“ਮਾਂ ਦਾ ਮਾਸੂਮ ਚਿਹਰਾ ਮੇਰੀਆਂ ਅੱਖਾਂ ਮੋਹਰੇ ਘੁੰਮ ਰਿਹਾ ਹੈ। ਗੋਦੀ ਵਿੱਚ ਸੋਨੂ ਦਾ ਪੁੱਤਰ ...”
(12 ਅਪਰੈਲ 2026)
ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲੇ ਦੀ ਬੇਵੱਸ ਮਾਂ ਦੀਆਂ ਹੰਝੂਆਂ ਭਰੀਆਂ ਅਪੀਲਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪੰਜਾਂ ਪੁੱਤਰਾਂ ਦੀ ਮਾਂ ਮਨਜੀਤ ਕੌਰ ਨੇ ਆਪਣੇ ਚਾਰ ਪੁੱਤ ਨਸ਼ਿਆਂ ਕਾਰਨ ਗੁਆ ਦਿੱਤੇ ਹਨ, ਪੰਜਵਾਂ ਪੁੱਤਰ 30 ਸਾਲਾ ਸੋਨੂ ਇਸ ਵੇਲੇ ਮੌਤ ਦੇ ਬਿਸਤਰ ’ਤੇ ਪਿਆ ਹੈ। ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਜਵਾਨ ਪੁੱਤਰ ਦੇ ਮੂੰਹ ਵੱਲ ਦੇਖਕੇ ਮਾਂ ਉਦਾਸ ਹੈ। ਇਸ ਪੀੜਿਤ ਮਾਂ ਦਾ ਦੋਸ਼ ਹੈ ਕਿ ਨਸ਼ਾ ਉਸਦੇ ਘਰ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ’ਤੇ ਅਸਾਨੀ ਨਾਲ ਮਿਲ ਰਿਹਾ ਹੈ। ਉਸਨੇ ਦੱਸਿਆ ਕਿ ਉਸਦੇ ਮੁਹੱਲੇ ਵਿੱਚ ਸ਼ਰੇਆਮ ਚਿੱਟਾ ਵੇਚਿਆ ਜਾ ਰਿਹਾ ਹੈ, ਜਦਕਿ ਇਸ ਇਲਾਕੇ ਦੀ ਸਾਂਝੀ ਕੰਧ ਸੁਲਤਾਨਪੁਰ ਲੋਧੀ ਥਾਣੇ ਨਾਲ ਲਗਦੀ ਹੈ। ਜਿਵੇਂ ਆਖਦੇ ਹਨ, ਦੀਵੇ ਥੱਲੇ ਹਨੇਰਾ, ਇੱਥੇ ਇਹ ਮੁਹਾਵਰਾ ਪੂਰਾ ਢੁਕਦਾ ਹੈ।
ਇਲਾਕੇ ਵਿੱਚ ਫੈਲੇ ਨਸ਼ੇ ਕਾਰਨ ਸਿਰਫ ਮਨਜੀਤ ਕੌਰ ਹੀ ਨਹੀਂ, ਸਗੋਂ ਹੋਰ ਔਰਤਾਂ ਵੀ ਆਪਣੇ ਪੁੱਤ ਗਵਾ ਚੁੱਕੀਆਂ ਹਨ। ਦੁਖੀ ਪਰਿਵਾਰਾਂ ਦਾ ਦਰਦ ਵੰਡਾਉਣ ਵਾਲਾ ਕੋਈ ਨਹੀਂ। ਪੱਤਰਕਾਰਾਂ ਨੂੰ ਵਿਥਿਆ ਸੁਣਾਉਂਦੀ ਹੋਈ ਮਨਜੀਤ ਕੌਰ ਆਪਣੀ ਦਰਦ ਕਹਾਣੀ ਨਾਲ ਮੁਹੱਲੇ ਦਾ ਦਰਦ ਵੀ ਬਿਆਨ ਕਰਦੀ ਹੈ। ਭਾਵੇਂ ਉਸਦਾ ਦਰਦ ਸਾਰੇ ਮੁਹੱਲੇ ਦੇ ਦਰਦ ਨਾਲੋਂ ਬਹੁਤ ਵੱਡਾਹੈ ਪਰ ਉਸ ਨੂੰ ਜਾਪਦਾ ਕਿ ਉਸਦੇ ਦਰਦ ਦੀਆਂ ਜੜ੍ਹਾਂ ਮੁਹੱਲੇ ਵਿੱਚ ਵਿਕਦੇ ਨਸ਼ੇ ਵਿੱਚ ਪਈਆਂ ਹਨ। ਨਸ਼ੇ ਦੀ ਸੰਗਤ ਵਿੱਚ ਪਏ ਮੁੰਡੇ ਨਵੇਂ ਨੌਜਵਾਨਾਂ ਨੂੰ ਬੜੇ ਆਰਾਮ ਨਾਲ ਆਪਣੇ ਵੱਲ ਖਿੱਚ ਰਹੇ ਹਨ। ਇੱਕ ਦੀ ਦੇਖਾ-ਦੇਖੀ ਦੂਜਾ, ਦੂਜੇ ਦੀ ਦੇਖਾ-ਦੇਖੀ ਤੀਜਾ ਜੁੜਦਾ ਜਾ ਰਿਹਾ ਹੈ।
ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਕਈ ਨੂੰਹਾਂ ਪਿੰਡ ਛੱਡ ਕੇ ਚਲੀਆਂ ਗਈਆਂ ਹਨ। ਬਜ਼ੁਰਗ ਔਰਤਾਂ ਹੁਣ ਆਪਣੇ ਪੋਤੇ-ਪੋਤੀਆਂ ਨੂੰ ਸੰਭਾਲਣ ਲਈ ਮਜਬੂਰ ਹਨ। ਕਈ ਪਰਿਵਾਰਾਂ ਨੇ ਆਪਣੇ ਪੁੱਤਾਂ ਨੂੰ ਨਸ਼ਾ ਛਡਾਉ ਕੇਂਦਰਾਂ ਵਿੱਚ ਵੀ ਭੇਜਿਆ, ਪਰ ਘਰ ਪਰਤਣ ’ਤੇ ਉਹ ਮੁੜ ਨਸ਼ੇ ਦੀ ਦਲਦਲ ਵਿੱਚ ਫਸ ਗਏ। ਇਸ ਤਰ੍ਹਾਂ ਉਹ ਦੋ ਤਰਫੋਂ ਲੁੱਟੇ ਗਏ। ਇੱਕ ਤਾਂ ਨਸ਼ਾ ਛਡਾਊ ਕੇਂਦਰਾਂ ਵਿੱਚ ਵੱਡਾ ਵਿੱਤੀ ਬੋਝ ਉਹਨਾਂ ਉੱਪਰ ਪਿਆ ਤੇ ਦੂਸਰਾ ਉਹਨਾਂ ਦੇ ਪੁੱਤਰ ਨਸ਼ੇ ਦੇ ਵੱਖ ਵੱਖ ਖੇਤਰਾਂ ਦੇ ਮਾਹਰ ਵਿਅਕਤੀਆਂ ਦੇ ਗਿਆਤਾ ਬਣ ਕੇ ਨਸ਼ਾ ਛਡਾਊ ਕੇਂਦਰ ਵਿੱਚੋਂ ਪਰਤੇ। ਨਸ਼ਾ ਛਡਾਊ ਕੇਂਦਰ ਨੇ ਉਹਨਾਂ ਦੇ ਪੁੱਤਰਾਂ ਨੂੰ ਬਚਾਇਆ ਨਹੀਂ ਸਗੋਂ ਇਸ ਦਲਦਲ ਵਿੱਚ ਹੋਰ ਧਸਦੇ ਜਾਂਦੇ ਪਰਿਵਾਰਾਂ ਦਾ ਆਰਥਿਕ ਤੌਰ ’ਤੇ ਲੱਕ ਤੋੜਿਆ ਅਤੇ ਨਸ਼ੇ ਦੇ ਸਦਾਗਰਾਂ ਤਕ ਉਹਨਾਂ ਦੀ ਪਹੁੰਚ ਸਹਿਜ ਕਰਵਾਈ। ਨਸ਼ਾ ਛਡਾਊ ਕੇਂਦਰਾਂ ਵਿੱਚ ਇੱਕ ਨਸ਼ੇੜੀ ਦੂਸਰੇ ਨਸ਼ੇੜੀ ਨੂੰ ਆਪਣੇ ਇਲਾਕੇ ਦੇ ਭੇਦ ਦੱਸਦਾ ਹੈ। ਉਹ ਨਸ਼ੇੜੀ ਇੱਕ ਦੂਸਰੇ ਦੇ ਇਲਾਕੇ ਤੋਂ ਜਾਣੂ ਹੋ ਜਾਂਦੇ ਹਨ। ਇੱਕ ਗੱਲ ਹੋਰ, ਇਨ੍ਹਾਂ ਨਸ਼ਾ ਛਡਾਊ ਕੇਂਦਰਾਂ ਵਿੱਚ ਕਿਤੇ ਵੀ ਡਾਕਟਰ ਨਾ ਹੋਣ ਕਰਕੇ ਨਸ਼ੇੜੀਆਂ ਨੂੰ ਨਸ਼ਾ ਛਡਾਉਣ ਦੀਆਂ ਮਿਲਦੀਆਂ ਗੋਲੀਆਂ ਵੀ ਆਪਣੇ ਆਪ ਵਿੱਚ ਨਸ਼ੇ ਦਾ ਕਾਰਜ ਕਰਦੀਆਂ ਹਨ। ਨਸ਼ਾ ਛਡਾਓ ਕੇਂਦਰ ਨਸ਼ੇੜੀਆਂ ਨੂੰ ਇੱਕ ਤਰੀਕੇ ਨਾਲ ਜਥੇਬੰਦ ਕਰਨ ਦਾ ਕੰਮ ਕਰ ਰਹੇ ਹਨ।
ਆਪਣੇ 30 ਸਾਲਾ ਪੁੱਤਰ ਸੋਨੂ ਦੇ ਮੰਜੇ ਦੀ ਬਾਹੀ ’ਤੇ ਬੈਠੀ ਮਾਂ ਮਨਜੀਤ ਕੌਰ ਨੇ ਰੋਂਦਿਆਂ ਕਿਹਾ, “ਮੈਂ ਪੰਜ ਪੁੱਤਰਾਂ ਦੀ ਮਾਂ ਸਾਂ। ਉਨ੍ਹਾਂ ਵਿੱਚੋਂ ਚਾਰ ਮੈਂ ਚਿੱਟੇ ਕਾਰਨ ਗੁਆ ਦਿੱਤੇ ਹਨ, ਪੰਜਵਾਂ ਪਤਾ ਨਹੀਂ ਕਦੋਂ ਤਕ ਜਿਊਂਦਾ ਰਹੇਗਾ। ਅਸੀਂ ਤਿੰਨ ਦਿਨਾਂ ਤੋਂ ਰੋਟੀ ਨਹੀਂ ਖਾਧੀ, ਇਸਦਾ ਇਲਾਜ ਕਿੱਥੋਂ ਕਰਵਾਈਏ? ਉਸਦੀ ਹਾਲਤ ਦੇਖੋ ...”
ਜਦੋਂ ਮੈਂ ਦੁੱਖਾਂ ਦੇ ਪਹਾੜ ਚੁੱਕੀ ਬੈਠੀ ਮਾਂ ਨਾਲ ਗੱਲਾਂ ਕਰ ਰਿਹਾ ਸੀ ਤਾਂ ਸੋਨੂ ਬਿਸਤਰੇ ’ਤੇ ਪਿਆ ਸੀ। ਉਸਦਾ ਸਰੀਰ ਹੱਡੀਆਂ ਦੀ ਮੁੱਠ ਬਣ ਗਿਆ ਹੈ। ਉਹ ਚੁੱਪ ਚਾਪ ਸਾਡੀਆਂ ਗੱਲਾਂ ਸੁਣ ਰਿਹਾ ਸੀ। ਉਸਦੀ ਅੱਖੀਆਂ ਦੀ ਚਮਕ ਮੱਧਮ ਪੈ ਗਈ ਹੈ।
ਜੋਗਿੰਦਰ ਪਾਲ ਸਿੰਘ ਅਤੇ ਮਨਜੀਤ ਕੌਰ, ਦੋਵੇਂ ਆਪਣੀ ਉਮਰ ਦੇ ਸੱਠਵਿਆਂ ਦੇ ਦਹਾਕੇ ਵਿੱਚ ਹਨ। ਉਹ ਪਹਿਲਾਂ ਹੀ ਚਾਰ ਪੁੱਤਰ ਨਸ਼ੇ ਦੀ ਲਤ ਕਾਰਨ ਗੁਆ ਚੁੱਕੇ ਹਨ। ਹੁਣ ਉਨ੍ਹਾਂ ਨੂੰ ਡਰ ਹੈ ਕਿ ਉਹਨਾਂ ਦਾ ਆਪਣਾ ਪੰਜਵਾਂ ਵੀ ਹੱਥਾਂ ਵਿੱਚੋਂ ਰੇਤ ਵਾਂਗ ਕਿਰ ਜਾਵੇਗ। ਉਹਨਾਂ ਦਾ ਸਾਰਾ ਜ਼ੋਰ ਆਪਣੇ ਪੁੱਤਰ ਨੂੰ ਬਚਾਉਣ ਲਈ ਲੱਗਾ ਹੋਇਆ ਹੈ।
ਅਪਰੈਲ ਮਹੀਨੇ ਦੇ ਪਹਿਲੇ ਐਤਵਾਰ ਉਮਰ ਤੋਂ ਪਹਿਲਾਂ ਬਿਰਧ ਹੋ ਗਏ ਪਰੇਸ਼ਾਨ ਜੋੜੇ ਨੇ, ਇਲਾਕੇ ਦੇ ਵਸਨੀਕਾਂ ਦੇ ਨਾਲ ਮਿਲਕੇ ਇੱਕ ਵਿਰੋਧ ਪ੍ਰਦਰਸ਼ਨ ਨਸ਼ਿਆਂ ਦੇ ਖਿਲਾਫ ਕੀਤਾ ਜਿਸ ਵਿੱਚ ਮੰਗ ਕੀਤੀ ਕਿ ਰਾਜ ਸਰਕਾਰ ਸੋਨੂੰ ਨੂੰ ਬਚਾਉਣ ਅਤੇ ਇਲਾਕੇ ਨੂੰ ਨਸ਼ੇ ਦੇ ਖਤਰੇ ਤੋਂ ਮੁਕਤ ਕਰਨ ਲਈ ਦਖਲ ਦੇਵੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਨਾਮ ਦੀ ਇੱਕ ਲੜਾਈ ਸ਼ੁਰੂ ਕੀਤੀ ਹੋਈ ਹੈ ਪਰ ਪੰਜਾਬ ਸਰਕਾਰ ਨੂੰ ਸ਼ਾਇਦ ਇਹ ਪਿੰਡ, ਇਹ ਮੁਹੱਲਾ, ਇਹ ਬਸਤੀ ਅਤੇ ਇਹ ਘਰ ਕਦੀ ਨਹੀਂ ਦਿਸਿਆ, ਜਿਸਦੇ ਚਾਰ ਪੁੱਤ ਨਸ਼ੇ ਦੇ ਦੈਂਤ ਨੇ ਖਾ ਲਏ ਹਨ ਤੇ ਪੰਜਵੇਂ ਦੀ ਤਿਆਰੀ ਹੈ।
ਮਨਜੀਤ ਕੌਰ ਅਤੇ ਮੁਹੱਲੇ ਦੀਆਂ ਹੋਰ ਔਰਤਾਂ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਨਸ਼ੇ ਖੁੱਲ੍ਹੇਆਮ ਉਪਲਬਧ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਹੀ ਉਨ੍ਹਾਂ ਦੇ ਆਪਣੇ ਮੁਹੱਲੇ ਵਿੱਚ ਲਗਭਗ 20 ਨੌਜਵਾਨਾਂ ਦੀ ਮੌਤ ਨਸ਼ੇ ਕਰਕੇ ਹੋ ਗਈ ਹੈ। ਨਾਲ ਖੜ੍ਹੀ ਇੱਕ ਹੋਰ ਔਰਤ ਨੇ ਗੱਲ ਨੂੰ ਵਿਸਥਾਰ ਦਿੰਦਿਆਂ ਕਿਹਾ, “ਸਾਡੇ ਮੁਹੱਲੇ ਵਿੱਚ ਪਿਛਲੇ ਚਾਰ ਤੋਂ ਪੰਜ ਮਹੀਨਿਆਂ ਵਿੱਚ ਹੀ ਤਿੰਨ ਨੌਜਵਾਨਾਂ ਦੀ ਮੌਤ ਨਸ਼ੇ ਕਰਕੇ ਹੋ ਗਈ ਹੈ।”
ਮਨਜੀਤ ਕੌਰ ਦਾ ਦਿਲ ਕਰਦਾ ਹੈ ਕਿ ਮੈਂ ਬਾਕੀਆਂ ਵੱਲੋਂ ਧਿਆਨ ਹਟਾ ਕੇ ਕੇਵਲ ਉਸਦੀ ਗੱਲ ਸੁਣਦਾ ਜਾਵਾਂ। ਉਹ ਆਖਦੀ ਹੈ, “ਮੇਰੇ ਮਰਨ ਵਾਲੇ ਦੋ ਪੁੱਤਰ ਵਿਆਹੇ ਹੋਏ ਸਨ ਅਤੇ ਦੋ ਅਣਵਿਆਹੇ ਸਨ। ਹੁਣ ਸਾਨੂੰ ਡਰ ਹੈ ਕਿ ਸਾਡਾ ਪੰਜਵਾਂ ਪੁੱਤਰ ਵੀ ਇਹੀ ਹਾਲ ਕਰੇਗਾ ...।” ਮਨਜੀਤ ਨੇ ਦੱਸਿਆ ਕਿ ਸੋਨੂੰ ਨੂੰ ਹਾਲ ਹੀ ਵਿੱਚ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਡਾਕਟਰਾਂ ਵੱਲੋਂ ਉਸਦੀਆਂ ਨਾੜੀਆਂ ਨਾ ਲੱਭਣ ਅਤੇ ਸਿਰਫ ਮੂੰਹ ਰਾਹੀਂ ਦਵਾਈ ਦੇਣ ਤੋਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ। “ਸਰਕਾਰ ਨੂੰ ਮੇਰੇ ਪੁੱਤਰ ਨੂੰ ਬਚਾਉਣ ਲਈ ਦਖਲ ਦੇਣਾ ਚਾਹੀਦਾ ਹੈ,” ਉਸਨੇ ਹੱਥ ਜੋੜਕੇ ਬੇਨਤੀ ਕੀਤੀ।
ਮੈਂ ਸਮਝ ਗਿਆ ਕਿ ਡਾਕਟਰਾਂ ਨੂੰ ਇਸਦੀਆਂ ਨਾੜੀਆਂ ਕਿਉਂ ਨਹੀਂ ਲੱਭੀਆਂ। ਕਿਉਂਕਿ ਸੋਨੂ ਨੂੰ ਟੀਕੇ ਲਾਉਣ ਦੀ ਆਦਤ ਹੈ, ਇਸ ਕਰਕੇ ਉਸਨੇ ਹਰ ਇੱਕ ਨਾੜੀ ਨੂੰ ਬਾਰ ਬਾਰ ਪੰਚਰ ਕੀਤਾ ਹੈ, ਜਿਸ ਨਾਲ ਨਾੜੀਆਂ ਅਸਾਨੀ ਨਾਲ ਨਹੀਂ ਲੱਭਦੀਆਂ। ਇਸ ਲਈ ਉਸ ਨੂੰ ਮੌਤ ਦੇ ਮੂੰਹੋਂ ਜਾਣੋ ਬਚਾਇਆ ਨਹੀਂ ਜਾ ਸਕਦਾ। ਡਾਕਟਰਾਂ ਨੇ ਇੱਕ ਤਰ੍ਹਾਂ ਦਾ ਜਵਾਬ ਦੇ ਦਿੱਤਾ ਹੈ, ਜੋ ਮਨਜੀਤ ਕੌਰ ਆਪਣੇ ਮੂੰਹੋਂ ਨਹੀਂ ਆਖਦੀ।
ਮਨਜੀਤ ਕੌਰ ਨੇ ਅੱਗੇ ਕਿਹਾ ਕਿ ਉਸਦੇ ਸਭ ਤੋਂ ਛੋਟੇ ਪੁੱਤਰ ਦੀ ਲਗਭਗ ਦੋ ਸਾਲ ਪਹਿਲਾਂ ਨਸ਼ੇ ਕਰਕੇ ਮੌਤ ਹੋ ਗਈ ਸੀ। ਉਹ ਆਪਣੇ ਪੁੱਤਰਾਂ ਦੀਆਂ ਫੋਟੋਆਂ ਵੱਲ ਇਸ਼ਾਰਾ ਕਰਦੀ ਹੋਈ ਹਾਉਕੇ ਭਰਦੀ ਹੈ। ਸੋਨੂੰ, ਜੋ ਆਪਣੀ ਜ਼ਿੰਦਗੀ ਮੌਤ ਦੀ ਆਖਰੀ ਲੜਾਈ ਲੜ ਰਿਹਾ ਹੈ, ਵਿਆਹਿਆ ਹੋਇਆ ਹੈ। ਉਸਦੇ ਦੋ ਬੱਚੇ ਹਨ; ਢਾਈ ਸਾਲ ਦਾ ਪੁੱਤਰ ਅਤੇ ਛੇ ਮਹੀਨੇ ਦੀ ਧੀ। ਇਨ੍ਹਾਂ ਮਸੂਮ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਪਰਿਵਾਰ ਦੀ ਹੋਣੀ ਉਹਨਾਂ ਨੂੰ ਕਿਸ ਪਾਸੇ ਵੱਲ ਧੱਕੀ ਲੈ ਜਾ ਰਹੀ ਹੈ।
ਚੁੱਪ ਚਾਪ ਤੇ ਉਦਾਸ ਬੈਠਾ ਬਾਪ ਦੱਸਦਾ ਹੈ ਕਿ ਸੋਨੂੰ ਨੂੰ ਪਹਿਲਾਂ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਘਰ ਵਾਪਸ ਆਉਣ ਦੇ ਕੁਝ ਦਿਨਾਂ ਦੇ ਅੰਦਰ ਹੀ ਉਹ ਦੁਬਾਰਾ ਨਸ਼ੇ ਕਰਨ ਲੱਗ ਪਿਆ। ਕੁਝ ਨਵੇਂ ਨਸ਼ੇ ਕਰਨੇ ਵੀ ਸਿੱਖ ਕੇ ਆਇਆ ਹੈ।
ਬਹੁਤ ਸਾਰੀਆਂ ਔਰਤਾਂ ਨੇ ਆਪਣੇ ਦੁੱਖ ਰੋਏ ਕਿ ਕਿਵੇਂ ਨਸ਼ਿਆਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੋੜ ਦਿੱਤਾ ਹੈ। ਕੁਝ ਨੇ ਕਿਹਾ ਕਿ ਨਸ਼ੇੜੀ ਅਕਸਰ ਆਪਣੀ ਆਦਤ ਨੂੰ ਕਾਇਮ ਰੱਖਣ ਲਈ ਚੋਰੀ ਦਾ ਸਹਾਰਾ ਲੈਂਦੇ ਹਨ ਜਾਂ ਘਰੇਲੂ ਸਮਾਨ ਵੇਚਦੇ ਹਨ। ਇੱਕ ਔਰਤ ਨੇ ਇੱਥੋਂ ਤਕ ਕਿਹਾ ਕਿ ਉਸਦੀ ਨੂੰਹ ਉਸਦੇ ਪੁੱਤਰ ਦੇ ਨਸ਼ੇ ਨਾ ਛੱਡਣ ਕਰਕੇ ਪੇਕੀਂ ਚਲੀ ਗਈ ਹੈ। ਕੋਲ ਖੜ੍ਹੀ ਦੂਜੀ ਨੇ ਕਿਹਾ ਕਿ ਉਸਦਾ ਇਕਲੌਤਾ ਪੁੱਤਰ, ਜਿਸਦਾ ਛੋਟੀ ਉਮਰ ਵਿੱਚ ਵਿਆਹ ਹੋਇਆ ਸੀ, ਹੁਣ ਨਸ਼ਿਆਂ ਦਾ ਆਦੀ ਹੋ ਗਿਆ ਹੈ।
ਮੁਹੱਲਾ ਨਿਵਾਸੀਆਂ ਨੇ ਇਹ ਵੀ ਦੋਸ਼ ਲਾਇਆ ਕਿ ਨਸ਼ਾ ਤਸਕਰ ਇਲਾਕੇ ਵਿੱਚ ਖੁੱਲ੍ਹੇਆਮ ਕੰਮ ਕਰਦੇ ਹਨ। ਉਹਨਾਂ ਨੂੰ ਕਿਸੇ ਸਰਕਾਰ ਦਾ ਕੋਈ ਡਰ ਭੈ ਨਹੀਂ। ਆਪਣੇ ਮੂੰਹ ਢਕ ਕੇ ਮੋਟਰਸਾਈਕਲਾਂ ’ਤੇ ਘੁੰਮਦੇ ਹਨ ਅਤੇ ਬਿਨਾਂ ਡਰ ਭੈਅ ਤੋਂ ਨਸ਼ੇ ਸਪਲਾਈ ਕਰਦੇ ਹਨ।
ਪੰਡੋਰੀ ਮੁਹੱਲੇ ਦੇ ਬਹੁਤ ਸਾਰੇ ਪ੍ਰਭਾਵਿਤ ਪਰਿਵਾਰ ਆਰਥਿਕ ਤੌਰ ’ਤੇ ਕਮਜ਼ੋਰ ਪਿਛੋਕੜ ਵਾਲੇ ਹਨ। ਉਹ ਕਹਿੰਦੇ ਹਨ, “ਅਸੀਂ ਗਰੀਬ ਹਾਂ। ਸਾਡੇ ਕੋਲ ਜੋ ਕੁਝ ਵੀ ਸੀ ਉਹ ਸਾਡੇ ਪੁੱਤਰਾਂ ਦੀ ਲਤ ਨੇ ਖਤਮ ਕਰ ਦਿੱਤਾ ਹੈ।”
ਉਨ੍ਹਾਂ ਦਾ ਦੋਸ਼ ਹੈ ਕਿ ‘ਚਿੱਟਾ’ ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲਾ ਵਿੱਚ ਹਰ ਘਰ ਤੋਂ 10 ਮਿੰਟ ਦੀ ਪੈਦਲ ਯਾਤਰਾ ਦੇ ਅੰਦਰ ਅੰਦਰ ਅਸਾਨੀ ਨਾਲ ਉਪਲਬਧ ਹੋ ਜਾਂਦਾ ਹੈ। ਮੁਹੱਲੇ ਦੇ ਨਾਲ ਹੀ ਪੁਲਿਸ ਥਾਣਾ ਹੈ। ਪਰ ਇਨ੍ਹਾਂ ਨੂੰ ਡੱਕਣ ਵਾਲਾ ਕੋਈ ਨਹੀਂ।
ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਉਹ ਇਸ ਮੁੱਦੇ ਤੋਂ ਜਾਣੂ ਹਨ। ਐਨਡੀਪੀਐੱਸ ਐਕਟ ਦੇ ਤਹਿਤ ਕਈ ਮਾਮਲੇ ਦਰਜ ਕੀਤੇ ਹਨ। ਉਹ ਸੋਨੂੰ ਦੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਵਚਨਬੱਧ ਹਨ।
ਇੱਕ ਵਿਅਕਤੀ ਨੇ ਆਪਣਾ ਨਾਂ ਜਨਤਕ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਸੋਨੂੰ ਨੂੰ ਲਿਵਰ ਦੀ ਗੰਭੀਰ ਇਨਫੈਕਸ਼ਨ ਹੈ। ਇਹ ਨਸ਼ੇ ਦੀ ਅਤੇ ਗੰਦੀ ਸ਼ਰਾਬ ਦੀ ਦੁਰਵਰਤੋਂ ਕਰਨ ਕਾਰਨ ਹੀ ਹੈ। ਸੋਨੂ ਪਿਛਲੇ 10 ਦਿਨਾਂ ਤੋਂ ਬਿਸਤਰੇ ’ਤੇ ਭੁੱਖਾ ਪਿਆਸਾ ਪਿਆ ਹੈ। ਉਹ ਆਪਣੀ ਆਪ ਸਹੇੜੀ ਬਿਮਾਰੀ ਕਰਕੇ ਖਾਣ ਜਾਂ ਬੋਲਣ ਤੋਂ ਅਸਮਰੱਥ ਹੋ ਗਿਆ ਹੈ।
ਜਾਪਦਾ ਇਹ ਹੈ ਕਿ ਸੋਨੂ ਮੰਝੇ ’ਤੇ ਪਿਆ ਵੀ ਨਸ਼ੇ ਲਈ ਤੜਫਦਾ ਹੈ। ਇਸੇ ਬੇਚੈਨੀ ਨਾਲ ਰੋਂਦੇ ਹੋਏ ਮਨਜੀਤ ਨੇ ਕਿਹਾ, “ਜਦੋਂ ਮੇਰਾ ਪੁੱਤਰ ਨਸ਼ਿਆਂ ਲਈ ਰੋਂਦਾ ਹੈ ਤਾਂ ਇਹ ਦੇਖਿਆ ਨਹੀਂ ਜਾਂਦਾ। ਨਸ਼ੇ ਅਸਲੀ ਮੌਤ ਹਨ। ਇਹ ਬਾਰ ਬਾਰ ਨਸ਼ਿਆਂ ਦੀ ਮੰਗ ਕਰਦਾ ਹੈ।” ਮਾਂ ਆਖਦੀ ਹੈ, “ਅਸੀਂ ਪੁਲਿਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਸਾਡੇ ਇਲਾਕੇ ਨੂੰ ਬਚਾਇਆ ਜਾਵੇ। ਸਾਡੇ ਘਰਾਂ ਅਤੇ ਇਲਾਕੇ ਦੀ ਤਲਾਸ਼ੀ ਲਓ, ਪਰ ਇੱਥੋਂ ਨਸ਼ਿਆਂ ਨੂੰ ਜੜ੍ਹੋਂ ਪੁੱਟ ਦਿਓ।”
ਇੱਕ ਗੁਆਂਢੀ ਨੇ ਕਿਹਾ, “ਸਾਡੇ ਪੁੱਤਰ ‘ਚਿੱਟੇ’ ਦੇ ਆਦੀ ਹਨ। ਨਸ਼ੇ ਇੱਕ ਮਜਬੂਰੀ ਬਣ ਗਏ ਹਨ। ਸਾਨੂੰ ਨਹੀਂ ਪਤਾ ਕਿ ਉਹ ਇਹ ਕਿੱਥੋਂ ਪ੍ਰਾਪਤ ਕਰਦੇ ਹਨ, ਪਰ ਇਹ ਅਸਾਨੀ ਨਾਲ ਉਪਲਬਧ ਹਨ। ਉਹ ਇਸਦੇ ਲਈ ਆਪਣੀਆਂ ਮਾਵਾਂ ਦਾ ਸਮਾਨ ਵੀ ਵੇਚ ਦਿੰਦੇ ਹਨ। ਸਾਡੇ ਪੁੱਤਰਾਂ ਨੇ ਨਸ਼ਿਆਂ ਦੀ ਖਾਤਰ ਛੋਟੀਆਂ ਮੋਟੀਆਂ ਚੋਰੀਆਂ ਦੀ ਆਦਤ ਬਣਾ ਲਈ। ਕਦੇ ਦਾਤਰੀ ਚੋਰੀ ਕਰ ਲਈ ਤੇ ਕਦੇ ਗੈਸ ਸਿਲੰਡਰ ਚੋਰੀ ਕਰ ਲਿਆ। ਸਮਾਜਿਕ ਤੌਰ ’ਤੇ ਇੰਨੇ ਲੀਹੋਂ ਲੱਥ ਗਏ ਹਨ ਕਿ ਕੋਈ ਮੂੰਹ ਨਹੀਂ ਲਾਉਂਦਾ।”
ਜ਼ਿੰਦਗੀ ਮੌਤ ਦੀ ਲੜਾਈ ਲੜਦੇ ਸੋਨੂ ਦੀ 25 ਕੁ ਸਾਲਾ ਪਤਨੀ ਨੇ ਕਿਹਾ, “ਡਾਕਟਰਾਂ ਨੇ ਕਿਹਾ ਹੈ ਕਿ ਮੇਰੇ ਪਤੀ ਦੀ ਬਿਮਾਰੀ ਹੁਣ ਲਾਇਲਾਜ ਹੈ। ਸਾਡਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ। ਉਸਦੇ ਤਿੰਨ ਵੱਡੇ ਭਰਾ ਪਹਿਲਾਂ ਹੀ ਮਰ ਚੁੱਕੇ ਸਨ। ਛੋਟੇ ਭਰਾ ਦੀ ਮੌਤ ਸਾਡੇ ਵਿਆਹ ਤੋਂ ਕੁਝ ਮਹੀਨੇ ਬਾਅਦ ਹੋ ਗਈ ਸੀ। ਅਸੀਂ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਮੇਰੇ ਪਤੀ ਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਉਸਦੀ ਜਾਨ ਬਚਾਈ ਜਾ ਸਕੇ। ਅਸੀਂ ਆਪਣੀ ਸੱਸ ਦੀ ਕਮਾਈ ’ਤੇ ਗੁਜ਼ਾਰਾ ਕਰਦੇ ਹਾਂ, ਜੋ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਮੈਂ ਵੀ ਪੇਕਿਆਂ ਨੂੰ ਵਾਪਸ ਜਾ ਸਕਦੀ ਸੀ, ਪਰ ਮੈਂ ਆਪਣੇ ਬੇਸਹਾਰਾ ਸਹੁਰਿਆਂ ਨੂੰ ਇਸ ਹਾਲਤ ਨਹੀਂ ਛੱਡ ਸਕਦੀ। ਜੇ ਸਰਕਾਰ ਮੇਰੀ ਮਦਦ ਕਰੇ ਤਾਂ ਮੈਂ ਆਪਣੇ ਬੱਚੇ ਪਾਲ ਸਕਦੀ ਹਾਂ।”
ਕਪੂਰਥਲਾ ਦੇ ਡੀ ਐੱਸ ਪੀ (ਅਪਰਾਧ) ਹਰਗੁਰਦੇਵ ਸਿੰਘ ਨੇ ਕਿਹਾ, “ਇਹ ਮਾਮਲਾ ਸਾਡੇ ਨੋਟਿਸ ਵਿੱਚ ਹੈ। ਪੁਲੀਸ ਸਥਾਨਕ ਲੋਕਾਂ ਦੀ ਮਦਦ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ। ਨਸ਼ਿਆਂ ਖ਼ਿਲਾਫ ਸਾਡੀ ਮੁਹਿੰਮ ਲਗਾਤਾਰ ਜਾਰੀ ਹੈ।”
ਉੱਧਰ ਸੁਲਤਾਨਪੁਰ ਲੋਧੀ ਦੇ ਐੱਸ ਐੱਚ ਓ ਹਰਿੰਦਰ ਸਿੰਘ ਨੇ ਕਿਹਾ, “ਅਸੀਂ ਉਸ ਇਲਾਕੇ ਦਾ ਦੌਰਾ ਕੀਤਾ ਹੈ ਅਤੇ ਕਈ ਨੌਜਵਾਨਾਂ ਨੂੰ ਨਸ਼ਾ ਛਡਾਊ ਇਲਾਜ ਲਈ ਦਾਖ਼ਲ ਕਰਵਾਇਆ ਹੈ। ਕੁਝ ਵਿਅਕਤੀਆਂ ਖ਼ਿਲਾਫ ਕੇਸ ਵੀ ਦਰਜ ਕੀਤੇ ਗਏ ਹਨ। ਹਾਲ ਦੇ ਸਮੇਂ ਪਿੰਡ ਦੇ ਮੁਲਜ਼ਮਾਂ ਖ਼ਿਲਾਫ ਐੱਨ ਡੀ ਪੀ ਐੱਸ ਐਕਟ ਤਹਿਤ ਘੱਟੋ-ਘੱਟ 10-12 ਕੇਸ ਦਰਜ ਹਨ। ਮਨਜੀਤ ਕੌਰ ਦੇ ਬਿਮਾਰ ਪੁੱਤਰ ਨੂੰ ਵੀ ਭਲਕੇ ਹਸਪਤਾਲ ਦਾਖਲ ਕਰਵਾਇਆ ਜਾਵੇਗਾ।”
ਕੱਲ੍ਹ ਅਖਬਾਰ ਵਿੱਚ ਇੱਕ ਖਬਰ ਪੜ੍ਹੀ ਹੈ: ਮਨਜੀਤ ਕੌਰ ਦਾ ਪੰਜਵਾਂ ਪੁੱਤਰ ਵੀ ਨਸ਼ਿਆਂ ਦੀ ਭੇਟ ਚੜ੍ਹ ਗਿਆ ਹੈ। ਇਹ ਖਬਰ ਉਦਾਸ ਕਰਨ ਵਾਲੀ ਹੈ। ਮਾਂ ਦਾ ਮਾਸੂਮ ਚਿਹਰਾ ਮੇਰੀਆਂ ਅੱਖਾਂ ਮੋਹਰੇ ਘੁੰਮ ਰਿਹਾ ਹੈ। ਗੋਦੀ ਵਿੱਚ ਸੋਨੂ ਦਾ ਪੁੱਤਰ ਚੁੱਕੀ ਖੜ੍ਹੀ ਸੋਨੂ ਦੀ ਪਤਨੀ ਪਤਾ ਨਹੀਂ ਹੁਣ ਕੀ ਸੋਚਦੀ ਹੋਵੇਗੀ।
ਬਾਬੇ ਨਾਨਕ ਦੀ ਨਗਰੀ ਵਜੋਂ ਜਾਣਿਆ ਜਾਂਦਾ ਇਹ ਸ਼ਹਿਰ ਸੱਚਮੁੱਚ ਉਦਾਸ ਨਹੀਂ ਹੈ। ਸਭ ਕੁਝ ਆਮ ਵਰਗਾ ਹੀ ਹੋਵੇਗਾ, ਬੱਸ ਇੱਕ ਮਾਂ, ਜੋ ਹਫਤਾ ਪਹਿਲਾਂ ਕੁਰਲਾ ਰਹੀ ਸੀ ਕਿ ਮੇਰੇ ਚਾਰ ਪੁੱਤ ਨਸ਼ੇ ਨੇ ਖਾ ਲਏ, ਹੁਣ ਉਸਦੇ ਬੋਲ ਬਦਲ ਜਾਣਗੇ: ਮੇਰੇ ਪੰਜੋ ਪੁੱਤਰ ਨਸ਼ੇ ਨੇ ਖਾ ਲਏ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































