CharanjitNohraDr7ਖੇਤ ਵਿੱਚ ਕੰਮ ਕਰਦਾ ਕਿਸਾਨ ਮੇਰੇ ਵੱਲ ਭੱਜਿਆ ਆਇਆ ...
(10 ਜਨਵਰੀ 2026)


ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਤੋਂ ਬਾਅਦ ਡਰਾਈਵਿੰਗ ਕਰਨਾ ਸੜਕ ਹਾਦਸਿਆਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਬਹੁਤ ਸਾਰੇ ਉਦਯੋਗ, ਜੋ ਚੌਵੀ ਘੰਟਿਆਂ ਲਈ ਲਗਾਤਾਰ ਚੱਲਦੇ ਹਨ
, ਉਨ੍ਹਾਂ ਵਿੱਚ ਅੱਠ-ਅੱਠ ਘੰਟੇ ਦੀਆਂ ਤਿੰਨ ਸ਼ਿਫਟਾਂ ਚਲਦੀਆਂ ਹਨ। ਆਮ ਤੌਰ ’ਤੇ ਸਵੇਰ ਦੀ ਸ਼ਿਫਟ ਸਵੇਰੇ 6 ਵਜੇ, ਦੁਪਹਿਰ ਬਾਅਦ 2 ਵਜੇ ਅਤੇ ਰਾਤ ਨੂੰ ਅਤੇ ਰਾਤ ਦੀ ਸ਼ਿਫਟ ਰਾਤ ਦੇ 10 ਵਜੇ ਸ਼ੁਰੂ ਹੁੰਦੀ ਹੈ। ਮਨੁੱਖ ਨੇ ਘੜੀ ਬਣਾਈ ਸੀ ਤਾਂ ਜੋ ਸਮੇਂ ਨੂੰ ਮਾਪ ਸਕੇ, ਪਰ ਹੌਲੀ-ਹੌਲੀ ਘੜੀ ਨੇ ਮਨੁੱਖ ਨੂੰ ਮਾਪਣਾ ਸ਼ੁਰੂ ਕਰ ਦਿੱਤਾ।

ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਮੈਨੂੰ ਪੰਜਾਬ ਦੇ ਇੱਕ ਵੱਡੇ ਪ੍ਰੋਸੈੱਸਿੰਗ ਉਦਯੋਗ ਵਿੱਚ ਮਕੈਨੀਕਲ ਰੱਖ-ਰਖਾਵ ਵਿਭਾਗ ਵਿੱਚ ਸ਼ਿਫਟਾਂ ਅਧੀਨ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਕਿ ਡਿਊਟੀ ਨੂੰ ਹਫਤੇ ਬਾਅਦ ਬਦਲ ਦਿੱਤਾ ਜਾਂਦਾ ਸੀ। ਹਫਤੇ ਬਾਅਦ ਡਿਊਟੀ ਦਾ ਬਦਲਣਾ, ਕਦੇ ਪੂਰੀ ਟੀਮ ਦਾ ਅਤੇ ਕਦੇ ਅਧੂਰੇ ਸਟਾਫ ਦਾ, ਮਨੁੱਖੀ ਮਨ ਨੂੰ ਲਗਾਤਾਰ ਅਸਥਿਰਤਾ ਵਿੱਚ ਰੱਖਦਾ ਹੈ। ਇਨ੍ਹਾਂ ਸਭ ਸ਼ਿਫਟਾਂ ਵਿੱਚੋਂ ਰਾਤ ਦੀ ਸ਼ਿਫਟ ਸਭ ਤੋਂ ਔਖੀ ਸੀ, ਪਰ ਉਦਯੋਗਿਕ ਮਕਸਦਾਂ ਦੇ ਸਾਹਮਣੇ ਮਨੁੱਖੀ ਥਕਾਵਟ ਦੀ ਕੋਈ ਬਹੁਤੀ ਗਿਣਤੀ ਨਹੀਂ ਹੁੰਦੀ। ਰਾਤ ਦੀਆਂ ਸ਼ਿਫਟਾਂ ਮਨੁੱਖ ਅਤੇ ਸਮੇਂ ਦੇ ਟਕਰਾਵ ਨੂੰ ਹੋਰ ਗਹਿਰਾ ਕਰ ਦਿੰਦੀਆਂ ਹਨ। ਰਾਤ, ਜੋ ਮਨੁੱਖੀ ਚੇਤਨਾ ਵਿੱਚ ਵਿਸ਼ਰਾਮ, ਸੁਪਨਿਆਂ ਅਤੇ ਅੰਦਰੂਨੀ ਸੰਵਾਦ ਦਾ ਸਮਾਂ ਹੁੰਦਾ ਹੈ, ਇਹ ਰਾਤ ਉਦਯੋਗਿਕ ਸੰਸਾਰ ਵਿੱਚ ਉਤਪਾਦਨ ਦਾ ਸਮਾਂ ਬਣ ਜਾਂਦੀ ਹੈ।

ਰਾਤ ਦੀ ਸ਼ਿਫਟ ਸਿਹਤ ਲਈ ਸੰਭਾਵੀ ਜੋਖਮ ਬਣ ਜਾਂਦੀ ਹੈ। ਨੀਂਦ, ਖਾਣ-ਪੀਣ, ਪਰਿਵਾਰਕ ਸਮਾਂ, ਇਹ ਸਭ ਕੁਝ ਗੜਬੜ ਹੋ ਜਾਂਦਾ ਹੈ। ਰਾਤਾਂ ਨੂੰ ਜਾਗਣ ਵਾਲਾ ਆਪਣੀ ਨੀਂਦ ਦਿਨ ਦੇ ਸੂਰਜ ਹੇਠ ਲੱਭਦਾ ਫਿਰਦਾ ਹੈ। ਉਦੋਂ ਮੇਰੇ ਨਾਲ ਵੀ ਇਹੀ ਹੁੰਦਾ ਸੀਹਫਤੇ ਦੇ ਸ਼ੁਰੂ ਵਿੱਚ ਇਹ ਤਬਦੀਲੀ ਬੇਹੱਦ ਔਖੀ ਲਗਦੀ, ਪਰ ਅੰਤ ਤਕ ਸਰੀਰ ਜਿਵੇਂ ਥਕਾਵਟ ਨਾਲ ਸਮਝੌਤਾ ਕਰ ਲੈਂਦਾ ਸੀ।

ਇੱਕ ਵਾਰ ਇੱਥੇ ਲਗਾਤਾਰ ਸ਼ਿਫਟ ਬਦਲਣ ਦੀਆਂ ਇਨ੍ਹਾਂ ਘੁੰਮਣਘੇਰੀਆਂ ਵਿੱਚ ਜਦੋਂ ਮੇਰੀ ਰਾਤ ਦੀ ਸ਼ਿਫਟ ਸ਼ੁਰੂ ਹੋਈ, ਉਸੇ ਪਹਿਲੀ ਰਾਤ ਮਕੈਨੀਕਲ ਬਰੇਕਡਾਊਨ ਕਾਰਨ ਫੈਕਟਰੀ ਦੀ ਚਾਲ ਰੁਕ ਗਈ। ਸਾਰੀ ਰਾਤ ਇਸ ਬਰੇਕ ਡਾਊਨ ਨੂੰ ਹੱਲ ਕਰਨ ਲਈ ਜੱਦੋਜਹਿਦ ਵਿੱਚ ਅਤੇ ਮੈਨਪਾਵਰ ਪ੍ਰਬੰਧਨ ਵਿੱਚ ਲੰਘ ਗਈਇੱਕ ਵੀ ਪਲ ਨੀਂਦਰ ਨਾ ਲਈ। ਜਦੋਂ ਸ਼ਿਫਟ ਦੇ ਅੰਤ ’ਤੇ ਪਲਾਂਟ ਨੂੰ ਮੁੜ ਚਾਲੂ ਕਰ ਦਿੱਤਾ ਗਿਆ, ਤਦ ਮਸ਼ੀਨਾਂ ਆਪਣੀ ਲੈਅ ਵਿੱਚ ਵਾਪਸ ਆ ਗਈਆਂ, ਪਰ ਮੇਰਾ ਤਨ-ਮਨ ਆਪਣੀ ਲੈ ਗੁਆ ਬੈਠਿਆ। ਮੇਰਾ ਸਰੀਰ ਨੀਂਦ ਭਾਲਦਾ ਸੀ। ਆਧੁਨਿਕ ਉਦਯੋਗਿਕ ਸਮਾਜ ਵਿੱਚ ਨੀਂਦ ਨੂੰ ਵੀ ਇੱਕ ਅਣ-ਉਤਪਾਦਕ ਸਮਾਂ ਮੰਨਿਆ ਜਾਣ ਲੱਗ ਪਿਆ ਹੈ ਜਦੋਂ ਨੀਂਦ ਮਨੁੱਖ ਦਾ ਅਧਿਕਾਰ ਨਹੀਂ, ਬਲਕਿ ਇੱਕ ਰੁਕਾਵਟ ਦੀ ਤਰ੍ਹਾਂ ਦੇਖੀ ਜਾਂਦੀ ਹੈ।

ਉਹਨਾਂ ਦਿਨਾਂ ਵਿੱਚ ਫੈਕਟਰੀ ਆਉਣ-ਜਾਣ ਲਈ ਵਰਤਿਆ ਜਾਣ ਵਾਲਾ ਨਵਾਂ ਮੋਟਰਸਾਈਕਲ ਮੇਰੇ ਲਈ ਘਰ ਤੋਂ ਫੈਕਟਰੀ ਤਕ ਆਉਣ ਜਾਣ ਦਾ ਸਾਧਨ ਹੀ ਨਹੀਂ ਸੀ, ਉਹ ਮੇਰੀ ਥਕਾਵਟ ਅਤੇ ਸੰਘਰਸ਼ ਦਾ ਸਾਥੀ ਵੀ ਸੀ ਅਤੇ ਮੇਰੇ ਅੰਦਰ ਚੱਲ ਰਹੇ ਉਸ ਅਸੰਤੁਲਨ ਦਾ ਗਵਾਹ ਸੀ।

ਉਸ ਸਵੇਰ ਮੈਂ ਰਿਲੀਵਰ ਸ਼ਿਫਟ ਇੰਜਨੀਅਰ ਨਾਲ ਮੁਲਾਕਾਤ ਕਰਕੇ ਅਤੇ ਉਸਦੇ ਹਵਾਲੇ ਡਿਊਟੀ ਦੀ ਜ਼ਿੰਮੇਵਾਰੀ ਸੌਂਪ ਕੇ ਮੈਂ ਜਿਵੇਂ ਸੁਰਖਰੂ ਹੋ ਗਿਆ ਸੀ। ਘਰ ਨੂੰ ਜਾਣ ਲਈ ਮੈਂ ਆਪਣੀ ਨਵੇਂ ਮੋਟਰਸਾਈਕਲ ਦੀ ਸੀਟ ਨੂੰ ਥਾਪੜਾ ਦਿੱਤਾ। ਥਾਪੜਾ ਮਾਰਨ ਵੇਲੇ ਮੈਂ ਮੋਟਰਸਾਈਕਲ ਨੂੰ ਮੱਲੋ-ਮੱਲੀ ਕਹਿ ਦਿੰਦਾ ਸੀ, “ਚੱਲ ਬਈ ਘੋੜਿਆ ...” ਫੈਕਟਰੀ ਤੋਂ ਬਾਹਰ ਆਉਣ ਤੋਂ ਬਾਅਦ 5 ਕੁ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਮੈਂ ਲਿੰਕ ਸੜਕ ਰਾਹੀਂ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਸੜਕ ਦੇ ਦੋਵੇਂ ਪਾਸੀਂ ਖੇਤਾਂ ਵਿੱਚ ਕਣਕ ਦੀ ਕਟਾਈ ਜਾਰੀ ਸੀ। ਇਹ ਦ੍ਰਿਸ਼ ਕੁਦਰਤ ਦੀ ਨਿਰੰਤਰਤਾ ਦੇ ਦਰਸ਼ਨ ਕਰਵਾ ਰਿਹਾ ਸੀ, ਜਿੱਥੇ ਮਨੁੱਖੀ ਥਕਾਵਟ ਦੇ ਬਾਵਜੂਦ ਸਮਾਂ ਆਪਣੀ ਚਾਲ ਵਿੱਚ ਅੱਗੇ ਵਧਦਾ ਰਹਿੰਦਾ ਹੈ। ਮੋਟਰਸਾਈਕਲ ਦੀ ਸੀਟ ’ਤੇ ਬੈਠਿਆਂ, ਸਵੇਰੇ-ਸਵੇਰੇ ਮੈਂ ਠੰਢੀ ਹਵਾ ਨੂੰ ਮਾਣ ਰਿਹਾ ਸੀ। ਮਨ ਭਵਿੱਖ ਦੀ ਉਧੇੜ-ਬੁਣ ਵਿੱਚ ਗੁੰਮ ਸੀ, ਉਹੀ ਭਵਿੱਖ, ਜੋ ਅਕਸਰ ਮਨੁੱਖ ਨੂੰ ਵਰਤਮਾਨ ਤੋਂ ਵਿਛੋੜ ਦਿੰਦਾ ਹੈ। ਨੀਂਦ ਪੂਰੀ ਤਰ੍ਹਾਂ ਭਾਰੂ ਸੀ ਅਤੇ ਮੇਰਾ ਸਰੀਰ ਨੀਂਦ ਨੂੰ ਜਿਵੇਂ ਕਹਿ ਰਿਹਾ ਸੀ ਬੱਸ ਅੱਧਾ ਘੰਟਾ ਹੋਰ ... ਮੈਂ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ ਆਪਣੇ ਚੱਲ ਰਹੇ ਮੋਟਰਸਾਈਕਲ ’ਤੇ ਸੌਂ ਸਕਦਾ ਸਾਂ। ਆਖਰ ਮੇਰੇ ਚਲਦੇ ਮੋਟਰ ਸਾਈਕਲ ਉੱਤੇ ਹੀ ਨੀਂਦ ਜਿੱਤ ਗਈ ...

ਕੁਝ ਸਮੇਂ ਬਾਅਦ ਮੈਂ ਆਪਣੇ ਆਪ ਨੂੰ ਖੁੱਲ੍ਹੇ ਖੇਤ ਦੇ ਵਿਚਕਾਰ ਡਿਗਿਆ ਦੇਖਿਆ ਅਤੇ ਮੋਟਰਸਾਈਕਲ ਬੰਦ ਹੋ ਗਿਆ ਸੀ। ਖੇਤ ਵਿੱਚ ਕੰਮ ਕਰਦਾ ਕਿਸਾਨ ਮੇਰੇ ਵੱਲ ਭੱਜਿਆ ਆਇਆ। ਆ ਕੇ ਉਸਨੇ ਮੈਨੂੰ ਉਠਾਇਆ। ਮੈਂ ਉਸ ਕਿਸਾਨ ਨਾਲ ਥੋੜ੍ਹੀ ਦੇਰ ਗੱਲਬਾਤ ਕੀਤੀ ਅਤੇ ਉਸ ਨੂੰ ਆਪਣੀ ‘ਨੀਂਦ’ ਵਾਲੀ ਕਹਾਣੀ ਬਾਰੇ ਦੱਸਿਆ। ਕੁਦਰਤ ਦੀ ਕ੍ਰਿਪਾ ਕਰਕੇ ਕਹਿ ਸਕਦਾ ਹਾਂ ਕਿ ਮੇਰੇ ਨਾਲ ਉਸ ਦਿਨ ਬਹੁਤ ਵੱਡਾ ਹਾਦਸਾ ਵਾਪਰਨ ਤੋਂ ਟਲ਼ ਗਿਆ ਸੀ।

ਨੀਂਦ ਉੱਤੇ ਬਹੁਤ ਸਾਰੇ ਕਵੀਆਂ ਨੇ ਬਹੁਤ ਕੁਛ ਲਿਖਿਆ ਹੈ ਪਰ ਮੈਨੂੰ ਮੁਨੱਵਰ ਰਾਣਾ ਦਾ ਇੱਕ ਸ਼ੇਅਰ ਯਾਦ ਆ ਜਾਂਦਾ ਹੈ,

ਸੋ ਜਾਤੇ ਹੈਂ ਫੂਟਪਾਥ ਪੇ ਅਖਬਾਰ ਵਿਛਾ ਕਰ,
ਮਜ਼ਦੂਰ ਕਭੀ ਨੀਂਦ ਕੀ ਗੋਲੀ ਨਹੀਂ ਖਾਤੇ।”

ਸੰਸਾਰ ਭਰ ਦੇ ਕਿਸੇ ਵੀ ਹਿੱਸੇ ਵਿੱਚ ਆਪਣੇ ਹਿੱਸੇ ਵਾਲੀ ਰਾਤ ਦੀ ਨੀਂਦ ਤਿਆਗ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਰਾਤ ਦੀਆਂ ਸ਼ਿਫਟਾਂ ਕਰਨ ਵਾਲਿਆਂ ਨੂੰ ਮੇਰਾ ਦਿਲੋਂ ਸਲਾਮ ਅਤੇ ਉਹਨਾਂ ਨੂੰ ਇਹ ਸਲਾਹ ਵੀ ਦੇਣੀ ਚਾਹਾਂਗਾ ਕਿ ਪੂਰੀ ਨੀਂਦ ਲਏ ਬਿਨਾਂ ਕਦੇ ਵੀ ਡ੍ਰਾਈਵਿੰਗ ਨਾ ਕਰਨ ਕਿਉਂਕਿ ਜਿਵੇਂ ਕੋਈ ਵੀ ਵਾਕ ਬਿਨਾਂ ਵਿਰਾਮ ਦੇ ਅਰਥ ਬਦਲ ਦਿੰਦਾ ਹੈ, ਇਵੇਂ ਬਿਨਾਂ ਨੀਂਦ ਦੇ ਜੀਵਨ ਵੀ ਆਪਣੀ ਚਾਲ ਗੁਆ ਬੈਠਦਾ ਹੈ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਡਾ. ਚਰਨਜੀਤ ਨੌਹਰਾ

ਡਾ. ਚਰਨਜੀਤ ਨੌਹਰਾ

Assistant Professor, Punjabi University Patiala, Punjab, India.
(MBA, M Tech, Ph.D. Mechanical Engineering)
Whatsapp: (91 - 81466 - 46477)
Email: (charanjit.nohra@gmail.com)