ParamjitSParwana7“ਡਾਢੇ ਦਾ ਸੱਤੀਂ ਵੀਹੀਂ ਸੌ ਹੋ ਗਿਆ ਹੈ। ਦੰਗਿਆਂ ਨੂੰ ਸ਼ਹਿ ਦੇਣ ਅਤੇ ਲੋਕਾਂ ਦੇ ਕਤਲ ...”
(14 ਫਰਵਰੀ 2026)


ਮੇਰੇ ਮਾਤਾ-ਪਿਤਾ 1947 ਦੇ ਹਿੰਦ-ਪਾਕਿ ਵੰਡ ਦਾ ਅਸਹਿ ਦੁਖਾਂਤ ਆਪਣੇ ਪਿੰਡੇ ’ਤੇ ਹੰਢਾਉਂਦਿਆਂ ਇੱਧਰਲੇ ਪੰਜਾਬ ਆਏ ਸਨ
। ਮਾਤਾ ਜੀ ਕੋਲ ਕਦੇ ਬਹਿਣਾ ਤਾਂ ਉਨ੍ਹਾਂ ਵੰਡ ਦੌਰਾਨ ਹੋਈ ਕਤਲੋਗਾਰਤ ਦੀਆਂ ਲੂ-ਕੰਡੇ ਖੜ੍ਹੇ ਕਰ ਦੇਣ ਵਾਲੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਤੇ ਬਹੁਤ ਉਦਾਸ ਹੋ ਜਾਣਾ। ਸਾਡੀਆਂ ਅੱਖਾਂ ਨਮ ਹੋ ਜਾਣੀਆਂ। ਉਸ ਆਖਣਾ, “ਪੁੱਤਰਾ, ਕਾਹਦੀ ਅਜ਼ਾਦੀ ਸੀ, ਅਸੀਂ ਤਾਂ ਬਰਬਾਦੀ ਝੱਲੀ ਹੈ। ਸੱਤਾ ਦੇ ਭੁੱਖੇ ਨੇਤਾਵਾਂ ਨੂੰ ਇਹ ਅਜ਼ਾਦੀ ਰਾਸ ਆਈ ਹੋਵੇਗੀ, ਆਮ ਆਦਮੀ ਨੇ ਤਾਂ ਆਪਣੇ ਪਰਿਵਾਰਾਂ ਦੇ ਕਤਲ ਅਤੇ ਬੇਪਤੀਆਂ ਆਪਣੀਆਂ ਅੱਖਾਂ ਸਾਹਮਣੇ ਦੇਖੀਆਂ। ਸਭ ਛੱਡ-ਛਡਾ ਕੇ ਉਸ ਖਿੱਤੇ ਵਿੱਚ ਆ ਗਏ ਜਿੱਥੇ ਅੱਜ ਵੀ ਬਹੁਤ ਕੁਝ ਠੀਕ ਨਹੀਂ। ਮੌਜੂਦਾ ਹਾਲਾਤ ਬਹੁਤ ਵੱਡੀ ਤਬਦੀਲੀ ਦੀ ਮੰਗ ਕਰਦੇ ਹਨ। ਦੇਸ਼ ਦੇ ਨੇਤਾ ਅਸਲ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਸਿਆਸੀ ਰੋਟੀਆਂ ਸੇਕਣ ਅਤੇ ਹਰ ਹੀਲੇ ਸੱਤਾ ਹਾਸਲ ਕਰਨ ਦੇ ਆਪਣੇ ਮਸਲੇ ਨੂੰ ਹੱਲ ਕਰਨ ਲਈ ਵਧੇਰੇ ਰੁਚੀ ਰੱਖਦੇ ਹਨ।”

ਮੈਂ ਕਹਿਣਾ ਕਿ ਮਾਤਾ ਜੀ 78-79 ਸਾਲਾਂ ਵਿੱਚ ਦੇਸ਼ ਨੇ ਬਹੁਤ ਖੇਤਰਾਂ ਵਿੱਚ ਤਰੱਕੀ ਕੀਤੀ ਹੈ। ਉਨ੍ਹਾਂ ਫੇਰ ਉਲਟਾ ਸਵਾਲ ਕਰਨਾ, “ਇਸ ਤਰੱਕੀ ਦਾ ਲਾਭ ਆਮ ਜਨਤਾ ਨੂੰ ਮਿਲਿਆ ਐ?  ਇਹ ਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ ਨਹੀਂ ਬਲਕਿ ਅਮੀਰਾਂ ਨੂੰ ਹੋਰ ਅਮੀਰ ਬਣਾਉਣ ਦੇ ਸੁਪਨੇ ਲੈਣ ਵਾਲਾ ਭਾਰਤ ਬਣ ਗਿਆ ਹੈ। ਗ਼ਰੀਬ ਆਦਮੀ ਨੂੰ ਤਾਂ ਗੁੱਲੀ (ਰੋਟੀ) ਦੇ ਲਾਲੇ ਪਏ ਹੋਏ ਨੇ। ਲੱਖਾਂ ਲੋਕ ਭੁੱਖੇ ਸੌਂਦੇ ਨੇ, ਕੀ ਜਾਣਨ ਦੇਸ਼ ਦੇ ਹਾਕਮ... ਓ ਪੁੱਤਰਾ, ਹੋਰ ਵੀ ਬਹੁਤ ਸਮੱਸਿਆਵਾਂ ਨੇ ਜਿਨ੍ਹਾਂ ਵਿੱਚੋਂ ਕਈ ਖ਼ੁਦ ਇਨ੍ਹਾਂ ਨੇਤਾਵਾਂ ਨੇ ਪੈਦਾ ਕੀਤੀਆਂ ਹੋਈਆਂ ਨੇ।”

ਮਾਤਾ ਜੀ ਆਪਣੇ ਮਨ ਦੀ ਭੜਾਸ ਕੱਢ ਕੇ ਚੁੱਪ ਹੋ ਜਾਂਦੇ ਤੇ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ। ਮਾਤਾ ਜੀ ਦੀਆਂ ਗੱਲਾਂ ਵਿੱਚ ਮੈਨੂੰ ਕਾਫ਼ੀ ਵਜ਼ਨ ਲਗਦਾ। ਦੇਸ਼ ਦੀਆਂ ਕਈ ਸਮੱਸਿਆਵਾਂ ਮੇਰੇ ਜ਼ਿਹਨ ਵਿੱਚ ਉੱਭਰਨ ਲਗਦੀਆਂ। ਭਾਵੇਂ ਅੱਜ ਦੇਸ਼ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਰਪੇਸ਼ ਹਨ ਪਰ ਸਭ ਤੋਂ ਵੱਡੀ ਸਮੱਸਿਆ ਬੇਰੋਜ਼ਗਾਰੀ ਅਤੇ ਵਧ ਰਹੀ ਮਹਿੰਗਾਈ ਦੀ ਹੈ। ਵਿੱਦਿਅਕ ਅਦਾਰਿਆਂ ਵਿੱਚੋਂ ਹਰ ਸਾਲ ਲੱਖਾਂ ਵਿਦਿਆਰਥੀ ਡਿਗਰੀਆਂ ਹਾਸਲ ਕਰਕੇ ਰੋਜ਼ਗਾਰ ਦੀ ਤਲਾਸ਼ ਵਿੱਚ ਨਿਕਲ ਤੁਰਦੇ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਉਨ੍ਹਾਂ ਦੀ ਲਿਆਕਤ ਮੁਤਾਬਿਕ ਰੋਜ਼ਗਾਰ ਨਹੀਂ ਮਿਲਦਾ। 2024 ਦੀ ਇੰਡੀਆ ਇੰਪਲਾਇਮੈਂਟ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਕਰੀਬ 20 ਸਾਲਾਂ ਵਿੱਚ ਨੌਜਵਾਨਾਂ ਵਿੱਚ ਬੇਰੁਜ਼ਗਾਰੀ 30 ਫ਼ੀਸਦ ਤਕ ਵਧੀ। ਹਰ ਸਾਲ 70 ਤੋਂ 80 ਲੱਖ ਨੌਜਵਾਨ ਰੋਜ਼ਗਾਰ ਹਾਸਲ ਕਰਨ ਵਾਲਿਆਂ ਦੀ ਕਤਾਰ ਵਿੱਚ ਖੜ੍ਹੇ ਹੋ ਜਾਂਦੇ ਹਨ। ਇਹ ਵੀ ਹਕੀਕਤ ਹੈ ਕਿ ਹਰ ਪੜ੍ਹਿਆ ਲਿਖਿਆ ਨੌਜਵਾਨ “ਵਾਈਟ ਕਾਲਰ” ਤੇ ਸਰਕਾਰੀ ਨੌਕਰੀ ਦਾ ਚਾਹਵਾਨ ਹੈ ਪਰ ਹਰ ਬੇਰੋਜ਼ਗਾਰ ਨੂੰ ਅਜਿਹੀਆਂ ਨੌਕਰੀਆਂ ਮਿਲਣਾ ਸੰਭਵ ਨਹੀਂ। ਭਾਵੇਂ ਨੌਜਵਾਨ ਨਿਰਾਸ਼ ਹਨ ਪਰ ਉਨ੍ਹਾਂ ਨੂੰ ਸੋਚਣਾ ਪਵੇਗਾ। ਸਿਰਫ ਡਿਗਰੀਆਂ ਦਾ ਨਹੀਂ, ਅੱਜ ਹੁਨਰ ਦਾ ਮੁੱਲ ਜ਼ਿਆਦਾ ਹੈ। ਉਨ੍ਹਾਂ ਨੂੰ ਕਿਸੇ ਵੀ ਕੰਮ ਵਿੱਚ ਮੁਹਾਰਤ ਹਾਸਲ ਕਰਨ ਦੀ ਵੀ ਸੋਚਣੀ ਪਵੇਗੀ। ਵਿਦੇਸ਼ਾਂ ਵਿੱਚ ਵੀ ਸਕਿਲਡ ਵਰਕਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਦੇਸ਼ ਦੇ ਆਮ ਲੋਕਾਂ ਨੂੰ ਲਗਾਤਾਰ ਵਧ ਰਹੀ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਬਹੁਤੇ ਅਮੀਰ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਗ਼ਰੀਬ ਅਤੇ ਮੱਧ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ ਅਤੇ ਮਹਿੰਗਾਈ ਦੀ ਚੱਕੀ ਵਿੱਚ ਪਿਸਦਾ ਜਾ ਰਿਹਾ ਹੈ। ਸਰਕਾਰਾਂ ਦੀਆਂ ਨੀਤੀਆਂ ਅਤੇ ਕੋਸ਼ਿਸ਼ਾਂ ਮਹਿੰਗਾਈ ਦੇ ਗ੍ਰਾਫ ਨੂੰ ਉੱਪਰ ਜਾਣ ਤੋਂ ਨਹੀਂ ਰੋਕ ਸਕੀਆਂ। ਇਨ੍ਹਾਂ ਮੁੱਦਿਆਂ ਤੋਂ ਇਲਾਵਾ ਹੋਰ ਵੀ ਬਹੁਤ ਗੰਭੀਰ ਮਸਲੇ ਹਨ, ਜੋ ਸੰਜੀਦਾ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ।

ਸਾਡੇ ਦੇਸ਼ ਦੇ ਸਿਸਟਮ ਦੀ ਕਥਿਤ ਨਾਕਾਮੀ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਹਾਦਸੇ ਦਰ ਹਾਦਸੇ ਵਾਪਰਦੇ ਹਨ ਪਰ ਅਸੀਂ ਉਨ੍ਹਾਂ ਤੋਂ ਕੋਈ ਸਬਕ ਨਹੀਂ ਸਿਖਦੇ। ਕਮੇਟੀਆਂ ਦੇ ਗਠਨ ਹੋ ਜਾਂਦੇ ਹਨ, ਜਾਂਚ ਚਲਦੀ ਰਹਿੰਦੀ ਹੈ ਪਰ ਬਹੁਤੀ ਵਾਰ ਕੋਈ ਸਿੱਟਾ ਨਹੀਂ ਨਿਕਲਦਾ। ਕਦੀ ਇਹ ਸ਼ਿੱਦਤ ਨਾਲ ਨਹੀਂ ਵਿਚਾਰਿਆ ਗਿਆ ਕਿ ਹਾਦਸੇ ਦੇ ਕੀ ਕਾਰਨ ਸਨ ਅਤੇ ਅਜਿਹੀਆਂ ਕਿਹੜੀਆਂ ਕਾਰਵਾਈਆਂ ਕੀਤੀਆਂ ਜਾਣ ਕਿ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਵਾਪਰਨ। ਹੋਰ ਤਾਂ ਹੋਰ, ਸਾਡੇ ਸਿਸਟਮ ਦੀ ਨਾਕਾਮੀ ਦੇਖੋ ਕਿ ਨੋਇਡਾ ਦੇ ਸਪੋਰਟਸ ਸਿਟੀ ਦੇ ਡੂੰਘੇ ਟੋਏ ਵਿੱਚ ਡਿਗਿਆ ਸਾਫਟਵੇਅਰ ਇੰਜਨੀਅਰ ਕਰੀਬ ਦੋ ਘੰਟੇ ਤਕ ਪੁਕਾਰ ਕਰਦਾ ਰਿਹਾ ਕਿ ਮੈਨੂੰ ਬਚਾ ਲਵੋ, ਮੈਂ ਮਰਨਾ ਨਹੀਂ ਚਾਹੁੰਦਾ। ਪਰ ਕੋਈ ਨਹੀਂ ਬਹੁੜਿਆ। ਉਹ ਦੁਹਾਈ ਪਾਉਂਦਾ ਰਿਹਾ, ਕੁਰਲਾਉਂਦਾ ਰਿਹਾ। ਜਦੋਂ ਤਕ ਗੋਤਾਖੋਰ ਉੱਥੇ ਪਹੁੰਚੇ, ਉਸਦੀ ਸਵਾਸਾਂ ਦੀ ਮਾਲਾ ਟੁੱਟ ਚੁੱਕੀ ਸੀ। ਉਹ ਕਾਰ ਸਮੇਤ ਡੁੱਬ ਗਿਆ। ਕਿਸੇ ਵੀ ਹਾਦਸੇ ਤੋਂ ਪਹਿਲਾਂ ਅਸੀਂ ਅਪਦਾ ਪ੍ਰਬੰਧਨ ਲਈ ਮੌਕਡ੍ਰਿਲਾਂ ਕਰਦੇ ਰਹਿੰਦੇ ਹਾਂ ਪਰ ਹਾਦਸੇ ਸਮੇਂ ਨਾ ਪ੍ਰਸ਼ਾਸਨ ਸਮੇਂ ਸਿਰ ਪਹੁੰਚਦਾ ਹੈ ਅਤੇ ਨਾ ਹੀ ਸਾਜ਼ੋ ਸਮਾਨ। ਕੀ ਫਾਇਦਾ ਅਜਿਹੀਆਂ ਮੌਕਡ੍ਰਿਲਾਂ ਕਰਨ ਦਾ? ਕੋਈ ਜਵਾਬਦੇਹੀ ਨਹੀਂ। ਜਾਂਚ ਕਮਿਸ਼ਨ ਜਾਂ ਕਮੇਟੀਆਂ ਜਿੰਨੀਆਂ ਮਰਜ਼ੀ ਬਣਵਾ ਲਉ।

ਸਾਡੇ ਦੇਸ਼ ਦੇ ਨੇਤਾਵਾਂ ਦੀ ਸਿਆਸਤ ਹੱਦ ਦਰਜੇ ਦੀ ਗੰਦੀ ਹੋ ਚੁੱਕੀ ਹੈ। ਦੇਸ਼ ਦੇ ਮੁੱਖ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਇੱਕੋ ਮਕਸਦ ਰਹਿ ਗਿਆ ਹੈ ਕਿ ਸੱਤਾ ’ਤੇ ਕਾਬਜ਼ ਕਿਵੇਂ ਹੋਣਾ ਹੈ, ਭਾਵੇਂ ਇਸਦੀ ਕੀਮਤ ਕੁਝ ਵੀ ਤਾਰਨੀ ਪਵੇ। ਵੱਖ ਵੱਖ ਫਿਰਕਿਆਂ ਵਿੱਚ ਨਫਰਤ ਪੈਦਾ ਕੀਤੀ ਜਾਂਦੀ ਹੈ, ਇੱਥੋਂ ਤਕ ਕਿ ਦੰਗਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇੱਕ ਫਿਰਕੇ ਦਾ ਨੇਤਾ ਦੂਜੇ ਫਿਰਕੇ ਦੇ ਲੋਕਾਂ ਨੂੰ ਗੋਲੀਆਂ ਨਾਲ ਕਤਲ ਕਰਨ ਲਈ ਉਕਸਾਉਂਦਾ ਹੈ। ਨਫਰਤ ਦੀਆਂ ਕੰਧਾਂ ਉਸਾਰੀਆਂ ਜਾ ਰਹੀਆਂ ਹਨ। ਘੱਟ ਗਿਣਤੀਆਂ ਦੇ ਫਿਰਕੇ ਕਥਿਤ ਤੌਰ ’ਤੇ ਦਬਾਅ ਹੇਠ ਜੀ ਰਹੇ ਹਨ। ਡਾਢੇ ਦਾ ਸੱਤੀਂ ਵੀਹੀਂ ਸੌ ਹੋ ਗਿਆ ਹੈ। ਦੰਗਿਆਂ ਨੂੰ ਸ਼ਹਿ ਦੇਣ ਅਤੇ ਲੋਕਾਂ ਦੇ ਕਤਲ ਕਰਵਾਉਣ ਵਾਲੇ ਜਾਂ ਤਾਂ ਆਜ਼ਾਦ ਘੁੰਮ ਰਹੇ ਹਨ ਜਾਂ ਅਦਾਲਤਾਂ ਵੱਲੋਂ ਬਰੀ ਕਰ ਦਿੱਤੇ ਜਾਂਦੇ ਹਨ। ਜਦੋਂ ਅਜਿਹਾ ਹੁੰਦਾ ਹੋਵੇ ਤਾਂ ਲੋਕ, ਖ਼ਾਸ ਕਰਕੇ ਘੱਟ ਗਿਣਤੀ, ਲੋਕਤੰਤਰ ਵਿੱਚ ਵਿਸ਼ਵਾਸ ਕਿਵੇਂ ਕਰੇ? ਹੋਰ ਵੀ ਕਈ ਮਸਲੇ ਦੇਸ਼ ਨੂੰ ਦਰਪੇਸ਼ ਹਨ ਪਰ ਉਨ੍ਹਾਂ ਦੀ ਚਰਚਾ ਫੇਰ ਕਦੇ ਕਰਾਂਗਾ। ਸਿਰਫ ਇੰਨਾ ਹੀ ਕਹਾਂਗਾ ਕਿ ਜੇਕਰ ਸਾਡੇ ਦੇਸ਼ ਦੇ ਨੇਤਾ ਦੇਸ਼ ਦਾ ਸਹੀ ਮਾਅਨਿਆਂ ਵਿੱਚ ਸਰਵਪੱਖੀ ਵਿਕਾਸ ਚਾਹੁੰਦੇ ਹਨ ਅਤੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ ਸਿਰਜਣਾ ਚਾਹੁੰਦੇ ਹਨ ਤਾਂ ਸਿਆਸਤ ਨੂੰ ਸੇਵਾ ਭਾਵ ਵਜੋਂ ਲੈਂਦੇ ਹੋਏ, ਧਰਮ ਨਿਰਪੇਖ ਰਹਿੰਦਿਆਂ ਹਰ ਵਰਗ ਦਾ ਸਹਿਯੋਗ ਲੈਣ ਅਤੇ ਸ਼ਿੱਦਤ ਤੇ ਇਮਾਨਦਾਰੀ ਨਾਲ ਕੰਮ ਕਰਨ। ਅਜਿਹੀ ਸੋਚ ਹੀ ਦੇਸ਼ ਦੇ ਹਾਲਾਤ ਬਦਲ ਸਕਦੀ ਹੈ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਪਰਮਜੀਤ ਸਿੰਘ ਪਰਵਾਨਾ

ਪਰਮਜੀਤ ਸਿੰਘ ਪਰਵਾਨਾ

Whatsapp: (91 - 98722 - 09399)
Email: (pjparwana@gmail.com)