋਕ ਕੁਰਸੀ ਹਥਿਆਉਣ ਲਈ ਝੂਠ, ਹੇਰਾਫੇਰੀ, ਲਾਰੇ, ਪੈਸਿਆਂ ਵਰਗੇ ਹੱਥਕੰਡੇ ਵਰਤ ਰਹੇ ਹਨ।

ਕੁਝ ਸਮਾਂ ਪਹਿਲਾਂ ਸਿਆਸਤ ਨੇ ਅਜਿਹੀ ਕਰਵਟ ਬਦਲੀ ਕਿ ਇੱਕ ਵੱਡੀ ਪਾਰਟੀ ਦੇ ਨੇਤਾਵਾਂ ਨੇ ਬੈਠ ਕੇ ਅਜਿਹੀ ਵਿਉਂਤ ਘੜੀ ਜਿਸ ਵਿੱਚ ਲੋਕਾਂ ਨੂੰ ਉਲਝਾਇਆ ਹੀ ਨਹੀਂ ਗਿਆ ਸਗੋਂ ਮੂਰਖ ਵੀ ਬਣਾਇਆ ਗਿਆ। ਉਹਨਾਂ ਵੱਲੋਂ ਲੋਕਾਂ ਨੂੰ ਦੇਸ਼ ਦਾ ਸਵਿੱਸ ਬੈਂਕਾਂ ਵਿੱਚ ਪਿਆ ਕਾਲਾ ਧਨ ਵਾਪਸ ਲਿਆਉਣ ਲਈ ਵਾਅਦਾ ਕੀਤਾ ਅਤੇ ਭਾਰਤ ਦੇ ਹਰ ਨਾਗਰਿਕ ਦੇ ਖਾਤੇ ਵਿੱਚ 15-15 ਲੱਖ ਰੁਪਏ ਆ ਜਾਣ ਦਾ ਦਾਅਵੇ ਨਾਲ ਵਾਅਦਾ ਵੀ ਕੀਤਾ। ਦੇਸ਼ ਵਿੱਚ ਹਰ ਸਾਲ ਕਰੋੜਾਂ ਨੌਕਰੀਆਂ ਦੇਣ, ਹਰ ਖੇਤਰ ਵਿੱਚ ਸਮਾਨਤਾ ਲਿਆਉਣ, ਔਰਤਾਂ ਨੂੰ ਬਣਦਾ ਸਨਮਾਨ ਦੇਣ, ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਉੱਪਰ ਚੁੱਕਣ ਅਤੇ ਹੋਰ ਕਈ ਤਰ੍ਹਾਂ ਦੇ ਵਾਅਦੇ ਕੀਤੇ। ਦੇਸ਼ ਦੀ ਭੋਲੀ ਜਨਤਾ ਨੇ ਇਨ੍ਹਾਂ ਵਾਅਦਿਆਂ ਵਿੱਚ ਫਸ ਕੇ ਉਹਨਾਂ ਨੇਤਾਵਾਂ ਦੇ ਹੱਥ ਦੇਸ਼ ਦੀ ਵਾਗਡੋਰ ਦੇ ਦਿੱਤੀ। ਤਖਤ ’ਤੇ ਬੈਠਣ ਮਗਰੋਂ ਕੀਤੇ ਵਾਅਦਿਆਂ ਤੋਂ ਮੁਨਕਰ ਹੁੰਦਿਆਂ ਉਸੇ ਪਾਰਟੀ ਦੇ ਇੱਕ ਵੱਡੇ ਨੇਤਾ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕੀ ਇਹ ਤਾਂ ਸਿਰਫ ਚੁਣਾਵੀ ਜੁਮਲੇ ਸਨ, ਜੋ ਸੱਤਾ ਹਾਸਲ ਕਰਨ ਲਈ ਹਰ ਸਿਆਸੀ ਪਾਰਟੀ ਵੱਲੋਂ ਵਰਤੇ ਜਾਂਦੇ ਹਨ। ਜਨਤਾ ਵਿਚਾਰੀ ਹੱਥ ਮਲਦੀ ਰਹਿ ਗਈ। ਫਿਰ ਜੋ ਪੂਰੇ ਭਾਰਤ ਵਿੱਚ ਲੋਕਤੰਤਰ ਦੇ ਨਾਮ ਹੇਠ ਤਾਨਸ਼ਾਹੀ ਨੂੰ ਬੜ੍ਹਾਵਾ ਦਿੱਤਾ ਗਿਆ ਤੇ ਅੱਜ ਵੀ ਦਿੱਤਾ ਜਾ ਰਿਹਾ ਹੈ, ਉਹ ਸਾਰੀ ਦੁਨੀਆ ਦੇਖ ਰਹੀ ਹੈ।

ਜੇਕਰ ਪੰਜਾਬ ਸੂਬੇ ਦੀ ਸਿਆਸਤ ਦੀ ਗੱਲ ਕਰੀਏ ਤਾਂ ਸੂਬੇ ਦੇ ਨੇਤਾਵਾਂ ਨੇ ਵੀ ਝੂਠ ਬੋਲਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਲੋਕਾਂ ਨਾਲ ਵਾਅਦੇ ਕਰਦਿਆਂ ਆਪੇ ਤੋਂ ਬਾਹਰ ਹੋਇਆ ਇੱਕ ਸਿਆਸੀ ਪਾਰਟੀ ਦਾ ਨੇਤਾ ਚੋਣ ਜਲਸੇ ਵਿੱਚ ਇਹ ਐਲਾਨ ਕਰਦਾ ਸੁਣਿਆ ਗਿਆ ਕਿ ਸਾਡੀ ਸਰਕਾਰ ਬਣਨ ’ਤੇ ਪਲੱਸ ਵੰਨ ਵਿੱਚ ਦਾਖਲਾ ਲੈਣ ਵਾਲੀਆਂ ਕੁੜੀਆਂ ਨੂੰ ਸਕੂਟਰੀਆਂ ਦਿੱਤੀਆਂ ਜਾਣਗੀਆਂ। ਸਾਡੀ ਪਾਰਟੀ ਦੇ ਨੇਤਾ ਕਿਸੇ ਵੀ ਘਰ ਮੁੰਡਾ ਜੰਮਣ ’ਤੇ ਮੁੰਡੇ ਦੇ ਮਾਮੇ ਬਣ ਕੇ ਤੜਾਗੀ ਬੰਨ੍ਹਣ ਜਾਇਆ ਕਰਨਗੇ, ਮੁੰਡੇ ਦੀ ਬਰਾਤ ਜਾਣ ਵੇਲੇ ਬਰਾਤ ਲਈ ਟਾਟਾ ਸੂਮੋਆਂ ਦਾ ਪ੍ਰਬੰਧ ਕਰਨਾ ਵੀ ਸਾਡੀ ਪਾਰਟੀ ਦੀ ਜ਼ਿੰਮੇਵਾਰੀ ਹੋਵੇਗੀ। ਇਸ ਤਰ੍ਹਾਂ ਦੀਆਂ ਕਈ ਹੋਰ ਬੇਤੁਕੀਆਂ ਗੱਲਾਂ ਕਹਿੰਦਿਆਂ ਜਨਤਾ ਨੇ ਅਕਸਰ ਨੇਤਾ ਸੁਣੇ ਹਨ ਜੋ ਕਦਾਚਿੱਤ ਸਹੀ ਨਹੀਂ ਮੰਨੀਆਂ ਜਾ ਸਕਦੀਆਂ।

ਇੱਕ ਪਾਰਟੀ ਦਾ ਸਿਰਮੌਰ ਲੀਡਰ, ਜੋ ਸੂਬੇ ਦਾ ਮੁੱਖ ਸੇਵਾਦਾਰ ਬਣਨ ਦਾ ਸੁਪਨਾ ਲੈ ਰਿਹਾ ਹੈ, ਸੋਸ਼ਲ ਮੀਡੀਆ ’ਤੇ ਅਕਸਰ ਸੁਣਿਆ, ਦੇਖਿਆ ਜਾ ਰਿਹਾ ਹੈ ਕਿ ਜਿਹੜੇ ਪਿੰਡਾਂ ਵਿੱਚ ਬਜ਼ੁਰਗ ਸੀਪ ਖੇਡਦੇ ਹਨ, ਮੈਂ ਉਹਨਾਂ ਬਜ਼ੁਰਗਾਂ ਦੇ ਸੀਪ ਖੇਡਣ ਦੇ ਮੁਕਾਬਲੇ ਕਰਵਾਵਾਂਗਾ ਅਤੇ ਫਸਟ ਆਈ ਟੀਮ ਨੂੰ 10 ਲੱਖ ਰੁਪਏ ਇਨਾਮ ਵਜੋਂ ਦੇਵਾਂਗਾ। ਜਿਹੜੇ ਲੜਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਬੂਤਰ ਉਡਾਉਂਦੇ ਹਨ, ਮੈਂ ਮੁੱਖ ਸੇਵਾਦਾਰ ਬਣਕੇ ਕਬੂਤਰਾਂ ਦੀਆਂ ਰੇਸਾਂ ਕਰਵਾਵਾਂਗਾ। ਜਦੋਂ ਕਿ ਕਬੂਤਰਾਂ ਦੀਆਂ ਰੇਸਾਂ ਨਹੀਂ, ਉਡਾਰੀਆਂ ਹੁੰਦੀਆਂ ਹਨ। ਉਹ ਲੀਡਰ ਕਦੇ ਦਿੱਲੀ ਤੋਂ ਟਰੱਕ ਭਰ ਕੇ ਨੋਟ ਲਿਆਉਣ ਦੀ ਗੱਲ ਵੀ ਕਰਦਾ ਹੈ ਅਤੇ ਜਨਤਾ ਨੂੰ ਇਹ ਵੀ ਕਹਿੰਦਾ ਹੈ ਕਿ ਜਿੰਨੇ ਦਿਲ ਕਰੇ ਉਨੇ ਟਰੱਕ ਤੋਂ ਰੁਪਇਆਂ ਦੇ ਨੋਟ ਲਾਹ ਲੈਣਾ। ਸੰਤੁਲਨ ਖੋ ਚੁੱਕਾ ਉਹ ਵੱਡਾ ਲੀਡਰ ਇਹ ਵੀ ਆਖਦਾ ਹੈ ਕਿ ਮੇਰੇ ਰਾਜ ਵਿੱਚ ਤੁਹਾਡੇ ਮੋਟਰਸਾਈਕਲਾਂ, ਗੱਡੀਆਂ ਦੇ ਕੋਈ ਥਾਣੇਦਾਰ ਕਾਗਜ਼ ਚੈੱਕ ਨਹੀਂ ਕਰੇਗਾ, ਕੋਈ ਬਿਜਲੀ ਵਾਲਾ ਕਰਮਚਾਰੀ ਤੁਹਾਡੇ ਘਰਾਂ ਵਿੱਚ ਕੁੰਡੀਆਂ ਚੈੱਕ ਕਰਨ ਨਹੀਂ ਜਾਵੇਗਾ, ਜਿੱਥੇ ਚਾਹੇ ਤੁਸੀਂ ਥਾਣੇਦਾਰ ਨੂੰ ਰੋਕ ਲਓ, ਉਹ ਬੋਲ ਨਹੀਂ ਸਕੇਗਾ। ਕੀ ਅਸੀਂ ਅਜਿਹਾ ਸਮਾਜ ਸਿਰਜਣਾ ਚਾਹੁੰਦੇ ਹਾਂ ਜਿੱਥੇ ਅਨੁਸ਼ਾਸਨ ਨਾਂ ਦੀ ਕੋਈ ਚੀਜ਼ ਹੀ ਨਾ ਹੋਵੇ? ਕੀ ਅਸੀਂ ਜੰਗਲ ਰਾਜ ਚਾਹੁੰਦੇ ਹਾਂ? ਇਹ ਵਿਚਾਰਨ ਵਾਲੀ ਗੱਲ ਹੈ ਜੋ ਸਾਡੇ ਭਵਿੱਖ ਨਾਲ ਜੁੜਦੀ ਹੈ।

ਰਾਜ ਕਰਦੀ ਪਾਰਟੀ ਦੇ ਲੀਡਰ ਇਹ ਕਹਿੰਦੇ ਸੁਣੇ ਗਏ ਹਨ ਕਿ ਅਸੀਂ ਔਰਤਾਂ ਦਾ ਬੱਸਾਂ ਵਿੱਚ ਕਰਾਇਆ ਮੁਆਫ ਕੀਤਾ, ਜੋ ਜਾਰੀ ਰੱਖਾਂਗੇ। ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਦੇ ਰਹੇ ਹਾਂ, ਜੋ ਅਸਲ ਵਿੱਚ ਅਜੇ ਸ਼ੁਰੂ ਨਹੀਂ ਹੋਏ। ਹਰ ਮਹੀਨੇ ਸਾਰੇ ਲੋਕਾਂ ਨੂੰ ਘਰਾਂ ਵਿੱਚ 300 ਯੂਨਿਟ ਬਿਜਲੀ ਦੇ ਫ੍ਰੀ ਦੇ ਰਹੇ ਹਾਂ। ਬਜ਼ੁਰਗ ਜਾਂ ਉਹ ਲੋਕ ਜੋ ਕਿਰਾਇਆ ਨਹੀਂ ਖਰਚ ਸਕਦੇ, ਉਨ੍ਹਾਂ ਨੂੰ ਸਰਕਾਰ ਦੇ ਖਰਚੇ ’ਤੇ ਤੀਰਥ ਅਸਥਾਨਾਂ ਦੀ ਯਾਤਰਾ ਫ੍ਰੀ ਕਰਵਾ ਰਹੇ ਹਾਂ, ਜੋ ਜਾਰੀ ਰੱਖਾਂਗੇ। ਇਸ ਤਰ੍ਹਾਂ ਦੀਆਂ ਲੋਕ ਲੁਭਾਊ ਸਕੀਮਾਂ ਸਿਆਸੀ ਲੋਕਾਂ ਨੇ ਸਿਰਫ ਅਤੇ ਸਿਰਫ ਸੱਤਾ ਦੀ ਕੁਰਸੀ ਹਥਿਆਉਣ ਲਈ ਬਣਾਈਆਂ ਹੋਈਆਂ ਹਨ ਜੋ ਸਾਡੇ ਲਈ ਆਉਣ ਵਾਲੇ ਸਮੇਂ ਲਈ ਬਹੁਤ ਘਾਤਕ ਸਿੱਧ ਹੋਣਗੀਆਂ।

ਸਿਆਸਤ ਨੂੰ ਸਮਝਣ ਵਾਲੇ ਚੰਦ ਲੋਕ ਹਨ, ਬਹੁਤੇ ਲੋਕ ਇਨ੍ਹਾਂ ਸਕੀਮਾਂ ਵਿੱਚ ਉਲਝ ਕੇ ਪਾਰਟੀਆਂ ਮਗਰ ਤੁਰ ਪੈਂਦੇ ਹਨ ਸੋਚਣ ਵਾਲੀ ਅਤੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਅਸੀਂ ਸਾਰਾ ਕੁਝ ਮੁਫਤ ਵਿੱਚ ਕਿਸ ਕੋਲੋਂ ਲੈ ਰਹੇ ਹਾਂ? ਕੀ ਇਹ ਸਹੂਲਤਾਂ ਸਾਨੂੰ ਹਾਕਮ ਆਪਣੇ ਘਰ ਤੋਂ ਦੇ ਰਹੇ ਹਨ? ਜੇ ਨਹੀਂ ਤਾਂ ਇਹ ਸਾਰੇ ਪੈਸੇ ਦਾ ਪ੍ਰਬੰਧ ਕਿੱਥੋਂ ਹੋ ਰਿਹਾ ਹੈ? ਇਹ ਗੱਲ ਅਸੀਂ ਕਦੇ ਸੋਚੀ ਹੀ ਨਹੀਂ। ਇਹੀ ਸਿਆਸਤ ਦਾ ਕਰੂਪ ਚਿਹਰਾ ਹੈ, ਜੋ ਸਾਡੇ ਤੋਂ ਲੁਕਾਇਆ ਜਾ ਰਿਹਾ ਹੈ। ਸੂਬਿਆਂ ਸਿਰ, ਦੇਸ਼ ਦੇ ਸਿਰ ਅਰਬਾਂ ਖਰਬਾਂ ਵਿੱਚ ਕਰਜ਼ਾ ਚੜ੍ਹ ਰਿਹਾ ਹੈ, ਜਿਸਦਾ ਹਰ ਮਹੀਨੇ ਬਿਆਜ ਹੀ ਕਰੋੜਾਂ ਵਿੱਚ ਜਾ ਰਿਹਾ ਹੈ। ਅਸੀਂ ਲੋਕ ਇਹ ਨਹੀਂ ਸੋਚਦੇ ਕਿ ਕਰਜ਼ਾ ਲੈ ਕੇ ਕੀਤੀ ਤਰੱਕੀ ਬਹੁਤੇ ਰੰਗ ਨਹੀਂ ਲਾਉਂਦੀ। ਆਉ ਆਪਾਂ ਆਪਣੇ ਘਰ ਦੀ ਹੀ ਉਦਾਰਣ ਲੈ ਕੇ ਵਿਚਾਰ ਕਰੀਏ। ਜੇਕਰ ਘਰ ਵਿੱਚ ਦਿਨ ਦੀ ਆਮਦਨ ਸੌ ਅਤੇ ਖਰਚ ਸਵਾ ਸੌ ਹੋਵੇ ਤਾਂ ਕੀ ਘਰ ਦਾ ਸਾਰਾ ਗੁਜ਼ਾਰਾ ਕਰਜ਼ਾ ਲੈ ਕੇ ਚਲਾਇਆ ਜਾ ਸਕਦਾ ਹੈ। ਇਹ ਖੇਡ ਕਿੰਨਾ ਚਿਰ ਚੱਲ ਸਕਦੀ ਹੈ? ਜਵਾਬ, ਬਹੁਤੀ ਦੇਰ ਨਹੀਂ, ਹੀ ਹੋਵੇਗਾ। ਫਿਰ ਇਸ ਹਿਸਾਬ ਨਾਲ ਸੂਬੇ ਜਾਂ ਦੇਸ਼ ਵੀ ਬਹੁਤੀ ਦੇਰ ਸਥਿਰਤਾ ਨਾਲ ਨਹੀਂ ਚੱਲ ਸਕਦੇ। ਦੇਸ਼ ਅਤੇ ਸੂਬਿਆਂ ਵਿੱਚ ਆਰਥਿਕਤਾ ਨੂੰ ਲੈ ਕੇ ਹਾਲਾਤ ਵਿਗੜ ਸਕਦੇ ਹਨ, ਜਿਸਦੀਆਂ ਕਸੂਰਵਾਰ ਮੁੱਖ ਰੂਪ ਵਿੱਚ ਇਹ ਰਾਜ ਕਰਦੀਆਂ ਸਿਆਸੀ ਪਾਰਟੀਆਂ ਹੋਣਗੀਆਂ।

ਸਾਡੇ ਨੇਤਾਵਾਂ ਨੂੰ ਝੂਠ, ਫਰੇਬ ਅਤੇ ਘਟੀਆ ਸਿਆਸਤ ਨੂੰ ਛੱਡ ਕੇ ਉਸਾਰੂ ਸਿਆਸਤ ਦੇ ਰਾਹ ਤੁਰਨਾ ਪਵੇਗਾ। ਲੋਕਾਂ ਨੂੰ ਮੁਫਤ ਦੀਆਂ ਸਹੂਲਤਾਂ ਵਿੱਚੋਂ ਬਾਹਰ ਕੱਢ ਕੇ ਕੰਮ ਕਰਨ ਦੀ ਆਦਤ ਪਾਉਣੀ ਪਵੇਗੀ। ਹਾਂ, ਜਿਹੜੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ, ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣਾ ਜੀਵਨ ਸਹੀ ਢੰਗ ਨਾਲ ਬਸਰ ਕਰ ਸਕਣ ਅਤੇ ਦੋ ਡੰਗ ਦੀ ਰੋਟੀ ਤੋਂ ਵਿਰਵੇ ਨਾ ਰਹਿਣ। ਜੇਕਰ ਸਿਆਸਤ ਦੀ ਨੀਂਹ ਝੂਠ, ਫਰੇਬ ਅਤੇ ਹੇਰਾਫੇਰੀ ਉੱਤੇ ਹੋਵੇਗੀ ਤਾਂ ਸੁਨਹਿਰੇ ਭਵਿੱਖ ਦੀ ਕਦੇ ਆਸ ਨਹੀਂ ਰੱਖੀ ਜਾ ਸਕਦੀ ਅਤੇ ਨਾ ਹੀ ਸਾਡਾ ਸੂਬਾ, ਸਾਡਾ ਦੇਸ਼ ਕਦੇ ਵੀ ਖੁਸ਼ਹਾਲ ਹੋ ਸਕਦਾ ਹੈ।

ਆਉ ਕਾਮਨਾ ਕਰੀਏ ਕਿ ਅਕਾਲ ਪੁਰਖ ਬੇਈਮਾਨੀ ਵਿੱਚ ਗਰਕ ਚੁੱਕੇ ਇਨ੍ਹਾਂ ਸਿਆਸੀ ਲੋਕਾਂ ਨੂੰ ਸੁਮੱਤ ਬਖਸ਼ੇ ਕਿ ਉਹ ਗੰਦੀ ਸਿਆਸਤ ਤੋਂ ਬਾਹਰ ਆ ਕੇ ਦੇਸ਼ ਨੂੰ ਸਹੀ ਲੀਹਾਂ ’ਤੇ ਲੈ ਕੇ ਤੁਰਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪਰਤਾਪ ‘ਪਾਰਸ’ ਗੁਰਦਾਸਪੁਰੀ

ਪਰਤਾਪ ‘ਪਾਰਸ’ ਗੁਰਦਾਸਪੁਰੀ

Gurdaspur, Punjab, India.
Phone: (91 - 99888 - 11681)
Email: (paraspartap1972@gmail.com)