SurjitKalsi7ਦੁੱਖ ਤਾਂ ਖ਼ੁਸ਼ੀਆਂ ’ਤੇ ਚੜ੍ਹਿਆ ... ਇਕ ਮੁਲੰਮਾ ਹੈ ਸਿਰਫ ... ਖੁਰਚ ਕੇ ਲਾਹ ਦੇ ਗ਼ਮੀ ਨੂੰ ...
(8 ਮਾਰਚ 2026)


8March2026B1.      ਔਰਤ

ਔਰਤ ਤੂੰ ਹਰ ਕਵੀ ਦੇ
ਦਿਲ ਦਾ ਖ਼ਿਆਲ
ਤੂੰ ਹੀ ਮਨ ਦੀ ਉਡਾਰੀ!
ਔਰਤ ਤੂੰ ਕਲਪਨਾ

ਤੂੰ ਵੇਦਨ ਤੂੰ ਭਾਵਨਾ
ਤੂੰ ਕਵਿਤਾ ਸਾਰੀ ਦੀ ਸਾਰੀ!
ਔਰਤ ਤੂੰ ਗੀਤਾ ਹੈਂ

ਤੂੰ ਹੀ ਬਾਈਬਲ
ਤੂੰ ਹੀ ਪਾਕ ਕੁਰਾਨ!
ਔਰਤ ਤੂੰ ਹੀ ਤਾਂ ਹੈਂ

ਗੁਰੂ ਗ੍ਰੰਥ ਦੀ ਬਾਣੀ
ਤੂੰ ਹੀ ਵੇਦ ਪੁਰਾਨ!
ਔਰਤ ਤੂੰ ਹੀ ਧਰਤੀ

ਤੂੰ ਸੂਰਜ ਪੌਣ ਸਮੁੰਦਰ
ਤੂੰ ਹੀ ਕੁਦਰਤ ਸਾਰੀ!
ਔਰਤ ਤੂੰ ਅਗਨੀ ਤੂੰ ਊਰਜਾ

ਤੂੰ ਸ਼ਬਦ ਤੂੰ ਸ਼ਕਤੀ
ਸ੍ਰਿਸ਼ਟੀ ਦੀ ਸਿਰਜਣ ਹਾਰੀ

      *     *     *

2.   ਔਰਤ ਦੇ ਹੱਥ

ਔਰਤ ਦੇ ਹੱਥ ਬਰਕਤ
ਔਰਤ ਦੇ ਹੱਥ ਕਲਾਕਾਰ
ਸਦੀਆਂ ਤੋਂ ਕਲਾ ਦਾ ਪਰਵਾਹ
ਇਕ ਹੱਥ ਤੋਂ ਦੂਜੇ ਹੱਥ ਵਿੱਚ
ਹਰ ਵੇਲੇ ਨਰਿੰਤਰ ਵਿਗਸਦਾ
ਕੁਝ ਨਾ ਕੁਝ ਸਿਰਜਦੇ ਰਹਿੰਦੇ
ਔਰਤ ਦੇ ਹੱਥ ਮਮਤਾ
ਔਰਤ ਦੇ ਹੱਥ ਪਿਆਰ
ਮਾਂ ਦੇ ਹੱਥ ਬੱਚੇ ਨੂੰ ਚੁੱਕਦੇ
ਲੋਰੀ ਦਿੰਦੀ ਦੇ ਹੱਥ ਪੰਘੂੜੇ
ਝੂਲਾ ਝੁਲਾਉਂਦੇ ਹੱਥ ਪਨਾਹ ਦੇਂਦੇ
ਮਾਂ ਦੇ ਹੱਥ ਬੱਚੇ ਨੂੰ ਮਹਿਫੂਜ਼ ਕਰਦੇ
ਔਰਤ ਦੇ ਹੱਥ ਸੁੱਚਮ
ਔਰਤ ਦੇ ਹੱਥ ਭੰਡਾਰੇ
ਆਟੇ ਨੂੰ ਮੁੱਕੀਆਂ ਦਿੰਦੇ, ਰੋਟੀ ਪਕਾਉਂਦੇ
ਸਭ ਨੂੰ ਅੰਮ੍ਰਿਤ ਭੋਜ ਖੁਆਉਂਦੇ
ਔਰਤ ਦੇ ਹੱਥ ਸਿਦਕ ਸ਼ੁਕਰ ਦੇਂਦੇ
ਰੱਜ ਦਿੰਦੇ ਤੇ ਸਬਰ ਸਬੂਰੀ ਦਿੰਦੇ
ਔਰਤ ਦੇ ਹੱਥ ਬਰਕਤ
ਔਰਤ ਦੇ ਹੱਥ ਕਲਾਕਾਰ
ਔਰਤ ਦੇ ਹੱਥ ਅਸੀਸਾਂ ਦੇਂਦੇ
ਔਰਤ ਦੇ ਹੱਥ ਮਿਹਰਾਂ ਵੰਡਦੇ
ਛੋਟੀਆਂ ਵੱਡੀਆਂ ਨਿਹਮਤਾਂ ਦੇਂਦੇ
ਆਸਰਾ ਦਿੰਦੇ ਸੁਰੱਖਿਆ ਦਿੰਦੇ

       *     *     *

3.   ਔਰਤ ਦੇ ਪੈਰ

ਔਰਤ ਦੇ ਪੈਰ ਸ਼ਗਨ
ਜਿਸ ਘਰ ਪੈਂਦੇ ਮਿਹਰਾਂ ਲਿਆਉਂਦੇ
ਚਾਂਦੀ ਦੀਆਂ ਪੰਜੇਬਾਂ ਪਾਈ
ਨਾਜ਼ਕ ਪੈਰ ਹਠੀਲੇ, ਛੋਹਲੇ ਛੋਹਲੇ
ਘਰ ਦਾ ਸਾਰਾ ਕੰਮਕਾਜ ਕਰਦੇ ਫਿਰਦੇ
ਕਦੀ ਨਾ ਥੱਕਦੇ
ਜੰਮਦੀ ਦੇ ਪੈਰਾਂ ਦਾ ਬਾਬਲ ਰਖਵਾਲਾ
ਬਾਬਲ ਤੋਂ ਪਿੱਛੋਂ ਭਾਈ ਖਿਆਲਾ
ਅੱਡੀ-ਛੜੱਪਾ ਖੇਡਦੇ ਟੱਪਦੇ
ਨਾਲ ਸਖੀਆਂ ਤੀਆਂ ਜਾਂਦੇ
ਨੱਚ ਨੱਚ ਪਾਉਣ ਧਮਾਲ ਔਰਤ ਦੇ ਪੈਰ
ਕਦੀ ਨਾ ਥੱਕਦੇ
ਜਦ ਪਰਨਾਈ ਤਾਂ ਠੁਮਕ ਠੁਮਕ ਪੱਬ ਧਰਦੀ
ਸਹੁਰੇ ਘਰ ਨਿਗਰਾਨ ਪਤੀ ਲਕਸ਼ਮਣ-ਰੇਖਾ ਵਾਹੀ
ਦੇਹਲੀਓਂ ਬਾਹਰ ਪੈਰ ਨਾ ਜਾਂਦੇ
ਜਾਂਦੇ ਤਾਂ ਪੁੱਠੇ ਪੈਰਾਂ ਵਾਲੀ ਦੇ ਪੈਰ ਕਹਾਉਂਦੇ
ਮਾਣ ਗੁਆਉਂਦੇ
, ਅਪਮਾਨ ਕਰਾਉਂਦੇ ਔਰਤ ਦੇ ਪੈਰ
ਵਾਹੀ ਪਿਤਰੀ ਰੇਖਾ ਕਦੀ ਨਾ ਟੱਪਦੇ
ਆਪਣੇ ਪੈਰਾਂ ’ਤੇ ਰੱਖ ਨੰਨ੍ਹੇ ਪੈਰਾਂ ਨੂੰ
ਕਈ ਪੁਸ਼ਤਾਂ ਨੂੰ ਤੁਰਨਾ ਸਿਖਾਉਂਦੇ
ਹੌਲੇ ਸਹਿਜੇ ਨ੍ਰਿਤ ਦੀ ਲੈਅ ਵਿੱਚ ਤੁਰਦੇ ਜਾਂਦੇ
ਤੁਰਦੇ ਤਾਂ ਸਫਰ ਹੋ ਜਾਂਦੇ
ਰੁਕਦੇ ਤਾਂ ਮੰਜ਼ਿਲ ਬਣ ਜਾਂਦੇ
ਭਾਗਾਂਵਾਲੀ ਕਰਮਾਂਵਾਲੀ ਔਰਤ ਦੇ ਪੈਰ!
ਸਦੀਆਂ ਦੇ ਪੈਂਡੇ ਮਾਰੂਥਲਾਂ ਦੇ ਕਰਦੇ

ਜ਼ਿੰਦਗ਼ੀ ਦੇ ਪਥਰੀਲੇ ਔਝੜ ਰਾਹਵਾਂ ’ਤੇ
ਬੋਚ ਬੋਚ ਪੱਬ ਧਰਦੇ

ਯੁਗਾਂ ਯੁਗਾਂ ਤੋਂ ਸੰਗਲਾਂ ਦੇ ਬੋਝ ਚੁੱਕੀ
ਲੰਮੇ ਪੈਂਡੇ ਸਿਖਰ ਦੁਪਹਿਰੇ ਭੁੱਜਦੇ
ਮੁਕਤ ਹੋਣ ਲਈ ਤਾਂਡਵ ਨਾਚ ਕਰਦੇ ਕਰਦੇ

ਹੋ ਜਾਂਦੇ ਲਹੂ ਲੂਹਾਨ ਔਰਤ ਦੇ ਪੈਰ!
ਠੇਡੇ ਖਾਂਦੇ
, ਭਟਕਦੇ ਔਰਤ ਦੇ ਪੈਰ

         *     *     *

4. ਬੇਆਵਾਜ਼ ਔਰਤਾਂ

ਹਾਂ ਬੈਠੀਆਂ ਨੇ ਅਜੇ ਵੀ
ਚੁੱਪ ਚਾਪ ਉਡੀਕ ਕਰ ਰਹੀਆਂ
ਕਿ ਕੋਈ ਆਵੇਗਾ
ਜਾਂ ਕੋਈ ਆਵੇਗ ਅੰਦਰੋਂ ਛਲਕ ਜਾਏਗਾ

ਗਲੀ ਵਿੱਚ ਬੈਠੀਆਂ ਨੇ
ਬਿਨਾਂ ਫਰਸ਼ ਤੋਂ ਬਿਨਾਂ ਦਰਵਾਜ਼ੇ ਤੋਂ
ਇਕ ਘਰ ਖੜੋਤਾ ਹੈ
ਜਿਸ ਦੀਆਂ ਦੀਵਾਰਾਂ ਉਸੇ ਤਰ੍ਹਾਂ ਹਨ
ਬਿਨਾਂ ਦਰਵਾਜ਼ੇ ਦੇ ਇਸ ਘਰ ਵਿਚ
ਬੇਆਵਾਜ਼ ਔਰਤਾਂ
ਕੁਝ ਕਹਿੰਦੀਆਂ ਹਨ ਪਰ

ਅਣਡਿੱਠ ਅਣਸੁਣੀਆਂ ਅਣਬੋਲੀਆਂ
ਰਹਿ ਜਾਂਦੀਆਂ ਹਨ
ਚੁੱਪ ਚਾਪ ਉਡੀਕ ਕਰਦੀਆਂ
ਕਿ ਕੋਈ ਆਏਗਾ
ਉਹਨਾਂ ਦੇ ਪੈਰਾਂ ਥਲੇ
ਕੋਈ ਧਰਤੀ ਵਿਛਾ ਜਾਏਗਾ

ਸਿਰ ’ਤੇ ਕੋਈ ਅਸਮਾਨ ਟਾਂਕ ਜਾਏਗਾ
ਜਾਂ ਘਾਹ ਦੀ ਤਿੜ ਦਾ ਤਿਣਕਾ
ਕਾਨੀ ਬਣ ਜਾਏਗਾ

ਤੇ ਉਹਨਾਂ ਦੀ ਦਾਸਤਾਂ
ਲਿਖ ਜਾਏਗਾ ਜਦੋਂ ਕੋਈ ਆਏਗਾ

ਉਹ ਦਾਸਤਾਂ ਜੋ ਕਹਿਣੀ ਹੈ
ਉਹ ਉਡੀਕ ਵਿੱਚ ਬੁੱਢੀ ਹੋ ਚੁੱਕੀ ਹੈ
ਜਮੂਦ ਵਿੱਚ ਹੈ ਸਮਾਂ

ਉਸੇ ਹੀ ਸਮੇਂ ਦੇ
ਉਸ ਪਲ ਵਿੱਚ ਰੁਕ ਗਈ ਹੈ
ਜਾਂ ਕਿਸੇ ਨੂੰ ਸੁਣਾਈ ਨਹੀਂ ਦਿੰਦੀ
ਉਹਨਾਂ ਦੀ ਦਾਸਤਾਂ ਤੇ ਜੋ ਸੁਣ ਸਕਦੇ ਹਨ
ਉਹਨਾਂ ਨੇ ਔਰਤ ਦੀ ਦਾਸਤਾਂ ’ਤੇ
ਆਪਣੇ ਜ਼ਿਹਨ ਦਾ ਮੁਲੰਮਾ ਚੜ੍ਹਾ ਦਿੱਤਾ ਹੈ
,
ਉਸ ਵਿਚਲੀ ਸੁੱਚਮ ਨੂੰ ਗੰਧਲਾ ਦਿੱਤਾ ਹੈ,
ਸੱਚ ਗਵਾ ਦਿੱਤਾ ਹੈ

ਆਪਣੇ ਝੁਰੜੀਆਂ ਭਰੇ ਚਿਹਰਿਆਂ ਉੱਤੇ
ਦੀਵਿਆਂ ਵਾਂਗ ਬਲਦੀਆਂ ਅੱਖਾਂ ਨਾਲ
ਉਡੀਕ ਕਰਦੀਆਂ ਹਨ

ਕਿ ਕੋਈ ਆਵੇਗਾ
ਜਾਂ ਉਹ ਆਪਣੀ ਕਹਾਣੀ
ਆਪਣੀਆਂ ਦੇਹਾਂ ’ਤੇ ਲਿਖ ਕੇ
ਆਪਣੇ ਨਾਲ ਲੈ ਜਾਣਗੀਆਂ
ਜਾਂ ਘਾਹ ਦੀ ਤਿੜ ਦਾ
ਕੋਈ ਤਿਣਕਾ ਕਾਨੀ ਬਣ ਜਾਏਗਾ

ਜਾਂ ਫਿਰ ਉਹ
ਇਸ ਯੁਗ ਵਿੱਚ ਵੀ
ਬੇਆਵਾਜ਼ ਰਹਿ ਜਾਣਗੀਆਂ

      *     *     *

5.  ਔਰਤ ਦਾ ਚਿਹਰਾ

ਇਹ ਜੋ ਤੇਰੇ ਰਾਹ ਵਿਚ
ਕੰਡੇ ਵਿਛੇ ਨੇ ਥਾਂ ਪਰ ਥਾਂ
ਹੂੰਝ ਕੇ ਕਰ ਦੇ ਇਨ੍ਹਾਂ ਨੂੰ

ਰਾਹਾਂ ਵਿੱਚੋਂ ਉਰ੍ਹਾਂ ਪਰ੍ਹਾਂ
ਲਾ ਦੇ ਕਾਲੇ ਬੱਦਲਾਂ ਨੂੰ
ਲੌਣ ਚਿੱਟੀ ਚਾਨਣੀ ਦੀ
ਸਿਉਂ ਦੇ ਦਿਸਹੱਦਿਆਂ ਦੁਆਲੇ
ਮੌਲਸਰੀਆਂ ਝਾਲਰਾਂ
ਦੁੱਖ ਤਾਂ ਖ਼ੁਸ਼ੀਆਂ ’ਤੇ ਚੜ੍ਹਿਆ
ਇਕ ਮੁਲੰਮਾ ਹੈ ਸਿਰਫ
ਖੁਰਚ ਕੇ ਲਾਹ ਦੇ ਗ਼ਮੀ ਨੂੰ
ਕਰ ਦੇ ਇਹ ਦੀਆਂ ਕੀਚਰਾਂ
ਛੰਡ ਦੇ ਦੁੱਖਾਂ ਦੇ ਛਿੱਕੂ
ਸਿਰ ’ਤੇ ਜੋ ਚਾਏ ਚਿਰਾਂ ਤੋਂ
ਕਾਸ ਲਈ ਸੋਚਾਂ ਵਿੱਚ ਬੈਠੀ
ਐਥੇ ਧਰਾਂ ਕਿ ਔਥੇ ਧਰਾਂ
ਪਹਿਨਣਾ ਔਰਤ ਦਾ ਚਿਹਰਾ
ਬਹੁਤ ਕੁਰਬਾਨੀ ਹੈ ਵੱਡੀ
ਹੈ ਸ਼ਹਾਦਤ ਤੋਂ ਵੀ ਔਖਾ
ਔਰਤ ਵਾਂਗ ਵਿਚਰਨਾ
ਕੌਣ ਹੋਵੇ ਜੁ ਆਣ ਪਾਵੇ
ਮੇਰਿਆਂ ਦੁੱਖਾਂ ਦੀ ਹਾਥ
ਕੱਢ ਲੈਂਦੀ ਹੈ ਇਹ ਸੰਸਾ
ਰੁੱਗ ਭਰ ਕੇ ਆਂਦਰਾਂ
ਜਿਸ ਨੂੰ ਪੁੰਨਿਆ ਦੀ ਸਾਰ ਨਾ
ਜ਼ਿੰਦਗੀ ਨੂੰ ਉਸ ਤੋਂ ਵਾਰ ਨਾ
ਮੱਥੇ ’ਤੇ ਉੱਕਰੀ ਲਕੀਰ ਦਾ
ਕਿਉਂ ਕਰ ਹੋਰ ਜ਼ੁਲਮ ਜ਼ਰਾਂ
ਇਹ ਜੋ ਫੰਧਾ ਪਰੰਪਰਾ ਦਾ
ਚੋਗ਼ ਲਈ ਪੈਰੀਂ ਨੂੜਿਆ
ਤੋੜ ਇਸਦੀ ਮੜਕ ਨੂੰ
ਲਾਹ ਕੇ ਸੁੱਟ ਦੇ ਦੂਰ ਪਰ੍ਹਾਂ
ਆਪਣੇ ਕਰਮਾਂ ਦੀ ਕਿਤਾਬ ਦਾ
ਨਾ ਕਰ ਹੋਰ ਹਿਸਾਬ ਕਿਤਾਬ
ਹੱਥ ਵਿੱਚ ਫੜ ਕੇ ਕਲਮ ਨਾਲ
ਖ਼ੁਦ ਹੱਕ ਸੱਚ ਦਾ ਇਨਸਾਫ ਕਰਾਂ

        *     *     *

6.   ਔਰਤ ਸ਼ਬਦ ਤੇ ਸ਼ਕਤੀ

ਔਰਤ ਤੂੰ ਸ਼ਬਦ ਹੈਂ ਤੂੰ ਸ਼ਕਤੀ ਹੈਂ
ਤੂੰ ਜਣਨੀ ਤੂੰ ਸਿਰਜਣਹਾਰੀ
ਤੇਰੇ ਬੋਲਾਂ ਤੋਂ ਹੀ ਸਿੱਖਦੀ ਸਭ ਲੋਕਾਈ
ਬੋਲਚਾਲ ਸਲੀਕੇ ਦੀ ਭਾਸ਼ਾ ਸਾਰੀ
ਤੇਰੇ ਅੰਦਰ ਚੰਨ ਸੂਰਜ ਆਕਾਸ਼
ਤੇਰੇ ਹੀ ਅੰਦਰ ਸਿਰਜਿਆ
ਹਰ ਪ੍ਰਾਣੀ ਦਾ ਆਕਾਰ
ਤੇਰੀ ਮਮਤਾ ਦਿੰਦੀ ਸਭ ਨੂੰ
ਜਿਊਂਣ ਦਾ ਅਹਿਸਾਸ
ਤੂੰ ਹੀ ਖੁਸ਼ੀ ਦਿੰਦੀ ਜ਼ਿੰਦਗੀ ਸਾਰੀ
ਬੋਲ ਕਿ ਤੇਰੇ ਹੋਠਾਂ ’ਤੇ ਨਹੀਂ ਤਾਲੇ
ਕਰ ਬੁਲੰਦ ਹੁਣ ਆਵਾਜ਼ ਆਪਣੀ
ਆਪਾ ਵਾਰਨ ਦੀ ਅਥਾਹ ਕੁਰਬਾਨੀ ਦੇ

ਦੁਨੀਆ ਦੇ ਸਭ ਲੋਕ ਕਰਜ਼ਾਈ
ਤੇਰੇ ਹੀ ਕਰਕੇ ਜੀਵਨ ਦੀ ਧੜਕਨ
ਹਰ ਸਮੇਂ ਵਿੱਚ ਰਹਿੰਦੀ ਬਰਕਰਾਰ ਸਾਰੀ
ਕਹਿ ਲਿਆ ਬੜਾ ਲੋਕਾਂ ਅਬਲਾ ਨਾਰੀ
ਹਾਏ ਵਿਚਾਰੀ, ਹਾਏ ਵਿਚਾਰੀ
ਦੇ ਕੇ ਉੱਤੇ ਪਰੰਪਰਾ ਦਾ ਰੇਸ਼ਮੀ ਬਾਗ
ਜਾਂ ਅਠਕਲੀਏ ਦੀ ਫੁਲਕਾਰੀ
ਮਾਰ ਕੇ ਬੁੱਕਲ ਬੈਠ ਰਹੀ ਪੀੜ੍ਹੀ ’ਤੇ
ਇਹ ਔਰਤ ਪਰੰਪਰਾ ਨੂੜੀ ਉਮਰਾ ਸਾਰੀ
ਉੱਠ! ਬਰਕਤੇ ਉੱਠ! ਤੇਰੇ ਬੋਲ ਆਜ਼ਾਦ ਨੇ
ਉੱਠ ਦੇਖ ਤੇਰੇ ਪੈਰਾਂ ਵਿੱਚ ਨਹੀਂ ਜੰਜ਼ੀਰਾ
ਤੂੰ ਨਹੀਂ ਕਮਜ਼ੋਰ ਨਾ ਹੀ ਅਬਲਾ ਨਾਰੀ
ਤੂੰ ਮਮਤਾ, ਤੂੰ ਜਣਨੀ, ਤੂੰ ਸ਼ਕਤੀਸ਼ਾਲੀ
ਤੇਰੀ ਸ਼ਕਤੀ ਤੋਂ ਹੈ ਨਾਵਾਕਫ ਦੁਨੀਆ ਸਾਰੀ
ਹੇ ਔਰਤ! ਤੇਰੇ ਲਈ ਵਰਤੇ
ਹੀਣ ਭਾਵੀ ਹਰ ਨਾਕਾਰ ਬੋਲਾਂ ਦੀ

ਇਬਾਰਤ ਜ਼ਿਹਨ ਵਿੱਚੋਂ ਖਾਰਿਜ ਕਰਦੇ
ਪਰੰਪਰਾ ਦੀਆਂ ਧਾਰਨਾਵਾਂ ਦੇ ਫਤਵੇ
ਕੂੜਾ-ਕਰਕਟ ਹਵਾ ਵਿੱਚ ਉੱਡਾ ਦੇ
ਆਪਣੇ ਬੋਲਾਂ ਦੀ ਆਵਾਜ਼ ਸੁਣ
ਸ਼ਬਦਾਂ ਦੀ ਸ਼ਕਤੀ ਦਾ ਅਹਿਸਾਸ
ਤੇਰਾ ਸਾਹਸ ਤੇ ਵਿਸ਼ਵਾਸ ਬਣੇ
ਸਵੈ-ਭਰੋਸਾ ਮੁੜ ਉਸਾਰ ਦੇਵੇ

ਸਵੀਕਾਰਤਾ ਦੇ ਦਰਜੇ ਦਾ ਅਹਿਸਾਸ ਹੋਵੇ
ਤੈਨੂੰ ਅੱਵਲ
, ਅਹਿਮ ਤੇ ਅਧਿਕਾਰੀ
ਹੋਣ ਦਾ ਆਤਮ-ਵਿਸ਼ਵਾਸ ਹੋਵੇ

ਮੈਂ ਜੋ ਸ਼ਬਦ ਲਿਖਾਂ ਉਹ ਤੇਰੀ ਜਾਗ ਹੋਵੇ
ਮੇਰੀ ਕਵਿਤਾ ਦਾ ਹਰ ਸ਼ਬਦ ਤੇਰੀ ਉਪਮਾ ਹੋਵੇ
ਸੂਰਜ ਦੀ ਊਰਜਾ ਦਾ ਤੇਰੇ ਮੱਥੇ ’ਤੇ ਤਪ-ਤੇਜ਼ ਹੋਵੇ
ਪੇੜ, ਪੱਤੇ, ਪੌਣ ਨੱਚਦੀ ਨਾਲ ਧਰਤੀ ਆਕਾਸ਼ ਹੋਵੇ
ਗਾਉਣ ਤੇਰੀ ਆਰਤੀ ਹਰ ਪਾਸੇ ਮੰਗਲਾਚਰਣ ਹੋਵੇ
ਐ ਔਰਤ! ਤੇਰੇ ਸ਼ਬਦ ਤੇਰੇ ਮੱਥੇ ਦੀ ਊਰਜਾ ਹੋਣ
ਐ ਔਰਤ ਤੇਰੇ ਸ਼ਬਦ ਹੀ ਤੇਰੀ ਸ਼ਕਤੀ ਹੋਣ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੁਰਜੀਤ ਕਲਸੀ

ਸੁਰਜੀਤ ਕਲਸੀ

WhatsApp: Canada ( ? )
Email: (kalseysurjeet@hotmail.com)