“1947 ਦੀ ਵੰਡ ਤੋਂ ਬਾਅਦ ਨਾਟਕ ਨੇ ਨਵਾਂ ਰੁਖ ਅਪਣਾ ਲਿਆ। ਦੇਸ਼ ਦੀ ਵੰਡ ...”
(27 ਮਾਰਚ 2026)
ਜਿਵੇਂ ਅਸੀਂ ਜਾਣਦੇ ਹੀ ਹਾਂ ਕਿ 27 ਮਾਰਚ ਨੂੰ ਅਸੀਂ ਵਿਸ਼ਵ ਰੰਗ ਦਿਹਾੜਾ ਮਨਾਉਂਦੇ ਹਾਂ। ਇਹ ਵਿਧਾ 27 ਮਾਰਚ 1961 ਤੋਂ ਵਿਸ਼ਵ ਪੱਧਰ ’ਤੇ ਸ਼ੁਰੂ ਹੋਈ। ਰੰਗ ਮੰਚ ਅਤੇ ਨਾਟਕ ਇੱਕ ਦੂਜੇ ਦੇ ਪੂਰਕ ਵੀਹਵੀਂ ਸਦੀ ਵਿੱਚ ਜਨਮੇ ਅਤੇ ਸਾਡੀ ਭਾਰਤੀ ਸੰਸਕ੍ਰਿਤੀ ਦੀਆਂ ਪੈੜਾਂ ਤੋਂ ਥੋੜ੍ਹਾ ਵੱਖਰਾ ਹੋ ਕੇ ਪੁਨਰ ਸੁਰਜੀਤ ਹੋਣ ਕਰਕੇ ਅਸੀਂ ਸਮੁੱਚੇ ਪੰਜਾਬੀ ਨਾਟਕ ਨੂੰ ਨਵਾਂ ਨਾਟਕ ਆਖਦੇ ਹਾਂ।
ਨਾਟਕ ਕੀ ਹੈ? ਰੰਗ ਮੰਚ ਕੀ ਹੈ? ਇਹ ਸਹਿਤ ਦੀ ਇੱਕ ਵਿਧਾ ਹੈ, ਤੁਹਾਡੇ ਸਾਹਮਣੇ ਤੁਹਾਡੀ ਹੀ ਭਾਸ਼ਾ ਵਿੱਚ ਗੱਲ ਕਰਨ ਦੀ ਕਲਾ ਹੈ। ਇਸਦਾ ਲਿਖਤੀ ਸੰਵਾਦ ਨਾਟਕ, ਰੰਗ ਮੰਚ ਐਕਸ਼ਨ ਹੈ, ਵੇਸ ਭੁਸ਼ਾ ਹੈ, ਜਜ਼ਬਾ ਹੈ, ਸੁਨੇਹਾ ਹੈ, ਯਥਾਰਥ ਹੈ, ਕਿਰਤ ਹੈ। ਆਓ! ਇੱਕ ਝਾਤ ਮਾਰਦੇ ਹਾਂ ਨਾਟਕ ਦੇ ਵਿਸਥਾਰ ’ਤੇ।
ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਨੌਰਾ ਰਿਚਰਡ ਦੇ ਯਤਨਾਂ ਸਦਕਾ ਲਾਹੌਰ ਕਾਲਜ ਦੇ ਮੰਚ ’ਤੇ ਪੰਜਾਬੀ ਵਿੱਚ ਨਾਟ ਮੰਚਨ ਦੀ ਪਿਰਤ ਸ਼ੁਰੂ ਹੋਈ। ਆਧੁਨਿਕ ਭਾਂਤ ਦੇ ਸਾਹਿਤਿਕ ਨਾਟਕ ਦਾ ਅਰੰਭ ਈਸ਼ਵਰ ਚੰਦਰ ਨੰਦਾ ਰਾਹੀਂ ਮਿਸਿਜ਼ ਨੌਰਾ ਦੀ ਪ੍ਰੇਰਨਾ ਸਦਕਾ 1913 ਵਿੱਚ ਹੋਇਆ। 1913 ਤੋਂ ਪਹਿਲਾਂ ਅਤੇ ਉਸਦੇ ਸਮਾਨੰਤਰ ਚਾਰ ਤਰ੍ਹਾਂ ਦੀਆਂ ਨਾਟਕੀਂ ਤੇ ਰੰਗ-ਮੰਚੀ ਸਥਿਤੀਆਂ ਸਪਸ਼ਟ ਦੇਖੀਆਂ ਜਾ ਸਕਦੀਆਂ ਹਨ..
ਲੋਕ ਨਾਟ ਪਰੰਪਰਾ/ਰਾਮਲੀਲਾ
ਸੰਸਕ੍ਰਿਤੀ ਨਾਟਕ
ਪਾਰਸੀ ਰੰਗ ਮੰਚ
ਪੰਜਾਬ ਵਿੱਚ ਰਹਿੰਦੇ ਅੰਗਰੇਜ਼ਾਂ ਦੀਆਂ ਨਾਟ ਮੰਡਲੀਆਂ
ਪੰਜਾਬੀ ਦਾ ਪਹਿਲਾ ਮੌਲਿਕ ਨਾਟਕ ‘ਚੰਦਰ ਹਰੀ’ 1909 ਪਾਰਸੀ ਸ਼ੈਲੀ ਦੀ ਰਚਨਾ ਹੈ, ਤੇ ਪਾਰਸੀ ਰੰਗ ਮੰਚ ਨਵੀਂ ਜਨਮੀ ਪੰਜਾਬੀ ਚੇਤਨਾ ਨਾਟਕ ਰੰਗ ਮੰਚ ਦੀ ਪਹਿਲੀ ਪਛਾਣ ਹੈ। ਇਸਦਾ ਵਜੂਦ ਇਪਟਾ ਲਹਿਰ ਦੇ ਉਭਾਰ ਤਕ ਨਜ਼ਰ ਆਉਂਦਾ ਰਹਿੰਦਾ ਹੈ। ਪੰਜਾਬੀ ਨਾਟਕ ਦੇ ਬਦਲਦੇ ਪਰਪੇਖ ਨੂੰ ਵੱਖ-ਵੱਖ ਪੜਾਵਾਂ ਤੋਂ ਵਾਚਣ ਲਈ ਇਸਦੇ ਇਤਿਹਾਸਿਕ ਸਫਰ ਦੀ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ।
ਪਹਿਲਾ ਪੜਾ 1947 ਤੋਂ ਪਹਿਲਾਂ
ਦੂਜਾ ਪੜਾ 1947 ਤੋਂ ਬਾਅਦ
ਤੀਜਾ ਪੜਾ 1975 ਤਕ
ਚੌਥਾ 1990 ਤੋਂ ਬਾਅਦ
ਈਸ਼ਵਰ ਚੰਦਰ ਨੰਦਾ ਦੇ ਇਕਾਂਗੀ ‘ਸੁਹਾਗ’ ਰਾਹੀਂ ਆਧੁਨਿਕ ਪੰਜਾਬੀ ਨਾਟਕ ਦਾ ਜਨਮ 1913 ਵਿੱਚ ਮੰਨਿਆ ਜਾਂਦਾ ਹੈ। ਨੰਦਾ ਤੋਂ ਪਹਿਲਾਂ ਭਾਈ ਵੀਰ ਸਿੰਘ ਦਾ ਨਾਟਕ ‘ਰਾਜਾ ਲੱਖ ਦਾਤਾ ਸਿੰਘ’ ਅਤੇ ਰੂੜ ਸਿੰਘ ਤਾਲਿਬ ਦਾ ‘ਸੁੱਕੇ ਸਮੁੰਦਰ’ ਦਾ ਵਿਸ਼ਾ ਸਮਾਜ ਸੁਧਾਰ ਸੀ। ਪਰ ਨੰਦਾ ਨੇ ਨਵੀਂ ਪਿਰਤ ਪਾਈ। 1937 ਵਿੱਚ ਹਰਚਰਨ ਸਿੰਘ, ਸੰਤ ਸਿੰਘ ਸੇਖੋਂ ਦੁਆਰਾ ਸਮਾਜਿਕ ਸਰੋਕਾਰਾਂ ਦੇ ਨਾਲ ਨਾਲ ਇਤਿਹਾਸਿਕ ਪ੍ਰਵਿਰਤੀ, ਇਤਿਹਾਸ ਦੇ ਪੰਨੇ ਫੋਲਦੇ ਇਤਿਹਾਸਿਕ ਪਾਤਰ ਵੀ ਮੰਚ ’ਤੇ ਪੇਸ਼ ਕੀਤੇ।
1947 ਤਕ ਹਰਚਰਨ ਸਿੰਘ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ ਗੁਰਦਿਆਲ ਸਿੰਘ ਫੁੱਲ, ਕਰਤਾਰ ਸਿੰਘ ਦੁੱਗਲ ਆਦਿ ਪਹਿਲੀ ਪੀੜ੍ਹੀ ਦੇ ਨਾਟਕਕਾਰਾਂ ਨੇ ਆਪਣੀ ਨਾਟਕੀ ਖੇਤਰ ਰਾਹੀਂ ਪੰਜਾਬੀ ਨਾਟਕ ਦੇ ਵਿਕਾਸ ਵਿੱਚ ਯੋਗਦਾਨ ਪਾਇਆ। 1913 ਤੋਂ 47 ਤਕ ਸਮਾਜ ਦਾ ਯਥਾਰਥਵਾਦੀ ਨਾਟ ਸ਼ੈਲੀ ਦਾ ਸਮਾਂ ਹੈ। ਇਸ ਸਮੇਂ ਪੂਰੇ ਨਾਟਕ, ਇਕਾਂਗੀ ਨਾਟਕ, ਲਘੂ ਨਾਟਕ, ਗੀਤ ਨਾਟਕ, ਰੇਡੀਓ ਨਾਟਕ ਅਤੇ ਕਾਵਿ ਨਾਟਕ ਆਦਿ ਨਾਟ ਰੂਪ ਵਿੱਚ ਪ੍ਰਵੇਸ਼ ਹੋ ਚੁੱਕਾ ਸੀ।
1947 ਦੀ ਵੰਡ ਤੋਂ ਬਾਅਦ ਨਾਟਕ ਨੇ ਨਵਾਂ ਰੁਖ ਅਪਣਾ ਲਿਆ। ਦੇਸ਼ ਦੀ ਵੰਡ ਦੀਆਂ ਪਰਿਸਥਿਤੀਆਂ ਅਧੀਨ ਨਵੇਂ ਵਿਸ਼ੇ, ਸ਼ਹੀਦੀਆਂ, ਦੁਖਾਂਤ, ਸ਼ਹਾਦਤਾਂ ਦੀ ਗੱਲ ਨਾਟਕਾਂ ਦੇ ਰੂਪ ਵਿੱਚ ਮੰਚ ’ਤੇ ਆਈ। ਭਗਤ ਸਿੰਘ ਦਾ ਅਧੂਰਾ ਸੁਪਨਾ, ਜਾਤੀ ਦਾ ਸੰਕਲਪ, ਉਸਦੇ ਕ੍ਰਾਂਤੀਕਾਰੀ ਹੋਣ ਦਾ ਜਜ਼ਬਾ ਯਥਾਰਥਵਾਦੀ ਸੋਚ ਦਾ ਜਜ਼ਬਾ ਹਰਚਰਨ ਸਿੰਘ, ਗੁਰਦਿਆਲ ਸਿੰਘ ਫੁੱਲ ਵਰਗੇ ਨਾਟਕਕਾਰਾਂ ਨੇ ਕਾਫੀ ਦੂਰ ਤਕ ਲੈ ਆਂਦਾ ਪਰ ਇਸ ਨੂੰ ਕਿਸੇ ਨਿਸ਼ਚਿਤ ਵਿਚਾਰਧਾਰਾ ਜਾਂ ਵਿਗਿਆਨਿਕ ਸੋਚ ਨਾਲ ਜੋੜ ਨਾ ਸਕੇ।
ਇਸ ਸਮੇਂ ਵਿੱਚ ਅਜਮੇਰ ਸਿੰਘ ਔਲਖ ਰਾਹੀਂ ਯਥਾਰਥਵਾਦੀ ਚੇਤਨਾ ਦੇ ਅੰਦਰ ਇੱਕ ਨਿਸ਼ਚਿਤ ਵਿਚਾਰਧਾਰਕ ਅਤੇ ਰਾਜਸੀ ਚੇਤਨਾ ਦਾ ਸਮਾਂ ਵੇਸ ਵੀ ਹੋਇਆ ਤੇ ਦੇਖਿਆ ਜਾ ਸਕਦਾ ਹੈ। ਚਰਨ ਦਾਸ ਸਿੱਧੂ ਰਾਹੀਂ ਦਿੱਲੀ ਵਿੱਚ ਯਥਾਰਥਵਾਦ ਨੂੰ ਪ੍ਰਕਿਰਤੀਵਾਦ ਤਕ ਪਹੁੰਚਦਿਆਂ ਵੀ ਦੇਖ ਸਕਦੇ ਹਾਂ।
ਇਪਟਾ ਦੀ ਪਹੁੰਚ ਰਾਜਸੀ ਝੁਕਾਅ ਕਾਰਨ ਘਟ ਗਈ ਸੀ। ਪਰ ਪਰੰਪਰਾਵਾਂ ਤੋਂ ਹਟ ਕੇ ਪੰਜਾਬੀ ਨਾਟਕ ਅੰਦਰ ਪਿਛਲੇ ਕੁਝ ਸਾਲਾਂ ਵਿੱਚ ਵਿਸ਼ੇ ਅਤੇ ਵਿਧੀ, ਦੋਹਾਂ ਪੱਖੋਂ ਤੋਂ ਨਵੀਨਤਾ ਅਤੇ ਸੱਜਰੇਪਣ ਅਹਿਸਾਸ ਹੁੰਦਾ ਹੈ।
ਮੰਨਣ ਯੋਗ ਹੈ ਕਿ ਪੰਜਾਬ ਵਿੱਚ ਐਮਰਜੈਂਸੀ ਦੌਰਾਨ ਕੋਈ ਵੀ ਰਚਨਾ ਸਿੱਧੇ ਰੂਪ ਵਿੱਚ ਨਹੀਂ ਮਿਲੀ। ਰਾਜਨੀਤਿਕ ਧਰਾਤਲ ’ਤੇ ਹੁਣ ਪੰਜਾਬੀ ਨਾਟਕ ਔਰਤਾਂ ਦੇ ਮਨਾਂ ਅੰਦਰ ਝਾਕਣ ਦੀ ਥਾਂ ਪੰਜਾਬੀ ਕੰਮੀਆਂ ਕਿਰਤੀਆਂ ਦੇ ਵਿਹੜੇ ਵਿੱਚ ਝਾਕ ਰਿਹਾ ਹੈ। ਇਸਦੇ ਚਿੰਨ੍ਹ ਵਿਅਕਤੀ ਦੇ ਅੰਦਰਲੇ ਇੱਕਲਾਪੇ ਦੀ ਬਜਾਏ ਉਸਦੇ ਬਾਹਰੀ ਚੌਗਿਰਦੇ ਅੰਦਰ ਰੁਲ ਰਹੀ ਪਛਾਣ ਦਾ ਚਿੰਨ੍ਹ ਬਣ ਗਏ ਹਨ। ਇਸ ’ਤੇ ਰਾਜਸੀ ਤੇ ਆਰਥਿਕ ਪ੍ਰਭਾਵ ਪਏ ਹਨ। ਪਰ ਫਿਰ ਵੀ ਵਿਸ਼ੇ ਅਤੇ ਰੂਪ ਦੇ ਪੱਖੋਂ ਹੁਣ ਤਕ ਦੇ ਪੰਜਾਬੀ ਨਾਟਕ ਨਾਲੋਂ ਇਹ ਵੱਖਰਾ ਹੈ ਕਿ ਇਸ ਨੂੰ ਨਵਾਂ ਪੰਜਾਬੀ ਨਾਟਕ ਸਹਿਜੇ ਹੀ ਕਿਹਾ ਜਾ ਸਕਦਾ ਹੈ।
ਐਮਰਜੈਂਸੀ ਤੋਂ ਬਾਅਦ ਖਾਲਿਸਤਾਨੀ ਲਹਿਰ ਦਾ ਪੈਦਾ ਹੋਣਾ ਪੰਜਾਬੀ ਸੰਕਟ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਧਰਮ ਅਤੇ ਸਮਾਜ ’ਤੇ ਤਿੱਖਾ ਪ੍ਰਤੀਕਰਮ ਇਸ ਵਿਧਾ ਰਾਹੀਂ ਸਾਹਮਣੇ ਆਇਆ। ਜੀਵਨ ਦਾ ਰਾਜਸੀ ਵਿਹਾਰ ਨਾਟ ਵਿਧਾ ਦਾ ਕੋਈ ਅੰਤਿਮ ਮਿਆਰ ਨਹੀਂ ਹੈ। ਗੱਲ ਸਿਰਫ ਸਮਾਜਿਕ ਸਰੋਕਾਰ ਦੀ ਹੈ। ਨਾਟਕ ਕਦੇ ਸਮਕਾਲੀ ਸਮਾਜ ਦੀਆਂ ਮੂਲ ਚਿੰਤਾਵਾਂ ਤੋਂ ਮੂੰਹ ਨਹੀਂ ਮੋੜ ਸਕਦਾ। ਬਿਨਾਂ ਸਮਾਜਿਕ ਸਰੋਕਾਰਾਂ ਦੇ ਨਾਟਕ ਸਿਰਫ ਮਨੋਰੰਜਨ ਰਹਿ ਜਾਂਦਾ ਹੈ।
ਬਲਵੰਤ ਗਾਰਗੀ, ਕਪੂਰ ਸਿੰਘ ਘੁੰਮਣ, ਹਰਚਰਨ ਸਿੰਘ ਅਤੇ ਗੁਰਚਰਨ ਸਿੰਘ ਜੀ ਜਸੂਜਾ ਨੇ ਨਾਟਕ ਦੇ ਸਫਰ ਦੀਆਂ ਸਿਖਰਾਂ ਨੂੰ ਛੋਹਿਆ। ਆਤਮਜੀਤ, ਅਜਮੇਰ ਔਲਖ ਦੇ ਨਾਟਕਾਂ ਉੱਤੇ ਪ੍ਰਯੋਗਸ਼ੀਲ ਲਹਿਰ ਦਾ ਪ੍ਰਭਾਵ ਸਾਫ ਨਜ਼ਰ ਆਇਆ ਪਰ ਜਲਦੀ ਹੀ ਦੋਵੇਂ ਇਸ ਪ੍ਰਭਾਵ ਤੋਂ ਬਾਹਰ ਆ ਕੇ ਪੰਜਾਬੀ ਰੰਗ ਮੰਚ ਦੀਆਂ ਵਿਵਹਾਰਿਕ ਲੋੜਾਂ ਨਾਲ ਜੂਝਦੇ ਆਪਣਾ ਵਿਲੱਖਣ ਮੁਹਾਂਦਰਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਨ੍ਹਾਂ ਸਮਿਆਂ ਵਿੱਚ ਹੀ ਭਾਜੀ ਗੁਰਸ਼ਰਨ ਸਿੰਘ ਨਵੇਕਲੇ ਢੰਗ ਨਾਲ ਇਸ ਖੇਤਰ ਵਿੱਚ ਆਏ। ਉਹ ਰੰਗ ਮੰਚ ਨਾਲ ਵਧੇਰੇ ਪ੍ਰਤੀਬੱਧਤਾ, ਲੋਕ ਚੇਤਨਾ ਨਾਲ ਜੁੜੇ। ਉਹ ਸਕ੍ਰਿਪਟ ਦੀ ਅਹਿਮੀਅਤ ਨਾਲੋਂ ਉਸਦਾ ਪ੍ਰਯੋਜਨ ਵਧੇਰੇ ਮਹੱਤਵਪੂਰਨ ਢੰਗ ਨਾਲ ਕਰਦੇ। ਇਸ ਕਰਕੇ ਉਹਨਾਂ ਦੇ ਕੰਮ ਦਾ ਮੁਲੰਕਣ ਉਸਦੇ ਪ੍ਰਯੋਜਨ ਦੇ ਪ੍ਰਸੰਗ ਵਿੱਚ ਕੀਤਾ ਜਾ ਸਕਦਾ ਹੈ। ਲੋਕ ਨਾਟ ਦੀਆਂ ਵਿਧੀਆਂ ਲੋਕਾਂ ਤਕ ਪੁੱਜਣ ਵਾਲੀਆਂ, ਜਿਵੇਂ ਨੁਕੜ ਨਾਟਕ, ਥੜ੍ਹਾ ਨਾਟਕ, ਗਰੀਬ ਰੰਗ ਮੰਚ ਵਿੱਚੋਂ ਨਿਕਲੀਆਂ ਹੋਣ ਕਰਕੇ ਵਿਸ਼ੇਸ਼ ਸਾਰਥਕਤਾ ਰੱਖਦੀਆਂ ਹਨ।
ਨਾਟਕਕਾਰ ਆਤਮਜੀਤ, ਅਜਮੇਰ ਔਲਖ ਅਤੇ ਚਰਨ ਦਾਸ ਸਿੱਧੂ ਵੀ ਵਿਹਾਰਕ ਪੱਖ ਤੋਂ ਨਾਟਕ ਨਾਲ ਆਪਣੇ ਖਿੱਤੇ ਵਿੱਚ ਆਪਣਾ ਮੁਹਾਂਦਰਾ ਬਣਾਉਂਦੇ ਨਜ਼ਰ ਆਏ। ਅਜਮੇਰ ਔਲਖ ਦੀ ਮੂਲ ਪਛਾਣ ਮਾਲਵੇ ਦੇ ਖੇਤਰ, ਛੋਟੀ ਕਿਸਾਨੀ, ਘੱਟ ਭੋਏਂ ਦੇ ਦੁੱਖ ਤੇ ਉਸਦੇ ਟੁੱਟਦੇ ਰਿਸ਼ਤਿਆਂ ਦੇ ਨਾਲ ਹੈ।
ਚਰਨ ਦਾਸ ਸਿੱਧੂ ਇਸ ਤੋਂ ਅੱਗੇ ਦੁਆਬੇ ਦੀ ਅੱਤ ਨਿਮਨ ਕਿਰਤੀ ਸ਼੍ਰੇਣੀ ਦੇ ਦੁੱਖ ਸੁੱਖ, ਟੁੱਟਦੇ ਰਿਸ਼ਤੇ ਦੁਆਬੀ ਬੋਲੀ ਵਿੱਚ ਬਾਬਾ ਬੰਤੂ, ਅੰਬੀਆਂ ਨੂੰ ਤਰਸੇਂਗੀ, ਵਰਗੇ ਨਾਟਕਾਂ ਦੇ ਪਾਤਰਾਂ ਰਾਹੀਂ ਸਾਡੇ ਸਾਹਮਣੇ ਆਇਆ।
1980 ਵਿੱਚ ਵਿਸ਼ਵੀਕਰਨ ਤਬਦੀਲੀ ਨੇ ਸਾਹਿਤ ਨੂੰ ਪ੍ਰਭਾਵਿਤ ਕੀਤਾ। ਨਵੇਂ ਚਿੰਤਨ ਬਾਹਰ ਆਏ- ਨਾਰੀ ਚੇਤਨਾ, ਦਲਿਤ ਚੇਤਨਾ, ਪਰਵਾਸੀ ਚੇਤਨਾ। ਇਸ ਸਮੇਂ ਡਾਕਟਰ ਦਵਿੰਦਰ ਕੁਮਾਰ, ਮਨਜੀਤ ਪਾਲ ਕੌਰ, ਡਾ. ਸਤੀਸ਼ ਵਰਮਾ, ਆਦਿ ਨਾਟਕਕਾਰ। ਨਾਟਕ ਚੌਥੀ ਪੀੜ੍ਹੀ ਵਿੱਚ ਪ੍ਰਵੇਸ਼ ਕਰ ਗਿਆ। ਪਾਲੀ ਭੁਪਿੰਦਰ, ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਡਾਕਟਰ ਸਾਹਿਬ ਸਿੰਘ ਵਰਗੇ ਨਾਟਕਕਾਰ ਮੁੱਖ ਧਾਰਾ ਵਿੱਚ ਸ਼ਾਮਲ ਹੋਏ। ਨਾਟਕਕਾਰ ਡਾਕਟਰ ਸਵਰਾਜ ਵੀਰ ਦਾ ਨਾਂ ਜ਼ਿਕਰਯੋਗ ਹੈ, ਜੋ ਕਿ ਵੱਡੀ ਸੰਭਾਵਨਾ ਵਾਲਾ ਨਾਟਕ ਲੇਖਕ ਹੈ। ਉਸਨੇ ਕਦੀ ਆਪਣੇ ਨਾਟਕ ਨੂੰ ਆਪ ਨਿਰਦੇਸ਼ਿਤ ਨਹੀਂ ਕੀਤਾ, ਫਿਰ ਵੀ ਸਥਾਪਿਤ ਨਾਟਕਕਾਰ ਹੈ। ਉਸਦੀਆਂ ਰਚਨਾਵਾਂ ‘ਧਰਮ ਗੁਰੂ’ ਅਤੇ ‘ਕ੍ਰਿਸ਼ਨ’ ਆਦਿ ਹਨ। ਉਸਦੇ ਨਾਟਕ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਖੇਡੇ ਜਾਂਦੇ ਹਨ। ਕੇਵਲ ਧਾਲੀਵਾਲ ਨਾਟ ਵਿਧਾ ਅੰਦਰ ਲੇਖਕ ਅਤੇ ਨਿਰਦੇਸ਼ਕ ਦੇ ਪ੍ਰਸਪਰ ਸੰਬੰਧਾਂ ਦੀ ਉਦਾਰਹਣ ਹੈ। ਕੇਵਲ ਧਾਲੀਵਾਲ ਨੇ ਕੁਝ ਨਾਟ ਰਚਨਾਵਾਂ ਵੀ ਲਿਖੀਆਂ ਜਿਵੇਂ ਵਣਜਾਰੇ, ਰਿਜ਼ਕ ਦੀ ਮਰਿਆਦਾ...
ਯੂਨੀਵਰਸਿਟੀਆਂ, ਕਾਲਜਾਂ ਵਿੱਚ ਯੁਵਕ ਮੇਲਿਆਂ ਦੀ ਭਰਮਾਰ ਨਾਲ ਨਾਟਕ ਦੀ ਤਿਖਣਤਾਂ ਵੀ ਦੇਖਣ ਨੂੰ ਮਿਲੀ। ਨਾਟਕ ਬੇਬਾਕੀ ਵੀ ਸਵੀਕਾਰ ਕਰਦਾ ਹੈ...
ਪਿਛਲੇ ਸਮੇਂ ਵਿੱਚ ਨਾਟਕ ਦਾ ਸਰੋਕਾਰ ਨਸ਼ਿਆਂ ਦੀ ਸਮੱਸਿਆ ਨਾਲ ਜੁੜਿਆ ਹੋਇਆ ਹੈ। ਡਾ. ਦਵਿੰਦਰ ਕੁਮਾਰ ਨਾਟਕ ‘ਇਹ ਕੇਹੀ ਰੁੱਤ ਆਈ’ ਤੋਂ ਅਰੰਭ ਕਰਕੇ ਲਗਾਤਾਰ 1990 ਤੋਂ ਵੱਖ ਵੱਖ ਸਮਾਜਿਕ, ਕਰਾਂਤੀਕਾਰੀ ਨਾਟਕਾਂ ਰਾਹੀਂ 13 ਨਾਟ ਪੁਸਤਕਾਂ ਸਾਹਿਤ ਦੇ ਖੇਤਰ ਵਿੱਚ ਸਹਿਜ ਰੂਪ ਵਿੱਚ ਲਿਖ ਚੁੱਕੇ ਹਨ। ਆਜ਼ਾਦ ਰੰਗਮੰਚ ਫਗਵਾੜਾ ਵੱਲੋਂ ਉਹਨਾਂ ਦੇ ਨਾਟਕਾਂ ਦਾ ਸਫਲ ਮੰਚਨ ਹੋ ਰਿਹਾ ਹੈ। ਪਿਛਲੇ ਸਾਲ ਆਈ ਨਵੀਂ ਨਾਟ ਪੁਸਤਕ “ਕੂੜੇ ਵਿੱਚ ਖਿੜਿਆ ਗੁਲਾਬ” ਨਾਟਕ ਦੀ ਆਧੁਨਿਕ ਸ਼ੈਲੀ ਦੀ ਅਗਵਾਈ ਭਰਦੇ ਹਨ। ‘ਗੁਰੂ ਤੇਗ ਬਹਾਦਰ ਬੋਲਿਆ...’ ਨਾਟਕ ਵੱਖਰੀ ਪਛਾਣ ਬਣਾ ਰਿਹਾ ਹੈ।
ਕਾਵਿ ਨਾਟਕ ਦੇ ਖੇਤਰ ਵਿੱਚ ਡਾ. ਨਵਦੀਪ ਨੇ ‘ਅਹਿਲਿਆ’ ਨਾਟਕ ਦੇ ਖੇਤਰ ਵਿੱਚ.. ਕਦਮ ਪਾਇਆ। ਅਮਰਜੀਤ ਗਰੇਵਾਲ ਦਾ ਨਾਟਕ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿੱਚ ਆਪਣੀ ਪਿਰਤ ਸੰਭਾਲ ਰਿਹਾ ਹੈ।
ਸੋਲੋ ਨਾਟਕ, ਇੱਕ ਪਾਤਰੀ ਨਾਟਕ ਦੀ ਵਿਧਾ ਨੂੰ ਅਨੀਤਾ ਸ਼ਬਦੀਸ਼, ਸੋਮਪਾਲ ਹੀਰਾ ਨੇ ਆਪਣਾਇਆ। ਡਾ. ਸਾਹਿਬ ਸਿੰਘ ਨੇ ਲੇਖਕ, ਨਿਰਦੇਸ਼ਕ, ਬਤੌਰ ਅਦਾਕਾਰ ਨਵੀਂ ਅਤੇ ਵਿਲੱਖਣ ਪਿਰਤ ਸ਼ੁਰੂ ਕਰਕੇ ਆਪਣੀ ਪਛਾਣ ਬਣਾਈ; ਸਰਲ ਭਾਸ਼ਾ, ਗੰਭੀਰ ਗੱਲ, ਲੋਕਾਂ ਦੀ ਆਵਾਜ਼, ਵੱਖਰਾ ਅੰਦਾਜ਼, ਨਿਡਰ ਅਦਾਕਾਰ, ਸੁਹਿਰਦ ਮਨੁੱਖ - ਪੰਜ ਸੋਲੋ ਨਾਟਕ ਸਾਹਿਤ ਦੇ ਖੇਤਰ ਵਿੱਚ ਵੱਖਰੇ ਵੱਖਰੇ ਵਿਸ਼ਿਆਂ ਨੂੰ ਲੈ ਪੇਸ਼ ਕੀਤੇ।
ਅੱਜ ਵਿਸ਼ਵ ਰੰਗਮੰਚ ਦਿਵਸ ਮੌਕੇ ’ਤੇ ਮੈਂ ਸਮੁੱਚੇ ਵਿਸ਼ਵ ਦੇ ਨਾਟਕਕਾਰਾਂ ਨੂੰ ਮੁਬਾਰਕ ਦਿੰਦੀ ਹਾਂ।
ਪੰਜਾਬੀ ਨਾਟਕਕਾਰਾਂ ਤੋਂ ਨਵੀਂਆਂ ਆਸਾਂ, ਨਿਰਪੱਖ, ਲੋਕ ਹਿਤੈਸ਼ੀ, ਸੱਚ ’ਤੇ ਪੂਰੀਆਂ ਉੱਤਰਦੀਆਂ ਲਿਖਤਾਂ ਦੀ ਉਮੀਦ ਨਾਲ ... ਬਲਜੀਤ ਬੱਲ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































