“ਨਫਰਤ ਤੋਂ ਬਗੈਰ ਤੁਸੀਂ ਲੜ ਨਹੀਂ ਸਕਦੇ, ਨਫਰਤ ਨੂੰ ਮੈਂ ਨੈਗੇਟਿਵ ਸੈਂਸ ਵਿੱਚ ਨਹੀਂ ਲੈਂਦਾ ...”
(5 ਜਨਵਰੀ 2026)
ਅੱਜ ਪੰਜਾਬ ਦੇ ਸ਼ਹਿਰ ਅਤੇ ਕਸਬੇ ਕੌੜੀ ਵੇਲ ਵਾਂਗ ਵਧ ਰਹੇ ਹਨ ਅਤੇ ਪਿੰਡਾਂ ਵਿੱਚ ਇੰਚ ਇੰਚ ਜ਼ਮੀਨ ਵਾਹੀਯੋਗ ਬਣਾ ਲਈ ਗਈ ਹੈ। ਅੱਜ ਤੋਂ 6-7 ਦਹਾਕੇ ਪਹਿਲਾਂ ਪਿੰਡਾਂ ਵਿੱਚ ਅੱਧੀ ਤੋਂ ਵੱਧ ਜ਼ਮੀਨ ਬੰਜਰ ਪਈ ਹੁੰਦੀ ਸੀ ਜਾਂ ਬਰਸਾਤੀ ਮੌਸਮ ਵਿੱਚ ਮੀਂਹ ਦੇ ਸਹਾਰੇ ਇੱਕ ਅੱਧੀ ਫਸਲ ਬੀਜਣ ਦੇ ਕੰਮ ਆਉਂਦੀ ਸੀ। ਬੇਅਬਾਦ ਬੰਜਰ ਜ਼ਮੀਨ ਵਿੱਚ ਕਿੱਕਰਾਂ, ਬੇਰੀਆਂ, ਛਿੱਛਰੇ, ਥੋਹਰ, ਝਾੜੀਆਂ ਵਰਗਾ ਨਿਕਸੁਕ ਹੁੰਦਾ ਸੀ। ਅਜਿਹੀ ਜ਼ਮੀਨ ਪਛੂ-ਡੰਗਰ ਅਤੇ ਬੱਕਰੀਆਂ ਦੇ ਇੱਜੜ ਚਾਰਨ ਦੇ ਕੰਮ ਆਉਂਦੀ ਸੀ। ਤਿੱਤਰ, ਬਟੇਰੇ, ਸੱਪ, ਖਰਗੋਸ਼, ਜੰਗਲੀ ਬਿੱਲੇ, ਗਿੱਦੜ ਆਦਿ ਆਮ ਹੁੰਦੇ ਸਨ। ਇੱਕ ਅਜਿਹੇ ਜਨੌਰ ਦਾ ਜ਼ਿਕਰ ਵੀ ਆਮ ਸੁਣਨ ਨੂੰ ਮਿਲਦਾ ਸੀ, ਜਿਸ ਨੂੰ ਸ਼ਾਇਦ ਕਦੇ ਕਿਸੇ ਨੇ ਦੇਖਿਆ ਨਹੀਂ ਸੀ ਪਰ ਅਕਸਰ ਲੋਕ ਆਖ ਦਿੰਦੇ ਸਨ ਕੇ ਫਲਾਣੇ ਨੇ ਫਲਾਣੇ ਟਿੱਬੇ, ਫਲਾਣੇ ਕਬਰਸਤਾਨ, ਫਲਾਣੇ ਚੌਰਾਹੇ ਜਾਂ ਫਲਾਣੇ ਖੇਤ ਕੋਲ ਦੇਖਿਆ ਸੀ। ਇਸ ਜਨੌਰ ਨੂੰ ਲੋਕ ਛਲੇਡਾ ਕਿਹਾ ਕਰਦੇ ਸਨ, ਜਿਸ ਨਾਲ ਕਈ ਪਰੀ ਕਹਾਣੀ ਜੋੜੀਆਂ ਜਾਂਦੀਆਂ ਸਨ। ਇਸਦਾ ਵਿਸ਼ੇਸ਼ ਗੁਣ ਇਹ ਦੱਸਿਆ ਜਾਂਦਾ ਸੀ ਕਿ ਇਹ ਇੱਛਾ ਅਤੇ ਲੋੜ ਮੁਤਾਬਿਕ ਆਪਣਾ ਰੂਪ ਅਤੇ ਕਿਰਦਾਰ ਬਦਲ ਲਿਆ ਕਰਦਾ ਸੀ। ਕਿਸੇ ਨੂੰ ਇਹ ਜੰਗਲੀ ਜਾਨਵਰ ਬਣ ਕੇ ਟੱਕਰਦਾ ਸੀ ਤੇ ਕਿਸੇ ਨੂੰ ਬੱਚਾ, ਬਿਰਧ, ਸੁੰਦਰ ਔਰਤ, ਸੰਤ, ਜੋਗੀ, ਲੁਟੇਰਾ ਆਦਿ ਬਣ ਕੇ ਮਿਲਿਆ ਦੱਸਿਆ ਜਾਂਦਾ ਸੀ। ਪਰ ਛਲੇਡਾ ਭੂਤਾਂ ਅਤੇ ਚੁੜੇਲਾਂ ਤੋਂ ਕੁਝ ਘੱਟ ਖ਼ਤਰਨਾਕ ਸਮਝਿਆ ਜਾਂਦਾ ਸੀ।
ਅੰਤਰਰਾਸ਼ਟਰੀ ਸਿੱਖ ਭਾਈਚਾਰੇ ਵਿੱਚ ਵੀ ਇੱਕ ਅਜਿਹਾ ਕਿਰਦਾਰ ਬਹੁਤ ਸਰਗਰਮ ਹੈ, ਜਿਸਦਾ ਨਾਮ ਅਜਮੇਰ ਸਿੰਘ ਹੈ। ਇਹ ਆਪਣਾ ਰੂਪ ਕਈ ਵਾਰ ਬਦਲ ਚੁੱਕਾ ਹੈ ਅਤੇ ਕਥਨ (ਕਿਰਦਾਰ) ਤਾਂ ਦਿਨ ਵਿੱਚ ਦੋ ਵਾਰ ਵੀ ਬਦਲ ਲੈਂਦਾ ਹੈ। ਉਂਝ ਕਈ ਸਿੱਖ ਕੱਟੜਪੰਥੀ ਅਤੇ ਖਾਲਿਸਤਾਨੀ ਇਸ ਨੂੰ ਭਾਈ ਅਜਮੇਰ ਸਿੰਘ ਵੀ ਆਖਦੇ ਹਨ ਅਤੇ ਭਾਈ ਹੋਣ ਕਾਰਨ ਅਗਰ ਸਤਿਕਾਰ ਨਾਲ ਕਹਿਣਾ ਹੋਵੇ ਤਾਂ ਕਹਾਂਗੇ ਕਿ ਸੰਤ ਭਾਈ ਅਜਮੇਰ ਸਿੰਘ ਜੀ ਆਪਣੇ ਬਚਨ ਥਾਂ, ਸਮੇਂ ਅਤੇ ਲੋੜ ਮੁਤਾਬਿਕ ਝੱਟ ਬਦਲ ਲੈਂਦੇ ਹਨ।
ਕਥਿਤ ਸਿੱਖ ਹਿਸਟੋਰੀਅਨ ਅਤੇ ਬੁੱਧੀਜੀਵੀ ਭਾਈ ਅਜਮੇਰ ਸਿੰਘ ਨੂੰ ਵੀਡੀਓ ਕੈਮਰੇ ਦਾ ਬਹੁਤ ਸ਼ੌਕ ਹੈ। ਜਨਾਬ ਨੇ ਇੱਕ ਕੈਮਰਾ ਤਾਂ ਆਪਣਾ ਪੱਕਾ ਗੱਡਿਆ ਹੋਇਆ ਹੈ ਤਾਂ ਕਿ ਹਰ ਮੋੜ ’ਤੇ ਸਿੱਖ ਕੌਮ ਨੂੰ ਡਰੈਕਸ਼ਨ ਦੇਣ ਤੋਂ ਕਿਤੇ ਖੁੰਝ ਨਾ ਜਾਵੇ। ਜਦੋਂ ਅਜਮੇਰ ਨੇ ਦੇਸ਼ ਵਿਦੇਸ਼ ਦੀ ਕਿਸੇ ਸਟੇਜ ’ਤੇ ਬੋਲਣਾ ਹੋਵੇ ਤਾਂ ਆਪਣੇ ਕਿਸੇ ਚੇਲੇ ਤੋਂ ਅਗਾਊਂ ਕੈਮਰਾ ਗਡਵਾ ਲੈਂਦਾ ਹੈ ਤੇ ਲਗਦੇ ਹੱਥ ਹੀ ਯੂਟਿਊਬ ’ਤੇ ਚਾੜ੍ਹ ਦਿੰਦਾ ਹੈ। ਨਾ ਜਾਣੀਏ ਸਾਰੀ ਕੌਮ ਗਹਿਰੇ ਘੁਰਾੜੇ ਮਾਰਦੀ ਹੋਵੇ ਤੇ ਕੋਈ ਜਗਾਉਣ ਵਾਲਾ ਹੀ ਨਾ ਹੋਵੇ ਅਤੇ ਉੱਧਰ ਖਾਲਿਸਤਾਨ ਨਾਮ ਦਾ ਬਟੇਰਾ ਕੌਮ ਦੇ ਮੰਜੇ ਦੀ ਦੌਣ ਵਾਲੇ ਪਾਵੇ ਕੋਲ ਆ ਬੈਠਾ ਹੋਵੇ। ਅਜਮੇਰ ਨੇ ਨਿੱਠ ਕੇ ਫੈਸਲਾ ਕੀਤਾ ਹੋਇਆ ਹੈ ਉਸਨੇ ਇਸ ਵਾਰ ਖਾਲਿਸਤਾਨ ਦਾ ਫਾਇਰ ਫੋਕਾ ਨਹੀਂ ਜਾਣ ਦੇਣਾ ਅਤੇ ਕੌਮ ਨੂੰ ਜਾਗਦੀ ਰੱਖਣ ਲਈ ਖੜ੍ਹੀ ਲੱਤੇ ਹੀ ਰਹਿਣਾ ਹੈ।
ਆਉ ਵੇਖੀਏ ਕਿ ਭਾਈ ਅਜਮੇਰ ਸਿੰਘ ਆਪਣਾ ਰੂਪ, ਕਿਰਦਾਰ ਅਤੇ ਬਚਨ ਕਿਵੇਂ ਬਦਲਦਾ ਹੈ। ਲਉ ਜੀ, ਭਾਈ ਅਜਮੇਰ ਸਿੰਘ ਦਾ ਅਸਲੀ ਨਾਮ ਗੋਬਿੰਦਰ ਸਿੰਘ ਹੈ। ਨਕਸਲਾਈਟ ਲਹਿਰ ਮੌਕੇ ਉਹ ਸੁਰਿੰਦਰ ਸਿੰਘ ਬਣ ਗਿਆ ਸੀ ਅਤੇ ਭੜਕਾਹਟ ਫੈਲਾਉਣ ਵਾਲੇ ਇਨਕਲਾਬੀਆਂ ਦੀ ਮੋਹਰਲੀ ਕਤਾਰ ਵਿੱਚ ਰਿਹਾ ਸੀ। ਜਦੋਂ ਨਕਸਲਬਾੜੀ ਲਹਿਰ ਵਿੱਚ ਪਾਟਕ ਪੈ ਗਿਆ ਤਾਂ ਉਹ ਅਜਮੇਰ ਸਿੰਘ ਬਣ ਗਿਆ। ਅੱਜ ਲੋਕ ਇਸ ਨੂੰ ਭਾਈ ਅਜਮੇਰ ਸਿੰਘ ਦੇ ਨਾਮ ਨਾਲ ਜਾਣਦੇ ਹਨ ਅਤੇ ਇਹ ਖਾਲਿਸਤਾਨੀਆਂ ਦਾ ਮਾਰਗਦਰਸ਼ਕ ਗਿਣਿਆ ਜਾਂਦਾ ਹੈ।
ਨਕਸਲਾਈਟ ਲਹਿਰ ਦੌਰਾਨ ਇਸਨੇ ਕਈ ਹਿੰਸਕ ਵਾਰਦਾਤਾਂ ਵਿੱਚ ਹਿੱਸਾ ਲਿਆ ਅਤੇ 1971 ਵਿੱਚ ਇਹ ਫੜਿਆ ਗਿਆ। ਜਦੋਂ ਪੁਲਿਸ ਪਾਰਟੀ ਇਸ ਨੂੰ ਅਦਾਲਤੀ ਪੇਸ਼ੀ ਲਈ ਬੱਸ ਰਾਹੀਂ ਲੈਜਾ ਰਹੀ ਸੀ ਤਾਂ ਇਸਦੇ 4 ਸਾਥੀ ਪੁਲਿਸ ਉੱਤੇ ਹਥਿਆਰਬੰਦ ਹਮਲਾ ਕਰਕੇ ਇਸ ਨੂੰ ਛਡਵਾ ਕੇ ਭੱਜ ਗਏ। ਪੁਲਿਸ ਨਾਲ ਇਸ ਝੜਪ ਵਿੱਚ ਇੱਕ ਪੁਲਿਸ ਵਾਲਾ ਮਾਰਿਆ ਗਿਆ ਅਤੇ ਦੂਜਾ ਜ਼ਖਮੀ ਹੋ ਗਿਆ। ਅਜਮੇਰ ਸਿੰਘ ਉੱਤੇ ਪੁਲਿਸ ਵਾਲੇ ਦੇ ਕਤਲ ਅਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਹੋ ਗਿਆ ਅਤੇ ਅਜਮੇਰ ਭਗੌੜਾ ਹੋ ਗਿਆ। ਲੁਕ ਛਿਪ ਕੇ ਰਹਿੰਦਿਆਂ 1985 ਵਿੱਚ ਇਸਨੇ ਕੁਝ ਹੋਰ ਸਾਥੀਆਂ ਨਾਲ ਰਲਕੇ ਪੈਗਾਮ ਨਾਮ ਦਾ ਮੈਗਜ਼ੀਨ ਕੱਢਣਾ ਸ਼ੁਰੂ ਕਰ ਦਿੱਤਾ। 1991 ਦੀਆਂ ਪੰਜਾਬ ਚੋਣਾਂ ਦੇ ਬਾਈਕਾਟ ਦਾ ਅਜਮੇਰ ਮੁੱਖ ਸੂਤਰਧਾਰ ਸੀ। 1992 ਵਿੱਚ ਸ. ਬੇਅੰਤ ਸਿੰਘ ਦੇ ਮੁੱਖ ਮੰਤਰੀ ਬਣਨ ਪਿੱਛੋਂ 1994-95 ਤਕ ਇਹ ਗੁਪਤਵਾਸ ਹੀ ਰਿਹਾ। 1995 ਵਿੱਚ ਇਸਨੇ ਅਕਾਲੀਆਂ ਦੇ ਵਿਰੋਧ ਵਿੱਚ ਆਰਟੀਕਲ ਲਿਖਣੇ ਸ਼ਰੂ ਕਰ ਦਿੱਤੇ। 1997 ਵਿੱਚ ਦਲਜੀਤ ਬਿੱਟੂ ਦੇ ਫੜੇ ਜਾਣ ਪਿੱਛੋਂ ਇਸਨੇ ਬਿੱਟੂ ਗਰੁੱਪ ਦਾ ਪੱਲਾ ਫੜ ਲਿਆ ਅਤੇ ਸੰਤ ਭਿੰਡਰਾਂਵਾਲੇ ਦੀਆਂ ਸਿਫਤਾਂ ਦਾ ਰਾਹ ਫੜ ਲਿਆ। ਇਸ ਨੂੰ ਜਾਪਿਆ ਕੇ ਭਾਰਤ ਨੂੰ ਤੋੜਨ ਲਈ ਨਕਸਲਾਈਟ ਲਹਿਰ ਨਾਲੋਂ ਖਾਲਿਸਤਾਨ ਦੀ ਲਹਿਰ ਵਧੇਰੇ ਕਾਰਗਰ ਰਸਤਾ ਹੈ।
ਪਰ ਅਜਮੇਰ ਸਿੰਘ ਸਰਕਾਰੀ ਰਿਕਾਰਡ ਵਿੱਚ ‘ਗੋਬਿੰਦਰ ਸਿੰਘ ਉਰਫ ਸੁਰਿੰਦਰ ਸਿੰਘ’ ਵਜੋਂ ਇੱਕ ਪੁਲਿਸ ਵਾਲੇ ਦੇ ਕਤਲ ਅਤੇ ਦੂਜੇ ਨੂੰ ਜ਼ਖਮੀ ਕਰਨ ਦੇ ਕੇਸ ਵਿੱਚ ਭਗੌੜਾ ਸੀ। ਬਾਦਲ ਦੀ ਅਕਾਲੀ ਸਰਕਾਰ ਦੇ ਵੱਡੇ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੇ 1998-99 ਦੌਰਾਨ ਅਜਮੇਰ ਸਿੰਘ ਨੂੰ ਇਸ ਵੱਡੇ ਕੇਸ ਵਿੱਚੋਂ ਬਿਨਾਂ ਬਕਾਇਦਾ ਅਦਾਲਤੀ ਕੇਸ ਚੱਲਿਆਂ ਅਤੇ ਬਿਨਾਂ ਲੰਬੀ ਹਿਰਾਸਤ ਵਿੱਚ ਰਿਹਾਂ ਛੁਡਵਾ ਦਿੱਤਾ। ਫਿਰ ਇਸਨੇ ਅਜਮੇਰ ਸਿੰਘ ਦੇ ਨਾਮ ’ਤੇ ਪਾਸਪੋਰਟ ਵੀ ਲੈ ਲਿਆ। ਇਹ ਗੋਬਿੰਦਰ ਸਿੰਘ ਤੋਂ ਅਜਮੇਰ ਸਿੰਘ ਕਿਵੇਂ ਬਣਿਆ ਅਤੇ ਇਸਦਾ ਪਾਸਪੋਰਟ ਕਿਵੇਂ ਬਣ ਗਿਆ? ਇਹ ਅੱਜ ਤਕ ਇੱਕ ਬੁਝਾਰਤ ਹੀ ਹੈ।
ਇਸੇ ਦੌਰਾਨ ਇਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵੀ ਨੇੜੇ ਹੋ ਗਿਆ ਅਤੇ ਟੌਹੜਾ ਦੇ ਕਹਿਣ ’ਤੇ ਅਮਰੀਕਾ ਵਿੱਚ ਵਸਦੇ ਪ੍ਰਭਾਵੀ ਸਿੱਖ ਯੋਗੀ ਹਰਭਜਨ ਸਿੰਘ ਦੀ ਸਪਾਂਸਰਸ਼ਿੱਪ ’ਤੇ ਅਮਰੀਕਾ ਦਾ ਵੀਜ਼ਾ ਲੈ ਕੇ ਅਮਰੀਕਾ ਆ ਗਿਆ, ਜਿਸ ਨਾਲ ਇਸ ਲਈ ਵਿਦੇਸ਼ੀ ਫੇਰੀਆਂ ਦਾ ਰਸਤਾ ਖੁੱਲ੍ਹ ਗਿਆ। ਅਕਾਲੀ ਸਰਕਾਰ ਨੇ ਇਸ ਉੱਤੇ ਇੰਨੀ ਰਹਿਮਤ ਕਿਉਂ ਕੀਤੀ ਅਤੇ ਇਸਦੀ ਅਕਾਲੀਆਂ ਨਾਲ ਲੈਣ-ਦੇਣ ਦੀ ਕੀ ਡੀਲ ਹੋਈ, ਇਹ ਤਾਂ ਪੰਜਾਬੀ ਦੀ ਕਹਾਵਤ ‘ਜੱਟ ਜਾਣੇ ਜਾਂ ਬਿਜੂ ਜਾਣੇ’ ਵਾਲੀ ਗੱਲ ਹੈ।
ਪਿਛਲੇ 15 ਕੁ ਸਾਲਾਂ ਤੋਂ ਭਾਈ ਅਜਮੇਰ ਸਿੰਘ ਦੇ ਡੇਰੇ ਨਵੇਂ ਚੰਡੀਗੜ੍ਹ ਵਿੱਚ ਇੱਕ ਮਹਿਲ ਵਰਗੀ ਕੋਠੀ ਵਿੱਚ ਹਨ, ਜਿੱਥੇ ਇਹ ਸ਼ਾਹੀ ਠਾਠ ਨਾਲ ਰਹਿੰਦਾ ਹੈ। 2010 ਵਿੱਚ ਵੱਡੀ ਕੋਠੀ ਬਣਾਉਣ ਤੋਂ ਪਹਿਲਾਂ ਇਸਦੇ ਪਲਾਟ ਵਿੱਚ ਭਾਈ ਅਜਮੇਰ ਸਿੰਘ ਨੇ ਇੱਕ ਵਧੀਆ ਕੁਟੀਆ ਬਣਾਈ ਸੀ, ਜਿਸ ਵਿੱਚ ਇਹ ਰਵਿੰਦਰਨਾਥ ਟੈਗੋਰ ਵਾਂਗ ਰਹਿੰਦਾ ਸੀ। ਉਂਜ ਇਸਦਾ ਬਸੇਰਾ ਇੱਕ ਹੋਰ ਕੋਠੀ ਵਿੱਚ ਵੀ ਰਿਹਾ ਪਰ ਇਹ ਕੁਟੀਆ ਕੁਦਰਤ ਦਾ ਨਜ਼ਾਰਾ ਲੈਣ ਵਾਸਤੇ ਸੀ, ਜਿੱਥੇ ਟਹਿਲ-ਸੇਵਾ ਲਈ ਇੱਕ ਭਈਆ ਨੌਕਰ ਵੀ ਹਾਜ਼ਰ ਸੀ।
ਭਾਈ ਅਜਮੇਰ ਸਿੰਘ ਆਪਾ ਵਿਰੋਧੀ ਗੱਲਾਂ ਕਰਨ ਦਾ ਆਦੀ ਹੈ ਅਤੇ ਅਕਸਰ ਭੁੱਲ ਜਾਂਦਾ ਹੈ ਕਿ ਉਸਨੇ 10-15 ਦਿਨ ਪਹਿਲਾਂ ਕੀ ਕਿਹਾ ਸੀ। ਉਹ ਸਿੱਖਾਂ ਉੱਤੇ ਹੋਰ ਮਾਪਦੰਡ ਲਾਗੂ ਕਰਦਾ ਹੈ ਅਤੇ ਜਿਸ ਨੂੰ ਉਹ ਵਿਰੋਧੀ ਮੰਨਦਾ ਹੈ, ਉਸ ਉੱਤੇ ਉਲਟਾ ਮਾਪਦੰਡ ਲਾਗੂ ਕਰਦਾ ਹੈ। 29 ਅਕਤੂਬਰ 2025 ਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਅਜਮੇਰ ਕਹਿੰਦਾ ਹੈ, “ਸੁੰਦਰਤਾ ਤਾਂ ਡਾਇਵਰਸਟੀ ਵਿੱਚ ਹੈ ਪਰ ਭਾਰਤੀ ਹਾਕਮ ਇੱਕ ਬੋਲੀ, ਇੱਕ ਧਰਮ, ਇੱਕ ਸੰਸਕ੍ਰਿਤੀ ਅਤੇ ਇੱਕ ਸੱਭਿਆਚਾਰ ਚਾਹੁੰਦੇ ਹਨ। ਇਹ ਕੁਦਰਤ ਦੇ ਖਿਲਾਫ ਹੈ ਅਤੇ ਕੁਦਰਤ ਬਹੁਤ ਤਾਕਤਵਰ ਹੈ। ਇਹ ਤਾਂ ਰੱਬ ਨਾਲ ਆਢਾ ਲਾਉਣ ਵਾਲੀ ਗੱਲ ਹੈ ਅਤੇ ਕੁਦਰਤ ਦਾ ਨਿਯਮ ਡਾਇਵਰਸਟੀ ਹੈ।”
ਅਜਮੇਰ ਭਾਰਤੀ ਸਿਸਟਮ ਦੀ ਔਰੰਗਜ਼ੇਬ ਦੇ ਰਾਜ ਨਾਲ ਵੀ ਤੁਲਨਾ ਕਰਦਾ ਹੈ। ਪਰ ਅਜਮੇਰ ਇਹ ਨਹੀਂ ਦੱਸਦਾ ਕਿ ਇਹ ਨਿਯਮ ਸਿੱਖਾਂ ਉੱਤੇ ਵੀ ਲਾਗੂ ਹੁੰਦਾ ਹੈ ਜਾਂ ਇਹ ਭਾਰਤੀ ਹਾਕਮਾਂ ਅਤੇ ਹੋਰਾਂ ਉੱਤੇ ਹੀ ਲਾਗੂ ਹੁੰਦਾ ਹੈ? ਸਿੱਖਾਂ ਵਿੱਚ ਸਾਰੀ ਤਾਕਤ ਅਤੇ ਸ਼ਰੋਮਣੀ ਕਮੇਟੀ ਲਈ ਚੁਣੇ ਜਾਣ ਦਾ ਹੱਕ ਕ੍ਰਿਪਾਨਧਾਰੀਆਂ ਕੋਲ ਹੀ ਕਿਉਂ ਹੈ? ਸ਼ਰੋਮਣੀ ਕਮੇਟੀ ਲਈ ਸਿਰਫ ਕਥਿਤ ਕੇਸਾਧਾਰੀ ਸਿੱਖ ਕੋਲ ਹੀ ਵੋਟ ਦਾ ਹੱਕ ਕਿਉਂ ਹੈ? ਉਦਾਸੀ, ਨਿਰਮਲੇ, ਨਾਮਧਾਰੀ, ਨਿਰੰਕਾਰੀ, ਰਵੀਦਾਸੀਏ, ਮਜ਼ਬੀ ਸਿੱਖ, ਰਾਮਗੜੀਏ ਆਦਿ ਸਿੱਖੀ ਦੀ ਫੁਲਵਾੜੀ ਤੋਂ ਬਾਹਰ ਜਾਂ ਹੇਠਲੀ ਪੱਧਰ ਦੇ ਕਿਉਂ ਹਨ? ਸਿੱਖੀ ਵਿੱਚ ਸਾਰੇ ਫੁੱਲ ਇੱਕੋ ਰੰਗ ਦੇ ਹੀ ਕਿਉਂ ਚਾਹੀਦੇ ਹਨ? ਕੀ ਐਸੀ ਕੱਟੜਤਾ ਠੋਸਣਾ ਸਿੱਖ ਧਾਰਮਿਕ ਅਤੇ ਰਾਜਸੀ ਆਗੂਆਂ ਵੱਲੋਂ ਕੁਦਰਤ ਨਾਲ ਆਢਾ ਲੈਣ ਵਾਲੀ ਗੱਲ ਨਹੀਂ ਹੈ? ਕੀ ਅਜਿਹਾ ਕਰ ਕੇ ਤੁਸੀਂ ਦੁਨੀਆਂ ਨੂੰ ਸੋਹਣੀ ਬਣਾ ਰਹੇ ਹੋ? ਅਕਾਲ ਤਖਤ ਦਾ ਡਿਕਟੇਟਰ ਜਥੇਦਾਰ ਗੜਗੱਜ ਅਜੇ 1-2 ਹਫਤੇ ਪਹਿਲਾਂ ਹੀ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਉੱਤੇ ਗਰਜ ਕੇ ਹਟਿਆ ਹੈ, ਜਿਸ ’ਤੇ ਦੋਸ਼ ਇਹ ਲਾਇਆ ਗਿਆ ਕਿ ਉਸਨੇ ਗੁਰੂ ਨਾਨਕ ਬਾਣੀ ਦੇ ਕੁਝ ਸ਼ਬਦਾਂ ਨੂੰ ਰਿਗਵੇਦ ਦੇ ਕੁਝ ਸ਼ਬਦਾਂ ਵਰਗੀ ਭਾਵਨਾ ਵਾਲੇ ਦੱਸਿਆ ਸੀ ਅਤੇ ਇਸਦੀ ਹੋਰ ਖੋਜ ਦੀ ਵਕਾਲਤ ਕੀਤੀ ਸੀ। ਕੀ ਬਿਨਾਂ ਰਾਜ ਤੋਂ ਹੀ ਸਿੱਖਾਂ ਵਿੱਚ ਔਰੰਗਜ਼ੇਬੀ ਮਾਨਸਿਕਤਾ ਭਾਰੂ ਤਾਂ ਨਹੀਂ ਹੋ ਗਈ? ਕੀ ਕਿਸੇ ਫਲਸਫੇ ਜਾਂ ਲਿਖਤ ਦਾ ਤੁਲਨਾਤਮਿਕ ਅਧਿਐਨ ਸਿੱਖੀ ਲਈ ਸੱਚਮੁੱਚ ਖ਼ਤਰਾ ਹੈ? ਕੀ ਸਿੱਖੀ ਦੀ ਵੱਖਰੀ ਹੋਂਦ ਰੇਤ ਦੀ ਬਣੀ ਹੋਈ ਹੈ ਜੋ ਝੱਟ ਖੁਰ ਜਾਵੇਗੀ? ਕੀ ਸਿੱਖਾਂ ਵਿੱਚ ਲਿਖਣ, ਬੋਲਣ ਅਤੇ ਭੈਅ ਰਹਿਤ ਮਾਹੌਲ ਵਿੱਚ ਅਜ਼ਾਦ ਵਿਚਾਰ ਰੱਖਣ ਦੀ ਅਜ਼ਾਦੀ ਹੈ?
ਇਸ ਲੈਕਚਰ ਵਿੱਚ ਅਜਮੇਰ ਸਿੰਘ ਗੁਰੂ ਤੇਗ ਬਹੁਦਾਰ ਜੀ ਨੂੰ ‘ਹਿੰਦ ਦੀ ਚਾਦਰ’ ਆਖਣ ਦਾ ਵੀ ਵਿਰੋਧ ਕਰਦਾ ਹੈ ਅਤੇ ਕਹਿੰਦਾ ਹੈ ਕਿ ਗੁਰੂ ਸਾਹਿਬ ਤਾਂ ਸ੍ਰਿਸ਼ਟੀ ਦੀ ਚਾਦਰ ਸਨ ਤੇ ਹਿੰਦ ਦੀ ਚਾਦਰ ਕਹਿਣਾ ਤਾਂ ਉਹਨਾਂ ਨੂੰ ਛੋਟੇ ਕਰਨ ਵਾਲੀ ਗੱਲ ਹੈ। 15 ਨਵੰਬਰ 2025 ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਬੋਲਦਿਆਂ ਅਜਮੇਰ ਫਿਰ ਹਿੰਦੂ ਧਰਮ ਦੀ ਰਾਖੀ ਲਈ ਸ਼ਹਾਦਤ ਦੇਣ ਨੂੰ ਗਲਤ ਦੱਸਦਾ ਹੈ। ਅਜਮੇਰ ਕਹਿੰਦਾ ਹੈ ਕਿ ਅਗਰ ਇਹ ਮਨ ਲਈਏ ਕਿ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਗੁਰੂ ਸਾਹਿਬ ਹਿੰਦੂ ਧਰਮ ਨੂੰ ਚੰਗਾ ਅਤੇ ਇਸਲਾਮ ਨੂੰ ਮਾੜਾ ਸਮਝਦੇ ਸਨ। ਪਰ ਇਹ ਹੋ ਨਹੀਂ ਸਕਦਾ ਕਿਉਂਕਿ ਇਹ ਸਿੱਖੀ ਦੇ ਅਸੂਲ ਮੁਤਾਬਿਕ ਨਹੀਂ ਹੈ। ਅਜਮੇਰ ਸਿੰਘ ਇਸ ਤਰਕ ਨੂੰ ਨਕਾਰ ਦਿੰਦਾ ਹੈ ਕਿ ਗੁਰੂ ਸਾਹਿਬ ਨੇ ਸ਼ਹੀਦੀ ਮਨੁੱਖੀ ਹੱਕਾਂ ਦੀ ਰਾਖੀ ਲਈ ਦਿੱਤੀ ਸੀ ਕਿਉਂਕਿ ਅਜਮੇਰ ਮੁਤਾਬਿਕ ਉਦੋਂ ਮਨੁੱਖੀ ਹੱਕਾਂ ਦਾ ਸੰਕਲਪ (ਕੌਨਸੈਪਟ) ਹੈ ਹੀ ਨਹੀਂ ਸੀ। ਅਜਮੇਰ ਦਾਅਵਾ ਕਰਦਾ ਹੈ ਕਿ ਗੁਰੂ ਸਾਹਿਬ ਨੇ ਸ਼ਹਾਦਤ ‘ਸੱਚ’ ਲਈ ਦਿੱਤੀ ਸੀ ਅਤੇ ਸੱਚ ਦਾ ਦਾਇਰਾ ਬਹੁਤ ਵੱਡਾ ਹੈ। ‘ਹਿੰਦ ਦੀ ਚਾਦਰ’ ਦਾ ਵਿਰੋਧ ਕਰਨ ਲਈ ਅਜਮੇਰ ਫਿਰ ਕੁਦਰਤ ਦੀ ਡਾਇਵਰਸਟੀ ਦਾ ਰਾਗ ਅਲਾਪਦਾ ਜਿਸ ਨੂੰ ਅੱਜ ਦੀ ਸਿੱਖੀ ਦੇ ਅੰਦਰ ਅਸਲ ਵਿੱਚ ਕੋਈ ਥਾਂ ਨਹੀਂ ਹੈ।
29 ਨਵੰਬਰ 2025 ਨੂੰ ਕੈਨਬਰਾ (ਅਸਟਰੇਲੀਆ) ਦੇ ਲੈਕਚਰ ਵਿੱਚ ਅਜਮੇਰ ਦਾਅਵਾ ਕਰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕੇਂਦਰੀ ਨੁਕਤਾ ‘ਨਿਰਭੈਤਾ’ ਹੈ। ਅਜਮੇਰ ਇੰਝ ਕਹਿੰਦਾ ਹੈ, “ਡਰ ਜੜ੍ਹ ਹੈ ਬਹੁਤ ਕੁਝ ਦੀ। ਜਿੰਨੀ ਦੇਰ ਬੰਦਾ ਭੈਅ ਹੇਠ ਹੈ, ਉਹ ਨਾ ਸਹੀ ਸੋਚ ਸਕਦਾ ਹੈ, ਨਾ ਸੱਚ ਬੋਲ ਸਕਦਾ ਹੈ ... ਸੱਚ ਬੋਲਣ ਲਈ ਦਲੇਰੀ ਚਾਹੀਦੀ ਹੈ, ਹਿੰਮਤ ਚਾਹੀਦੀ ਹੈ ਕਿਉਂਕਿ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਅਤੇ ਅਸੀਂ ਕੀਮਤ ਅਦਾ ਕੀਤੀ ਹੈ, ਸਾਰੇ ਇਤਿਹਾਸ ਵਿੱਚ ਪੰਜਵੇਂ ਪਾਤਸ਼ਾਹ ਤੋਂ ਭਾਈ ਜਸਵੰਤ ਸਿੰਘ ਖਾਲੜਾ ਤਕ।” ਅਜਮੇਰ ਗੁਰੂ ਤੇਗ ਬਹਾਦਰ ਤੋਂ ਗੱਲ ਸ਼ੁਰੂ ਕਰਕੇ ਜਸਵੰਤ ਸਿੰਘ ਖਾਲੜਾ ਨਾਲ ਜਾ ਜੋੜਦਾ ਹੈ ਅਤੇ ਫਿਰ ਖਾਲੜਾ ਬਾਰੇ ਬਣੀ ਫਿਲਮ ਦਾ ਰੋਣਾ ਰੋਂਦਾ ਬਹੁਤ ਅੱਗੇ ਤਕ ਚਲੇ ਜਾਂਦਾ ਹੈ। ਇਸ ਵਹਾ ਵਿੱਚ ਅਜਮੇਰ ਇੰਨਾ ਗੁਆਚ ਜਾਂਦਾ ਹੈ ਕਿ ਸੰਤ ਕਰਤਾਰ ਸਿੰਘ ਦੇ ਹਵਾਲੇ ਨਾਲ ਗੱਲ ਕਰਦਾ ਕਰਦਾ ਇੰਝ ਆਖਦਾ ਹੈ, “ਇੱਕ ਮਰ ਰਹੇ ਡੁੱਬ ਰਹੇ ਧਰਮ ਨੂੰ ਬਚਾਇਆ ... ਨਹੀਂ ਇਸਦੀ ਹੋਂਦ ਮਿਟ ਜਾਣੀ ਸੀ ਦੇਸ਼ ਵਿੱਚੋਂ, ਆਪਾਂ ਨੂੰ ਪਤਾ ਹੈ ਕਿ ਇਸਲਾਮ ਜਿੱਥੇ ਗਿਆ ਹੈ, ਉੱਥੋਂ ਦੀ ਸੱਭਿਅਤਾ ਅਤੇ ਧਰਮ ਦੀ ਕੋਈ ਨਿਸ਼ਾਨੀ ਨਹੀਂ ਛੱਡੀ। ਇਰਾਨ ਸਭ ਦੇ ਸਾਹਮਣੇ ਉਦਾਹਰਨ ਹੈ। ਹੋਰ ਜਿੱਥੇ ਗਏ ਉਹਨਾਂ ਨੇ ਟੋਟਲ ਇਸਲਾਮ ... ਤੇ ਇੱਥੇ ਮੁਹਿੰਮ ਵਿਢ ਲਈ ਸੀ ਤੇ ਹਿੰਦੂ ਸਮਾਜ ਵਿੱਚ ਦਹਿਸ਼ਤ ਪੈ ਗਈ ਸੀ ... ਤੇ ਜੇ ਇਸ ਸਿਲਸਿਲੇ ਨੂੰ ਰੋਕ ਨਾ ਲਗਦੀ ਤਾਂ ਪਤਾ ਨਹੀਂ ਕੀ ਹੋਣਾ ਸੀ। ਤਾਂ ਹੀ ਜੰਜੂ ਤਿਲਕ ਰਾਖਾ ਪ੍ਰਭ ਤਾਂਕਾ ਕਿਹਾ ਜਾਂਦਾ ਹੈ ... ਇਹ ਜਰੂਰਤ ਹੈ, ਜਿਸ ’ਤੇ ਮੈਂ ਜ਼ੋਰ ਦੇ ਰਿਹਾਂ।”
ਕਰ ਲਉ ਗੱਲ - ਹੁਣ ਅਜਮੇਰ ਆਪਣੇ 10-15 ਦਿਨ ਪਹਿਲਾਂ ਕੀਤੇ ਬਚਨਾਂ ਤੋਂ ਬਦਲ ਕੇ ਹਿੰਦੂ ਧਰਮ ਦੀ ਰਾਖੀ ਲਈ ਸ਼ਹਾਦਤ, ਇਸਲਾਮ ਦੇ ਜ਼ੁਲਮ ਦਾ ਸੱਚ ਅਤੇ ਤਿਲਕ ਜੰਜੂ ਦੀ ਰਾਖੀ ਲਈ ਕੁਰਬਾਨੀ ਨੂੰ ਪ੍ਰਵਾਨ ਕਰ ਲੈਂਦਾ ਹੈ। ਪਰ ਕਈ ਵਾਰ ਤਾਂ ਬੱਸ ਕਸਰ ਇੰਨੀ ਰਹਿ ਜਾਂਦੀ ਹੈ ਕਿ ਅਜਮੇਰ ਅਜੇ ਇਹ ਦਾਅਵਾ ਨਹੀਂ ਕਰਦਾ ਕਿ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਖਾਲਿਸਤਾਨ ਵਾਸਤੇ ਦਿੱਤੀ ਸੀ।
ਕਿਸੇ ਦਾ ਭੈਅ ਨਹੀਂ ਮੰਨਣਾ ਅਤੇ ਨਿਰਭੈ ਰਹਿਣਾ ਹੈ ਦਾ ਇੱਕ ਪਾਸੜ ਸੰਦੇਸ਼ ਅਜਮੇਰ ਸਿੱਖਾਂ ਦੇ ਦੰਦੇ ਕੱਢਣ ਲਈ ਦਿੰਦਾ ਹੈ ਤਾਂਕਿ ਸਿੱਖ ਟਿੰਡ ਵਿੱਚ ਕਾਨਾ ਪਾਈ ਰੱਖਣ। ਗੁਰੂ ਸਾਹਿਬ ਨੇ ਭੈਅ ਨਾ ਮੰਨਣ ਦੀ ਗੱਲ ਜ਼ਰੂਰ ਕਹੀ ਸੀ ਪਰ ਨਾਲ ਹੀ ਭੈਅ ਨਾ ਦੇਣ ਦੀ ਗੱਲ ਵੀ ਕਹੀ ਸੀ। ਅੱਜ ਕੱਟੜਪੰਥੀ ਸਿੱਖ ਤਾਂ ਆਦਮ ਬੋ, ਆਦਮ ਬੋ ਕਰਦੇ ਫਿਰਦੇ ਹਨ ਅਤੇ ਥਾਂ ਥਾਂ ਪੰਗੇ ਲੈ ਰਹੇ ਹਨ। ਅਜਮੇਰ ਦਾ ਵੱਡਾ ਸੰਤ ਤਾਂ ਭੈਅ ਦਿੰਦਾ ਵੀ ਸੀ ਅਤੇ ਭੈਅ ਲੈਂਦਾ ਵੀ ਸੀ। ਉਸਨੇ ਤਾਂ ਬੰਦੂਕਾਂ ਭੈਅ ਦੇਣ ਲਈ ਹੀ ਚੁੱਕੀਆਂ ਹੋਈਆਂ ਸਨ। ਉਹ ਭੈਅ ਮੰਨਦਾ ਵੀ ਸੀ ਜਿਸ ਕਾਰਨ ਸਰਾਂ, ਲੰਗਰ ਹਾਲ ਅਤੇ ਫਿਰ ਅਕਾਲ ਤਖਤ ’ਤੇ ਜਾ ਲੁਕਿਆ ਸੀ। ਅਜਮੇਰ ਸਿੰਹਾਂ, ਤੂੰ ਸਾਰੀ ਉਮਰ ਲੋਕਾਂ ਦੇ ਪੁੱਤਾਂ ਨੂੰ ਸ਼ਹੀਦੀਆਂ ਲਈ ਬਹੁਤ ਪਰੇਰਿਆ ਹੈ ਅਤੇ ਹੁਣ ਬੁਢਾਪੇ ਵੇਲੇ ਆਪ ਸ਼ਹੀਦੀ ਦੇਣ ਬਾਰੇ ਸੋਚ, ਨਹੀਂ ਤਾਂ ਫਿਰ ਆਪਣੇ ਆਪ ਨੂੰ ਖੋਟਾ ਸਿੱਕਾ ਮੰਨ ਲੈ!
ਸਿੰਘ ਸਭਾ ਲਹਿਰ ਦੇ ਇਤਿਹਾਸ ਬਾਰੇ ਵੀ ਭਾਈ ਅਜਮੇਰ ਸਿੰਘ ਨੇ ਕਈ ਵੀਡੀਉਜ਼ ਬਣਾਈਆਂ ਜਿਨ੍ਹਾਂ ਵਿੱਚ ਸਨਾਤਨੀਆਂ ਨੂੰ ਖੂਬ ਕੋਸਿਆ ਹੈ। ਉਸਨੇ ਦਾਅਵਾ ਕੀਤਾ ਹੈ ਕਿ ਸਿੱਖ ਕੌਮ ਦੀ ਉਸਾਰੀ ਗੁਰੂ ਨਾਨਕ ਤੋਂ ਲੈ ਕੇ ਲਗਾਤਾਰ ਜਾਰੀ ਹੈ। ਸਿੱਖ ਇੱਕ ਵੱਖਰੀ ਕੌਮ ਹੈ ਅਤੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਦਾਸੀ ਅਤੇ ਨਿਰਮਲੇ ਸਿੱਖ ਨਹੀਂ ਹਨ ਤੇ ਇਨ੍ਹਾਂ ਨੇ ਸਿੱਖੀ ਨੂੰ ਢਾਹ ਲਾਈ ਹੈ। ਅਸਲ ਹਾਲਤ ਤਾਂ ਇਹ ਹੈ ਕਿ ਬਹੁਤੇ ਸਿੱਖ ਆਗੂ ਸਮੇਤ ਅਕਾਲੀ ਦਲ ਅਤੇ ਸ਼ਰੋਮਣੀ ਕਮੇਟੀ ਦੇ, ਸਹਿਜਧਾਰੀਆਂ ਨੂੰ ਸਿੱਖੀ ਵਿੱਚੋਂ ਬਾਹਰ ਕਰ ਚੁੱਕੇ ਹਨ ਅਤੇ ਗੁਰਦਵਾਰਾ ਚੋਣਾਂ ਵਿੱਚ ਵੋਟ ਦਾ ਹੱਕ ਖੋਹ ਚੁੱਕੇ ਹਨ। ਸ਼ਰੋਮਣੀ ਕਮੇਟੀ ਨੇ ਇੱਕ ਸਿੱਖ ਵਿਦਿਆਰਥਣ ਨੂੰ ਸਿੱਖ ਕੋਟੇ ਵਿੱਚ ਵਿੱਦਿਅਕ ਦਾਖਲਾ ਦੇਣ ਤੋਂ ਨਾਂਹ ਕਰ ਦਿੱਤੀ ਸੀ ਕਿਉਂਕਿ ਇਸ ਲੜਕੀ ਨੇ ਭਰਵੱਟੇ ਬਣਾਏ (ਕੱਟੇ) ਹੋਏ ਸਨ। ਤੁੰਨੀ ਅਤੇ ਮੁੰਨੀ ਇੱਕ ਬਰਾਬਰ ਦੇ ਨਾਅਰੇ ਲੱਗ ਚੁੱਕੇ ਹਨ। ਇਸ ਨਾਲ ਤੁੰਨੀ ਅਤੇ ਮੁੰਨੀ ਵਾਲੇ ਵੀ ਇਸ ਕੌਮ ਵਿੱਚੋਂ ਜੇ ਬਾਹਰ ਨਹੀਂ ਤਾਂ ਹੇਠਲੇ ਦਰਜੇ ਦੇ ਹਨ। ਜੱਟ ਸਿੱਖ ਹੋਰ ਜਾਤਾਂ ਦੇ ਸਿੱਖਾਂ ਨੂੰ ‘ਕੁੱਤਾ ਫਲਾਣਾ’ ਝੱਟ ਆਖ ਦਿੰਦੇ ਹਨ। ਸੰਤ ਜੀ ਤਾਂ ਅਜਿਹੇ ਵਰਗ ਨੂੰ ਅੰਮ੍ਰਿਤ ਵੀ ਵੱਖ ਛਕੌਂਦੇ ਸਨ। ਨਾਮਧਾਰੀ ਅਤੇ ਨਿਰੰਕਾਰੀ ਵੀ ਬਾਹਰ ਹਨ। ਹਾਂ, ਭਾਈ ਅਜਮੇਰ ਸਿੰਘ ਜੀ ਸਿੱਖ ਇੱਕ ਵੱਖਰੀ ਕੌਮ ਹੈ ਪਰ ਇਸ ਵਿੱਚ ਸਿੱਖਾਂ ਦਾ ਇੱਕ ਖਾਸ ਵਰਗ ਹੀ ਸ਼ਾਮਲ ਹੈ ਬਾਕੀ ਸਭ ਬਾਹਰਲੇ ਜਾਂ ਹੇਠਲੇ ਦਰਜੇ ਦੇ ਹਨ। ਤੁਹਾਡੇ ਤਿਲ੍ਹਕਣੇ ਬਚਨਾਂ ਮੁਤਾਬਿਕ ਕੌਮ ਦੀ ਉਸਾਰ ਬਹੁਤ ਖੂਬ ਚੱਲ ਰਹੀ ਹੈ!
ਪਿਛਲੇ ਦਿਨੀਂ ਇੱਕ ਵਿਦੇਸ਼ੀ ਯੂਟਿਬਰ ਨਾਲ ਗੱਲਬਾਤ ਕਰਦਿਆਂ ਅਜਮੇਰ ਸਿੰਘ ਨੇ ਕਈ ਗੁੱਲ ਖਿਲਾਏ ਹਨ। ਇਹ ਯੂਟਿਬਰ ਵੀ ਤੱਤੀਆਂ ਅਤੇ ਲੱਛੇਦਾਰ ਗੱਲਾਂ ਕਰਨ ਦਾ ਖੱਟਿਆ ਖਾਂਦਾ ਹੈ ਜੋ ਬਹੁਤੇ ਸਿੱਖ ਮੀਡੀਆਕਾਰਾਂ ਦਾ ਕਿਰਦਾਰ ਹੀ ਬਣ ਗਿਆ ਹੈ। ਪੰਜਾਬੀ ਕਹਾਵਾਤ ਹੈ ‘ਇੱਕ ਕਰੇਲਾ ਤੇ ਦੂਜਾ ਨਿੰਮ ਚੜ੍ਹਿਆ।” ਇਸ ਗੱਲਬਾਤ ਵਿੱਚ ਅਜਮੇਰ ਨੇ ਦੁੱਗਣੀ ਕੁੜੱਤਣ ਵਿਖਾਈ ਹੈ।
ਗੱਲਬਾਤ ਵਿੱਚ ਅਜਮੇਰ ਇੰਡੀਅਨ ਸਟੇਟ ਦੀ ਨੀਤੀ ਬਾਰੇ ਦੱਸਦਾ ਕਹਿੰਦਾ ਹੈ ਕਿ ਸਟੇਟ ਲੋਕਾਂ ਵਿੱਚ ਨੈਸ਼ਨਲਿਜ਼ਮ ਦਾ ਜਜ਼ਬਾ ਵੱਖ ਵੱਖ ਟੂਲ ਵਰਤਕੇ ਭਰਦੀ ਹੈ ਅਤੇ ਕ੍ਰਿਕਟ ਦੀ ਖੇਡ ਨੂੰ ਵੀ ਟੂਲ ਦੱਸਦਾ ਹੈ। ਅਜਮੇਰ ਕਹਿੰਦਾ ਹੈ, “ਮੇਰੇ ਮੁਤਾਬਿਕ ਅੱਜ ਦੀ ਸਿਚੂਏਸ਼ਨ ਵਿੱਚ ਜਿਹੜੀ ਕ੍ਰਿਕਟ ਹੈ, ਉਹ ਇੱਕ ਪਾਵਰਫੁਲ ਟੂਲ ਹੈ ਕਿ ਕ੍ਰਿਕਟ ਨਾਲ ਨੈਸ਼ਨਲਿਜ਼ਮ ਕਿਵੇਂ ਭਰਨਾ ਹੈ ... ਖੇਡ ਦੀ ਭਾਵਨਾ ਕਿੱਥੇ ਹੈ ... ਇਹਦੇ ਵਿੱਚੋਂ ਦੇਖੋ ਕਿ ਸਿੱਖਾਂ ਦਾ ਭਵਿੱਖ ਕਿੱਥੇ ਹੈ? ... ਸਿੱਖ ਕਿਸੇ ਵੀ ਨੈਸ਼ਨਲਿਜ਼ਮ ਵਿੱਚ ਕੈਦ ਨਹੀਂ ਹੋ ਸਕਦਾ। ਉਹ ਤਾਂ ਹੈ ਹੀ ਇੱਕ ਦ੍ਰਿਸ਼ਟੀ ਬਹੁਤ ਵੱਡੀ ਹੈ ... ਕੈਨਾਤ ਦੀ ਸਗਲ ਸ੍ਰਿਸ਼ਟੀ ਦੀ ... ਬ੍ਰਹਿਮੰਡੀ ਉਹ ਤਾਂ ਹੈਗਾ ... ਅਸੀਂ ਆਪਣੇ ਆਪ ਨੂੰ ਮਤਲਬ ਇੱਥੋਂ ਤਕ ਸੰਗੇੜ ਲਈਏ?”
ਲਉ ਜੀ, ਅਜਮੇਰ ਮੁਤਾਬਿਕ ਸਿੱਖ ਤਾਂ ਬ੍ਰਹਿਮੰਡੀ ਹੈ। ਦੱਸੋ ਫਿਰ ਇਸ ਨੂੰ ਭਾਰਤ ਵਿੱਚ ਛੋਟਾ ਜਿਹਾ ਖਾਲਿਸਤਾਨ ਕਿਉਂ ਚਾਹੀਦਾ ਹੈ? ਅਜਮੇਰ ਜੀ ਕੀ ਅਮਰੀਕਾ, ਅਸਟਰੇਲੀਆ, ਕੈਨੇਡਾ, ਬਰਤਾਨੀਆ ਅਤੇ ਹੋਰ ਪੱਛਮੀ ਦੇਸ਼ਾਂ ਦੇ ਸਿੱਖ ਅਤੇ ਸਿੱਖੀ ਵੀ ਬ੍ਰਹਿਮੰਡੀ ਹੈ? ਕੀ ਉਹ ਇਨ੍ਹਾਂ ਦੇਸ਼ਾਂ ਦੇ ਵਫਾਦਾਰ ਸ਼ਹਿਰੀ ਨਹੀਂ ਹਨ? ਸਿੱਖ ਤਾਂ ਇਨ੍ਹਾਂ ਦੇਸ਼ਾਂ ਅਤੇ ਸੰਵਿਧਾਨਾਂ ਦੀਆਂ ਵਫਾਦਾਰੀਆਂ ਦੀਆਂ ਕਸਮਾਂ ਖਾ ਰਹੇ ਹਨ। ਅਜਮੇਰ ਜੀ ਜਾਪਦਾ ਹੈ ਤੁਹਾਡੀ ਸੋਚ ਮੁਤਾਬਿਕ ਭਾਰਤ ਵਿੱਚ ਸਿੱਖ ਅਤੇ ਸਿੱਖੀ ਬਰਿਹਮੰਡੀ ਹੈ ਪਰ ਪਾਕਿਸਤਾਨ ਵਿੱਚ ਪਾਕਿਸਤਾਨੀ ਅਤੇ ਅਮਰੀਕਾ ਵਿੱਚ ਅਮਰੀਕੀ ਹੋ ਜਾਂਦੀ ਹੈ। ਤਾਂ ਫਿਰ ਇਸਦਾ ਅਧਾਰ ਤਾਂ ਭਾਰਤ ਅਤੇ ਹਿੰਦੂਆਂ ਨਾਲ ਅੰਨ੍ਹੀ ਨਫਰਤ ’ਤੇ ਹੀ ਖੜ੍ਹਾ ਹੈ?
ਹੋਸਟ ਦੇ ਖਾਲਿਸਤਾਨ ਅਤੇ ਯਹੂਦੀਆਂ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਅਜਮੇਰ ਕਹਿੰਦਾ ਹੈ, “ਇਹ ਤਾਂ ਦਾਅ ਲੱਗਣ ਵਾਲੀ ਗੱਲ ਹੈ ... ਜੇ ਜਟਕੀ ਭਾਸ਼ਾ ਵਿੱਚ ਗੱਲ ਕਰਨੀ ਹੋਵੇ ... ਇਹ ਸਭ ਕੁਝ ਚੱਲਣੈ ... ਇਹ ਹੋਣ ਜਾ ਰਿਹਾ ਹੈ... ਇਹਦੇ ਵਿੱਚੋਂ ਪਤਾ ਨਹੀਂ ਕਿਸ ਨੂੰ ਕੀ ਮਿਲਣਾ ਹੈ।” ਭਾਵ ਖਾਲਿਸਤਾਨ ਦਾ ਦਾਅ ਅਚਾਨਕ ਲੱਗਣਾ ਹੈ।
ਆਪਣੇ ਬਾਰੇ ਗੱਲ ਕਰਦਿਆਂ ਅਜਮੇਰ ਇੰਝ ਕਹਿੰਦਾ ਹੈ, “ਸਮਾਜ ਨੂੰ ਬਦਲਣ ਦਾ ਮਨ ਵਿੱਚ ਇੱਕ ਜਨੂੰਨ ਸੀ ਅਤੇ ਅੱਜ ਵੀ ਹੈ ... ਹੋਰ ਜਿਊਣ ਦਾ ਕੋਈ ਮਕਸਦ ਨਹੀਂ ... ਜਿਹੜੀਆਂ ਸਥਾਪਤ ਹੋ ਚੁੱਕੀਆਂ ਤਾਕਤਾਂ ਨੂੰ ਲਾਹੁਣਾ, ਉਹਨਾਂ ਨੂੰ ਡਿਸਲੌਜ ਕਰਨਾ ਤੇ ਉਹ ਐਵੇਂ ਤਾਂ ਹੋਣਾ ਨਹੀਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ। ... ਇਹ ਇੱਕ ਖਰ੍ਹਵਾ ਸੰਘਰਸ਼ ਐ ... ਮਨਾਂ ਵਿੱਚੋਂ .. ਤੁਹਾਡੇ ... ਨਫਰਤ ਤੋਂ ਬਗੈਰ ਤੁਸੀਂ ਲੜ ਨਹੀਂ ਸਕਦੇ, ਨਫਰਤ ਨੂੰ ਮੈਂ ਨੈਗੇਟਿਵ ਸੈਂਸ ਵਿੱਚ ਨਹੀਂ ਲੈਂਦਾ। ਜਿਹੜੀ ਚੀਜ਼ ਦੇ ਖਿਲਾਫ ਤੁਹਾਡੇ ਵਿੱਚ ਤਿੱਖਾ ਰੋਹ ਪੈਦਾ ਨਹੀਂ ਹੁੰਦਾ ... ਜੇ ਬਦਲਣੈ ਤਾਂ ਤੁਹਾਡੇ ਅੰਦਰ ਰੋਹ ਪੈਦਾ ਹੋਣਾ ਚਾਹੀਦੈ। ... ਉਹ ਤਾਕਤਾਂ ਜਿਹੜੀਆਂ ਸਾਡੇ ਸਾਰੇ ਭਵਿੱਖ ਨੂੰ, ਜੀਵਨ ਨੂੰ ਖਰਾਬ ਕਰ ਰਹੀਆਂ ਹਨ, ਉਹਨਾਂ ਦੇ ਖਿਲਾਫ ਰੋਹ ਅਤੇ ਨਫਰਤ ਪੈਦਾ ਕਰਨੀ, ਇਹ ਮੇਰੇ ਲਈ ਕੋਈ ਸ਼ਰਮ ਵਾਲੀ ਗੱਲ ਨਹੀਂ, ਇਹ ਜ਼ਰੂਰੀ ਹੈ ... ਇਹ ਸਾਰਿਆਂ ਨੇ ਕੀਤੀ, ਇਤਿਹਾਸ ਸਾਰਾ ਦੇਖ ਲਉ।”
ਇਤਿਹਾਸ ਦਾ ਹਵਾਲਾ ਦਿੰਦਾ ਹੋਇਆ ਅਜਮੇਰ ਤਾਂ ਬੇਸ਼ਰਮੀ ਦੀ ਹੱਦ ਤਕ ਚਲਾ ਜਾਂਦਾ ਹੈ ਜਦੋਂ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਬਾਰੇ ਆਖਦਾ ਹੈ ਕਿ ਉਹ ਅੰਗਰੇਜ਼ ਨਾਲ ਲੜਨ ਲਈ ਅੰਗਰੇਜ਼ ਖਿਲਾਫ ਨਫਰਤ ਪੈਦਾ ਕਰਦੇ ਸਨ। ਭਾਵ ਖਾਲਿਸਤਾਨੀ ਦਹਿਸ਼ਤਗਰਦਾਂ ਵਾਲਾ ਕੰਮ ਹੀ ਕਰਦੇ ਸਨ। ਅਜਮੇਰ ਨੂੰ ਜਕੀਨ ਹੈ ਕਿ ਉਸ ਨੂੰ ਸੁਣਨ, ਦੇਖਣ ਵਾਲੇ ਕਿਹੜਾ ਉਸਦੇ ਨੁਕਤਿਆਂ ਨੂੰ ਪਰਖਣ ਜੋਗੇ ਹਨ। ਜਦਕਿ ਜੱਗ ਜਾਣਦਾ ਹੈ ਕਿ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਨੇ ਕਦੇ ਕਿਸੇ ਇੱਕ ਧਰਮ ਜਾਂ ਫਿਰਕੇ ਲਈ ਵੱਖਰੀ ਅਜ਼ਾਦੀ ਜਾਂ ਦੇਸ਼ ਨਹੀਂ ਮੰਗਿਆ। ਉਹਨਾਂ ਕਦੇ ਬੱਸਾਂ ਅਤੇ ਗੱਡੀਆਂ ਵਿੱਚੋਂ ਕੱਢ ਕੱਢ ਅੰਗਰੇਜ਼ ਨਹੀਂ ਮਾਰੇ। ਉਹਨਾਂ ਕਦੇ ਕਿਸੇ ਧਰਮ ਅਸਥਾਨ ਨੂੰ ਹਥਿਆਰਬੰਦ ਕਿਲਾ, ਇੰਟੈਰੋਗੇਸ਼ਨ ਸੈਂਟਰ, ਫਰੌਤੀ ਸੈਂਟਰ, ਬਲਾਤਕਾਰੀ ਸੈਂਟਰ ਅਤੇ ਦਹਿਸ਼ਤਗਰਦੀ ਦਾ ਅੱਡਾ ਨਹੀਂ ਬਣਾਇਆ ਸੀ।
ਅਜਮੇਰ ਅੱਗੇ ਫਰਮਾਉਂਦਾ ਹੈ, “ਜਿੱਥੇ ਸਿਰ ਲੈਣ ਅਤੇ ਦੇਣ ਦੀ ਗੱਲ ਹੋਵੇ, ਉੱਥੇ ਭਾਸ਼ਾ ਤਾਂ ਇਸ ਤਰ੍ਹਾਂ ਦੀ ਆਊ .. ਸੰਤਾਂ ਬਾਰੇ ਵੀ ਕਿਹਾ ਜਾਂਦਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਹੁਤ ਤੱਤਾ ਬੋਲਦੇ ਸੀ ... ਭੜਕਾਹਟ ਪੈਦਾ ਕਰਦੇ ਸੀ ... ਸੋ ਮੇਰੀਆਂ ਲਿਖਤਾਂ ਵਿੱਚ ਇੱਕ ‘ਸ਼ਾਰਪ ਐੱਜ’ (ਤਿੱਖੀ ਧਾਰ) ਕਹਿ ਲਉ ... ਤੱਥ ਹਨ ... ਉਹਨਾਂ ਨੂੰ ਪੇਸ਼ ਹੀ ਇਸ ਤਰ੍ਹਾਂ ਕਰੋ ਕਿ ਵੱਜਣ ਕਿਤੇ ਜਾ ਕੇ।”
ਅਜਮੇਰ ਅੱਗੇ ਕਹਿੰਦਾ ਹੈ, “ਦਰਬਾਰ ਸਾਹਿਬ ਹਮਲੇ ਤੋਂ ਬਾਅਦ ਜਦੋਂ ਹਥਿਆਰਬੰਦ ਸੰਘਰਸ਼ ਹੋਇਆ ਤਾਂ ਮੈਨੂੰ ਯਾਦ ਹੈ ਕਿ ਜਿਹੜਾ ਜਨਰਲ ਜਗਜੀਤ ਸਿੰਘ ਅਰੋੜਾ ਸੀਗਾ, ਉਹਨੇ ਪੰਜਾਬੀ ਟਿਰਬਿਊਨ ਨਾਲ 1985 ਵਿੱਚ ਇੰਟਰਵਿਊ ਵਿੱਚ ਕਿਹਾ ਸੀ ਕਿ ਹਥਿਆਰ ਕਿਸੇ ਮਸਲੇ ਦਾ ਹੱਲ ਨਹੀਂ ... ਤੁਸੀਂ ਦੇਖੋ, ਇਸ ਬੰਦੇ ਨੇ ਸਾਰੀ ਉਮਰ ਹਥਿਆਰ ਵਰਤੇ ਅਤੇ ਇਸਦੀ ਪਛਾਣ ਹਥਿਆਰਾਂ ਨਾਲ ਹੈ। ਜੋ ਉਸ ਨੂੰ ਮੈਡਲ ਮਿਲੇ, ਉਹ ਇਸ ਨੂੰ ਬੰਦੇ ਮਾਰ ਕੇ ਹੀ ਮਿਲੇ ਹਨ ਨਾ? ... ਇਸ ਦੇ ਪਿੱਛੇ ਵੀ ਇੱਕ ਸਿਆਸਤ ਹੈ ਤਾਂਕਿ ਬੰਦਿਆਂ ਨੂੰ ਲੜਾਈ ਤੋਂ ਪਾਸੇ ਕੀਤਾ ਜਾਵੇ।”
ਹੋਸਟ ਹਾਮੀ ਭਰਦਾ ਹੋਇਆ ਕਹਿੰਦਾ ਹੈ, “ਸੋ ਅੱਗੇ ਪਿੰਡਾਂ ਵਿੱਚ ਹੁੰਦਾ ਹੀ ਸੀ, ਝਗੜੇ ਮੌਕੇ ਪਹਿਲਾਂ ਆਪਣੀ ਬਾਂਹ ਵੱਢਣੀ ਪੈਂਦੀ ਹੈ ਅਤੇ ਵਿਰੋਧੀ ’ਤੇ 26 ਬਨੌਣੀ ਪੈਂਦੀ ਹੈ ਫੇਰ ਹੀ ਜਾ ਕੇ ਰਾਜ਼ੀਨਾਮਾ ਹੁੰਦੈ।” ਅੱਗੋਂ ਅਜਮੇਰ ਪਰੋੜ੍ਹਤਾ ਕਰਦਾ ਕਹਿੰਦਾ ਹੈ, “ਹਾਂ ਹਾਂ ... ਪਈ ਤੁਸੀਂ ਆਪਣਾ ਪੱਖ ਮਜ਼ਬੂਤ ਕਰਨੈ।” ਅੱਗੋਂ ਹੋਸਟ ਖੁਸ਼ ਹੋ ਕੇ ਹਥਿਆਰਬੰਦ ਸੰਗਰਸ਼ ਦੀ ਹਾਮੀ ਭਰਦਾ ਹੋਇਆ ਕਹਿੰਦਾ ਹੈ, “ਮੈਨੂੰ ਵੀ ਜਵਾਬ ਮਿਲ ਗਿਆ ਹੈ ਅਤੇ ਤੁਹਾਨੂੰ (ਦਰਸ਼ਕਾਂ ਨੂੰ) ਵੀ ਮਿਲ ਗਿਆ ਹੋਵੇਗਾ ਕਿ ਮੋਹਰਲਾ ਬੰਦਾ ਟੇਬਲ ’ਤੇ ਆਉਂਦਾ ਨਹੀਂ ਜਿੰਨਾ ਚਿਰ ਉਹਨੂੰ ਭਾਜੀ ਮੋੜੀ ਨਹੀਂ ਜਾਂਦੀ।”
ਅਜਮੇਰ ਦੀ ਸ਼ਰਾਰਤ ਦੇਖੋ ਇੱਕ ਸੌਵਰਨ ਦੇਸ਼ ਦੀ ਫੌਜ ਦੇ ਇੱਕ ਸਤਿਕਾਰਤ ਸਿੱਖ ਜਰਨੈਲ ਨੂੰ ਕਿਵੇਂ ਹਥਿਆਰਾਂ ਅਤੇ ਬੰਦੇ ਮਾਰ ਕੇ ਮਿਲੇ ਮੈਡਲਾਂ ਨਾਲ ਜੋੜਦਾ ਹੈ? ਕੀ ਜਨਰਲ ਅਰੋੜਾ ਆਪਣੀ ਪ੍ਰਾਈਵੇਟ ਗੁੰਡਾ ਆਰਮੀ ਬਣਾਈ ਫਿਰਦਾ ਸੀ? ਅਤੇ ਆਮ ਪਾਕਿਸਤਾਨੀਆਂ ਨੂੰ ਘਰਾਂ ਵਿੱਚੋਂ ਧੂਹ ਧੂਹ ਕੇ ਮਾਰਦਾ ਸੀ? ਉਸਨੇ ਤਾਂ ਹਥਿਆਰ ਸੁੱਟ ਚੁੱਕੇ 93 ਹਜ਼ਾਰ ਦੇ ਕਰੀਬ ਪਾਕਿਸਤਾਨੀਆਂ ਵਿੱਚੋਂ ਇੱਕ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਣ ਦਿੱਤਾ ਅਤੇ ਉਹਨਾਂ ਦੀ ਰਾਖੀ ਜਨੇਵਾ ਕੰਨਵੈਨਸ਼ਨ ਮੁਤਾਬਿਕ ਕੀਤੀ ਜਦਕਿ ਬੰਗਲਾਦੇਸ਼ੀ ਪਬਲਿਕ ਵਿੱਚ ਉਹਨਾਂ ਖਿਲਾਫ ਤਿੱਖਾ ਰੋਹ ਸੀ, ਜਿਨ੍ਹਾਂ ਦਾ ਇਨ੍ਹਾਂ ਪਾਕਿਸਤਾਨੀ ਫੌਜੀਆਂ ਨੇ ਕਤਲੇਆਮ ਕੀਤਾ ਸੀ ਅਤੇ ਲੱਖਾਂ ਬੰਗਾਲੀ ਔਰਤਾਂ ਨਾਲ ਬਲਾਤਕਾਰ ਕੀਤੇ ਸਨ, ਜਿਸਦੇ ਠੋਸ ਤੱਥ/ਸਬੂਤ ਮਜੂਦ ਹਨ।
ਫਿਰ ਹੋਸਟ ਦੀ ਪ੍ਰੋੜ੍ਹਤਾ ਸੁਣ ਲਉ ਕਿ ਪਿੰਡਾਂ ਦੀਆਂ ਲੜਾਈਆਂ ਵਿੱਚ ਆਪਣੀ ਬਾਂਹ ਆਪ ਹੀ ਵੱਡ ਕੇ ਵਿਰੋਧੀ ਤੇ ਧਾਰਾ 26 ਦਾ ਕੇਸ ਝੂਠ ਬੋਲਕੇ ਬਣਾਇਆ ਜਾਂਦਾ ਹੈ ਅਤੇ ਹੋਸਟ ਇਸ ਨੂੰ ਕਥਿਤ ਖਾਲਿਸਤਾਨੀ ਹਥਿਆਰਬੰਦ ਲੜਾਈ ਨਾਲ ਜੋੜਦਾ ਹੋਇਆ ਜਾਇਜ਼ ਦੱਸਦਾ ਹੈ। ਇਹ ਰੂੜ੍ਹੀਵਾਦੀ ਜੱਟ ਸਿੱਖ ਮਾਨਸਕਿਤਾ ਦਾ ਸਿੱਧਾ ਪ੍ਰਗਟਾਵਾ ਹੈ, ਜਿਸ ਨਾਲ ਕਿਸੇ ਕੌਮ ਜਾਂ ਫਿਰਕੇ ਦਾ ਭਲਾ ਨਹੀਂ ਹੋ ਸਕਦਾ। ਪਿੰਡਾਂ ਵਿੱਚ ਦੋ ਧਿਰਾਂ ਦੀ ਜਟਕਾ ਲੜਾਈ ਵਿੱਚ ਝੂਠ ਦਾ ਬੋਲਬਾਲਾ ਸਿੱਖਾਂ ਲਈ ਧਰਮ ਅਤੇ ਇਨਸਾਫ ਅਧਾਰਿਤ ਰਾਜ ਕਾਇਮ ਕਰਨ ਲਈ ਕਿਵੇਂ ਵਰਤਿਆ ਜਾ ਸਕਦਾ ਹੈ? ਜਿਸ ਨੂੰ ਜਾਇਜ਼ ਠਹਿਰਾਣ ਲਈ ਖਾਲਿਸਤਾਨੀ ਗੁਰੂ ਬਾਬੇ ਨਾਨਕ ਦਾ ਹਵਾਲਾ ਦੇ ਕੇ ਆਖਦੇ ਹਨ, “ਨਾਨਕ ਨਿਰਮਲ ਪੰਥ ਚਲਾਇਆ।” ਨਾਨਕ ਦੇ ਇਸ ਨਿਰਮਲ ਪੰਥ ਲਈ ਵੱਖਰੇ ਦੇਸ਼ ਦੀ ਨੀਂਹ ਵਿੱਚ ਇਹ ਆਪਣੀ ਬਾਂਹ ਆਪ ਵੱਡ ਕੇ ਵਿਰੋਧੀਆਂ ’ਤੇ ਧਾਰਾ 26 ਦੇ ਝੂਠੇ ਕੇਸਾਂ ਦੇ ਕੰਡੇ ਖਿਲਾਰਨਗੇ?
ਹੋਸਟ ਜੀ ਅਗਰ ਤੁਹਾਨੂੰ ਜਵਾਬ ਮਿਲ ਗਿਆ ਹੈ ਤਾਂ ਜਵਾਬ ਸਾਨੂੰ ਵੀ ਮਿਲ ਗਿਆ ਹੈ ਕਿ ਅਜਮੇਰ ਸਿੰਘ ਵਰਗੇ ਛਲੇਡੇ ਦੀ ਰਹਿਨੁਮਾਈ ਹੇਠ ਭਾਰਤ ਦੇਸ਼, ਹਿੰਦੂਆਂ ਅਤੇ ਖਾਲਿਸਤਾਨ ਵਿਰੋਧੀ ਸਿੱਖਾਂ ਦੇ ਖਿਲਾਫ ਝੂਠੇ ਅਤੇ ਮਨਘੜਤ ‘ਧਾਰਾ 26’ ਅਤੇ ਇਸ ਤੋਂ ਵੀ ਉੱਪਰਲੀਆਂ ਧਾਰਾਵਾਂ ਦੇ ਕੇਸ ਬਣਾਏ ਜਾਣ ਤਾਂਕਿ ਕਿਸੇ ਤਰ੍ਹਾਂ ਵੱਧ ਤੋਂ ਵੱਧ ਸਿੱਖਾਂ ਵਿੱਚ ਨਫਰਤ ਪੈਦਾ ਕਰਕੇ ਉਹਨਾਂ ਤੋਂ ਵਸਦੇ ਰਸਦੇ ਦੇਸ਼ ਵਿੱਚ ਫਿਰਕੂ ਹਿੰਸਾ ਕਰਵਾਈ ਜਾਵੇ। ਸਾਨੂੰ ਇਹ ਵੀ ਪਤਾ ਹੈ ਕਿ ਇਸ ਵਿੱਚ ਕੁਝ ਵਿਦੇਸ਼ੀ ਤਾਕਤਾਂ ਵੀ ਤੁਹਾਡੇ ਨਾਲ ਹਨ। ਪੰਜਾਬ ਦੇ ਲੋਕ ਇਸ ਕਿਸਮ ਦੀ ਲਹਿਰ ਦਾ ਦੁੱਖ ਪਹਿਲਾਂ ਵੀ ਹੰਢਾ ਚੁੱਕੇ ਹਨ ਪਰ ਇੰਨਾ ਖੂਨ ਡੁਲ੍ਹਵਾ ਕੇ ਅਜਮੇਰ ਵਰਗੇ ਛਲੇਡਿਆਂ ਦੀ ਅਜੇ ਸੰਤੁਸ਼ਟੀ ਨਹੀਂ ਹੋਈ। ਕਥਿਤ ਖਾਲਿਸਤਾਨੀ ਲਹਿਰ ਹਿੰਸਾ, ਝੂਠ ਅਤੇ ਨਫਰਤ ’ਤੇ ਖੜ੍ਹੀ ਹੈ। ਇਸ ਵਿੱਚ ਵਿਚਾਰ ਵਟਾਂਦਰੇ ਅਤੇ ਵਿਚਾਰਾਂ ਦੀ ਅਜ਼ਾਦੀ ਲਈ ਕੋਈ ਥਾਂ ਨਹੀਂ ਹੈ। ਲੋਕਾਂ ਨੂੰ ਡਰ, ਭੈਅ, ਹਿੰਸਾ, ਕਤਲਾਂ ਅਤੇ ਡਾਂਗਾਂ ਨਾਲ ਭੇਡਾਂ-ਬੱਕਰੀਆਂ ਵਾਂਗ ਅੱਗੇ ਲਾ ਕੇ ਖਾਲਿਸਤਾਨ ਬਣਾਉਣ ਦੀ ਸਾਜ਼ਿਸ਼ ਕਦੇ ਕਾਮਯਾਬ ਨਹੀਂ ਹੋਵੇਗੀ। ਇਹ ਸਾਜ਼ਿਸ਼ ਇੱਕ ਵਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਹਰ ਵਾਰ ਫੇਲ ਹੋਵੇਗੀ, ਕਿਉਂਕਿ ਇਸਦੀ ਬੁਨਿਆਦ ਹੀ ਅਣ-ਮਨੁੱਖੀ ਅਤੇ ਕੂੜ ’ਤੇ ਅਧਾਰਿਤ ਹੈ।
ਹਾਂ, ਇਸ ਲਹਿਰ ਨੇ ਕਈ ਲੁਟੇਰੇ, ਗੋਲੀ ਤੋਂ ਬਚ ਗਏ ਦਹਿਸ਼ਤਗਰਦ ਅਤੇ ਉਹਨਾਂ ਦੇ ਪਰਿਵਾਰ ਦੇਸ਼-ਵਿਦੇਸ਼ ਵਿੱਚ ਕਰੋੜਾਂਪਤੀ ਬਣਾ ਦਿੱਤੇ ਹਨ। ਤੇ ਭਾਈ ਅਜਮੇਰ ਸਿੰਘ ਵਰਗੇ ਡੱਕਾ ਦੁਹਰਾ ਕਰਨ ਤੋਂ ਬਗੈਰ ਵੱਡੀਆਂ ਵੱਡੀਆਂ ਕੋਠੀਆਂ ਵਿੱਚ ਸ਼ਾਹੀ ਜ਼ਿੰਦਗੀ ਜਿਊਂਦੇ ਹਨ ਅਤੇ ਜਦੋਂ ਜੀ ਚਾਹੇ ਹਵਾਈ ਜਹਾਜ਼ਾਂ ਰਾਹੀਂ ਸੰਸਾਰ ਦੀ ਮੁਫਤ ਯਾਤਰਾ ਕਰਦੇ ਹਨ। ਜੋ ਇਨ੍ਹਾਂ ਦੇ ਮਗਰ ਲੱਗ ਕੇ ਕਤਲਾਂ ਦੀ ਖੇਡ ਖੇਡਦੇ ਹੋਏ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਏ, ਉਹਨਾਂ ਨੂੰ ਇਨ੍ਹਾਂ ਨੇ ਸ਼ਹੀਦ ਆਖ ਕੇ ਨਫਰਤ ਫੈਲਾਉਣ ਦਾ ਟੂਲ ਬਣਾ ਲਿਆ। ਜੋ ਬੇਕਸੂਰ ਲੋਕ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਸ਼ਿਕਾਰ ਬਣ ਗਏ ਜਾਂ ਸਾਹਨਾਂ ਦੇ ਭੇੜ ਵਿੱਚ ਮਾਰੇ ਗਏ, ਉਹ ਕਿਸੇ ਗਿਣਤੀ ਵਿੱਚ ਨਹੀਂ ਹਨ। ਭਾਈ ਅਜਮੇਰ ਸਿੰਘ ਬਹੁਤ ਮਾਣ ਨਾਲ ਨਫਰਤ ਫੈਲਾਉਣ ਦਾ ਕੰਮ ਕਰਦਾ ਹੈ ਅਤੇ ਇਸ ਵਿੱਚ ਉਸ ਨੂੰ ਕੋਈ ਸ਼ਰਮ ਵੀ ਨਹੀਂ ਹੈ। ਆਪਣਾ ਪੱਖ ਮਜ਼ਬੂਤ ਕਰਨ ਲਈ ਆਪਣੀ ਬਾਂਹ ਆਪ ਵੱਡ ਕੇ ਵਿਰੋਧੀ ’ਤੇ 26 ਜੁ ਬਣਾਉਣੀ ਹੋਈ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































