“ਅਸੀਂ ਅਗਲੇ ਦਿਨ ਦੋਹਾਂ ਧਿਰਾਂ ਨੂੰ ਬੁਲਾ ਕੇ ਚਾਹ ਦਾ ਕੱਪ ਸਾਂਝਾ ਕਰਦਿਆਂ ਉਨ੍ਹਾਂ ਦੀ ...”
(6 ਜਨਵਰੀ 2026)
ਅੱਜ ਭਾਵੇਂ ਵਿਗਿਆਨ ਦਾ ਯੁਗ ਹੈ, ਵਿਗਿਆਨੀਆਂ ਨੇ ਕੰਪਿਊਟਰ ਯੁਗ ਤੋਂ ਬਾਅਦ ਆਰਟੀਫੀਸ਼ਲ ਇੰਟੈਲੀਜੈਂਸ ਦੇ ਯੁਗ ਵਿੱਚ ਪੈਰ ਧਰ ਲਿਆ ਹੈ। ਧੜਾਧੜ ਵਿਗਿਆਨਕ ਖੋਜਾਂ ਹੋ ਰਹੀਆਂ ਹਨ। ਆਵਾਜਾਈ, ਸੰਚਾਰ, ਮਨੋਰੰਜਨ, ਰੋਜ਼ਾਨਾ ਜ਼ਿੰਦਗੀ ਦੇ ਹਰ ਖੇਤਰ ਦੀਆਂ ਵਰਤੋਂ ਦੀਆਂ ਚੀਜ਼ਾਂ ਦੀਆਂ ਖੋਜਾਂ ਭਾਵ ਵਿਗਿਆਨੀਆਂ ਨੇ ਮਨੁੱਖੀ ਜ਼ਿੰਦਗੀ ਨੂੰ ਹਰ ਪੱਖੋਂ ਸੁਖਾਲਾ ਬਣਾ ਦਿੱਤਾ ਹੈ। ਮੋਬਾਇਲ ਨੇ ਸਾਰੀ ਦੁਨੀਆਂ ਨੂੰ ਮੁੱਠੀ ਵਿੱਚ ਬੰਦ ਕਰ ਲਿਆ ਹੈ। ਪਰ ਅਜੇ ਵੀ ਅਖੌਤੀ ਸਿਆਣੇ ਆਪਣੀਆਂ ਭਰਮਾਊ ਗੱਲਾਂ, ਜਾਦੂ-ਟੂਣੇ, ਧਾਗੇ-ਤਵੀਤਾਂ, ਪੁੱਛਾਂ ਰਾਹੀਂ ਲੋਕਾਂ ਨੂੰ ਲੁੱਟ ਰਹੇ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਲੋਕ ਉਨ੍ਹਾਂ ਦੇ ਮੱਕੜਜਾਲ਼ ਵਿੱਚੋਂ ਨਿਕਲ ਨਹੀਂ ਰਹੇ। ਭਾਵੇਂ ਅਥਾਹ ਵਿਗਿਆਨਕ ਤਕਨੀਕਾਂ ਹੋ ਰਹੀਆਂ ਹਨ, ਵਿਗਿਆਨਕ ਖੋਜਾਂ, ਕਾਢਾਂ ਦਾ ਅਨੰਦ ਮਾਣਿਆ ਜਾ ਰਿਹਾ ਹੈ ਪਰ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਨਹੀਂ ਹੋ ਰਿਹਾ।
ਕੁਝ ਸਾਲਾਂ ਪਹਿਲਾਂ ਦੀ ਗੱਲ ਹੈ, ਸਾਡੇ ਕੋਲ ਸੰਗਰੂਰ ਨੇੜਲੇ ਪਿੰਡ ਦਾ ਇੱਕ ਬੰਦਾ ਆਇਆ, ਕਹਿੰਦਾ, “ਮੇਰੇ ਘਰੋਂ 20 ਹਜ਼ਾਰ ਵਿੱਚ ਚੋਰੀ ਹੋ ਗਏ ਸੀ। ਮੈਂ ਵਿਆਹ ਗਿਆ ਹੋਇਆ ਸੀ, ਕਈ ਦਿਨ ਲੱਗ ਗਏ, ਪਿੱਛੋਂ ਮੇਰੇ ਘਰੇ ਰੱਖੇ 20 ਹਜ਼ਾਰ ਰੁਪਏ ਚੋਰੀ ਹੋ ਗਏ। ਮੈਂ ਸੁਨਾਮ ਨੇੜਲੇ ਇੱਕ ਪਿੰਡ ਵਿੱਚ ਪੁੱਛਾਂ ਦਿੰਦੇ ‘ਸਿਆਣੇ’ ਕੋਲ ਗਿਆ। ਉਸ ਕਿਹਾ ਕਿ ਪੈਸੇ ਤੁਹਾਡੇ ਨਾਲ ਲਗਦੀ ਘਰ ਦੀ ਔਰਤ ਨੇ ਚੋਰੀ ਕਰਕੇ ਆਪਣੀ ਪੇਟੀ ਵਿੱਚ ਰੱਖੇ ਹੋਏ ਨੇ। ਪੈਸਿਆਂ ਨੂੰ ਚੁੰਨੀ ਵਿੱਚ ਲਪੇਟ ਕੇ ਦਰੀਆਂ ਦੇ ਥੱਲੇ ਰੱਖਿਆ ਹੋਇਆ ਹੈ।” ਪੁੱਛ ਲੈਣ ਤੋਂ ਬਾਅਦ ਮੈਂ ਆਪਣੇ ਗੁਆਂਢੀ ਨੂੰ ਕਿਹਾ, “ਸਾਡੇ ਪੈਸੇ ਤੇਰੀ ਘਰਵਾਲੀ ਨੇ ਚੋਰੀ ਕਰਕੇ ਆਪਣੀ ਪੇਟੀ ਵਿੱਚ ਰੱਖੇ ਹੋਏ ਹਨ। ਮੈਂ ਪੁੱਛ ਕਢਵਾ ਕੇ ਆਇਆਂ ਹਾਂ। ਉਸ ਬੰਦੇ ਨੂੰ ਬਹੁਤ ਗੁੱਸਾ ਆਇਆ ਤੇ ਮੇਰੇ ਕਹਿਣ ਦੇ ਨਾਲ ਹੀ ਆਪਣੀ ਦੁਕਾਨ ਤੋਂ ਉੱਠ ਕੇ ਘਰ ਜਾ ਕੇ ਪੇਟੀ ਖੋਲ੍ਹ ਕੇ ਦਿਖਾਈ। ਸਿਆਣੇ ਦੇ ਕਹਿਣ ਮੁਤਾਬਿਕ ਨਾ ਤਾਂ ਪੇਟੀ ਵਿੱਚ ਕੋਈ ਦਰੀ ਸੀ ਨਾ ਹੀ ਕੋਈ ਚੁੰਨੀ। ਨਾ ਹੀ ਪੈਸੇ ਮਿਲੇ। ਹੁਣ ਉਹ ਕਹਿੰਦੇ ਹਨ, ਤੈਨੂੰ ਜੁਰਮਾਨਾ ਲੱਗਣਾ ਚਾਹੀਦਾ ਹੈ।”
ਸਾਰੀ ਵਿਥਿਆ ਸੁਣਾਉਣ ਤੋਂ ਬਾਅਦ ਉਹ ਮੈਨੂੰ ਕਹਿੰਦਾ, “ਤੁਸੀਂ ਤਰਕਸ਼ੀਲ ਸੁਸਾਇਟੀ ਵਾਲੇ ਹੋਂ, ਸਾਡੇ ਨਾਲ ਉਸ ਸਿਆਣੇ ਕੋਲ ਚੱਲੋ, ਜਿਸਨੇ ਸਾਡੇ ਗੁਆਂਢੀ ਨਾਲ ਸਾਡਾ ਝਗੜਾ ਕਰਵਾਇਆ ਹੈ ਅਤੇ ਮੈਥੋਂ ਇੱਕ ਹਜ਼ਾਰ ਰੁਪਏ ਲੈ ਲਏ ਹਨ।”
ਅਸੀਂ ਕਿਹਾ, “ਤੁਸੀਂ ਲੋਕ ਸਮਝਦਾਰ, ਅਕਲਮੰਦ, ਬੁੱਧੀ ਤੋਂ ਕੰਮ ਲੈਣ ਵਾਲੇ ਨਹੀਂ ਬਣ ਸਕਦੇ। ਇਹ ਪਰਜੀਵੀ ਨੇ, ਤੁਹਾਡੀ ਕਮਾਈ ਤੇ ਪਲਦੇ ਹਨ। ਇਹ ਗੱਲ ਬਹੁਤ ਚੰਗੀ ਰਹੀ ਕਿ ਤੇਰੇ ਗੁਆਂਢੀ ਨੇ ਪੇਟੀ ਉਸੇ ਵੇਲੇ ਖੋਲ੍ਹ ਕੇ ਦਿਖਾ ਦਿੱਤੀ। ਜੇ ਸਮਾਂ ਲਗਦਾ ਫਿਰ ਤੇਰੇ ਮਨ ਵਿੱਚ ਪੱਕਾ ਹੋ ਜਾਣਾ ਸੀ ਕਿ ਚੋਰੀ ਗੁਆਂਢਣ ਨੇ ਕੀਤੀ ਹੈ, ਪੈਸੇ ਹੋਰ ਥਾਂ ਚੁੱਕ ਕੇ ਰੱਖ ਦਿੱਤੇ ਹਨ। ਸਿਆਣੇ ਬਣੋ, ਲਾਈਲੱਗ ਨਾ ਬਣੋ, ਤੁਸੀਂ ਭੇਡਾਂ ਨਹੀਂ ਹੋ, ਮਨੁੱਖ ਹੋਂ, ਤੁਹਾਡੇ ਕੋਲ ਦਿਮਾਗ ਹੈ। ਉਨ੍ਹਾਂ ਕੋਲ ਕਿਹੜੀ ਕਰਾਮਾਤ, ਸ਼ਕਤੀ ਜਾਂ ਗਿੱਦੜਸਿੰਗੀ ਹੈ, ਜਿਸ ਨਾਲ ਉਹ ਗੁੰਮ ਹੋਈਆਂ ਚੀਜ਼ਾਂ ਬਾਰੇ ਦੱਸਦੇ ਹਨ। ਤੁਸੀਂ ਉਸਦੀ ਜੁੱਤੀ ਚੁਰਾ ਲਿਆਓ ਤੇ ਉਸਨੂੰ ਲੱਭਣ ਲਈ ਕਹੋ, ਕਦੇ ਨਹੀਂ ਲੱਭ ਸਕੇਗਾ। ਮੈਂ ਇੱਕ ਨੋਟ ਮੁੱਠੀ ਵਿੱਚ ਰੱਖੂੰ, ਜੇ ਉਹ ਜਾਂ ਕੋਈ ਹੋਰ ਗ਼ੈਬੀ ਸ਼ਕਤੀਆਂ ਦਾ ਮਾਲਕ ਅਖਵਾਉਂਦਾ, ਨੰਬਰ ਦੱਸ ਦੇਵੇ, ਮੈਂ 5 ਲੱਖ ਰੁਪਏ ਦਾ ਇਨਾਮ ਦੇਊਂਗਾ, ਚੋਰੀ ਦੱਸਣ ਦੀ ਤਾਂ ਦੂਰ ਦੀ ਗੱਲ ਹੈ।”
ਮੈਂ ਕਿਹਾ, “ਤੁਸੀਂ ਪਿੰਡੋਂ ਇੱਕ ਦੋ ਬੰਦਿਆਂ ਨੂੰ ਨਾਲ ਲਿਜਾ ਕੇ ਅਖੌਤੀ ਸਿਆਣੇ ਕੋਲ ਆਪ ਜਾਓ ਤੇ ਜਾ ਕੇ ਉਸ ਨਾਲ ਸਾਰੀ ਗੱਲ ਆਪ ਕਰੋ। ਉਸਨੂੰ ਕਹੋ, ਤੇਰੀ ਦੱਸ-ਪੁੱਛ ਨੇ ਸਾਡਾ ਸਾਡੇ ਗੁਆਂਢੀ ਨਾਲ ਝਗੜਾ ਕਰਵਾ ਦਿੱਤਾ ਹੈ। ਤੇਰੇ ਦੱਸਣ ਮੁਤਾਬਿਕ ਪੇਟੀ ਵਿੱਚੋਂ ਕੁਝ ਵੀ ਨਹੀਂ ਮਿਲਿਆ।”
ਸਾਡੇ ਕਹਿਣ ’ਤੇ ਉਹ ਸ਼ਾਮ ਨੂੰ ਅਖੌਤੀ ਸਿਆਣੇ ਕੋਲ ਗਏ ਤੇ ਸਾਰੀ ਗੱਲ ਕੀਤੀ। ਅਗਲੇ ਦਿਨ ਆ ਕੇ ਫਿਰ ਸਾਨੂੰ ਸਾਰੀ ਗੱਲ ਦੱਸੀ।
ਮੈਂ ਕਿਹਾ, “ਤੁਹਾਨੂੰ ਉਸ ਬਾਰੇ ਪਤਾ ਲੱਗ ਗਿਆ, ਆਈ ਗੱਲ ਸਮਝ ਵਿੱਚ। ਅਖੌਤੀ ਸਿਆਣੇ ਚੋਰੀ ਦੀ ਪੁੱਛ ਸਮੇਂ, ਚੋਰੀ ਔਰਤ ਜਾਂ ਬੰਦੇ, ਗੁਆਂਢੀ ਜਾਂ ਰਿਸ਼ਤੇਦਾਰ, ਮੋਟੇ ਜਾਂ ਪਤਲੇ, ਗੋਰੇ ਜਾਂ ਕਾਲੇ, ਲੰਬੇ ਜਾਂ ਮਧਰੇ, ਬਜ਼ੁਰਗ ਜਾਂ ਨੌਜਵਾਨ, ਮੁੰਡੇ ਜਾਂ ਕੁੜੀ, ਇਨ੍ਹਾਂ ਵਿੱਚੋਂ ਇੱਕ ਦੋ ਨਿਸ਼ਾਨੀਆਂ ਦੱਸਦੇ ਹਨ। ਤੁਹਾਨੂੰ ਪਹਿਲਾਂ ਹੀ ਕਿਸੇ ’ਤੇ ਕੁਝ ਸ਼ੱਕ ਪਿਆ ਹੁੰਦਾ ਹੈ। ਤੁਸੀਂ ਅਖੌਤੀ ਸਿਆਣੇ ਦੇ ਦਿੱਤੇ ਇੱਕ ਤੋਂ ਸੰਕੇਤਾਂ ਤੋਂ ਚੋਰੀ ਕਰਨ ਵਾਲੇ ਬੰਦੇ ਨੂੰ ਆਪਣੇ ਆਪ ਟਿੱਕ ਲੈਂਦੇ ਹੋ। ਜਿਵੇਂ ਇਸ ਕੇਸ ਵਿੱਚ ਉਸਨੇ ਤੁਹਾਡੀ ਨਾਲ ਲਗਦੀ ਮੋਟੀ ਗੁਆਂਢਣ ਔਰਤ ਦਾ ਸੰਕੇਤ ਦਿੱਤਾ। ਇਸ ਵਿੱਚ ਬਿਲਕੁਲ ਵੀ ਸਚਾਈ ਨਹੀਂ ਹੁੰਦੀ, ਉਹ ਅਖੌਤੀ ਸਿਆਣੇ ਤਾਂ ਆਪਣੇ ਘਰੇ ਚੋਰੀ ਹੋਣ ’ਤੇ ਥਾਣੇ ਵਿੱਚ ਆਪਣੀ ਚੋਰੀ ਦੀ ਸ਼ਿਕਾਇਤ ਦਰਜ ਕਰਵਾਉਂਦੇ ਹਨ। ਅਸੀਂ ਉਸ ਬੰਦੇ ਨੂੰ ਉਸਦੇ ਪਿੰਡ ਦੇ ਚਤਰੂ ਅਖੌਤੀ ਸਿਆਣੇ ਦੇ ਪਿਛਲੇ ਸਾਲ ਘਰੋਂ ਚੋਰੀ ਹੋਈਆਂ ਦੋ ਮੱਝਾਂ ਬਾਰੇ ਕਿਹਾ ਕਿ ਉਹ ਹੁਣ ਤਕ ਨਹੀਂ ਲੱਭ ਸਕਿਆ। ਇਹ ਅਖੌਤੀ ਪੁੱਛ ਦੇਣ ਵਾਲੇ ‘ਸਿਆਣੇ’ ਦੂਜਿਆਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਲੇ, ਆਪ ਬਿਮਾਰ ਹੋਣ ’ਤੇ ਡਾਕਟਰਾਂ ਕੋਲ ਜਾਂਦੇ ਹਨ, ਤੁਸੀਂ ਆਪਣੀ ਬਿਮਾਰੀ ਦੇ ਇਲਾਜ ਲਈ ਇਨ੍ਹਾਂ ਤੋਂ ਧਾਗੇ-ਤਵੀਤ, ਟੂਣਾ ਟਾਮਣ ਕਰਵਾਉਂਦੇ ਹੋ, ਪੁੱਛਾਂ ਲੈਂਦੇ ਹੋ। ਇਨ੍ਹਾਂ ਕੋਲ ਤੁਹਾਨੁੰ ਭਰਮਾਉਣ ਤੋਂ, ਆਪਣੇ ਲੁੱਟ ਦੇ ਮੱਕੜਜਾਲ਼ ਵਿੱਚ ਫਸਾਉਣ ਤੋਂ ਬਿਨਾਂ ਕੁਝ ਨਹੀਂ।
ਅਸੀਂ ਅਗਲੇ ਦਿਨ ਦੋਹਾਂ ਧਿਰਾਂ ਨੂੰ ਬੁਲਾ ਕੇ ਚਾਹ ਦਾ ਕੱਪ ਸਾਂਝਾ ਕਰਦਿਆਂ ਉਨ੍ਹਾਂ ਦੀ ਆਪਸ ਵਿੱਚ ਪੈਦਾ ਹੋਈ ਨਰਾਜ਼ਗੀ ਦੂਰ ਕੀਤੀ ਤੇ ਪੁੱਛਾਂ ਦੇਣ ਵਾਲੇ ਅਖੌਤੀ ਸਿਆਣਿਆਂ ਦੀ ਅਸਲੀਅਤ ਤੋਂ ਫਿਰ ਜਾਣੂ ਕਰਵਾਇਆ। ਦੋਹਾਂ ਧਿਰਾਂ ਨੇ ਸਾਡਾ ਅਹਿਸਾਨ ਜਤਾਉਂਦਿਆਂ ਕਿਹਾ, ਅਸੀਂ ਪਿੰਡ ਦੇ ਲੋਕਾਂ ਨੂੰ ਵੀ ਇਸ ਬਾਰੇ ਸਮਝਾਉਣਾ ਚਾਹੁੰਦੇ ਹਾਂ। ਅਸੀਂ ਉਨ੍ਹਾਂ ਨੂੰ ਪਿੰਡ ਤਰਕਸ਼ੀਲ ਪ੍ਰੋਗਰਾਮ ਕਰਵਾਉਣ ਬਾਰੇ ਕਿਹਾ। ਕੁਝ ਮਹੀਨੇ ਬਾਅਦ ਉਨ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਗਿਆਨਕ ਚੇਤਨਾ ਪ੍ਰੋਗਰਾਮ ਕਰਵਾਇਆ। ਉਨ੍ਹਾਂ ਆਪਣੇ ਯਤਨਾਂ ਨਾਲ ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠੇ ਕੀਤਾ। ਲੈਕਚਰਾਰ ਕ੍ਰਿਸ਼ਨ ਸਿੰਘ, ਚਮਕੌਰ ਸਿੰਘ, ਗੁਰਦੀਪ ਸਿੰਘ, ਪ੍ਰਗਟ ਸਿੰਘ ਤੇ ਮੇਰੇ ਸਮੇਤ ਤਰਕਸ਼ੀਲ ਟੀਮ ਨੇ ਉੱਥੇ ਜਾਦੂ ਸ਼ੋਅ, ਗੀਤ ਸੰਗੀਤ ਅਤੇ ਵਿਗਿਆਨਕ ਸੋਝੀ ’ਤੇ ਭਾਸ਼ਣ ਦਿੱਤੇ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਸਪਸ਼ਟ ਕੀਤਾ ਕਿ ਕਿਸੇ ਅਖੌਤੀ ਸਿਆਣੇ ਕੋਲ ਕੋਈ ਗੈਬੀ ਸ਼ਕਤੀ ਨਹੀਂ, ਜਿਸ ਨਾਲ ਗੁੰਮ ਹੋਈ ਚੀਜ਼ ਲੱਭ ਸਕੇ, ਕਿਸੇ ਉਪਾਅ ਨਾਲ ਕਿਸੇ ਦੀ ਕਿਸਮਤ ਬਦਲ ਸਕਣ। ਦਿਨਾਂ ਬਾਰੇ ਵੀ ਦੱਸਿਆ ਦਿਨ ਸ਼ੁਭ-ਅਸ਼ੁਭ ਜਾਂ ਚੰਗੇ ਮਾੜੇ ਨਹੀਂ ਹੁੰਦੇ, ਇਹ ਤਾਂ ਨਿਰੰਤਰ ਚਲਦੇ ਸਮੇਂ ਦੀ ਵੰਡ ਹੈ। ਇੱਥੇ ਕੁਦਰਤੀ ਅਤੇ ਸਮਾਜਿਕ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਦੇ ਕਾਰਨ ਜਾਣਨਾ ਹੀ ਤਰਕਸ਼ੀਲਤਾ ਜਾਂ ਵਿਗਿਆਨਕ ਸੋਚ ਹੈ। ਅਸੀਂ ਤਰਕਸ਼ੀਲਾਂ ਦੀਆਂ 23 ਸ਼ਰਤਾਂ ਦੀ ਚੁਣੌਤੀ ਵਾਲੇ ਲੀਫਲੈਟ ਅਤੇ ਵਿਗਿਆਨਕ ਵਿਚਾਰ ਅਪਣਾਉਣ ਦਾ ਕਾਫੀ ਸਾਹਿਤ ਵੀ ਲੋਕਾਂ ਵਿੱਚ ਵੰਡਿਆ। ਅੰਧਵਿਸ਼ਵਾਸ, ਵਹਿਮ-ਭਰਮ ਅਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਚਾਨਣ ਵਿੱਚ ਆਉਣ ਦਾ ਸੁਨੇਹਾ ਦੇ ਕੇ ਅਸੀਂ ਸ਼ਾਮ ਨੂੰ ਘਰ ਵਾਪਸ ਆ ਗਏ।
* * *
(ਜੋਨ ਜਥੇਬੰਦਕ ਮੁਖੀ, ਤਰਕਸ਼ੀਲ ਸੁਸਾਇਟੀ ਪੰਜਾਬ, ਸੰਗਰੂਰ। ਮੋਬਾ: 94174-22349)
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































