“ਲੇਖਕ ਇਸ ਸਵੈ ਜੀਵਨੀ ਵਿੱਚ ਤਿੰਨ ਤਰ੍ਹਾਂ ਦੀ ਯਾਤਰਾ ਦਾ ਬਿਰਤਾਂਤ ਪੇਸ਼ ਕਰਦਾ ਹੈ ...”
(6 ਅਪਰੈਲ 2026)

ਦੋ ਗਲਪਕਾਰ ਬਿਲਕੁਲ ਨੇੜੇ-ਨੇੜੇ ਹੀ ਰਹਿੰਦੇ ਹੋਣਾ ਵਿਲੱਖਣ ਜਿਹਾ ਲਗਦਾ ਹੈ ਪਰ ਇਹ ਸੱਚ। ਜਦੋਂ ਇਹ ਨਵੀਂ ਕਲੋਨੀ ਬਣੀ ਸੀ, ਪਹਿਲਾਂ ਬਹੁਤ ਥੋੜ੍ਹੇ ਘਰ ਹੀ ਬਣੇ ਸਨ। ਫਿਰ ਹੌਲੀ-ਹੌਲੀ ਸਾਰੀ ਕਲੋਨੀ ਹੋਂਦ ਵਿੱਚ ਆ ਗਈ। ਇਹ ਵੀ ਇੱਕ ਮੌਕਾ ਮੇਲ ਹੀ ਹੈ ਕਿ ਮੇਰੇ ਘਰ ਦੀ ਹਵੇਲੀ ਅਤੇ ਲਾਲ ਸਿੰਘ ਦਸੂਹਾ ਹੋਰਾਂ ਦੀ ਹਵੇਲੀ ਦੀ ਕੰਧ ਸਾਂਝੀ ਏ। ਇਸ ਜਗ੍ਹਾ ਨੂੰ ਕਹਾਣੀਕਾਰ ਲਾਲ ਸਿੰਘ ਬਾੜੀ ਵੀ ਕਿਹਾ ਜਾਂਦਾ ਹੈ। ਇੱਥੇ ਹੀ ਇੱਕ ਕਮਰੇ ਵਿੱਚ ਸਾਹਿਤ ਸਭਾ ਦੀਆਂ ਮੀਟਿੰਗਾਂ ਵੀ ਹੋਇਆ ਕਰਦੀਆਂ ਸਨ।
ਕਲਮਕਾਰ ਹੋਣ ਤੇ ਨਾਲ-ਨਾਲ ਲਾਲ ਸਿੰਘ ਹੋਰਾਂ ਨੂੰ ਆਪਣੀ ਬਾੜੀ ਵਿੱਚ ਸਬਜ਼ੀਆਂ ਬੀਜਣ ਦਾ ਵੀ ਸ਼ੌਕ ਸੀ। ਹਰ ਮੌਸਮ ਦੀ ਕੋਈ ਵੀ ਸਬਜ਼ੀ ਬਾੜੀ ਵਿੱਚੋਂ ਮਿਲ ਜਾਇਆ ਕਰਦੀ ਸੀ। ਨਾਲ ਹੀ ਉਨ੍ਹਾਂ ਨੇ ਫਲਾਂ ਵਾਲੇ ਕੁਝ ਬੂਟੇ ਲਾਏ ਹੋਏ ਹਨ। ਇਨ੍ਹਾਂ ਬੂਟਿਆਂ ਵਿੱਚ ਕਈ ਕਿਸਮ ਦੇ ਅੰਬ, ਅਮਰੂਦ, ਅੰਗੂਰ, ਅਲੀਚੀ, ਸੇਬ, ਅੰਜੀਰ, ਲੂਚਾ ਆਦਿ ਤੇ ਹੋਰ ਫਲਾਂ ਵਾਲੇ ਰੁੱਖ ਬਾੜੀ ਦੀ ਸ਼ਾਨ ਵਧਾਉਂਦੇ ਹਨ। ਸਾਢੇ ਕੁ ਚਾਰ ਫੁੱਟ ਉੱਚੀ ਚਾਰਦਿਵਾਰੀ ਤੋਂ ਜਦੋਂ ਵੀ ਮੇਰੀ ਨਜ਼ਰ ਦੂਸਰੇ ਪਾਸੇ ਪੈਣੀ ਤਾਂ ਲਾਲ ਸਿੰਘ ਹੋਰੀਂ ਕਿਆਰੀਆਂ ਵਿੱਚ ਬੀਜੀਆਂ ਸਬਜ਼ੀਆਂ ਦੀ ਗੋਡੀ ਕਰ ਰਹੇ ਹੋਣਾ ਜਾਂ ਮੋਟਰ ਚਲਾ ਕੇ ਬੂਟਿਆਂ ਨੂੰ ਪਾਣੀ ਲਾ ਰਹੇ ਹੋਣਾ ਜਾਂ ਫਿਰ ਸਰਦੀਆਂ ਦੇ ਮੌਸਮ ਵਿੱਚ ਧੁੱਪੇ ਮੰਜਾ ਡਾਹ ਕੇ ਨੇੜੇ ਪਈ ਕੁਰਸੀ ’ਤੇ ਬੈਠ ਕੇ ਸਾਹਿਤ ਦੀ ਰਚਨਾ ਕਰਦੇ ਹੋਣਾ ਤੇ ਜਾਂ ਫਿਰ ਗਰਮੀ ਦੇ ਮੌਸਮ ਵਿੱਚ ਵੱਡੇ ਸੁਖਚੈਨ ਦੇ ਬੂਟੇ ਦੀ ਛਾਵੇਂ ਮੰਜੇ ’ਤੇ ਬੈਠ ਕੇ ਅਖ਼ਬਾਰ ਪੜ੍ਹਦੇ ਹੋਣਾ।
ਇਹ ਦ੍ਰਿਸ਼ ਦੇਖ ਕੇ ਮਨ ਨੂੰ ਇੱਕ ਵੱਖਰੀ ਤਰ੍ਹਾਂ ਦਾ ਸਕੂਨ ਮਿਲਣਾ। ਇਸ ਤਰ੍ਹਾਂ ਲੱਗਣਾ ਜਿਵੇਂ ਮੇਰੇ ਸਿਰ ’ਤੇ ਵੱਡੇ ਭਰਾ ਦਾ ਹੱਥ ਹੋਵੇ ਤੇ ਮੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਰ ਨਾ ਹੋਣ ਦਾ ਅਹਿਸਾਸ ਹੋਣਾ। ਕਈ ਵਾਰੀ ਉਨ੍ਹਾਂ ਨੇ ਮੌਸਮੀ ਸਬਜ਼ੀਆਂ ਜਾਂ ਫਲ ਲਿਫਾਫੇ ਵਿੱਚ ਪਾ ਕੇ ਮੈਨੂੰ ਵੀ ਦੇਣੇ ਤੇ ਮੇਰਾ ਮਨ ਇੱਕ ਵੱਖਰੀ ਖੁਸ਼ੀ ਦੇ ਜਜ਼ਬੇ ਨਾਲ ਸਰਸ਼ਾਰ ਹੋ ਜਾਣਾ ਤੇ ਅਸੀਂ ਕਾਫੀ ਦੇਰ ਕੰਧ ਦੇ ਆਰ-ਪਾਰ ਖੜ੍ਹੇ ਸਾਹਿਤਕ ਸਰਗਰਮੀਆਂ ਜਾਂ ਸਮਾਜਿਕ ਦੁੱਖ-ਸੁਖ ਫਰੋਲਦੇ ਹੋਏ ਤਾਜ਼ਾ ਦਮ ਹੋ ਕੇ ਵਾਪਸ ਆਪਣੇ-ਆਪਣੇ ਘਰ ਆ ਕੇ ਸਾਹਿਤ ਪੜ੍ਹਦੇ ਜਾਂ ਸਾਹਿਤ ਦੀ ਰਚਨਾ ਕਰਦੇ।
ਪਰ ਅੱਜ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਏ ਕਿ ਖੁਸ਼ੀਆਂ ਖੇੜੇ ਵੰਡਦੀ ਲਾਲ ਸਿੰਘ ਦੀ ਬਾੜੀ ਅੱਜ ਉਦਾਸ ਹੈ। ਬਾੜੀ ਦੇ ਬੂਟੇ ਅਤੇ ਰੁੱਖਾਂ ਦੇ ਪੱਤੇ ਸਿਰ ਝੁਕਾਈ ਖੜ੍ਹੇ ਹਨ। ਇਸ ਤਰ੍ਹਾਂ ਲੱਗ ਰਿਹਾ ਏ ਜਿਵੇਂ ਉਹ ਵੀ ਆਪਣੇ ਮਾਲਕ ਦੀ ਕਮੀ ਮਹਿਸੂਸ ਕਰ ਰਹੇ ਹੋਣ। ਪਰ ਸਿਆਣਿਆਂ ਨੇ ਕਿਹਾ ਏ ਮਰਨਾ ਸੱਚ ਤੇ ਜਿਊਣਾ ਝੂਠ। ਕਹਾਣੀਕਾਰ ਲਾਲ ਸਿੰਘ ਭਾਵੇਂ ਸਰੀਰਕ ਤੌਰ ’ਤੇ ਇਸ ਬਾੜੀ ਤੋਂ ਦੂਰ ਜਾ ਚੁੱਕੇ ਨੇ ਪਰ ਉਨ੍ਹਾਂ ਦੀ ਹੋਂਦ ਦਾ ਅਹਿਸਾਸ ਬਾੜੀ ਦਾ ਇਕੱਲਾ-ਇਕੱਲਾ ਬੂਟਾ ਮਹਿਸੂਸ ਕਰ ਰਿਹਾ ਏ। ਇਸ ਤਰ੍ਹਾਂ ਲੱਗ ਰਿਹਾ ਏ ਕਹਾਣੀਕਾਰ ਲਾਲ ਸਿੰਘ ਦੀ ਸਾਰੀ ਹਯਾਤੀ ਇੱਕ ਖੁਸ਼ਬੂ ਬਣ ਕੇ ਸਾਰੀ ਬਨਸਪਤੀ ਵਿੱਚ ਸਮਾ ਗਈ ਹੋਵੇ ਤੇ ਉਸ ਰੂਹਾਨੀ ਖੁਸ਼ਬੂ ਨਾਲ ਸਾਰੀ ਬਾੜੀ ਸੁਗੰਧਿਤ ਹੋ ਗਈ ਹੋਵੇ।
“ਬਸਮਝੀਆਂ” ਉਨ੍ਹਾਂ ਦੀ ਸਵੈ ਜੀਵਨੀ ਪੁਸਤਕ ਹੈ। ਇਸ ਵਿੱਚ ਲੇਖਕ ਪ੍ਰਤੀਕਾਂ ਨਾਲ ਗੱਲ ਕਰਦਾ ਹੈ। ਜੀਵਨ ਦੇ 80ਵੇਂ ਵਿੱਚ ਧੁੱਪ ਵਿੱਚ ਬੈਠਾ ਲੇਖਕ ਆਪਣੇ ਪਿਛਲੇ ਬੀਤ ਗਏ ਜੀਵਨ ’ਤੇ ਝਾਤੀਆਂ ਮਾਰਦਾ ਹੈ। ਘਰ ਦਾ ਵਿਹੜਾ ਉਸਦੇ ਆਲੇ-ਦੁਆਲੇ ਦਾ ਸੰਸਾਰ ਹੈ। ਪੌੜੀ ਉਸਦੇ ਜੀਵਨ ਦਾ ਪ੍ਰਤੀਕ ਹੈ। ਪੌੜੀ ਦੇ ਡੰਡੇ ਉਸਦੇ ਬੀਤੇ ਵਰ੍ਹਿਆਂ ਦੀ ਗਿਣਤੀ ਪੇਸ਼ ਕਰਦੇ ਨੇ। ਪੌੜੀ ਦੇ ਡੰਡਿਆਂ ’ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਬਾਲ ਲੇਖਕ ਖੁਦ ਲੇਖਕ ਹੈ।
ਲੇਖਕ ਇਸ ਸਵੈ ਜੀਵਨੀ ਵਿੱਚ ਤਿੰਨ ਤਰ੍ਹਾਂ ਦੀ ਯਾਤਰਾ ਦਾ ਬਿਰਤਾਂਤ ਪੇਸ਼ ਕਰਦਾ ਹੈ। ਉਸ ਦੀ ਪਹਿਲੀ ਯਾਤਰਾ ਜੀਵਨ ਯਾਤਰਾ ਹੈ। ਇਸ ਯਾਤਰਾ ਵਿੱਚ ਉਹ ਆਪਣੇ ਬਜ਼ੁਰਗਾਂ, ਆਪਣੇ ਬਚਪਨ, ਕਬੀਲਦਾਰੀਆਂ ਦੀਆਂ ਨਿੱਕੀਆਂ-ਮੋਟੀਆਂ ਮੁਸ਼ਕਿਲਾਂ, ਆਪਣੀ ਪੜ੍ਹਾਈ, ਆਪਣੀ ਸ਼ਾਦੀ ਅਤੇ ਕੀਤੇ ਸੰਘਰਸ਼ ਦਾ ਬਿਆਨ ਕਰਦਾ ਹੈ। ਲੇਖਕ ਦੀ ਦੂਜੀ ਯਾਤਰਾ ਰੁਜ਼ਗਾਰ ਦੀ ਯਾਤਰਾ ਹੈ। ਇਸ ਯਾਤਰਾ ਵਿੱਚ ਉਹ ਆਪਣੀਆਂ ਨੌਕਰੀਆਂ, ਭਾਖੜਾ ਨੰਗਲ ਦੀ ਮੁਸ਼ੱਕਤ ਭਰੀ ਨੌਕਰੀ, ਹਾਂਡਾ ਬ੍ਰਦਰਜ਼ ਦੀ ਸੱਲਜ਼ਮੈਨੀ ਅਤੇ ਭਾਰਤ ਭ੍ਰਮਣ ਦੀਆਂ ਤਜਰਬੇਕਾਰੀਆਂ ਸਾਂਝੀਆਂ ਕਰਦਾ ਹੈ। ਇੱਥੇ ਹੀ ਉਹ ਅਧਿਆਪਨ ਕਿੱਤੇ ਵੱਲ ਮੁੜਨ ਦਾ ਬ੍ਰਿਤਾਂਤ ਵੀ ਪੇਸ਼ ਕਰਦਾ ਹੈ। ਤੀਸਰੀ ਯਾਤਰਾ ਕਹਾਣੀਕਾਰ ਲਾਲ ਸਿੰਘ ਦੀਆਂ ਸਾਹਿਤਕ ਪੈੜਾਂ ਦੀ ਨਿਸ਼ਾਨਦੇਹੀ ਕਰਦੀ ਹੈ। ਸਾਹਿਤ ਸਭਾਵਾਂ ਦੀਆਂ ਕਾਰਗੁਜ਼ਾਰੀਆਂ, ਆਲੋਚਕਾਂ ਦਾ ਵਤੀਰਾ ਅਤੇ ਪਾਠਕਾਂ ਵੱਲੋਂ ਦਿੱਤੀ ਹੱਲਾਸ਼ੇਰੀ ਦਾ ਜ਼ਿਕਰ ਮਿਲਦਾ ਹੈ। ਕੁੱਲ ਮਿਲਾ ਕੇ ਲਿਖਾਰੀ ਦਾ ਅਕਸ ਇੱਕ ਸੰਘਰਸ਼ਸ਼ੀਲ ਅਤੇ ਤਰਕਸ਼ੀਲ ਲੇਖਕ ਵਜੋਂ ਉੱਭਰਦਾ ਹੈ। ਲੇਖਕ ਦੀ ਕਲਮ ਸੱਚਮੁੱਚ ਵਧਾਈ ਦੀ ਪਾਤਰ ਹੈ।
ਮੇਰਾ ਵਿਚਾਰ ਹੈ ਕਿ ਕਹਾਣੀਕਾਰ ਲਾਲ ਸਿੰਘ ਆਪਣੀਆਂ ਕਹਾਣੀਆਂ ਵਿੱਚ ਜਿਹੜੀ ਸਾਹਿਤਕ ਸੋਚ ਅਤੇ ਨਿੱਗਰ ਵਿਚਾਰਧਾਰਾ ਸਾਡੇ ਲਈ ਛੱਡ ਗਏ ਨੇ, ਅਸੀਂ ਉਨ੍ਹਾਂ ਦੀ ਸੋਚ ਨੂੰ ਨਾ ਸਿਰਫ ਬਚਾਈਏ, ਸਗੋਂ ਹੋਰ ਅੱਗੇ ਲੈ ਕੇ ਜਾਈਏ। ਜਿਸ ਤਰ੍ਹਾਂ ਦਾ ਸਮਾਜ ਕਹਾਣੀਕਾਰ ਲਾਲ ਸਿੰਘ ਚਾਹੁੰਦੇ ਸਨ, ਉਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨ ਲਈ ਆਪਣੀ ਕਲਮ ਦਾ ਧਰਮ ਨਿਭਾਉਂਦੇ ਹੋਏ ਆਪਣਾ ਯੋਗਦਾਨ ਪਾਈਏ।
* * *
“ਕਹਾਣੀਕਾਰ ਲਾਲ ਸਿੰਘ ਦਾ ਵਿਛੋੜਾ - ਕਹਾਣੀ ਦੇ ਇੱਕ ਯੁਗ ਦਾ ਅੰਤ” --- ਕਹਾਣੀਕਾਰ ਵਰਿਆਮ ਸੰਧੂ, ਡਾ. ਲਖਵਿੰਦਰ ਜੌਹਲ

(ਦਸੂਹਾ) ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਦੇ ਗ੍ਰਹਿ ਵਿਖੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਡਾ. ਲਖਵਿੰਦਰ ਸਿੰਘ ਜੌਹਲ ਉਨ੍ਹਾਂ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਉਹਨਾਂ ਦੇ ਪੁੱਤਰ ਅਮਰਜੀਤ ਸਿੰਘ ਨਾਲ ਅਫਸੋਸ ਕਰਨ ਪਹੁੰਚੇ। ਇਸ ਮੌਕੇ ਉਹਨਾਂ ਮਾਸਟਰ ਲਾਲ ਸਿੰਘ ਦੇ ਸਦੀਵੀ ਵਿਛੋੜਾ ਦੇ ਜਾਣ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਨਾਲ ਬਿਤਾਏ ਪਲਾਂ ਨੂੰ ਭਾਵੁਕ ਸ਼ਬਦਾਂ ਅਤੇ ਯਦੀਵੀ ਯਾਦਾਂ ਨੂੰ ਤਾਜ਼ਾ ਕੀਤਾ। ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਮਨੁੱਖੀ ਚੇਤਨਾ ਤੇ ਸਮਾਜਿਕ ਤਬਦੀਲੀ ਦੀ ਗੱਲ ਕਰਦੀਆਂ ਹਨ। ਉਹਨਾਂ ਪੰਜਾਬੀ ਕਹਾਣੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ, ਜਦੋਂ ਕਿ ਉਹਨਾਂ ਦੇ ਦਿਹਾਂਤ ਨਾਲ ਕਹਾਣੀ ਦੇ ਖੇਤਰ ਦੇ ਇੱਕ ਯੁਗ ਦਾ ਅੰਤ ਹੋ ਗਿਆ ਹੈ। ਉਹਨਾਂ ਕਿਹਾ ਕਿ ਉਹ ਤੀਸਰੀ ਪੀੜ੍ਹੀ ਦੇ ਸਿਰਮੌਰ ਕਹਾਣੀਕਾਰ ਸਨ ਅਤੇ ਉਹਨਾਂ ਦੀਆਂ ਕਹਾਣੀਆਂ ਸਮਾਜ ਨੂੰ ਨਵੀਂ ਸੇਧ ਦੇਣ ਵਾਲੀਆਂ ਹਨ।
ਡਾ. ਲਖਵਿੰਦਰ ਸਿੰਘ ਜੌਹਲ ਨੇ ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ ਨੂੰ ਸਮਾਜਿਕ ਯਥਾਰਥਵਾਦੀ ਅਤੇ ਮਨੋਵਿਗਿਆਨਕ ਕਹਾਣੀਆਂ ਦੱਸਦਿਆਂ ਆਖਿਆ ਕਿ ਲਾਲ ਸਿੰਘ ਦੀਆਂ ਕਹਾਣੀਆਂ ਦੇ ਪਾਤਰ ਹਰ ਪ੍ਰਸਥਿਤੀਆਂ ਵਿੱਚੋਂ ਮਨੁੱਖ ਨੂੰ ਨਿਕਲਣ ਦੀ ਜੁਗਤ ਸਿਖਾਉਂਦੀਆਂ ਹਨ। ਇਸ ਮੌਕੇ ਸੀਨੀਅਰ ਪੱਤਰਕਾਰ ਜਗਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਹਾਣੀਕਾਰ ਲਾਲ ਸਿੰਘ ਪੰਜਾਬੀ ਸਾਹਿਤ ਖਾਸ ਕਰਕੇ ਪੰਜਾਬੀ ਕਹਾਣੀ ਦਾ ਅਮੋਲ ਰਤਨ ਹੈ, ਜਿਹੜਾ ਸਦੀਆਂ ਤਕ ਸਤਿਕਾਰਿਆ ਜਾਵੇਗਾ। ਨਿਰਸੰਦੇਹ ਕਹਾਣੀਕਾਰ ਲਾਲ ਸਿੰਘ ਸਵੈ ਸੰਜਮਤਾ, ਦ੍ਰਿੜ੍ਹ ਇਰਾਦੇ ਬੇਬਾਕ ਫੌਰੀ ਫੈਸਲਾ ਲੈਣ ਦੀ ਸਮਰੱਥਾ ਰੱਖਣ ਵਾਲਾ ਅਤੇ ਸੁੰਘੜਤਾ ਸੰਪੰਨ ਸੋਚ ਵਾਲਾ ਸੀ। ਉਹ ਆਪਣੇ ਆਪ ਵਿੱਚ ਇੱਕ ਸੰਸਥਾ ਸੀ ਅਤੇ ਕਈ ਸੰਸਥਾਵਾਂ ਤੋਂ ਅੱਗੇ ਸੀ। ਇਸ ਮੌਕੇ ਪੰਮੀ ਦਿਵੇਦੀ, ਦਿਲਪ੍ਰੀਤ ਕਾਹਲੋਂ ਅਤੇ ਸੁਰਿੰਦਰ ਸਿੰਘ ਨੇਕੀ ਨੇ ਕਿਹਾ ਕਿ ਲਾਲ ਸਿੰਘ ਦੀਆਂ ਕਹਾਣੀਆਂ ਆਮ ਮਨੁੱਖ ਦੀ ਜ਼ਿੰਦਗੀ, ਸਮਾਜਿਕ ਅਨਿਆਏ, ਗ਼ਰੀਬੀ, ਸੰਘਰਸ਼ ਅਤੇ ਮਨੁੱਖੀ ਰਿਸ਼ਤਿਆਂ ਨੂੰ ਬੜੀ ਸਾਦਗੀ ਪਰ ਗਹਿਰੇ ਅਰਥ ਪੇਸ਼ ਕਰਦੀਆਂ ਹਨ। ਉਹਨਾਂ ਕਹਾਣੀ ਨੂੰ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਬਣਾਇਆ ਸਗੋਂ ਇਸ ਨੂੰ ਸਮਾਜ ਨਾਲ ਸੰਵਾਦ ਕਰਨ ਦਾ ਮਜ਼ਬੂਤ ਮਾਧਿਅਮ ਬਣਾਇਆ। ਉਹਨਾਂ ਦੀਆਂ ਰਚਨਾਵਾਂ ਅੱਜ ਵੀ ਪ੍ਰੇਰਨਾ ਸਰੋਤ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































