“ਵੈਨਜ਼ਵੇਲਾ ਦੇ ਲੋਕ ਆਰਥਿਕ ਸੰਕਟ ਅਤੇ ਸਰਕਾਰੀ ਅਯੋਗਤਾ ਤੋਂ ਤੰਗ ਹਨ, ਪਰ ਉਨ੍ਹਾਂ ਨੂੰ ...”
(17 ਜਨਵਰੀ 2026)
ਨਸ਼ਾ ਤਸਕਰੀ ਦਾ ਬਹਾਨਾ ਬਣਾ ਕੇ ਵੈਨਜ਼ਵੇਲਾ ’ਤੇ ਤਾਜ਼ਾ ਫ਼ੌਜੀ ਹਵਾਈ ਹਮਲਾ, ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਗਵਾ ਕਰਕੇ ਅਮਰੀਕਾ ਲਿਜਾਣਾ ਅਤੇ ਵੈਨਜ਼ਵੇਲਾ ਵਿੱਚ ਖੁੱਲ੍ਹੇ ਰਾਜ-ਪਲਟੇ ਦੀ ਕੋਸ਼ਿਸ਼ ਕਰਨਾ ਅਤੀ ਘਿਨਾਉਣਾ ਕਾਰਨਾਮਾ ਹੈ। ਇਹ ਸਦੀਆਂ ਪੁਰਾਣੀ, ਖੂਨ-ਡੋਲ੍ਹਵੀਂ ਅਤੇ ਬੇਰਹਿਮ ਨੀਤੀ ਦਾ ਨਵੀਨਤਮ ਅਧਿਆਇ ਹੈ। ਲਾਤੀਨੀ ਅਮਰੀਕਾ ਹਮੇਸ਼ਾ ਅਮਰੀਕੀ ਸਾਮਰਾਜਵਾਦ ਲਈ ਪ੍ਰਯੋਗਸ਼ਾਲਾ ਰਿਹਾ ਹੈ। ਬੇਸ਼ੁਮਾਰ ਖਣਿਜ ਸਰੋਤਾਂ ਨਾਲ ਭਰਪੂਰ ਵੈਨਜ਼ਵੇਲਾ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਪ੍ਰਮਾਣਿਤ ਤੇਲ ਭੰਡਾਰ ਇਸ ਸਾਰੀ ਘਟਨਾ ਦਾ ਕੇਂਦਰ ਬਿੰਦੂ ਹਨ। 1999 ਵਿੱਚ ਹਿਊਗੋ ਚਾਵੇਜ਼ ਦੇ ਸੱਤਾ ’ਤੇ ਆਉਣ ਤੋਂ ਬਾਅਦ ਤੇਲ ਕੰਪਨੀਆਂ ਦੇ ਅੰਸ਼ਕ ਕੌਮੀਕਰਨ ਅਤੇ ਗਰੀਬ-ਮਜ਼ਦੂਰਾਂ ਦੇ ਹੱਕ ਵਿੱਚ ਇਸ ਦੌਲਤ ਦੀ ਵੰਡ ਨੇ ਅਮਰੀਕੀ ਹਿਤਾਂ ਨੂੰ ਸਿੱਧੀ ਚੁਣੌਤੀ ਦਿੱਤੀ ਸੀ। ਵੈਨਜ਼ਵੇਲਾ ਦਾ ਚੀਨ ਅਤੇ ਰੂਸ ਨਾਲ ਸਹਿਯੋਗ ਅਤੇ ਉਹਨਾਂ ਨੂੰ ਘੱਟ ਦਰਾਂ ’ਤੇ ਤੇਲ ਦੀ ਸਪਲਾਈ ਵਾਸ਼ਿੰਗਟਨ ਲਈ ਸਹਿਣਯੋਗ ਨਹੀਂ ਸੀ। ਇਹ ਉਹੀ ਪੁਰਾਣਾ ਸਾਮਰਾਜਵਾਦੀ ਤਰਕ ਹੈ ਜੋ ਬੋਲੀਵੀਆ ਦੀ ਟਿਨ, ਚਿਲੀ ਦਾ ਤਾਂਬਾ ਅਤੇ ਕੇਂਦਰੀ ਅਮਰੀਕਾ ਦੇ ਕੇਲੇ-ਕੌਫੀ ਉਦਯੋਗਾਂ ’ਤੇ ਕਬਜ਼ੇ ਲਈ ਚਲਦਾ ਰਿਹਾ ਹੈ। ਇਹ ਹਮਲਾ ਸਿਰਫ ਤੇਲ ਬਾਰੇ ਨਹੀਂ, ਸਗੋਂ ਪੱਛਮੀ ਗੋਲਾਰਧ ਵਿੱਚ ਅਮਰੀਕੀ ਸਾਮਰਾਜੀ ਸ਼ਕਤੀ ਅਤੇ ਦਬਦਬੇ ਨੂੰ ਦੁਬਾਰਾ ਸਥਾਪਿਤ ਕਰਨ ਬਾਰੇ ਹੈ। 21ਵੀਂ ਸਦੀ ਦੀ ‘ਗੁਲਾਬੀ ਲਹਿਰ, ਜਿਸ ਵਿੱਚ ਵੈਨਜ਼ਵੇਲਾ, ਬਰਾਜ਼ੀਲ, ਅਰਜਨਟੀਨਾ ਵਰਗੇ ਦੇਸ਼ ਸ਼ਾਮਲ ਸਨ, ਨੇ ਅਮਰੀਕੀ ਪ੍ਰਭਾਵ ਨੂੰ ਘਟਾਇਆ ਸੀ। ਹਾਲਾਂਕਿ ਸੋਵੀਅਤ ਸੰਘ ਡਿਗਣ ਨਾਲ ਇਹ ਮਾਡਲ ਕਮਜ਼ੋਰ ਹੋਇਆ, ਪਰ ਵੈਨਜ਼ਵੇਲਾ ਚੀਨ-ਰੂਸ ਗੱਠਜੋੜ ਦੀ ਇੱਕ ਮਹੱਤਵਪੂਰਨ ਕੜੀ ਬਣਿਆ ਰਿਹਾ। ਇਸ ਨੂੰ ਢਾਹੁਣਾ ਵਾਸ਼ਿੰਗਟਨ ਲਈ ਆਪਣੇ ਵਿਹੜੇ ’ਤੇ ਦੁਬਾਰਾ ਨਿਯੰਤਰਣ ਕਾਇਮ ਕਰਨ ਦੇ ਬਰਾਬਰ ਹੈ।
ਹੁਣ ਤਕ ਸਾਮਰਾਜੀ ਤਾਕਤ ਲੁੱਟ ਅਤੇ ਹਿੰਸਾ ਨੂੰ ਸੱਭਿਆਚਾਰ ਅਤੇ ਨੈਤਿਕਤਾ ਦਾ ਬੁਰਕਾ ਪਹਿਨਾ ਕੇ ਕਾਰਵਾਈ ਕਰਦੀ ਸੀ, ਪਰ ਚਿੱਟੇ ਦਿਨ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਛਿੱਕੇ ਟੰਗਕੇ ਇਸ ਅਮਰੀਕੀ ਕਦਮ ਨੇ ਬਚੀ-ਖ਼ੁਚੀ ਜਮੂਹਰੀਅਤ ਦਾ ਪਰਦਾ ਉਤਾਰ ਸੁੱਟਿਆ। ਅਮਰੀਕਾ ਦੀ ਮੌਜੂਦਾ ਕੌਮੀ ਸੁਰੱਖਿਆ ਨੀਤੀ 1823 ਦੇ ‘ਮੋਨਰੋ ਸਿਧਾਂਤ’ ਦਾ ਨਵਾਂ ਰੂਪ ਹੈ ਜੋ ਲਾਤੀਨੀ ਅਮਰੀਕਾ ਵਿੱਚ ਕਿਸੇ ਦੀ ਦਖਲਅੰਦਾਜ਼ੀ ਨਾ-ਮਨਜ਼ੂਰ ’ਤੇ ਕੇਂਦਰਿਤ ਹੈ। ਚੀਨ ਵੈਨਜ਼ਵੇਲਾ ਦਾ 76% ਤੇਲ ਖਰੀਦਦਾ ਹੈ, ਜਦੋਂ ਕਿ ਮਾਸਕੋ ਦੇ ਹਾਲ ਹੀ ਦੇ ਸਾਲਾਂ ਵਿੱਚ ਕਰਾਕਸ ਨਾਲ ਮਜ਼ਬੂਤ ਫੌਜੀ ਸਬੰਧ ਹਨ। ਦੋਵਾਂ ਦੇਸ਼ਾਂ ਨੇ ਇੱਕ ਦੂਜੇ ਨੂੰ ਅਮਰੀਕੀ ਤੇਲ ਪਾਬੰਦੀਆਂ ਤੋਂ ਬਚਣ ਵਿੱਚ ਮਦਦ ਵੀ ਕੀਤੀ ਹੈ। ਵੈਨਜ਼ਵੇਲਾ ਬ੍ਰਿਕਸ ਵਿੱਚ ਜਾਣ ਦੀ ਗੱਲ ਕਰਦਾ ਸੀ, ਪੈਟਰੋ ਡਾਲਰ ਦੀ ਥਾਂ ਪੈਟਰੋ ਯੁਆਨ ਦੀ ਵਰਤੋਂ ਕੀਤੀ ਜਾ ਰਹੀ ਸੀ। ਇਹ ਨੀਤੀ ਸੰਯੁਕਤ ਰਾਜ ਦੇ ਡਾਲਰ ਲਈ ਅਤੇ ਅਮਰੀਕੀ ਮੁਦਰਾ ਪ੍ਰਣਾਲੀ ਲਈ ਸਿੱਧੀ ਚੁਣੌਤੀ ਸੀ। ਅਮਰੀਕਾ ਦੇ ਅੰਦਰ ਰਾਜਨੀਤਿਕ ਅਤੇ ਸਮਾਜਿਕ ਅਸੰਤੋਸ਼ ਵਧ ਰਿਹਾ ਹੈ। ਕਰਜ਼ਾ ਲਗਾਤਾਰ ਵਧ ਰਿਹਾ ਹੈ। ਆਰਥਿਕ ਮੰਦੀ, ਮਹਿੰਗਾਈ ਅਤੇ ਡਿਗਦੀ ਸਾਖ ਤੋਂ ਧਿਆਨ ਭਟਕਾਉਣ ਲਈ ਵਿਦੇਸ਼ੀ ਦੁਸ਼ਮਣ ਬਣਾਉਣਾ ਸੱਤਾ ਦਾ ਇੱਕ ਅਜ਼ਮਾਇਆ ਹੋਇਆ ਹਥਿਆਰ ਹੈ। ਟਰੰਪ ਦੀ ਰਾਜਨੀਤੀ ਇਸੇ ਮਾਡਲ ’ਤੇ ਖੜ੍ਹੀ ਹੈ। ਰਾਸ਼ਟਰਵਾਦੀ ਸ਼ੋਰ, ਫੌਜੀ ਤਾਕਤ ਦੀ ਨੁਮਾਇਸ਼ ਅਤੇ “ਅਮਰੀਕਾ ਫਸਟ” ਦਾ ਨਾਅਰਾ ਅਸਲ ਵਿੱਚ ਘਰੇਲੂ ਸੰਕਟਾਂ ਤੋਂ ਧਿਆਨ ਭਟਕਾਉਣ ਦੀ ਰਣਨੀਤੀ ਹੈ। ਇਸਦੇ ਪਿੱਛੇ ਪੈਂਟਾਗਨ, ਹਥਿਆਰ ਉਦਯੋਗ ਅਤੇ ਤੇਲ ਲੌਬੀ ਦੇ ਸਿੱਧੇ ਆਰਥਿਕ ਹਿਤ ਕੰਮ ਕਰਦੇ ਹਨ।
ਨੋਅਮ ਚੋਮਸਕੀ ਅਨੁਸਾਰ ਕੋਈ ਵੀ ਸਰਕਾਰ, ਜੋ ਆਪਣੇ ਲੋਕਾਂ ਦੀ ਭਲਾਈ ਲਈ ਕਦਮ ਚੁੱਕਦੀ, ਸਰੋਤਾਂ ਦਾ ਕੌਮੀਕਰਨ ਕਰਦੀ ਹੈ, ਗਰੀਬੀ ਘਟਾਉਂਦੀ ਹੈ, ਉਹ ਅਮਰੀਕੀ ਹਿਤਾਂ ਲਈ ਇੱਕ “ਖਤਰਾ” ਬਣ ਜਾਂਦੀ ਸੀ। ਵੈਨਜ਼ਵੇਲਾ ਵਿੱਚ ਚਾਵੇਜ਼ ਅਤੇ ਮਾਦੁਰੋ ਨੇ ਇਹੀ ਅਪਰਾਧ ਕੀਤਾ ਹੈ। ਚੀਨ ਦੀ ਆਰਥਿਕ-ਸੈਨਿਕ ਸ਼ਕਤੀ ਅਮਰੀਕੀ ਵਿਸ਼ਵ ਪ੍ਰਭੁਤਵ ਲਈ ਸਭ ਤੋਂ ਵੱਡੀ ਚੁਣੌਤੀ ਹੈ। ਵੈਨਜ਼ਵੇਲਾ ਦਾ ਚੀਨ ਨਾਲ ਗੱਠਜੋੜ ਅਮਰੀਕਾ ਲਈ ਨਾ ਸਿਰਫ ਆਰਥਿਕ ਸਗੋਂ ਰਾਜਨੀਤਿਕ ਹਾਰ ਹੈ। ਗਾਜ਼ਾ ਵਿੱਚ ਇਜ਼ਰਾਈਲੀ ਨਰਸੰਘਾਰ ਨੇ ਵਿਖਾ ਦਿੱਤਾ ਹੈ ਕਿ ਪੱਛਮੀ ਸ਼ਕਤੀਆਂ ਲਈ ਅੰਤਰਰਾਸ਼ਟਰੀ ਕਾਨੂੰਨ ਅਤੇ ਮਨੁੱਖੀ ਅਧਿਕਾਰ ਸਿਰਫ ਦੁਸ਼ਮਣ ਦੇਸ਼ਾਂ ਲਈ ਲਾਗੂ ਹੁੰਦੇ ਹਨ। ਇਸ ਲਈ ਹੁਣ ਵੈਨਜ਼ਵੇਲਾ ’ਤੇ ਹਮਲੇ ਲਈ ਲੋਕਤੰਤਰ ਜਾਂ ਮਨੁੱਖੀ ਅਧਿਕਾਰਾਂ ਦੇ ਝੂਠੇ ਬਹਾਨਿਆਂ ਦੀ ਵੀ ਲੋੜ ਨਹੀਂ। ਤਾਕਤ ਨਾਲ ਹੀ ਅੰਤਿਮ ਸੱਚ ਦੇ ਸਿਧਾਂਤ ਨੂੰ ਨਿਰਲੱਜ ਰੂਪ ਵਿੱਚ ਲਾਗੂ ਕੀਤਾ ਗਿਆ ਹੈ। ਲਾਤੀਨੀ ਅਮਰੀਕਾ ਵਿੱਚ ਅਰਜਨਟੀਨਾ, ਐਲ ਸਲਵਾਡੋਰ, ਚਿਲੀ ਵਰਗੇ ਦੇਸ਼ਾਂ ਵਿੱਚ ਸੱਜੇ-ਪੱਖੀ, ਟਰੰਪ-ਪ੍ਰੇਰਿਤ ਸਰਕਾਰਾਂ ਦਾ ਉਭਾਰ ਅਮਰੀਕਾ ਲਈ ਇੱਕ ਅਨੁਕੂਲ ਮਾਹੌਲ ਬਣਾਉਂਦਾ ਹੈ। ਇਸ ਸਾਰੇ ਮਾਮਲੇ ਵਿੱਚ ਪੱਛਮੀ ਮੀਡੀਆ ਦੀ ਭੂਮਿਕਾ ਵੀ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ। ਨਸ਼ੇ ਦੀ ਤਸਕਰੀ ਦੇ ਦੋਸ਼, ਮਨੁੱਖੀ ਅਧਿਕਾਰਾਂ ਦੀ ਚੁਣੇਦੀ ਚਿੰਤਾ ਅਤੇ ਮਾਦੁਰੋ ਨੂੰ ਇੱਕਲੌਤਾ ਖਲਨਾਇਕ ਦਰਸਾਉਣਾ, ਇਹ ਸਭ ਇੱਕ ਤਿਆਰਸ਼ੁਦਾ ਨੈਰੇਟਿਵ ਦਾ ਹਿੱਸਾ ਹਨ। ਇਹ ਉਹੀ ਮੀਡੀਆ ਮਾਡਲ ਹੈ ਜੋ ਕੱਲ੍ਹ ਚਿਲੀ ਵਿੱਚ ਅਲੈਂਡੇ ਵਿਰੁੱਧ ਵਰਤਿਆ ਗਿਆ ਸੀ ਅਤੇ ਅੱਜ ਵੈਨਜ਼ਵੇਲਾ ਵਿੱਚ ਦੁਹਰਾਇਆ ਜਾ ਰਿਹਾ ਹੈ।
ਵੈਨਜ਼ਵੇਲਾ ਦੇ ਲੋਕ ਆਰਥਿਕ ਸੰਕਟ ਅਤੇ ਸਰਕਾਰੀ ਅਯੋਗਤਾ ਤੋਂ ਤੰਗ ਹਨ, ਪਰ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਅਮਰੀਕੀ ਪਾਬੰਦੀਆਂ ਨੇ ਇਸ ਸੰਕਟ ਨੂੰ ਹੋਰ ਗਹਿਰਾ ਕੀਤਾ ਹੈ। ਉਨ੍ਹਾਂ ਦਾ ਅਮਰੀਕੀ ਸਾਮਰਾਜਵਾਦ ਵਿਰੋਧ ਦਾ ਲੰਮਾ ਇਤਿਹਾਸ ਹੈ। ਉੱਥੋਂ ਦੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਾਰੀਆਂ ਕੋਰੀਨਾ ਮੋਚਾਦੋ ਤਾਂ “ਕਾਨੂੰਨ ਦਾ ਰਾਜ, ਖੁੱਲ੍ਹੇ ਬਜ਼ਾਰ ਅਤੇ ਵਿਸ਼ਾਲ ਨਿੱਜੀਕਰਨ” ਦੀ ਘੋਸ਼ਣਾ ਕਰ ਚੁੱਕੀ ਹੈ। ਇਸਦਾ ਮਤਲਬ ਵੈਨਜ਼ਵੇਲਾ ਦੇ ਕੁਦਰਤੀ ਸਰੋਤਾਂ ਨੂੰ ਅਮਰੀਕੀ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਦੇਣਾ ਹੀ ਹੈ। ਵੈਨਜ਼ਵੇਲਾ ਵਿੱਚ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਕਿਸੇ ਤੋਂ ਲੁਕੀ ਨਹੀਂ ਹੈ। ਅਮਰੀਕਾ ਨੇ ਵੀ ਇਸ ਪ੍ਰਾਜੈਕਟ ਲਈ ਕਈ ਮਿਲੀਅਨ ਰਾਖਵੇਂ ਰੱਖੇ ਸਨ। ਪਰ ਰਾਜਧਾਨੀ ਕਾਰਕਾਸ ਵਿੱਚ ਵੈਨਜ਼ਵੇਲਾ ਦੇ ਲੋਕਾਂ ਵੱਲੋਂ ਮੁਜ਼ਾਹਰੇ ਵੀ ਜ਼ਿਕਰਯੋਗ ਹਨ। ਵੈਨਜ਼ਵੇਲਾ ਦੇ ਲੋਕਾਂ ਨੇ ਡੌਨਲਡ ਟਰੰਪ ਦੇ ਇਸ ਬਿਆਨ ਨੂੰ ਠੁਕਰਾ ਦਿੱਤਾ ਕਿ ਉਹ ਵੈਨਜ਼ਵੇਲਾ ਉੱਤੇ ਸਿੱਧਾ ਰਾਜ ਕਰੇਗਾ। ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਮਾਦੁਰੋ ਦੀ ਉਪ-ਰਾਸ਼ਟਰਪਤੀ, ਡੈਲਸੀ ਰੋਡਰਿਗਜ਼, ਜਿਨ੍ਹਾਂ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ, ਨਾਲ ਕੰਮ ਕਰਨ ਲਈ ਤਿਆਰ ਹਨ। ਰੋਡਰਿਗਜ਼ ਨੇ ਨਰਮ ਸੁਰ ਵਿੱਚ ਅਮਰੀਕੀ ਸਰਕਾਰ ਨਾਲ “ਇੱਕ ਸਹਿਯੋਗੀ ਏਜੰਡੇ ’ਤੇ ਇਕੱਠੇ ਕੰਮ ਕਰਨ” ਦਾ ਸੱਦਾ ਦਿੱਤਾ ਹੈ, ਜਿਸਦਾ ਭਾਵ ਤੇਲ ਭੰਡਾਰਾਂ ਤਕ ਬੇਰੋਕ ਪਹੁੰਚ ਦੇਣਾ ਸ਼ਾਮਲ ਹੋਵੇਗਾ। ਟਰੰਪ ਪ੍ਰਸ਼ਾਸਨ ਇਹ ਵੀ ਮੰਗ ਕਰ ਰਿਹਾ ਹੈ ਕਿ ਵੈਨਜ਼ਵੇਲਾ ਤੇਲ ਉਤਪਾਦਨ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਚੀਨ, ਇਰਾਨ, ਰੂਸ ਅਤੇ ਕਿਊਬਾ ਨਾਲ ਸਬੰਧ ਤੋੜ ਲਵੇ। ਚੀਨ ਅਤੇ ਰੂਸ ਇਸ ਹਮਲੇ ਦੀ ਜ਼ੋਰਦਾਰ ਨਖੇਧੀ ਕਰ ਰਹੇ ਹਨ, ਪਰ ਕੀ ਉਹ ਸਿੱਧੇ ਸੈਨਿਕ ਟਕਰਾਅ ਦਾ ਜੋਖਮ ਮੁੱਲ ਲੈਣਗੇ? ਸੰਭਾਵਨਾ ਘੱਟ ਹੈ। ਰੂਸ ਜਾਂ ਚੀਨ ਵੱਲੋਂ ਮਾਦੁਰੋ ਲਈ ਸਪਸ਼ਟ ਫੌਜੀ ਸਮਰਥਨ ਦੀ ਅਣਹੋਂਦ ਕਈ ਸਵਾਲ ਖੜ੍ਹੇ ਕਰਦੀ ਹੈ। ਉਂਝ ਚੀਨ ਦਾ ਸੈਂਕੜੇ ਬਿਲੀਅਨ ਡਾਲਰ ਦਾ ਨਿਵੇਸ਼ ਵੈਨਜ਼ਵੇਲਾ ਵਿੱਚ ਹੈ ਜੋ ਉਸ ਲਈ ਸਭ ਤੋਂ ਵੱਡਾ ਘਾਟਾ ਹੋਵੇਗਾ। ਪਰ ਇਹ ਕਦਮ ਚੀਨ ਨੂੰ ਤਾਈਵਾਨ ’ਤੇ ਕਬਜ਼ੇ ਲਈ ਰਾਹ ਸੁਖਾਲਾ ਜ਼ਰੂਰ ਕਰੇਗਾ। ਟਰੰਪ ਦਾ ਨਵੇਂ ਸਾਲ ’ਤੇ “ਸੰਸਾਰ ਸ਼ਾਂਤੀ” ਲਈ ਲਿਆ ਸੰਕਲਪ ਉਸੇ ਸਚਾਈ ਨੂੰ ਉਜਾਗਰ ਕਰਦਾ ਹੈ ਜੋ 1907 ਵਿੱਚ ਰਾਸ਼ਟਰਪਤੀ ਵੁੱਡਰੋ ਵਿਲਸਨ ਨੇ ਕਹੀ ਸੀ: “ਜਦੋਂ ਵਪਾਰ ਰਾਸ਼ਟਰੀ ਸਰਹੱਦਾਂ ਨੂੰ ਨਜ਼ਰਅੰਦਾਜ਼ ਕਰਦਾ ਹੈ... ਉਸ ਦੇਸ਼ ਦਾ ਝੰਡਾ ਉਸਦੇ ਪਿੱਛੇ ਆਉਣਾ ਚਾਹੀਦਾ ਹੈ, ਅਤੇ ਜੋ ਦਰਵਾਜ਼ੇ ਉਸ ਲਈ ਬੰਦ ਕੀਤੇ ਜਾਂਦੇ ਹਨ, ਉਹਨਾਂ ਨੂੰ ਤੋੜ ਦਿੱਤਾ ਜਾਣਾ ਚਾਹੀਦਾ ਹੈ।” ਇਹ ਹੀ ਅਮਰੀਕੀ ਸ਼ਾਂਤੀ ਦਾ ਮਤਲਬ ਹੈ: ਬੰਦੂਕ ਦੀ ਨਾਲੀ ਦੇ ਸਹਾਰੇ ਖੁੱਲ੍ਹੇ ਬਜ਼ਾਰ।
ਇੱਕ ਪਾਸੇ ਟਰੰਪ ਇਸ ਤੋਂ ਬਾਅਦ ਗ੍ਰੀਨਲੈਂਡ ਅਤੇ ਪਨਾਮਾ ’ਤੇ ਕਬਜ਼ੇ ਦੀ ਗੱਲ ਨੂੰ ਦੁਹਰਾਉਂਦੇ ਹਨ, ਦੂਜੇ ਪਾਸੇ ਅਮਰੀਕਾ ਦੀ ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਕਿ ਉਸਨੇ ਵੈਨਜ਼ਵੇਲਾ ਉੱਤੇ ਹਮਲਾ ਕਰਨ ਲਈ ਸੰਸਦ ਤੋਂ ਮਨਜ਼ੂਰੀ ਨਹੀਂ ਲਈ, ਨਾ ਹੀ ਸੈਨਿਟ ਨੂੰ ਫੌਰੀ ਹਮਲਾ ਕਰਨ ਲਈ ਸੂਚਿਤ ਕੀਤਾ। ਇਹ ਸ਼ਰੇਆਮ ਫੈਡਰਲ ਅਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ। ਦੁਨੀਆਂ ਭਰ ਦੇ ਲੋਕਾਂ ਅਤੇ ਹੁਕਮਰਾਨਾਂ ਵੱਲੋਂ ਇਸ ਗ੍ਰਿਫਤਾਰੀ ਦਾ ਡਟਵਾਂ ਵਿਰੋਧ ਹੋ ਰਿਹਾ ਹੈ। ਵੈਨਜ਼ਵੇਲਾ ਦੇ ਰਾਸ਼ਟਰਪਤੀ ਦੀ ਰਿਹਾਈ ਲਈ ਵੈਨਜ਼ਵੇਲਾ, ਕੋਲੰਬੀਆ, ਕਿਊਬਾ, ਚਿਲੀ, ਬ੍ਰਾਜ਼ੀਲ ਮੈਕਸੀਕੋ ਆਦਿ ਦੇ ਲੋਕ ਰੈਲੀਆਂ ਮੁਜ਼ਾਹਰੇ ਕਰ ਰਹੇ ਹਨ। ਵੈਨਜ਼ਵੇਲਾ ਦਾ ਸੰਘਰਸ਼ ਸਿਰਫ ਇੱਕ ਦੇਸ਼ ਦਾ ਸੰਘਰਸ਼ ਨਹੀਂ ਰਿਹਾ, ਇਹ ਉਨ੍ਹਾਂ ਸਾਰੇ ਦੇਸ਼ਾਂ ਅਤੇ ਲੋਕਾਂ ਦਾ ਸੰਘਰਸ਼ ਹੈ ਜੋ ਆਪਣੇ ਸਰੋਤਾਂ ’ਤੇ ਖੁਦ ਅਧਿਕਾਰ ਰੱਖਣਾ ਚਾਹੁੰਦੇ ਹਨ। ਸਾਮਰਾਜੀ ਜੂਲੇ ਤੋਂ ਮੁਕਤੀ ਹੀ ਇਹ ਸੰਭਵ ਕਰ ਸਕਦੀ ਹੈ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































