SupinderSRana6ਹੁਣ ਸਮਾਗਮ ਵਾਲੀ ਥਾਂ ਨਾ ਜਾਇਓ, ਸਮਾਗਮ ਖਤਮ ਹੋ ਗਿਆ, ਸਾਰੇ ਆਪੋ-ਆਪਣੇ ...
(17 ਜਨਵਰੀ 2026)


ਕਾਫ਼ੀ ਦਿਨਾਂ ਤੋਂ ਅਸੀਂ ਦਫਤਰੋਂ ਪਹਿਲਾਂ ਨਾਲੋਂ ਛੇਤੀ ਵਿਹਲੇ ਹੋਣ ਲੱਗ ਪਏ ਸੀ। ਪਰਿਵਾਰ ਵਾਲੇ ਵੀ ਖੁਸ਼ ਸਨ। ਪਹਿਲਾਂ ਤਾਂ ਰਾਤ ਦੇ ਬਾਰਾਂ ਹੀ ਵੱਜ ਜਾਂਦੇ ਸਨ, ਹੁਣ ਕਰੀਬ ਸਾਢੇ ਕੁ ਦਸ ਵਜੇ ਕੰਮ ਨਿੱਬੜ ਜਾਂਦਾ। ਕਈ ਵਾਰ ਤਾਂ ਦਸ ਕੁ ਵਜੇ ਕੰਮ ਮੁਕਾ ਕੇ ਅਸੀਂ ਇੱਧਰ-ਉੱਧਰ ਦੇਖਣ ਲੱਗ ਜਾਂਦੇ। ਅਖਬਾਰਾਂ ਦਾ, ਖਾਸ ਕਰ ਨਿਊਜ਼ ਰੂਮ ਅਤੇ ਪ੍ਰੀਟਿੰਗ ਦਾ ਕੰਮ ਜ਼ਿਆਦਾ ਰਾਤ ਨੂੰ ਹੀ ਹੁੰਦਾ ਹੈ। ਇੱਕ ਦਿਨ ਗੁਆਂਢੀਆਂ ਦੇ ਬੱਚੇ ਦਾ ਜਨਮ ਦਿਨ ਸੀ, ਉਨ੍ਹਾਂ ਨੇ ਸਾਰੇ ਮੁਹੱਲੇ ਨੂੰ ਸੱਦਿਆ ਸੀ। ਮੈਂ ਸੋਚਿਆ, ਹੁਣ ਤਾਂ ਜਲਦੀ ਵਿਹਲੇ ਹੋ ਜਾਂਦੇ ਹਾਂ, ਰਾਤ ਨੂੰ ਖਾਣੇ ਦੇ ਸਮੇਂ ਤਾਂ ਪਹੁੰਚ ਹੀ ਜਾਵਾਂਗਾ। ਛੁੱਟੀ ਨਾ ਲਈ। ਛੁੱਟੀ ਲੈਣੀ ਦਫਤਰੋਂ, ਖਾਸ ਕਰ ਨਿਊਜ਼ ਰੂਮ ਵਿੱਚੋਂ ਤਾਂ ਬਹੁਤ ਮੁਸ਼ਕਿਲ ਹੈ। ਭਾਵੇਂ ਦੋ ਨਵੇਂ ਸਹਿਕਰਮੀ ਆ ਗਏ ਹਨ ਪਰ ਹਾਲਾਤ ਪਹਿਲਾਂ ਵਾਲੇ ਹੀ ਹਨ। ਅਧਿਕਾਰੀ ਆਪਣੀ ਥਾਂ ਠੀਕ ਹਨ। ਉਨ੍ਹਾਂ ਨੇ ਤਾਂ ਕੰਮ ਲੈਣਾ ਹੈ, ਜੇ ਕੋਈ ਛੁੱਟੀ ਕਰਦਾ ਹੈ ਤਾਂ ਦੂਜਾ ਬਦਲ ਜ਼ਰੂਰ ਚਾਹੀਦਾ ਹੈ। ਇਸ ਕਾਰਨ ਵਧੇਰੇ ਕਰ ਕੇ ਇੱਕ ਦੂਜੇ ਨਾਲ ਛੁੱਟੀ ਬਦਲਣ ਲਈ ਹੀ ਆਖ ਦਿੱਤਾ ਜਾਂਦਾ ਹੈ। ਅਖਬਾਰ ਦੇ ਪਹਿਲੇ ਪੰਨੇ ’ਤੇ ਜੈਕੇਟ (ਪੂਰੇ ਪੰਨੇ ਦਾ ਇਸ਼ਤਿਹਾਰ) ਆਉਣ ਕਾਰਨ ਜਾਪਦਾ ਸੀ ਕਿ ਅੱਜ ਛੇਤੀ ਵਿਹਲੇ ਹੋ ਜਾਵਾਂਗੇ। ਸਾਡੀ ਡਿਊਟੀ ਅਖਬਾਰ ਦਾ ਦੂਜਾ
, ਤੀਜਾ, ਚੌਥਾ ਅਤੇ ਦਿੱਲੀ ਵਾਲਾ ਪੰਨਾ ਬਣਾਉਣ ਦੀ ਸੀ। ਅਸੀਂ ਤਿੰਨ ਸਹਿਕਰਮੀ ਇਹ ਡਿਊਟੀ ਨਿਭਾ ਰਹੇ ਸੀ

ਪਹਿਲੇ ਪੰਨੇ ’ਤੇ ਜੈਕੇਟ ਆਉਣ ਕਾਰਨ ਉਸਦੇ ਪਿੱਛੇ ਵਾਲੇ ਪੰਨੇ ਦੀ ਗਿਣਤੀ ਜ਼ੀਰੋ ਹੋ ਜਾਂਦੀ ਹੈ। ਤਿੰਨ ਨੰਬਰ ਪੰਨਾ ਪਹਿਲਾ ਅਖਵਾਉਂਦਾ ਹੈ। ਇਸ ਕਾਰਨ ਪੰਨਿਆਂ ਦੀ ਗਿਣਤੀ ਵਿੱਚ ਵੀ ਫਰਕ ਪੈ ਜਾਂਦਾ ਹੈ। ਜੈਕੇਟ ਨਾਲ ਅਖਬਾਰ ਛਾਪਣ ਵਾਲਿਆਂ ਨੂੰ ਚੰਗੀ ਆਮਦਨ ਹੋ ਜਾਂਦੀ ਹੈ। ਇੱਕ ਪੰਨਾ ਘੱਟ ਬਣਾਉਣ ਕਾਰਨ ਅਸੀਂ ਸੁਖਾਲੇ ਮਹਿਸੂਸ ਕਰ ਰਹੇ ਸਾਂ। ਮੈਂ ਇੰਚਾਰਜ ਨੂੰ ਆਖ ਦਿੱਤਾ ਸੀ ਕਿ ਅੱਜ ਸਾਡੇ ਗੁਆਂਢ ਵਿੱਚ ਸਮਾਗਮ ਹੈ, ਇਸ ਲਈ ਮੈਂ ਥੋੜ੍ਹਾ ਛੇਤੀ ਨਿਕਲ ਜਾਵਾਂਗਾ। ਉਸਨੇ ਕੰਮ ਘੱਟ ਹੋਣ ਕਾਰਨ ਹਾਮੀ ਭਰ ਦਿੱਤੀ। ਦੋ ਕੁ ਵਾਰ ਮੈਂ ਘਰੇ ਫੋਨ ਕਰ ਦਿੱਤਾ ਕਿ ਅੱਜ ਵੇਲੇ ਸਿਰ ਸਮਾਗਮ ਵਿੱਚ ਪਹੁੰਚ ਜਾਵਾਂਗਾ, ਰੋਟੀ ਨਾ ਬਣਾਇਓ, ਸਮਾਗਮ ਵਿੱਚ ਹੀ ਖਾਣਾ ਛਕ ਲਵਾਂਗਾ। ਸਮਾਗਮ ਵਾਲੇ ਮੁੰਡੇ ਨੇ ਯਾਦ ਕਰਾਉਣ ਲਈ ਮੈਨੂੰ ਫੋਨ ਕਰ ਦਿੱਤਾ ਸੀ। ਉਹ ਆਖਦਾ ਸੀ, “ਭਾਅ ਜੀ ਵੇਲੇ ਸਿਰ ਜ਼ਰੂਰ ਪਹੁੰਚਣਾ। ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ।” ਮੈਂ ਉਸ ਨੂੰ ਭਰੋਸਾ ਦਿੱਤਾ ਕਿ ਜਲਦੀ ਵਿਹਲਾ ਹੋ ਜਾਵਾਂਗਾ। ਪੰਨੇ ਸਾਰੇ ਤਿਆਰ ਹੋ ਗਏ ਹਨ।

ਕਈ ਪੁਲ ਆਊਟਾਂ ਦੇ ਪੰਨੇ ਭੇਜ ਵੀ ਦਿੱਤੇ ਗਏ। ਐਨੇ ਨੂੰ ਪਤਾ ਲੱਗਿਆ ਕਿ ਕੰਪਨੀ ਨੇ ਇਸ਼ਤਿਹਾਰ ਰੋਕ ਲਿਆ ਹੈ। ਫੇਰ ਫੋਨ ਦੀ ਘੰਟੀ ਖੜਕੀ। ਪਤਾ ਲੱਗਿਆ ਕਿ ਜੈਕੇਟ ਉਡ ਗਈ। ਸਾਨੂੰ ਹੱਥਾਂ ਪੈਰਾਂ ਦੀ ਪੈ ਗਈ। ਪੰਨੇ ਦੇ ਉੱਪਰ ਉੱਕਰੇ ਅੰਕਾਂ ਵਿੱਚ ਫੇਰ ਬਦਲ ਕਰਨ ਲਈ ਪੁਲ ਆਊਟਾਂ ਦੇ ਪੰਨੇ ਕੈਂਸਲ ਕਰਨੇ ਪਏ। ਮੈਨੂੰ ਸਮਾਗਮ ਦਾ ਕੋਈ ਚਿੱਤ ਚੇਤਾ ਹੀ ਨਾ ਰਿਹਾ। ਹੁਣ ਇੱਕ ਪੰਨਾ ਤਿਆਰ ਕਰਨਾ ਪੈਣਾ ਸੀ। ਅਸੀਂ ਲੱਗੇ ਪੁਲ ਆਊਟਾਂ ਤੋਂ ਖਬਰਾਂ ਮੰਗਣ। ਐਨੇ ਨੂੰ ਇੱਕ ਪੱਤਰਕਾਰ ਦਾ ਫੋਨ ਆਇਆ। ਉਹ ਗੈਂਗਸਟਰ ਫੜਨ ਦੀ ਖਬਰ ਬਾਰੇ ਪੁੱਛਦਾ ਸੀ ਕਿ ਹੁਣ ਭੇਜਾਂ ਜਾਂ ਸਵੇਰੇ। ਅਸੀਂ ਆਖਿਆ, “ਹੁਣੇ ਭੇਜ ਦੇ, ਬਹੁਤ ਜ਼ਰੂਰੀ ਹੈ। ਜੇ ਹੋ ਸਕੇ ਤਾਂ ਫੋਟੋ ਵੀ ਭੇਜ ਦੇਣਾ। ਜ਼ਰਾ ਜਲਦੀ ਕਰਨਾ।”

ਇੱਕ ਵੱਡੀ ਖਬਰ ਆਉਣ ਦੀ ਆਸ ਨੇ ਘੱਟੋ-ਘੱਟ ਲੀਡ ਦੀ ਚਿੰਤਾ ਤਾਂ ਖਤਮ ਕਰ ਦਿੱਤੀ। ਪੁਲ ਆਊਟਾਂ ਤੋਂ ਖਬਰਾਂ ਮੰਗਣ ’ਤੇ ਕਈ ਸਾਥੀ ਨਰਾਜ਼ ਹੋ ਗਏ। ਆਖਣ ਲੱਗੇ, “ਸਾਡਾ ਬਣਿਆ ਬਣਾਇਆ ਪੰਨਾ ਖਰਾਬ ਹੋ ਜਾਣਾ, ਹੋਰ ਦੇਖ ਲਓ। ਅਸੀਂ ਖਬਰਾਂ ਬਣਾ ਦਿੰਦੇ ਹਾਂ।”  ਭਾਵ ਕੋਈ ਵੀ ਆਪਣਾ ਪੰਨਾ ਤੋੜਨ ਨੂੰ ਤਿਆਰ ਨਹੀਂ ਸੀ। ਕਈ ਵਾਰ ਇਸੇ ਕਾਰਨ ਇੱਕ-ਦੂਜੇ ਨਾਲ ਨਰਾਜ਼ਗੀ ਵੀ ਹੋ ਜਾਂਦੀ ਹੈ। ਚਲੋ ਕੁਝ ਤਸਵੀਰਾਂ ਅਤੇ ਇੱਧਰੋਂ-ਉੱਧਰੋਂ ਖਬਰਾਂ ਨਾਲ ਪੰਨਾ ਤਿਆਰ ਕੀਤਾ। ਚੈੱਕ ਕਰਵਾਉਣ ਮਗਰੋਂ ਪੰਨਾ ਭੇਜਿਆ। ਮਗਰੋਂ ਕੰਪਿਊਟਰ ਬੰਦ ਕਰਕੇ ਆਪਣੇ ਘਰਾਂ ਨੂੰ ਚਾਲੇ ਪਾਏ।

ਗੱਡੀ ਵਿੱਚ ਬੈਠਣ ਲੱਗਿਆ ਮੈਂ ਸੋਚਣ ਲੱਗਿਆ, ਹੁਣ ਕਿੱਧਰ ਨੂੰ ਜਾਵਾਂ? ਸਮਾਗਮ ਤਾਂ ਖਤਮ ਹੋ ਗਿਆ ਹੋਣਾ। ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ। ਉਹ ਆਖਣ ਲੱਗੇ, ‘ਹੁਣ ਸਮਾਗਮ ਵਾਲੀ ਥਾਂ ਨਾ ਜਾਇਓ, ਸਮਾਗਮ ਖਤਮ ਹੋ ਗਿਆ, ਸਾਰੇ ਆਪੋ-ਆਪਣੇ ਘਰ ਪਹੁੰਚ ਗਏ।”

ਮੈਂ ਘਰ ਪਹੁੰਚਿਆ। ਘਰਦਿਆਂ ਨੇ ਸਮਾਗਮ ਕਾਰਨ ਖਾਣਾ ਵੀ ਨਹੀਂ ਬਣਾਇਆ ਸੀ। ਦੁੱਧ ਨਾਲ ਬਿਸਕੁਟ ਖਾ ਕੇ ਸੌਂ ਗਿਆ। ਦੂਜੇ ਦਿਨ ਦੁਪਹਿਰੇ ਗੁਆਂਢੀਆਂ ਦਾ ਮੁੰਡਾ ਮਿਲਿਆ। ਆਖਣ ਲੱਗਿਆ, “ਭਾਅ ਜੀ, ਤੁਸੀਂ ਰਾਤ ਸਾਡੇ ਨਾਲ ਚੰਗੀ ਕੀਤੀ। ਰਾਤ ਤੁਹਾਡੀ ਬਹੁਤ ਉਡੀਕ ਕੀਤੀ। ਤੁਸੀਂ ਕਹਿੰਦੇ ਸੀ ਜ਼ਰੂਰ ਪਹੁੰਚ ਜਾਵਾਂਗਾ।”

ਮੈਂ ਆਖਿਆ, “ਅਸੀਂ ਠੀਕ ਸਮੇਂ ’ਤੇ ਵਿਹਲੇ ਹੋ ਗਏ ਸੀ। ਐਨ ਮੌਕੇ ’ਤੇ ਜੈਕੇਟ ਉਡ ਗਈ। ਦੁਬਾਰਾ ਪੇਜ ਬਣਾਉਣਾ ਪਿਆ। ਇਸੇ ਕਾਰਨ ਦੇਰ ਹੋ ਗਈ।”

ਉਹ ਆਖਣ ਲੱਗਿਆ, “ਭਾਅ ਜੀ, ਕੋਈ ਹੋਰ ਬਹਾਨਾ ਲਾਓ। ਭਲਾ ਗਰਮੀਆਂ ਵਿੱਚ ਕੌਣ ਜੈਕੇਟ ਪਾਉਂਦਾ? ਨਾਲੇ ਇੰਨੀ ਕਿਹੜੀ ਹਨੇਰੀ ਚੱਲੀ, ਜਿਹੜੀ ਤੁਹਾਡੀ ਜੈਕੇਟ ਉਡਾ ਕੇ ਲੈ ਗਈ।”

ਮੇਰਾ ਹਾਸਾ ਨਿਕਲ ਗਿਆ। ਫਿਰ ਮੈਂ ਉਸ ਨੂੰ ਅਖਬਾਰੀ ਲਾਈਨ ਦੀ ਜੈਕੇਟ ਬਾਰੇ ਸੰਖੇਪ ਵਿੱਚ ਦੱਸਿਆ। ਉਸਦੀ ਫਿਰ ਵੀ ਤਸੱਲੀ ਨਾ ਹੋਈ।

ਹੁਣ ਜਦੋਂ ਕੋਈ ਮੁਹੱਲੇ ਵਿੱਚ ਸਮਾਗਮ ਹੁੰਦਾ ਹੈ ਤਾਂ ਅਗਲਾ ਪਹਿਲਾਂ ਹੀ ਆਖ ਦਿੰਦਾ ਹੈ, “ਇਸ ਵਾਰ ਭਾਅ ਜੀ ਛੁੱਟੀ ਲੈ ਲਿਓ, ਫਿਰ ਨਾ ਆਖਿਓ, ਜੈਕੇਟ ਉਡ ਗਈ। ਹੁਣ ਤੁਹਾਡਾ ਅਸੀਂ ਕੋਈ ਬਹਾਨਾ ਨਹੀਂ ਸੁਣਨਾ।”

ਹੁਣ ਜਦੋਂ ਵੀ ਮੁਹੱਲੇ ਦਾ ਕੋਈ ਬੰਦਾ ਸਮਾਗਮ ਦਾ ਸੁਨੇਹਾ ਦੇਣ ਆਉਂਦਾ ਹੈ ਤਾਂ ਜੈਕੇਟ ਉਡਣ ਵਾਲੀ ਘਟਨਾ ਯਾਦ ਆ ਜਾਂਦੀ ਹੈ। ਜਦੋਂ ਕਿਸੇ ਸਮਾਗਮ ਵਿੱਚ ਪਹੁੰਚ ਨਹੀਂ ਹੁੰਦਾ ਤਾਂ ਕਈ ਦੂਜੇ ਦਿਨ ਇਹੀ ਆਖ ਦਿੰਦੇ ਹਨ, “ਕੱਲ੍ਹ ਰਾਤ ਫਿਰ ਜੈਕੇਟ ਉਡ ਗਈ?”

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਸੁਪਿੰਦਰ ਸਿੰਘ ਰਾਣਾ

ਸੁਪਿੰਦਰ ਸਿੰਘ ਰਾਣਾ

Phone: (91 - 98152 - 33232)
Email: (supinderrana232@gmail.com)

More articles from this author